ਸਾਮਰਾਜੀ ਛਤਰਛਾਇਆ ਹੇਠ ਪੈਰ ਪਸਾਰ ਰਹੀ
ਭਾਰਤੀ ਜੰਗੀ ਹਥਿਅਰ-ਸਾਜੀ ਸਨੱਅਤ
ਭਾਰਤੀ ਹਾਕਮਾਂ
ਵੱਲੋਂ ਦੁੱਖਾਂ-ਭੁੱਖਾਂ ਨਾਲ ਘੁਲਦੇ ਦੇਸ਼ ਦੇ ਲੋਕਾਂ ਨੂੰ ਆਉਦੇ ਕੁੱਝ
ਹੀ ਸਾਲਾਂ ’ਚ ਭਾਰਤ ਨੂੰ ਦੁਨੀਆਂ ਦੀ ਇਕ ਵੱਡੀ ਸ਼ਕਤੀ ’ਚ ਵਿਕਸਤ ਕਰਨ
ਦੇ ਰੰਗੀਨ ਸੁਪਨੇ ਵਿਖਾਏ ਜਾ ਰਹੇ ਹਨ। ਉਹਨਾਂ ਵੱਲੋਂ
ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੇ ਹਰ ਕਿਸਮ ਦੀ ਸਨਅਤ ਦੀ ਨਿਰਮਾਣ ਸਮਰੱਥਾ ਵਿਕਸਤ ਕਰਕੇ ਤੇ
ਉਸ ਵਿਚ ਵਾਧਾ ਕਰਕੇ ਨਾ ਸਿਰਫ ਭਾਰਤ ਨੂੰ ਇੱਕ ਸਵੈ-ਨਿਰਭਰ ਤੇ ਸ਼ਕਤੀਸ਼ਾਲੀ ਅਰਥਚਾਰੇ ’ਚ ਬਦਲ ਦਿੱਤਾ
ਜਾਵੇਗਾ, ਬਲਕਿ ਭਾਰਤ ਨੂੰ ਦਰਾਮਦਕਾਰੀ ਤੋਂ ਬਰਾਮਦਕਾਰੀ ਮੁਲਕ
’ਚ ਬਦਲ ਦਿੱਤਾ ਜਾਵੇਗਾ। ਇਸੇ ਐਲਾਨੀਆ ਮਨੋਰਥ
ਤਹਿਤ ਹੀ ਲੱਗਭੱਗ ਢਾਈ ਤਿੰਨ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮੇਕ ਇਨ ਇੰਡੀਆ’ ਪੋ੍ਰਗਰਾਮ ਨੂੰ ਧੂਮ-ਧੜੱਕੇ ਨਾਲ ਸ਼ੁਰੂ ਕੀਤਾ ਸੀ। ਭਾਰਤ ਨੂੰ ਇਕ ਵੱਡੀ ਤਾਕਤ ਵਿਕਸਤ ਕਰਨ ਦੀ ਭਾਰਤੀ ਹਾਕਮਾਂ ਦੀ ਲਾਲਸਾ ਮੰਗ
ਕਰਦੀ ਹੈ ਕਿ ਭਾਰਤੀ ਆਰਥਕਤਾ ਦੇ ਸਭਨਾਂ ਖਿੱਤਿਆਂ, ਖੇਤਰਾਂ ਤੇ ਲੋਕ ਹਿੱਸਿਆਂ ਦਾ ਸਮਤੋਲ
ਤੇ ਤੇਜ਼ ਰਫਤਾਰ ਵਿਕਾਸ ਕੀਤਾ ਜਾਵੇ। ਪਰ ਭਾਰਤ ਦੀ ਸਮਾਜੀ-ਆਰਥਕ ਹਕੀਕਤ ਅਤੇ ਪੈਦਾਵਾਰੀ ਸਬੰਧਾਂ ’ਚ ਬੁਨਿਆਦੀ ਤਬਦੀਲੀਆਂ
ਕੀਤੇ ਬਗੈਰ ਅਜਿਹਾ ਵਿਕਾਸ ਸੰਭਵ ਨਹੀਂ। ਇਸ ਲਈ ਆਪਣੀ ਇਸ
ਜਮਾਤੀ ਲਾਲਸਾ ਦੀ ਪੂਰਤੀ ਲਈ ਉਨ੍ਹਾਂ ਦੀ ਮੁੱਖ ਧੁੱਸ ਹੁਣ ਭਾਰਤੀ ਆਰਥਕਤਾ ਦੇ ਬੁਨਿਆਦੀ ਖੇਤਰਾਂ ਅਤੇ
ਭਾਰੀ ਬਹੁ-ਗਿਣਤੀ ਲੋਕਾਂ ਦੇ ਹਿੱਤਾਂ ਦੀ ਬਲੀ ਦੇ ਕੇ ਭਾਰਤ ਨੂੰ
ਇਸ ਖਿੱਤੇ ਅੰਦਰ ਇਕ ਤਾਕਤਵਰ ਫੌਜੀ ਸ਼ਕਤੀ ਤੇ ਧੌਂਸਬਾਜ ਤਾਕਤ ਵਜੋਂ ਉਭਾਰਨ ਵੱਲ ਸੇਧਤ ਹੈ। ਸੋਵੀਅਤ-ਸਮਾਜੀ-ਸਾਮਰਾਜ ਦੇ ਇਕ ਦਿਓ-ਤਾਕਤ ਵਜੋਂ ਪਤਨ ਤੋਂ ਬਾਅਦ ਭਾਰਤੀ ਹਾਕਮ ਜਮਾਤਾਂ ਨੇ ਇਸ ਮੁਲਕ ਦੀ ਹੋਣੀ ਨੂੰ ਪੱਛਮੀ ਸਾਮਰਾਜੀ
ਕੈਂਪ, ਖਾਸ ਕਰਕੇ ਅਮਰੀਕਨ ਸਾਮਰਾਜ ਦੇ ਹਿੱਤਾਂ ਨਾਲ ਨੱਥੀ ਕਰਨ ਦਾ ਰਾਹ ਚੁਣ ਲਿਆ ਸੀ। ਪਿਛਲੀ ਸਦੀ ਦੇ ਆਖਰੀ ਦਹਾਕੇ ਤੋਂ ਚਲਦਾ ਆ ਰਿਹਾ ਇਹ ਅਮਲ ਵਾਜਪਾਈ ਹਕੂਮਤ
ਤੇ ਯੂ ਪੀ ਏ ਦੀਆਂ ਹਕੂਮਤਾਂ ਦੌਰਾਨ ਤੇਜ਼ੀ ਫੜਦਾ ਤੇ ਅੱਗੇ ਵਧਦਾ ਆ ਰਿਹਾ ਸੀ। ਹੁਣ ਭਾਰਤੀ ਹਾਕਮ ਅਮਰੀਕਨ ਸਾਮਰਾਜ ਦੀ ਸੰਸਾਰ ਵਿਆਪੀ ਯੁੱਧਨੀਤਕ ਵਿਉਤ ਦਾ
ਅਟੁੱਟ ਹਿੱਸਾ ਬਣ ਗਏ ਹਨ। ਅਮਰੀਕਾ ਵੀ ਭਾਰਤ
ਨੂੰ ਏਸ਼ੀਅਨ ਉਪ-ਮਹਾਂਦੀਪ ’ਚ ਉਵੇਂ, ਅਮਰੀਕਨ ਸਾਮਰਾਜੀ ਸਰਦਾਰੀ ਹੇਠ ਸਥਾਨਕ ਧੌਂਸਬਾਜ ਤਾਕਤ ਵਜੋਂ ਉਭਾਰਨਾ ਤੇ ਵਰਤਣਾ ਚਾਹੁੰਦਾ
ਹੈ, ਜਿਵੇਂ ਪੱਛਮੀ ਏਸ਼ੀਆ ਦੇ ਖੇਤਰ ’ਚ ਉਸਨੇ ਇਜ਼ਰਾਈਲ
