ਨਾਗਰਿਕਤਾ ਹੱਕਾਂ ’ਤੇ ਹਕੂਮਤੀ ਹੱਲੇ ਖਿਲਾਫ਼
ਲੋਕ ਮੋਰਚਾ ਪੰਜਾਬ ਵੱਲੋਂ ਸਰਗਰਮੀ
ਭਾਜਪਾਈ ਹਕੂਮਤ ਵੱਲੋਂ ਨਾਗਰਿਕਤਾ ਕਾਨੂੰਨ ਵਿੱਚ ਸੋਧ ਕੀਤੇ ਜਾਣ ਅਤੇ ਕੌਮੀ ਨਾਗਰਿਕਤਾ ਰਜਿਸਟਰ ਸਾਰੇ ਮੁਲਕ ਸਿਰ ਮੜ੍ਹਨ ਦੇ ਹੰਕਾਰੀ ਐਲਾਨ ਕੀਤੇ ਜਾਣ ਦੇ ਫਿਰਕੂ-ਫਾਸ਼ੀ ਹੱਲੇ ਨੇ, ਲੋਕਾਂ ਖਾਸ ਕਰਕੇ ਮੁਸਲਿਮ ਭਾਈਚਾਰੇ ਦੇ ਮਨਾਂ ਅੰਦਰ ਭਾਜਪਾਈ ਹਕੂਮਤੀ ਫੈਸਲਿਆਂ-ਕਦਮਾਂ ਖਿਲਾਫ਼ ਅਤੇ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਕਰਜ਼ੇ ਤੇ ਬੀਮਾਰੀਆਂ ਕਰਕੇ ਜਮ੍ਹਾਂ ਹੋਏ ਰੋਸ ਦੀ ਦੱਬੀ-ਘੁੱਟੀ ਧੁਖਦੀ ਅੱਗ ਭਬੂਕਾ ਬਣ ਉੱਠਾ ਦਿੱਤੀ। ਇਹ, ਹਕੂਮਤ ਦਾ ਹਿੰਦੂ-ਫਿਰਕਾਪ੍ਰਸਤੀ ਉਭਾਰ ਕੇ ਵੋਟਾਂ ਵਟੋਰਨ, ਲੋਕਾਂ ਦਾ ਮੰਗਾਂ-ਮਸਲਿਆਂ ਦੇ ਹੱਲ ਤੋਂ ਧਿਆਨ ਤਿਲ੍ਹਕਾਉਣ, ਲੋਕਾਂ ਵਿਚ ਫਿਰਕੂ ਪਾਟਕ ਪਾਉਣ ਤੇ ਟਕਰਾਅ ਕਰਵਾਉਣ ਅਤੇ ਮੁਲਕ ਸਿਰ ਹਿੰਦੂ-ਰਾਸ਼ਟਰ ਦਾ ਫਾਸ਼ੀਵਾਦ ਮੜ੍ਹਨ ਦੀ ਮਨਸੂਬਾਬੰਦੀ ਦੇ ਅਗਲੇ ਜਾਬਰ ਕਦਮ-ਵਧਾਰੇ ਵਜੋਂ ਲੈਂਦਿਆਂ ਲੋਕਾਂ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ। 19 ਦਸੰਬਰ ਨੂੰ ਮੁਲਕ ਭਰ ਵਿਚ ਹੋ ਰਹੇ ਰੋਸ ਵਿਖਾਵਿਆਂ ਨਾਲ ਯਕਯਹਿਤੀ ਦਾ ਪ੍ਰਗਟਾਵਾ ਕਰਦਿਆਂ, ਬਠਿੰਡਾ ਇਕਾਈ ਦੀ ਅਗਵਾਈ ਵਿੱਚ ਨੋ ਸੀ.ਏ.ਏ. ਅਤੇ ਨੋ ਐਨ. ਆਰ.ਸੀ. ਦੇ ਬੈਨਰ ਤੇ ਤਖਤੀਆਂ ਲੈ ਕੇ ਲਗਭਗ ਪੌਣੇ ਦੋ ਸੌ ਦੇ ਮੋਰਚੇ ਦੇ ਮੈਂਬਰਾਂ ਤੇ ਸਹਿਯੋਗੀਆਂ ਨੇ ਰੋਸ ਮਾਰਚ ਕੀਤਾ।
