Thursday, March 10, 2016

ਸਿੱਖਾਂ ਨਾਲ ਧੱਕੇ ਵਿਤਕਰੇ ਦਾ ਸਵਾਲ



ਸਿੱਖਾਂ ਨਾਲ ਧੱਕੇ ਵਿਤਕਰੇ ਦਾ ਸਵਾਲ

(ਦੂਜੀ ਕਿਸ਼ਤ ਤੋਂ ਅੱਗੇ) 

(ਪਹਿਲੀ ਤੇ ਦੂਜੀ ਕਿਸ਼ਤ ਲਈ ਵੇਖੋ ਸੁਰਖ਼ ਲੀਹ ਜਨਵਰੀ ਫਰਵਰੀ ਅਤੇ ਮਾਰਚ ਅਪ੍ਰੈਲ ਅੰਕ)

ਧਰਮਯੁੱਧ ਮੋਰਚੇ ਦੀਆਂ ਧਾਰਮਕ ਮੰਗਾਂ



ਧਰਮ ਦੀ ਆਜ਼ਾਦੀ ਲਈ ਜਾਂ ਧਾਰਮਕ ਚੌਧਰ ਲਈ?

ਧਰਮ-ਯੁੱਧ ਮੋਰਚੇ ਦੀਆਂ ਨਿਰੋਲ ਧਾਰਮਕ ਮੰਗਾਂ ਤੇ ਝਾਤ ਪਾਉਂਦਿਆਂ ਇਹ ਗੱਲ ਪ੍ਰਤੱਖ ਉੱਘੜ ਆਉਂਦੀ ਹੈ ਕਿ 1947 ਤੋਂ ਸਿੱਖਾਂ ਨਾਲ ਹੋ ਰਹੇ ਧੱਕੇ ਵਿਤਕਰੇ ਦੇ ਦਾਅਵਿਆਂ ਚ ਕਿੰਨੀ ਕੁ ਜਾਨ ਹੈ। ਸਭਨਾ ਫਿਰਕੂ ਸਿੱਖ ਸਿਆਸਤਦਾਨਾਂ ਵੱਲੋਂ ਰਲ ਕੇ ਲਾਏ ਇਸ ਮੋਰਚੇ ਦੌਰਾਨ ਅਜਿਹੀ ਕੋਈ ਮੰਗ ਪੇਸ਼ ਨਹੀਂ ਕੀਤੀ ਜਾ ਸਕੀ ਜਿਹੜੀ ਸਿੱਖ ਫਿਰਕੇ ਦੀ ਕਿਸੇ ਖੁੱਸੀ ਹੋਈ ਧਾਰਮਕ ਆਜਾਦੀ ਜਾਂ ਲਤਾੜੇ, ਦਬਾਏ ਧਾਰਮਕ ਅਧਿਕਾਰ ਨੂੰ ਬਹਾਲ ਕਰਾਉਣ ਦੀ ਮੰਗ ਬਣਦੀ ਹੋਵੇ। ਮਿਸਾਲ ਵਜੋਂ ਅਜਿਹੀ ਕੋਈ ਮੰਗ ਨਹੀਂ ਹੈ ਕਿ ਸਿੱਖਾਂ ਨੂੰ ਆਜਾਦੀ ਨਾਲ ਪੂਜਾ-ਪਾਠ ਕਰਨ ਦੀ ਖੁੱਲ੍ਹ ਦਿੱਤੀ ਜਾਵੇ, ਧਾਰਮਕ ਆਧਾਰ ਤੇ ਪਬਲਿਕ ਜੀਵਨ ਅੰਦਰ ਵਿਤਕਰਾ ਬੰਦ ਕੀਤਾ ਜਾਵੇ, ਸਿੱਖ ਧਾਰਮਕ ਵਿਸ਼ਵਾਸ਼ਾਂ ਅਤੇ ਰਹੁ-ਰੀਤਾਂ ਦਾ ਪਾਲਣ ਕਰਨ ਦਾ ਹੱਕ ਦਿੱਤਾ ਜਾਵੇ, ਰਵਾਇਤੀ ਸਿੱਖ ਲਿਬਾਸ ਪਹਿਨਣ ਦਾ ਹੱਕ ਦਿੱਤਾ ਜਾਵੇ, ਵਗੈਰਾ ਵਗੈਰਾ। ਅਜਿਹੀਆਂ ਮੰਗਾਂ ਕਿਸੇ ਦਬਾਏ ਹੋਏ ਧਾਰਮਕ ਫਿਰਕੇ ਨਾਲ ਵਿਤਕਰਾ ਦੂਰ ਕਰਨ ਦੀਆਂ ਤੇ ਵਾਜਬ ਧਾਰਮਕ ਆਜਾਦੀਆਂ ਹਾਸਲ ਕਰਨ ਦੀਆਂ ਮੰਗਾਂ ਬਣਦੀਆਂ ਹਨ। ਪਰ ਫਿਰਕੂ ਸਿੱਖ ਲੀਡਰਸ਼ਿੱਪ ਦੇ ਕੋਲ ਵਿਖਾਉਣ ਲਈ ਅਜਿਹੀ ਕੋਈ ਮੰਗ ਨਹੀਂ ਹੈ ਕਿ ਸਿੱਖ ਫਿਰਕੇ ਦੀ ਹਕੀਕੀ ਜ਼ਿੰਦਗੀ ਚ ਅਜਿਹੀਆਂ ਮੰਗਾਂ ਮੌਜੂਦ ਹੀ ਨਹੀਂ ਹਨ।

ਧਰਮ-ਯੁੱਧ ਮੋਰਚੇ ਦੌਰਾਨ ਜਿਹੜੀਆਂ ਮੰਗਾਂ ਉਭਾਰੀਆਂ ਗਈਆਂ ਹਨ ਉਹ ਧੱਕਾ ਵਿਤਕਰਾ ਦੂਰ ਕਰਾਉਣ ਦੀਆਂ ਮੰਗਾਂ ਨਹੀਂ ਬਣਦੀਆਂ, ਦੂਸਰੇ ਧਰਮਾਂ ਦੇ ਮੁਕਾਬਲੇ ਸਿੱਖ ਫਿਰਕੇ ਦੀ ਉੱਚੀ ਹੈਸੀਅਤ ਅਤੇ ਚੌਧਰ ਸਥਾਪਤ ਕਰਨ ਦੀਆਂ ਮੰਗਾਂ ਬਣਦੀਆਂ ਹਨ। ਇਹ ਗੈਰ-ਸਿੱਖ ਵਸੋਂ ਨਾਲ ਧੱਕਾ ਅਤੇ ਵਿਤਕਰਾ ਕਰਨ ਦੀਆਂ ਮੰਗਾਂ ਹਨ ਅਤੇ ਆਪਣੇ ਤੱਤ ਪੱਖੋਂ ਫਿਰਕੂ ਸ਼ਾਵਨਵਾਦੀ ਅਤੇ ਗੈਰ ਜਮਹੂਰੀ ਹਨ। ਆਓ ਧਰਮ-ਯੁੱਧ ਮੋਰਚੇ ਦੀਆਂ ਮੁੱਖ ਧਾਰਮਕ ਮੰਗਾਂ ਤੇ ਝਾਤ ਮਾਰੀਏ। ਫਿਰਕੂ ਸਿੱਖ ਸਿਆਸਤਦਾਨਾਂ ਵੱਲੋਂ ਉਭਾਰੀ ਇੱਕ ਮੰਗ ਰੇਡੀਓ ਤੋਂ ਸਿੱਖ ਧਰਮ ਦੇ ਪ੍ਰਚਾਰ ਲਈ ਹਰਮੰਦਰ ਸਾਹਿਬ ਅੰਦਰ ਟਰਾਂਸਮੀਟਰ ਲਾਉਣ ਦੀ ਹੈ। ਧਾਰਮਕ ਫਿਰਕੂ ਪੈਮਾਨੇ ਨਾਲ ਮਾਪਿਆਂ ਵੀ ਇਹ ਸਿੱਖਾਂ ਨਾਲ ਧੱਕਾ ਤੇ ਵਿਤਕਰਾ ਦੂਰ ਕਰਾਉਣ ਦਾ ਮਾਮਲਾ ਨਹੀਂ ਬਣਦਾ ਸਗੋਂ ਵਿਸ਼ੇਸ਼ ਰਿਆਇਤ ਹਾਸਲ ਕਰਨ ਦੀ ਮੰਗ ਹੀ ਬਣਦੀ ਹੈ। ਮੁਲਕ ਭਰ ਅੰਦਰ ਇਹ ਸਹੂਲਤ ਕਿਸੇ ਵੀ ਹੋਰ ਧਰਮ ਨੂੰ ਹਾਸਲ ਨਹੀਂ ਹੈ। ਜੇ ਨਿਰੋਲ ਸਿੱਖ ਧਰਮ ਦੇ ਪ੍ਰਚਾਰ ਲਈ ਅਜਿਹੀ ਵਿਸ਼ੇਸ਼ ਸਹੂਲਤ ਦਿੱਤੀ ਜਾਂਦੀ ਹੈ ਤਾਂ ਇਹ ਰਾਜ ਵੱਲੋਂ ਇੱਕ ਵਿਸ਼ੇਸ਼ ਧਰਮ ਦਾ ਪੱਖ ਪੂਰਨ ਦਾ ਮਾਮਲਾ ਬਣੇਗਾ। ਸਰਕਾਰੀ ਸੰਚਾਰ ਸਾਧਨਾਂ ਦੀ ਪਹਿਲਾਂ ਹੀ ਵੱਖ ਵੱਖ ਧਰਮਾਂ ਦੇ ਪ੍ਰਚਾਰ ਲਈ ਘੱਟ ਵਰਤੋਂ ਨਹੀਂ ਹੋ ਰਹੀ। ਉਪਰੋਕਤ ਮੰਗ ਦੇ ਮੰਨੇ ਜਾਣ ਨਾਲ ਇੰਨ੍ਹਾਂ ਸਾਧਨਾਂ ਦੀ ਆਪੋ ਆਪਣੇ ਪ੍ਰਚਾਰ ਲਈ ਵਰਤੋਂ ਖਾਤਰ ਵੱਖ ਵੱਖ ਧਾਰਮਕ ਫਿਰਕਿਆਂ ਦੀ ਪਹਿਲਾਂ ਹੀ ਚਲੀ ਆ ਰਹੀ ਦੌੜ ਤੇਜ ਹੋਵੇਗੀ ਅਤੇ ਬਾਕੀ ਦੇ ਫਿਰਕੇ ਵੀ ਅਜਿਹੀ ਸਹੂਲਤ ਦੀ ਮੰਗ ਕਰਨਗੇ। ਸਭਨਾਂ ਧਰਮਾਂ ਲਈ ਧਰਮ ਅਸਥਾਨਾਂ ਚ ਟਰਾਂਸਮੀਟਰ ਲਾ ਕੇ ਦੇਣ ਦੀ ਇਹ ਸਹੂਲਤ ਮੁਹੱਈਆ ਕਰਨ ਦਾ ਅਰਥ ਹੋਵੇਗਾ ਆਕਾਸ਼ਵਾਣੀ ਨੂੰ ਧਰਮਬਾਣੀ ਚ ਬਦਲ ਦੇਣਾ। ਇਸ ਦਾ ਮਤਲਬ ਹੋਵੇਗਾ ਭਾਰਤੀ ਰਾਜ ਦੀ ਅਖੌਤੀ ਧਰਮ ਨਿਰਲੇਪਤਾ ਦੇ ਪਰਦੇ ਹੇਠ ਸਰਬ ਧਰਮ ਪ੍ਰਚਾਰ ਦਾ ਧੰਦਾ ਹੋਰ ਵੀ ਤੇਜੀ ਨਾਲ ਚਲਾਉਣਾ। ਪਰ ਧਰਮ-ਨਿਰਪੱਖ ਅਤੇ ਜਮਹੂਰੀ ਪੈਂਤੜੇ ਤੋਂ ਵੇਖਿਆਂ ਰੇਡੀਓ ਤੋਂ ਅਜਿਹਾ ਧਰਮ ਪ੍ਰਚਾਰ ਮੂਲੋਂ ਹੀ ਗੈਰ-ਵਾਜਬ ਹੈ। ਇਹ ਮੁਲਕ ਚ ਵਸ ਰਹੇ ਨਾਸਤਕ ਵਿਚਾਰਾਂ ਵਾਲੇ ਲੋਕਾਂ ਨਾਲ ਸਰਾਸਰ ਵਿਤਕਰਾ ਹੈ। ਇਹ ਧਰਮ ਨੂੰ ਨਿੱਜੀ ਮਾਮਲੇ ਦੀ ਬਜਾਏ ਰਾਜ ਦੀਆਂ ਸਰਗਰਮੀਆਂ ਦਾ ਅਹਿਮ ਅੰਗ ਬਣਾਉਣਾ ਹੈ ਅਤੇ ਯੁੱਗਾਂ ਪੁਰਾਣੇ ਵੇਲਾ ਵਿਹਾ ਚੁੱਕੇ ਧਾਰਮਕ ਵਿਚਾਰਾਂ ਅਤੇ ਸੰਸਕਾਰਾਂ ਦੇ ਪਸਾਰੇ ਲਈ ਰਾਜ ਦੇ ਸਾਧਨ ਜੁਟਾਉਣਾ ਹੈ। ਖਰੇ ਧਰਮ-ਨਿਰਪੱਖ ਤੇ ਜਮਹੂਰੀ ਲੋਕ ਅਜਿਹੇ ਅਮਲ ਨੂੰ ਝੋਕਾ ਲਾਉਣ ਵਾਲੀ ਕਿਸੇ ਮੰਗ ਦੀ ਹਮਾਇਤ ਨਹੀਂ ਕਰ ਸਕਦੇ। ਉਹਨਾਂ ਦਾ ਫਰਜ ਬਣਦਾ ਹੈ ਕਿ ਉਹ ਸਰਕਾਰੀ ਸਾਧਨਾਂ ਦੀ ਕਿਸੇ ਵੀ ਧਰਮ ਚ ਵਰਤੋਂ ਬੰਦ ਕਰਨ ਲਈ ਆਵਾਜ਼ ਉਠਾਉਣ।