ਤੇ ਸਾਉਦੀ ਅਰਬ ਦੇ ਮਾਮਲੇ ’ਚ ਕੀਤਾ ਹੈ। ਚੀਨ ਤੇ ਰੂਸ, ਵਿਸ਼ੇਸ਼ ਕਰਕੇ ਇਕ ਸ਼ਕਤੀਸ਼ਾਲੀ ਆਰਥਕ
ਤੇ ਫੌਜੀ ਤਾਕਤ ਵਜੋਂ ਉੱਭਰ ਰਹੇ ਚੀਨ ਨੂੰ ਘੇਰ ਕੇ ਰੱਖਣ ਦੀ ਅਮਰੀਕੀ ਰਣਨੀਤੀ ’ਚ ਭਾਰਤ ਦੀ ਵੱਡੀ
ਥਾਂ ਹੈ। ਇਸੇ ਕਰਕੇ ਭਾਰਤ
ਨੂੰ ਇੱਕ ਸ਼ਕਤੀਸ਼ਾਲੀ ਫੌਜੀ ਤਾਕਤ ਵਜੋਂ ਉਭਾਰਨਾ ਅਮਰੀਕਨ ਸਾਮਰਾਜ ਦੀ ਅਹਿਮ ਲੋੜ ਹੈ। ਭਾਰਤੀ ਰਾਜ ਦੇ ਏਸ਼ੀਅਨ ਖਿੱਤੇ ’ਚ ਇੱਕ ਵੱਡੇ ਤੇ
ਭਰੋਸੇਯੋਗ ਸੰਗੀ ਵਜੋਂ ਉਭਰਨ ਕਰਕੇ ਜਿਹੜੇ ਅਮਰੀਕੀ ਹਾਕਮ ਉੱਚ ਤਕਨੀਕ ਵਾਲੇ ਜੰਗੀ ਸਾਜ-ਸਮਾਨ ਨੂੰ ਵੇਚਣ ਵੇਲੇ ਸੌ ਸੌ ਗਿਣਤੀਆਂ-ਮਿਣਤੀਆਂ ਕਰਦੇ ਸਨ,
ਉਹਨਾਂ ਨੇ ਨਾ ਸਿਰਫ ਆਪਣੀ ਕਸਵੀਂ ਮੱਠੀ ਢਿੱਲੀ ਕਰ ਦਿੱਤੀ ਹੈ, ਸਗੋਂ ਉਹ ਭਾਰਤੀ ਹਾਕਮਾਂ ਨੂੰ ਵੱਧ
ਤੋਂ ਵੱਧ ਅਮਰੀਕਨ ਜੰਗੀ ਸਾਜ-ਸਮਾਨ ਖਰੀਦਣ ਲਈ
ਪ੍ਰੇਰਤ ਤੇ ਉਤਸ਼ਾਹਤ ਕਰ ਰਹੇ ਹਨ। ਉਹਨਾਂ ਲਈ ਇਹ
ਨਾਲੇ ਜ ਪੁੰਨ ਨਾਲੇ ਫਲੀਆਂ ਵਾਲੀ ਗੱਲ ਹੈ। ਵਿਕਸਤ ਜੰਗੀ ਸਾਜ-ਸਮਾਨ ਭਾਰਤ ਨੂੰ ਵੇਚ ਕੇ ਉਹ ਆਪਣੀ ਯਾਰੀ ਪੁਗਾਉਣ ਦੇ ਦਾਅਵੇ ਪੁਗਾ ਤੇ ਭਾਰਤੀ ਹਾਕਮਾਂ ’ਤੇ ਅਹਿਸਾਨ ਵੀ
ਜਤਾ ਰਹੇ ਹਨ, ਪਰ ਨਾਲ ਹੀ ਹਥਿਆਰਾਂ ਦੀ ਵੇਚ ਤੋਂ ਮੋਟੀ ਕਮਾਈ ਕਰਕੇ
ਅਮਰੀਕਨ ਅਰਥਚਾਰੇ ਨੂੰ ਸਹਾਈ ਹੋ ਰਹੇ ਹਨ ਅਤੇ ਆਪਣੇ ਸੰਸਾਰ ਵਿਆਪੀ ਯੁੱਧਨੀਤਕ ਹਿੱਤਾਂ ਦੀ ਪਹਿਰੇਦਾਰੀ
ਵੀ ਮਜ਼ਬੂਤ ਕਰ ਰਹੇ ਹਨ। ਪਰ ਅਤਿ-ਅਧੁਨਿਕ ਅਸਤਰਾਂ ਦੀ ਵੇਚ ਤੇ ਵਿਕਸਤ ਤਕਨੀਕ ਦੇ ਤਬਾਦਲੇ ਅਮਰੀਕਨ ਸਾਮਰਾਜੀਏ ਹਾਲੇ ਵੀ ਪੂਰੇ
ਕਠੋਰ ਮਾਪਦੰਡ ਅਪਣਾ ਕੇ ਹੀ ਚੱਲ ਰਹੇ ਹਨ।
ਨਵੀਂ ਰੱਖਿਆ ਉਤਪਾਦਨ
ਨੀਤੀ
22 ਮਾਰਚ
2018 ਨੂੰ ਰੱਖਿਆ ਮੰਤਰਾਲੇ ਵੱਲੋਂ ਰੱਖਿਆ ਨਾਲ ਸਬੰਧਤ ਪੈਦਾਵਾਰ ਨੂੰ ਵਧਾਉਣ ਲਈ
ਨਵੀਂ ਰੱਖਿਆ ਉਤਪਾਦਨ ਨੀਤੀ ਦਾ ਕਾਫੀ ਵੱਡ-ਖਾਹਸ਼ੀ ਖਾਕਾ ਪੇਸ਼ ਕੀਤਾ ਗਿਆ। ਇਸ ਖਾਕੇ ’ਚ ਭਾਰਤ ਨੂੰ ਹਵਾਬਾਜ਼ੀ ਤੇ ਸੈਨਿਕ ਉਤਪਾਦਨ (ਏਅਰੋਸਪੇਸ ਐਂਡ ਡਿਫੈਂਸ ਇੰਡਸਟਰੀ)
ਦੇ ਖੇਤਰ ’ਚ ਦੁਨੀਆਂ ਭਰ ’ਚ ਚੋਟੀ ਦੇ ਪੰਜ
ਮੁਲਕਾਂ ’ਚ ਸ਼ਾਮਲ ਕਰਨ ਦੀ ਗੱਲ ਕੀਤੀ ਗਈ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਾਲ 2025 ਤੱਕ ਭਾਰਤ ਰੱਖਿਆ ਨਾਲ ਸਬੰਧਤ ਮੁੱਖ ਤਕਨੀਕੀ ਖੇਤਰਾਂ ’ਚ ਸਵੈ-ਨਿਰਭਰਤਾ ਹਾਸਲ ਕਰ ਲਵੇਗਾ ਤੇ ਭਾਰਤ ਨੂੰ ਇਕ ਬਰਾਮਦਕਾਰੀ ਮੁਲਕ ਬਣਾ ਦਿੱਤਾ ਜਾਵੇਗਾ। ਇਸ ਅਰਸੇ ਦੌਰਾਨ 70 ਹਜ਼ਾਰ ਕਰੋੜ ਰੁਪਏ ਦਾ ਵਾਧੂ ਨਿਵੇਸ਼
ਕਰਕੇ 170 ਹਜ਼ਾਰ ਕਰੋੜ ਰੁਪਏ ਦੇ ਸੈਨਿਕ ਸਾਜ਼ੋ-ਸਮਾਨ ਤੇ ਸੇਵਾਵਾਂ ਦੀ ਪੈਦਾਵਾਰ ਕਰਨ ਦਾ ਟੀਚਾ ਮਿਥਿਆ ਗਿਆ। ਇਸ ’ਚ ਸਾਲ 2025 ਤੱਕ
35 ਹਜ਼ਾਰ ਕਰੋੜ ਰੁਪਏ ਦੀਆਂ ਸੈਨਿਕ ਸਾਜ਼ੋ-ਸਮਾਨ ਦੀਆਂ ਬਰਾਮਦਾਂ ਦਾ ਟੀਚਾ ਹਾਸਲ ਕਰ ਲਏ
ਜਾਣ ਦੀ ਵੀ ਗੱਲ ਕੀਤੀ ਗਈ ਹੈ।
