Tuesday, August 11, 2020

ਚਾਂਦ ਬਾਗ ਦਾ ਹਿੰਦੂ-ਮੁਸਲਿਮ ਗੁਆਂਢ ਕਿਵੇਂ ਉਸ ਲੰਮੀ ਰਾਤ ਇਕ ਦੂਜੇ ਦੀ ਸੁਰੱਖਿਆ ਦਾ ਜਾਮਨ ਬਣਿਆ

 

ਚਾਂਦ ਬਾਗ ਦਾ ਹਿੰਦੂ-ਮੁਸਲਿਮ ਗੁਆਂਢ ਕਿਵੇਂ ਉਸ ਲੰਮੀ ਰਾਤ

ਇਕ ਦੂਜੇ ਦੀ ਸੁਰੱਖਿਆ ਦਾ ਜਾਮਨ ਬਣਿਆ

ਮੰਗਲਵਾਰ ਦੀ ਰਾਤ ਚਾਂਦ ਬਾਗ ਆਲਾ-ਦੁਆਲਾ ਯੁੱਧ ਖੇਤਰ ਵਰਗਾ ਲਗਦਾ ਸੀ। ਟੁੱਟੀ ਭੱਜੀ ਸੜਕ ਪੱਥਰਾਂ ਦੇ ਮਲਬੇ , ਟੁੱਟੀਆਂ ਇੱਟਾਂ ਅਤੇ ਜਲ ਰਹੀਆਂ ਕਾਰਾਂ ਦੇ ਢਾਂਚਿਆਂ ਨਾਲ ਢਕੀ ਪਈ ਸੀ। ਨੁੱਕਰ ਲਾਗੇ ਮੋਟਰ-ਸਾਈਕਲਾਂ ਦੀ ਦੁਕਾਨ ਨੂੰ ਲੱਗੀ ਅੱਗ ਹਨੇਰੇ ਨੂੰ ਚੀਰ ਰਹੀ ਸੀ ਗਲੀ ਦੇ ਮੱਥੇ ਤੇ ਕੁੱਝ ਸਿਪਾਹੀ ਖੜ੍ਹੇ ਸਨ। ਸਾਨੂੰ ਨਿਮਰਤਾ ਨਾਲ ਵਿਗੜੇ ਹਾਲਾਤਾਂ ਕਰਕੇ ਉੱਥੋਂ ਚਲੇ ਜਾਣ ਨੂੰ ਕਿਹਾ। ਅਸੀਂ ਜਿਉ ਜਿਉ ਅੰਦਰ ਵੱਲ ਨੂੰ ਤੁਰਦੇ ਗਏ ਸੜਕ ਸੁੰਨਮਸਾਨ ਪਈ ਸੀ ਜਦੋਂ ਤੱਕ ਕਿ ਇੱਕ ਨੁੱਕਰੇ ਖੜੇ੍ਹ 4 ਬੰਦਿਆਂ ਨੂੰ ਅਸੀਂ ਵੇਖ ਨਾ ਲਿਆ। ਉਹਨਾਂ ਚੋਂ ਇੱਕ ਚਿਟ ਦਾਹੜੀਏ ਨੇ ਮੁਸਲਿਮ ਟੋਪੀ ਪਹਿਨੀ ਹੋਈ ਸੀ। ਅਸੀਂ ਉਹਨਾਂ ਕੋਲ ਗਏ ਅਤੇ ਉਸ ਜਗ੍ਹਾ ਦਾ ਪਤਾ ਪੁਛਿਆ ਜਿਥੋਂ ਸਾਨੂੰ ਇੱਕ ਮੁਸਲਿਮ ਪੀੜਤ ਔਰਤ ਦਾ ਫੋਨ ਆਇਆ ਸੀ। ਜਿਸ ਤੇ ਉਸ ਬੰਦੇ ਨੇ ਕਿਹਾ, ‘‘ ਮੇਰੇ ਨਾਲ ਚੱਲੋ, ਭਰੋਸਾ ਰੱਖੋ! ਮੇਰੇ ਨਾਲ ਹੁੰਦਿਆਂ ਤੁਹਾਨੂੰ ਕੋਈ ਨੁਕਸਾਨ ਨਹੀਂ ਹੁੰਦਾ।’’ ਜਿਉ ਜਿਉ ਉਹ ਸਾਨੂੰ ਗਲੀ ਅੰਦਰ ਨੂੰ ਲਿਜਾਈ ਗਿਆ, ਸਾਡੇ ਨਾਲ ਹੋਰ ਬੰਦੇ ਮਿਲਦੇ ਗਏ ਅਤੇ ਵਧ ਕੇ ਇੱਕ ਟੋਲੀ ਜਿਹੀ ਬਣ ਗਈ। ਬੰਦੇ ਘਰਾਂ ਦੇ ਬਾਹਰ ਬੈਠੇ ਸਨ ਅਤੇ ਉਹ ਕੋਲੋਂ ਲੰਘਦਾ ਉਹਨਾਂ ਨਾਲ ਦੁਆ ਸਲਾਮ ਕਰੀ ਜਾ ਰਿਹਾ ਸੀ। ਗਲੀ ਦੇ ਇੱਕ ਪਾਸੇ ਇੱਕ ਹੱਥ ਰੇਹੜੇ ਥੱਲੇ ਇੱਕ ਸ਼ਰਾਬੀ ਬੇਸੁੱਧ ਪਿਆ ਸੀ।

