ਫਰਾਂਸ ‘ਪੀਲੀਆਂ ਜਾਕਟਾਂ’ ਦੀ ਲਹਿਰ
ਸਾਮਰਾਜੀ ਮੁਲਕਾਂ ’ਚ ਲੋਕ ਬੇਚੈਨੀ ਸਿਖਰਾਂ ਵੱਲ
ਦਸੰਬਰ ਦਾ ਪੂਰਾ
ਮਹੀਨਾ ਫਰਾਂਸ ਅੰਦਰ ‘ਪੀਲੀਆਂ ਜਾਕਟਾਂ’ ਲਹਿਰ ਦੇ ਨਾਮ ਰਿਹਾ ਹੈ। ਲੱਖਾਂ ਲੋਕਾਂ
ਨੇ ਇਹ ਜਾਕਟਾਂ ਪਹਿਨ ਕੇ (ਜੋ ਕਿ ਫਰਾਂਸ ਅੰਦਰ ਮੋਟਰ ਸਾਇਕਲ ਸਵਾਰਾਂ ਦੀ ਸੁਰੱਖਿਆ
ਲਈ ਲਾਜ਼ਮੀ ਕੀਤੀਆਂ ਗਈਆਂ ਸਨ ਤੇ ਮਗਰੋਂ ਇਸ ਸੰਘਰਸ਼ ਦਾ ਪ੍ਰਤੀਕ ਬਣ ਗਈਆਂ) ਪੂਰਾ ਦਸੰਬਰ ਦਾ ਮਹੀਨਾ ਫਰਾਂਸ ਦੀ ਹਕੂਮਤ ਨੂੰ ਵਖਤ ਪਾਈ ਰੱਖਿਆ ਹੈ।ਇਹਨਾਂ ਪ੍ਰਦਰਸ਼ਨਾਂ ’ਚ 10 ਲੋਕ ਮਾਰੇ ਗਏ ਹਨ, ਸੈਂਕੜੇ ਪ੍ਰਦਰਸ਼ਨਕਾਰੀ ਤੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ ਤੇ ਸੈਂਕੜੇ ਹਿਰਾਸਤ ’ਚ ਲਏ ਗਏ ਹਨ।ਭਾਰੀ ਪੁਲਿਸ ਤਾਇਨਾਤੀ ਦੇ ਬਾਵਜੂਦ ਇਹ ਪ੍ਰਦਰਸ਼ਨ ਲਗਾਤਾਰ ਜਾਰੀ ਰਹਿ ਰਹੇ
ਹਨ ਤੇ ਹੁਣ ਪ੍ਰਦਰਸ਼ਨਕਾਰੀਆਂ ਨੇ ਨਵੇਂ ਸਾਲ ਦੇ ਮੌਕੇ ਪੈਰਿਸ ਅੰਦਰ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦਾ
ਫੇਰ ਐਲਾਨ ਕਰ ਦਿੱਤਾ ਹੈ।ਫਰਾਂਸ ਦੀ ਮੈਕਰੌਨ
ਹਕੂਮਤ ਨੂੰ ਇਹਨਾਂ ਪ੍ਰਦਰਸ਼ਨਾਂ ਨੇ ਵਖਤ ਪਾਇਆ ਹੋਇਆ ਹੈ ਤੇ ਉਸਦੇ ਅਸਤੀਫੇ ਦੀ ਮੰਗ ਉੱਚੀ ਹੋ ਰਹੀ
ਹੈ।ਕੋਈ ਇਹਨਾਂ ਪ੍ਰਦਰਸ਼ਨਾਂ
ਦੀ ਤੁਲਨਾ 1968 ਦੇ ਹਿੰਸਕ ਪ੍ਰਦਰਸ਼ਨਾਂ ਨਾਲ ਕਰ ਰਿਹਾ ਹੈ ਤੇ ਕੋਈ
ਇਸ ਦੀ ਇੱਕ ਹੋਰ ਫਰਾਂਸੀਸੀ ਕ੍ਰਾਂਤੀ ਨਾਲ ਤੁਲਨਾ ਕਰ ਰਿਹਾ ਹੈ।
ਸ਼ੁਰੂਅਤੀ ਰੂਪ
ਵਿੱਚ ਪੈਟਰੋਲ ਤੇ ਡੀਜ਼ਲ ’ਤੇ ਨਵੇਂ ਟੈਕਸ ਲਾਉਣ, ਮਹਿੰਗੀਆਂ ਹੁੰਦੀਆਂ ਜੀਵਨ ਹਾਲਤਾਂ, ਟੈਕਸ ਸੁਧਾਰਾਂ ਤੇ ਲੋਕਾਂ