ਨਵੀਂ ਨੀਤੀ ਤਹਿਤ, ਰੱਖਿਆ ਉਤਪਾਦਨ ਦੇ ਖੇਤਰ ’ਚ, ਪਬਲਿਕ ਸੈਕਟਰ ਦੇ ਅਦਾਰਿਆਂ ਦੀ
ਅਜ਼ਾਰੇਦਾਰੀ ਖਤਮ ਕਰਕੇ ਇਸ ਨੂੰ ਵੱਡੇ ਭਾਰਤੀ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ ਰੱਖਿਆ ਉਤਪਾਦਨ ’ਚ ਲੱਗੀਆਂ ਬਹੁ-ਕੌਮੀ ਕੰਪਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਰੱਖਿਆ ਮੰਤਰਾਲੇ ਨੇ ਯੁੱਧਨੀਤਕ ਭਾਈਵਾਲੀ ਦਾ ਅਜਿਹਾ ਮਾਡਲ (ਖਾਕਾ) ਤਿਆਰ ਕੀਤਾ ਹੈ ਜਿਸ ਤਹਿਤ ਦੇਸ਼ ਵਿਚਲੇ ਚੋਣਵੇਂ ਨਿੱਜੀ
ਅਦਾਰਿਆਂ ਵੱਲੋਂ ਵਿਦੇਸ਼ੀ ਨਿਰਮਾਤਾਵਾਂ ਨਾਲ ਭਾਈਵਾਲੀ ਪਾ ਕੇ ਪਣ-ਡੁਬੀਆਂ
ਲੜਾਕੂ ਜੈੱਟ ਜਹਾਜ਼ ਤੇ ਹੈਲੀਕਾਪਟਰ ਆਦਿਕ ਜਿਹਾ ਸਾਜ਼ੋ-ਸਮਾਨ ਬਣਾਏ ਜਾ ਸਕਣਗੇ। ਇਸ ਨੀਤੀ ’ਚ ਇਸ ਗੱਲ ਦੀ ਵਿਵਸਥਾ ਕੀਤੀ ਗਈ ਹੈ ਕਿ ਜੰਗੀ ਸਾਜ਼ੋ-ਸਮਾਨ ਬਨਾਉਣ ਨਾਲ ਸਬੰਧਤ ਵੱਡੀਆਂ ਭਾਰਤੀ ਕੰਪਨੀਆਂ ਸੰਸਾਰ ਦੀਆਂ ਹਥਿਆਰ ਉਤਪਾਦਨ ਕਰਨ ਵਾਲੀਆਂ
ਮੂਲ ਕੰਪਨੀਆਂ ਨਾਲ, ਇਕ ਪਾਰਦਰਸ਼ੀ ਤੇ ਮੁਕਾਬਲੇਬਾਜੀ ’ਤੇ ਅਧਾਰਤ ਵਿਧੀ
ਰਾਹੀਂ, ਲੰਮੇ ਚਿਰ ਦੀ ਯੁੱਧਨੀਤਕ ਭਾਈਵਾਲੀ ਸਥਾਪਤ ਕਰ ਸਕਣਗੀਆਂ
ਅਤੇ ਉਹਨਾਂ ਨਾਲ ਤਕਨੀਕ ਦੇ ਤਬਾਦਲੇ ਦੇ ਸਮਝੌਤੇ ਕਰਕੇ ਭਾਰਤ ’ਚ ਸਨੱਅਤੀ ਨਿਰਮਾਣ
ਢਾਂਚਾ ਅਤੇ ਸਪਲਾਈ ਲੜੀਆਂ ਵਿਕਸਤ ਕਰ ਸਕਣਗੀਆਂ।
ਭਾਰਤੀ ਰੱਖਿਆ
ਪੈਦਾਵਾਰ-ਕਿੰਨੀ ਕੁ ਸਵਦੇਸ਼ੀ ?
ਇਸ ਗੱਲ ਤੋਂ ਇਨਕਾਰ
ਨਹੀਂ ਕੀਤਾ ਜਾ ਸਕਦਾ ਕਿ ਰੱਖਿਆ ਪੈਦਾਵਾਰ ਨਾਲ ਸਬੰਧਤ ਕੁੱਝ ਕੁ ਸੀਮਤ ਤੇ ਚੋਣਵੇਂ ਖੇਤਰਾਂ ’ਚ ਸਵਦੇਸ਼ੀ ਤਕਨੀਕ
ਦੇ ਵਿਕਾਸ ਪੱਖੋਂ ਭਾਰਤ ਨੇ ਕਾਫੀ ਅਹਿਮ ਪੁਲਾਂਘਾਂ ਪੁੱਟੀਆਂ ਤੇ ਪ੍ਰਾਪਤੀਆਂ ਕੀਤੀਆਂ ਹਨ। ਇਸ ਪੱਖੋਂ ਪੁਲਾੜੀ ਵਾਹਨਾਂ, ਰਾਕਟਾਂ,
ਉਪਗ੍ਰਹਿਆਂ ਅਤੇ ਇਹਨਾਂ ਨੂੰ ਦਾਗਣ ਦੀ ਟੈਕਨਾਲੋਜੀ ਦਾ ਵਿਕਾਸ ਅੱਡ ਅੱਡ ਵਰਗ ਦੀਆਂ
ਮਿਜ਼ਾਈਲਾਂ ਦੀ ਤਿਆਰੀ, ਪ੍ਰਮਾਣੰੂ ੳੂਰਜਾ ਆਦਿਕ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹਨ। ਕਈ ਹੋਰ ਖੇਤਰਾਂ ਜਿਵੇਂ ਲੜਾਕੂ ਹਵਾਈ ਜਹਾਜ਼, ਪ੍ਰਮਾਣੂੰ ਪਣਡੁੱਬੀਆਂ, ਸਮੁੰਦਰੀ ਜਹਾਜ਼ ਨਿਰਮਾਣ, ਟੈਂਕ ਨਿਰਮਾਣ ਆਦਿ ’ਚ ਸਵਦੇਸ਼ੀ ਯੋਗਦਾਨ ਵਧਿਆ ਜ਼ਰੂਰ ਹੈ ਪਰ ਹਾਲੇ ਬਹੁਤ
ਕੁੱਝ ਕਰਨਾ ਬਾਕੀ ਹੈ। ਪਰ ਦੂਜੇ ਪਾਸੇ
ਹਾਲਤ ਇਹ ਹੈ ਕਿ ਅਸੀਂ ਬੁਨਿਆਦੀ ਪੈਦਾਵਾਰ ਦੇ ਖੇਤਰ ’ਚ ਬਹੁਤ ਹੀ ਪਿੱਛੇ
ਹਾਂ। ਅਸੀਂ ਸੈਟੇਲਾਈਟਾਂ
ਤਾਂ ਬਣਾ ਤੇ ਦਾਗ ਰਹੇ ਹਾਂ ਪਰ ਭਾਰਤ ਹਾਲੇ ਫੌਜ ’ਚ ਵਰਤੇ ਜਾਣ ਵਾਲੇ ਬੁਨਿਆਦੀ ਹਥਿਆਰ-ਯਾਨੀ ਕਿ ਰਾਈਫਲ ਲਈ ਵੀ ਪੂਰੀ ਤਰ੍ਹਾਂ ਵਿਦੇਸ਼ਾਂ ਤੋਂ ਬਰਾਮਦਾਂ ’ਤੇ ਨਿਰਭਰ ਹੈ।
ਆਓ, ਝਾਤ ਮਾਰੀਏ ਕਿ ਸਾਡੀਆਂ ਰੱਖਿਆ ਪ੍ਰਣਾਲੀਆਂ, ਜਿਨ੍ਹਾਂ ਨੂੰ ਸਵਦੇਸ਼ੀ
ਕਿਹਾ ਜਾਂਦਾ ਹੈ, ਕਿੰਨੀਆਂ ਕੁ ਸਵਦੇਸ਼ੀ ਹਨ?
ਤੇਜਸ ਲੜਾਕੂ ਹਵਾਈ
ਜਹਾਜ਼-ਜਿਸ ਨੂੰ ਸਵਦੇਸ਼ੀ ਹੋਣ ਦਾ ਸਰਟੀਫਿਕੇਟ ਦਿੱਤਾ ਜਾ ਰਿਹਾ
ਹੈ, ਇਸ ਦੇ ਨਿਰਮਾਣ ’ਚ ਵਰਤਿਆ ਜਾਣ
ਵਾਲਾ ਬਹੁਤ ਹੀ ਅਹਿਮ 40 ਫੀਸਦੀ ਸਮਾਨ ਦਰਾਮਦ ਕੀਤਾ ਜਾ ਰਿਹਾ ਹੈ। ਇਸ ’ਚ ਲਾਇਆ ਜਾਣ ਵਾਲਾ ਜੀ. ਈ. 404 ਇੰਜਣ ਅਮਰੀਕਾ ਦੀ ਬਹੁਕੌਮੀ ਕੰਪਨੀ ਜਨਰਲ ਇਲੈਕਟ੍ਰਿਕ
ਤੋਂ ਦਰਾਮਦ ਕੀਤਾ ਜਾਂਦਾ ਹੈ। ਜਹਾਜ਼ ਨੂੰ ਉਡਾਣ
ਦੌਰਾਨ ਪੇਸ਼ ਆਈ ਐਮਰਜੈਂਸੀ ਦੌਰਾਨ ਪਾਇਲਟ ਨੂੰ ਬਚਾਉਣ ਲਈ ਸੀਟ ਸਣੇ ਬਾਹਰ ਕੱਢਣ ਵਾਲਾ ਇਜੈਕਸ਼ਨ ਸਿਸਟਮ
‘ਮਾਰਟਿਨ ਬੇਕਰ’ ਨਾਂ ਦੀ ਕੰਪਨੀ ਤੋਂ ਦਰਾਮਦ ਕੀਤਾ ਜਾਂਦਾ ਹੈ। ਦਿਸਹੱਦੇ ਤੋਂ ਪਾਰ (ਬੀਯੌਂਡ ਵਿਜ਼ੂਅਲ ਰੇਂਜ)
ਦਾਗੀ ਜਾ ਸਕਣ ਵਾਲੀ ਮਿਜ਼ਾਈਲ-ਪ੍ਰਣਾਕੀ ਆਰ 73
ਈ, ਰੂਸ ਤੋਂ ਅਤੇ ਇਸ ’ਚ ਲੱਗਣ ਵਾਲਾ
ਮਲਟੀ-ਮੋਡ ਰਾਡਾਰ ਇਜ਼ਰਾਈਲ ਦੀ ਕੰਪਨੀ ਐਲਟਾ ਤੋਂ ਮੰਗਵਾਇਆ ਜਾਂਦਾ
ਹੈ।
ਸਵਦੇਸ਼ੀ ਕਹੇ ਜਾਂਦੇ
ਯੁੱਧ ਟੈਂਕ ਅਰਜਨ ਦੇ ਨਿਰਮਾਣ ਲਈ ਵੀ 55 ਫੀਸਦੀ ਸਮਾਨ ਦਰਾਮਦ ਕੀਤਾ ਜਾਂਦਾ ਹੈ। ਲੋੜ ਪੈਣ ’ਤੇ ਜਰੂਰੀ ਕਲਪੁਰਜ਼ਿਆਂ ਦੀ ਪੂਰਤੀ ਵੀ ਕੋਈ ਸੌਖਾ ਕੰਮ
ਨਹੀਂ। ਇਸ ਦਾ ਗੋਲੇ ਦਾਗਣ
ਵਾਲਾ ਕੰਟਰੋਲ ਸਿਸਟਮ ਐਲਵਿਟ ਸਿਸਟਮਜ਼ ਨਾਂ ਦੀ ਇਜ਼ਰਾਈਲੀ ਕੰਪਨੀ ਤੋਂ, ਇਸ ਦਾ ਐਮ. ਟੀ. ਯ.ੂ 838 ਇੰਜਣ ਜਰਮਨੀ ਤੋਂ ਤੇ ਇਉ ਹੀ ਇਸਦਾ ਗੇਅਰ ਬੌਕਸ ਰੈਂਕ ਏ.
ਜੀ. ਵੀ ਉਥੋਂ ਹੀ ਦਰਾਮਦ ਕੀਤਾ ਜਾਂਦਾ ਹੈ।
ਬਰੈਹਮੋਜ਼ ਸੁਪਰਸੌਨਿਕ
ਮਿਜ਼ਾਈਲ, ਜੋ ਬੇਹੱਦ ਸਲਾਹੀ ਜਾਂਦੀ ਹੈ ਅਤੇ ਜਿਹੜੀ ਲਾਇਸੰਸ ਅਧੀਨ
ਭਾਰਤ ’ਚ ਬਣਾਈ ਜਾਂਦੀ ਹੈ, ਉਸ ਦਾ ਬਹਤ, ਯਾਨੀ 65 ਫੀਸਦੀ ਸਮਾਨ
ਬਾਹਰੋਂ ਦਰਾਮਦ ਕੀਤਾ ਜਾਂਦਾ ਹੈ। ਬਹੁਤ ਹੀ ਅਤਿ-ਅਧੁਨਿਕ ਤਕਨੀਕ (ਕਟਿੰਗ ਐੱਜ ਤਕਨਾਲੋਜੀ) ਨਾਲ ਬਣੀ ਹੋਣ ਕਰਕੇ ਇਸ ਦੀ ਦਰਾਮਦ ’ਚ ਨੇੜ-ਭਵਿੱਖ ’ਚ ਕਮੀ ਆਉਣ ਦੀ ਵੀ ਸੰਭਾਵਨਾ ਨਹੀਂ। ਇਸ ਦਾ ਪ੍ਰੋਪੈਲਸ਼ਨ (ਧੱਕਣ ਵਾਲਾ) ਸਿਸਟਮ, ਗਾਈਡੈਂਸ, ਕੰਟਰੋਲ ਤੇ ਟੋਹ-ਲਾੳੂ ਪ੍ਰਣਾਲੀਆਂ ਦਾ ਵੱਡਾ ਦਰਾਮਦੀ ਭਾਗ ਰੂਸ ਤੋਂ ਮੰਗਵਾਇਆ ਜਾਂਦਾ ਹੈ। ਭਾਰਤੀ ਕੰਪਨੀ ਡੀ.ਆਰ.ਡੀ.ਓ. ਤੇ ਰੂਸੀ ਕੰਪਨੀ ਐਨ.ਪੀ.ਓ ਮਸ਼ੀਨੋਸਟਰੋਯੀਨੀਆ ਵੱਲੋਂ ਆਪਸੀ ਭਾਈਵਾਲੀ ਅਧੀਨ ਬਣਾਈ ਕੰਪਨੀ ਵਲੋਂ ਇਸ ਮਿਜ਼ਾਈਲ ਦਾ ਉਤਪਾਦਨ
ਕੀਤਾ ਜਾਂਦਾ ਹੈ।
ਮਿਜ਼ਾਈਲਾਂ- ਲੰਬੀ ਦੂਰੀ ਦੀਆਂ ਧਰਤੀ ਤੋਂ ਆਕਾਸ਼ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੇ ਮਾਮਲੇ ’ਚ , ਇਹਨਾਂ ’ਚ ਲੱਗਣ ਵਾਲਾ 60 ਫੀਸਦੀ ਸਮਾਨ ਇਹਨਾਂ
ਦੇ ਉਤਪਾਦਨ ’ਚ ਹਿੱਸੇਦਾਰ ਬਣੀ ਇਜ਼ਰਾਈਲੀ ਏਅਰ ਸਪੇਸ ਕੰਪਨੀ ਵੱਲੋਂ
ਇਜ਼ਰਾਈਲ ਤੋਂ ਦਰਾਮਦ ਕੀਤਾ ਜਾਂਦਾ ਹੈ। 70 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲੀਆਂ ਇਹ ਮਿਜ਼ਾਈਲਾਂ ਕਈ ਭਾਰਤੀ ਸਮੁੰਦਰੀ ਜੰਗੀ ਜਹਾਜ਼ਾਂ
ਵਿਚ ਬੀੜੀਆਂ ਗਈਆਂ ਹਨ।
ਮਿਜ਼ਾਈਲਾਂ ਦੀ ਸੂਚੀ
’ਚ ਟੈਂਕ-ਤੋੜੂ ਨਾਗ ਨਾਂ ਦੀ ਮਿਜ਼ਾਈਲ ਵੀ ਸ਼ਾਮਲ ਹੈ ਜਿਸ ਦੇ
30 ਫੀਸਦੀ ਹਿੱਸੇ ਪੁਰਜ਼ੇ ਬਾਹਰੋਂ ਦਰਾਮਦ ਕੀਤੇ ਜਾਂਦੇ ਹਨ। ‘‘ਅਗਨੀ’’ ਲੜੀ ਦੀਆਂ ਅੱਡ ਅੱਡ ਮਿਜ਼ਾਈਲਾਂ ’ਚ ਅਤੇ ਇਉ ਹੀ
