ਫਿਰਕੂ ਭੀੜਾਂ ਤੋਂ ਰਾਖੀ ਲਈ ਡਟੇ ਲੋਕ
ਜਦੋਂ ਉੱਤਰ-ਪੂਰਬੀ ਦਿੱਲੀ ਦੇ ਕਈ ਖੇਤਰਾਂ ’ਚ ਫਿਰਕੂ ਹਿੰਸਾ ਸ਼ੁਰੂ ਹੋਈ ਤਾਂ ਏਥੋਂ ਦੀ ਯਮੁਨਾ ਵਿਹਾਰ ਕਲੋਨੀ ਦੇ ਹਿੰਦੂ, ਸਿੱਖ ਤੇ ਮੁਸਲਿਮ ਬਾਸ਼ਿੰਦੇ ਇਕੱਠੇ ਹੋਏ ਤੇ ਹਿੰਸਕ ਭੀੜਾਂ ਦੇ ਟਾਕਰੇ ਲਈ ਡਟ ਗਏ, ਜਿਹੜੀਆਂ ਨੇੜਲੇ ਇਲਾਕਿਆਂ ’ਚ ਕਾਰਾਂ, ਘਰਾਂ ਤੇ ਦੁਕਾਨਾਂ ਨੂੰ ਤਬਾਹ ਕਰ ਰਹੀਆਂ ਸਨ। ਉਹਨਾਂ ਨੇ ਹਿੰਸਾ ਰੁਕਣ ਮਗਰੋਂ ਵੀ ਆਪਣੀ ਪਹਿਰੇਦਾਰੀ ਸਮਾਪਤ ਨਹੀਂ ਕੀਤੀ। ਯਮੁਨਾ ਵਿਹਾਰ ਕਲੋਨੀ ਦੇ ਬੀ-ਬਲਾਕ ’ਚ ਇਕ ਪਾਸੇ ਹਿੰਦੂ ਬਹੁਗਿਣਤੀ ਵਾਲਾ ਭਜਨਪੁਰਾ ਖੇਤਰ ਹੈ ਤੇ ਦੂਜੇ ਪਾਸੇ ਮੁਸਲਿਮ ਬਹੁ-ਗਿਣਤੀ ਵਾਲਾ ਗੌਂਡਾ ਖੇਤਰ ਹੈ।
ਏਥੇ ਵਸਦੇ ਇਕ ਦੰਦਾਂ ਦੇ ਡਾਕਟਰ ਅਰੀਬ ਨੇ ਦੱਸਿਆ ਕਿ ਇਸ ਖੇਤਰ ’ਚ ਸਾਰੇ ਧਰਮਾਂ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਨਿੱਕਲ ਕੇ ਬੈਠ ਗਏ ਤੇ ਕਿਸੇ ਵੀ ਬਾਹਰਲੇ ਸ਼ੱਕੀ ਵਿਅਕਤੀ ਨਾਲ ਨਜਿੱਠਣ ਲਈ ਚੌਕਸੀ ਰੱਖਣ ਲੱਗੇ। ਉਸ ਨੇ ਦੱਸਿਆ ਕਿ ਦੂਰੋਂ ਹਜੂਮ ਵੱਲੋਂ ਨਾਅਰਿਆਂ ਦੀਆਂ ਆ ਰਹੀਆਂ ਆਵਾਜ਼ਾਂ ਨੇ ਡਰ ਦਾ ਮਾਹੌਲ ਸਿਰਜ ਦਿੱਤਾ ਸੀ ਤੇ ਉਹ ਆਵਾਜ਼ਾਂ ਸਾਡੇ ਇਲਾਕੇ ਵੱਲ ਨੂੰ ਵਧ ਰਹੀਆਂ ਸਨ। ਫਿਰ ਇਹ ਤੈਅ ਹੋਇਆ ਕਿ ਬਾਹਰੋਂ ਆਉਣ ਵਾਲੇ ਮੁਸਲਿਮ ਗਰੁੱਪਾਂ ਨਾਲ ਸਥਾਨਕ ਮੁਸਲਮਾਨ ਤੇ ਹਿੰਦੂ ਜਨੂੰਨੀਆਂ ਨਾਲ ਸਥਾਨਕ ਹਿੰਦੂ ਹੀ ਨਜਿੱਠਣਗੇ। ਇਸ ਲਈ ਵੱਖ ਵੱਖ ਕਾਰੋਬਾਰੀ, ਡਾਕਟਰ ਤੇ ਕਈ ਸਰਕਾਰੀ ਅਫਸਰ ਆਪਸ ’ਚ ਜੁੜ ਕੇ ਆਪਣੇ ਇਲਾਕੇ ਦੀ 24 ਘੰਟੇ ਸੁਰੱਖਿਆ ਕਰਨ ਲੱਗੇ। ਲੋਕਾਂ ਨੇ ਪੁਲਸ ਦੇ ਨਾਂ ਪਹੁੰਚਣ ’ਤੇ ਇਤਰਾਜ਼ ਵੀ ਜਤਾਇਆ ਪਰ ਪੁਲਿਸ ਦੇ ਆ ਜਾਣ ਮਗਰੋਂ ਤਸੱਲੀ ਜ਼ਾਹਰ ਕੀਤੀ।