ਫਿਰਕੂ ਸਿੱਖ ਸਿਆਸੀ ਲੀਡਰਸ਼ਿੱਪ ਦੀ ਦੂਜੀ ਵੱਡੀ ਧਾਰਮਕ ਮੰਗ ਯਾਨੀ, ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੀ ਵੀ ਅਜਿਹੀ ਹੀ ਗੈਰ-ਵਾਜਬ ਮੰਗ ਹੈ। ਇਸ ਮੰਗ ਦਾ ਅਰਥ ਹੈ ਕਿ ਇਸ ਸ਼ਹਿਰ ਚ ਵਸਦੇ ਸਭਨਾ ਲੋਕਾਂ ਲਈ (ਜਿੰਨ੍ਹਾਂ ਚ ਗੈਰ-ਸਿੱਖ ਵਸੋਂ ਵੀ ਸ਼ਾਮਲ ਹੈ) ਉਨ੍ਹਾਂ ਵਸਤਾਂ ਦੀ ਵਰਤੋਂ ਤੇ ਕਾਨੂੰਨੀ ਪਾਬੰਦੀ ਲਾ ਦਿੱਤੀ ਜਾਵੇ ਜਿਸ ਦੀ ਸਿੱਖ ਧਰਮ ਮਨਾਹੀ ਕਰਦਾ ਹੈ। ਇਹ ਗੱਲ ਸਮਝ ਆ ਸਕਦੀ ਹੈ ਕਿ ਸ਼ਹਿਰ ਦੇ ਗੁਰਦੁਆਰਿਆਂ ਦੇ ਐਨ ਨੇੜਿਉਂ ਅਜਹੀਆਂ ਚੀਜਾਂ ਦੀ ਵਰਤੋਂ ਅਤੇ ਵਿਕਰੀ ਦੀ ਮਨਾਹੀ ਕਰ ਦਿੱਤੀ ਜਾਵੇ ਤਾਂ ਜੋ ਸਿੱਖ ਮਰਿਆਦਾਵਾਂ ਦਾ ਉਲੰਘਣ ਨਾ ਹੋਵੇ। ਪਰ ਸਮੁੱਚੇ ਸ਼ਹਿਰ ਦੀ ਸਾਰੀ ਗੈਰ-ਸਿੱਖ ਵਸੋਂ ਲਈ ਅਜਿਹੀ ਮਨਾਹੀ ਗੈਰ-ਸਿੱਖ ਵਸੋਂ ਦੀਆਂ ਵਿਅਕਤੀਗਤ ਆਜਾਦੀਆਂ ਤੇ ਧਾੜੇ ਦਾ ਮਾਮਲਾ ਬਣਦਾ ਹੈ।

ਇਸ ਮੰਗ ਦੇ ਪੱਖ ਵਿਚ ਇੱਕ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਸਰਕਾਰ ਨੇ ਪਹਿਲਾਂ ਹੀ ਹਿੰਦੂ ਧਾਰਮਕ ਅਸਥਾਨਾਂ ਵਾਲੇ ਸ਼ਹਿਰਾਂ ਨੂੰ ਪਵਿੱਤਰ ਕਰਾਰ ਦਿੱਤਾ ਹੋਇਆ ਹੈ। ਇਸ ਕਰਕੇ ਸਿੱਖਾਂ ਦੇ ਧਰਮ ਅਸਥਾਨ ਹਰਮੰਦਰ ਸਾਹਿਬ ਦੀ ਹੋਂਦ ਕਰਕੇ ਜਾਣੇ ਜਾਂਦੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਕਰਾਰ ਨਾ ਦੇਣਾ ਸਿੱਖਾਂ ਨਾਲ ਵਿਤਕਰੇ ਦਾ ਮਾਮਲਾ ਬਣਦਾ ਹੈ। ਜੇ ਪਲ ਦੀ ਪਲ ਇਹ ਗੱਲ ਸਹੀ ਮੰਨ ਵੀ ਲਈ ਜਾਵੇ ਕਿ ਮੁਲਕ ਚ ਕੁੱਝ ਹੋਰ ਸ਼ਹਿਰ ਕਾਨੂੰਨਨ ਪਵਿੱਤਰ ਕਰਾਰ ਦਿੱਤੇ ਹੋਏ ਹਨ ਤਾਂ ਇਹ ਗੈਰ-ਧਾਰਮਕ ਲੋਕਾਂ ਦੀ ਵਿਅਕਤੀਗਤ ਅਜਾਦੀ ਤੇ ਧਾੜੇ ਦੇ ਮਾਮਲੇ ਬਣਦੇ ਹਨ। ਹੋਰ ਸ਼ਹਿਰਾਂ ਨੂੰ ਕਿਸੇ ਹੋਰ ਧਰਮ ਦੇ ਪੈਂਤੜੇ ਤੋਂ ਪਵਿੱਤਰ ਕਰਾਰ ਦੁਆਉਣਾ ਇਸ ਵਿਤਕਰੇ ਨੂੰ ਦੂਰ ਕਰਾਉਣ ਦੀ ਬਜਾਏ ਇਸ ਚ ਵਾਧਾ ਕਰਨਾ ਹੈ। ਸਿੱਖ ਧਾਰਮਕ ਪੈਮਾਨੇ ਮੁਤਾਬਕ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਕਰਾਰ ਦੇਣ ਦੇ ਅਮਲੀ ਅਰਥ ਕੀ ਬਣਦੇ ਹਨ? ਇਸ ਦਾ ਅਰਥ ਇਹ ਹੈ ਕਿ ਕਿਸੇ ਸਾਧਾਰਨ ਬੰਦੇ ਲਈ ਘਰ ਦੇ ਅੰਦਰ ਬੈਠ ਕੇ ਵੀ ਸਿਗਰਟ ਪੀਣ ਦੀ ਮਨਾਹੀ- ਪਰ ਨਹਿੰਗ ਸਿੰਘਾਂ ਲਈ ਗੁਰਦੁਆਰਿਆਂ ਦੇ ਅੰਦਰ ਵੀ ਤੇ ਬਾਹਰ ਵੀ ਸੁੱਖਾ ਘੋਟ ਘੋਟ ਪੀਣ ਦੀ ਆਜਾਦੀ। ਹਰ ਅਜਿਹੇ ਸਥਾਨ ਤੇ ਵੱਖ ਵੱਖ ਧਾਰਮਕ ਜਾਂ ਗੈਰ-ਧਾਰਮਕ ਵਿਸ਼ਵਾਸ਼ਾਂ ਵਾਲੇ ਲੋਕ ਇਕੱਠੇ ਵਸਦੇ ਹਨ। ਸਭਨਾਂ ਉਤੇ ਕਿਸੇ ਵਿਸ਼ੇਸ਼ ਧਰਮ ਦੇ ਵਿਸ਼ਵਾਸ਼ਾਂ ਮੁਤਾਬਕ ਚੱਲਣ ਲਈ ਦਬਾਅ ਪਾਉਣ ਖਾਤਰ ਕਾਨੂੰਨ ਦੀ ਵਰਤੋਂ ਸਰਾਸਰ ਧੱਕੇਸ਼ਾਹੀ ਅਤੇ ਵਿਤਕਰੇ ਦਾ ਮਾਮਲਾ ਬਣਦਾ ਹੈ। ਖਰੀਆਂ ਜਮਹੂਰੀ ਸ਼ਕਤੀਆਂ ਨੂੰ ਕਿਤੇ ਵੀ ਇਉਂ ਕੀਤੇ ਜਾਣ ਦਾ ਵਿਰੋਧ ਕਰਨਾ ਚਾਹੀਦਾ ਹੈ।

ਪਰ ਸਾਡੀ ਜਾਣਕਾਰੀ ਮੁਤਾਬਕ ਇਹ ਗੱਲ ਤੱਥ ਪੱਖੋਂ ਵੀ ਗਲਤ ਹੈ ਕਿ ਮੁਲਕ ਦੇ ਕੁੱਝ ਸ਼ਹਿਰ ਕਨੂੰਨੀ ਪੱਧਰ ਤੇ ਪਵਿੱਤਰ ਕਰਾਰ ਦਿੱਤੇ ਹੋਏ ਹਨ। ਕੁੱਝ ਸ਼ਹਿਰਾਂ ਚ ਸਮਾਜਕ ਤੌਰ ਤੇ ਪ੍ਰਵਾਨਤ ਚੱਲੇ ਆ ਰਹੇ ਕੁੱਝ ਨਿਯਮ ਜਰੂਰ ਹਨ ਜਿੰਨ੍ਹਾਂ ਦਾ ਇਹਨਾਂ ਸ਼ਹਿਰਾਂ ਦੀ ਵਸੋਂ ਪਾਲਣ ਕਰਦੀ ਹੈ। ਇਸ ਕਰਕੇ ਇਹ ਕਾਨੂੰਨੀ ਪੱਧਰ ਤੇ ਸਿੱਖਾਂ ਜਾਂ ਕਿਸੇ ਹੋਰ ਧਾਰਮਕ ਘੱਟ ਗਿਣਤੀ ਨਾਲ ਵਿਤਕਰੇ ਦਾ ਮਾਮਲਾ ਨਹੀਂ ਬਣਦਾ ਜਿਵੇਂ ਕਿ ਫਿਰਕੂ ਸਿੱਖ ਜਨੂੰਨੀ ਮਾਮਲੇ ਨੂੰ ਪੇਸ਼ ਕਰਦੇ ਹਨ। ਉਪਰੋਕਤ ਕਿਸਮ ਦੇ ਨਿਯਮ ਵੀ ਜਿੱਥੇ ਕਿਤੇ ਵਸੋਂ ਦੇ ਕਿਸੇ ਹਿੱਸੇ ਦੀ ਮਰਜੀ ਦੇ ਖਿਲਾਫ ਮੜ੍ਹੇ ਜਾਂਦੇ ਹਨ, ਗੈਰ-ਵਾਜਬ ਬਣਦੇ ਹਨ ਅਤੇ ਜਮਹੂਰੀ ਸ਼ਕਤੀਆਂ ਲਈ ਅਜਿਹੀਆਂ ਗੈਰਜਮਹੂਰੀ ਰਵਾਇਤਾਂ ਦੇ ਕਾਨੂੰਨੀਕਰਨ ਦੀ ਮੰਗ ਕਰਨ ਦੀ ਬਜਾਏ ਇਨ੍ਹਾਂ ਦੇ ਖਾਤਮੇ ਦੀ ਮੰਗ ਕਰਨੀ ਬਣਦੀ ਹੈ। ਪਰ ਇਹ ਗੱਲ ਨਿਰਾ ਬਕਵਾਸ ਹੀ ਹੈ ਕਿ ਸਿਰਫ ਹਿੰਦੂ ਫਿਰਕਾ ਹੀ ਆਪਣੇ ਧਾਰਮਕ ਵਿਸ਼ਵਾਸ਼ ਅਤੇ ਰਹੁ-ਰੀਤਾਂ, ਕਾਨੂੰਨੀ ਜਾਂ ਸਮਾਜਕ ਤੌਰ ਤੇ, ਹੋਰਨਾ ਉਪਰ ਮੜ੍ਹਨ ਦੀ ਹਾਲਤ ਚ ਹੈ। ਹੋਰਨਾਂ ਫਿਰਕਿਆਂ ਵੱਲੋਂ ਵੀ ਅਜਿਹਾ ਕਰਨ ਦੀਆਂ ਮਿਸਾਲਾਂ ਮੌਜੂਦ ਹਨ। ਪੰਜਾਬ ਚ ਮਲੇਰਕੋਟਲਾ ਸ਼ਹਿਰ ਅੰਦਰ ਮੁਸਲਿਮ ਧਰਮ ਚ ਵਰਜਤ ਕਰਾਰ ਦਿੱਤੇ ਸੂਰ ਦੇ ਮਾਸ ਦੀ ਵਿਕਰੀ ਅਤੇ ਵਰਤੋਂ ਸਮਾਜਕ ਪੱਧਰ ਤੇ ਬੰਦ ਹੈ। ਇਸ ਸ਼ਹਿਰ ਦੀ ਮਿਸਾਲ ਤੋਂ ਹੀ ਇਹ ਗੱਲ ਸਮਝ ਆ ਸਕਦੀ ਹੈ ਕਿ ਕਿਸੇ ਇੱਕ ਫਿਰਕੇ ਵੱਲੋਂ ਆਪਣੇ ਧਾਰਮਕ ਵਿਸ਼ਵਾਸ਼ ਅਤੇ ਰਹੁ ਰੀਤਾਂ ਸਾਰੀ ਸਮਾਜਕ ਵਸੋਂ ਤੇ ਮੜ੍ਹਨ ਦੀ ਕੋਸ਼ਿਸ਼ ਕਿਹੋ ਜਿਹੀਆਂ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਸ ਸ਼ਹਿਰ ਅੰਦਰ ਜੈਨ ਧਰਮ ਨੂੰ ਮੰਨਣ ਵਾਲੇ ਲੋਕ ਵੀ ਵਸਦੇ ਹਨ ਜਿਹੜੇ ਜੀਵ ਹੱਤਿਆ ਨੂੰ ਪਾਪ ਸਮਝਦੇ ਹਨ ਅਤੇ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਲੋਕ ਵੀ ਜਿਹੜੇ ਆਪਣੇ ਤਿਉਹਾਰਾਂ ਸਮੇਂ ਈਦਗਾਹਾਂ ਤੇ ਬੱਕਰਿਆਂ ਦੀ ਬਲੀ ਦਿੰਦੇ ਹਨ। ਜੇ ਜੈਨ ਧਰਮ ਦੇ ਲੋਕਾਂ ਦੀ ਮੰਗ ਤੇ, ਸ਼ਹਿਰ ਨੂੰ ਉਹਨਾਂ ਦੇ ਪੈਮਾਨੇ ਮੁਤਾਬਕ ‘‘ਪਵਿੱਤਰ’’ ਬਣਾਉਣ ਲਈ ਕਸਬੇ ਚ ਜੀਵ ਹੱਤਿਆ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਜਾਂਦੀ ਹੈ ਤਾਂ ਮੁਸਲਮ ਧਰਮ ਦੇ ਲੋਕਾਂ ਲਈ ਆਪਣੀ ਉਪਰੋਕਤ ਧਾਰਮਕ ਰੀਤ ਦਾ ਪਾਲਣ ਅਸੰਭਵ ਹੋ ਜਾਵੇਗਾ। ਅਜਿਹੀ ਹਾਲਤ ਚ ਕਿਸੇ ਫਿਰਕੇ ਵੱਲੋਂ ਵੀ ਆਪਣੇ ਵਿਸ਼ਵਾਸ਼ ਲਾਗੂ ਕਰਨ ਦੀ ਅੜੀ ਦਾ ਨਤਜਾ ਫਿਰਕੂ ਫਸਾਦਾਂ ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦਾ। ਇਸ ਕਰਕੇ ਦਰੁਸਤ ਅਤੇ ਖਰੀ ਜਮਹੂਰੀ ਮੰਗ ਇਹ ਬਣਦੀ ਹੈ ਕਿ ਸਭਨੀ ਥਾਈਂ, ਸਭਨਾਂ ਲਈ ਹੋਰਨਾਂ ਦੇ ਵਿਸ਼ਵਾਸ਼ ਤੇ ਰਹੁ-ਰੀਤਾਂ ਚ ਦਖਲ ਦਿੱਤੇ ਬਗੈਰ ਅਤੇ ਉਨ੍ਹਾਂ ਨੂੰ ਠੇਸ ਪਹੁੰਚਾਏ ਬਗੈਰ ਆਪੋ ਆਪਣੇ ਵਿਸ਼ਵਾਸ਼ਾਂ/ਰਹੁ-ਰੀਤਾਂ ਦਾ ਪਾਲਣ ਕਰਨ ਦੇ ਹੱਕ ਦੀ ਗਰੰਟੀ ਕੀਤੀ ਜਾਵੇ। ਇਹਦੇ ਚੋਂ  ਹੀ ਖਰੇ ਜਮਹੂਰੀ ਹਿੱਸਿਆਂ ਅਤੇ ਫਿਰਕੂ ਸਦਭਾਵਨਾ ਦੇ ਮੁਦਈਆਂ ਦਾ ਇਹ ਪੈਂਤੜਾ ਨਿੱਕਲਦਾ ਹੈ ਕਿ ਉਹ ਕਿਸੇ ਵੀ ਥਾਂ ਵਸੋਂ ਦੇ ਕਿਸੇ ਵੀ ਹਿੱਸੇ ਦੀ ਮਰਜੀ ਦੇ ਖਿਲਾਫ ਕਿਸੇ ਵਿਸ਼ੇਸ਼ ਫਿਰਕੇ ਦਾ ਜਿਉਣ ਢੰਗ ਠੋਸਣ ਦਾ ਵਿਰੋਧ ਕਰਨ। ਪਰ ਪੈਗਾਮ-ਪੰਥੀਆਂ ਵੱਲੋਂ ਉਲਟੀ ਗੰਗਾ ਵਹਾਉਂਦਿਆਂ ਅਜਿਹੇ ਅਮਲ ਨੂੰ ਕਾਨੂੰਨੀ ਦਰਜਾ ਦੁਆਉਣ ਦੀ ਮੰਗ ਦੀ ਹਮਾਇਤ ਕਰਕੇ ਨਾ ਸਿਰਫ ਧਾਰਮਕ ਧੱਕੜਸ਼ਾਹੀ ਦਾ ਪੱਖ ਪੂਰਿਆ ਜਾ ਰਿਹਾ ਹੈ ਸਗੋਂ ਫਿਰਕੂ ਸਦਭਾਵਨਾ ਦੇ ਜੜ੍ਹੀਂ ਤੇਲ ਦੇਣ ਚ ਹੱਥ ਵਟਾਇਆ ਜਾ ਰਿਹਾ ਹੈ।

