Saturday, January 26, 2019

ਕਿਸਾਨ ਆਗੂ ਸਾਥੀ ਸ਼ਿੰਦਰ ਸਿੰਘ ਨੱਥੂਵਾਲਾ ਦੀ ਕਰਨੀ ਨੂੰ ਸੁਰਖ ਸਲਾਮ

ਕਿਸਾਨ ਆਗੂ ਸਾਥੀ ਸ਼ਿੰਦਰ ਸਿੰਘ ਨੱਥੂਵਾਲਾ ਦੀ ਕਰਨੀ ਨੂੰ ਸੁਰਖ ਸਲਾਮ

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸਾਥੀ ਸ਼ਿੰਦਰ ਸਿੰਘ ਨੱਥੂਵਾਲਾ ਦੀਵਾਲੀ ਦੀ ਰਾਤ ਸੰਗਰਾਮੀ ਲੋਕ ਕਾਫਲੇ 'ਚੋਂ ਵਿਛੜ ਗਏ। ਉਹ ਸਵਾ ਸਾਲ ਤੋਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਸਨ ਤੇ ਆਖਰ 'ਚ 13 ਦਿਨ ਵੈਟੀਲੇਟਰ 'ਤੇ ਰਹਿਣ ਮਗਰੋਂ ਮੌਤ ਦੀ ਗੋਦ 'ਚ ਚਲੇ ਗਏ।
ਸਾਥੀ ਸ਼ਿੰਦਰ ਸਿੰਘ ਦਾ ਇਨਕਲਾਬੀ ਲਹਿਰ 'ਚ ਸਫ਼ਰ ਚੜਦੀ ਜਵਾਨੀ 'ਚ ਹੀ ਸ਼ੁਰੂ ਹੋ ਗਿਆ ਸੀ। ਉਹ ਸੱਤਰਵਿਆਂ ਦੇ ਦਹਾਕੇ 'ਚ ਛੂਕਦੀ ਨੌਜਵਾਨ ਵਿਦਿਆਰਥੀ ਲਹਿਰ 'ਚ ਖਿੱਚੇ ਗਏ ਤੇ ਅੰਤ ਇਸ ਕਾਫਲੇ ਦੀਆਂ ਮੋਹਰੀ ਸਫ਼ਾ 'ਚ ਵਿਚਰਦੇ ਰਹੇ। 1980-81 ਦੇ ਬੱਸ ਕਿਰਾਇਆ ਘੋਲ ਤੋਂ ਲੈ ਕੇ ਕਈ ਵੱਡੇ ਜਨਤਕ ਘੋਲਾਂ 'ਚ ਹਿੱਸਾ ਪਾਇਆ ਅਤੇ ਅੰਤਮ ਸਾਹਾਂ ਤੱਕ ਲੋਕ ਘੋਲਾਂ ਨਾਲ ਡੂੰਘੇ ਜੁੜੇ ਰਹੇ। ਉਹਨਾਂ ਕਈ ਜਥੇਬੰਦੀਆਂ 'ਚ ਸਰਗਰਮੀ ਕੀਤੀ। ਉਹ ਇਨਕਲਾਬੀ ਜਥੇਬੰਦੀ ਲੋਕ ਸੰਗਰਾਮ ਮੰਚ ਦੇ ਵੀ ਸੂਬਾ ਕਮੇਟੀ ਮੈਂਬਰ ਰਹੇ। ਸਾਥੀ ਸ਼ਿੰਦਰ ਸਿਘ ਦੇ ਸਮੁੱਚੀ ਜੀਵਨ ਸਰਗਰਮੀ ਇਨਕਲਾਬ ਦੇ ਮਿਸ਼ਨ ਤੋਂ ਪ੍ਰੇਰਿਤ ਰਹੀ। ਉਹ ਲੋਕ ਲਹਿਰ 'ਚ ਇਨਕਲਾਬ ਦੇ ਸਿਪਾਹੀ ਹੋ ਕੇ ਨਿਭੇ। ਉਹਨਾਂ ਲਈ ਕਿਸਾਨਾਂ ਨੂੰ ਜਥੇਬੰਦ ਕਰਨਾ ਮਹਿਜ਼ ਕਿਸਾਨੀ ਤਬਕੇ ਦੀ ਬਿਹਤਰੀ ਦੇ ਸੰਕਲਪ 'ਚੋਂ ਹੀ ਨਿਕਲਦਾ ਕਾਰਜ ਨਹੀਂ ਸੀ ਸਗੋਂ ਮੁਲਕ 'ਚੋਂ ਸਾਮਰਾਜੀਆਂ ਤੇ ਉਹਨਾਂ ਦੇ ਦੇਸੀ ਦਲਾਲਾਂ ਦੇ ਰਾਜ ਦਾ ਫਸਤਾ ਵੱਢਣ ਦੇ ਵੱਡੇ ਕਾਰਜ 'ਚੋਂ ਕਿਸਾਨੀ ਦਾ ਹੋਰਨਾਂ ਮਿਹਨਤਕਸ਼ ਜਮਾਤਾਂ ਨਾਲ ਰਲਕੇ ਬਣਦਾ ਰੋਲ ਸਾਕਾਰ ਕਰਨ ਦੀ ਸੂਝ ਵੀ ਸ਼ਾਮਲ ਸੀ। ਉਹਨਾਂ ਨੇ ਲੋਕ ਲਹਿਰ ਦੇ ਕਿਸੇ ਵੀ ਮੁਹਾਜ਼ 'ਤੇ ਹੁੰਦਿਆਂ ਵੱਖ-ਵੱਖ ਤਬਕਿਆਂ ਦੇ ਸਾਂਝੇ ਸੰਗਰਾਮਾਂ ਦੇ ਝੰਡੇ ਨੂੰ ਬੁਲੰਦ ਕਰਨ ਦਾ ਤਾਣ ਲਾਇਆ। ਬਿਮਾਰੀ ਦੇ ਅਰਸੇ ਦੌਰਾਨ ਵੀ ਉਹਨਾਂ ਨੇ ਜ਼ਿੰਦਗੀ ਲਈ ਡਾਢੀ ਤੜਪ ਦਾ ਪ੍ਰਗਟਾਵਾ ਕੀਤਾ ਤੇ ਮੌਤ 'ਤੇ ਫਤਹਿ ਪਾਉਣ ਲਈ ਜੂਝੇ। ਪਰ ਕਈ ਬਿਮਾਰੀਆਂ ਦੇ ਜੁੜਵੇਂ ਹੱਲੇ ਮੂਹਰੇ ਜ਼ਿੰਦਗੀ ਚਾਹੇ ਹਾਰ ਗਈ ਪਰ ਜਿੰਦਗੀ ਲਈ, ਤੇ ਜ਼ਿੰਦਗੀ ਦੀ ਸ਼ਾਨ ਲਈ ਜੂਝਦੇ ਰਹਿਣ ਦੀ ਤਾਂਘ ਜੇਤੂ ਰਹੀ।
ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਨੱਥੂਵਾਲਾ (ਮੋਗਾ) ਵਿਖੇ ਕੀਤਾ ਗਿਆ। ਉਹਨਾਂ ਨੂੰ ਅੰਤਿਮ ਵਿਦਾਇਗੀ ਵੇਲੇ ਲੋਕ ਲਹਿਰ ਦੀਆਂ ਵੱਖ-ਵੱਖ ਜਥੇਬੰਦੀਆਂ, ਤੇ ਸਖਸ਼ੀਅਤਾਂ ਸਮੇਤ  ਸੈਂਕੜੇ ਲੋਕ ਹਾਜ਼ਰ ਸਨ। 11 ਨਵੰਬਰ ਨੂੰ ਉਹਨਾਂ ਦੀ ਯਾਦ 'ਚ ਹੋਏ ਸ਼ਰਧਾਂਜਲੀ ਸਮਾਗਮ 'ਚ ਵੀ ਵੱਡੀ ਗਿਣਤੀ 'ਚ ਲੋਕ ਜੁੜੇ ਤੇ ਉਹਨਾਂ ਦੀਆਂ ਯਾਦਾਂ ਤੋਂ ਲੈ ਕੇ ਉਹਨਾਂ ਦੇ ਨਿਭਾਏ ਰੋਲ ਤੇ ਘਾਲੀ ਘਾਲਣਾ ਦੀ ਚਰਚਾ ਕੀਤੀ ਗਈ। ਉਹਨਾਂ ਦੇ ਵਿਛੋੜੇ ਨੂੰ ਇਨਕਲਾਬੀ ਜਮਹੂਰੀ ਲਹਿਰ ਲਈ ਘਾਟਾ ਕਰਾਰ ਦਿੱਤਾ ਗਿਆ ਤੇ ਉਹਨਾਂ ਦੇ ਵਿਛੋੜੇ ਦੇ ਘਾਟੇ ਨੂੰ ਇਨਕਲਾਬ ਦੇ ਮਿਸ਼ਨ ਲਈ ਹੋਰ ਵਧੇਰੇ ਦ੍ਰਿੜਤਾ ਤੇ ਊਰਜਾ ਨਾਲ ਜੁਟ ਕੇ ਪੂਰਨ ਦਾ ਸੱਦਾ ਦਿੱਤਾ ਗਿਆ। ਉਹਨਾਂ ਦੀ ਅੰਤਿਮ ਇੱਛਾ 'ਤੇ ਫੁੱਲ ਚੜ•ਾਉਂਦਿਆਂ, ਉਹਨਾਂ ਦੀਆਂ ਅਸਥੀਆਂ ਨੂੰ ਹੁਸੈਨੀਵਾਲਾ (ਫਿਰੋਜ਼ਪੁਰ) ਵਿਖੇ ਇਨਕਲਾਬੀ ਨਾਅਰਿਆਂ ਦੀ ਗੂੰਜ ਦਰਮਿਆਨ ਜਲ ਪ੍ਰਵਾਹ ਕੀਤਾ ਗਿਆ।
ਸਾਥੀ ਸ਼ਿੰਦਰ ਸਿੰਘ ਨੱਥੂਵਾਲਾ ਦੇ ਬੇ-ਵਕਤ ਵਿਛੋੜੇ ਮੌਕੇ ਅਦਾਰਾ ਸੁਰਖ ਲੀਹ ਉਹਨਾਂ ਦੀ ਇਨਕਲਾਬੀ ਕਰਨੀ ਨੂੰ ਸਿਜਦਾ ਕਰਦਾ ਹੋਇਆ ਸਰਧਾਂਜਲੀ ਭੇਂਟ ਕਰਦਾ ਹੈ। ਉਹਨਾਂ ਦੇ ਲੋਕ ਇਨਕਲਾਬ ਦੇ ਸੁਪਨੇ ਦੀ ਪੂਰਤੀ ਲਈ ਕਾਫਲੇ ਸੰਗ ਡਟੇ ਰਹਿਣ ਦਾ ਅਹਿਦ ਕਰਦਾ ਹੈ।

No comments:

Post a Comment