ਇਕ ਟਰਾਂਸਪੋਰਟ ਕੰਪਨੀ ਚਲਾਉਦੇ ਕਲੋਨੀ ਨਿਵਾਸੀ ਚਰਨਜੀਤ ਸਿੰਘ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਸੀ ਕਿ ਰਾਤ ਨੂੰ ਪਹਿਰੇ ਲਈ ਬਹੁਤ ਵੱਡੀ ਗਿਣਤੀ ਦੇ ਰੁਕਣ ਦੀ ਜ਼ਰੂਰਤ ਨਹੀਂ ਤੇ ਨਾ ਹੀ ਹੱਥਾਂ ’ਚ ਡਾਂਗਾਂ ਤੇ ਰਾਡਾਂ ਦੀ ਜ਼ਰੂਰਤ ਹੈ ਕਿਉਕਿ ਕਿਸੇ ਵੀ ਬਾਹਰੋਂ ਆਉਣ ਵਾਲੇ ਸਾਧਾਰਨ ਵਿਅਕਤੀ ਲਈ ਇਹ ਦਿ੍ਰਸ਼ ਵੀ ਦਹਿਸ਼ਤ ਦਾ ਮਾਹੌਲ ਸਿਰਜਦਾ ਹੈ। 70 ਵਰ੍ਹਿਆਂ ਦੇ ਸ਼੍ਰੀ ਵੀ ਕੇ ਸ਼ਰਮਾ ਨੇ ਕਿਹਾ ਕਿ ਸਾਡੀ ਕਲੋਨੀ ’ਚ ਕਦੇ ਵੀ ਕੋਈ ਫਿਰਕੂ ਤਣਾਅ ਨਹੀਂ ਬਣਿਆ, ਇਹ ਹਾਲਾਤ ਤਾਂ ਬਾਹਰਲੇ ਲੋਕਾਂ ਨੇ ਸਿਰਜੇ ਹਨ।
ਇਕ ਕਾਰੋਬਾਰੀ ਫੈਜਲ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ 3-4 ਅਣਪਛਾਤੇ ਵਿਅਕਤੀਆਂ ਨੇ ਇੱਕ ਕਾਰ ਨੂੰ ਅੱਗ ਲਗਾ ਦਿੱਤੀ ਸੀ ਪਰ ਚੁਕੰਨੇ ਹੋਏ ਲੋਕਾਂ ਨੇ ਉਹਨਾਂ ਦਾ ਪਿੱਛਾ ਕੀਤਾ। ਇਕ ਅਲਾਰਮ ਵਜਾਇਆ ਗਿਆ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਹੋਰ ਕਾਰਾਂ ਨੂੰ ਨੁਕਸਾਨ ਹੋਣੋਂ ਬਚਾਇਆ ਗਿਆ।
ਇਸ ਮਾਹੌਲ ਦੌਰਾਨ ਵੀ ਬਹੁਤ ਸਾਰੇ ਖੇਤਰਾਂ ’ਚ ਲੋਕਾਂ ਦੀ ਭਾਈਚਾਰਕ ਸਾਂਝ ਦੀਆਂ ਤੰਦਾਂ ਕਾਇਮ ਰਹੀਆਂ। ਯਮੁਨਾ ਵਿਹਾਰ ’ਚ ਹੀ ਲੋਕਾਂ ਨੇ ਬਕਾਇਦਾ ਮਨੁੱਖੀ ਕੜੀ ਬਣਾ ਕੇ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਲਾਂਘਾ ਦਿੱਤਾ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਸੀਲਮਪੁਰ ਖੇਤਰ ’ਚ ਦਲਿਤ ਭਾਈਚਾਰੇ ਨੇ ਮੁਸਲਮਾਨ ਆਬਾਦੀ ਵਾਲੇ ਖੇਤਰਾਂ ਵੱਲ ਜਾਂਦੇ ਰਾਹ ਰੋਕ ਕੇ, ਉਨ੍ਹਾਂ ਦੀ ਸੁਰੱਖਿਆ ਦੇ ਇੰਤਜ਼ਾਮ ਕੀਤੇ। ਰਮੇਸ਼ ਪਾਰਕ ਖੇਤਰ ’ਚ ਹਿੰਦੂਆਂ ਤੇ ਸਿੱਖਾਂ ਨੇ ਰਲ ਕੇ ਮੁਸਲਮਾਨ ਭਾਈਚਾਰੇ ਨੂੰ ਉਸ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਤੇ ਫਿਰਕੂ ਦੰਗਾਕਾਰੀਆਂ ਖਿਲਾਫ ਰਲ ਕੇ ਡਟਣ ਦਾ ਐਲਾਨ ਕੀਤਾ। ਲਲਿਤਾ ਪਾਰਕ ਏਰੀਏ ਦੇ ਵਾਸੀਆਂ ਨੇ ਵੀ ਅਜਿਹਾ ਹੀ ਭਰੋਸਾ ਦਿੱਤਾ। ਇਥੋੋਂ ਦੇ ਵਾਤਾਵਰਨ ਪ੍ਰੇਮੀ ਜੁਨੈਦ ਅਹਿਮਦ ਨੇ ਦੱਸਿਆ ਕਿ ਉਸ ਦੇ ਗੁਆਂਢੀ ਹਿੰਦੂ ਉਸ ਦੀ ਰਾਖੀ ਲਈ ਉਸ ਦੇ ਘਰ ਅੱਗੇ ਬੈਠੇ ਰਹੇ। 30 ਘਰਾਂ ’ਚ ਉਹ ਇਕੱਲਾ ਮੁਸਲਮਾਨ ਘਰ ਸੀ। ਇੰਡੀਆ ਟੂਡੇ ਦੀ ਇੱਕ ਰਿਪੋਰਟ ਅਨੁਸਾਰ ਭਾਜਪਾ ਦਾ ਇਕ ਸਥਾਨਕ ਕੌਂਸਲਰ ਵੀ ਇਕ ਮੁਸਲਿਮ ਪਰਿਵਾਰ ਦੀ ਰੱਖਿਆ ਲਈ ਅੱਗੇ ਆਇਆ ਜਿਸ ਪਰਿਵਾਰ ਦੀ ਕਾਰ ਤੇ ਮੋਟਰਸਾਈਕਲ ਨੂੰ ਭੀੜ ਨੇ ਅੱਗ ਲਗਾ ਦਿੱਤੀ ਸੀ।
ਮੌਜਪੁਰ ਦੇ ਬਜਰੰਗ ਬਲੀ ਮੁਹੱਲੇ ’ਚ ਵੀ ਲੋਕ ਇਉਂ ਹੀ ਇਕੱਠੇ ਹੋਏ। ਉਹਨਾਂ ਨੇ ਮੰਦਰ ’ਚ ਇਕੱਠੇ ਹੋਏ ਮੁਸਲਮਾਨਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਡਰਨ ਦੀ ਲੋੜ ਨਹੀਂ, ਇਹ ਉਹਨਾਂ ਦਾ ਹੀ ਮੁਹੱਲਾ ਹੈ। ਇੱਥੇ ਜੁੜੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਬਜਰੰਗ ਦਲ ਨੂੰ ਇੱਕ ਦਹਿਸ਼ਤੀ ਜਥੇਬੰਦੀ ਕਰਾਰ ਦਿੱਤਾ ਤੇ ਕਿਹਾ ਕਿ ਉਹ ਆਪਣੇ ਨਾਪਾਕ ਮਕਸਦਾਂ ਲਈ ਭਗਵਾਨ ਦਾ ਨਾਂ ਵਰਤਦੇ ਹਨ।
No comments:
Post a Comment