ਸੀ. ਏ. ਏ. ਮਸਲਾ:
ਮੁਲਕ ਵਿਆਪੀ ਵਿਰੋਧ ਲਹਿਰ ਦੀਆਂ ਮਜ਼ਬੂਤੀਆਂ ਤੇ ਚੁਣੌਤੀਆਂ
ਭਾਜਪਾ ਹਕੂਮਤ ਦੇ ਫਿਰਕੂ-ਫਾਸ਼ੀ ਹੱਲੇ ਨੂੰ ਆਖਰਕਾਰ ਮੁਲਕ ਵਿਆਪੀ ਚੁਣੌਤੀ ਮਿਲ ਗਈ ਹੈ। ਵਰ੍ਹਿਆਂ ਤੋਂ ਜਮ੍ਹਾਂ ਹੁੰਦਾ ਆ ਰਿਹਾ ਰੋਹ ਆਖਰ ਨੂੰ ਨਾਗਰਿਕਤਾ ਦੇ ਹੱਕ ’ਤੇ ਹੋਏ ਹਮਲੇ ਖਿਲਾਫ ਫੁੱਟ ਪਿਆ ਹੈ। ਮੁਲਕ ਭਰ ’ਚ ਨਵੇਂ ਨਾਗਰਿਕਤਾ ਕਾਨੂੰਨ ਖਿਲਾਫ ਜ਼ੋਰਦਾਰ ਰੋਸ ਲਹਿਰ ਉੱਠੀ ਹੋਈ ਹੈ। ਰੋਸ ਲਹਿਰ ਦਾ ਫੌਰੀ ਪ੍ਰਸੰਗ ਚਾਹੇ ਨਾਗਰਿਕਤਾ ਹੱਕਾਂ ’ਤੇ ਹਮਲੇ ਦਾ ਹੈ, ਪਰ ਇਹ ਬੁੱਝਣਾ ਮੁਸ਼ਕਿਲ ਨਹੀਂ ਹੈ ਕਿ ਜ਼ਿੰਦਗੀ ਦੀਆਂ ਬੇਅੰਤ ਦੁਸ਼ਵਾਰੀਆਂ ਹੰਢਾਉਂਦੇ ਲੋਕਾਂ ਦੇ ਕੁਝ ਹਿੱਸਿਆਂ ਨੂੰ ਤਾਂ ਵੇਲੇ ਦੀ ਸੱਤਾ ਦੇ ਫਾਸ਼ੀ ਅਮਲਾਂ ਨੇ ਏਨਾ ਜਿੱਚ ਕਰ ਦਿੱਤਾ ਹੈ ਕਿ ਉਨਾਂ ਨੂੰ ਪਾਣੀ ਸਿਰ ਤੋਂ ਲੰਘਦਾ ਜਾਪਿਆ ਹੈ। ਇਹ ਸੋਚਿਆਂ ਇਸ ਲਹਿਰ ਦੀ ਤਹਿ ਹੇਠ ਪਏ ਸਮੁੱਚੇ ਲੋਕ ਰੋਹ ਨੂੰ ਵੇਖਣਾ ਮੁਸ਼ਕਿਲ ਨਹੀਂ ਹੈ।
ਆਪ ਮੁਹਾਰੇ ਕਿਰਦਾਰ ਵਾਲੀ ਇਸ ਵਿਰੋਧ ਲਹਿਰ ’ਚ ਅਜਿਹੇ ਕਈ ਹਾਂਦਰੂ ਪਹਿਲੂ ਸ਼ਾਮਲ ਹਨ ਜੋ ਫਿਰਕੂ ਫਾਸ਼ੀ ਸਿਆਸਤ ਦੇ ਅਸਰਦਾਰ ਤੇ ਜਚਵੇਂ ਲੋਕ ਟਾਕਰੇ ਵਾਲੀ ਲੋਕ ਸ਼ਕਤੀ ਦੀ ਉਸਾਰੀ ਹੋ ਸਕਣ ਦੀਆਂ ਰੌਸ਼ਨ ਸੰਭਾਵਨਾਵਾਂ ’ਤੇ ਝਾਤ ਪਵਾਉਂਦੇ ਹਨ। ਇਸ ਵਿਰੋਧ ਲਹਿਰ ਦਾ ਸਭ ਤੋਂ ਉੱਭਰਵਾਂ ਪਹਿਲੂ ਧਰਮ ਨਿਰਪੱਖਤਾ ਦੇ ਅਧਾਰ ’ਤੇ ਪ੍ਰਗਟ ਹੋ ਰਹੀ ਲੋਕ ਏਕਤਾ ਹੈ ਜਿਹੜੀ ਫਿਰਕੂ ਸਿਆਸਤ ਦੇ ਹਮਲੇ ਦੇ ਅਸਰਦਾਰ ਵਿਰੋਧ ਲਈ ਬਹੁਤ ਬੁਨਿਆਦੀ ਨੁਕਤਾ ਬਣਦੀ ਹੈ। ਇਸ ਕਾਨੂੰਨ ਰਾਹੀਂ ਤੇ ਐਨ ਆਰ ਸੀ ਦੇ ਕਦਮਾਂ ਰਾਹੀਂ ਆਇਆ ਇਹ ਨਵਾਂ ਹਮਲਾ ਬਹੁ-ਧਾਰੀ ਹੈ, ਇਹ ਸੱਤਾਧਾਰੀ ਪਾਰਟੀ ਦੇ ਫਿਰਕੂ ਰਾਸ਼ਟਰਵਾਦੀ ਮਿਸ਼ਨ ਤਹਿਤ ਇਸਦੀ ਫਿਰਕੂ ਧਾਰ ਨੂੰ ਹੋਰ ਤਿੱਖਾ ਕਰਨ ਦਾ ਯਤਨ ਹੈ, ਹੁਣ ਅਜਿਹਾ ਮੁਸਲਿਮ ਆਬਾਦੀ ਨੂੰ ਨਾਗਰਿਕਤਾ ਦੇ ਹੱਕ ਤੋਂ ਵਾਂਝੇ ਕਰਨ ਦਾ ਨਿਸ਼ਾਨਾ ਬਣਾ ਕੇ ਕੀਤਾ ਜਾ ਰਿਹਾ ਹੈ। ਇਸ ਕਦਮ ਰਾਹੀਂ ਲੋਕਾਂ ’ਚ ਫਿਰਕੂ ਪਾਟਕ ਡੂੰਘੇ ਕਰਨ ਤੇ ਪਿਛਾਖੜੀ ਲਾਮਬੰਦੀਆਂ ਕਰਨ ਦੇ ਫੌਰੀ ਅਤੇ ਹਿੰਦੂ ਰਾਸ਼ਟਰ ਉਸਾਰੀ ਦੇ ਲੰਮੇਂ ਦਾਅ ਦੇ ਨਾਪਾਕ ਮਕਸਦ ਸ਼ਾਮਲ ਹਨ। ਇਸ ਸੱਜਰੇ ਹਮਲੇ ਨਾਲ ਮੁਸਲਿਮ ਭਾਈਚਾਰੇ ਦਾ ਵਰ੍ਹਿਆਂ ਤੋਂ ਜਮ੍ਹਾਂ ਹੋਇਆ ਗੁੱਸਾ ਸਮੂਹਿਕ ਰੂਪ ’ਚ ਫੁੱਟ ਤੁਰਿਆ ਹੈ, ਉਹਨਾਂ ’ਚ ਵਰ੍ਹਿਆਂ ਤੋਂ ਪੈਰ ਪਸਾਰ ਰਿਹਾ ਖੌਫ ਅਜਿਹੇ ਮੋੜ ਨੁਕਤੇ ’ਤੇ ਪਹੁੰਚ ਗਿਆ ਹੈ ਕਿ ਹੁਣ ਉਹ ਆਪਣੀ ਹਸਤੀ ਦੀ ਰਾਖੀ ਲਈ ਨੰਗੇ ਧੜ ਮੈਦਾਨ ’ਚ ਹਨ, ਪਰ ਨਾਲ ਹੀ ਇਸ ਰੋਸ ਲਹਿਰ ਦਾ ਅਹਿਮ ਪਹਿਲੂ ਇਹ ਹੈ ਕਿ ਇਹ ਸਿਰਫ ਮੁਸਲਮਾਨ ਭਾਈਚਾਰੇ ਤੱਕ ਹੀ ਮਹਿਦੂਦ ਨਹੀਂ ਹੈ, ਸਗੋਂ ਹੋਰਨਾਂ ਧਰਮਾਂ ਦੇ ਲੋਕ ਇਸਦਾ ਅੰਗ ਹਨ ਤੇ ਫਿਰਕੂ ਏਕਤਾ ਦਾ ਨਾਅਰਾ ਇਸ ਅੰਦੋਲਨ ਦੀ ਹੇਕ ਬਣ ਕੇ ਉੱਠਿਆ ਹੈ, ਜਿਸਦੀ ਡਾਢੀ ਲੋੜ ਸੀ। ਚਾਹੇ ਹਕੂਮਤ ਵੱਲੋਂ ਇਸ ਰੋਸ ਨੂੰ ਫਿਰਕੂ ਰੰਗਤ ਦੇਣ ਦੇ ਜੋਰਦਾਰ ਯਤਨ ਕੀਤੇ ਗਏ ਹਨ, ਇਸ ਨੂੰ ਮੋੜਵੇਂ ਰੂਪ ’ਚ ਫਿਰਕੂ ਪਾਲਾਬੰਦੀ ਦਾ ਹੱਥਾ ਬਣਾਉਣ ਦਾ ਯਤਨ ਕੀਤਾ ਗਿਆ ਹੈ।
ਮੁਲਕ ਪੱਧਰ ’ਤੇ ਜਹਿਰੀਲੇ ਪ੍ਰਚਾਰ ਦੀ ਮੁਹਿੰਮ ਤੇ ਨਾਲ ਹੀ ਯੂ.ਪੀ. ’ਚ ਵਿਸ਼ੇਸ਼ ਕਰਕੇ ਫਿਰਕੂ ਜਨੂੰਨੀ ਗ੍ਰੋਹਾਂ ਤੇ ਪੁਲਿਸ ਮਸ਼ੀਨਰੀ ਵੱਲੋਂ ਮੁਸਲਮਾਨ ਭਾਈਚਾਰੇ ’ਤੇ ਜੁਲਮ ਦਾ ਕਹਿਰ ਵਰਸਾਇਆ ਗਿਆ ਹੈ। ਇਹਨਾਂ ਹਮਲਿਆਂ ਰਾਹੀਂ ਮੋੜਵੇਂ ਫਿਰਕੂ ਪ੍ਰਤੀਕਰਮ ਲਈ ਉਕਸਾਉਣ ਦਾ ਯਤਨ ਕੀਤਾ ਹੈ। ਮਗਰੋਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਮਾਹੌਲ ’ਚ ਤਾਂ ਭਾਜਪਾ ਦੀ ਪਿਛਾਖੜੀ ਸਿਆਸਤ ਸਭ ਹੱਦਾਂ ਪਾਰ ਕਰ ਗਈ ਹੈ। ਸ਼ਾਹੀਨ ਬਾਗ ਵਰਗੀਆਂ ਜਮਹੂਰੀ ਹੱਕ ਜਤਲਾਈ ਦੀਆਂ ਥਾਵਾਂ ਨੂੰ ਪਾਕਿਸਤਾਨ ਕਰਾਰ ਦੇ ਕੇ, ਚੋਣਾਂ ਨੂੰ ਪਾਕਿਸਤਾਨ ਤੇ ਭਾਰਤ ਦੀ ਜੰਗ ਕਰਾਰ ਦਿੱਤਾ ਜਾ ਰਿਹਾ ਹੈ। ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ’ਤੇ ਜੁਲਮ ਢਾਹੁਣ ਦੇ ਨਾਅਰੇ ਦੁਆਲੇ ਚੋਣਾਂ ਲੜੀਆਂ ਜਾ ਰਹੀਆਂ ਹਨ, ਸੰਘਰਸ਼ ਦੇ ਮੈਦਾਨ ’ਚ ਨਿੱਤਰੇ ਲੋਕਾਂ ਨੂੰ ਖੌਫਜ਼ਦਾ ਕਰਨ ਲਈ ਨੌਜਵਾਨਾਂ ਹੱਥੋਂ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਤਾਂ ਸਭ ਹੱਦਾਂ ਪਾਰ ਕਰ ਜਾਣ ਨੂੰ ਦਰਸਾਉਂਦੀਆਂ ਹਨ। ਇਹਨਾਂ ਸਾਰੇ ਪਾਟਕਪਾਉ ਫਿਰਕੂ ਪਾਲ਼ਾਬੰਦੀਆਂ ਦੇ ਯਤਨਾਂ ਦੇ ਬਾਵਜੂਦ ਸਰਕਾਰ ਮੁਸਲਮਾਨ ਭਾਈਚਾਰੇ ਨੂੰ ਮੋੜਵੇਂ ਫਿਰਕੂ ਪ੍ਰਤੀਕਰਮ ’ਤੇ ਧੱਕਣ ਤੋਂ ਨਾਕਾਮ ਨਿਬੜੀ ਹੈ।
ਮੁਸਲਮਾਨ ਭਾਈਚਾਰੇ ਦੀ ਜਮਹੂਰੀ ਪੈਂਤੜੇ ਤੋਂ ਹੋ ਰਹੀ ਲਾਮਬੰਦੀ ’ਚ ਇੱਕ ਅਹਿਮ ਕਾਰਨ ਜਮਹੂਰੀ ਤੇ ਬੁੱਧੀਜੀਵੀ ਹਲਕਿਆਂ ਦੀ ਜ਼ੋਰਦਾਰ ਜਮਹੂਰੀ ਆਵਾਜ਼ ਦੀ ਮੌਜੂਦਗੀ ਦਾ ਹੈ। ਜਿਹੜੀ ਬੀਤੇ ਸਾਰੇ ਸਾਲਾਂ ਦੌਰਾਨ ਇਹਨਾਂ ਫਿਰਕੂ-ਫਾਸ਼ੀ ਅਮਲਾਂ ਖਿਲਾਫ ਬੇਖੌਫ ਗੂੰਜਦੀ ਆ ਰਹੀ ਹੈ। ਇਸ ਪਿਛਾਖੜੀ ਸਿਆਸਤ ਖਿਲਾਫ ਮੁਲਕ ਦੇ ਬੁੱਧੀਜੀਵੀ ਤੇ ਜਮਹੂਰੀ ਹਲਕਿਆਂ ਨੇ ਆਪਣਾ ਰੋਲ ਪਛਾਣਿਆ ਤੇ ਸਿਦਕ ਦਿਲੀ ਨਾਲ ਨਿਭਾਇਆ ਹੈ। ਗੌਰੀ ਲੰਕੇਸ਼ ਵਰਗੇ ਕਈਆਂ ਨੇ ਸ਼ਹਾਦਤਾਂ ਦਿੱਤੀਆਂ ਹਨ ਤੇ ਫਿਰਕੂ ਤਾਕਤਾਂ ਦੇ ਹਰ ਕਦਮ ਨੂੰ ਚੁਣੌਤੀ ਦਿੱਤੀ ਗਈ ਹੈ।ਇਸ ਤਬਕੇ ਦੀ ਜੋਰਦਾਰ ਤੇ ਅਸਰਦਾਰ ਵਿਰੋਧ ਆਵਾਜ਼ ਦੀ ਮੌਜੂਦਗੀ ਨੇ ਮੁਸਲਮਾਨ ਭਾਈਚਾਰੇ ਨੂੰ ਡਟਣ ਦਾ ਹੌਂਸਲਾ ਵੀ ਦਿੱਤਾ ਹੈ ਤੇ ਧਰਮ ਨਿਰਪੱਖ ਜਮਹੂਰੀ ਵਿਰੋਧ ਚੌਖਟਾ ਵੀ ਮੁਹੱਈਆ ਕਰਵਾਇਆ ਹੈ।ਇਸ ਜਮਹੂਰੀ ਆਵਾਜ਼ ਦਾ ਇੱਕ ਅਹਿਮ ਅੰਗ ਵਿਦਿਆਰਥੀ ਜਨਤਾ ਹੈ ਜਿਸਨੇ ਰਾਜਕੀ ਤੇ ਗੈਰ ਸਰਕਾਰੀ ਹਿੰਸਾ ਦਾ ਸਾਹਮਣਾ ਕਰਨ ਦਾ ਅਮਲ ਹੰਢਾਇਆ ਹੈ। ਇਸ ਤਬਕੇ ਨੇ ਜਥੇਬੰਦ ਟੁਕੜੀ ਵਜੋਂ ਅਹਿਮ ਰੋਲ ਅਦਾ ਕੀਤਾ ਹੈ ਤੇ ਸਮਾਜ ਦੇ ਹੋਰਨਾਂ ਤਬਕਿਆਂ ਨੂੰ ਝੰਜੋੜ ਦੇਣ ਦੀ ਆਪਣੀ ਵਿਸ਼ੇਸ਼ ਭੂਮਿਕਾ ਨੂੰ ਨਿਭਾਇਆ ਹੈ।