ਇਤਿਹਾਸ ਦੇ ਸੂਹੇ ਸੰਗਰਾਮੀ ਪੰਨਿਆਂ ਤੋਂ....
ਤਿਭਾਗਾ: ਜਦੋਂ ਕਿਸਾਨ ਔਰਤਾਂ ਜ਼ਮੀਨਾਂ, ਬੋਹਲਾਂ ਅਤੇ ਇੱਜਤਾਂ ਦੀ ਰਾਖੀ ਲਈ ਜੂਝੀਆਂ
ਤਿਭਾਗਾ - ਬੰਗਾਲ ਵਿੱਚ ਲੁੱਟ ਤੇ ਜਬਰ ’ਤੇ ਅਧਾਰਤ ਖੇਤੀ ਪ੍ਰਬੰਧ ਵਿਰੁੱਧ ਕਿਸਾਨਾਂ ਦਾ ਲਾ-ਮਿਸਾਲ ਜੁਝਾਰੂ ਸੰਘਰਸ਼ ਸੀ। ਉੁਸ ਵੇਲੇ ਤੱਕ ਬੰਗਾਲ ਦੇ ਖੇਤੀ ਖੇਤਰ ’ਚ ਦੋ ਜਮਾਤਾਂ ਸਪੱਸ਼ਟ ਰੂਪ ’ਚ ਉੱਭਰ ਆਈਆਂ ਸਨ-ਜਗੀਰਦਾਰ ਜਾਂ ਜੋਤੇਦਾਰ ਭੋਇੰ ਮਾਲਕ ਅਤੇ ਬੇਜ਼ਮੀਨੇ ਮੁਜਾਰੇ। ਜੋਤੇਦਾਰ ਆਪਣੀਆਂ ਜ਼ਮੀਨਾਂ ਮੁਜਾਰਿਆਂ ਨੂੰ ਖੇਤੀ ਕਰਨ ਲਈ ਦਿੰਦੇ ਸਨ ਅਤੇ ਇਸ ਦੇ ਇਵਜ਼ ਵਿਚ ਕੁੱਲ ਫਸਲ ਦਾ ਅੱਧ ਵਸੂਲਦੇ ਸਨ। ਇਸ ਤੋਂ ਇਲਾਵਾ ਮੁਜਾਰਿਆਂ ਨੂੰ ਜੋਤੇਦਾਰਾਂ ਦੇ ਖੇਤਾਂ ਵਿਚ ਕੰਮ ਕਰਨਾ,ਉਨ੍ਹਾਂ ਦੀਆਂ ਫਸਲਾਂ ਦੀ ਦੇਖਭਾਲ ਕਰਨੀ, ਵਿਆਹਾਂ-ਸ਼ਾਦੀਆਂ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ ਸਮੇਂ ਜਬਰੀ ਵਗਾਰ ਦੇ ਨਾਲ ਨਾਲ ਕੀਮਤੀ ਤੋਹਫੇ ਦੇਣੇ ਪੈਂਦੇ ਸਨ। ਮੁਜਾਰਿਆਂ ਦੀਆਂ ਔਰਤਾਂ ਤੋਂ ਜੋਤੇਦਾਰਾਂ ਦੇ ਘਰਾਂ ਵਿਚ ਕੰਮ ਕਰਵਾਇਆ ਜਾਂਦਾ ਸੀ ਤੇ ਉਹਨਾਂ ਦਾ ਜਿਣਸੀ ਸੋਸ਼ਣ ਵੀ ਕੀਤਾ ਜਾਂਦਾ ਸੀ। 1943’ਚ ਪਏ ਭਿਆਨਕ ਅਕਾਲ ਅਤੇ ਸੰਸਾਰ ਜੰਗ ਕਾਰਨ ਬੇਰੋਕ-ਟੋਕ ਵਧੀ ਮਹਿੰਗਾਈ ਨੇ ਗਰੀਬ ਕਿਸਾਨਾਂ ਦਾ ਕਚੂੰਮਰ ਕੱਢ ਦਿੱਤਾ ਸੀ। ਗਰੀਬੀ, ਭੁੱਖਮਰੀ, ਬਿਮਾਰੀ ਅਤੇ ਬੇਰੁਜ਼ਗਾਰੀ ਦੇ ਪੰਜਿਆਂ ’ਚ ਜਕੜੇ ਕਿਸਾਨਾਂ ਦੇ ਦੁੱਖਾਂ ਦਾ ਕੋਈ ਅੰਤ ਨਹੀਂ ਸੀ।
ਕਿਸਾਨ ਸਭਾ ਦੀ ਸਰਗਰਮੀ
1946
ਵਿਚ ਬੰਗਾਲ ਦੀ ਕਿਸਾਨ ਸਭਾ ਨੇ ਪਿੰਡ ਪਿੰਡ ਮੁਜ਼ਾਹਰੇ ਕਰਕੇ ‘ਤਿਭਾਗਾ’ ਦੇ ਨਾਅਰੇ ਦੁਆਲੇ ਕਿਸਾਨਾਂ ਦੀ ਲਾਮਬੰਦੀ ਕੀਤੀ ਜਿਸਦਾ ਮਤਲਬ ਸੀ ਮੁਜਾਰਾ ਕੁੱਲ ਫਸਲ ਦਾ ਅੱਧ ਨਹੀਂ ਸਗੋਂ ਦੋ ਤਿਹਾਈ ਹਿੱਸਾ ਰਖੇਗਾ ਅਤੇ ਜੋਤੇਦਾਰ ਨੂੰ ਇੱਕ ਤਿਹਾਈ ਹਿੱਸਾ ਦਿੱਤਾ ਜਾਵੇਗਾ। ਕਿਸਾਨ ਸਭਾ ਇਹ ਮੰਗ 1930 ਵਿਆਂ ਤੋਂ ਉਠਾ ਰਹੀ ਸੀ। ਇਸੇ ਦੌਰਾਨ ਬੰਗਾਲ ਦੀ ਸਰਕਾਰ ਵੱਲੋਂ ਕਾਇਮ ਕੀਤੇ ਫਲਾਊਡ ਕਮਿਸ਼ਨ (6 3) ਨੇ ਵੀ ਪ੍ਰਚੱਲਤ ਜੋਤੇਦਾਰ-ਮੁਜਾਰਾ ਸਬੰਧਾਂ ਨੂੰ ਲੁੱਟ ਅਤੇ ਜਬਰ ਭਰਪੂਰ ਦੱਸਿਆ ਸੀ ਅਤੇ ਇਸ ਵਿਚ ਸੁਧਾਰਾਂ ਦੀ ਲੋੜ ’ਤੇ ਜੋਰ ਦਿੱਤਾ ਸੀ।
‘ਤਿਭਾਗਾ’ ਲਹਿਰ ਨੂੰ ਤਾਕਤਵਰ ਬਨਾਉਣ ਲਈ ਅਨੇਕਾਂ ਨੌਜਵਾਨ ਕਮਿਊਨਿਸਟ ਪਿੰਡਾਂ ’ਚ ਜਾ ਕੇ ਕਿਸਾਨਾਂ ਨੂੰ ਜਥੇਬੰਦ ਕਰਨ ਦੇ ਕਾਰਜ ਵਿਚ ਜੁਟ ਗਏ। ਜੋਤੇਦਾਰ ਆਪਣੀ ਜਕੜ ਕਾਇਮ ਰੱਖਣ ਲਈ, ਮੁਜਾਰਿਆਂ ਦੀ ਸਾਰੀ ਫਸਲ, ਕਟਾਈ ਤੋਂ ਬਾਅਦ ਆਪਣੇ ਪਿੜਾਂ ਵਿਚ ਸੁਟਵਾ ਲੈਂਦੇ ਸਨ। ਦਾਣੇ ਕੱਢੇ ਜਾਣ ਤੋਂ ਬਾਅਦ ਮਨਮਰਜ਼ੀ ਨਾਲ ਆਪਣਾ ਹਿੱਸਾ ਕੱਢ ਕੇ ਬਾਕੀ ਮੁਜਾਰੇ ਨੂੰ ਦਿੰਦੇ । ਬਹੁਤੀ ਵਾਰੀ ਉਹ ਮੁਜਾਰੇ ਦਾ ਹਿੱਸਾ ਵੀ, ਇਸ ਬਹਾਨੇ ਹੇਠ ਆਪਣੇ ਭੰਡਾਰ ਵਿਚ ਜਮ੍ਹਾਂ ਕਰ ਲੈਂਦੇ ਕਿ ਜਦੋਂ ਲੋੜ ਹੋਊ ਦੇ ਦੇਵਾਂਗੇ। ਕਿਸਾਨ ਸਭਾ ਨੇ ਸਭ ਤੋਂ ਪਹਿਲਾ ਜੋਰ ਇਸ ਗੱਲ ’ਤੇ ਲਾਇਆ ਕਿ ਮੁਜਾਰੇ ਕਿਸਾਨ ਆਪਣੀਆਂ ਫਸਲਾਂ ਆਪਣੇ ਪਿੜਾਂ ਜਾਂ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਲਿਜਾ ਕੇ ਰੱਖਣ ਤਾਂ ਜੋ ਬੋਹਲਾਂ ’ਤੇ ਜੋਤੇਦਾਰਾਂ ਦੀ ਥਾਂ ਉਹਨਾਂ ਦਾ ਕਬਜ਼ਾ ਹੋਵੇ।
ਇਹ ਸੰਘਰਸ਼ ਉੱਤਰੀ ਬੰਗਾਲ ਤੋਂ ਸ਼ੁਰੂ ਹੋ ਕੇ ਹੌਲੀ ਹੌਲੀ ਸਾਰੇ ਬੰਗਾਲ ’ਚ ਫੈਲ ਗਿਆ। ਬਰਤਾਨਵੀ ਸਾਸ਼ਨ ਦੇ ਸਾਰੇ ਸਮੇਂ ਦੌਰਾਨ ਇੱਥੋਂ ਦੇ ਕਿਸਾਨਾਂ ਦਾ ਲਗਾਤਾਰ ਟਾਕਰੇ ਦਾ ਇਤਿਹਾਸ ਹੈ। ਤਿਭਾਗਾ ਸੰਘਰਸ਼ ਬਹੁਤ ਸਾਰੇ ਪੱਖਾਂ ਤੋਂ ਇਸ ਟਾਕਰੇ ਦਾ ਸਿਖਰਲਾ ਬਿੰਦੂ ਸੀ ਜਿਸ ਰਾਹੀਂ ਇਸ ਖੇਤਰ ਦੇ ਕਿਸਾਨਾਂ ਨੇ ਜੋਤੇਦਾਰਾਂ ਦੀ ਲੁੱਟ ਅਤੇ ਜਬਰ ਦਾ ਜੂਲਾ ਵਗਾਹ ਮਾਰਨ ਦਾ ਜ਼ੋਰਦਾਰ ਇਜ਼ਹਾਰ ਕੀਤਾ। ਇਸ ਸੰਘਰਸ਼ ਦੇ ਸਿਰੇ ਤੱਕ ਪਹੁੰਚਣ ਸਮੇਂ ਲੱਗਭੱਗ 60 ਲੱਖ ਲੋਕ ਇਸ ਵਿਚ ਸ਼ਾਮਲ ਸਨ।
ਕਿਸਾਨ ਸਭਾ ਦੀ ਅਗਵਾਈ ਵਿਚ ਲਾਲ ਝੰਡਿਆਂ ਅਤੇ ਡਾਂਗਾਂ ਨਾਲ ਲੈਸ ਕਿਸਾਨਾਂ ਨੇ ਅਨੇਕਾਂ ਪਿੰਡਾਂ ’ਚ ਰੈਲੀਆਂ, ਮਜ਼ਾਹਰੇ ਕਰਕੇ ਕਿਸਾਨਾਂ ਨੂੰ ਆਪਣਾ ਝੋਨਾ ਕੱਟ ਕੇ ਆਪਣੇ ਪਿੜਾਂ ’ਚ ਸੁੱਟਣ ਦੀ ਮੁਹਿੰਮ ਚਲਾਈ। ਇਹ ਜੋਤੇਦਾਰਾਂ ਲਈ ਖੁਲ੍ਹੀ ਚਣੌਤੀ ਸੀ, ਜਿਨ੍ਹਾਂ ਦਾ ਹੁਕਮ ਸੀ ਕਿ ਕਟਾਈ ਤੋਂ ਬਾਅਦ ਫਸਲ ਉਨ੍ਹਾਂ ਦੇ ਪਿੜਾਂ ਅਤੇ ਗੁਦਾਮਾਂ ’ਚ ਰੱਖੀ ਜਾਵੇ। ਸਾਰੇ ਉੱਤਰੀ ਬੰਗਾਲ ’ਚ ਇਹ ਲਹਿਰ ਅੱਗ ਵਾਂਗ ਫੈਲ ਗਈ।
ਮੁਢਲੀ ਕਾਮਯਾਬੀ ਤੋਂ ਬਾਅਦ ਸੰਘਰਸ਼ੀ ਕਿਸਾਨ ਮਰਦ-ਔਰਤਾਂ ਨੇ ਜਿਨ੍ਹਾਂ ’ਚ ਬਹੁਗਿਣਤੀ ਮੁਸਲਮਾਨਾਂ ਦੀ ਸੀ, ਨੇ ਵੱਡੀਆਂ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਸਥਾਨਕ ਜੋਤੇਦਾਰਾਂ ਦੇ ਅੰਨ-ਭੰਡਾਰਾਂ ’ਤੇ ਹਮਲੇ ਕਰਕੇ ਉੱਥੇ ਜਬਰੀ ਜਮ੍ਹਾਂ ਕਰਵਾਏ ਅੰਨ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਪਹਿਲਾਂ ਵਿਦੇਸ਼ੀ ਸਾਮਰਾਜੀ ਸਰਕਾਰ ਅਤੇ ਫਿਰ ਦੇਸੀ ਹਾਕਮਾਂ ਦੀ ਪੁਲਸ ਨੇ ਜੋਤੇਦਾਰਾਂ ਦੀ ਰਾਖੀ ਲਈ ਅਤੇ ਤਿਭਾਗਾ ਲਹਿਰ ਨੂੰ ਕੁਚਲਣ ਲਈ ਅੱਤ ਦਾ ਜਬਰ ਢਾਹਿਆ। ਗਿ੍ਰਫਤਾਰੀਆਂ ਤੋਂ ਲੈ ਕੇ ਲਾਠੀਚਾਰਜ, ਫਾਇਰਿੰਗ ਅਤੇ ਪੁਲਿਸ ਹਿਰਾਸਤ ’ਚ ਅੱਤ ਦਾ ਜਬਰ, ਝੂਠੇ ਕੇਸ ਆਦਿ ਹਰ ਹਰਬਾ ਵਰਤਿਆ ਗਿਆ। ਪਰ ਕਿਸਾਨਾਂ ਦੇ ਜਾਨ-ਹੂਲਵੇਂ ਸੰਘਰਸ਼ ਮੂਹਰੇ, ਪੇਂਡੂ ਖੇਤਰ ’ਚ ਲੁੱਟ ਅਤੇ ਜਬਰ ਦਾ ਢਾਂਚਾ ਚਰਮਰਾ ਉੱਠਿਆ। ਬਹੁਤੇ ਜੋਤੇਦਾਰ ਪਿੰਡਾਂ ’ਚੋਂ ਭੱਜ ਗਏ।
ਔਰਤਾਂ ਦਾ ਮਹੱਤਵਪੂਰਨ ਰੋਲ