ਮੁਲਕ ਦੇ ਉੱਤਰ-ਪੂਰਬ ਖਿੱਤੇ ਦੇ ਸੂਬਿਆਂ ਖਾਸ ਕਰਕੇ ਆਸਾਮ ਤੇ ਤਿ੍ਰਪੁਰਾ ਅੰਦਰ ਇਸ ਕਾਨੂੰਨੀ ਸੋਧ ਖਿਲਾਫ਼ ਲੋਕ-ਰੋਹ ਜਵਾਲਾ ਬਣ ਉਠਿਆ। ਦਿੱਲੀ ਦੇ ਸ਼ਾਹੀਨ ਬਾਗ ਤੇ ਕਈ ਹੋਰ ਸੂਬਿਆਂ ਅੰਦਰ ਮੋਰਚੇ ਲੱਗ ਗਏ। ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਤੇ ਹੋਏ ਨਕਾਬਪੋਸ਼ਾਂ ਦੇ ਹਮਲੇ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਹਕੂਮਤ ਵੱਲੋਂ ਪੁਲਸੀ ਜ਼ੋਰ-ਜਬਰ ਦੇ ਜਾਬਰ ਹੱਲੇ ਮੂਹਰੇ ਝੁਕਣ-ਝਿਪਣ ਦੇ ਉਲਟ ਮੁਸਲਮ ਭਾਈਚਾਰੇ ਦੇ ਲੋਕ ਵਿਸ਼ੇਸ਼ ਕਰਕੇ ਔਰਤਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ-ਵਿਦਿਆਰਥਣਾਂ ਨੇ ਸੰਘਰਸ਼ ਮੋਰਚਿਆਂ ਵਿੱਚ ਆ ਕੇ ਮੋਰਚੇ ਸੰਭਾਲ ਲਏ। ਬੁੱਧੀਜੀਵੀ ਤੇ ਜਮਹੂਰੀ ਹਲਕਿਆਂ ਦੀ ਹਮਾਇਤ ਹਾਸਲ ਕੀਤੀ। ਇਸ ਸਭ ਨੇ ਲੱਗੇ ਮੋਰਚਿਆਂ ਨੂੰ ਤਕੜਾਈ ਪ੍ਰਦਾਨ ਕੀਤੀ। ਭਾਜਪਾ ਦੀ ਫਿਰਕੂ ਪਾਲਾਬੰਦੀ ਦੇ ਪੰਜਾਬ ਅੰਦਰ ਪੈ ਰਹੇ ਅਸਰਾਂ ਨੂੰ ਵੇਖਦਿਆਂ ਲੋਕ-ਲਾਮਬੰਦੀ ਕਰਨ ਹਿੱਤ ਲੋਕ ਚੇਤਨਾ ਮੁਹਿੰਮ ਵਜੋਂ ਸੂਬਾਈ ਪੱਧਰ ’ਤੇ ਦੋ ਵੱਡੀਆਂ ਇੱਕਤਰਤਾਵਾਂ ਕੀਤੀਆਂ ਗਈਆਂ।
ਇੱਕ ਬਰਨਾਲਾ ਵਿਖੇ ਜਿਥੇ ਤਿੰਨ ਕੁ ਸੌ ਕਾਰਕੁੰਨ ਸ਼ਾਮਲ ਹੋਏ ਅਤੇ ਦੂਜੀ ਬਠਿੰਡਾ ਵਿਖੇ, ਜਿਥੇ ਸਾਢੇ ਤਿੰਨ ਸੌ ਕਾਰਕੁੰਨਾਂ ਨੇ ਹਾਜ਼ਰੀ ਭਰੀ ਤੇ ਸ਼ਹਿਰ ਵਿਚ ਮਾਰਚ ਕੀਤਾ। ਇਹਨਾਂ ਇੱਕਤਰਤਾਵਾਂ ਵਿੱਚ ਮੋਰਚੇ ਦੇ ਸੂਬਾਈ ਬੁਲਾਰਿਆਂ ਨੇ ਬੋਲਦਿਆਂ ਇਸ ਕਾਨੂੰਨ ਨੂੰ, ਨਾਗਰਿਕਤਾ ਰਜਿਸਟਰ ਨੂੰ ਅਤੇ ਕੌਮੀ ਵਸੋਂ ਰਜਿਸਟਰ ਨੂੰ ਸਭਨਾਂ ਪੱਖਾਂ ਤੋਂ ਲੋਕਾਂ ਲਈ ਫਿਰਕੂ-ਫਾਸ਼ੀ ਹੱਲਾ, ਨਵੀਂ ਵਾਧੂ ਦੀ ਖਲਜਗਣ ਤੇ ਖਰਚੇ ਦਾ ਖੂਹ ਦੱਸਿਆ। ਲੋਕਾਂ ਨੂੰ ਇਹਨਾਂ ਦਾ ਵਿਰੋਧ ਕਰਨ ਲਈ ਸੰਘਰਸ਼ ਦਾ ਝੰਡਾ ਬੁਲੰਦ ਕਰਨ ਦਾ ਹੋਕਾ ਦਿੱਤਾ। ਇਹਨਾਂ ਇਕੱਤਰਤਾਵਾਂ ਵਿਚ ਹੇਠਾਂ ਇਲਾਕਿਆਂ ਅੰਦਰ ਹੋਰ ਇਕੱਤਰਤਾਵਾਂ ਕਰਨ ਦਾ ਸੱਦਾ ਦਿੱਤਾ ਗਿਆ, ਜਿਸ ਨੂੰ ਕਿਸਾਨ-ਮਜ਼ਦੂਰ ਘੁਲਾਟੀਆਂ ਵੱਲੋਂ ਭਰਪੂਰ ਹੁੰਗਾਰਾ ਭਰਿਆ ਗਿਆ।
ਹੁੰਗਾਰੇ ਦੇ ਮੱਦੇ ਨਜ਼ਰ, ਬਠਿੰਡਾ ਦੇ ਪਿੰਡ ਭੂੰਦੜ, ਲਹਿਰਾ ਧੂਰਕੋਟ, ਪਿੱਥੋ, ਜਿਉਂਦ, ਕੋਟ ਗੁਰੂ, ਗੰਗਾ, ਰਾਏ ਕੇ ਕਲਾਂ, ਘੁੱਦਾ, ਮਲੂਕਾ, ਲਹਿਰਾ ਮੁਹੱਬਤ, ਮਹਿਮਾ ਭਗਵਾਨਾ, ਖੇਮੂਆਣਾ, ਕੋਠਾ ਗੁਰੂ ਵਿਖੇ ਮੀਟਿੰਗਾਂ ਕਰਵਾਈਆਂ ਗਈਆਂ ਹਨ। ਪਿੰਡ ਜਿਉਂਦ, ਘੁੱਦਾ, ਮਲੂਕਾ, ਲਹਿਰਾ ਮੁਹੱਬਤ ਵਿੱਚ ਮੀਟਿੰਗਾਂ ਕਰਨ ਉਪਰੰਤ ਮਾਰਚ ਕੀਤੇ ਗਏ।
ਮੁਕਤਸਰ ਜਿਲੇ੍ਹ ਅੰਦਰ, ਅਬੋਹਰ, ਬੁੱਟਰ ਸਰੀਂਹ, ਅਬਲੂ, ਲੁਹਾਰਾ ਅਤੇ ਮਲੋਟ ਅੰਦਰ ਵੱਖ ਵੱਖ ਚਾਰ, ਦੋਦਾ ਵਿਖੇ ਦੋ, ਮੰਡੀ ਕਿੱਲਿਆਂਵਾਲੀ ’ਚ ਦੋ, ਲੰਬੀ ’ਚ ਦੋ, ਗਿੱਦੜਬਾਹਾ ’ਚ ਦੋ ਮੀਟਿੰਗਾਂ ਕਰਵਾਈਆਂ ਗਈਆਂ। ਮਲੋਟ ਸਾਹਿਤਕਾਰਾਂ ਦੇ ਅਤੇ ਮੁਕਤਸਰ ਤੇ ਲੰਬੀ ਵਿਚ ਹੜਤਾਲ ਦੌਰਾਨ ਧਰਨੇ ’ਚ ਮੋਰਚੇ ਵੱਲੋਂ ਜਾਰੀ ਹੱਥ ਪਰਚਾ ਵੰਡਿਆ ਗਿਆ। ਮੁਕਤਸਰ ਵਿਖੇ ਮਜ਼ਦੂਰ ਧਰਨੇ ਵਿੱਚ ਅਤੇ ਦੋਦਾ ਵਿਖੇ ਰਿਟਾਇਰਮੈਂਟ ਸਮਾਗਮ ਵਿੱਚ ਭਾਸ਼ਣ ਸਮੇਂ ਇਸ ਮਸਲੇ ਨੂੰ ਉਭਾਰਿਆ। ਦੋਦਾ ਵਿੱਚ ਮਾਰਚ ਕੀਤਾ ਗਿਆ।