ਧਰਮ-ਯੁੱਧ ਮੋਰਚੇ ਦੀ ਅਗਲੀ ਅਹਿਮ ਧਾਰਮਕ ਮੰਗ ਹਵਾਈ ਸਫਰ ਸਮੇਂ ਸਿੱਖਾਂ ਲਈ ਕਿਰਪਾਨ ਪਹਿਨਣ ਦੀ ਆਜਾਦੀ ਬਾਰੇ ਸੀ । ਜੇ ਕਿਰਪਾਨ ਨੂੰ ਸਿਰਫ ਧਾਰਮਕ ਚਿੰਨ੍ਹ ਮਾਤਰ ਪਹਿਨਣ ਦੀ ਮੰਗ ਹੋ ਰਹੀ ਹੋਵੇ ਤਾਂ ਇਹ ਵਾਜਬ ਬਣਦੀ ਹੈ। ਪਰ ਫਿਰਕੂ ਸਿੱਖ ਲੀਡਰਸ਼ਿੱਪ ਵੱਲੋਂ ਉਠਾਈ ਮੰਗ ਇੱਕ ਧਾਰਮਕ ਚਿੰਨ੍ਹ ਵਜੋਂ ਕਿਰਪਾਨ ਪਹਿਨਣ ਦੀ ਮੰਗ ਨਹੀਂ ਸੀ। ਕਿਉਂ ਜੋ ਰੌਲੇ ਦਾ ਮੁੱਦਾ ਇਹ ਸੀ ਕਿ ਇਸ ਕਿਰਪਾਨ ਦਾ ਸਾਈਜ ਕਿੱਡਾ ਹੋਵੇ ਜਦੋਂ ਕਿ ਸਿੱਖ ਧਾਰਮਕ ਰਵਾਇਤਾਂ ਮੁਤਾਬਕ ਧਾਰਮਕ ਚਿੰਨ੍ਹ ਵਜੋਂ ਪਹਿਨੀ ਜਾਣ ਵਾਲੀ ਕਿਰਪਾਨ ਦਾ ਕੋਈ ਵਿਸ਼ੇਸ਼ ਸਾਈਜ਼ ਹੋਣਾ ਉੱਕਾ ਹੀ ਜਰੂਰੀ ਨਹੀਂ ਹੈ। ਇਸ ਕਰਕੇ ਇਹ ਮੰਗ ਇਕ ਵਿਸ਼ੇਸ਼ ਫਿਰਕੇ ਲਈ ਇੱਕ ਵਿਸ਼ੇਸ਼ ਹਥਿਆਰ ਲੈ ਕੇ ਹਵਾਈ ਸਫਰ ਕਰਨ ਦੀ ਮੰਗ ਬਣਦੀ ਹੈ। ਇਹ ਗੈਰ-ਸਿੱਖ ਧਾਰਮਕ ਫਿਰਕਿਆਂ ਦੇ ਮੁਕਾਬਲੇ ਵਿਸ਼ੇਸ਼ ਅਧਿਕਾਰ ਦੀ ਮੰਗ ਹੈ ਕਿਉਂਕਿ ਹਵਾਈ ਸਫਰ ਦੌਰਾਨ ਨਾ ਹਿੰਦੂਆਂ ਨੂੰ ਤ੍ਰਿਸ਼ੂਲ ਨਾਲ ਰੱਖਣ ਦੀ ਇਜਾਜ਼ਤ ਹੈ ਅਤੇ ਨਾ ਮੁਸਲਮਾਨਾਂ ਨੂੰ ਨੇਜਾ ਰੱਖਣ ਦੀ। ਪਰ ਜੇ ਇਹਨਾਂ ਸਭਨਾਂ ਨੂੰ ਵੀ ਆਪਣੇ ਆਪਣੇ ਧਾਰਮਕ ਚਿੰਨ੍ਹਾਂ ਦੇ ਨਾਂ ਹੇਠ ਲੰਮੇਂ ਲੰਮੇ ਹਥਿਆਰ ਲੈ ਕੇ ਚੱਲਣ ਦਾ ਹੱਕ ਮਿਲ ਜਾਂਦਾ ਹੈ ਤਾਂ ਕੀ ਇਹ ਜੈਨੀ, ਬੋਧੀ ਜਾਂ ਨਾਸਤਕ ਲੋਕਾਂ ਨਾਲ ਸਰਾਸਰ ਵਿਤਕਰਾ ਨਹੀਂ ਹੋਵੇਗਾ ਜਿੰਨ੍ਹਾਂ ਲਈ ਹਵਾਈ ਸਫਰ ਦੌਰਾਨ ਕੋਈ ਵੀ ਹਥਿਆਰ ਚੁੱਕਣਾ ਕਾਨੂੰਨਨ ਵਰਜਤ ਹੈ।
ਜੇ ਲੋਕਾਂ ਦੀ ਸਵੈ-ਰੱਖਿਆ ਦੀ ਦ੍ਰਿਸ਼ਟੀ ਤੋਂ ਗੱਲ ਕਰਨੀ ਹੋਵੇ ਤਾਂ ਅੱਜ ਬਿਨਾਂ ਕਿਸੇ ਭੇਦ ਭਾਵ ਦੇ ਸਭਨਾ ਲੋਕਾਂ ਖਾਤਰ ਸਵੈ-ਰੱਖਿਆ ਲਈ ਹਥਿਆਰ ਰੱਖਣ ਦੇ ਹੱਕ ਦੀ ਮੰਗ ਇੱਕ ਅਹਿਮ ਤੇ ਜਮਹੂਰੀ ਮੰਗ ਬਣਦੀ ਹੈ। ਪਰ ਹਾਲਤ ਇਹ ਹੈ ਕਿ ਲੋਕਾਂ ਲਈ ਪ੍ਰਤੱਖ ਖਤਰਾ ਬਣੇ ਵੱਖ ਵੱਖ ਵੰਨਗੀ ਦੇ ਫਿਰਕੂ ਜਨੂੰਨੀ ਗਰੋਹ ਤਾਂ ਧਰਮ ਦੇ ਨਾਂ ਹੇਠ (ਬਰਛੇ, ਤ੍ਰਿਸ਼ੂਲ, ਕਿਰਪਾਨਾਂ ਆਦਿਕ) ਹਥਿਆਰ ਰੱਖਣ ਦੀ ਕਾਨੂੰਨੀ ਆਜਾਦੀ ਮਾਣ ਰਹੇ ਹਨ ਜਦੋਂ ਕਿ ਸਾਧਾਰਨ ਵਿਅਕਤੀ ਦਾ ਅਜਿਹੇ ਹਥਿਆਰ ਲੈ ਕੇ ਚੱਲਣਾ ਵਰਜਿਤ ਹੈ। ਹੁਣ ਫਿਰਕੂ ਸਿੱਖ ਲੀਡਰਸ਼ਿੱਪ ਇਸ ਕਾਨੂੰਨੀ ਵਿਤਕਰੇ ਦਾ ਘੇਰਾ ਹਵਾਈ ਸਫਰ ਦੇ ਖੇਤਰ ਤੱਕ ਵਧਾਉਣਾ ਚਾਹੁੰਦੀ ਹੈ। ਹੋਰਨਾਂ ਖਾਤਰ ਸਵੈ ਰੱਖਿਆ ਲਈ ਸੋਟੀ ਦਾ ਹੱਕ ਵੀ ਤਸਲੀਮ ਕੀਤੇ ਬਗੈਰ ਇੱਕ ਵਿਸ਼ੇਸ਼ ਫਿਰਕੇ ਲਈ ਹਥਿਆਰ ਲੈ ਕੇ ਹਵਾਈ ਸਫਰ ਕਰਨ ਦੇ ਵਿਸ਼ੇਸ਼ ਹੱਕ ਦੀ ਇਹ ਮੰਗ ਧਰਮ ਹੰਕਾਰ  ਚੋਂ ਨਿੱਕਲੀ ਫਿਰਕੂ ਸ਼ਾਵਨਵਾਦੀ ਮੰਗ ਹੈ। ਇਹ ਵਿਤਕਰਾ ਦੂਰ ਕਰਾਉਣ ਦੀ ਨਹੀਂ ਸਗੋਂ ਗੈਰ-ਸਿੱਖਾਂ ਖਾਸ ਕਰਕੇ ਗੈਰ-ਧਾਰਮਕ ਲੋਕਾਂ ਨਾਲ ਇਸ ਮਾਮਲੇ ਚ ਪਹਿਲਾਂ ਹੀ ਹੋ ਰਹੇ ਵਿਤਕਰੇ ਦਾ ਘੇਰਾ ਵਧਾਉਣ ਦੀ ਮੰਗ ਹੈ।