ਇਸ ਸੰਘਰਸ਼ ਦਾ ਇੱਕ ਮਹੱਤਵਪੂਰਨ ਪੱਖ ਸੀ ਔਰਤਾਂ ਦੀ ਭਾਰੀ ਲਾਮਬੰਦੀ ਅਤੇ ਬੇਹੱਦ ਸਰਗਰਮ ਭੂਮਿਕਾ। ਦੂਰ-ਦਰਾਜ ਸਥਿੱਤ ਨੰਦੀਗਰਾਮ ਦੇ ਪਿੰਡਾਂ ’ਚ ਜਿੱਥੇ ਔਰਤਾਂ ਖੇਤਾਂ ਵਿਚ ਸੀਮਤ ਜਿਹਾ ਕੰਮ ਹੀ ਕਰਦੀਆਂ ਸਨ, ਉੱਥੇ ਵੀ ਔਰਤਾਂ ਨੇ ਤਿਭਾਗਾ ਸੰਘਰਸ਼ ਨੂੰ ਭਰਵਾਂ ਹੁੰਗਾਰਾ ਦਿੱਤਾ। ਇਨ੍ਹਾਂ ਔਰਤਾਂ ਨੇ ਬੰਗਾਲ ਦੇ ਅਕਾਲ ਦੌਰਾਨ, ਬੇਹੱਦ ਔਕੜਾਂ ਹੰਢਾਈਆਂ ਸਨ। ਅੰਨ ਦੇ ਦਾਣੇ-ਦਾਣੇ ਤੋਂ ਮੁਹਤਾਜ ਰਹੀਆਂ ਸਨ ਘਰ ’ਚ ਚੌਲਾਂ ਦਾ ਇੱਕ ਦਾਣਾ ਵੀ ਨਹੀਂ ਸੀ। ਇਨ੍ਹਾਂ ਔਰਤਾਂ ਲਈ ਤਿਭਾਗਾ ਸੰਘਰਸ਼ ਦੇ ਜ਼ੋਰ, ਆਪਣੇ ਪਿੜਾਂ ’ਚ ਚੌਲ ਕੱਢਣੇ ਅਤੇ ਆਪਣੇ ਘਰੀਂ ਭੜੋਲਿਆਂ ’ਚ ਸਾਂਭਕੇ ਰੱਖਣੇ ਇੱਕ ਇਨਕਲਾਬੀ ਅਤੇ ਜਬਰਦਸਤ ਜਜ਼ਬਾਤੀ ਹੁਲਾਰਾ ਦੇਣ ਵਾਲੀ ਘਟਨਾ ਸੀ। ਇਹੋ ਕਾਰਨ ਹੈ ਕਿ ਕਿਸਾਨ ਲਹਿਰ ਦੀ ਰਾਖੀ ਲਈ ਔਰਤਾਂ ਵੱਡੀ ਗਿਣਤੀ ’ਚ ਮੈਦਾਨ ’ਚ ਨਿੱਤਰੀਆਂ। ਦੱਖਣ ਵੱਲ ਸੁੰਦਰਬਨ ਦੇ ਜੰਗਲਾਂ ਤੋਂ ਲੈ ਕੇ ਜੈਸੂਰ ਤੋਂ ਉੱਤਰ ਵਿਚ ਦੀਨਾਜਪੁਰ ਤੱਕ ਔਰਤਾਂ ਨੇ ਪਿੰਡ ਪਿੰਡ ਨਾਰੀ-ਫੌਜ ਗਠਿਤ ਕਰ ਲਈ ਅਤੇ ਪੁਲਿਸ ਦੀਆਂ ਰਫਲਾਂ ਦਾ ਟਾਕਰਾ ਝਾੜੂਆਂ, ਚਾਕੂਆਂ ਅਤੇ ਘੋਟਣਿਆਂ ਨਾਲ ਕੀਤਾ।
ਔਰਤਾਂ ਦੀ ਸੰਘਰਸ਼ ਵਿਚ ਸ਼ਮੂਲੀਅਤ ਨਾਲ ਅਜਿਹੇ ਪਤੀਆਂ ਨੂੰ ਸੁਧਾਰਨ ਦਾ ਮਸਲਾ ਵੀ ਉੱਭਰਿਆ ਜੋ ਆਪਣੀਆਂ ਪਤਨੀਆਂ ਨੂੰ ਕੁੱਟਦੇ ਸਨ, ਬਹੁਤ ਜ਼ਿਆਦਾ ਦਾਰੂ ਪੀਂਦੇ ਸਨ ਅਤੇ ਉਨ੍ਹਾਂ ਵੱਲੋਂ ਛੋਟੇ ਮੋਟੇ ਕੰਮ-ਧੰਦੇ ਕਰਕੇ ਜਮ੍ਹਾਂ ਕੀਤੇ ਪੈਸੇ ਖੋਹ ਲੈਂਦੇ ਸਨ। ਇਹ ਗੱਲ ਸਾਫ ਸੀ ਕਿ ਮਸਲਾ ਅਸਲ ’ਚ ਔਰਤਾਂ ਦੇ ਜਮਹੂਰੀ ਹੱਕਾਂ, ਉਹਨਾਂ ਦੀ ਸਨਮਾਨ ਭਰੀ ਜਿੰਦਗੀ ਅਤੇ ਇੱਜਤ ਬਹਾਲ ਕਰਨ ਦਾ ਸੀ। ਇਹ ਮਸਲਾ ਕਿਸਾਨ ਸਭਾ ਰਾਹੀਂ ਹੁੰਦਾ ਹੋਇਆ ਕਮਿਊਨਿਸਟ ਪਾਰਟੀ ਤੱਕ ਪਹੁੰਚਿਆ। ਔਰਤਾਂ ਨੇ ਇਸ ਸੰਘਰਸ਼ ਦੌਰਾਨ ਪਿਤਰ-ਸੱਤਾ ਨੂੰ ਵੀ ਚਣੌਤੀ ਦਿੱਤੀ । ਸੰਨ 1944 ਵਿਚ ਅਤਵਾਰੀ ਪਿੰਡ ਵਿਚ ਪਾਰਟੀ ਦੇ ਦਫਤਰ ਵਿਚ ਮੈਂਬਰਾਂ ਦੀ ਇਕ ਮੀਟਿੰਗ ਹੋ ਰਹੀ ਸੀ। ਜਿਲ੍ਹਾ ਸਕੱਤਰ ਭਾਸ਼ਣ ਦੇ ਰਿਹਾ ਸੀ। ਇਸੇ ਦੌਰਾਨ ਇਕ ਸਥਾਨਕ ਕਮੇਟੀ ਮੈਂਬਰ ਦੀ ਪਤਨੀ ਨੇ ਖੜ੍ਹੇ ਹੋ ਕੇ ਉਸ ਨੂੰ ਪੁੱਛਿਆ, ‘‘ਸਾਥੀ ਜੀ ਕੀ ਪਾਰਟੀ ਦਾ ਕੋਈ ਅਜਿਹਾ ਨਿਯਮ ਹੈ ਕਿ ਪਤਨੀਆਂ ਨੂੰ ਕੁੱਟਿਆ ਜਾਵੇ? ਮੇਰੇ ਘਰ ਵਾਲਾ ਮੈਨੂੰ ਕਿਉ ਕੁੱਟਦਾ ਹੈ? ਮੈਨੂੰ ਇਨਸਾਫ ਚਾਹੀਦਾ ਹੈ।’’ ਇਸ ਦੇ ਨਤੀਜੇ ਵਜੋਂ ਪਾਰਟੀ ਨੇ ਇੱਕ ਸਰਕੂਲਰ ਜਾਰੀ ਕਰਕੇ ਮੈਂਬਰਾਂ ਵੱਲੋਂ ਪਤਨੀਆਂ ਨਾਲ ਦੁਰਵਿਹਾਰ ਕਰਨ ਦੀ ਮਨਾਹੀ ਕੀਤੀ।
ਪੇਂਡੂ ਖੇਤਰ ਦੀਆਂ ਔਰਤਾਂ ਨੂੰ ਇਸ ਸੰਘਰਸ਼ ਵਿਚ ਸ਼ਾਮਲ ਕਰਨ ਲਈ ਕੁੱਝ ਅਜਿਹੀਆਂ ਔਰਤਾਂ ਨੇ ਪਹਿਲਕਦਮੀ ਕੀਤੀ ਜਿਨ੍ਹਾਂ ਨੇ ਬੰਗਾਲ ਦੇ ਅਕਾਲ ਦੌਰਾਨ ਸ਼ਹਿਰਾਂ ਵਿਚ ਕੰਮ ਕੀਤਾ ਸੀ। ਸ਼ੁਰੂ ਵਿਚ ਔਰਤਾਂ ਸਹਾਈ ਭੂਮਿਕਾ ਨਿਭਾਉਦੀਆਂ ਸਨ ਜਿਵੇਂ ਫਸਲਾਂ ਦੀ ਕਟਾਈ, ਆਗੂਆਂ ਲਈ ਰੋਟੀ ਪਾਣੀ ਦਾ ਪ੍ਰਬੰਧ, ਨਿਗਰਾਨੀ ਰੱਖਣਾ ਅਤੇ ਖਤਰਾ ਭਾਂਪਦਿਆਂ ਹੀ ਸਾਵਧਾਨ ਕਰਨਾ ਆਦਿ। ਔਰਤਾਂ ਦੀ ਸਰਗਰਮੀ ਲਈ ਢੁੱਕਵਾਂ ਮਹੌਲ ਸਿਰਜਣ ਲਈ ਉਹਨਾਂ ਦੀਆਂ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਜਿਵੇਂ ਮੀਟਿੰਗਾਂ ਦਾ ਸਮਾਂ ਉਨ੍ਹਾਂ ਦੀ ਸਹੂਲਤ ਅਨੁਸਾਰ ਤਹਿ ਕੀਤਾ ਜਾਵੇ, ਸਰਗਰਮ ਭੂਮਿਕਾ ਲਈ ਉਹਨਾਂ ਨੂੰ ਘਰੇਲੂ ਕੰਮਾਂ ਤੋਂ ਵਿਹਲੇ ਕਰਨਾ ਅਤੇ ਘਰਾਂ ਦੇ ਅੰਦਰ ਉਨ੍ਹਾਂ ’ਤੇ ਹੋਣ ਵਾਲੇ ਅਤਿਆਚਾਰਾਂ ਬਾਰੇ ਗੰਭੀਰ ਨੋਟਿਸ ਲੈਣਾ ਆਦਿ। ਇਹ ਸਾਰੇ ਮਸਲੇ ਕਿਸਾਨ ਸਭਾ ਅਤੇ ਕਮਿਊਨਿਸਟ ਪਾਰਟੀ ਵਿਚ ਉਭਾਰੇ ਗਏ।
ਖੂਨੀ ਝੜੱਪਾਂ ਵਿਚ ਵੀ ਔਰਤਾਂ ਮੋਹਰੀ
ਜਲਪਾਏਗੁੜੀ ਜਿਲ੍ਹੇ ਵਿਚ ‘ਤਿਭਾਗਾ’ ਲਾਗੂ ਕੀਤੇ ਜਾਣ ਦੀ ਪਹਿਲੀ ਖਬਰ
ਨਵੰਬਰ 1946 ’ਚ ਆਈ। ਦੇਬੀਗੰਜ ਥਾਣੇ ਦੇ ਪਿੰਡ ਸੁੰਦਰਡਿੱਗੀ ਦੇ ਇਕ ਵੱਡੇ ਜੋਤੇਦਾਰ ਨੂੰ ਪਹਿਲੋਂ ਹੀ ਇਸਦੀ ਜਾਣਕਾਰੀ ਮਿਲ ਗਈ ਸੀ। ਉਸ ਦੇ ਗੁੰਡਿਆਂ ਨੇ ਕਿਸਾਨ ਆਗੂਆਂ ’ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰਕੇ ਪੁਲਸ ਕੋਲ ਫੜਾ ਦਿੱਤਾ। ਇਸ ਨਾਲ ਲੋਕਾਂ ਦਾ ਗੁੱਸਾ ਹੋਰ ਭੜਕ ਉਠਿਆ। ਅਗਲੇ ਦਿਨ ਇਸ ਮਸਲੇ ਸਬੰਧੀ ਕਿਸਾਨਾਂ ਨੇ ਮੀਟਿੰਗ ਕੀਤੀ। ਹਰ ਤਰ੍ਹਾਂ ਦੀ ਨਿਰਾਸ਼ਤਾ ਨਕਾਰਦਿਆਂ ਇਕ ਔਰਤ ਆਗੂ ਨੇ ਸੁਝਾਅ ਦਿੱਤਾ ਕਿ ਹੁਣ ਪਿੱਛੇ ਨਹੀਂ ਮੁੜਿਆ ਜਾਵੇਗਾ ਅਤੇ ਹਰ ਹਾਲਤ ਵਿਚ ਜੋਤੇਦਾਰ ਦੀ ਜ਼ਮੀਨ ’ਤੇ ‘ਤਿਭਾਗਾ’ ਲਾਗੂ ਕੀਤਾ ਜਾਵੇ । ਇਸ ਨਾਲ ਗਰੀਬ ਕਿਸਾਨਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ। ਅਗਲੇ ਪਿੰਡ ਦੇ 200 ਤੋਂ ਵੱਧ ਕਿਸਾਨ ਮਰਦ ਅਤੇ ਔਰਤਾਂ, ਰਵਾਇਤੀ ਹਥਿਆਰਾਂ ਅਤੇ ਲਾਲ ਝੰਡਿਆਂ ਨਾਲ ਲੈਸ ਹੋ ਕੇ ਖੇਤਾਂ ਵਿਚ ਜਾ ਵੜੇ ਅਤੇ ਫਸਲ ਦੀ ਕਟਾਈ ਕਰਕੇ ਉਸ ਨੂੰ ਜੋਤੇਦਾਰਾਂ ਦੇ ਪਿੜਾਂ ਦੀ ਥਾਂ ਪਿੰਡ ਦੀ ਸਾਂਝੀ ਥਾਂ ’ਚ ਲਿਆ ਸੁੱਟੀ। ਲੋਕ ਰੋਹ ਤੋਂ ਡਰਦੇ ਜੋਤੇਦਾਰ ਦੇ ਗੁੰਡੇ ਉਥੇ ਫੜਕੇ ਵੀ ਨਹੀਂ। ਇਸ ਸੰਘਰਸ਼ ਦੀ ਇਹ ਵੱਡੀ ਜਿੱਤ ਸੀ।
ਚਾਰੂ ਮਾਜ਼ੂਮਦਾਰ ਇਸ ਸੰਘਰਸ਼ ਦਾ ਮਹੱਤਵਪੂਰਨ ਆਗੂ ਸੀ। ਉਸ ਦੀ ਅਗਵਾਈ ’ਚ ਜਲਪਾਏਗੁੜੀ ਜਿਲ੍ਹੇ ਦੇ ਅਨੇਕਾਂ ਪਿੰਡਾਂ ’ਚ ਸਾਂਝੇ ਤੌਰ ’ਤੇ ਝੋਨਾ ਵੱਢ ਕੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ’ਤੇ ਢੇਰ ਕਰ ਦਿੱਤਾ ਗਿਆ। ਜੋਤੇਦਾਰਾਂ ਨੂੰ ਆਪਣਾ ਇੱਕ-ਤਿਹਾਈ ਹਿੱਸਾ ਲੈ ਜਾਣ ਲਈ ਸੁਨੇਹਾ ਭੇਜ ਦਿੱਤਾ ਅਤੇ ਪੁੁਲਸ ਨੂੰ ਵੀ ਸੂੁਚਿਤ ਕਰ ਦਿੱਤਾ। ਪਰ ਨਾ ਤਾਂ ਪੁਲਸ ਆਈ ਤੇ ਨਾ ਹੀ ਜੋਤੇਦਾਰ। ਔਰਤਾਂ ’ਚ ਆਪਣੇ ਹੱਕਾਂ ਪ੍ਰਤੀ ਆਈ ਜਾਗਰਤੀ ਕਾਰਨ ਹੀ ਕਿਸਾਨ ਸਭਾ ਦੇ ਆਗੂਆਂ ਦੀਆਂ ਪਤਨੀਆਂ ਅਤੇ ਪ੍ਰਵਾਰ ਮੈਂਬਰ ਇਸ ਸੰਘਰਸ਼ ’ਚ ਜੁਟ ਗਏ। ਪ੍ਰਵਾਰਾਂ ਦੀਆਂ ਔਰਤਾਂ ਮੀਟਿੰਗਾਂ ਅਤੇ ਮੁਜਾਹਰਿਆਂ ’ਚ ਹਿੱਸਾ ਲੈਂਦੀਆਂ, ਝੋਨਾ ਕਟਦੀਆਂ ਅਤੇ ਕਢਦੀਆਂ ਅਤੇ ਪੁਲਸ ਦਾ ਟਾਕਰਾ ਵੀ ਕਰਦੀਆਂ। ਇਕ ਵਾਰ ਜਦੋਂ ਪੁਲਸ ਕਿਸਾਨ ਸਭਾ ਦੇ ਆਗੂ ਬੀਰੇਨਪਾਲ ਅਤੇ ਹੋਰਾਂ ਨੂੰ ਗਿ੍ਰਫਤਾਰ ਕਰਨ ਲਈ ਆ ਧਮਕੀ ਤਾਂ ਤਿਲਕਤਾਰਨੀ ਨਾਂ ਦੀ ਇੱਕ ਔਰਤ ਬੰਟੀ (ਮੱਛੀਆਂ ਕੱਟਣ ਵਾਲਾ ਤੇਜ਼ ਹਥਿਆਰ) ਤਾਣ ਕੇ ਪੁਲਸ ਮੂਹਰੇ ਖੜ੍ਹੀ ਹੋ ਗਈ। ਇਸੇ ਦੌਰਾਨ ਕਿਸਾਨ ਆਗੂ ਦੂਜੇ ਪਾਸਿਉ ਲਾਗਲੇ ਪਿੰਡ ਨਿੱਕਲ ਗਏ। ਬਹੁਤ ਸਾਰੀਆਂ ਹੋਰ ਥਾਵਾਂ ’ਤੇ ਵੀ ਔਰਤਾਂ ਨੇ ਝਾੜੂਆਂ, ਦਾਤੀਆਂ ਅਤੇ ਬੰਟੀਆਂ ਲੈ ਕੇ ਹਥਿਆਰਬੰਦ ਪੁਲਸ ਦਾ ਸਾਹਮਣਾ ਕਰਕੇ ਉਸ ਨੂੰ ਭਜਾਇਆ।
ਇਸ ਲਹਿਰ ਦੇ ਵਧਦੇ ਵੇਗ ਨੂੰ ਠੱਲ੍ਹ ਪਾਉਣ ਲਈ ਬੰਗਾਲ ਦੀ ਸਰਕਾਰ ਨੇ ਜੋਤੇਦਾਰਾਂ ਅਤੇ ਮੁਜਾਰਿਆਂ ਦੇ ਸਬੰਧਾਂ ਬਾਰੇ ‘ਬਰਗਦਾਰ ਬਿੱਲ’ ਲਿਆਂਦਾ ਜਿਸ ਦਾ ਮਕਸਦ ਇਹਨਾਂ ਸਬੰਧਾਂ ਨੂੰ ਤਰਕਸੰਗਤ ਬਣਾਉਣਾ ਦੱਸਿਆ ਗਿਆ। ਇਸ ਬਿੱਲ ਨੇ ਤਿਭਾਗਾ ਲਹਿਰ ਨੂੰ ਹੋਰ ਹੁਲਾਰਾ ਦਿੱਤਾ ਅਤੇ ਇਹ ਉਨ੍ਹਾਂ ਇਲਾਕਿਆਂ ਵਿਚ ਵੀ ਫੈਲ ਗਈ ਜਿੱਥੇ ਕਿਸਾਨ ਸਭਾ ਦੀ ਪਹਿਲਾਂ ਕੋਈ ਗਿਣਨਯੋਗ ਸਰਗਰਮੀ ਨਹੀਂ ਸੀ। ਖਰੀਜਾ, ਬੇਰੂਬਾੜੀ, ਦੇਵੀਗੰਜ ਅਤੇ ਪਾਚਾਗੜ੍ਹ੍ਹ ਪਿੰਡਾਂ ਦੇ ਲੋਕਾਂ ਨੇ ਆਪਮੁਹਾਰੇ ‘ਖਲਿਹਾਣ ਭੰਗ ਅੰਦੋਲਨ’ ਸ਼ੁਰੂ ਕਰ ਦਿੱਤਾ ਜਿਸ ਦਾ ਮਕਸਦ ਜੋਤੇਦਾਰਾਂ ਦੇ ਪਿੜਾਂ ’ਚ ਪਹਿਲਾਂ ਰੱਖਿਆ ਮੁਜਾਰਿਆਂ ਦਾ ਝੋਨਾ ਉਨ੍ਹਾਂ ਦੇ ਪਿੜਾਂ ’ਚੋਂ ਚੱਕ ਕੇ ਲਿਆਉਣਾ ਸੀ। ਸਰਕਾਰ ਨੇ ਜੋਤੇਦਾਰਾਂ ਦੇ ਦਬਾਅ ਹੇਠ ਭਾਰੀ ਗਿਣਤੀ ’ਚ ਪੁਲਸ ਤਾਇਨਾਤ ਕਰ ਦਿੱਤੀ। ਪਹਿਲੀ ਮਾਰਚ 1947 ਨੂੰ ਬਾਰਾਂਡਿੱਗੀ ਪਿੰਡ ਕੋਲ ਬਹੁਤ ਸਾਰੇ ਕਿਸਾਨ ਅਤੇ ਚਾਹ ਬਾਗਾਂ ਦੇ ਕਾਮੇ ਤੀਰ ਕਮਾਨ ਅਤੇ ਬਰਛੇ ਲੈ ਕੇ ਇਕ ਜੋਤੇਦਾਰ ਦੇ ਪਿੜ ਵਿਚ ਆ ਵੜੇ। ਹਥਿਆਰਬੰਦ ਪੁਲਸ ਦੀ ਇਕ ਟੁਕੜੀ ਉਥੇ ਪਹਿਲਾਂ ਹੀ ਮੌਜੂਦ ਸੀ। ਝੜੱਪ ਦੌਰਾਨ ਕਿਸਾਨਾਂ ਨੇ ਪੁਲਸ ਤੋਂ ਕੁੱਝ ਬੰਦੂਕਾਂ ਖੋਹ ਲਈਆਂ। ਪੁਲਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਨਾਲ 5 ਕਿਸਾਨ ਸ਼ਹੀਦ ਹੋ ਗਏ ਜਿਨ੍ਹਾਂ ਵਿਚ ਇੱਕ ਔਰਤ ਵੀ ਸੀ। ਨੇੜੇ ਹੀ ਰੇਲਵੇ ਕਾਮਿਆਂ ਦੀ ਇਕ ਮੀਟਿੰਗ ਹੋ ਰਹੀ ਸੀ। ਸੂਚਨਾ ਮਿਲਦਿਆਂ ਹੀ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਜਖਮੀਆਂ ਨੂੰ ਹਸਪਤਾਲਾਂ ਵਿਚ ਪਹੁੰਚਾਇਆ ਅਤੇ ਲਾਸ਼ਾਂ ਨੂੰ ਸਾਂਭ ਕੇ ਕਿਸਾਨਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਕੀਤਾ।
4 ਅਪ੍ਰੈਲ 1947 ਮਹਾਂਬਾੜੀ ਪਿੰਡ ਵਿਚ ਪੁਲਸ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ 13 ਕਿਸਾਨਾਂ ਅਤੇ ਚਾਹ ਬਾਗਾਂ ਦੇ ਕਾਮਿਆਂ ਨੂੰ ਸ਼ਹੀਦ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਸ ਦਾ ਜਬਰ ਹੋਰ ਤਿੱਖਾ ਹੋ ਗਿਆ। ਫਰਵਰੀ 1947 ਤੱਕ 11 ਥਾਣਿਆਂ ਦੇ ਇਲਾਕਿਆਂ ’ਚ ਦਫਾ 144 ਲਾਗੂ ਕਰ ਦਿੱਤੀ ਗਈ। ਲਗਭਗ 1000 ਲੋਕਾਂ ’ਤੇ ਝੂਠੇ ਕੇਸ ਪਾ ਦਿੱਤੇ ਗਏ। ਲਗਭਗ 200 ਕਿਸਾਨ ਮਜ਼ਦੂਰ ਆਗੂਆਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਅਤੇ 250 ਹੋਰ ਆਗੂਆਂ ਦੇ ਵਰੰਟ ਜਾਰੀ ਕਰ ਦਿੱਤੇ। ਇਸ ਜਬਰ ਦੇ ਖਿਲਾਫ ਸ਼ਹਿਰਾਂ ’ਚ ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤੇ। ਸੁਭਾਸ਼ ਸੈਨ ਦੀ ਅਗਵਾਈ ’ਚ ਇਕ ਸਿਵਲ ਲਿਬਰਟੀਜ਼ ਕਮੇਟੀ ਵੀ ਗਠਤ ਕੀਤੀ ਗਈ।
ਤਿਭਾਗਾ ਦਾ ਸੰਘਰਸ਼ ਜ਼ਰੱਈ ਲਹਿਰਾਂ ਦੇ ਇਤਿਹਾਸ ਵਿਚ ਵਿਸ਼ੇਸ਼ ਥਾਂ ਰਖਦਾ ਹੈ, ਖਾਸ ਤੌਰ ’ਤੇ ਔਰਤਾਂ ਦੇ ਮਹੱਤਵਪੂਰਨ ਰੋਲ ਪੱਖੋਂ। ਕਾਫੀ ਵੱਡੇ ਇਲਾਕੇ ’ਚ ਕਿਸਾਨ ਲਾਮਬੰਦੀ ਦੇ ਜੋਰ ਤਿਭਾਗਾ ਹਕੀਕਤ ਬਣ ਗਿਆ ਅਤੇ ਜਗੀਰਦਾਰਾਂ-ਜੋਤੇਦਾਰਾਂ ਦਾ ਜਬਰ ਕਾਫੀ ਹੱਦ ਤੱਕ ਕਿਸਾਨਾਂ ਦੀ ਜਥੇਬੰਦਕ ਤਾਕਤ ਦੇ ਜ਼ੋਰ ਘਟ ਗਿਆ।
No comments:
Post a Comment