ਦੀਆਂ ਡਿਗਦੀਆਂ ਉਜਰਤਾਂ ਖਿਲਾਫ ਮਈ 2018 ਵਿੱਚ ਇੱਕ ਔਰਤ ਵੱਲੋਂ ਪਾਈ ਇੱਕ
ਆਨਲਾਈਨ ਪਟੀਸ਼ਨ ਨੇ ਇਸ ਲਹਿਰ ਦਾ ਮੁੱਢ ਬੰਨਿਆ ਜੀਹਦੇ ਉੱਪਰ ਲੱਗਭਗ 300000 ਲੋਕਾਂ ਨੇ ਹਸਤਾਖਰ ਕੀਤੇ।ਇਸੇ ਤਰਜ਼ ’ਤੇ ਬਹੁਤ ਸਾਰੇ
ਫੇਸਬੁੱਕ ਸੋਸ਼ਲ-ਮੀਡੀਆ ਗਰੁੱਪ ਹੋਂਦ ’ਚ ਆ ਗਏ ਜਿਹਨਾਂ
ਦੀ ਮੈਂਬਰਸ਼ਿਪ ਲੱਖਾਂ ਵਿੱਚ ਹੈ। ਪ੍ਰਦਰਸ਼ਨਕਾਰੀ
ਇਹਨਾਂ ਗਰੁੱਪਾਂ ਰਾਹੀ ਹੀ ਸਾਰੇ ਰੋਸ-ਸੱਦੇ ਜਾਰੀ ਕਰਦੇ ਹਨ ਤੇ ਲਾਗੂ ਕਰਦੇ ਹਨ।ਇਹਨਾਂ ਗਰੁੱਪਾਂ ਨੂੰ ‘ਹਰਖੇ ਸਮੂਹ’ (Angry Groups) ਦਾ ਨਾਮ ਦਿੱਤਾ ਗਿਆ ਹੈ।ਸਭ ਤੋਂ ਵੱਡਾ
ਗਰੁੱਪ ‘ਅਧਿਕਾਰਤ ਪੀਲੀਆਂ ਜਾਕਟਾਂ ਗਰੁੱਪ’ ਹੈ ਜਿਸਦੇ 17 ਲੱਖ ਮੈਂਬਰ ਹਨ। ਇੱਕ ਹੋਰ ਗਰੁੱਪ ‘ਕਾਰਟ ਦਾਸ ਰਾਸੈਬਲਮੈਟਸ’ ਹੈ ਜਿਸਦੇ 3 ਲੱਖ
ਮੈਂਬਰ ਹਨ ਤੇ ਸਭ ਤੋਂ ਵੱਧ ਰੋਹੀਲਾ ਗਰੁੱਪ ‘ਹਰਖੇ ਦੇਸ਼ਭਗਤ’ ((Angry Patriots)) ਹੈ ਜਿਸਦੇ 53000 ਮੈਂਬਰ ਹਨ।ਪ੍ਰਦਰਸ਼ਨਾਂ ਦੇ ਸਥਾਨ, ਸ਼ਕਲਾਂ ਮਿਥਣ ਤੇ ਲਾਗੂ ਕਰਾਉਣ ਦਾ
ਕੰਮ ਇਹਨਾਂ ਗਰੁੱਪਾਂ ਰਾਹੀਂ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਹਨਾਂ ਪ੍ਰਦਰਸ਼ਨਾਂ ਦੇ ਆਗੂ ਰਵਾਇਤੀ ਟਰੇਡ-ਯੂਨੀਅਨਾਂ ਜਾਂ ਸਥਾਪਿਤ ਸਿਆਸੀ ਆਗੂ ਨਹੀਂ ਸਗੋਂ ਇਹਨਾਂ ਪ੍ਰਦਰਸ਼ਨਾਂ ’ਚ ਆਪ-ਮੁਹਾਰੇ ਉੱਭਰੇ ਸਧਾਰਨ ਲੋਕ ਹਨ।ਇਹਨਾਂ ਦਾ ਇੱਕ
ਆਗੂ ਪ੍ਰਮੁੱਖ ਤੇ ਮੁੱਢਲਾ ਆਗੂ ਇੱਕ 36 ਸਾਲਾ ਮੋਟਰ ਮਕੈਨਿਕ ਗਿਸ਼ਲਾਨ ਕੋਟਾਰਡ ਹੈ,
ਜਿਸਨੂੰ ਪ੍ਰਦਰਸ਼ਨਕਾਰੀ ਜਾਕਟਧਾਰੀ (Vestman) ਦੇ ਨਾਮ ਨਾਲ ਪੁਕਾਰਦੇ ਹਨ।ਉਸਨੇ ਪੀਲੀ ਜਾਕਟ ਪਾਕੇ ਇੱਕ ਵੀਡੀਓ ਜਾਰੀ ਕੀਤੀ ਜਿਸਨੂੰ 54 ਲੱਖ ਲੋਕਾਂ ਨੇ ਵੇਖਿਆ।ਇੱਕ ਹੋਰ ਆਗੂ 54 ਸਾਲਾ ਔਰਤ ਜੈਕਲਿਨ ਮੌਰਾਡ ਹੈ ਜਿਹੜੀ ਕਿ ਪੇਸ਼ੇ ਵਜੋਂ ਮਾਨਸਿਕ ਰੋਗਾਂ ਦਾ ਇਲਾਜ ਕਰਦੀ ਹੈ