ਬਰਨਾਲਾ ਤੇ ਸੰਗਰੂਰ ਜਿਲ੍ਹੇ ਅੰਦਰ, ਧਨੌਲਾ, ਖੇੜੀ ਸ਼ੇਰਪੁਰ, ਮਹਿਮਦਪੁਰ, ਰਾਜਗੜ੍ਹ, ਗੰਡੇਵਾਲ, ਮਾਲੇਰਕੋਟਲਾ, ਪੰਜਗਰਾਈਂ, ਬਾਪਲਾ, ਟਿੱਬਾ, ਬਦੇਸ਼ਾ, ਖੁੱਡੀ, ਧੌਲਾ, ਛੰਨਾ, ਰੂੜੇ ਕੇ, ਕਾਨ੍ਹਕੇ, ਕਾਲੇਕੇ, ਭੈਣੀ ਜੱਸਾ, ਪੱਖੋ, ਰਾਜੀਆ, ਕੋਟ ਦੁੰਨਾ, ਬਦਰਾ, ਧੂਰਕੋਟ, ਰੰਗੀਆਂ, ਹੇੜੀ ਕੇ, ਹੇੜੀ ਕੇ ਖੁਰਦ, ਬਜਵਾ, ਪੰਜਗਰਾਈਂ, ਬਦੇਸ਼ਾ, ਖੇੜੀ-ਚਹਿਲਾਂ, ਮੂਣਕ, ਨਮੋਲ ਤੇ ਭਗਵਾਨਪੁਰਾ ਪਿੰਡਾਂ ਅੰਦਰ ਮੀਟਿੰਗਾਂ ਤੇ ਦੂਸਰੇ ਗੇੜ ਵਿੱਚ ਰੈਲੀਆਂ ਕੀਤੀਆਂ ਗਈਆਂ।
ਲੁਧਿਆਣਾ ਜਿਲ੍ਹੇ ਦੇ ਸਮਰਾਲਾ, ਰੂਪਨਗਰ, ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ, ਮਾਨਸਾ, ਪਟਿਆਲਾ ਦੇ ਕਾਲਾਝਾੜ ਵਿਖੇ ਮੀਟਿੰਗਾਂ ਹੋਈਆਂ।
ਦੋ ਸੂਬਾਈ ਇਕੱਤਰਤਾਵਾਂ ਵਿੱਚ ਹਾਜ਼ਰ ਹੋਏ 650 ਸਰਗਰਮ ਘੁਲਾਟੀਆਂ ਤੋਂ ਅੱਗੇ ਸਥਾਨਕ ਇਕੱਤਰਤਾਵਾਂ, ਮਾਰਚਾਂ ਤੇ ਰੈਲੀਆਂ ਰਾਹੀਂ ਲੱਗਭਗ 40/42 ਸੌ ਕਾਰਕੁੰਨਾਂ ਨੂੰ ਸੰਬੋਧਤ ਹੋਇਆ ਜਾ ਸਕਿਆ ਹੈ। ਇਹਨਾਂ ਇਕੱਤਰਤਾਵਾਂ ਵਿੱਚ ਕਿਸਾਨਾਂ, ਮਜ਼ਦੂਰਾਂ, ਬਿਜਲੀ ਕਾਮਿਆਂ, ਅਧਿਆਪਕਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਸਾਹਿਤਕਾਰਾਂ, ਤਰਕਸ਼ੀਲਾਂ, ਵੈਟਰਨਰੀ ਡਾਕਟਰਾਂ ਤੇ ਪੇਂਡੂ ਡਾਕਟਰਾਂ ਵਿੱਚੋਂ ਸਰਗਰਮ ਕਾਰਕੁੰਨ ਸ਼ਾਮਲ ਹੋਏ। ਇਹ ਮੀਟਿੰਗਾਂ ਕਈ ਥਾਵਾਂ ਉੱਤੇ ਮੋਰਚੇ ਦੇ ਸੂਬਾ ਕਮੇਟੀ ਮੈਂਬਰਾਂ ਤੇ ਸਥਾਨਕ ਕਮੇਟੀ ਮੈਂਬਰਾਂ ਵੱਲੋਂ ਬੁਲਾਈਆਂ ਗਈਆਂ ਅਤੇ ਕਈ ਮੀਟਿੰਗਾਂ ਕਿਸਾਨਾਂ, ਮਜ਼ਦੂਰਾਂ, ਪੇਂਡੂ ਡਾਕਟਰਾਂ ਤੇ ਵੈਟਰਨਰੀ ਡਾਕਟਰਾਂ ਅੰਦਰਲੇ ਮੋਰਚੇ ਦੇ ਹਿਮਾਇਤੀ ਕਾਰਕੁੰਨਾਂ ਵੱਲੋਂ ਸੱਦਵਾਈਆਂ ਗਈਆਂ। ਇਹ ਮੀਟਿੰਗਾਂ ਸੂਬਾ ਕਮੇਟੀ ਮੈਂਬਰਾਂ ਤੋਂ ਇਲਾਵਾ ਸਥਾਨਕ ਮੈਂਬਰਾਂ ਨੇ ਵੀ ਕਰਵਾਈਆਂ ਹਨ।
ਇਥੇ ਚੱਲ ਰਹੀ ਸਰਗਰਮੀ ਦੌਰਾਨ 15 ਜਨਵਰੀ ਨੂੰ ਸੂਬਾ ਕਮੇਟੀ ਦੀ ਅਗਵਾਈ ਵਿੱਚ ਇੱਕ ਵਫਦ, ਇਸ ਮੁੱਦੇ ’ਤੇ ਜਵਾਹਰ ਲਾਲ ਨਹਿਰੂ ਤੇ ਜਾਮੀਆ ਯੂਨੀਵਰਸਿਟੀਆਂ ਅਤੇ ਸ਼ਾਹੀਨ ਬਾਗ ਦੇ ਚੱਲ ਰਹੇ ਸੰਘਰਸ਼-ਮੋਰਚਿਆਂ ਨਾਲ ਪੰਜਾਬ ਅੰਦਰ ਹੋ ਰਹੀ ਸਰਗਰਮੀ ਦੀ ਸਾਂਝ ਪਾਉਣ ਲਈ ਦਿੱਲੀ ਗਿਆ। ਜੇ. ਐਨ. ਯੂ. ਦੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਦੀ ਸਾਂਝੀ ਇਕੱਤਰਤਾ ਵਿੱਚ ਭਾਜਪਾਈ ਹਕੂਮਤ ਦੇ ਘੱਟ ਗਿਣਤੀ ਫਿਰਕਿਆਂ, ਗਰੀਬਾਂ ਤੇ ਦਲਿਤਾਂ ਵਿਰੁੱਧ ਵਿੱਢੇ ਫਿਰਕੂ-ਫਾਸ਼ੀ ਅਜੰਡੇ ਦੀ ਪਾਜ ਉਘੜਾਈ ਕੀਤੀ ਗਈ ਅਤੇ ਮੋਰਚੇ ਦੀ ਸਮਝ-ਸਿਆਸਤ ਉਭਾਰੀ ਗਈ। ਯੂਨੀਵਰਸਿਟੀ ਦੀਆਂ ਫੀਸਾਂ ਵਿਚ ਕੀਤਾ ਅੰਨ੍ਹਾਂ ਵਾਧਾ, ਆਰ. ਐਸ. ਐਸ. ਤੇ ਭਾਜਪਾ ਦੇ ਗੁੰਡਾ-ਗੈਂਗ ਵੱਲੋਂ ਕੀਤਾ ਹਮਲਾ ਅਤੇ ਇਸ ਨਾਗਰਿਕਤਾ ਦੇ ਮੁੱਦੇ ਖਿਲਾਫ਼ ਚੱਲ ਰਹੇ ਵਿਦਿਆਰਥੀ ਸੰਘਰਸ਼ ਦੀ ਵਜ਼ਾਹਤ ਅਤੇ ਫੀਸਾਂ ਘਟਾਉਣ ਤੇ ਗੁੰਡਿਆਂ ਦੀ ਗਿ੍ਰਫਤਾਰੀ ਦੀ ਮੰਗ ਕੀਤੀ ਗਈ।
ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨਾਲ ਲੰਮੀ ਗੱਲਬਾਤ ਕੀਤੀ ਗਈ। ਗੱਲਬਾਤ ਦਾ ਸਰੋਕਾਰ ਲੋਕ ਮੋਰਚਾ ਅਤੇ ਇਹ ਨਾਗਰਿਕਤਾ ਦਾ ਮੁੱਦਾ ਰਿਹਾ। ਯੂਨੀਵਰਸਿਟੀ ਦੇ ਗੇਟ ’ਤੇ ਚੱਲ ਰਹੇ ਵਿਦਿਆਰਥੀ ਧਰਨੇ ਵਿਚ ਸ਼ਾਮਲ ਹੋਏ ਅਤੇ ਧਰਨੇ ਦੀ ਹਿਮਾਇਤ ਕਰਦਿਆਂ ਇਥੇ ਪੁਲਸ ਦੀ ਹਾਜ਼ਰੀ ਵਿੱਚ ਆਰ. ਐਸ. ਐਸ. ਤੇ ਭਾਜਪਾ ਦੇ ਗੁੰਡਿਆਂ ਵੱਲੋਂ ਕੀਤੀ ਗੁੰਡਾਗਰਦੀ ਦੀ ਨਿਖੇਧੀ ਅਤੇ ਗੁੰਡਿਆਂ ਦੀ ਗਿ੍ਰਫਤਾਰੀ ਦੀ ਮੰਗ ਕੀਤੀ ਗਈ ਅਤੇ ਨਾਗਰਿਕਤਾ ਦੇ ਮੁੱਦੇ ’ਤੇ ਸੰਘਰਸ਼ ਦਾ ਮਹੱਤਵ ਉਭਾਰਿਆ ਗਿਆ। ਇਥੇ ਵਿਦਿਆਰਥੀਆਂ ਤੇ ਬੁੱਧੀਜੀਵੀਆਂ ਦੇ ਸੰਘਰਸ਼ੀ ਰੋਲ ਨੂੰ ਸਮਾਜਿਕ ਤਬਦੀਲੀ ਦੇ ਪ੍ਰਸੰਗ ’ਚ ਵੇਖਦਿਆਂ ਦਾਦ ਦਿੱਤੀ ਗਈ।
ਸ਼ਾਹੀਨ ਬਾਗ ਸੰਘਰਸ਼-ਮੋਰਚੇ ਦੀ ਸਟੇਜ਼ ਤੋਂ ਮੋਰਚੇ ਦੇ ਬੁਲਾਰੇ ਨੇ ਬੋਲਦਿਆਂ ਇਸ ਮੋਰਚੇ ਵਿਚ ਔਰਤਾਂ ਦੀ ਵੱਧਵੀਂ ਸ਼ਮੂਲੀਅਤ ਨੂੰ ਸਮਾਜ ਦਾ ਭਲਾ ਚਾਹੁੰਦੇ ਲੋਕਾਂ ਲਈ ਇੱਕ ਸ਼ੁਭ ਸ਼ਗਨ ਵਜੋਂ ਉਚਿਆਇਆ। ਨਾਗਰਿਕਤਾ ਦਾ ਮੁੱਦਾ ਉਛਾਲਣ ਪਿੱਛੇ ਭਾਜਪਾ ਤੇ ਆਰ. ਐਸ. ਐਸ. ਦੀ ਲੋਕ ਦੋਖੀ ਸਿਆਸਤ ਬੇਨਕਾਬ ਕੀਤੀ ਗਈ। ਇਸ ਮੋਰਚੇ ਨੂੰ ਪੰਜਾਬ ਅੰਦਰ ਪ੍ਰਚਾਰਨ ਤੇ ਇਸ ਦੀ ਹਮਾਇਤ ਜੁਟਾਉਣ ਦਾ ਵਿਸਵਾਸ਼ ਦੁਆਇਆ ਗਿਆ।
ਦਿੱਲੀ ਜਾਣ ਨਾਲ ਜਿਥੇ, ਉਥੇ ਚੱਲ ਰਹੇ ਸੰਘਰਸ਼-ਮੋਰਚਿਆਂ ਦੀ ਸਟੇਜ ਤੋਂ ਵਾਰ ਵਾਰ ਬਲ ਮਿਲਣ ਦੇ ਬੋਲ ਗੂੰਜ ਉੱਠਦੇ ਰਹੇ ਹਨ, ਉਥੇ ਉਤਸ਼ਾਹ ਤੇ ਭਰੋਸੇ ਦਾ ਆਦਾਨ-ਪ੍ਰਦਾਨ ਵੀ ਖੂਬ ਹੋਇਆ। ਗੁੰਡਿਆਂ ਵੱਲੋਂ ਤੋੜੀ ਬਾਂਹ ਤੇ ਪਾੜੇ ਮੱਥੇ ਵਾਲੀ ਆਇਸ਼ੀ ਘੋਸ਼ ਵੱਲੋਂ ਲਵਾਏ ਨਾਹਰੇ ਤੇ ਕੀਤੇ ਭਾਸ਼ਣ ਨੇ, ਵਿਦਿਆਰਥੀਆਂ ਤੇ ਔਰਤਾਂ ਦੀ ਆਗੂ ਭੂਮਿਕਾ ਨੇ ਉਤਸ਼ਾਹ ਵਧਾਇਆ। ਇਥੇ ਆ ਕੇ ਕੀਤੀ ਰਿਪੋਰਟਿੰਗ ਨੇ ਕੁੱਲ ਮੈਂਬਰਸ਼ਿਪ ਦੀ ਸਰਗਰਮੀ ਨੂੰ ਦੂਣ-ਸਵਾਇਆ ਕਰਨ ਵਿੱਚ ਹਿੱਸਾ ਪਾਇਆ ਹੈ। ਇਥੇ ਕੀਤੀ ਜਾਣ ਵਾਲੀ ਹਰ ਸਰਗਰਮੀ, ਸ਼ਾਹੀਨ ਬਾਗ ਮੋਰਚੇ ਦਾ ਜ਼ਿਕਰ ਕੀਤੇ ਬਿਨਾਂ ਅਧੂਰੀ ਰਹਿ ਗਈ ਜਾਪਣ ਲੱਗ ਪੈਂਦੀ ਹੈ।
14 ਜਨਤਕ ਜਥੇਬੰਦੀਆਂ ਵੱਲੋਂ ਮਾਲੇਰਕੋਟਲਾ ਵਿੱਚ ਰੱਖੀ ਸੂਬਾਈ ਰੈਲੀ ਤੇ ਮਗਰੋਂ ਜਿਲ੍ਹਿਆਂ ਅੰਦਰ ਕੀਤੇ ਮਾਰਚਾਂ ਦੀ ਡਟਵੀਂ ਹਮਾਇਤ ਤੇ ਸ਼ਮੂਲੀਅਤ ਕੀਤੀ ਗਈ। ਬਠਿੰਡਾ ਮਸਜਿਦ ਵਿਚ ਮੀਟਿੰਗ ਕਰਵਾਈ ਗਈ, ਜਿਥੋਂ ਇੱਕ ਬੱਸ ਮਾਲੇਰਕੋਟਲਾ ਰੈਲੀ ਵਿਚ ਸ਼ਾਮਲ ਹੋਈ। ਇੱਕ ਬੱਸ ਸ਼ਹਿਰ ਵਿਚੋਂ ਤੋਰੀ।
ਸਾਰੀਆਂ ਮੀਟਿੰਗਾਂ ਦੇ ਹਾਜ਼ਰ ਕਾਰਕੁੰਨ ਪੂਰੀ ਮੀਟਿੰਗ ਦੌਰਾਨ ਸਰਗਰਮ ਰਹੇ। ਦਿਲਚਸਪੀ ਵਿਖਾਈ। ਕਈ ਮੀਟਿੰਗਾਂ ਅੰਦਰ ਸਰਗਰਮ ਚਰਚਾ ਹੋਈ। ਲਗਭਗ ਹਰ ਮੀਟਿੰਗ ’ਚ ਹਾਜ਼ਰਾਂ ਨੇ ਮੋਰਚੇ ਦੀ ਇਸ ਸਰਗਰਮੀ ਨੂੰ ਲੋੜੀਂਦੀ, ਢੁੱਕਵੀਂ ਤੇ ਗਿਆਨ ਵਧਾਊ ਕਿਹਾ। ਕਈ ਮੀਟਿੰਗਾਂ ਵਿਚ ਜਾਣਕਾਰੀ ਹਿੱਤ ਅਤੇ ਅਮਲੀ ਲਾਮਬੰਦੀ ਹਿੱਤ ਪ੍ਰਸ਼ਨਾਂ ’ਤੇ ਚਰਚਾ ਵੀ ਚੱਲੀ। ਚਰਚਾ ਦੌਰਾਨ ਇਸ ਸੰਘਰਸ਼ ਨੂੰ ਹੋਰ ਅਗਾਂਹ ਵਧਾਉਣ ਦੀ ਲੋੜ ਉਭਾਰੀ ਗਈ। ਇਸ ਦਾ ਘੇਰਾ-ਦਾਇਰਾ ਹੋਰ ਵਿਸ਼ਾਲ ਕਰਨ ਦੀ ਗੱਲ ਕੀਤੀ ਗਈ। ਸੰਘਰਸ਼ ਕਰ ਰਹੇ ਸ਼ਹਿਰੀ ਹਿੱਸਿਆਂ ਨੂੰ ਪੇਂਡੂ ਕਿਰਤੀ ਜਮਾਤਾਂ ਨੂੰ ਨਾਲ ਲੈਣ ਦਾ ਮਹੱਤਵ ੳਭਾਰਿਆ ਗਿਆ। ਜਿਥੇ ਕੇਂਦਰੀ ਹਕੂਮਤ ਤੋਂ ਨਾਗਕਿਤਾ ਕਾਨੂੰਨ ਵਿਚ ਕੀਤੀ ਸੋਧ ਵਾਪਸ ਕਰਾਉਣ ਦੀ ਤੇ ਨਾਗਰਿਕਤਾ ਰਜਿਸਟਰ ਸਾਰੇ ਮੁਲਕ ’ਚ ਲਾਗੂ ਕਰਨ ਤੋਂ ਰੋਕਣ ਦੀ ਅਤੇ ਵਸੋਂ ਰਜਿਸਟਰ ਰੱਦ ਕਰਨ ਦੀ ਮੰਗ ਕਰਨੀ ਬਣਦੀ ਹੈ ਉਥੇ ਪੰਜਾਬ ਹਕੂਮਤ ਤੋਂ ਵੀ ਅਪ੍ਰੈਲ ਮਹੀਨੇ ਸ਼ੁਰੂ ਹੋਣ ਵਾਲਾ ਵਸੋਂ ਰਜਿਸਟਰ ਰੋਕੇ ਜਾਣ ਦੀ ਮੰਗ ਕਰਨੀ ਬਣਦੀ ਹੈ। ਇਹਦੇ ਲਈ ਸੰਘਰਸ਼ ਦਾ ਝੰਡਾ ਬੁਲੰਦ ਕਰਨਾ ਬਣਦਾ ਹੈ।
ਹੁਣ ਜਦੋਂ ਇਹਨਾਂ ਚੱਲ ਰਹੇ ਮੋਰਚਿਆਂ ਦੇ ਆਪੇ ਹੰਭ-ਹਫ਼ ਕੇ ਉਠ ਜਾਣ ਬਾਰੇ ਭਾਜਪਾ ਹਕੂਮਤ ਦੇ ਭਰਮ ਦੇ ਟੁੱਟ ਜਾਣ ਅਤੇ ਪੁਲਸੀ ਡਰਾਵਿਆਂ ਤੇ ਅਦਾਲਤੀ ਦਖਲ ਦਾ ਸੰਘਰਸ਼-ਮੋਰਚਿਆਂ ਉੱਤੇ ਕੋਈ ਅਸਰ ਨਾ ਪੈਣ ਬਾਅਦ ਭਾਜਪਾ ਹਕੂਮਤ ਨੇ ਖੁਦ ਵਾਸਤੇ ਅਗਲਾ ਖੂਹ ਪੁੱਟ ਲਿਆ ਹੈ। ਹਿੰਦੂ ਜਨੂੰਨੀ ਭੀੜਾਂ ਦੀਆਂ ਡੋਰਾਂ ਖੋਹਲ ਦਿੱਤੀਆਂ ਹਨ। ਪੁਲਸੀਆ ਪ੍ਰਬੰਧ ਨਾਲ ਤੋਰ ਦਿੱਤਾ ਹੈ। ਹਕੂਮਤੀ ਸਰਪ੍ਰਸਤੀ ਦਾ ਹੱਥ ਸਿਰ ’ਤੇ ਰੱਖ ਦਿੱਤਾ ਹੈ। ਉਹਨਾਂ ਭੀੜਾਂ ਵੱਲੋਂ ਮੁਸਲਿਮ ਭਾਈਚਾਰੇ ਦੇ ਕੀਤੇ ਜਾ ਰਹੇ ਕਤਲੇਆਮ ਤੇ ਉਜਾੜੇ ਨੂੰ ਵੇਖਦਿਆਂ ਅਤੇ ਨਾਗਰਿਕਤਾ ਦੇ ਮੁੱਦੇ ’ਤੇ ਸੰਘਰਸ਼ ਕਰ ਰਹੇ ਲੋਕਾਂ ’ਤੇ ਝਪਟਣ ਦੀਆਂ ਕਸੀਆਂ ਜਾ ਰਹੀਆਂ ਤਿਆਰੀਆਂ ਤੇ ਮਾਰੇ ਜਾ ਰਹੇ ਕਾਤਲੀ ਹੋਕਰਿਆਂ ਦੇ ਮੱਦੇਨਜ਼ਰ ਲੋਕ ਮੋਰਚਾ ਆਪਣੀ ਸਰਗਰਮੀ ਨੂੰ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰੱਖੇਗਾ।
No comments:
Post a Comment