ਵਿਦਿਆਰਥੀਆਂ ਵੱਲੋਂ ਨਿਭਾਈ ਜਾ ਰਹੀ ਇਹ ਭੂਮਿਕਾ ਸਿਰਫ ਫੌਰੀ ਪ੍ਰਸੰਗ ’ਚ ਹੀ ਮਹੱਤਵਪੂਰਨ ਨਹੀਂ ਹੈ, ਸਗੋਂ ਇਹਨਾਂ ਬੌਧਿਕ ਹਲਕਿਆਂ ਦੀ ਮੌਜੂਦਗੀ ਇਸ ਰੋਸ ਲਹਿਰ ’ਚ ਹੋਰਨਾਂ ਹਾਂਦਰੂ ਪੱਖਾਂ ਦਾ ਸੰਚਾਰ ਕਰ ਸਕਣ ਪੱਖੋਂ ਵੀ ਅਹਿਮ ਰਹਿਣੀ ਹੈ ਜਿਵੇਂ ਇਸ ਫਾਸ਼ੀ ਹਮਲੇ ਤੇ ਸਾਮਰਾਜੀ ਦਿਸ਼ਾ ਨਿਰਦੇਸ਼ਤ ਆਰਥਿਕ ਨੀਤੀਆਂ ਦੇ ਹਮਲੇ ਦੇ ਕੜੀ-ਜੋੜ ਨੂੰ ਬੁੱਝਣ, ਗ੍ਰਹਿਣ ਕਰਨ ਤੇ ਇਸਦਾ ਸੰਚਾਰ ਕਰਨ ’ਚ ਇਸਦਾ ਵਿਸ਼ੇਸ਼ ਰੋਲ ਬਣਦਾ ਹੈ।ਇਸ ਕੜੀ-ਜੋੜ ਨੂੰ ਦੇਖਣ ਸਕਣਾ ਸੰਘਰਸ਼ ਦੀ ਮੁੱਖ ਤਾਕਤ ਬਣਨ ਵਾਲੀ ਲੋਕਾਈ ਲਈ ਬਹੁਤ ਅਹਿਮ ਹੈ।ਵਿਦਿਆਰਥੀਆਂ ਵੱਲੋਂ ਰਾਜ ਭਾਗ ਦੀ ਹਿੰਸਕ ਸ਼ਕਤੀ ਦਾ ਕੀਤਾ ਜਾ ਰਿਹਾ ਸਾਹਮਣਾ ਵੀ ਇੱਕ ਅਜਿਹਾ ਤਜਰਬਾ ਗ੍ਰਹਿਣ ਕਰਨ ਪੱਖੋਂ ਅਹਿਮ ਹੈ ਜੋ ਰਾਜ ਭਾਗ ਦੇ ਕਿਰਦਾਰ ਤੇ ਜਮਹੂਰੀਅਤ ਦੀ ਵੰਨਗੀ ਬਾਰੇ ਬੌਧਿਕ ਬਹਿਸ ਮੁਬਾਹਸਿਆਂ ਤੋਂ ਪਾਰ ਜਾਂਦਾ ਹੈ ਤੇ ਹਕੀਕਤ ਦੀ ਹੋਰ ਵਧੇਰੇ ਥਹੁ-ਪਾਉਣ ਦੀ ਸਮੱਗਰੀ ਮੁਹੱਈਆ ਕਰਵਾਉਂਦਾ ਹੈ, ਇਹ ਸਮੱਗਰੀ ਫਾਸ਼ੀ ਅਮਲਾਂ ਖਿਲਾਫ ਭਿੜਨ ਲਈ ਵਧੇਰੇ ਸਪੱਸ਼ਟਤਾ ਹਾਸਲ ਕਰਨ ’ਚ ਸਹਾਈ ਹੋਣੀ ਹੈ।
ਇਉਂ ਹੀ ਇਸ ਵਿਰੋਧ ਲਹਿਰ ’ਚ ਔਰਤਾਂ ਦੀ ਮੂਹਰਲੀਆਂ ਸਫਾਂ ’ਚ ਮੌਜੂਦਗੀ ਇਸ ਸਮੁੱਚੇ ਅੰਦੋਲਨ ਦੀ ਮੁੱਖ ਤਾਕਤ ਬਣ ਕੇ ਉੱਭਰੀ ਹੈ। ਸਮਾਜ ਦੇ ਸਭ ਤੋਂ ਦਬਾਏ ਹਿੱਸਿਆਂ ’ਚ ਸ਼ੁਮਾਰ ਔਰਤਾਂ ਨੇ, ਖਾਸ ਕਰਕੇ ਮੁਸਲਮਾਨ ਭਾਈਚਾਰੇ ਦੀਆਂ ਔਰਤਾਂ ਨੇ ਜਿਸ ਜੁਝਾਰੂ ਤੰਤ ਤੇ ਦਮਖਮ ਦਾ ਪ੍ਰਗਟਾਵਾ ਕੀਤਾ ਹੈ, ਉਹ ਵਿਸ਼ੇਸ਼ ਕਰਕੇ ਨਵੇਂ ਵਰਤਾਰੇ ਦੇ ਤੌਰ ’ਤੇ ਧਿਆਨ ਖਿੱਚਦਾ ਹੈ।ਘਰਾਂ ’ਚੋਂ ਬਾਹਰ ਆਉਣ ਤੇ ਧਰਨਿਆਂ-ਮੁਜਾਹਰਿਆਂ ਤੋਂ ਅੱਗੇ ਬੁਰਕਿਆਂ ਤੋਂ ਬਾਹਰ ਆਉਣ ਤੱਕ ਦੇ ਤੇਜ਼ੀ ਨਾਲ ਤੈਅ ਕੀਤੇ ਜਾ ਰਹੇ ਇਸ ਸਫਰ ਦੇ ਪੂਰੇ ਅਰਥ ਸਿਰਫ ਮੌਜੂਦਾ ਅੰਦੋਲਨ ਦੇ ਪ੍ਰਸੰਗ ਤੱਕ ਹੀ ਸੀਮਤ ਨਹੀਂ ਹਨ, ਸਗੋਂ ਸਮੁੱਚੇ ਕਿਰਤੀ ਲੋਕਾਂ ਦੀ ਮੁਕਤੀ ਲਈ ਸੰਗਰਾਮੀ ਲਹਿਰ ਦੇ ਅੰਗ ਵਜੋਂ ਇਹ ਅਮਲ ਔਰਤਾਂ ਦੀ ਹੋਣਹਾਰ ਭੂਮਿਕਾ ਨੂੰ ਉਭਾਰ ਕੇ ਲੋਕ ਸੰਘਰਸ਼ਾਂ ਦੇ ਦਿ੍ਰਸ਼ ’ਤੇ ਲਿਆਉਣ ਦਾ ਅਮਲ ਬਣ ਰਿਹਾ ਹੈ ਤੇ ਨਾਲ ਹੀ ਔਰਤਾਂ ਦਾ ਆਪਣੀ ਹੋਣੀ ਲਈ ਨਵੀਂ ਜਾਗਿ੍ਰਤੀ ਦੇ ਉਭਾਰ ਦੇ ਆਗਮਨ ਖਾਤਰ ਅਧਾਰ ਸਿਰਜਣਾ ਦਾ ਅਮਲ ਅੱਗੇ ਤੁਰ ਰਿਹਾ ਹੈ। ਮੁਸਲਮਾਨ ਔਰਤਾਂ ਦੀ ਧੜੱਲੇ ਭਰਪੂਰ ਸਰਗਰਮੀ ਇਹਨਾਂ ਪ੍ਰਤੀ ਤੀਹਰੇ ਤਲਾਕ ਦੇ ਖਾਤਮੇ ਦੇ ਦੰਭੀ ਸੰਘੀ ਹੇਜ ਦਾ ਭਾਂਡਾ ਵੀ ਭੰਨ ਰਹੀ ਹੈ, ਜਦੋਂ ਇਸ ਅੰਦੋਲਨ ਦਾ ਚਿੰਨ ਬਣਕੇ ਉਭਰੇ ਸ਼ਾਹੀਨ ਬਾਗ ਅੰਦਰ ਹਜ਼ਾਰਾਂ ਔਰਤਾਂ ਵੱਲੋਂ ਮੁਲਕ ਦੇ ਰਹਿਬਰਾਂ ਨੂੰ ਲਲਕਾਰਿਆ ਜਾ ਰਿਹਾ ਹੈ।
ਮੁਲਕ ਭਰ ’ਚ ਉੱਗ ਰਹੇ ਸ਼ਾਹੀਨ ਬਾਗਾਂ ਰਾਹੀਂ ਪ੍ਰਗਟ ਹੋ ਰਹੀ ਲੋਕ ਰਜ਼ਾ ਪਾਰਲੀਮੈਂਟ ਰਾਹੀਂ ਚੁਣੇ ਹੋਏ ਨੁਮਾਇੰਦਿਆਂ ਦੀ ਰਜ਼ਾ ਨਾਲ ਟਕਰਾਅ ’ਚ ਆ ਰਹੀ ਹੈ।ਆਪਣੀ ਰਜ਼ਾ ਪੁਗਾਉਣ ਲਈ ਹੋ ਰਹੀ ਇਹ ਅਧਿਕਾਰ ਜਤਲਾਈ ਦੱਸਦੀ ਹੈ ਕਿ ਕਾਨੂੰਨ ਸਿਰਫ ਪਾਰਲੀਮੈਂਟਾਂ ’ਚ ਅੰਕੜਿਆਂ ਦੀ ਖੇਡ ਰਾਹੀਂ ਹੀ ਨਹੀਂ ਪ੍ਰਵਾਨ ਚੜ੍ਹਦੇ।ਇਹਨਾਂ ਦਾ ਹਕੀਕੀ ਲੋਕ ਰਜ਼ਾ ਨਾਲ ਸੁਮੇਲ ਲਾਜ਼ਮੀ ਹੁੰਦਾ ਹੈ। ਆਪਣੀ ਰਜ਼ਾ ਪੁਗਾਉਣ ਲਈ ਜੱਦੋਜਹਿਦ ਦੇ ਅਮਲ ’ਚੋਂ ਗੁਜ਼ਰ ਰਹੇ ਇਹ ਲੋਕ ਇਸ ਅਮਲ ਰਾਹੀਂ ਬਹੁਮੁੱਲੇ ਸਬਕ ਗ੍ਰਹਿਣ ਕਰ ਰਹੇ ਹਨ ਤੇ ਇਹਨਾਂ ਬਾਗਾਂ ’ਚ ਅਜਿਹੇ ਬੀਜ ਬੀਜੇ ਜਾ ਰਹੇ ਹਨ, ਜਿੰਨਾਂ ਨੇ ਇਕ ਦਿਨ ਹਕੀਕੀ ਲੋਕ ਜਮਹੂਰੀਅਤ ਦੀ ਫਸਲ ਲਹਿਰਾਉਣ ਲਾਉਣੀ ਹੈ।ਸਮੁੱਚੇ ਅੰਦੋਲਨ ਦੌਰਾਨ ਚਾਹੇ ਇਹਨਾਂ ਮੰਗਾਂ ਜਾਂ ਨਾਹਰਿਆਂ ਦਾ ਸੀਮਤ ਸੰਵਿਧਾਨਕ ਚੌਖਟਾ ਦਿਖਾਈ ਦਿੰਦਾ ਹੈ ਪਰ ਸਮੁੱਚੀ ਲੋਕ ਲਹਿਰ ਦਾ ਤੱਤ ਏਥੋਂ ਤੱਕ ਸੀਮਤ ਨਾ ਰਹਿ ਕੇ ਹਕੀਕੀ ਲੋਕ ਰਜ਼ਾ ਨੂੰ ਪ੍ਰਗਟਾਉਣ ਵਾਲਾ ਹੈ ਜੋ ਅੰਦੋਲਨ ਦੀਆਂ ਰਸਮੀ ਮੰਗਾਂ ਤੋਂ ਪਾਰ ਜਾਂਦਾ ਹੈ। ਲੋਕ ਸੰਘਰਸ਼ ਅੰਦਰ ਮੌਜੂਦ ਇਹ ਅੰਸ਼ ਪਾਰਲੀਮਾਨੀ ਤੇ ਸੀਮਤ ਸੰਵਿਧਾਨਕ ਚੌਖਟੇ ਨੂੰ ਸਰ ਕਰਕੇ ਲੋਕਾਂ ਦੇ ਬੁਨਿਆਦੀ ਜਮਹੂਰੀ ਹੱਕਾਂ ਦਾ ਚੌਖਟਾ ਉਸਾਰਨ ਲਈ ਅਧਾਰ ਬਣਨ ਦੀ ਸੰਭਾਵਨਾ ਰੱਖਦਾ ਹੈ।