‘‘ਅਸੀਂ ਇੱਥੇ ਅਮਨ ਅਮਾਨ ਬਣਾਈ ਰੱਖਣਾ ਯਕੀਨੀ ਬਣਾਇਆ ਹੈ’’ ਅਫਜ਼ਲ ਨਾਮ ਦੇ ਉਸ ਬੰਦੇ ਨੇ ਦੱਸਿਆ,‘‘ਇਸ ਬਲਾਕ ਵਿਚ ਸ਼ਾਂਤੀ ਹੈ’’ ਉਹ ਸਾਨੂੰ ਆਪਣੇ ਘਰ ਲੈ ਗਿਆ। ਸਾਡੇ ਬੈਠਣ ਖਾਤਰ ਲਕੜੀ ਦਾ ਇੱਕ ਸਟੂਲ ਕੱਢ ਲਿਆਇਆ ਤੇ ਉਸਨੇ ਆਪਣੇ ਹਿੰਦੂ ਗਵਾਂਢੀਆਂ ਨੂੰ ਉੱਥੇ ਸੱਦ ਲਿਆ। ਅਸੀਂ ਗਲੀ ਬੈਠੇ ਸਾਂ ਅਤੇ ਹਿੰਦੂ ਤੇ ਮੁਸਲਿਮ ਬੰਦੇ ਸਾਡੇ ਆਲੇ-ਦੁਆਲੇ ਖੜ੍ਹੇ ਸਨ ਜਦੋਂ ਕਿ ਮੇਨ ਸੜਕ ਤੇ ਦੰਗਿਆਂ ਦੇ ਐਨ ਵਿਚਕਾਰ   ਸਿਰਫ ਦੋ ਗਲੀਆਂ ਵਿਚ ਦੂਰ ਅੱਗਾਂ ਦਹਿਕ ਰਹੀਆਂ ਸਨ।

ਅਫਜ਼ਲ ਜਿਹੜਾ ਪਿਛਲੇ 40 ਸਾਲਾਂ ਤੋਂ ਇਸ ਗਲੀ ਰਹਿ ਰਿਹਾ ਸੀ ਨੇ ਦੱਸਿਆ, ‘‘ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਸਾਰਾ ਕੁੱਝ ਹੋ ਰਿਹਾ ਹੈ, ਅਸੀਂ ਆਂਢ-ਗੁਆਂਢ ਦੇ ਲੋਕ ਇੱਕਠੇ ਕਰ ਲਏ ਅਤੇ ਫੈਸਲਾ ਕੀਤਾ ਕਿ ਕੋਈ ਇੱਕ ਦੂਜੇ ਨਾਲ ਭੇੜ ਨਹੀਂ ਪਵੇਗਾ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਖਾਤਰ ਅਸੀਂ ਸਾਰੇ ਇੱਕ ਦੂਜੇ ਨਾਲ ਕਰੰਘੜੀਆਂ ਪਾ ਲਵਾਂਗੇ’’

ਉਸਨੇ ਦੱਸਿਆ,‘‘ਇੱਥੇ ਕੋਈ ਸਾੜ-ਫੂਕ ਨਹੀਂ ਹੋਈ।’’