ਤੇ ਅਕਾਰਡੀਅਨ (ਸੰਗੀਤ ਸਾਜ) ਵਜਾਉਦੀ ਹੈ। ਉਹ ‘ਆਜ਼ਾਦ ਪੀਲੀਆਂ ਜਾਕਟਾਂ’ ਨਾਮ ਦਾ ਗਰੁੱਪ ਚਲਾਉਦੀ ਹੈ ਤੇ ਕਾਫੀ ਮਕਬੂਲ ਹੈ। ਇੱਕ ਹੋਰ ਲੀਡਰ ਜੀਨ ਫਰਾਂਕਿਉਸ ਬਰਨਾਬਾ ਨਾਮ ਦਾ 62 ਸਾਲਾ ਵਿਅਕਤੀ ਹੈ ਜਿਹੜਾ ਫਰਾਂਸ ਦੇ ਸਭਿਆਚਾਰ ਤੇ ਟੂਰਿਜ਼ਮ ਵਿਭਾਗ ਦਾ ਡਾਇਰੈਕਟਰ ਸੀ ਤੇ
ਜਿਸਨੂੰ ਦਸ ਸਾਲ ਪਹਿਲਾਂ
ਉਸਦੀ ਪੋਸਟ ਤੋਂ ਹਟਾ ਦਿੱਤਾ ਗਿਆ ਸੀ। ਉਸਨੇ 2016 ’ਚ ਇੱਕ ਨਾਵਲ ਲਿਖਿਆ ਸੀ ਤੇ ਉਸਨੇ ਇਸ ਲਹਿਰ ਦੇ ਬੁਲਾਰੇ
ਵਜੋਂ 30 ਤੋਂ ਵੱਧ ਮੀਡੀਆ ਸੰਬੋਧਨ ਕੀਤੇ ਹਨ।ਇਸੇ ਤਰ੍ਹਾਂ ਏਰਿਕ ਡਰਾਉਟ ਇੱਕ 33 ਸਾਲਾ ਬੱਸ ਡਰਾਇਵਰ
ਹੈ ਜਿਸਦੇ ਫੇਸਬੁੱਕ ’ਤੇ 47000 ਫਾਲੋਅਰ ਹਨ।ਉਸਦੀ ਇੱਕ ਹੋਰ ਸਹਿਯੋਗੀ 33 ਸਾਲਾ ਪਰਿਸਕਿਲਾ ਲੂਡੋਸਕੀ ਹੈ
ਜਿਸਨੇ ਕਿ ਲਹਿਰ ਦਾ ਮੈਨੀਫੈਸਟੋ ਜਾਰੀ ਕੀਤਾ ਹੈ ਤੇ ਉਹ ਗੈਰ-ਗੋਰੀ ਜਨਸੰਖਿਆ
ਦੀ ਨੁਮਾਇੰਦਗੀ ਕਰਦੀ ਹੈ।ਇੱਕ ਹੋਰ ਆਗੂ
ਔਰਤ ਕੱਟੜ ਸੱਜੇ-ਪੱਖੀ ਹੈ ਤੇ ਉਹ ਸਾਰੇ ਪਰਵਾਸੀਆਂ ਨੂੰ ਫਰਾਂਸ ਚੋਂ ਬਾਹਰ
ਕੱਢਣ ਦਾ ਹੋਕਾ ਦਿੰਦੀ ਹੈ।
ਇਹਨਾਂ ਪ੍ਰਦਰਸ਼ਨਾਂ
’ਚ ਸਧਾਰਨ ਕਾਮੇ, ਦੁਕਾਨਦਾਰ, ਅਰਧ-ਮਜ਼ਦੂਰ ਤੇ ਕਾਰੀਗਰ ਆਦਿ ਵੱਡੀ ਗਿਣਤੀ ’ਚ ਸ਼ਾਮਿਲ ਹਨ, ਜਦੋਂ ਕਿ ਜਥੇਬੰਦ ਕਾਮਿਆਂ ਜਾਂ ਯੂਨੀਅਨਾਂ ਦੀ ਸ਼ਮੂਲੀਅਤ ਘੱਟ ਹੈ। ਪ੍ਰਦਰਸ਼ਨਕਾਰੀਆਂ ’ਚ ਮੁੱਖ ਤੌਰ ’ਤੇ ਸ਼ਹਿਰ ਤੋਂ
ਦੂਰ-ਦੁਰਾਡੇ ਰਹਿਣ ਵਾਲੇ ਉਹ ਲੋਕ ਜਿੰਨ੍ਹਾਂ ਦਾ ਰ¹ਜ਼ਗਾਰ ਸ਼ਹਿਰਾਂ ਵਿੱਚ ਹੈ, ਪਰ ਉਹ ਸ਼ਹਿਰਾਂ ’ਚ ਮਹਿੰਗੇ ਘਰ