‘‘ਪ੍ਰਿਥਵੀ’’ ਨਾਂ ਦੀਆਂ ਮਿਜ਼ਾਈਲਾਂ ’ਚ 15 ਫੀਸਦੀ ਪੁਰਜ਼ੇ ਦਰਾਮਦ ਕਰਕੇ ਲਗਾਏ ਜਾਂਦੇ ਹਨ। ਡੀ.ਆਰ.ਡੀ.ਓ ਵੱਲੋਂ ਵਿਕਸਤ ਕੀਤੇ ਟੋਹ-ਲਾੳੂ ਸਿਸਟਮ ਨੂੰ ‘‘ਨਾਗ’’ ਮਿਜ਼ਾਈਲਾਂ ’ਚ ਫਿੱਟ ਕੀਤੇ ਜਾਣ ਤੋਂ ਬਾਅਦ, ਭਾਰਤੀ ਜਲ ਸੈਨਾ ਨੇ ਇਹਨਾਂ ਦੀ ਵਰਤੋਂ ਸਬੰਧੀ ਪ੍ਰਵਾਨਗੀ ਦੇ ਦਿੱਤੀ ਹੈ।
‘‘ਧਰੁਵ’’ ਨਾਂ ਦੇ ਹੈਲੀਕਾਪਟਰਾਂ ਦੀ ਤਾਜ਼ਾ-ਤਾਰੀਨ ਵੰਨਗੀ, ਜੋ ਸਿਆਚਿਨ ਅਪ੍ਰੇਸ਼ਨ ’ਚ ਵਰਤੀ ਜਾ ਰਹੀ ਹੈ, ਇਸ ਦਾ ਇੰਜਣ ਫਰਾਂਸ ਦੀ ਕੰਪਨੀ ਸਨੈਮਕਾ ਤੋਂ ਮੰਗਵਾ ਕੇ ਹਿੰਦੁਸਤਾਨ ਐਰੋਨਾਟੀਕਲ ਲਿਮਿਟਿਡ
ਵੱਲੋਂ ਇਸ ਹੈਲੀਕਾਪਟਰ ਵਿਚ ਲਗਾਇਆ ਜਾ ਰਿਹਾ ਹੈ।
ਭਾਰਤੀ ਜੰਗੀ ਜਹਾਜਾਂ
ਦੇ ਲਗਭਗ ਸਮੁੱਚੇ ਜੰੰਗੀ ਬੇੜੇ ’ਚ ਸ਼ਾਮਲ ਜਿਨ੍ਹਾਂ ਸਮੁੰਦਰੀ ਜਹਾਜ਼ਾਂ ਦਾ ਨਿਰਮਾਣ ਭਾਰਤ
’ਚ ਕੀਤਾ ਜਾ ਰਿਹਾ ਹੈ, ਲਈ ਇੰਜਣ ਬਾਹਰੋਂ ਦਰਾਮਦ ਕਰਕੇ
ਇਹਨਾਂ ’ਚ ਲਗਾਏ ਜਾ ਰਹੇ ਹਨ। ‘‘ਵਿਕਰਾਂਤ’’ ਨਾਂ ਦੇ ਭਾਰਤ ’ਚ ਨਿਰਮਾਣ-ਅਧੀਨ ਸਮੁੰਦਰੀ ਏਅਰ-ਕਰਾਫਟ ਕੈਰੀਅਰ ਦੇ ਡਿਜ਼ਾਇਨ ’ਚ ਇਟਲੀ ਦੀ ਸਮੁੰਦਰੀ ਜਹਾਜਸਾਜ਼ੀ ਕੰਪਨੀ-ਫਿਨਸੈਂਟੀਅਰੀ-ਨੇ ਮਦਦ ਕੀਤੀ ਹੈ। ਇਸਦੀ ਤਿਆਰੀ ’ਚ ਭਾਰਤੀ ਇਸਪਾਤ ਦੀ ਹੀ ਵਰਤੋਂ ਕੀਤੀ ਗਈ ਹੈ। ਇਸ ਦਾ ਇੰਜਣ ਅਮਰੀਕਨ ਕੰਪਨੀ-ਜਨਰਲ ਇਲੈਕਟਰਿਕ-
ਤੋਂ ਦਰਾਮਦ ਕੀਤਾ ਗਿਆ ਹੈ। ‘‘ਸਕੌਰਪੀਅਨ’’ ਨਾਂ ਦੀ ਰਵਾਇਤੀ ਵਰਗ ਦੀ ਪਣਡੁ ੱਬੀ ਫਰਾਂਸੀਸੀ ਕੰਪਨੀ ਨਾਲ ਸਾਂਝ-ਭਿਆਲੀ ਰਾਹੀਂ ਤਿਆਰ ਕੀਤੀ ਜਾ ਰਹੀ ਹੈ। ਸੁਖੋਈ
30 ਐਮ. ਕੇ. ਆਈ. ਨਾਂ ਦੇ ਲੜਕੂ ਹਵਾਈ ਜਹਾਜ਼ਾਂ ਅਤੇ ਟੀ-90 ਟੈਕਾਂ ਜਿਹੇ ਰੂਸੀ ਹਥਿਆਰਾਂ
ਨੂੰ ਲਾਇਸੰਸ ਅਧੀਨ ਇਕ ਸਾਂਝ-ਭਿਆਲੀ ਤਹਿਤ ਭਾਰਤ ’ਚ ਤਿਆਰ ਕੀਤਾ
ਜਾ ਰਿਹਾ ਹੈ।
ਧੜਾ ਧੜ ਕੁੱਦ
ਰਹੀਆਂ ਦੇਸੀ-ਵਿਦੇਸ਼ੀ ਕੰਪਨੀਆਂ
ਰੱਖਿਆ ਉਤਪਾਦਨ
ਦੇ ਖੇਤਰ ’ਚ ਭਾਰਤ ਦੇ ਨਿੱਜੀ ਕਾਰੋਬਾਰਾਂ ਨੂੰ ਦਾਖਲਾ ਦੇਣ ਦੀ ਸ਼¹ਰੂਆਤ ਤਾਂ ਮਨਮੋਹਨ ਸਿੰਘ ਦੇ ਸ਼ਾਸ਼ਨ ਕਾਲ ’ਚ ਹੀ ਆਰੰਭ ਹੋ
ਗਈ ਸੀ। ਹੁਣ ਇਹ ਖੇਤਰ
ਦੇਸੀ ਤੇ ਵਿਦੇਸ਼ੀ ਕਾਰੋਬਾਰਾਂ ਦੇ ਵੱਡੇ ਪੱਧਰ ’ਤੇ ਦਾਖਲੇ ਲਈ ਖੋਲ੍ਹਿਆ ਜਾ ਚੁੱਕਾ ਹੈ। ਭਾਰਤ ਦੇ ਕਈ ਚੋਟੀ ਦੇ ਕਾਰਪੋਰੇਟ ਘਰਾਣੇ ਜਿਵੇਂ ਲਾਰਸਨ ਐਂਡ ਟਿੳੂਬਰੋ, ਟਾਟਾ ਇੰਡਸਟਰੀਜ਼, ਗੋਦਰੇਜ, ਮਹਿੰਦਰਾ,
ਅਡਾਨੀ, ਅੰਬਾਨੀ ਆਦਿਕ ਅਤੇ ਜੰਗੀ ਹਥਿਆਰਸਾਜ਼ੀ ਦੇ ਖੇਤਰ
’ਚ ਧੜਵੈਲ ਕੌਮਾਂਤਰੀ ਕੰਪਨੀਆਂ ਜਿਵੇਂ ਅਮਰੀਕਨ ਕੰਪਨੀ ਬੋਇੰਗ, ਜਨਰਲ ਇਲੈਕਟ੍ਰਿਕ, ਯੂਰਪੀਅਨ ਕੰਪਨੀ ਏਅਰ ਬੱਸ, ਇਜ਼ਰਾਇਲੀ, ਫਰਾਂਸੀਸੀ, ਰੂਸੀ ਤੇ ਹੋਰ
ਕਈ ਮ¹ਲਕਾਂ ਨਾਲ ਸਬੰਧਤ
ਕੰਪਨੀਆਂ ਭਾਰਤੀ ਰੱਖਿਆ ਉਤਪਾਦਨ ਦੇ ਮੋਟੀ ਕਮਾਈ ਵਾਲੇ ਖੇਤਰਾਂ ’ਚ ਕੁੱਦ ਚੁੱਕੀਆਂ
ਹਨ। ਬਦੇਸ਼ੀ ਹਥਿਆਰ
ਕੰਪਨੀਆਂ ਤੇ ਭਾਰਤੀ ਕੰਪਨੀਆਂ ਨੇ ਭਾਈਵਾਲੀ ਵਾਲੇ ਸਾਂਝੇ ਕਾਰੋਬਾਰ ਖੋਲ੍ਹ ਲਏ ਹਨ ਤੇ ਅੱਗੋਂ ਸੈਂਕੜਿਆਂ
ਦੀ ਗਿਣਤੀ ’ਚ ਹਿੱਸੇ ਪੁਰਜ਼ੇ ਤਿਆਰ ਕਰਨ ਵਾਲੇ ਕਾਰੋਬਾਰਾਂ ਦੀਆਂ ਲੜੀਆਂ ਉੱਸਰਨ ਜਾ ਰਹੀਆਂ
ਹਨ।
ਭਾਰਤ ’ਚ ਬਣਾਈ ਪਹਿਲੀ
ਪ੍ਰਮਾਣੂੰ ਪਣਡੱਬੀ ਆਈ.ਐਨ.ਐਸ ਅਰੀਹੰਤ ਦਾ ਡਿਜ਼ਾਇਨ
ਪਬਲਿਕ ਸੈਕਟਰ ਦੀ ਕੰਪਨੀ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਨੇ ਤਿਆਰ ਕੀਤਾ ਸੀ, ਪਰ ਇਸਦੇ ਿੰਜਰ (hull) ਦਾ ਨਿਰਮਾਣ ਐਲ.