ਅੰਮ੍ਰਿਤਸਰ ਐਕਸਪ੍ਰੈਸ ਰੇਲ ਗੱਡੀ ਦਾ ਨਾਂ ਗੋਲਡਨ ਟੈਂਪਲ ਐਕਸਪ੍ਰੈਸ ਰੱਖਣ ਦੀ ਇਕ ਹੋਰ ਮੰਗ ਵੀ ਧਰਮ-ਯੁੱਧ ਮੋਰਚੇ ਦੀ ਇਕ ਅਜਿਹੀ ਫਿਰਕੂ ਮੰਗ ਸੀ ਜਿਸਦੀ ਕੋਈ ਜਮਹੂਰੀ ਸੋਚਣੀ ਵਾਲਾ ਵਿਅਕਤੀ ਹਮਾਇਤ ਨਹੀਂ ਕਰ ਸਕਦਾ। ਗੱਡੀਆਂ ਬੱਸਾਂ ਜਾਂ ਹੋਰ ਪਬਲਿਕ ਸੰਸਥਾਵਾਂ ਅਤੇ ਅਦਾਰਿਆਂ ਦੇ ਨਾਂਵਾਂ ਰਾਹੀਂ ਧਾਰਮਕ ਰੰਗਤ ਦੇਣ ਦੀ ਕਿਸੇ ਮੰਗ ਦਾ ਕਿਸੇ ਫਿਰਕੇ ਦੀ ਧਾਰਮਕ ਆਜਾਦੀ ਨਾਲ ਕੋਈ ਸਬੰਧ ਨਹੀਂ ਬਣਦਾ। ਪਬਲਿਕ ਜੀਵਨ ਅੰਦਰ ਧਰਮ ਦਾ ਦਖਲ ਆਪਣੇ ਆਪ ਚ ਹੀ ਗੈਰ-ਜਮਹੂਰੀ ਹੈ ਕਿਉਂਕਿ ਇਸ ਨਾਲ ਹੋਰਨਾਂ ਤੇ ਕਿਸੇ ਵਿਸ਼ੇਸ਼ ਫਿਰਕੇ ਦੀਆਂ ਇਛਾਵਾਂ ਤੇ ਵਿਸ਼ਵਾਸ਼ ਠੋਸੇ ਜਾਂਦੇ ਹਨ। 
ਧਰਮ-ਯੁੱਧ ਮੋਰਚੇ ਦੀ ਇੱਕੋ ਇੱਕ ਮੰਗ ਜਿਸ ਨੂੰ ਵਾਜਬ ਤੇ ਧਾਰਮਕ ਮੰਗ ਕਿਹਾ ਜਾ ਸਕਦਾ ਹੈ, ਆਲ ਇੰਡੀਆਂ ਗੁਰਦੁਆਰਾ ਐਕਟ ਬਣਾਉਣ ਬਾਰੇ ਹੈ। ਪਰ ਤਾਂ ਵੀ ਇਹ ਕਿਸੇ ਹੋਰ ਫਿਰਕੇ ਦੀ ਹਮਾਇਤ ਜਾਂ ਹਿੱਤ ਚ ਸਿੱਖਾਂ ਨਾਲ ਹੋ ਰਹੇ ਵਿਤਕਰੇ ਦੀ ਮਿਸਾਲ ਨਹੀਂ ਬਣਦੀ। ਹਾਂ, ਵੱਖ ਵੱਖ ਸਿਆਸੀ ਧਿਰਾਂ ਵੱਲੋਂ ਆਪਣੇ ਸੌੜੇ ਸਿਆਸੀ ਮੰਤਵਾਂ ਕਰਕੇ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਅਤੇ ਸੇਵਾ ਸੰਭਾਲ ਚ ਬਣਦੇ ਦਖਲ ਅਤੇ ਪੁੱਗਤ ਤੋਂ ਵਾਂਝੇ ਰੱਖਣ ਦੀ ਮਿਸਾਲ ਜਰੂਰ ਬਣਦੀ ਹੈ। ਇਹ ਭਾਰਤੀ ਹਾਕਮਾਂ ਦਾ ਕਿਸੇ ਹੋਰ ਫਿਰਕੇ ਦੀ ਧਾਰਮਕ ਚੌਧਰ ਸਲਾਮਤ ਰੱਖਣ ਦਾ ਫਿਕਰ ਨਹੀਂ ਹੈ ਜੀਹਦੇ ਕਰਕੇ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਬਣਿਆ। ਇਹ ਅਕਾਲੀ ਸਿਆਸਤਦਾਨਾਂ ਅਤੇ ਕਾਂਗਰਸੀ ਸਿਆਸਤਦਾਨਾਂ ਦਰਮਿਆਨ ਗੁਰਦੁਆਰਿਆਂ ਦੀ ਮਾਨਤਾ ਅਤੇ ਵਸੀਲਿਆਂ ਨੂੰ ਆਪੋ ਆਪਣੇ ਹਿੱਤਾਂ ਲਈ ਵਰਤਣ ਦੀ ਦੌੜ ਹੈ ਜਿਹੜੀ ਇਸ ਦੇ ਰਾਹ ਚ ਵੱਡਾ ਅੜਿੱਕਾ ਬਣੀ ਹੋਈ ਹੈ। ਅਕਾਲੀ ਸਿਆਸਤਦਾਨਾਂ ਵੱਲੋਂ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਮੰਗ ਕਰਨ ਦੀ ਵਜ੍ਹਾ ਗੁਰਦੁਆਰਿਆਂ ਦੇ ਪ੍ਰਬੰਧ ਅੰਦਰ ਸਿੱਖ ਸ਼ਰਧਾਲੂਆਂ ਦੀ ਪੁੱਗਤ ਵਧਾਉਣ ਦਾ ਫਿਕਰ ਨਹੀਂ ਹੈ।  ਵੱਖ ਵੱਖ ਅਕਾਲੀ ਧੜਿਆਂ ਦਰਮਿਆਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜੇ ਲਈ ਹੁੰਦੀ ਕੁੱਕੜਖੋਹੀ ਕਿਸੇ ਨੂੰ ਭੁਲੇਖਾ ਨਹੀਂ ਰਹਿਣ ਦਿੰਦੀ ਕਿ ਗੁਰਦੁਆਰਿਆਂ ਦੇ ਵਸੀਲੇ ਤੇ ਮਾਨਤਾ ਉਨ੍ਹਾਂ ਦੇ ਸਿਆਸੀ ਹਿੱਤਾਂ ਲਈ ਮਹੱਤਵਪੂਰਨ ਹੈ। ਅਕਾਲੀ ਆਲ ਇੰਡੀਆ ਗੁਰਦੁਆਰਾ ਐਕਟ ਬਣਾ ਕੇ ਮੁਲਕ ਪੱਧਰ ਤੇ ਹੀ ਇਨ੍ਹਾਂ ਵਸੀਲਿਆਂ ਦੀ ਵਰਤੋਂ ਕਰਨ ਦੀ ਹਾਲਤ ਚ ਹੋਣਾ ਚਾਹੁੰਦੇ ਹਨ। ਕਾਂਗਰਸੀ ਹਾਕਮਾਂ ਦਾ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਸੰਸਥਾਵਾਂ ਅੰਦਰ ਦਖਲ ਅਤੇ ਪੁੱਗਤ ਮੁੱਖ ਤੌਰ ਤੇ ਪੰਜਾਬੋਂ ਬਾਹਰ ਹੈ। ਆਲ ਇੰਡੀਆ ਗੁਰਦੁਆਰਾ ਐਕਟ ਬਣਨ ਨਾਲ ਪੰਜਾਬ ਦੇ ਸਿੱਖ ਸ਼ਰਧਾਲੂਆਂ ਦੀਆਂ ਵੋਟਾਂ ਉਲਟ ਭੁਗਤਣ ਦੇ ਖਦਸ਼ੇ ਕਰਕੇ, ਉਨ੍ਹਾਂ ਨੂੰ ਇਸ ਦਖਲ ਅਤੇ ਪੁੱਗਤ ਲਈ ਖਤਰਾ ਖੜ੍ਹਾ ਹੁੰਦਾ ਲਗਦਾ ਹੈ। ਸੋ ਇਹ ਕਾਂਗਰਸੀ ਅਕਾਲੀ ਸਿਆਸਤਦਾਨਾਂ ਵੱਲੋਂ ਸਿੱਖ ਸੰਸਥਾਵਾਂ ਨੂੰ ਆਪੋ ਆਪਣੇ ਚੌਧਰ ਹਿਤਾਂ ਲਈ ਨਿੱਜੀ ਜਾਇਦਾਦ ਵਾਂਗ ਵਰਤਣ ਦਾ ਲਾਲਚ ਹੈ ਜਿਹੜਾ ਉਹਨਾਂ ਵੱਲੋਂ ਆਲ ਇੰਡੀਆ ਗੁਰਦੁਆਰਾ ਐਕਟ ਦੇ ਵਿਰੁੱਧ  ਜਾਂ ਹਮਾਇਤ ਨੂੰ ਨਿਰਧਾਰਤ ਕਰਦਾ ਹੈ। ਉਂਝ ਇਹ ਦੋਵੇਂ ਧਾਰਮਕ ਸਥਾਨਾਂ ਦੇ ਪ੍ਰਬੰਧ ਦੇ ਮਾਮਲੇ ਚ ਸਿੱਖ ਸ਼ਰਧਾਲੂਆਂ ਦੀ ਹਕੀਕੀ ਪੁੱਗਤ ਦੇ ਵੈਰੀ ਹਨ, ਉਨ੍ਹਾਂ ਦੇ ਜਜਬਾਤਾਂ ਇਛਾਵਾਂ ਦੀ ਉੱਕਾ ਹੀ ਪ੍ਰਵਾਹ ਕੀਤੇ ਬਗੈਰ ਚੰਮ ਦੀਆਂ ਚਲਾਉਂਦੇ ਹਨ ਅਤੇ ਇਨ੍ਹਾਂ ਪ੍ਰਬੰਧਕੀ ਸੰਸਥਾਵਾਂ ਤੇ ਕਾਬਜ ਰਹਿਣ ਲਈ ਹਰ ਜਾਇਜ਼ ਨਜਾਇਜ਼ ਹੱਥਕੰਡਾ ਵਰਤਦੇ ਹਨ। ਇਸ ਕਰਕੇ ਜਿੰਨਾ ਚਿਰ ਗੁਰਦੁਆਰਿਆਂ ਨੂੰ ਸਿਆਸੀ ਸਰਗਰਮੀਆਂ ਦਾ ਅਖਾੜਾ ਬਣਾਇਆ ਜਾਵੇਗਾ, ਇਨ੍ਹਾਂ ਦੇ ਮਾਮਲਿਆਂ ਚ ਸਿੱਖ ਸ਼ਰਧਾਲੂਆਂ ਦੀ ਬਜਾਏ ਸਿਆਸਤਦਾਨਾਂ ਦੀ ਪੁੱਗਤ ਬਣੀ ਰਹਿਣੀ ਹੈ। ਇਸ ਕਰਕੇ ਗੁਰਦੁਆਰਿਆਂ ਨੂੰ ਸਿਆਸੀ ਅਖਾੜਿਆਂ ਵਜੋਂ ਵਰਤਣ ਦਾ ਵਿਰੋਧ ਕੀਤੇ ਬਗੈਰ ਇਨ੍ਹਾਂ ਦੋ ਮਸਲਿਆਂ ਤੋਂ ਸਿਆਸਤਦਾਨਾਂ ਦਾ ਜੱਫਾ ਤੋੜਨ ਲਈ ਸਿੱਖ ਸ਼ਰਧਾਲੂਆਂ ਦੀ ਤਕੜੀ ਲਹਿਰ ਦੀ ਅਣਹੋਂਦ ਦੀ ਹਾਲਤ ਚ ਆਲ ਇੰਡੀਆ ਗੁਰਦੁਆਰਾ ਐਕਟ ਦੀ ਹਮੈਤ ਜਾਂ ਵਿਰੋਧ ਇੱਕ ਜਾਂ ਦੂਜੀ ਧਿਰ ਦੇ ਹਿੱਤ ਪੂਰੇਗਾ।

ਉਪਰੋਕਤ ਚਰਚਾ ਸਪੱਸ਼ਟ ਕਰਦੀ ਹੈ ਕਿ ਫਿਰਕੂ ਸਿੱਖ ਲੀਡਰਸ਼ਿੱਪ ਦੀਆਂ ਇਹ ਮੰਗਾਂ ਹੋਰਨਾਂ ਸਮਾਜਕ ਸਮੂਹਾਂ ਨੂੰ ਇਸ ਫਿਰਕੇ ਦੀ ਧੌਂਸ ਹੇਠ ਲਿਆਉਣ ਦੀਆਂ ਮੰਗਾਂ ਹੀ ਬਣਦੀਆਂ ਹਨ। ਅਜਿਹਾ ਹੋਣਾ ਕੋਈ ਓਪਰੀ ਗੱਲ ਨਹੀਂ ਹੈ। ਕਿਉਂਕਿ ਜਿਸ ਯੁੱਧਨੀਤਕ ਉਦੇਸ਼ ਦੇ ਅੰਗ ਵਜੋਂ ਇਹ ਫੌਰੀ ਮੰਗਾਂ ਉਭਾਰੀਆਂ ਹਨ-ਇਹ ਸਿੱਖਾਂ ਲਈ ਬਰਾਬਰੀ ਦਾ ਦਰਜਾ ਹਾਲਸ ਕਰਨ ਦਾ ਉਦੇਸ਼ ਨਹੀਂ ਹੈ, ਐਲਾਨੀਆ ‘‘ਭਾਰਤ ਦੇ ਇਸ ਖਿੱਤੇ ਅੰਦਰ’’ ਸਿੱਖਾਂ ਦੀ ਵਿਸ਼ੇਸ਼ ਹੈਸੀਅਤ ਸਥਾਪਤ ਕਰਨ ਦਾ ਉਦੇਸ਼ ਹੈ ਜਿਸ ਨੂੰ ਅਨੰਦਪੁਰ ਦੇ ਮਤੇ ਅੰਦਰ ‘‘ਖਾਲਸਾ ਜੀ ਕਾ ਬੋਲਬਾਲਾ’’ ਕਹਿ ਕੇ ਦਰਜ ਕੀਤਾ ਗਿਆ ਹੈ। ਇਸ ਗੱਲ ਤੋਂ ਕੋਈ ਬੁਧੂ ਹੀ ਅਣਜਾਣ ਹੋ ਸਕਦਾ ਹੈ ਕਿ ਕਿਸੇ ਧਾਰਮਕ ਫਿਰਕੇ ਵੱਲੋਂ ਫਿਰਕਿਆਂ ਦੇ ਬਰਾਬਰ ਦਾ ਰੁਤਬਾ ਹਾਸਲ ਕਰਨ ਲਈ ਜੱਦੋਜਹਿਦ ਅਤੇ ਕਿਸੇ ਫਿਰਕੇ ਦੀ ਵਿਸ਼ੇਸ਼ ਉੱਚ, ਹੈਸੀਅਤ ਤੇ ਬੋਲਬਾਲਾ ਸਥਾਪਤ ਕਰਨ ਦੀ ਜੱਦੋਜਹਿਦ ਚ ਜਮੀਨ ਅਸਮਾਨ ਦਾ ਫਰਕ ਹੈ। ਫਿਰਕੂ ਸਿੱਖ ਲੀਡਰਸ਼ਿੱਪ ਵੱਲੋਂ ਗੱਜ ਵੱਜ ਕੇ ਐਲਾਨਿਆ ਉਪਰੋਕਤ ਉਦੇਸ਼ ਗੈਰ ਸਿੱਖ ਵਸੋਂ ਨੂੰ ਐਲਾਨੀਆ ਹੇਠਲੇ ਦਰਜੇ ਦੇ ਸ਼ਹਿਰੀ ਬਣਾਉਣ ਦਾ, ਉਨ੍ਹਾਂ ਦੇ ਗਲ ਸਿੱਖ ਗੁਲਾਮੀ ਦਾ ਪਟਾ ਪਾਉਣ ਦਾ ਉਦੇਸ਼ ਹੈ।

ਕੀ ਪੰਜਾਬ ਦੇ ਭਾਸ਼ਾਈ ਪੁਨਰਗਠਨ ਚ ਦੇਰੀ  

‘‘ਸਿੱਖ ਫੈਕਟਰ’’ ਕਰਕੇ ਹੋਈ ?