ਖਰੀਦਣ ਤੋਂ ਅਸਮਰੱਥ ਹਨ, ਛੋਟੇ ਦੁਕਾਨਦਾਰ, ਕੱਚੇ-ਕਾਮੇ, ਅਜਿਹੇ ਲੋਕ ਜਿੰਨ੍ਹਾਂ ਦਾ ਕੋਈ ਪੱਕਾ ਧੰਦਾ ਨਹੀਂ ਤੇ
ਇੱਕ ਤੋਂ ਬਾਅਦ ਦੂਜਾ ਧੰਦਾ ਅਪਨਾਉਣ ਲਈ ਮਜ਼ਬੂਰ ਹਨ, ਰਿਟਾਇਰਡ ਪੈਨਸ਼ਨ-ਧਾਰਕ ਆਦਿ ਪ੍ਰਮੁੱਖ ਹਨ। ਜਥੇਬੰਦ ਹਿੱਸਿਆਂ ’ਚੋਂ ਕੇਵਲ ਵਿਦਿਆਰਥੀ ਜਥੇਬੰਦੀਆਂ
ਹੀ ਸਭ ਤੋਂ ਵੱਧ ਗਿਣਤੀ ’ਚ ਇਹਨਾਂ ਪ੍ਰਦਰਸ਼ਨਾਂ ਦਾ ਹਿੱਸਾ ਬਣੇ ਹਨ।ਇਸਦੇ ਆਗੂਆਂ ’ਚ ਖੱਬੇ-ਪੱਖੀ,
ਅਨਾਰਕਿਸਟ, ਵਾਤਾਵਰਣ ਪ੍ਰੇਮੀ, ਸੱਜੇ-ਪੱਖੀ ਤੇ ਹੋਰ ਵੱਖ-ਵੱਖ ਹਿੱਸੇ
ਸ਼ਾਮਿਲ ਹਨ ਤੇ ਇਹ ਕਿਸੇ ਨਿਸ਼ਚਿਤ ਵਿਚਾਰਧਾਰਾ ਤੋਂ ਪ੍ਰੇਰਿਤ ਲਹਿਰ ਨਹੀਂ ਹੈ।
ਇਸੇ
ਕਰਕੇ ਕੌਮਾਂਤਰੀ ਮੀਡੀਆ ਇਸਨੂੰ ਆਗੂ-ਰਹਿਤ ਤੇ ਇਕਸਾਰ ਫੈਲਵੀਂ ਲਹਿਰ ਆਖਦਾ ਹੈ ਤੇ ਇਸਦੀ ਤੁਲਨਾ ‘ਅਰਬ ਦੀ ਬਸੰਤ’ ਲਹਿਰ ਨਾਲ
ਵੀ ਕਰਦਾ ਹੈ ਜਿਸਨੇ ਅਰਬ ਦੇਸ਼ਾਂ ਦੀਆਂ ਕਈ ਹਕੂਮਤਾਂ ਭੁੰਜੇ ਪਟਕਾ ਦਿੱਤੀਆਂ ਸਨ।
ਦੇਖਣ ਨੂੰ ਗੈਰ-ਜਥੇਬੰਦ
ਲੱਗਦੀ ਤੇ ਸਾਂਝੀ ਵਿਚਾਰਧਾਰਾ ਜਾਂ ਸਾਂਝੇ ਉਦੇਸ਼ਾਂ ਤੋਂ ਰਹਿਤ ਫੌਰੀ ਮੰਗਾਂ ਦੀ ਚੋਭ ’ਚੋਂ ਉੱਠੀ ਇਹ ਲਹਿਰ ਅਸਲ ’ਚ ਵੱਖਰੇ ਤਰੀਕੇ ਨਾਲ ਜਥੇਬੰਦ
ਹੈ ਤੇ ਇਸਦੇ ਉਦੇਸ਼ਾਂ ਤੇ ਲੜਣ ਢੰਗ ਦਾ ਤਰੀਕਾ ਦਿਨੋ-ਦਿਨ ਵੱਧ ਇੱਕਰੂਪਤਾ ਹਾਸਲ ਕਰਦਾ
ਜਾ ਰਿਹਾ ਹੈ।ਕੁੱਝ ਦਿਨ ਪਹਿਲਾਂ ਹੀ ਇਸ ਲਹਿਰ ਦਾ 25 ਨੁਕਾਤੀ
ਮੈਨੀਫੈਸਟੋ (ਮੰਗ-ਪੱਤਰ ਨਹੀਂ) ਜਾਰੀ ਕੀਤਾ ਗਿਆ ਹੈ ਜੋ ਦਿਨੋ-ਦਿਨ ਮਕਬੂਲ ਹੋ ਰਿਹਾ ਹੈ।
। ਇਸ ਮੈਨੀਫੈਸਟੋ ’ਚ ਮਿਥੇ ਉਦੇਸ਼ ਅੰਦੋਲਨ ਦਾ
ਸ਼ੁਰੂਆਤੀ ਨੁਕਤਾ ਬਣਦੀਆਂ ਫੌਰੀ ਮੰਗਾਂ ਤੋਂ ਕਿਤੇ