‘‘ਜਿੱਥੇ ਕਿਤੇ ਵੀ ਸਾੜ-ਫੂਕ ਹੋਈ, ਭਾਵੇਂ ਮੁਸਲਿਮ ਭਾਈਚਾਰੇ ਵੱਲੋਂ ਜਾਂ ਹਿੰਦੂ ਭਾਈਚਾਰੇ ਵੱਲੋਂ, ਅਸੀਂ ਅਜਿਹੀ ਪੜਤਾਲ ਦਾ ਇੰਤਜ਼ਾਰ ਕਰਾਂਗੇ ਜਿਸ ਤੋਂ ਇਹ ਪਤਾ ਲੱਗੇ ਕਿ ਇਹ ਕਿਸ ਨੇ ਕੀਤਾ ਪਰ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਾਡੇ ਬਲਾਕ ਅਜਿਹਾ ਕੁੱਝ ਨਾ ਵਾਪਰੇ। ਅਸੀਂ ਇੱਥੇ 92ਵਿਆਂ ਦੌਰਾਨ ਵੀ ਸਾਂ, 84 ਦੌਰਾਨ ਵੀ। ਇੱਥੋਂ ਤੱਕ ਕੁੱਝ ਨਹੀਂ ਅੱਪੜਿਆ ਅਤੇ ਹੁਣ ਵੀ ਸਾਡੇ ਤੱਕ ਕੁੱਝ ਨਹੀਂ ਆਵੇਗਾ। ਕੋਈ ਫਸਾਦ ਨਹੀਂ ਚਾਹੁੰਦਾ। ਕੋਈ ਲੜਾਈ ਨਹੀਂ ਚਾਹੁੰਦਾ, ਕੋਈ ਵੀ ਸਿਆਣਾ ਬੰਦਾ ਲੜਾਈ ਝਗੜਾ ਨਹੀਂ ਚਾਹੁੰਦਾ।’’

ਅੱਧਖੜ ਜਿਹੇ ਬਿ੍ਰਜਮੋਹਨ   ਸ਼ਰਮਾ ਨੇ ਅਫਜ਼ਲ ਨਾਲ ਹਾਮੀ ਭਰੀ। ‘‘ਅਸੀਂ 90ਵਿਆਂ ਵੀ ਏਥੇ ਸੀ, ਅਸੀਂ ਸਾਰੇ ਮਿਲ ਜੁਲ ਕੇ ਰਹੇ ਹਾਂ, ਕਦੇ ਲੜਾਈ ਝਗੜਾ   ਨਹੀਂ, ਇਕ ਦੂਜੇ ਦੇ ਆਉਦੇ ਜਾਂਦੇ ਹਾਂ ਅਤੇ ਇਕ ਦੂਜੇ ਦੀਆਂ ਵਿਆਹ ਸ਼ਾਦੀਆਂ ਸ਼ਾਮਲ ਹੁੰਦੇ ਹਾਂ। ਸਾਨੂੰ ਆਪਣੇ ਕਿਸੇ   ਵੀ ਗੁਆਂਢੀ ਤੋਂ ਕੋਈ ਸਮੱਸਿਆ ਨਹੀਂ। ਪਿਛਲੇ ਦੋ ਦਿਨਾਂ ਤੋਂ ਸਿਰਫ ਮੁਸਲਮਾਨਾਂ ਦੀਆਂ ਜ਼ਿੰਦਗੀਆਂ ਹੀ ਪ੍ਰਭਾਵਤ ਨਹੀਂ ਹੋਈਆਂ, ਸਗੋਂ ਦੋਹਾਂ ਧਿਰਾਂ ਨੂੰ ਹੀ ਇਸ ਹਿੰਸਾ ਤੋਂ ਮੁਸੀਬਤ ਹੈ। ’’