ਇਸ ਲੋਕ ਲਹਿਰ ਦੇ ਕਲਾਵੇ ’ਚ ਮੁਲਕ ਦੀ ਮਿਹਨਤਕਸ਼ ਆਬਾਦੀ ਦੀਆਂ ਕਈ ਵੰਨਗੀਆਂ ਹਨ ।ਦੇਸ਼ ਅੰਦਰ ਆਮ ਜਮਾਤੀ ਦਾਬੇ ਦੇ ਨਾਲ ਨਾਲ ਵਿਸ਼ੇਸ਼ ਦਾਬਿਆਂ ਦਾ ਸ਼ਿਕਾਰ ਹਿੱਸੇ ਜਿਵੇਂ ਔਰਤਾਂ, ਦਲਿਤ ਤੇ ਦਬਾਈਆਂ ਕੌਮੀਅਤਾਂ ਇਸ ਅੰਦੋਲਨ ਦੀਆਂ ਮੂਹਰਲੀਆਂ ਸਫਾਂ ’ਚ ਹਨ।ਇਹ ਸਾਰੇ ਉਹ ਹਿੱਸੇ ਹਨ ਜੋ ਮੌਜੂਦਾ ਫਾਸ਼ੀ ਹਮਲੇ ਦੀ ਵਿਸ਼ੇਸ਼ ਮਾਰ ਹੇਠ ਹਨ। ਬੁੱਧੀਜੀਵੀ ਤੇ ਜਮਹੂਰੀ ਹਲਕਿਆਂ ਨਾਲ ਰਲ ਕੇ ਇਹ ਤਾਕਤ ਹੀ ਸਮੁੱਚੀ ਫਾਸ਼ੀਵਾਦੀ ਵਿਰੋਧੀ ਲਹਿਰ ਦੀ ਨੋਕ ਬਣਨ ਦੀ ਸਮਰੱਥਾ ਰੱਖਦੀ ਹੈ ਤੇ ਅਜਿਹੀ ਸਮਰੱਥਾ ਦੇ ਉੱਘੜਵੇਂ ਝਲਕਾਰੇ ਇਸ ਅੰਦੋਲਨ ਰਾਹੀਂ ਪਰਗਟ ਹੋ ਰਹੇ ਹਨ। ਤਾਂ ਵੀ ਦਲਿਤ ਹਿੱਸਿਆਂ ਤੇ ਆਦਿਵਾਸੀ ਜਨਸਮੂਹਾਂ ਨੂੰ ਇਸ ਰੋਸ ਲਹਿਰ ਦਾ ਜਾਨਦਾਰ ਅੰਗ ਬਣਾਏ ਜਾਣ ਨਾਲ ਹੀ ਇਸਨੂੰ ਹੋਰ ਜਰ੍ਹਬਾਂ ਆਉਣੀਆਂ ਹਨ।ਤੇ ਸਭ ਤੋਂ ਵੱਧ ਕੇ ਇਹਨਾਂ ਸਭਨਾਂ ਹਿੱਸਿਆਂ ਦੀ ਆਪਸੀ ਏਕਤਾ ਉਸਾਰੀ ਦਾ ਕਾਰਜ ਅਜੇ ਦਰਪੇਸ਼ ਹੈ। ਖਾਸ ਕਰਕੇ ਉੱਤਰ ਪੂਰਬ ਦੀਆਂ ਦਬਾਈਆਂ ਕੌਮੀਅਤਾਂ ਦੇ ਕੌਮੀ ਸਰੋਕਾਰਾਂ ਤੇ ਤਾਂਘਾਂ ਦੀ ਵਿਸ਼ੇਸ਼ਤਾ ਨੂੰ ਬਾਕੀ ਮੁਲਕ ਦੇ ਲੋਕਾਂ ਵੱਲੋਂ ਸੰਬੋਧਿਤ ਹੋਣਾ ਲਾਜ਼ਮੀ ਲੋੜ ਹੈ, ਇਹ ਲੋੜ ਇਸ ਕਰਕੇ ਵੀ ਵਿਸ਼ੇਸ਼ ਹੈ ਕਿਉਂਕਿ ਇਸ ਤਾਜ਼ਾ ਹੱਲੇ ’ਚ ਕੌਮੀਅਤਾਂ ’ਚ ਟਕਰਾਅ ਖੜ੍ਹੇ ਕਰਨ ਦਾ ਯਤਨ ਵੀ ਸ਼ਾਮਲ ਹੈ ਜਿਵੇਂ ਅਸਾਮੀ ਤੇ ਬੰਗਾਲੀ ਕੌਮੀਅਤ ਅੰਦਰ।ਇਸ ਟਕਰਾਅ ਨੂੰ ਖਾਰਜ ਕਰਨਾ ਤੇ ਲੋਕਾਂ ਦੀ ਜਮਾਤੀ ਏਕਤਾ ਨੂੰ ਮਜਬੂਤ ਕਰਨਾ ਇਸ ਅੰਦੋਲਨ ਦੀ ਤਕੜਾਈ ਲਈ ਲੋੜੀਂਦੀਆਂ ਬੁਨਿਆਦੀ ਜਰੂਰਤਾਂ ’ਚੋਂ ਇੱਕ ਹੈ, ਇਸ ਕਾਰਜ ਦਾ ਇੱਕ ਅਹਿਮ ਹਿੱਸਾ ਉੱਤਰ ਪੂਰਬ ਦੀਆਂ ਕੌਮੀਅਤਾਂ’ਤੇ ਦਾਬੇ ਖਿਲਾਫ ਬਾਕੀ ਮੁਲਕ ਦੀ ਸੰਘਰਸ਼ਸ਼ੀਲ ਲੋਕਾਈ ਵੱਲੋਂ ਆਵਾਜ਼ ਉਠਾਉਣ ਦਾ ਵੀ ਹੈ।