ਐਂਡ.ਟੀ ਵੱਲੋਂ ਕੀਤਾ ਗਿਆ ਸੀ। ਹੁਣ ਇਹੀ ਕੰਪਨੀ ਅਗਾਂਹ ਬਣਨ ਵਾਲੇ ਇਸੇ ਤਰ੍ਹਾਂ ਦੇ ਕਈ ਕੰਮਾਂ ਦੇ ਠੇਕੇ
ਲੈ ਚੁੱਕੀ ਹੈ। ਮੁੰਬਈ ਦੀ ਵਾਲ ਚੰਦਨਗਰ ਇੰਡਸਟਰੀਜ਼ ਨੇ ਪ੍ਰਮਾਣੂੰ ਪ੍ਰੋਪਲਸ਼ਨ ਸਿਸਟਮ ਦੇ
ਕਈ ਹੋਰ ਅਹਿਮ ਕਲਪੁਰਜ਼ੇ ਬਣਾਏ ਹਨ। ਇਸ ਸਾਲ ਮਾਰਚ ’ਚ ਹਿਦੁਸਤਾਨ ਐਰੋਨੌਟਿਕਸ ਲਿਮਿਟਿਡ ਨੇ ਤੇਜਸ ਲੜਾਕੂ
ਜਹਾਜ਼ਾਂ ਦੀ ਪੈਦਾਵਾਰ ਵਧਾਉਣ ਲਈ ਇਸਦੀ ਫਿੳੂਜਲੇਜ਼ (ਬਾਡੀ) ਤੇ ਖੰਭਾਂ ਦੇ ਨਿਰਮਾਣ
ਦੇ ਠੇਕੇ ਨਿੱਜੀ ਖੇਤਰ ਦੀਆਂ ਐਲ. ਐਂਡ. ਟੀ.,
ਅਲਫਾ ਟੈਕਲੋ, ਵੱੈਮ ਟੈਕਨਾਲੋਜੀ ਤੇ ਡੀ. ਟੀ. ਐਲ. ਜਿਹੀਆਂ ਕਈ ਕੰਪਨੀਆਂ ਨੂੰ
ਦੇ ਦਿੱਤੇ ਹਨ। ਭਾਰਤ ’ਚ ਰੂਸ ਨਾਲ ਭਾਈਵਾਲੀ ’ਚ ਤਿਆਰ ਕੀਤੀ ਬ੍ਰਹਿਮੋਜ਼ ਮਿਜ਼ਾਈਲ ਦੇ ਕਈ ਕਲ-ਪੁਰਜ਼ੇ ਗੋਦਰੇਜ ਬਣਾ ਕੇ ਦੇ ਰਹੀ
ਹੈ। ਇਸੇ ਤਰ੍ਹਾ ਡੀ. ਆਰ. ਡੀ. ਓ. ਟਾਟਾ ਪਾਵਰ ਤੇ ਭਾਰਤ ਫੋਰਜ ਵੱਲੋਂ ਵਿਕਸਤ ਕੀਤੀ ਏ.ਟੀ.ਏ.ਜੀ.ਐਸ
(ਅਟੈਗਜ਼) ਨਾਂ ਦੀ ਤੋਪ ਅਤੇ ਐਲ. ਐਂਡ. ਟੀ. ਤੇ ਵਿਦੇਸ਼ੀ ਕੰਪਨੀ ਹੈਨਵਾਅ
ਟੈਕਵਿਨ ਵੱਲੋਂ ਬਣਾਈ ਤੋਪ ਵਜਰਾ ਕੇ-9 ਭਾਰਤੀ ਤੋਪਖਾਨੇ ’ਚ ਸ਼ਾਮਲ ਹੋ ਚੁੱਕੀਆਂ ਹਨ। ਅਨੇਕਾਂ ਹੋਰ ਰੱਖਿਆ ਉਤਪਾਦਨ ਅਮਲ ਜਾਰੀ ਹਨ।
ਅਮਰੀਕਾ ਦੀ ਧੜਵੈਲ ਜਹਾਜ਼-ਸਾਜ਼ ਕੰਪਨੀ ਬੋਇੰਗ ਤੇ ਭਾਰਤੀ ਕੰਪਨੀ
ਟਾਟਾ ਵੱਲੋਂ ਏ ਐਲ 64 ਅਪਾਚੇ ਹੈਲੀਕਾਪਟਰ ਦਾ ਫਿੳੂਜ਼ਲੇਜ਼ ਨਿਰਮਾਣ ਕਰਨ ਲਈ
ਸਾਂਝਾ ਕਾਰੋਬਾਰ ਕਾਇਮ ਕੀਤਾ ਗਿਆ ਹੈ। ਅਮਰੀਕਨ ਦਿਓ ਕੰਪਨੀ ਜਨਰਲ ਇਲੈਕਟ੍ਰਿਕ ਤੇ ਟਾਟਾ ਰਲ ਕੇ ਹਵਾਈ ਜਹਾਜ਼ਾਂ ਤੇ
ਵਾਹਨਾਂ ਦੇ ਇੰਜਣਾਂ ਦੇ ਕਲ-ਪੁਰਜ਼ੇ ਬਨਾਉਣ ਲਈ
ਸਾਂਝਾ ਕਾਰੋਬਾਰ ਚਲਾ ਰਹੇ ਹਨ। ਇਹੀ ਅਮਰੀਕਨ ਕੰਪਨੀ ਭਾਰਤੀ ਲੜਾਕੂ ਹਵਾਈ ਜਹਾਜ਼ ਤੇਜਸ ਤੇ ਸ਼ਿਵਾਲਿਕ ਵਰਗ
ਦੇ ਸਮੁੰਦਰੀ ਜਹਾਜ਼ਾਂ ਦੇ ਇੰਜਣ ਵੀ ਸਪਲਾਈ ਕਰਦੀ ਹੈ। ਯੂਰਪ ਦੀ ਹਵਾਈ ਜਹਾਜ਼ ਬਨਾਉਣ ਵਾਲੀ ਧੜਵੈਲ ਕੰਪਨੀ-ਏਅਰ ਬੱਸ ਇੰਡਸਟਰੀਜ਼ ਨੇ ਭਾਰਤ ’ਚ ਕਈ ਪ੍ਰੋਜੈਕਟਾਂ ਦੀ ਤਜਵੀਜ਼ ਪੇਸ਼ ਕੀਤੀ ਹੈ, ਜਿਨ੍ਹਾਂ ਵਿਚ ਸੀ.