ਅੱਗੇ ਜਾ ਕਿ ਮੌਜੂਦਾ ਪ੍ਰਬੰਧ ’ਚ ਵਿਆਪਕ ਸੁਧਾਰਾਂ ਵੱਲ ਨੂੰ ਸੇਧਿਤ ਹਨ ਜਿਹਨਾਂ ਵਿੱਚ
ਪਾਰਲੀਮੈਂਟਰੀ ਸੁਧਾਰ, ਜਿੰਨ੍ਹਾਂ ਵਿੱਚ ਸਵਿੰਧਾਨ ਨੂੰ ਮੁੜ ਲਿਖਣ ਦੀ ਗੱਲ ਵੀ ਸ਼ਾਮਿਲ ਹੈ,
ਸਿੱਖਿਆ ਸੁਧਾਰ, ਢਾਂਚਗਤ ਸੁਧਾਰ, ਵਾਤਾਵਰਣ ਸੁਧਾਰ (ਪ੍ਰੀਖਿਆ ਪ੍ਰਬੰਧ ਸੁਧਾਰਨ, ਯੂਨੀਵਰਸਿਟੀ ਦਾਖਲੇ ਸੁਖਾਲਾ ਕਰਨਾ, ਸਿਲੇਬਸਾਂ ’ਚੋਂ ਵਿਚਾਰਧਾਰਾ ਦਾ ਪ੍ਰਭਾਵ
ਹਟਾਉਣਾ ਆਦਿ)
ਮੀਡੀਆ ਤੇ ਪੂੰਜੀਪਤੀਆਂ ਦਾ ਏਕਾ-ਅਧਿਕਾਰ ਤੋੜਨ, ਬੁਨਿਆਦੀ ਮਨੁੱਖੀ
ਅਧਿਕਾਰਾਂ ਦੀ ਬਹਾਲੀ, ਅੰਤਰ-ਰਾਸ਼ਟਰੀ ਸਬੰਧ,
ਦੌਲਤ ਦੀ ਅਣਸਾਵੀਂ ਵੰਡ ਖਤਮ ਕਰਨ, ਸਾਰਾ ਘਰੇਲੂ ਕਰਜਾ
ਖਤਮ ਕਰਨ ਤੇ ਪ੍ਰਬੰਧ ਨੂੰ ਕਿਰਤੀ-ਮਿਹਨਤੀ ਲੋਕਾਂ ਪੱਖੀ ਬਣਾਉਣ ਆਦਿ,
ਵਰਗੀਆਂ ਮਦਾਂ ਸ਼ਾਮਿਲ ਹਨ।
ਪੀਲੀਆਂ ਜਾਕਟਾਂ ਦੀ ਇਸ ਲਹਿਰ
ਦੀ ਵੰਨ-ਸੁਵੰਨਤਾ ਤੇ ਭੂਤਕਾਲੀ ਅੰਦੋਲਨਾਂ ਨਾਲੋਂ ਵੱਖਰਾ ਹੋਣ ਦੇ ਕਈ ਕਾਰਨ ਹਨ।ਇਸ
ਲਹਿਰ ’ਚ ਸ਼ਾਮਿਲ ਸਾਰੇ ਹਿੱਸੇ ਫਰਾਂਸ ਦੇ ਮੌਜੂਦਾ ਪੂੰਜੀਵਾਦੀ ਪ੍ਰਬੰਧ ਤੇ ਇਸ ਤੋਂ ਵੀ ਆਰਥਿਕ ਸੰਕਟ
ਦੇ ਸਨਮੁੱਖ ਕਲਿਆਣਕਾਰੀ ਰਾਜ ਦੀਆਂ ਨੀਤੀਆਂ ਦਾ ਭੋਗ ਪਾਉਣ ਦੇ ਅਸਰਾਂ ਤੋਂ ਪੀੜਤ ਹਨ।ਸੰਸਾਰ
ਆਰਥਿਕ ਸੰਕਟ ਦੇ ਮੱਦੇਨਜ਼ਰ ਸਾਮਰਾਜੀ ਮੁਲਕ ਪੱਛੜੇ ਮੁਲਕਾਂ ਦੀ ਲੁੱਟ ਰਾਹੀਂ ਆਪਣੇ ਮੁਲਕਾਂ ਦੇ ਲੋਕਾਂ
ਨੂੰ ਕੁੱਝ ਸਹੂਲਤਾਂ ਦੇ ਕੇ ਵਰਚਾ ਸਕਣ ਦੀ ਯੋਗਤਾ ਗੁਆ ਰਹੇ ਹਨ।
ਉਹਨਾਂ
ਨੂੰ ਇਸ ਸੰਕਟ ਦਾ ਭਾਰ ਆਪਣੇ ਮੁਲਕ ਦੇ ਕਿਰਤੀ ਲੋਕਾਂ ਤੇ ਲੱਦਣਾ ਪੈ ਰਿਹਾ ਹੈ ਜਿਹੜਾ ਕਿ ਇਹਨਾਂ ਵਿਕਸਤ
ਮੁਲਕਾਂ ਦੇ ਲੋਕਾਂ ’ਚ ਬਦਜਨੀ ਪੈਦਾ ਕਰ ਰਿਹਾ ਹੈ। ਪਿਛਲੇ ਸਮਿਆਂ ’ਚ ਫਰਾਂਸ ਸਮੇਤ ਇਟਲੀ ਤੇ ਅਮਰੀਕਾ
