ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦੀ ਕਹਾਣੀ
ਤੱਥਾਂ ਦੀ ਜ਼ੁਬਾਨੀ
ਪੰਜਾਬ ਅੰਦਰ 1990 ਤੋਂ ਸ਼ੁਰੂ ਹੋਇਆ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਵਰਤਾਰਾ ਹਰ ਆਏ ਸਾਲ ਵਧਦਾ ਹੀ
ਗਿਆ ਹੈ। ਹੁਣ ਇਸ ਨੇ ਵਿਰਾਟ ਰੂਪ ਧਾਰਨ ਕੀਤਾ ਹੋਇਆ ਹੈ। ਸੂਬੇ ਅੰਦਰ ਹਰ ਰੋਜ਼ ਔਸਤਨ ਦੋ ਵਿਅਕਤੀ
ਖੁਦਕੁਸ਼ੀ ਕਰ ਜਾਂਦੇ ਹਨ। ਲਗਭਗ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਦੀ ਮਨਹੂਸ ਖਬਰ ਅਖਬਾਰਾਂ ’ਚ ਆ ਸਿਰ ਕੱਢਦੀ ਹੈ। ਯੂਨੀਵਰਸਿਟੀਆਂ ਵੱਲੋਂ ਸਾਲ 2000 ਤੋਂ 2010 ਤੱਕ ਕੀਤੀਆਂ ਗਈਆਂ ਖੁਦਕੁਸ਼ੀਆਂ ਦੀ ਗਣਨਾ ਦੌਰਾਨ ਪ੍ਰਤੀ ਸਾਲ 636 ਕਿਸਾਨਾਂ ਵੱਲੋਂ ਖੁਦਕੁਸ਼ੀ ਕਰਨ ਦੇ ਤੱਥ ਸਾਹਮਣੇ ਆਏ ਹਨ, ਜੋ ਵਧ ਕੇ 750 ਦੇ ਕਰੀਬ ਪਹੁੰਚਦੇ ਦਿਖਾਈ ਦੇ ਰਹੇ ਹਨ। 2015 ਦੌਰਾਨ ਇਹ ਅੰਕੜਾ 800 ਦੇ ਕਰੀਬ ਪਹੁੰਚ ਸਕਦਾ ਹੈ (ਪੰ.ਟ੍ਰਿ. 10 ਦਸੰਬਰ 2015)। ਇੱਕ ਤਾਜ਼ਾ ਸਰਵੇਖਣ ਅਨੁਸਾਰ ਪਿਛਲੇ ਚਾਰ ਮਹੀਨਿਆਂ ਦੌਰਾਨ 90 ਤੋਂ ਵੱਧ ਵਿਅਕਤੀ ਖੁਦਕੁਸ਼ੀ ਕਰ ਗਏ ਹਨ ਜਦ ਕਿ ਬਹੁਤ ਸਾਰੀਆਂ ਘਟਨਾਵਾਂ, ਖਾਸ ਕਰਕੇ ਮਜ਼ਦੂਰਾਂ ਅਤੇ ਔਰਤਾਂ ਨਾਲ ਸਬੰਧਤ ਘਟਨਾਵਾਂ ਨੂੰ ਅਖਬਾਰਾਂ ਦੀ ਕੋਈ ਛੋਟੀ ਮੋਟੀ
ਸੁਰਖੀ ਵੀ ਨਸੀਬ ਨਹੀਂ ਹੁੰਦੀ ਅਤੇ ਉਹ ਆਪਣੇ ਪਿੰਡ ਦੀ ਆਬੋ-ਹਵਾ ’ਚ ਗੁਆਚ ਕੇ ਰਹਿ ਜਾਂਦੀਆਂ ਹਨ ਅਤੇ ਸਰਕਾਰੀ ਮੁਆਵਜ਼ੇ ਦੀਆਂ ਘੁੰਮਣ-ਘੇਰੀਆਂ ਵਿਚ ਹੀ ਦਮ ਤੋੜ
ਜਾਂਦੀਆਂ ਹਨ।
ਸੂਬੇ ਅੰਦਰ ਅਨੇਕਾਂ ਅਜਿਹੇ ਪਰਿਵਾਰ ਹਨ ਜਿੰਨਾਂ
ਦੇ ਇੱਕ ਤੋਂ ਵੱਧ ਜੀਅ ਖੁਦਕੁਸ਼ੀ ਕਰ ਗਏ ਹਨ। ਕਈ ਪਰਿਵਾਰਾਂ ’ਚ ਪਿੱਛੇ ਇਕ ਵੀ ਮਰਦ ਨਹੀਂ
ਬਚਿਆ। ਕਈਆਂ ’ਚ ਮਾਪਿਆਂ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਕਰਕੇ ਬੱਚੇ ਯਤੀਮ ਹੋ ਗਏ ਹਨ। ਕਈ ਪਿੰਡ ਅਜਿਹੇ ਹਨ