295 ਡਬਲਿੳੂ ਸੈਨਿਕ ਟਰਾਂਸਪੋਰਟ ਜਹਾਜ਼ਾਂ ਦੇ ਨਿਰਮਾਣ ਦੀ ਪੇਸ਼ਕਸ਼ ਵੀ ਸ਼ਾਮਲ ਹੈ। ਇਸਨੇ ਭਾਰਤੀ ਫੌਜ ਦੀ ਵਰਤੋਂ ਲਈ ਹੈਲੀਕਾਪਟਰ ਤਿਆਰ ਕਰਨ ਵਾਸਤੇ ਭਾਰਤੀ ਕੰਪਨੀ
ਮਹਿੰਦਰਾ ਡਿਫੈਂਸ ਨਾਲ ਸਾਂਝ-ਭਿਆਲੀ ਪਾਈ ਹੋਈ ਹੈ। ਬੈਂਗਲੂਰੂ ਨੇੜੇ ਤੁਮਕਰ ਵਿਖੇ ਉਸਾਰੀ ਅਧੀਨ ਕਾਰਖਾਨੇ ’ਚ ਐਚ. ਏ. ਐਲ. ਤੇ ਇਕ ਰੂਸੀ ਕੰਪਨੀ ਵਲੋਂ ਰਲ ਕੇ 200 ਰੂਸੀ ਕਾਮੋਵ
226 ਹੈਲੀਕਾਪਟਰ ਬਣਾਏ ਜਾਣੇ ਹਨ। ਵਿਵਾਦਤ ਜਹਾਜ਼ ਰਾਫੇਲ ਬਣਾਉਣ ਵਾਲੀ ਫਰਾਂਸੀਸੀ ਕੰਪਨੀ ਤੇ ਅੰਬਾਨੀਆਂ ਦੀ
ਰਿਲਾਇੰਸ ਵੱਲੋਂ ਸਾਂਝੇ ਕਾਰੋਬਾਰ ਲਈ ਵੀ ਇਕਰਾਰਨਾਮਾ ਹੋ ਚੁੱਕਿਆ ਹੈ। ਅਜਿਹੇ ਹੋਰ ਅਨੇਕ ਪ੍ਰੋਜੈਕਟਾਂ ਦੇ ਨਿਰਮਾਣ ਦਾ ਅਮਲ ਅੱੱਡ ਅੱਡ ਪੱਧਰਾਂ
’ਤੇ ਜਾਰੀ ਹੈ।
ਗੰਭੀਰ ਅਰਥ-ਸੰਭਾਵਨਾਵਾਂ
ਲੁਟੇਰੀਆਂ ਭਾਰਤੀ ਹਾਕਮ ਜਮਾਤਾਂ ਵੱਲੋਂ ਆਪਣੇ ਦੁਰ-ਰਾਜ ਤੋਂ ਲੋਕਾਂ ਦਾ ਧਿਆਨ ਭਟਕਾਉਣ
ਤੇ ਆਪਣੇ ਲੁਟੇਰੇ ਰਾਜ ਦੀ ਉਮਰ ਲੰਬੀ ਕਰਨ ਲਈ ਅਕਸਰ ਹੀ ਦੇਸ਼ ਦੀ ਰੱਖਿਆ ਨੂੰ ਖਤਰੇ ਦਾ ਹੳੂਆ ਖੜ੍ਹਾ
ਕੀਤਾ ਜਾਂਦਾ ਹੈ। ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਤੇ ਜ਼ਿੰਦਗੀਆਂ ਦੀ ਕੀਮਤ ’ਤਾਰ ਕੇ ਅਰਬਾਂ-ਖਰਬਾਂ ਰੁਪਏ ਭਾਰਤੀ ਰਾਜ ਨੂੰ ਸਿਰ
ਤੋਂ ਪੈਰਾਂ ਤੱਕ ਮਾਰੂ ਹਥਿਆਰਾਂ ਨਾਲ ਲੈਸ ਕਰਨ ਲਈ ਪਾਣੀ ਵਾਂਗ ਵਹਾਏ ਜਾਂਦੇ ਹਨ। ਲੋਕ-ਵਿਰੋਧੀ ਭਾਰਤੀ ਹਾਕਮਾਂ
ਦੀ ਇਹ ਹਥਿਆਰਬੰਦੀ ਉਹਨਾਂ ਦੇ ਆਪਣੇ ਹਿੱਤਾਂ ਤੋਂ ਇਲਾਵਾ ਉਹਨਾਂ ਦੇ ਸਾਮਰਾਜੀ ਪ੍ਰਭੂਆਂ ਦੇ ਹਿੱਤਾਂ
ਦੀ ਵੀ ਪੂਰਤੀ ਕਰਦੀ ਹੈ। ਇਹ ਹਥਿਆਰਬੰਦੀ ਸਾਮਰਾਜੀ ਯ¹ੱਧਨੀਤਕ ਵਿਉਤ ਨੂੰ ਅੱਗੇ ਵਧਾਉਣ, ਸਾਮਰਾਜੀ ਮੁਲਕਾਂ ਦੀ ਹਥਿਆਰ ਸਨੱਅਤ
ਨੂੰ ਚਲਦਾ ਰੱਖਣ ਤੇ ਉਹਨਾਂ ਦੀ ਆਰਥਕਤਾ ਨੂੰ ਸਹਾਰਾ ਦੇਣ ਦਾ ਅਹਿਮ ਸਰੋਤ ਬਣਦੀ ਹੈ। ਇਸ ਦੀਆਂ ਹੋਰ ਵੀ ਕਈ ਗੰਭੀਰ ਅਰਥ-ਸੰਭਾਵਨਾਵਾਂ ਬਣਦੀਆਂ ਹਨ ਜਿਨ੍ਹਾਂ ਤੇ ਡੂੰਘਾ ਗੌਰ-ਫਿਕਰ ਕਰਨ ਦੀ ਜ਼ਰੂਰਤ ਹੈ।
ਪਹਿਲੀ ਗੱਲ, ਅਕਸਰ ਇਹ ਦੇਖਣ ਵਿਚ ਆਉਦਾ ਹੈ ਕਿ ਬਦੇਸ਼ੀ ਸਾਮਰਾਜੀ ਕੰਪਨੀਆਂ
ਅਹਿਮ ਤਕਨੀਕੀ ਜਾਣਕਾਰੀ ਹੋਰਨਾਂ ਮ¹ਲਕਾਂ ’ਚ ਆਪਣੇ ਭਿਆਲਾਂ ਨੂੰ ਤਬਦੀਲ ਨਹੀਂ ਕਰਦੀਆਂ ਜਾਂ ਪੂਰੀ
ਤਰ੍ਹਾਂ ਤਬਦੀਲ ਨਹੀਂ ਕਰਦੀਆਂ। ਉਹ ਕਈ ਅਹਿਮ ਕਲ-ਪੁਰਜ਼ਿਆਂ ਨੂੰ ਜਾਂ ਆਪਣੇ ਮੂਲ ਕਾਰਖਾਨਿਆਂ ’ਚੋਂ ਹੀ ਮੰਗਵਾਉਦੀਆਂ ਹਨ ਜਾਂ ਉਹਨਾਂ ਦੇ ਨਿਰਮਾਣ ਦਾ
ਪੂਰਨ ਕੰਟਰੋਲ ਆਪਣੇ ਕੋਲ ਰਖਦੀਆਂ ਹਨ। ਇਸ ਸਬੰਧ ’ਚ ਭਾਰਤ ਨਾਲ ਤਕਨੀਕ ਤਬਾਦਲੇ ਦੇ ਹੋਏ ਕਈ ਸਮਝੌਤਿਆਂ