ਹਾਲਤ ਦਾ ਉੱਭਰਵਾਂ ਪੱਖ ਇਹ ਵੀ ਹੈ ਕਿ ਇਸ ਸਮੁੱਚੀ ਲਹਿਰ ’ਚ ਮੌਕਾਪ੍ਰਸਤ ਪਾਰਲੀਮਾਨੀ ਪਾਰਟੀਆਂ ਲੋਕਾਂ ਦੇ ਮਗਰ ਚੱਲਣ ਲਈ ਮਜ਼ਬੂਰ ਹੋ ਗਈਆਂ ਹਨ।ਲੋਕਾਂ ਦੀ ਰੋਸ ਲਹਿਰ ਉਹਨਾਂ ਨੂੰ ਪੈਂਤੜੇ ਬਦਲਣ ਲਈ ਮਜਬੂਰ ਕਰ ਰਹੀ ਹੈ। ਇਹ ਤੱਥ ਕਿ 2003 ’ਚ ਨਾਗਰਿਕਤਾ ਕਾਨੂੰਨ ’ਚ ਸੋਧ ਵੇਲੇ ਐਨ ਆਰ ਸੀ ਲਿਆਉਣ ਨੂੰ ਪਾਰਲੀਮੈਂਟ ’ਚ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਸੀ, ਇਨ੍ਹਾਂ ਦੇ ਮੌਜੂਦਾ ਵਿਰੋਧ ਪੈਂਤੜੇ ਦੇ ਮਨਸ਼ਿਆਂ ਨੂੰ ਲੋਕਾਂ ’ਚ ਸੁਆਲ ਅਧੀਨ ਲਿਆਉਂਦਾ ਹੈ। ਸਰਕਾਰ ਦੇ ਪਾਰਲੀਮਾਨੀ ਵਿਰੋਧੀਆਂ ਤੋਂ ਇਸ ਫਾਸ਼ੀ ਹਮਲੇ ਦੇ ਜ਼ੋਰਦਾਰ ਵਿਰੋਧ ਦੀਆਂ ਆਸਾਂ ਪੂਰੀ ਤਰ੍ਹਾਂ ਤਿੜਕਣ ਦਾ ਅਮਲ ਲੋਕਾਂ ਦੀ ਚੇਤਨਾ ’ਚ ਸਿਰੇ ਲੱਗ ਰਿਹਾ ਹੈ ਤੇ ਉਹਨਾਂ ਵੱਲੋਂ ਨਿਰੋਲ ਆਪਣੀਆਂ ਵੋਟ ਗਿਣਤੀਆਂ ਅਨੁਸਾਰ ਕੀਤਾ ਜਾ ਰਿਹਾ ਵਿਹਾਰ ਲੋਕਾਂ ਮੂਹਰੇ ਇਹਨਾਂ ਪਾਰਟੀਆਂ ਦੀ ਪਿੱਛਲੱਗਤਾ ਦੀ ਥਾਂ ਆਪਣੀ ਆਜ਼ਾਦ ਜਥੇਬੰਦਕ ਤਾਕਤ ਦੀ ਉਸਾਰੀ ਦਾ ਸਵਾਲ ਪਾ ਰਿਹਾ ਹੈ।ਹਰਕਤ ’ਚ ਆਏ ਲੋਕ ਇਹਦਾ ਜਵਾਬ ਤਲਾਸ਼ ਰਹੇ ਹਨ।
ਅੰਦੋਲਨ ਦੀਆਂ ਉੱਘੜ ਰਹੀਆਂ ਸੀਮਤਾਈਆਂ ’ਚ ਇਸਦਾ ਆਪ-ਮੁਹਾਰਤਾ ਵਾਲਾ ਖਾਸਾ ਅਤੇ ਇੱਕਜੁੱਟ ਤੇ ਦੂਰ ਅੰਦੇਸ਼ ਲੀਡਰਸ਼ਿਪ ਪੱਖੋਂ ਖਲਾਅ ਵਾਲੀ ਹਾਲਤ ਵਿਸ਼ੇਸ਼ ਕਰਕੇ ਉੱਭਰਵੀਂ ਹੈ, ਜਿਸ ਨੂੰ ਸਰ ਕਰਨਾ ਇਸ ਅੰਦੋਲਨ ਦੀ ਮੁੱਖ ਚੁਣੌਤੀ ਬਣਦੀ ਹੈ। ਚਾਹੇ ਇਹ ਸੀਮਤਾਈਆਂ ਇਸ ਅਮਲ ਦੌਰਾਨ ਹੀ ਸਰ ਹੋਣੀਆਂ ਹਨ ਅਤੇ ਇਹ ਅਮਲ ਗੁੰਝਲਦਾਰ ਤੇ ਉਤਰਾਵਾਂ-ਚੜ੍ਹਾਵਾਂ ਭਰਪੂਰ ਹੁੰਦਾ ਹੈ।ਪਰ ਨਾਲ ਹੀ ਇਹ ਸੀਮਤਾਈਆਂ ਇਹਨਾਂ ਅੰਦੋਲਨਾਂ ਦੀਆਂ ਮੌਜੂਦਾ ਹਾਸਲ ਲੀਡਰਸ਼ਿਪਾਂ ਤੇ ਮੋਹਰੀ ਸਫਾਂ ਵਿਚਲੀ ਜਨਤਾ ਦੀਆਂ ਚੇਤਨ ਕੋਸ਼ਿਸ਼ਾਂ ਰਾਹੀਂ ਹੀ ਸਰ ਹੁੰਦੀਆਂ ਹਨ। ਜਿਵੇਂ ਮੁਸਲਮਾਨ ਧਾਰਮਿਕ ਜਨਤਾ ਨੇ ਆਪਣੀ ਰਿਵਾਇਤੀ ਧਾਰਮਿਕ ਲੀਡਰਸ਼ਿਪਾਂ ਦੀਆਂ ਵਲਗਣਾਂ ਨੂੰ ਤੋੜ ਦਿੱਤਾ ਹੈ ਤੇ ਭਾਜਪਾ ਵੱਲੋਂ ਇਹਨਾਂ ਲੀਡਰਸ਼ਿਪਾਂ ਜ਼ਰੀਏ ਲੋਕ ਰੋਹ ਨੂੰ ਸਲ੍ਹਾਬ ਦੇਣ ਦੀਆਂ ਆਸਾਂ ਨੂੰ ਫੇਲ੍ਹ ਕਰ ਦਿੱਤਾ ਹੈ। ਜਾਮਾ ਮਸਜਿਦ ’ਚ ਖੜ੍ਹੇ ਇਹ ਰਿਵਾਇਤੀ ਧਾਰਮਿਕ ਆਗੂ ਲੋਕਾਂ ਨੂੰ ਵਰਜਦੇ ਰਹਿ ਗਏ ਸਨ ਤੇ ਲੋਕ ਰੋਹ ਸੜਕਾਂ ’ਤੇ ਵਹਿ ਤੁਰਿਆ ਸੀ ਚਾਹੇ ਏਸ ਦਿਸ਼ਾ ’ਚ ਅਜੇ ਬਹੁਤ ਕੁੱਝ ਲੋੜੀਂਦਾ ਹੈ।