ਚ ‘ਵਾਲ ਸਟਰੀਟ ’ਤੇ ਕਬਜਾ ਕਰੋ’ ਲਹਿਰ ਲੋਕ-ਬਦਜ਼ਨੀ ਦੇ ਹੋ ਰਹੇ ਫੁਟਾਰਿਆਂ ਦੀਆਂ ਅਹਿਮ ਉਦਾਹਰਨਾਂ ਹਨ।
ਆਪਣੀ
ਸ਼ੁਰੂਅਤ ਦੇ ਇੱਕ ਮਹੀਨੇ ਦੇ ਅੰਦਰ ਹੀ ਪੀਲੀਆਂ ਜਾਕਟਾਂ ਮੁਹਿੰਮ ਨੇ ਯੂਰਪ ਦੇ ਕਈ ਦੇਸ਼ਾਂ ਦੇ ਲੋਕਾਂ
ਨੂੰ ਪ੍ਰਭਾਵਿਤ ਕੀਤਾ ਹੈ ਤੇ ਉਹਨਾਂ ਨੇ ਇਸੇ ਤਰਜ਼ ਦੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਹਨ।
ਲੋਕਾਂ ਦੀਆਂ ਸਹੂਲਤਾਂ, ਆਮਦਨਾਂ,
ਸੇਵਾ-ਸੁਰੱਖਿਆ, ਸਿਹਤ ਸਹੂਲਤਾਂ,
ਸਿੱਖਿਆ, ਪੈਨਸ਼ਨਾਂ ਆਦਿ ’ਤੇ ਲਗਾਤਾਰ ਲੱਗ ਰਹੇ ਕੱਟ, ਉਹਨਾਂ
ਦੇ ਰੋਹ ਨੂੰ ਚੁਆਤੀ ਲਾ ਰਹੇ ਹਨ ਤੇ ਉਹ ਵੱਡੀ ਗਿਣਤੀ ’ਚ ਸੜਕਾਂ ’ਤੇ ਉੱਤਰ ਰਹੇ ਹਨ।
ਸਾਮਰਾਜੀ
ਹਾਕਮ ਘੋਰ ਸੱਜੇ-ਪੱਖੀ ਭੁਚਲਾਵਿਆਂ (ਜਿਵੇਂ ਕਿ ਅਮਰੀਕਾ ਵਿੱਚ ਟਰੰਪ ਤੇ ਬਰਾਜ਼ੀਲ
ਵਿੱਚ ਮਿਸ਼ੇਲ ਟੇਮਰ ਦਾ ਸੱਤਾ ’ਚ ਆਉਣਾ) ਇਸ ਲੋਕ ਰੋਹ ਨੂੰ ਕੁਰਾਹੇ ਪਾਉਣ
ਦੀ ਕੋਸ਼ਿਸ਼ ਕਰ ਰਹੇ ਹਨ। ਫਰਾਂਸ ਦਾ ਰਾਸ਼ਟਰਪਤੀ ਮੈਕਰੌਨ
ਵੀ ਅਜਿਹੀ ਪਹੁੰਚ ਦੀ ਨੁਮਾਇੰਦਗੀ ਕਰਦਾ ਹੈ ਤੇ ਨਾਲ ਹੀ ਕਿਰਤੀ ਲੋਕਾਂ ਪ੍ਰਤੀ ਆਪਣੇ ਹਿਕਾਰਤੀ ਰਵੱਈਏ
ਕਾਰਨ ਲੋਕਾਂ ’ਚ ਆਪਣਾ ਪ੍ਰਭਾਵ ਗਵਾ ਰਿਹਾ ਹੈ। ਪੀਲੀਆਂ ਜੈਕਟਾਂ ਲਹਿਰ ’ਚ ਹਿੱਸਾ ਲੈਣ ਵਾਲੇ ਵੱਡੀ
ਗਿਣਤੀ ਲੋਕ ਅਜਿਹੇ ਹਨ, ਜਿਹਨਾਂ ਪਿਛਲੀਆਂ ਚੋਣਾਂ ’ਚ ਮੈਕਰੌਨ ਨੂੰ ਵੋਟ ਪਾਈ ਸੀ
ਤੇ ਹੁਣ ਉਸਦਾ ਅਸਤੀਫਾ ਮੰਗ ਰਹੇ ਹਨ। ਇਹ ਤੱਥ ਸਥਿਤੀ ਦੀ ਗੰਭੀਰਤਾ
ਤੇ ਗੁੰਝਲਤਾਈ ਦੋਹਾਂ ਨੂੰ ਰੂਪਮਾਨ ਕਰਦੇ ਹਨ।ਢਾਂਚਾਗਤ ਸੁਧਾਰਾਂ ਦੀ ਮਾਰ
ਹੇਠ ਆਏ ਲੋਕਾਂ ਦੀ ਅਰਥਿਕਤਾ ’ਤੇ ਭਾਰ ਵਧ ਰਿਹਾ ਹੈ। ਉਹ ਇਸ ਭਾਰ ਤੋਂ ਨਿਜਾਤ ਭਾਲਦੇ
ਹਨ ਤੇ ਹਰ ਉਸ ਨਾਅਰੇ ਨੂੰ ਹੁੰਗਾਰਾ ਭਰਦੇ ਹਨ ਜੋ ਉਹਨਾਂ ਨੂੰ ਇਸ ਤੋਂ ਨਿਜਾਤ ਦੁਵਾਉਣ ਦੀ ਗੱਲ ਕਰਦਾ
ਹੈ। ਪਰ ਨਾਲ ਹੀ ਲਾਰਾ ਦਰ ਲਾਰਾ ਖੁਆਰ ਹੋ ਰਹੇ ਲੋਕਾਂ ਦਾ ਮੁੱਖ-ਧਾਰਾਈ
ਪਾਰਟੀਆਂ ਤੇ ਉਹਨਾਂ ਦੀ ਸਿਆਸਤ ਤੋਂ ਮੋਹ-ਭੰਗ ਹੋ ਰਿਹਾ ਹੈ ਤੇ ਬੇ-ਵਿਸ਼ਵਾਸ਼ੀ ਵੱਧ ਰਹੀ ਹੈ ਤੇ ਉਹ ਆਪਣੀਆਂ ਸਮਸਿਆਵਾਂ ਦਾ ਹੱਲ ਆਪ ਤਲਾਸ਼ਣ ਦੇ ਰਾਹ ਪੈ ਰਹੇ ਹਨ।
ਇਸਦੇ
ਨਾਲ ਹੀ ਉਹਨਾਂ ਦਾ ਆਪਣੇ ਮੁਲਕਾਂ ਦੀਆਂ ਰਵਾਇਤੀ ਟਰੇਡ ਯੂਨੀਅਨਾਂ ਤੋਂ ਅਤੇ ਉਹਨਾਂ ਦੇ ਸਮਝੌਤਾ ਕਰੂ
ਝੁਕਾਵਾਂ ਤੋਂ ਵੀ ਮੋਹ ਭੰਗ ਹੋ ਰਿਹਾ ਹੈ ਤੇ ਉਹ ਉਹਨਾਂ ਦੇ ਗੋਡੇਟੇਕੂ ਕਿਰਦਾਰ ਦੀ ਪਹਿਚਾਣ ਕਰ ਰਹੇ ਹਨ।
ਇਸੇ
ਕਰਕੇ ਪੀਲੀਆਂ ਜਾਕਟਾਂ ਦੀ ਲਹਿਰ ਰਵਾਇਤੀ ਟਰੇਡ ਯੂਨੀਅਨਾਂ ਦੇ ਨਾ ਸਿਰਫ ਪ੍ਰਭਾਵ ਥੱਲੇ ਨਹੀਂ ਹੈ, ਸਗੋਂ ਆਪਣੀਆਂ
ਮੰਗਾਂ ਤੇ ਕਿਸੇ ਵੀ ਅੱਧ-ਪਚੱਧੇ ਸਮਝੌਤੇ ਲਈ ਵੀ ਤਿਆਰ ਨਹੀਂ ਹੈ।
ਪਰ ਮੌਜੂਦਾ ਸਮੇਂ ’ਚ ਕਮਿਊਨਿਸਟ ਲਹਿਰ ਦੀ ਮੁਕਾਬਲਤਨ
ਲਹਿਤ ਵਾਲੀ ਹਾਲਤ ਅਤੇ ਇੱਕ ਖਰੇ ਤੇ ਦਿਸਣ-ਜਚਣਹਾਰ ਬਦਲ ਦੀ ਅਣਹੋਂਦ ਉਹਨਾਂ
ਦੀ ਲਹਿਰ ਦੀ ਸੀਮਤਾਈ ਬਣਦੀ ਹੈ।ਸੰਸਾਰ ਸਾਮਰਾਜੀ ਪ੍ਰਬੰਧ ਤੋਂ
ਬਦਜਨ ਹੋਏ ਇਹ ਹਿੱਸੇ ਵੱਖ-ਵੱਖ ਵਿਚਾਰਧਾਰਕ ਰੁਝਾਨਾਂ ’ਚੋਂ ਆਪਣਾ ਰਾਹ ਭਾਲਦੇ ਹਨ।ਇਸ
ਲਹਿਰ ਦੀ ਹੀ ਇਹ ਵਿਲਖੱਣਤਾ ਹੈ ਕਿ ਇਹਦੇ ਵਿੱਚ ਇੱਕ ਪਾਸੇ
ਖੱਬੇ-ਪੱਖੀ ਵਿਚਾਰਧਾਰਾ ਵਾਲੇ ਲੋਕ ਤੇ ਦੂਜੇ ਪਾਸੇ ਸੱਜ-ਪਿਛਾਖੜੀ ਨਾਜ਼ੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕ ਇਕੱਠੇ ਹਕੂਮਤ ਨਾਲ ਟੱਕਰ ਲੈ ਰਹੇ ਹਨ।
ਇਹ