ਪੈਗਾਮ ਪੰਥੀਏ ਪੰਜਾਬ ਦੇ ਪੁਨਰਗਠਨ ਚ ਹੋਈ ਦੇਰੀ ਨੂੰ ਸਿੱਖਾਂ ਨਾਲ ਵਿਤਕਰੇ ਦੇ ਇੱਕ ਵੱਡੇ ਸਬੂਤ ਵਜੋਂ ਪੇਸ਼ ਕਰਦੇ ਹਨ। ਅਤੇ ਇਸ ਖਾਤਰ ਜੱਦੋਜਹਿਦ ਸਮੇ ਹੋਏ ਤਸ਼ੱਦਦ ਦੀ ਵਜ੍ਹਾ ‘‘ਸਿੱਖ ਫੈਕਟਰ’’ ਦਸਦੇ ਹਨ। ਉਹ ਇਹ ਗੱਪ ਰੋੜ੍ਹਦੇ ਹਨ ਕਿ ਹੋਰਨਾਂ ਸੂਬਿਆਂ ਦੀਆਂ ਭਾਸ਼ਾਈ ਪੁਨਰਗਠਨ ਲਈ ਜੱਦੋਜਹਿਦਾਂ ਤੇ ਕੋਈ ਤਸ਼ੱਦਦ ਨਹੀਂ ਹੋਇਆ, ਬਲਕਿ ਉਨ੍ਹਾਂ ਨੂੰ ਕੋਈ ਜੱਦੋਜਹਿਦ ਕਰਨੀ ਹੀ ਨਹੀਂ ਪਈ। ਸਗੋਂ ‘‘ਹੋਰ ਸੂਬੇ ਥੋੜੇ ਬਹੁਤ ਰੌਲੇ ਵਿਆਖਿਆ ਤੋਂ ਬਾਅਦ ਹੋਂਦ ਚ ਆਏ।’’
ਪਰ ਤੱਥ ਇਹ ਹਨ ਕਿ ਨਾ ਸਿਰਫ ਹੋਰਨਾ ਸੂਬਿਆਂ ਦੇ ਲੋਕਾਂ ਨੂੰ ਭਾਸ਼ਾਈ ਪੁਨਰਗਠਨ ਲਈ ਲੰਮੀਆਂ ਜੱਦੋਜਹਿਦਾਂ ਲੜਨੀਆਂ ਪਈਆਂ ਸਗੋਂ ਪੰਜਾਬ ਦੇ ਲੋਕਾਂ ਨਾਲੋਂ ਵਧੇਰੇ ਸਬਰ ਹੰਢਾਉਣਾ ਪਿਆ। ਆਂਧਰਾ ਪ੍ਰਦੇਸ ਅਤੇ ਮਹਾਂਰਾਸ਼ਟਰ ਦੇ ਲੋਕਾਂ ਦੀਆਂ ਜੱਦੋਜਹਿਦਾਂ ਇਸ ਦੀਆਂ ਉੱਘੜਵੀਆਂ ਮਿਸਾਲਾਂ ਹਨ। ਆਂਧਰਾ ਪ੍ਰਦੇਸ ਚ ਗ੍ਰਿਫਤਾਰੀਆਂ ਤੇ ਤਸ਼ੱਦਦ ਦੇ ਲੰਮੇ ਦੌਰ ਤੋਂ ਇਲਾਵਾ ਇੱਕ ਆਗੂ (ਰਮਾਲੂ) ਨੇ ਲੰਮੇ ਮਰਨ ਵਰਤ ਮਗਰੋਂ ਸ਼ਹਾਦਤ ਪਾਈ ਅਤੇ ਮਹਾਂਰਾਸ਼ਟਰ 100 ਦੇ ਕਰੀਬ ਪੁਲਿਸ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ। ਜੇ ਭਾਸ਼ਾਈ ਪੁਨਰਗਠਨ ਲਈ ਪੰਜਾਬ ਦੇ ਲੋਕਾਂ ਦੀ ਜੱਦੋਜਹਿਦ ਤੇ ਤਸ਼ੱਦਦ ਦੀ ਵਜ੍ਹਾ ‘‘ਸਿੱਖ ਫੈਕਟਰ’’ ਹੀ ਸੀ ਤਾਂ ਹੋਰਨਾਂ ਸੂਬਿਆਂ ਦੀਆਂ ਭਾਸ਼ਾਈ ਪੁਨਰਗਠਨ ਲਈ ਜੱਦੋਜੱਹਿਦਾਂ ਉਤੇ ਜਬਰ ਦੀ ਕੀ ਵਿਆਖਿਆ ਬਣਦੀ ਹੈ?

ਸਿਰਫ ਫਿਰਕੂ ਨਜ਼ਰੀਏ ਨਾਲ ਵੇਖਿਆਂ ਹੀ ਪੰਜਾਬੀ ਸੂਬੇ ਦੇ ਭਾਸ਼ਾਈ ਪੁਨਰਗਠਨ ਚ ਦੇਰੀ ਨੂੰ ਸਿਖਾਂ ਨਾਲ ਵਿਤਕਰੇ ਦਾ ਮਾਮਲਾ ਸਮਝਿਆ ਜਾ ਸਕਦਾ ਹੈ। ਕੀ ਭਾਸ਼ਾ ਦੇ ਆਧਾਰ ਤੇ ਸੂਬਿਆਂ ਦੀ ਮੁੜ ਜਥੇਬੰਦੀ ਨਾ ਹੋਣਾ ਪੰਜਾਬੀ ਬੋਲਦੇ ਸਭਨਾਂ ਹਿੰਦੂਆਂ ਨਾਲ ਵੀ ਜਿਆਦਤੀ ਦਾ ਮਾਮਲਾ ਨਹੀਂ ਬਣਦਾ? ਇਸ ਤੋਂ ਵੀ ਅੱਗੇ ਕੀ ਅਜਿਹਾ ਨਾ ਹੋਣਾ ਸਭਨਾ ਗੈਰ-ਪੰਜਾਬੀ ਲੋਕਾਂ ਨਾਲ ਵੀ ਜਿਆਦਤੀ ਨਹੀਂ ਬਣਦਾ? ਕੀ ਉਨ੍ਹਾਂ ਦਾ ਗੈਰ-ਭਾਸ਼ੀ ਆਧਾਰ ਤੇ ਪੰਜਾਬ ਨਾਲ ਸਿਰਨਰੜ ਉਨਾਂ ਦੀ ਆਪਣੀ ਬੋਲੀ ਤੇ ਸੱਭਿਆਚਾਰ ਦੇ ਵਿਕਾਸ ਲਈ ਵੀ ਕੋਈ ਰੋਕ ਨਹੀਂ ਬਣਦਾ?

ਸੋ ਪੰਜਾਬ ਦੇ ਭਾਸ਼ਾਈ ਪੁਨਰਗਠਨ ਪ੍ਰਤੀ ਭਾਰਤੀ ਹਾਕਮਾਂ ਦਾ ਰਵੱਈਆ ਉਹਨਾਂ ਨੂੰ ਅੱਡ ਅੱਡ ਕੌਮੀਅਤਾਂ ਦੇ ਸੱਭਿਆਚਾਰ ਅਤੇ ਭਾਸ਼ਾ ਦੇ ਜਮਹੂਰੀ ਲੀਹਾਂ ਤੇ ਆਜਾਦਾਨਾ ਵਿਕਾਸ ਦੇ ਵੈਰੀ ਤਾਂ ਸਾਬਤ ਕਰਦਾ ਹੈ ਸਿੱਖਾਂ ਦੇ ਵੈਰੀ ਸਾਬਤ ਨਹੀਂ ਕਰਦਾ? ਪੰਜਾਬੀ ਕੌਮੀਅਤ ਦੇ ਵਿਕਾਸ ਦੇ ਵੈਰੀ ਨਾ ਸਿਰਫ ਦਿੱਲੀ ਦੇ ਹਾਕਮ ਹਨ ਸਗੋਂ ਫਿਰਕੂ ਅਕਾਲੀ ਲੀਡਰਸ਼ਿੱਪ ਵੀ ਹੈ। ਜੇ ਕੇਂਦਰੀ ਹਾਕਮਾਂ ਵੱਲੋਂ ਪੰਜਾਬੀ ਸੂਬੇ ਦੇ ਭਾਸ਼ਾਈ ਪੁਨਰਗਠਨ ਨੂੰ ਲਮਕਾਉਣਾ ਤੇ ਲੰਗੜੀ ਵੰਡ ਕਰਨਾ ਉਹਨਾਂ ਦੇ ਸਿੱਖ ਦੁਸ਼ਮਣ ਹੋਣ ਦਾ ਸਬੂਤ ਹੈ ਤਾਂ ਅਕਾਲੀ ਲੀਡਰਾਂ ਵੱਲੋਂ ਪੰਜਾਬੀ ਸੂਬੇ ਦੀ ਲੰਗੜੀ ਵੰਡ ਕਬੂਲ ਕਰਨਾ, ਕਿੰਨੀ ਵਾਰੀ ਮੁਆਵਜੇ ਬਦਲੇ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਨੂੰ ਸੌਂਪਣ ਦੀ ਪੇਸ਼ਕਸ਼ ਕਰਨਾ ਅਤੇ ਹਿੰਦੀ ਬੋਲਦੇ ਇਲਾਕਿਆਂ ਦਾ ਪੰਜਾਬ ਨਾਲ ਸਿਰਨਰੜ ਕਰੀ ਰੱਖਣ ਲਈ ਜੋਰ ਪਾਉਣਾ ਕਾਹਦਾ ਸਬੂਤ ਹੈ? ਗੱਲ ਇੱਥੇ ਹੀ ਨਹੀਂ ਮੁੱਕਦੀ ਪੰਜਾਬ ਦੀ ਭਾਸ਼ਾਈ ਆਧਾਰ ਤੇ ਜਥੇਬੰਦੀ ਨੂੰ ਤਹਿਸ ਨਹਿਸ ਕਰਨ ਦਾ ਹੋਕਾ ਦੇਣ ਚ ਵੀ ਫਿਰਕੂ ਅਕਾਲੀ ਲੀਡਰ ਕਿਸੇ ਨਾਲੋਂ ਘੱਟ ਨਹੀਂ ਹਨ। ਪਿਛਲੇ ਸਮੇਂ ਅੰਦਰ ਕੁੱਝ ਹਿੱਸਿਆਂ ਵੱਲੋਂ ਪੰਜਾਬੀ ਸੂਬੇ ਦੀ ਭਾਸ਼ਾਈ ਆਧਾਰ ਤੇ ਜਥੇਬੰਦੀ ਨੂੰ ਤਹਿਸ ਨਹਿਸ ਕਰਨ ਲਈ ‘‘ਮਹਾਂ ਪੰਜਾਬ ਦਾ ਨਾਅਰਾ ਉੱਚਾ ਕੀਤਾ ਜਾਂਦਾ ਰਿਹਾ ਹੈ। ਇਹ ਨਾਅਰਾ ਜਮਹੂਰੀ ਹਲਕਿਆਂ ਵੱਲੋਂ ਵਾਜਬ ਨੁਕਤਾਚੀਨੀ ਦਾ ਨਿਸ਼ਾਨਾ ਬਣਿਆ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਅਕਾਲੀ ਲੀਡਰਾਂ ਵੱਲੋਂ ਉਲਟ ਪਾਸਿਓਂ ਅਜਿਹੀ ਹੀ ਮੰਗ ਕੀਤੀ ਜਾ ਰਹੀ ਹੈ। ਅਨੰਦਪੁਰ ਦੇ ਮਤੇ ਅੰਦਰ ਸਿੱਖਾਂ ਦੀ ਵਿਸ਼ੇਸ਼ ਹੈਸੀਅਤ ਵਾਲੇ ਜਿਸ ਖਿੱਤੇ ਦਾ ਸੰਕਲਪ ਪੇਸ਼ ਕੀਤਾ ਗਿਆ ਹੈ ਉਹ ਆਪਣੇ ਤੱਤ ਪੱਖੋਂ ਵੱਖ ਵੱਖ ਭਾਸ਼ਾਈ ਖੇਤਰਾਂ ਦਾ ਸਿਰਨਰੜ ਕਰਕੇ ਬਣਾਏ ਜਾਣ ਵਾਲੇ ‘‘ਮਹਾਂ ਪੰਜਾਬ’’ ਨਾਲੋਂ ਵੱਖਰਾ ਨਹੀਂ ਹੈ। ਫਰਕ ਸਿਰਫ ਇਹ ਹੈ ਕਿ ਅਕਾਲੀ ਲੀਡਰਸ਼ਿੱਪ ਇਸ ‘‘ਖਿੱਤੇ’’ ’ਚ ਸਿੱਖ ਫਿਰਕੇ ਦੀ ਕਿੰਤੂ ਰਹਿਤ ਚੌਧਰ ਦੀ ਗਰੰਟੀ ਮੰਗਦੀ ਹੈ। ਸੋ ਅਕਾਲੀ ਲੀਡਰਸ਼ਿੱਪ ਵੱਲੋਂ ਅਨੰਦਪੁਰ ਦੇ ਮਤੇ ਚ ਕੀਤੀ ਜਾ ਰਹੀ ਉੱਤਰੀ ਭਾਰਤ ਚ ਸਿੱਖਾਂ ਦੀ ਸਰਦਾਰੀ ਵਾਲੇ ‘‘ਖਿੱਤੇ’’ ਦੀ ਮੰਗ ਭਾਸ਼ਾਈ ਆਧਾਰ ਤੇ ਪੰਜਾਬੀ ਸੂਬੇ ਦੇ ਹੋ ਚੁੱਕੇ ਲੰਗੜੇ ਪੁਨਰਗਠਨ ਦੀ ਵੀ ਫੱਟੀ ਪੋਚ ਦੇਣ ਦੀ ਮੰਗ ਹੈ।

ਪੰਜਾਬੀ ਸੂਬੇ ਦੀ ਭਾਸ਼ਾਈ ਆਧਾਰ ਤੇ ਜਥੇਬੰਦੀ ਦਾ ਕੋਈ ਵੀ ਖਰਾ ਹਮਾਇਤੀ ਕਾਂਗਰਸੀ ਹਾਕਮਾਂ ਦੇ ਨਾਲ ਨਾਲ ਅਕਾਲੀ ਲੀਡਰਸ਼ਿੱਪ ਦੇ ਇਸ ਪੰਜਾਬ ਵਿਰੋਧੀ ਰੋਲ ਦਾ ਵਿਰੋਧ ਕੀਤੇ ਬਿਨਾ ਨਹੀਂ ਰਹਿ ਸਕਦਾ। ਪੈਗਾਮਪੰਥੀ ਜਦੋਂ ਪੰਜਾਬ ਦੇ ਭਾਸ਼ਾਈ ਪੁਨਰਗਠਨ ਦੇ ਸਵਾਲ ਤੇ ‘‘ ਸਿੱਖ ਫੈਕਟਰ’’ ਦੀ ਗੱਲ ਕਰਕੇ ਕਾਂਗਰਸੀ ਹਾਕਮਾਂ ਨੂੰ ਜੁੰਮੇਵਾਰ ਠਹਿਰਾਉਂਦੇ ਹਨ ਅਤੇ ਫਿਰਕੂ ਅਕਾਲੀ ਲੀਡਰਸ਼ਿਪ ਨੂੰ ਬਰੀ ਕਰਦੇ ਹਨ ਤਾਂ ਉਹ ਆਪਣੇ ਫਿਰਕੂ ਨਜ਼ਰੀਏ ਦਾ ਸਬੂਤ ਦਿੰਦੇ ਹਨ।