ਮੌਜੂਦਾ ਰੋਸ ਲਹਿਰ ਦੀਆਂ ਮੰਗਾਂ ਦੇ ਫੌਰੀ ਪ੍ਰਸੰਗ ’ਚ ਇਸਦੇ ਜਮਹੂਰੀ ਤੇ ਧਰਮ ਨਿਰਲੇਪ ਖਾਸੇ ਦੀ ਹੋਰ ਤਕੜਾਈ ਲਈ ਰਫਿਊਜੀਆਂ ਖਾਤਰ ਧਰਮ ਨਿਰਲੇਪਤਾ ਦੇ ਨੁਕਤਾ-ਨਜ਼ਰ ਤੋਂ ਸਪੱਸ਼ਟ ਤੇ ਪਾਰਦਰਸ਼ੀ ਕਾਨੂੰਨ ਬਣਾਏ ਜਾਣ ਤੇ ਗੈਰ-ਕਨੂੰਨੀ ਪ੍ਰਵਾਸੀਆਂ ਨਾਲ ਮਨੁੱਖੀ ਸਲੂਕ ਦੀ ਮੰਗ ਦਾ ਉਭਰਨਾ ਵੀ ਲਾਜ਼ਮੀ ਹੈ। ਵੱਖ-ਵੱਖ ਕੌਮੀਅਤਾਂ ’ਚ ਪਾਟਕ ਪਾਉਣ ਤੇ ਦਬਾਈਆਂ ਕੌਮੀਅਤਾਂ ਦੇ ਸੰਘਰਸ਼ਾਂ ਨੂੰ ਧਾਰਮਿਕ ਰੰਗਤ ’ਚ ਰੰਗਣ ਰਾਹੀਂ ਬਿਖੇੜੇ ਕਰਨ ਦੇ ਮਨਸੂਬਿਆਂ ਨੂੰ ਬੁੱਝਣ ਤੇ ਮਾਤ ਦੇਣ ਦੀ ਜਰੂਰਤ ਹੈ।ਸਮੁੱਚੀ ਰੋਸ ਲਹਿਰ ਦੀਆਂ ਮੰਗਾਂ ਤੇ ਨਿਸ਼ਾਨਿਆਂ ਦੀ ਹੋਰ ਵਧੇਰੇ ਸਪੱਸ਼ਟਤਾ ਤੇ ਮੁਲਕ ਪੱਧਰੀ ਇਕਜੁੱਟਤਾ ਦਾ ਕਾਰਜ ਸਰ ਕਰਨ ਦੀ ਚੁਣੌਤੀ ਫੌਰੀ ਤੌਰ’ ਤੇ ਦਰਪੇਸ਼ ਹੈ।
ਮੁੱਖ ਤੌਰ ’ਤੇ ਸ਼ਹਿਰੀ ਹਿੱਸਿਆਂ ਦੇ ਉਭਾਰ ਵਾਲੇ ਇਸ ਅੰਦੋਲਨ ਦਾ ਪੇਂਡੂ ਮਿਹਨਤਕਸ਼ ਲੋਕਾਂ ਦੀ ਲਹਿਰ ਨਾਲ ਕੜੀ ਜੋੜ ਵੀ ਬਹੁਤ ਜਰੂਰੀ ਹੈ, ਸਮੁੱਚੇ ਮੁਲਕ ਦੇ ਪ੍ਰਸੰਗ ’ਚ ਇਨ੍ਹਾਂ ਹਿੱਸਿਆਂ ਦੀ ਇਸ ਅੰਦੋਲਨ ’ਚੋਂ ਲੱਗਭਗ ਗ਼ੈਰ ਹਾਜ਼ਰ ਵਰਗੀ ਹਾਲਤ ਹੀ ਹੈ।ਦਲਿਤ ਹਿੱਸਿਆਂ ’ਚ ਵੀ ਲਗਭਗ ਸ਼ਹਿਰੀ ਦਲਿਤਾਂ ਦੀ ਸ਼ਮੂਲੀਅਤ ਹੀ ਦਿਖਾਈ ਦੇ ਰਹੀ ਹੈ। ਇਹ ਕੜੀ ਜੋੜ ਹੀ ਅਜਿਹੀ ਤਾਕਤ ਬਣ ਸਕਦਾ ਹੈ ਜੋ ਕਿ ਇਸ ਸਮੁੱਚੇ ਫਿਰਕੂ-ਫਾਸ਼ੀ ਅਮਲ ਨੂੰ ਥੰਮ੍ਹ ਦੇਣ ਦੀ ਸਮਰੱਥਾ ਰੱਖਦਾ ਹੈ।ਪੇਂਡੂ ਮਿਹਨਤਕਸ਼ ਹਿੱਸਿਆਂ ਦੀਆਂ ਲੋਕ ਲੀਡਰਸ਼ਿਪਾਂ ਨੂੰ ਵੀ ਇਸ ਅੰਦੋਲਨ ਨਾਲ ਸਰੋਕਾਰ ਜਗਾਉਣ ਤੇ ਸ਼ਹਿਰੀ ਹਿੱਸਿਆਂ ਨਾਲ ਸਾਂਝ ਉਸਾਰਨ ਦੇ ਯਤਨ ਕਰਨ ਦੀ ਲੋੜ ਹੈ। ਇਹਨਾਂ ਅਮਲਾਂ ਦੌਰਾਨ ਹੀ ਹਾਲਤ ਦੇ ਹਾਣ ਦੀਆਂ ਲੀਡਰਸ਼ਿਪਾਂ ਨੇ ਵਿਕਸਤ ਹੋਣਾ ਹੈ ਜਿਸ ਦੀ ਅਗਵਾਈ ’ਚ ਇਸ ਸਮੁੱਚੇ ਫਾਸ਼ੀ ਵਰਤਾਰੇ ਅੱਗੇ ਲੋਕ ਹੀ ਕੰਧ ਬਣ ਸਕਣਗੇ।
No comments:
Post a Comment