ਖਰੇ ਬਦਲ ਦੀ ਅਣਹੋਂਦ ’ਚ ਲੋਕ-ਰੋਹ ਵੱਲੋਂ ਆਪਣੀ ਮੁਕਤੀ ਦੀ ਵਿਚਾਰਧਾਰਾ ਦੀ ਤੇਜ਼ ਹੋਈ ਤਲਾਸ਼ ਦਾ ਪ੍ਰਗਟਾਵਾ ਹੈ।
ਜੋ
ਕਮਿਊਨਿਸਟ ਇਨਕਲਾਬੀ ਸ਼ਕਤੀਆਂ ਨੂੰ ਆਪਣੀ ਵਿਚਾਰਧਾਰਾ ਦੇ ਪ੍ਰਚਾਰ ਪਸਾਰ ਲਈ ਹੋਰ ਵਧੇਰੇ ਗੁੰਜਾਇਸ਼ਾਂ
ਦੇ ਰਿਹਾ ਹੈ।
ਫਰਾਂਸੀਸੀ ਲੋਕਾਂ ਦੀ ਇਹ ਮੌਜੂਦਾ ਖਾੜਕੂ ਲਹਿਰ ਠੋਸ ਰੂਪ ’ਚ ਕੀ ਪ੍ਰਾਪਤੀਆਂ ਕਰ ਸਕੇਗੀ, ਇਹ ਤਾਂ ਇਸਦੇ
ਅੰਦਰਲੇ ਨਰੋਏ, ਲੋਕ-ਪੱਖੀ ਤੇ ਦੂਰ-ਅੰਦੇਸ਼ ਤੱਤਾਂ ਦੀ ਤਾਕਤ ’ਤੇ ਨਿਰਭਰ
ਕਰੇਗਾ ਪਰ ਇਹ ਲਹਿਰ ਖਰੀਆਂ ਇਨਕਲਾਬੀ ਤਾਕਤਾਂ ਲਈ ਭਵਿੱਖ ’ਚ ਹੋਣ ਵਾਲੀਆਂ
ਵੱਡੀਆਂ ਹਲਚਲਾਂ ਦੀ ਕਨਸੋਅ ਜ਼ਰੂਰ ਦੇ ਰਹੀ ਹੈ ਤੇ ਉਹਨਾਂ ਹਲਚਲਾਂ ਦੇ ਹਾਣ ਦਾ ਹੋਣ ਲਈ ਤੇਜ਼ੀ ਨਾਲ
ਅੱਗੇ ਵਧਣ ਦੀ ਲੋੜ ਉਭਾਰ ਰਹੀ ਹੈ। ਵੱਡੀਆਂ
ਇਨਕਲਾਬੀ ਪੇਸ਼ਕਦਮੀਆਂ ਲਈ ਸਾਜ਼ਗਾਰ ਹਾਲਤਾਂ ਤੇ ਇਹਨਾਂ ਦੇ ਮੁਕਾਬਲੇ ਨਿਗੂਣੀ ਅੰਤਰਮੁੱਖੀ ਤਿਆਰੀ ਦੇ
ਪਾੜੇ ਨੂੰ ਪ੍ਰਤੱਖ ਕਰ ਰਹੀ ਹੈ।। 2016 ਦੇ ਫਰਾਂਸੀਸੀ ਪ੍ਰਦਰਸ਼ਨਾਂ ਤੋਂ ਮਗਰੋਂ ਹੋਂਦ ’ਚ ਆਏ ਇੱਕ ਖੱਬੇ-ਪੱਖੀ ਰੈਡੀਕਲ ਖੋਜ
ਗਰੁੱਪ ਨੇ ਇਸ ਲਹਿਰ ਦਾ ਵਿਸ਼ਲੇਸ਼ਣ ਕਰਦਿਆਂ ਕਾਮਰੇਡ ਮਾਓ ਦੇ ਕਥਨ ‘‘ਸਵਰਗ ਦੇ ਹੇਠਾਂ ਸਭ ਪਾਸੇ ਹਫੜਾ-ਦਫੜੀ ਹੈ’’ ਨੂੰ ਦੁਹਰਾਉਦਿਆਂ ਫਰਾਂਸੀਸੀ ਲੋਕਾਂ ਦੀ ਇਸ ਆਪ-ਮੁਹਾਰੀ ਪਰ ਖਾੜਕੂ ਲਹਿਰ ਦੇ ਵਜੂਦ ਸਮੋਈਆਂ ਅਥਾਹ ਇਨਕਲਾਬੀ ਸੰਭਾਵਨਾਵਾਂ ਵੱਲ ਇਸ਼ਾਰਾ ਕੀਤਾ
ਹੈ। ਇਹਨਾਂ ਸੰਭਾਵਨਾਵਾਂ
ਨੂੰ ਠੋਸ ਹਕੀਕਤਾਂ ’ਚ ਤਬਦੀਲ
ਕਰਨਾ ਉਥੋਂ ਦੀਆਂ ਖਰੀਆਂ ਕਮਿਊਨਿਸਟ ਇਨਕਲਾਬੀ ਤਾਕਤਾਂ ਸਾਹਮਣੇ ਵੱਡਾ ਕਾਰਜ ਹੈ।
No comments:
Post a Comment