ਕੁੱਝ ਧਰਮ-ਯੁੱਧ ਮੋਰਚੇ ਤੋਂ ਮਗਰੋ ਦੀਆਂ ਘਟਨਾਵਾਂ ਬਾਰੇ


ਧਰਮ-ਯੁੱਧ ਮੋਰਚਾ ਸ਼ੁਰੂ ਹੋਣ ਤੋਂ ਮਗਰੋਂ ਜੋ ਘਟਨਾਵਾਂ ਵਾਪਰੀਆਂ ਹਨ ਉਹਨਾਂ ਦੇ ਨਤੀਜੇ ਵਜੋਂ ਸਿੱਖ ਜਨ-ਸਮੂਹ ਨੂੰ ਭਾਰੀ ਮਾਨਸਿਕ ਸੰਤਾਪ ਹੰਢਾਉਣਾ ਪਿਆ। ਹਰਮੰਦਰ ਸਾਹਿਬ ਤੇ ਹੋਈ ਫੌਜੀ ਕਾਰਵਾਈ, ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਤੇ ਹੋਰਨੀ ਥਾਂਈਂ ਜਥੇਬੰਦ ਕੀਤੀ ਸਿੱਖ ਵਿਰੋਧੀ ਹਿੰਸਾ, ਇਸ ਵਿਆਪਕ ਕਤਲੇਆਮ ਦੇ ਮੁਜਰਮਾਂ ਦੀ ਰਾਖੀ ਅਤੇ ਕੇਂਦਰੀ ਮੰਤਰੀ ਮੰਡਲ ਚ ਉਨ੍ਹਾਂ ਦੀਆਂ ਉੱਚੀਆਂ ਪਦਵੀਆਂ ਦੀ ਸਲਾਮਤੀ, ਜੋਧਪੁਰ ਚ ਬਿਨਾ ਮੁਕੱਦਮਾਂ ਚਲਾਏ ਕਿੰਨੇ ਹੀ ਬੇਗੁਨਾਹਾਂ ਦੀ ਨਜ਼ਰਬੰਦੀ, ਖਾਲਿਸਤਾਨੀ ਦਹਿਸ਼ਤਗਰਦਾਂ ਨੂੰ ਕੁਚਲਣ ਦੇ ਨਾਂ ਤੇ ਸਾਧਾਰਨ ਸਿੱਖ ਜਨਤਾ ਤੇ ਅੰਨ੍ਹਾਂ ਪੁਲਸੀ ਜਬਰ ....ਅਜਿਹਾ ਸਭ ਕੁੱਝ ਸਿੱਖ ਫਿਰਕੇ ਦੇ ਜਜ਼ਬਾਤਾਂ ਨੂੰ ਬੁਰੀ ਤਰ੍ਹਾਂ ਜਖ਼ਮੀ ਕਰਨ ਵਾਲਾ ਹੈ।

ਪਰ ਇਹ ਸਭ ਕੁੱਝ ਭਾਰਤੀ ਰਾਜ ਅਤੇ ਕਾਂਗਰਸੀ ਹੁਕਮਰਾਨਾਂ ਦੇ ਲੋਕ ਦੁਸ਼ਮਣ ਹੋਣ ਦਾ ਸਬੂਤ ਤਾਂ ਬਣਦਾ ਹੈਵਿਸ਼ੇਸ਼ ਕਰਕੇ ਸਿੱਖ ਦੁਸ਼ਮਣ ਹੋਣ ਦਾ ਸੂਬਤ ਨਹੀਂ ਬਣਦਾ। ਧਰਮ-ਯੁੱਧ ਮੋਰਚੇ ਦੌਰਾਨ ਇਸ ਵਿਚ ਸ਼ਾਮਲ ਹੋਣ ਵਾਲੀ ਸਿੱਖ ਜਨਤਾ ਨੂੰ ਜਿਸ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ-ਇਸ ਦੀ ਵਜ੍ਹਾ ਸਿੱਖ ਫਿਰਕੇ ਨਾਲ ਕਾਂਗਰਸੀ ਹਾਕਮਾਂ ਦੀ ਦੁਸ਼ਮਣੀ ਨਹੀਂ ਸੀ। ਧਰਮ-ਯੁੱਧ ਮੋਰਚੇ ਤੇ ਹੋਇਆ ਤਸ਼ੱਦਦ ਕਾਂਗਰਸੀ ਹਾਕਮਾਂ ਵੱਲੋਂ ਆਪਣੇ ਖਿਲਾਫ ਹੋਣ ਵਾਲੀ ਕਿਸੇ ਵੀ ਅਗਾਂਹ ਵਧੂ ਜਾਂ ਪਿਛਾਂਹ ਖਿੱਚੂ ਜੱਦੋਜਹਿਦ ਨੂੰ ਦਬਾਉਣ ਲਈ ਅਪਣਾਈ ਜਾਣ ਵਾਲੀ ਆਮ ਨੀਤੀ ਦਾ ਅੰਗ ਹੀ ਸੀ। ਫਿਰਕੂ ਅਕਾਲੀ ਸਿਆਸਤਦਾਨਾਂ ਵੱਲੋਂ ਆਪਣੇ ਸ਼ਰੀਕ ਕਾਂਗਰਸੀ ਹੁਕਮਰਾਨਾਂ ਨੂੰ ਚੁਣੌਤੀ ਦੇਣ ਲਈ ਸਿੱਖ ਜਨਤਾ ਦੇ ਧਾਰਮਕ ਜਜ਼ਬਾਤ ਨੂੰ ਫਿਰਕੂ ਰੰਗਤ ਦੇ ਕੇ ਭੜਕਾਇਆ ਜਾ ਰਿਹਾ ਸੀ। ਧਾਰਮਕ ਫਿਰਕੂ ਲੀਹਾਂ ਤੇ ਜਥੇਬੰਦ ਕੀਤੇ ਇਸ ਮੋਰਚੇ ਤੇ ਹੋਣ ਵਾਲੇ ਹਕੂਮਤੀ ਤਸ਼ੱਦਦ ਦੀ ਮਾਰ ਇਸ ਵਿਚ ਸ਼ਾਮਲ ਕੀਤੀ ਸਿੱਖ ਜਨਤਾ ਤੇ ਹੀ ਪੈਣੀ ਸੀ। ਹੋਰਨੀ ਥਾਂਈਂ ਜਿੱਥੇ ਹਿੰਦੂ ਫਿਰਕੇ ਨਾਲ ਸਬੰਧਤ ਜਨ ਸਮੂਹ ਹਕੂਮਤ ਵਿਰੋਧੀ ਕਿਸੇ ਅਗਾਂਹ ਵਧੂ ਜਾਂ ਪਿਛਾਂਹ ਖਿਚੂ ਅੰਦੋਲਨ ਚ ਸ਼ਾਮਲ ਹੁੰਦੇ ਰਹੇ ਹਨ, ਉਹਨਾਂ ਨੂੰ ਵੀ ਇਸੇ ਕਿਸਮ ਦੇ ਜਬਰ ਦੀ ਮਾਰ ਝੱਲਣੀ ਪੈਂਦੀ ਰਹੀ ਹੈ। ਮੁਸਲਿਮ ਵਿਰੋਧੀ ਜਜ਼ਬਾਤਾਂ ਦੀ ਪਾਹ ਵਾਲੇ ਅਸਾਮ ਅੰਦੋਲਨ ਦੌਰਾਨ ਹਿੰਦੂ ਜਨਤਾ ਅਜਿਹੇ ਹੀ ਘਿਨਾਉਣੇ ਜਬਰ ਦਾ ਸ਼ਿਕਾਰ ਹੋਈ ਹੈ। ਇਹ ਅਮਲ ਹਕੂਮਤ ਵਿਰੋਧੀ ਅੰਦੋਲਨਾਂ ਨੂੰ ਗੈਰਜਮਹੂਰੀ ਢੰਗ ਨਾਲ ਦਬਾਉਣ ਦੀ ਹਕੂਮਤੀ ਨੀਤੀ ਦੀ ਮਿਸਾਲ ਹੀ ਬਣਦਾ ਹੈ-ਇਸ ਨੂੰ ਸਿੱਖ ਧਾਰਮਕ ਫਿਰਕੇ ਨਾਲ ਵਿਸ਼ੇਸ਼ ਦੁਸ਼ਮਣੀ ਦੇ ਸਬੂਤ ਵਜੋਂ ਪੇਸ਼ ਕਰਨ ਦਾ ਫਿਰਕੂ ਅਕਾਲੀ ਸਿਆਸਤਦਾਨਾਂ ਦਾ ਮੰਤਵ ਆਪਣੇ ਸਿਆਸੀ ਭੇੜ ਚ ਸਿੱਖ ਧਾਰਮਕ ਜਜ਼ਬਾਤਾਂ ਦੀ ਦੁਰਵਰਤੋਂ ਕਰਨਾ ਹੈ। ਪੈਗਾਮਪੰਥੀਏ ਇਸ ਪਿਛਾਂਹ ਖਿੱਚੂ ਮੰਤਵ ਚ ਜੋਰ ਸ਼ੋਰ ਨਾਲ ਹੱਥ ਵਟਾ ਕੇ ਆਪਣੇ ਆਪ ਨੂੰ ਇਹਨਾਂ ਸਿਆਸਤਦਾਨਾਂ ਦੇ ਝੋਲੀ-ਚੁੱਕ ਸਾਬਤ ਕਰ ਰਹੇ ਹਨ।
ਧਰਮ-ਯੁੱਧ ਮੋਰਚੇ ਤੋਂ ਮਗਰੋਂ ਇੱਕ ਫਿਰਕੇ ਵਜੋਂ ਸਿੱਖ ਜਨਤਾ ਨੂੰ ਜਿਸ ਮਾਨਸਕ ਸੰਤਾਪ ਚੋ ਗੁਜਰਨਾ ਪਿਆ ਹੈ, ਇਹ ਵੀ ਕਾਂਗਰਸੀ ਹਾਕਮਾਂ ਦੇ ਲੋਕ ਦੁਸ਼ਮਣ ਹੋਣ ਦਾ ਸਬੂਤ ਹੀ ਬਣਦਾ ਹੈ। ਇਹ ਅਮਲ ਇਹੋ ਸਾਬਤ ਕਰਦਾ ਹੈ ਕਿ ਕਾਂਗਰਸੀ ਹਾਕਮ ਆਪਣੇ ਕਿਰਦਾਰ ਅਤੇ ਸੌੜੀਆਂ ਸਿਆਸੀ ਗਰਜਾਂ ਦੀ ਬਦੌਲਤ ਕਿਸੇ ਵੀ ਧਾਰਮਕ ਫਿਰਕੇ ਦੀਆਂ ਧਾਰਮਕ ਅਜਾਦੀਆਂ ਅਤੇ ਜਜ਼ਬਾਤਾਂ ਦੀ ਸੁਰੱਖਿਆ ਕਰਨ ਜੋਗੇ ਨਹੀਂ ਹਨਸਗੋਂ ਸਮੇਂ ਸਮੇਂ ਇਨ੍ਹਾਂ ਦਾ ਘਾਣ ਕਰਨ ਦੇ ਮੁਜਰਮ ਹਨ। ਪਿਛਲੇ ਅਰਸੇ ਚ ਕਾਂਗਰਸੀ ਹਾਕਮਾਂ ਵੱਲੋਂ ਆਪਣੇ ਪਿਛਾਖੜੀ ਸਿਆਸੀ ਮੰਤਵਾਂ ਲਈ ਵੱਖ ਵੱਖ ਧਾਰਮਕ ਫਿਰਕਿਆਂ ਦੇ ਜਜ਼ਬਾਤਾਂ ਨੂੰ ਭੜਕਾਉਣ, ਧਾਰਮਕ ਸ਼ਾਵਨਵਾਦ ਨੂੰ ਹਵਾ ਦੇਣ ਅਤੇ ਲੋੜ ਪੈਣ ਤੇ ਇੱਕ ਜਾਂ ਦੂਜੇ ਫਿਰਕੇ ਦੀ ਧਾਰਮਕ ਆਜਾਦੀ ਅਤੇ ਜਜ਼ਬਾਤਾਂ ਨੂੰ ਦਾਅ ਤੇ ਲਾ ਦੇਣ ਅਤੇ ਬਲੀ ਚੜ੍ਹਾਉਣ ਦੀ ਖੇਡ ਜੋਰ ਸ਼ੋਰ ਨਾਲ ਖੇਡੀ ਜਾ ਰਹੀ ਹੈ। 