‘‘ਜੋ ਹੋਇਆ ਉਸ ਨੂੰ ਅਸੀਂ ਠੀਕ ਨਹੀਂ ਮੰਨਦੇ। ਅਸੀਂ ਚਾਹੁੰਦੇ ਹਾਂ ਕਿ ਦਿੱਲੀ ਪੁਲਿਸ ਇਹ ਪਤਾ ਲਗਾਏ ਕਿ ਇਹ ਕਿਸ ਨੇ ਕੀਤਾ ਹੈ ਅਤੇ ਬਿਨਾਂ ਸ਼ੱਕ ਅਸੀਂ ਚਾਹੁੰਦੇ ਹਾਂ ਕਿ ਕਪਿਲ ਮਿਸ਼ਰਾ ਗਿ੍ਰਫਤਾਰ ਕੀਤਾ ਜਾਵੇ, ਅਤੇ ਸਰਕਾਰ ਉਸ ਨੂੰ ਸਜ਼ਾ ਦੇਣ ਖਾਤਰ ਜੋ ਕਰ ਸਕਦੀ ਹੈ ਉਹ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ।’’

ਅਫਜ਼ਲ ਨੇ ਵਾਧਾ ਕੀਤਾ, ‘‘ਤਿੰਨ ਦਿਨ ਹੋ ਗਏ ਦੰਗੇ ਫਸਾਦ ਹੁੰਦਿਆਂ ਨੂੰ , ਜਿੰਨਾਂ   ਦੀ ਜੁੰਮੇਵਾਰੀ ਬਣਦੀ ਸੀ ਉਹਨਾਂ ਸਮੇਂ ਸਿਰ ਕੁੱਝ ਨਹੀਂ ਕੀਤਾ।’’

ਚਾਂਦ ਬਾਗ ਦੀ ਗਲੀ ਨੰ. 2 ’ ਰਹਿੰਦਾ ਇਕ ਹੋਰ ਹਿੰਦੂ ਗੁਆਂਢੀ ਰਾਜ ਗੋਪਾਲ ਮਿਸ਼ਰਾ ਬੋਲ   ਪਿਆ,‘‘ਇੱਥੇ ਰਹਿੰਦਿਆਂ 40 ਸਾਲਾਂ   ’ ਸਾਡਾ ਮੁਸਲਿਮ ਗੁਆਂਢੀਆਂ ਨਾਲ ਇਹੋ ਜਿਹਾ ਭਾਈਚਾਰਾ ਹੈ ਇਉ ਲਗਦੈ ਜਿਵੇਂ ਉਹ ਸਾਡੇ ਆਪਣੇ ਭਰਾ ਹੋਣ।’’ ਇਹ ਵਿਖਾਉਣ ਲਈ ਕਿ ਉਹ ਇੱਕ ਦੂਜੇ ਦੇ ਕਿੰਨੇ   ਨਜ਼ਦੀਕ ਹਨ ਉਹ ਆਪਣੀਆਂ ਦੋ ਛੋਟੀਆਂ ਉਗਲਾਂ ਦੀ ਵਲੇਟਣੀ ਜਿਹੀ ਪਾਉਦਾ ਹੈ।

‘‘ਜੋ ਅਸੀਂ ਅੱਜ ਵੇਖਿਆ, ਉਹ ਮੈਂ ਆਪਣੀ ਜ਼ਿੰਦਗੀ ਕਦੇ ਨਹੀਂ ਵੇਖਿਆ। ਬਾਕੀ ਸਾਰੇ ਚਾਂਦ ਬਾਗ ਹਾਲਾਤ ਖਰਾਬ ਹੋ ਗਏ ਨੇ ਪਰ ਸਾਡੀ ਕਲੋਨੀ ਸਭ ਠੀਕ ਹੈ। ਸਾਨੂੰ ਕੁੱਝ ਛੋਟੀਆਂ ਮੋਟੀਆਂ ਦਿੱਕਤਾਂ ਤਾਂ ਆਈਆਂ ਨੇ। ਸਾਰਿਆਂ ਨੂੰ ਹੀ ਆਈਆਂ ਨੇ, ਪਰ ਸਾਡੇ ਸਾਰੇ ਮੁਸਲਿਮ ਭਰਾ ਸਾਡੇ ਮੋਢੇ ਨਾਲ ਮੋਢਾ ਲਾਈ ਖੜ੍ਹੇ ਨੇ।’’

ਉਹ ਥੋੜ੍ਹਾ ਜਿਹਾ ਰੁਕਦਾ ਹੈ ਅਤੇ ਉਤਸ਼ਾਹ ਬੋਲਣਾ ਜਾਰੀ ਰੱਖਦਾ ਹੈ, ‘‘ਮੈਨੂੰ ਉਮੀਦ ਹੈ ਕਿ ਆਉਦੇ ਸਮੇਂ ਵੀ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ। ਇਸ ਭਾਈਚਾਰੇ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਜੇ ਸਾਨੂੰ ਆਪਣਾ ਲਹੂ ਵੀ ਦੇਣਾ ਪੈਂਦਾ ਹੈ ਤਾਂ ਇਹ ਸਾਰੇ ਬੱਚੇ ਅਤੇ ਮੈਂ ਆਪਣਾ ਲਹੂ ਦੇਵਾਂਗੇ।’’ ਸਾਰੇ ਤਾੜੀਆਂ ਮਾਰਦੇ ਨੇ!

ਅਫਜ਼ਲ ਦੇ 85ਸਾਲਾ ਬਾਪੂ ਮੁਹੰਮਦ ਯਾਕੂਬ ਨੂੰ ਬਟਵਾਰਾ ਯਾਦ ਜਾਂਦਾ ਹੈ, ‘‘ਜਦੋਂ ਹਿੰਦੂ ਮੁਸਲਿਮ ਆਪਸ ਵਿਚ ਲੜ ਰਹੇ ਸੀ, ਸਾਡੇ ਵਾਲਿਦ (ਪਿਤਾ) ਮੁਹੰਮਦ ਬਿਲਾਲ ਨੇ ਕਿਹਾ ਸੀ, ਆਪਣੇ ਦੋਸਤਾਂ ਨੂੰ ਕਹਿ ਦੇ, ਉਹ ਜਿਹੜੇ ਪਾਕਿਸਤਾਨ ਜਾ ਰਹੇ ਨੇ, ਸਾਡੇ ਵੱਲੋਂ ਅੱਲਾ ਨੂੰ ਸਲਾਮ ਕਰ ਦੇਣ। ਅਸੀਂ ਕਿਸੇ ਵੀ ਹਾਲਤ ਪਾਕਿਸਤਾਨ ਨਹੀਂ ਜਾਵਾਂਗੇ, ਇਹ ਸਾਡਾ ਮੁਲਕ ਹੈ, ਸਾਡੀ ਜੰਮਣ ਭੋਂਇੰ! ਸਾਡੀਆਂ ਦੇਹਾਂ ਇਸ ਥਾਂ ਦੀ ਮਿੱਟੀ ਹੈ ਅਤੇ ਸਾਡੀ ਰੱਤ ਇਸ ਜ਼ਮੀਨ ਡੁੱਲ੍ਹੀ ਹੈ।’’

‘‘ਹਮ ਇਸ ਦੇਸ਼ ਕੇ ਵਫਾਦਾਰ ਹੈਂ, ਔਰ ਇਸ ਦੇਸ਼ ਕੋ ਛੋੜਨਾ ਨਾ ਉਸ ਵਕਤ ਹਮ ਨੇ ਪਸੰਦ ਕੀਆ ਔਰ, ਨਾ ਆਜ ਪਸੰਦ ਕਰੇਂਗੇ ਔਰ ਨਾ ਆਨੇ ਵਾਲੇ ਵਕਤ ਹਮ ਯਹਾਂ ਸੇ ਜਾਨੇ ਕੋ ਪਸੰਦ ਕਰੇਂਗੇ।’’

ਉਸ ਦੇ ਆਲੇ ਦੁਆਲੇ ਬੈਠੇ ਬੰਦੇ ਤਾੜੀਆਂ ਮਾਰਦੇ ਨੇ।

ਉਹ ਕਹਿੰਦਾ ਹੈ, ‘‘ਉਨ੍ਹਾਂ ਦਿਨਾਂ ਇਕ ਨਾਅਰਾ ਲੋਕ ਅਕਸਰ ਲਾਉਦੇ ਸੀ, ਜਿਸ ਦੀ ਗੂੰਜ ਸਾਨੂੰ ਹੁਣ ਵੀ ਸੁਣਾਈ ਦਿੰਦੀ ਹੈ ਅਤੇ ਮੇਰੇ ਕੰਨ ਉਸ ਨਾਅਰੇ ਨੂੰ ਹਰ ਚੋਣਾਂ ਸੁਣਨ ਨੂੰ ਤਿਆਰ ਨੇ। ਇਹ ਇਉ ਸੀ,‘‘ਹਿੰਦੂ ਮੁਸਲਿਮ ਭਾਈ ਭਾਈ-ਔਰ ਯੇ ਤੀਸਰੀ ਕੌਮ ਕਹਾਂ ਸੇ ਆਈ।’’