ਦੇ ਕੀਤੇ ਆਡਿਟ ਨੇ ਪੁਸ਼ਟੀ ਕੀਤੀ ਹੈ। ਅਜਿਹੀ ਹਾਲਤ ’ਚ ਨਿਰਵਿਘਨ ਉਤਪਾਦਨ ਲਈ ਸਾਮਰਾਜੀ ਮੁਲਕਾਂ ’ਤੇ ਟੇਕ ਬਣੀ ਰਹਿੰਦੀ ਹੈ ਤੇ ਉਹਨਾਂ ਦੀਆਂ ਸ਼ਰਤਾਂ ਪ੍ਰਵਾਨ
ਕਰਨੀਆਂ ਪੈਂਦੀਆਂ ਹਨ। ਐਟਮੀ ਪਲਾਂਟਾਂ ਨੂੰ ਬਾਲਣ ਸਪਲਾਈ ਦਾ ਮਸਲਾ ਇਸਦੀ ਬਹੁ-ਚਰਚਿਤ ਉਦਾਹਰਣ ਹੈ। ਇਸ ਲਈ ਵੇਲੇ ਵੇਲੇ ਇਸ ਦੀ ਸੋਘਵੀਂ ਵਰਤੋਂ ਕਰਦਿਆਂ, ਭਾਰਤ ਅੰਦਰ ਢੁੱਕਵੀਂ ਸਨੱਅਤੀ ਤਕਨੀਕ
ਵਿਕਸਤ ਕਰਨ ਵੱਲ ਧਿਆਨ ਦੇਣ ਤੇ ਲਗਾਤਾਰ ਜ਼ੋਰ ਦਿੰਦੇ ਰਹਿਣਾ ਚਾਹੀਦਾ ਹੈ।
ਦੂਜੀ ਗੱਲ, ਮੁਨਾਫੇ ਦੇ ਹਿਰਸੀ ਪੂੰਜੀਪਤ ਘਰਾਣਿਆਂ, ਖਾਸ ਕਰਕੇ ਬਦੇਸ਼ੀ ਸਾਮਰਾਜੀ ਕੰਪਨੀਆਂ ਦੇ, ਭਾਰਤ ਦੇ ਰੱਖਿਆ ਖੇਤਰ
’ਚ ਦਾਖਲੇ ਨਾਲ ਭਾਰਤ ਦੀ ਸ¹ਰੱਖਿਆ ਨੂੰ ਸੰਨ੍ਹ ਲੱਗਣ ਪੱਖੋਂ ਹਾਲਤ ਹਮੇਸ਼ਾ ਖਤਰੇ-ਮੂੰਹ ਵਾਲੀ ਰਹੇਗੀ। ਵਿਦੇਸ਼ੀ ਮੁਲਕਾਂ ਦੀਆਂ ਸੂਹੀਆ ਏਜੰਸੀਆਂ ਨੂੰ ਅਹਿਮ ਜਾਣਕਾਰੀ ਇਕੱਤਰ ਕਰਨ
ਤੇ ਘੁਸਪੈਂਠ ਕਰਨ ਲਈ ਹਾਲਤ ਲਾਹੇਵੰਦੀ ਰਹੇਗੀ।
ਤੀਜੀ ਗੱਲ, ਨਿੱਜੀ ਕਾਰੋਬਾਰੀਆਂ ਦੇ ਜੰਗੀ ਸਾਜ਼-ਸਮਾਨ ਤਿਆਰ ਕਰਨ ਦੇ ਖੇਤਰ ’ਚ ਦਾਖਲ ਹੋ ਜਾਣ ਨਾਲ ਹੌਲੀ ਹੌਲੀ ਇਕ ਸ਼ਕਤੀਸ਼ਾਲੀ ਹਥਿਆਰ
ਲਾਬੀ ੳੱਭਰ ਸਕਦੀ ਹੈ। (ਅਮਰੀਕਾ ਅਜਿਹੀ ਸ਼ਕਤੀਸ਼ਾਲੀ ਲਾਬੀ
ਦੀ ਉੱਘੀ ਉਦਾਹਰਣ ਹੈ) ਜਿਸ ਵੱਲੋਂ ਭਾਰੀ ਮੁਨਾਫੇ ਵਾਲੇ ਆਪਣੇ ਕਾਰੋਬਾਰ
ਨੂੰ ਚਲਦਾ ਰੱਖਣ ਲਈ ਹਮੇਸ਼ਾ ਤਣਾਅ ਅਤੇ ਜੰਗ ਵਾਲਾ ਮਹੌਲ ਬਣਾ ਕੇ ਰੱਖਣ ਦੀਆਂ ਸਾਜਿਸ਼ਾਂ ਤੇ ਇਉ ਸਰਕਾਰੀ
ਨੀਤੀ ਨੂੰ ਇਸ ਰੁਖ਼ ਪ੍ਰਭਾਵਤ ਕਰਦੇ ਰਹਿਣ ਦੀਆਂ ਸੰਭਾਵਨਾਵਾਂ ਹਨ, ਆਦਿਕ
ਆਦਿਕ ।
ਸਾਡੇ ਵਰਗੇ ਗਰੀਬ ਮੁਲਕ ’ਚ ਜਿੱਥੇ ਵਸੋਂ ਦਾ ਇਕ ਬਹੁਤ ਵੱਡਾ ਹਿੱਸਾ ਬੁਨਿਆਦੀ
ਜਰੂਰਤਾਂ ਦੀ ਪੂਰਤੀ ਤੋਂ ਵੀ ਵਾਂਝਾ ਹੈ, ਸਾਧਨਾਂ
ਦਾ ਵੱਡਾ ਹਿੱਸਾ ਅਜਿਹੀ ਹਥਿਆਰਬੰਦੀ ’ਤੇ ਵਹਾਉਣਾ ਉੱਕਾ ਹੀ ਅਣ-ਉਚਿੱਤ ਹੈ। ਮੌਜੂਦਾ ਭਾਰਤੀ ਹੁਕਮਰਾਨ, ਵਿਸ਼ੇਸ਼ ਤੌਰ ’ਤੇ ਫਿਰਕੂ ਜੰਗੀ ਜਨੂੰਨ ਭੜਕਾਉਣ ਨੂੰ ਇਕ ਸਿਆਸੀ ਹਥਿਆਰ
ਦੇ ਤੌਰ ’ਤੇ ਵੱਡੀ ਪੱਧਰ ’ਤੇ ਵਰਤ ਰਹੇ ਹਨ। ਇਸ ਲਈ ਚੇਤੰਨ ਤੇ ਸੂਝਵਾਨ ਭਾਰਤੀ ਲੋਕਾਂ ਨੂੰ ਭਾਰਤੀ ਹਾਕਮਾਂ ਵੱਲੋਂ ਗਵਾਂਢੀ
ਮੁਲਕਾਂ ਨਾਲ ਤਣਾਅ ਬਣਾ ਕੇ ਰੱਖਣ ਦੀਆਂ ਨਾਪਾਕ ਚਾਲਾਂ ਅਤੇ ਉਨ੍ਹਾਂ ਦੀ ਨਕਲੀ ਦੇਸ਼-ਭਗਤੀ ਦਾ ਪਰਦਾਫਾਸ਼ ਕਰਨਾ ਚਾਹੀਦਾ
ਹੈ ਅਤੇ ਗਵਾਂਢੀ ਮੁਲਕਾਂ ਨਾਲ ਗੱਲਬਾਤ ਕਰਨ ਤੇ ਸਬੰਧ ਸੁਧਾਰਨ ਅਤੇ ਜੰਗੀ ਖਰਚਿਆਂ ਤੇ ਕੈਂਚੀ ਫੇਰ
ਕੇ ਇਹਨਾਂ ਸਾਧਨਾਂ ਨੂੰ ਲੋਕਾਂ ਦੀ ਜੂਨ ਸੁਧਾਰਨ ’ਤੇ ਖਰਚ ਕਰਨ ਲਈ ਜ਼ੋਰਦਾਰ ਦਬਾਅ ਬਨਾਉਣਾ
ਚਾਹੀਦਾ ਹੈ।
No comments:
Post a Comment