ਲੋੜ ਪੈਣ ਤੇ ਕਿਸੇ ਧਾਰਮਕ ਫਿਰਕੇ ਅੰਦਰ ਸ਼ਾਵਨਵਾਦੀ ਜਜ਼ਬੇ ਉਭਾਰਨ ਲਈ ਇਸ ਫਿਰਕੇ ਦੇ ਜਨੂੰਨੀ ਅਨਸਰਾਂ ਨੂੰ ਸ਼ਹਿ ਦੇਣ ਵਾਲੇ ਕਾਂਗਰਸੀ ਹਾਕਮ ਕਿਸੇ ਹੋਰ ਮੌਕੇ ਇਸ ਫਿਰਕੇ ਦੇ ਵਾਜਬ ਧਾਰਮਕ ਜਜ਼ਬਾਤਾਂ ਦਾ ਵੀ ਬੇਰਹਿਮੀ ਨਾਲ ਘਾਣ ਕਰਵਾ ਸਕਦੇ ਹਨ। ਕਿਸੇ ਇੱਕ ਫਿਰਕੇ ਲਈ ਅਸੁਰੱਖਿਅਤ ਭੈਅ ਦਾ ਮਾਹੌਲ ਪੈਦਾ ਕਰਨ ਵਾਲੀਆਂ ਸ਼ਕਤੀਆਂ ਨੂੰ ਵਧਣ ਫੁੱਲਣ ਦਾ ਮੌਕਾ ਦੇ ਕੇ ਕਿਸੇ ਹੋਰ ਮੌਕੇ ਇਨ੍ਹਾਂ ਸ਼ਕਤੀਆਂ ਦੀ ਹੋਂਦ ਨੂੰ ਉਸੇ ਫਿਰਕੇ ਅੰਦਰ ਸ਼ਾਵਨਵਾਦੀ ਜਜ਼ਬੇ ਉਭਾਰਨ ਲਈ ਵਰਤ ਸਕਦੇ ਹਨ। ਪੰਜਾਬ ਦੇ ਦੋਵੇਂ ਮੁੱਖ ਫਿਰਕੇ ਇਸ ਚੰਦਰੀ ਨੀਤੀ ਦੀ ਮਾਰ ਹੇਠ ਆਏ ਹਨ। ਪੰਜਾਬ ਅੰਦਰ ਪਹਿਲਾਂ ਲੰਮਾ ਸਮਾਂ ਖਾਲਸਤਾਨੀ ਫਾਸ਼ੀ ਗਰੋਹਾਂ ਨੂੰ ਸਾਧਾਰਨ ਹਿੰਦੂ ਜਨਤਾ ਤੇ ਝਪਟਣ ਲਈ ਬੇਲਗਾਮ ਛੱਡੀ ਰੱਖਣਾ, ਆਪਣੇ ਸਿਆਸੀ ਹਿੱਤਾਂ ਲਈ ਇਸ ਫਿਰਕੇ ਦੀ ਸੁਰੱਖਿਆ ਦੀ ਬਲੀ ਦੇਣੀ, ਮਗਰੋਂ ਇਸ ਹਾਲਾਤ ਨੂੰ ਮੁਲਕ ਭਰ ਚ ਹਿੰਦੂ ਸ਼ਾਵਨਵਾਦੀ ਜਜ਼ਬੇ ਉਭਾਰਨ ਤੇ ਸਿੱਖ ਵਿਰੋਧੀ ਦੰਗੇ ਜਥੇਬੰਦ ਕਰਨ ਲਈ ਵਰਤਣਾ ਅਤੇ ਸਿੱਖ ਫਿਰਕੇ ਦੀ ਸੁਰੱਖਿਆ ਅਤੇ ਧਾਰਮਕ ਜਜ਼ਬਾਤ ਦੀ ਬਲੀ ਦੇਣੀ ਕਾਂਗਰਸੀ ਹਾਕਮਾਂ ਦੀ ਇੱਕੋ ਲੋਕ ਦੁਸ਼ਮਣ ਨੀਤੀ ਦੇ ਦੋ ਲੜ ਹਨ ਜਿਸ ਦੀ ਮਾਰ ਕਦੇ ਇੱਕ ਕਦੇ ਦੂਸਰੇ ਫਿਰਕੇ ਤੇ ਅਤੇ ਕਦੇ ਇਕੋ ਸਮੇਂ ਵੱਖ ਵੱਖ ਫਿਰਕਿਆਂ ਤੇ ਪੈਂਦੀ ਹੈ। ਜੇ ਕਾਂਗਰਸੀ ਹਾਕਮਾਂ ਦੀ ਇਸ ਨੀਤੀ ਦੀ ਮਾਰ ਹੇਠ ਇਕੱਲਾ ਸਿੱਖ ਫਿਰਕਾ ਹੀ ਹੁੰਦਾ ਤਾਂ ਪੰਜਾਬ ਦੀ ਹਿੰਦੂ ਜਨਤਾ ਦੇ ਲਗਾਤਾਰ ਸਹਿਮ ਅਤੇ ਅਸੁਰੱਖਿਆ ਦੇ ਪ੍ਰਛਾਵੇਂ ਹੇਠ ਜਿਉਣ ਅਤੇ ਰਿਫਿਊਜੀ ਬਣਨ ਦੀ ਨੌਬਤ ਨਾਂ ਆਉਂਦੀ।

ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜਾਵਾਂ ਦਾ ਮਸਲਾ ਜਾਂ ਜੋਧਪੁਰ ਦੇ ਨਜ਼ਰਬੰਦਾਂ ਵਰਗੇ ਮਸਲੇ ਵੀ ਜਿੱਥੇ ਕਾਂਗਰਸੀ ਹਾਕਮਾਂ ਲਈ ਇੱਕ ਪਾਸੇ ਮੁਲਕ ਅੰਦਰ ਹਿੰਦੂ ਸ਼ਾਵਨਵਾਦੀ ਜਜ਼ਬਾਤਾਂ ਦੀ ਵੱਟਤ ਜਾਰੀ ਰੱਖਣ ਦਾ ਸੰਦ ਬਣੇ ਹਨ ਉਥੇ ਇਹ ਮਸਲੇ ਪੰਜਾਬ ਚ ਹਕੂਮਤੀ ਕੁਰਸੀ ਲਈ ਸ਼ਰੀਕ ਸਿੱਖ ਦਹਿਸ਼ਤਗਰਦਾਂ ਅਤੇ ਅਕਾਲੀ ਧੜਿਆਂ ਨਾਲ ਸੌਦੇਬਾਜੀ ਦੇ ਹਥਿਆਰ ਵਜੋਂ ਵਰਤਣ ਲਈ ਵੀ ਸਾਂਭ ਕੇ ਰੱਖੇ ਗਏ ਹਨ। ਫਿਰਕੂ ਸਿੱਖ ਸਿਆਸਤਦਾਨਾਂ ਲਈ ਵੀ ਇਹ ਮਸਲੇ ਕਦੇ ਸਿੱਖਾਂ ਨਾਲ ਵਿਤਕਰਾ ਦੂਰ ਕਰਾਉਣ ਦੇ ਮਸਲੇ ਨਹੀਂ ਰਹੇ ਸਗੋਂ ਸੌਦੇਬਾਜੀ ਦਾ ਹਥਿਆਰ ਹੀ ਰਹੇ ਹਨ। ਇਹੋ ਵਜ੍ਹਾ ਹੈ ਕਿ ਕੁੱਝ ਸਮਾਂ ਪਹਿਲਾਂ ਅਕਾਲੀ ਸਿਆਸਤਦਾਨਾਂ ਨਾਲ ਕਿਸੇ ਗੱਲਬਾਤ ਬਗੈਰ ਹੋਈ ਜੈਪੁਰ ਦੇ ਨਜ਼ਰਬੰਦਾਂ ਦੇ ਇੱਕ ਹਿੱਸੇ ਦੀ ਰਿਹਾਈ ਤੇ ਇਹ ਸਿਆਸਤਦਾਨ ਪਿੱਟਦੇ ਵੇਖੇ ਗਏ ਸਨ। ਇੱਕ ਪਾਸੇ ਬੇਗੁਨਾਹ ਸਿੱਖਾਂ ਨੂੰ ਵਰ੍ਹਿਆਂ ਬੱਧੀ ਨਜ਼ਰਬੰਦ ਕਰੀ ਰੱਖਣਾ ਅਤੇ ਦੂਜੇ ਪਾਸੇ ਖੂੰਖਾਰ ਮੁਜਰਮਾਂ ਨੂੰ ਵੀ ਬਿਨਾ ਮੁਕੱਦਮਾ ਚਲਾਏ ਰਿਹਾਅ ਕਰ ਦੇਣਾ ਇਹ ਆਪਣੇ ਲੋਕ ਦੁਸ਼ਮਣ ਸਿਆਸੀ ਮੰਤਵਾਂ ਨੂੰ ਸਿਰਮੌਰ ਰੱਖਣ ਦੀ ਕਾਂਗਰਸੀ ਹਾਕਮਾਂ ਦੀ ਨੀਤੀ ਦਾ ਹੀ ਨਤੀਜਾ ਹੈ, ਕਿਸੇ ਫਿਰਕੇ ਵਿਸ਼ੇਸ਼ ਨਾਲ ਦੁਸ਼ਮਣੀ ਦਾ ਨਹੀਂ।

ਇਹ ਗੱਲ ਤਾਂ ਪ੍ਰਤੱਖ ਹੀ ਹੈ ਕਿ ਧਰਮ-ਯੁੱਧ ਮੋਰਚੇ ਤੋਂ ਪਹਿਲਾਂ ਦੇ ਅਰਸੇ ਦੌਰਾਨ ਕਾਂਗਰਸੀ ਹਾਕਮਾਂ ਦੀ ਨੀਤੀ ਵੱਖ ਵੱਖ ਧਰਮਾਂ ਨਾਲ ਸਬੰਧਤ ਫਿਰਕੂ ਸ਼ਾਵਨਵਾਦੀ ਅਨਸਰਾਂ ਨੂੰ ਆਪਣੇ ਅੰਦਰ ਸਮੋਣ ਦੀ ਰਹੀ ਹੈ। ਇਸ ਨੇ ਘੱਟ ਗਿਣਤੀ ਧਾਰਮਕ ਫਿਰਕਿਆਂ ਦੀ ਬਹੁਗਿਣਤੀ ਫਿਰਕੇ ਨਾਲ ਸਬੰਧਤ ਸ਼ਾਵਨਵਾਦੀ ਅਨਸਰਾਂ ਤੋਂ ਰਾਖੀ ਦਾ ਪਖੰਡੀ ਨਾਅਰਾ ਕਾਮਯਾਬੀ ਨਾਲ ਉੱਚਾ ਕੀਤਾ। ਇਸੇ ਵਜ੍ਹਾ ਕਰਕੇ ਇਹ ਮੁਸਲਿਮ ਫਿਰਕੇ ਅੰਦਰ ਆਪਣਾ ਤਕੜਾ ਵੋਟ ਆਧਾਰ ਕਾਇਮ ਕਰ ਸਕੀ ਜਿਹੜਾ ਅਕਸਰ ਹੀ ਹਿੰਦੂ ਸ਼ਾਵਨਵਾਦੀ ਤਾਕਤਾਂ ਦੀ ਫਿਰਕੂ ਹਿੰਸਾ ਦਾ ਸ਼ਿਕਾਰ ਰਿਹਾ ਹੈ। ਇਸੇ ਵਜ੍ਹਾ ਕਰਕੇ ਇਹ ਹਿੰਦੂ ਸ਼ਾਵਨਵਾਦੀ ਤਾਕਤਾਂ ਵੱਲੋਂ ਸਮਾਜਕ ਤੌਰ ਤੇ ਛੇਕੇ ਹਰੀਜਨ ਤਬਕੇ ਚ ਆਪਣਾ ਵੋਟ ਆਧਾਰ ਕਾਇਮ ਕਰ ਸਕੀ। ਨਿਰੋਲ ਹਿੰਦੂ ਸ਼ਾਵਨਵਾਦੀ ਤਾਕਤਾਂ ਦੀ ਨੁਮਇੰਦਗੀ ਕਰਨ ਵਾਲੀ ਕਿਸੇ ਪਾਰਟੀ ਲਈ ਇਉਂ ਕਰਨਾ ਸੰਭਵ ਨਹੀਂ ਸੀ ਹੋ ਸਕਦਾ।
ਭਾਵੇਂ ਪਿਛਲੇ ਕੁੱਝ ਅਰਸੇ ਤੋਂ ਕਾਂਗਰਸ ਪਾਰਟੀ ਹਿੰਦੂ ਸ਼ਾਵਨਵਾਦ ਦੀ ਵਿਆਪਕ ਵਰਤੋਂ ਵੱਲ ਉਲਾਰ ਹੋਈ ਹੈ ਪਰ ਇਸ ਦੇ ਬਾਵਜੂਦ ਇਸ ਨੇ ਹੋਰਨਾਂ ਧਰਮਾਂ ਨਾਲ ਸਬੰਧਤ ਫਿਰਕੂ ਸ਼ਾਵਨਵਾਦੀ ਅਨਸਰਾਂ ਨੂੰ ਸ਼ਹਿ ਦੇਣੀ ਵੀ ਜਾਰੀ ਰੱਖੀ ਹੈ। ਇਸ ਦੀ ਉੱਘੜਵੀਂ ਮਿਸਾਲ ਹਿੰਦੂ ਸ਼ਾਵਨਵਾਦੀਆਂ ਦੇ ਤਕੜੇ ਵਿਰੋਧ ਦੇ ਬਾਵਜੂਦ, ਮੁਸਲਮ ਸ਼ਾਵਨਵਾਦੀਆਂ ਦੀ ਮੰਗ ਤੇ ਤਲਾਕ ਸਬੰਧੀ ਕਨੂੰਨ ਚ ਕੀਤੀਆਂ ਸੋਧਾਂ ਹਨ। ਪੰਜਾਬ ਅੰਦਰਲੇ ਸਿੱਖ ਫਿਰਕੂ ਦਹਿਸ਼ਤਗਰਦਾਂ ਦੇ ਇੱਕ ਹਿੱਸੇ ਨਾਲ ਗਿਟਮਿਟ ਅਤੇ ਬਾਬਰੀ ਮਸਜਿਦ ਕਮੇਟੀ ਨੂੰ ਕਾਂਗਰਸੀ ਨੇਤਾਵਾਂ ਦੀ ਸਰਪ੍ਰਸਤੀ ਵੀ ਇਸੇ ਨੀਤੀ ਦੀਆਂ ਮਿਸਾਲਾਂ ਹਨ।