‘‘ਹਿੰਦੂ ਮੁਸਲਮਾਨ ਤਾਂ ਭਰਾ ਭਰਾ ਹਨ ਪਰ ਇਹ ਤੀਜਾ ਫਿਰਕਾ ਕਿੱਥੋਂ ਗਿਆ ਹੈ।’’ ਉਹ ਬੋਲਣਾ ਜਾਰੀ ਰੱਖਦਾ ਹੈ,‘‘ਮੈਂ ਉਸ ਦਿਨ ਦਾ ਇੰਤਜ਼ਾਰ ਕਰਾਂਗਾ ਜਦੋਂ ਕੋਈ ਚੋਣਾਂ ਆਉਣ ਅਤੇ ਮੈਨੂੰ ਸੁਣਨ ਨੂੰ ਮਿਲੇ,‘‘ਹਿੰਦੂ ਮੁਸਲਿਮ ਭਾਈ ਭਾਈ, ਔਰ ਦੁਨੀਆ ਕੇ ਕੌਮ ਹਮੇਂ ਜੁਦਾ ਨਾ ਕਰ ਪਾਏਂ।’’

‘‘ਹਿੰਦੂ ਅਤੇ ਮੁਸਲਮਾਨ ਭਰਾ ਭਰਾ ਹਨ ਅਤੇ ਸਾਰਾ ਸੰਸਾਰ ਵੀ ਰਲ ਕੇ ਸਾਨੂੰ ਅੱਡ ਅੱਡ ਨਹੀਂ ਕਰ ਸਕਦਾ।’’

ਚਾਂਦ ਬਾਗ ਦੇ ਲੋਕਾਂ ਦੀ ਡੁਲ੍ਹ ਡੁਲ੍ਹ ਪੈਂਦੀ ਮਹਿਮਾਨ ਨਿਵਾਜ਼ੀ ਦਾ ਹੀ ਹਿੱਸਾ ਸੀ ਕਿ ਸਾਡੇ ਨਾਂਹ ਨਾਂਹ ਕਰਦਿਆਂ ਬਦੋ ਬਦੀ ਠੰਢੇ ਦੇ ਗਿਲਾਸ ਸਾਡੇ ਹੱਥਾਂ ਵਿਚ ਫੜਾ ਦਿੱਤੇ ਗਏ। ਜਦੋਂ ਅਸੀਂ ਬਾਹਰ ਨਿੱਕਲੇ ਤਾਂ ਦਰਵਾਜੇ ਤੇ ਖੜ੍ਹੀ ਇਕ ਅੱਲ੍ਹੜ ਜਿਹੀ ਕੁੜੀ   ਬਾਹਰ ਝਾਤੀ ਮਾਰਦਿਆਂ ਸਾਡੇ ਵੱਲ ਵੇਖ ਕੇ ਮੁਸਕੜੀਏਂ ਜਿਹੀ ਹੱਸੀ।

ਮਸਾਂ 5 ਕੁ ਕਿਲੋਮੀਟਰ ਦੀ ਵਿੱਥ ਤੇ ਅਸੀਂ ਮੁਸਤਫਾਬਾਦ ਹੋਏ ਦੰਗਿਆਂ ਦੀ ਸਭ ਤੋਂ ਹੌਲਨਾਕ ਭਿਆਨਕਤਾ ਵੇਖਣ ਜਾਣਾ ਸੀ, ਪਰ ਚਾਂਦ ਬਾਗ ਦੀਆਂ ਇਹਨਾਂ ਗਲੀਆਂ ਚੱਪਾ ਕੁ ਸਕੂਨ ਸੀ। 

(‘‘ ਵਾਇਰ’’ ਦੀ ਇੱਕ ਰਿਪੋਰਟ)

(ਅੰਗਰੇਜ਼ੀ ਤੋਂ ਅਨੁਵਾਦ)

No comments:

Post a Comment