ਪਰ ਮਹੱਤਵਪੂਰਨ ਗੱਲ ਇਹ ਹੈ ਕਿ ਨਿਰਾ ਕਾਂਗਰਸ ਪਾਰਟੀ ਨੂੰ ਹੀ ਹਿੰਦੂ ਸ਼ਾਵਨਵਾਦੀ ਸਾਬਤ ਕਰ ਦੇਣਾ ਵੀ ਭਾਰਤੀ ਰਾਜ ਨੂੰ ਹਿੰਦੂ-ਸ਼ਾਵਨਵਾਦੀ ਰਾਜ ਸਾਬਤ ਕਰ ਦੇਣ ਲਈ ਕਾਫੀ ਨਹੀਂ ਹੈ। ਜੇ ਭਾਰਤੀ ਰਾਜ ਦਾ ਖਾਸਾ ਹੀ ਸਿੱਖ ਦੁਸ਼ਮਣ ਅਤੇ ਹਿੰਦੂ ਸ਼ਾਵਨਵਾਦੀ ਹੈ ਤਾਂ ਇਹ ਕਦਾਚਿੱਤ ਨਹੀਂ ਵਾਪਰ ਸਕਦਾ ਕਿ ਭਾਰਤੀ ਰਾਜ ਦੇ ਕਿਸੇ ਹਿੱਸੇ ਅੰਦਰ ਸਿੱਖ ਸ਼ਾਵਨਵਾਦੀ ਤਾਕਤਾਂ ਕਿਸੇ ਫਿਰਕੇ ਦੇ ਭਵਨ ਸੀਲ ਕਰ ਦੇਣ, ਉਸ ਦੀਆਂ ਕਿਤਾਬਾਂ ਤੇ ਪਾਬੰਦੀ ਲਾ ਦੇਣ ਅਤੇ ਉਸ ਦੇ ਮੁਖੀ ਦਾ ਭਾਰਤੀ ਰਾਜ ਦੇ ਇੱਕ ਹਿੱਸੇ ਚ ਦਾਖਲ ਹੋਣਾ ਮਨ੍ਹਾ ਕਰ ਦੇਣ ਜਿਵੇਂ ਕਿ ਪੰਜਾਬ ਚ ਅਕਾਲੀ ਸਰਕਾਰ ਦੌਰਾਨ ਨਿਰੰਕਾਰੀਆਂ ਦੇ ਮਾਮਲੇ ਚ ਹੋਇਆ ਸੀ। ਇਹ ਕੈਸਾ ਹਿੰਦੂ ਸ਼ਾਵਨਵਾਦੀ ਰਾਜ ਹੈ ਜਿਹੜਾ ਫਿਰਕੂ ਸਿੱਖ ਸਿਆਸਤਦਾਨਾਂ ਦੇ ਚੋਣਾਂ ਜਿੱਤਣ ਤੇ ਝੱਟਪੱਟ ਉਨ੍ਹਾਂ  ਦੀ ਸੇਵਾ ਚ ਲੱਗ ਜਾਂਦਾ ਹੈ। ਜੇ ਇੰਦਰਾ ਦੇ ਕਤਲ ਮਗਰੋਂ ਜਥੇਬੰਦ ਹੋਈ ਸਿੱਖ ਵਿਰੋਧੀ ਹਿੰਸਾ ਕਾਂਗਰਸੀ ਹਾਕਮਾਂ ਦੀ ਨੀਤੀ ਦਾ ਸਿੱਟਾ ਨਹੀਂ ਸੀ, ਸਗੋਂ ਇਸ ਦੇ ਕਾਰਨ ਭਾਰਤੀ ਰਾਜ ਦੀ ਹਿੰਦੂ ਸ਼ਾਵਨਵਾਦੀ ਖਸਲਤ ਚ ਸਮੋਏ ਹੋਏ ਸਨ ਤਾਂ ਕੀ ਵਜ੍ਹਾ ਹੈ ਕਿ ਪੱਛਮੀ ਬੰਗਾਲ ਦੀ ਮਾਰਕਸੀ ਪਾਰਟੀ ਦੀ ਸਰਕਾਰ ਅਧੀਨ ਅਜਿਹੀ ਸਿੱਖ ਵਿਰੋਧੀ ਹਿੰਸਾ ਨਹੀਂ ਹੋਈ?
ਭਾਰਤੀ ਰਾਜ ਨੂੰ ਹਿੰਦੂ ਸ਼ਾਵਨਵਾਦੀ ਸਾਬਤ ਕਰਨ ਲਈ ਇਹ ਸਿੱਧ ਕਰਨਾ ਜਰੂਰੀ ਹੈ ਕਿ ਇਸ ਦੀ ਵੱਡੀ ਪੱਧਰ ਤੇ ਮੁੜ ਜਥੇਬੰਦ ਕੀਤੇ ਬਿਨਾ ਇਹ ਰਾਜ ਹਿੰਦੂ ਧਰਮ ਤੋਂ ਬਿਨਾਂ ਕਿਸੇ ਹੋਰ ਧਰਮ ਨਾਲ ਸਬੰਧਤ ਸ਼ਾਵਨਵਾਦੀ ਤਾਕਤਾਂ ਦੀ ਸੇਵਾ ਚ ਨਹੀਂ ਵਰਤਿਆ ਜਾ ਸਕਦਾ। ਹਕੀਕਤ ਇਹ ਹੈ ਕਿ ਸਭਨਾ ਧਰਮਾਂ ਦੀ ਸਰਪ੍ਰਸਤੀ ਕਰਨ ਵਾਲਾ ਜਾਬਰ ਭਾਰਤੀ ਰਾਜ ਸਮੇਂ ਸਮੇਂ ਹਰ ਕਿਸਮ ਦੇ ਫਿਰਕੂ ਅਨਸਰਾਂ ਦਾ ਸਹਾਰਾ ਬਣਦਾ ਹੈ।

ਇਸ ਗੱਲ ਵਿਚ ਭੋਰਾ ਵੀ ਸ਼ੱਕ ਨਹੀਂ ਕਿ ਭਾਰਤੀ ਹਾਕਮ ਆਪਣੇ ਸੌੜੇ ਸਿਆਸੀ ਮੰਤਵਾਂ ਲਈ ਸਿੱਖ ਧਾਰਮਕ ਫਿਰਕੇ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਨ ਅਤੇ ਇਨ੍ਹਾਂ ਦੀ ਬਲੀ ਦੇਣ ਦੇ ਮੁਜ਼ਰਮ ਹਨ ਅਤੇ ਇਸ ਕਰਕੇ ਸਜਾ ਦੇ ਹੱਕਦਾਰ ਹਨ। ਪਰ ਕਾਂਗਰਸੀ ਹਾਕਮਾਂ ਲਈ ਅਜਿਹਾ ਕਰ ਸਕਣਾ ਕਿਵੇਂ ਸੰਭਵ ਹੋਇਆ? ਜੇ ਹਕੀਕਤਾਂ ਵੱਲੋਂ ਅੱਖਾਂ ਨਾ ਮੀਚੀਆਂ ਜਾਣ ਤਾਂ ਇਹ ਗੱਲ ਸੌਖਿਆਂ ਹੀ ਸਮਝ ਆ ਸਕਦੀ ਹੈ ਕਿ ਜੇ ਖਾਲਸਤਾਨੀ ਦਹਿਸ਼ਤਗਰਦਾਂ ਨੇ ਹਰਿਮੰਦਰ ਸਾਹਿਬ ਨੂੰ ਆਪਣੀ ਬੁਰਛਾਗਰਦੀ ਦਾ ਅਖਾੜਾ ਅਤੇ ਪਿਛਾਖੜੀ ਹਿੰਸਕ ਸਰਗਰਮੀਆਂ ਦਾ ਕੇਂਦਰ ਨਾ ਬਣਾਇਆ ਹੁੰਦਾ ਤਾਂ ਕਾਂਗਰਸੀ ਹਾਕਮ ਚਾਹੁੰਦੇ ਹੋਏ ਵੀ ਹਿੰਦੂ ਸ਼ਾਵਨਵਾਦੀ ਜਜ਼ਬਾਤਾਂ ਦੀ ਵੱਟਤ ਕਰਨ ਲਈ ਇਸ ਤੇ ਫੌਜਾਂ ਨਾ ਚੜ੍ਹਾ ਸਕਦੇ। ਜੇ ਪੰਜਾਬ ਦੀ ਧਰਤੀ ਤੇ ਖਾਲਸਤਾਨੀ ਦਹਿਸ਼ਤਗਰਦਾਂ ਵੱਲੋਂ ਸਾਧਾਰਨ ਹਿੰਦੂ ਜਨਤਾ ਨੂੰ ਨਿੱਤ ਦਿਹਾੜੀ ਗੋਲੀਆਂ ਦਾ ਨਿਸ਼ਾਨਾ ਨਾ ਬਣਾਇਆ ਜਾਂਦਾ ਤਾਂ ਕਾਂਗਰਸੀ ਹਾਕਮ ਮੁਲਕ ਚ ਕਦੇ ਵੀ ਏਡੇ ਵਿਆਪਕ ਪੈਮਾਨੇ ਤੇ ਸਿੱਖ ਵਿਰੋਧੀ ਜਜ਼ਬੇ ਨਾ ਉਭਾਰ ਸਕਦੇ ਅਤੇ ਦਿੱਲੀ ਦੰਗਿਆਂ ਵਰਗੇ ਭਿਆਨਕ ਕਤਲੇਆਮ ਨਾ ਜਥੇਬੰਦ ਕਰ ਸਕਦੇ । ਪੰਜਾਬ ਅੰਦਰ ਹਿੰਦੂ ਜਨਤਾ ਨੂੰ ਭੈਭੀਤ ਕਰਨ ਤੇ ਦਹਿਲਾਉਣ ਵਾਲਾ ਮਹੌਲ ਪੈਦਾ ਕਰਨਾ ਕਾਂਗਰਸੀ ਹਾਕਮਾਂ ਵੱਲੋਂ ਮਗਰੋਂ ਸਿੱਖ ਜਜ਼ਬਾਤਾਂ ਦੇ ਕੀਤੇ ਜਾਣ ਵਾਲੇ ਘਾਣ ਵੱਲ ਹੀ ਸ਼ੁਰੂਆਤੀ ਕਦਮ ਸੀ। ਇਸ ਮੌਕੇ ਖਾਲਸਤਾਨੀ ਦਹਿਸ਼ਤਗਰਦ ਹਿੰਦੂ ਜਨਤਾ ਲਈ ਸਹਿਮ ਦਾ ਹਾਲਾਤ ਪੈਦਾ ਕਰਕੇ ਕਾਂਗਰਸੀ ਹਾਕਮਾਂ ਦਾ ਸਿੱਧਾ ਸੰਦ ਬਣੇ ਸਨ ਅਤੇ ਇਨ੍ਹਾਂ ਨੂੰ ਸੋਚੀ ਸਮਝੀ ਢਿੱਲ ਅਤੇ ਹੱਲਾਸ਼ੇਰੀ ਦਿੱਤੀ ਗਈ ਸੀ। ਮਗਰੋਂ ਫਿਰਕੂ ਹਿੰਸਾ ਜਾਰੀ ਰੱਖ ਕੇ ਅਤੇ ਦਰਬਾਰ ਸਾਹਿਬ ਨੂੰ ਆਪਣੇ ਪਿਛਾਖੜੀ ਸਿਆਸੀ ਮੰਤਵਾਂ ਲਈ ਵਰਤ ਕੇ, ਇਨ੍ਹਾਂ ਅਨਸਰਾਂ ਨੂੰ ਕਾਂਗਰਸੀ ਹਾਕਮਾਂ ਵੱਲੋਂ ਸਿੱਖ ਜਜ਼ਬਾਤਾਂ ਦਾ ਘਾਣ ਕਰਨ ਚ ਟੇਢੇ ਢੰਗ ਨਾਲ ਹੱਥ ਵਟਾਇਆ ਗਿਆ।

ਸੋ ਧਰਮਯੁੱਧ ਮੋਰਚੇ ਮਗਰੋਂ ਸਿੱਖਾਂ ਨੂੰ ਜਿਸ ਮਾਨਸਕ ਸੰਤਾਪ ਅਤੇ ਪੀੜ ਚੋਂ ਲੰਘਣਾ ਪਿਆ ਹੈ-ਇਹ ਭਾਰਤੀ ਰਾਜ ਦੇ ਹਿੰਦੂ ਸ਼ਾਵਨਵਾਦੀ ਹੋਣ ਦਾ ਨਤੀਜਾ ਨਹੀਂ ਹੈ - ਸਗੋਂ ਭਖੇ-ਤਪੇ ਫਿਰਕੂ ਮਹੌਲ ਦਾ ਨਤੀਜਾ ਹੈ। ਇਹ ਭਖਿਆ-ਤਪਿਆ ਫਿਰਕੂ ਮਹੌਲ ਹਿੰਦੂਆਂ ਅਤੇ ਸਿੱਖਾਂ ਦੋਹਾਂ ਲਈ ਮਾਨਸਕ ਸੰਤਾਪ, ਉਜਾੜੇ ਤੇ ਭੈਅ ਦੀਆਂ ਹਾਲਤਾਂ ਲੈ ਕੇ ਆਇਆ ਹੈ। ਵੱਖ ਵੱਖ ਮੌਕਾਪ੍ਰਸਤ ਸਿਆਸੀ ਤਾਕਤਾਂ ਨੇ ਆਪੋ ਆਪਣੇ ਸੌੜੇ ਹਿੱਤਾਂ ਦੀ ਲੋੜ ਅਨੁਸਾਰ ਇਸ ਮਹੌਲ ਦੇ ਪੈਦਾ ਹੋਣ ਚ ਰੋਲ ਨਿਭਾਇਆ ਹੈ। ਇਸ ਦੀ ਵਰਤੋਂ ਕੀਤੀ ਹੈ ਅਤੇ ਕਰ ਰਹੀਆਂ ਹਨ। ਇਸ ਕਰਕੇ ਲੋਕ ਦੁਸ਼ਮਣ ਸਿਆਸਤਦਾਨਾਂ ਅਤੇ ਫਿਰਕੂ ਸ਼ਕਤੀਆਂ ਦੀਆਂ ਲੋਕ ਦੁਸ਼ਮਣ ਚਾਲਾਂ ਦਾ ਸੰਤਾਪ ਭੋਗ ਰਹੇ ਵੱਖ ਵੱਖ ਫਿਰਕਿਆਂ ਨਾਲ ਸਬੰਧਤ ਲੋਕਾਂ ਨੂੰ ਪੰਜਾਬ ਦੇ ਖੂੰਨੀ ਦੁਖਾਂਤ ਦੇ ਇਹਨਾਂ ਸਭਨਾਂ ਮੁਜ਼ਰਮਾਂ ਖਿਲਾਫ ਇੱਕਜੁੱਟ ਹੋ ਕੇ ਮੈਦਾਨ ਚ ਨਿੱਤਰਨਾ ਚਾਹੀਦਾ ਹੈ। ਕਾਂਗਰਸੀ ਅਤੇ ਅਕਾਲੀ ਸਿਆਸਤਦਾਨ ਹਰ ਵੰਨਗੀ ਦੇ ਫਿਰਕੂ ਸਿੱਖ ਦਹਿਸ਼ਤਗਰਦ ਅਤੇ ਹਿੰਦੂ ਜਨੂੰਨੀ ਅਨਸਰ ਇਸ ਸੰਘਰਸ਼ ਦਾ ਚੁਣਵਾਂ ਨਿਸ਼ਾਨਾ ਬਣਨੇ ਚਾਹੀਦੇ ਹਨ

No comments:

Post a Comment