ਜਿੱਥੇ ਇੱਕ ਦਰਜਨ ਜਾਂ ਇਸ ਤੋਂ ਵੀ ਵੱਧ ਵਿਅਕਤੀ ਮੌਤ ਨੂੰ ਗਲੇ ਲਗਾ ਚੁੱਕੇ ਹਨ। ਪੈਪਸੂ ਮੁਜਾਰਾ
ਲਹਿਰ ਕਰਕੇ ਮਸ਼ਹੂਰ ਪੰਜਾਬ ਦੇ ਪਿੰਡ ਕਿਸ਼ਨਗੜ੍ਹ ਦਾ ਨੰਬਰ ਸ਼ਾਇਦ ਸਭ ਤੋਂ ਉੱਪਰ
ਆਉਂਦਾ ਹੈ ਜਿੱਥੇ ਲਗਭਗ ਤਿੰਨ ਦਰਜਨ ਕਿਸਾਨ ਮਜ਼ਦੂਰ ਆਪਣੀ ਜੀਵਨ ਲੀਲਾ ਖਤਮ ਕਰਨ ਚੁੱਕੇ ਹਨ।
ਪਿਛਲੇ ਸਮੇਂ ਦੌਰਾਨ ਖੁਦਕੁਸ਼ੀ ਦੀਆਂ ਘਟਨਾਵਾਂ ’ਚ ਵਡੇਰੀ ਉਮਰ ਦੇ ਵਿਅਕਤੀਆਂ ਨਾਲੋਂ 20-35 ਸਾਲ ਦੀ ਉਮਰ ਦੇ ਵਿਅਕਤੀਆਂ ਦੀ ਪ੍ਰਤੀਸ਼ੱਤਤਾ ’ਚ ਵਾਧਾ ਹੋਇਆ ਹੈ। ਪਿਛਲੇ ਚਾਰ ਮਹੀਨਿਆਂ
ਦੌਰਾਨ 50 ਸਾਲ ਦੀ ਉਮਰ ਤੱਕ ਦੀ ਪ੍ਰਤੀਸ਼ਸ਼ਤਾ 50 ਤੋਂ ਟੱਪ ਗਈ ਹੈ।
ਦੀ ਟ੍ਰਿਬਿਊਨ ਨੇ ਇਸ ਸਾਲ 11 ਜਨਵਰੀ ਤੋਂ 2 ਫਰਵਰੀ ਤੱਕ ਲਗਾਤਾਰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਦੇ
ਵੇਰਵੇ ਪੀੜਤ ਪਰਿਵਾਰਾਂ ਕੋਲ ਪਹੁੰਚ ਕਰਕੇ ਪ੍ਰਾਪਤ ਕੀਤੇ ਹਨ ਅਤੇ ਠੋਸ ਰਿਪੋਰਟਾਂ ਦੀ ਸ਼ਕਲ ’ਚ ਪਾਠਕਾਂ ਦੇ ਰੂਬਰੂ ਕੀਤੇ ਹਨ। ਕੁੱਝ ਕੁ ਘਟਨਾਵਾਂ ਦੇ ਸੰਖੇਪ ਵੇਰਵੇ ਹਾਜ਼ਰ ਹਨ।
ਸੰਗਰੂਰ ਜ਼ਿਲ੍ਹੇ ਦੇ ਛਾਜਲੀ ਪਿੰਡ ਦੇ ਇੱਕ
ਪਰਿਵਾਰ ’ਚ ਚਾਰ ਵਿਆਹਾਂ ਤੋਂ ਮਗਰੋਂ ਚਾਰ ਅਰਥੀਆਂ ਉੱਠ ਚੁੱਕੀਆਂ ਹਨ। ਪਰਿਵਾਰ ਵਿੱਚ ਕੁੱਲ ਛੇ ਮੌਤਾਂ
ਤੋਂ ਬਾਅਦ ਹੁਣ ਇਹ ਵਿਧਵਾਵਾਂ ਦਾ ਘਰ ਬਣ ਕੇ ਰਹਿ ਗਿਆ ਹੈ। ਘਰ ਪਹੁੰਚੇ ਪੱਤਰਕਾਰਾਂ ਨੂੰ ਸੰਬੋਧਤ
ਹੁੰਦੀ ਹੋਈ ਪਰਿਵਾਰ ਦੀ ਇੱਕ ਔਰਤ ਬੋਲਦੀ ਹੈ, ‘‘ਲੰਘ ਆਓ ਅੰਦਰ ਇਹੋ ਘਰ ਹੈ ਰੰਡੀਆਂ ਦਾ।
ਇੱਕੋ ਪਰਿਵਾਰ ’ਚ ਮੈਂ ਦੋ ਵਾਰ ਵਿਆਹੀ ਗਈ,
ਅਜੇ ਵੀ ਮੈਂ ਵਿਧਵਾ ਹਾਂ। ਪਰਿਵਾਰ ’ਚ ਸਿਰਫ਼ ਇੱਕ ਆਦਮੀ ਬਚਿਆ ਹੈ, ਉਹ ਹੈ ਮੇਰਾ ਸ਼ਰਾਬੀ ਪੁੱਤ। ਉਹ ਜਿਉਂਦਾ ਵੀ
ਕਾਹਦੈ!’’
ਅੱਜ ਕੱਲ੍ਹ ਪਰਿਵਾਰ ਦੀਆਂ ਚਾਰ ਔਰਤਾਂ ਬਾਕੀ ਬਚਦੀ 4 ਕੁ ਏਕੜ ਜ਼ਮੀਨ ਰਲ ਮਿਲ ਕੇ ਵਾਹੁੰਦੀਆਂ
ਹਨ। ਹਰੇਕ ਸਿਰ 5 ਤੋਂ 8 ਲੱਖ ਦਾ ਕਰਜ਼ਾ ਹੈ।
ਸੂਦਖੋਰ ਦੇ ਛੇ ਲੱਖ ਦੇ ਕਰਜ਼ੇ ਹੇਠ ਆਏ ਆਪਣੇ
ਜੁਆਨ ਪੁੱਤ ਵੱਲੋਂ ਖੁਦਕੁਸ਼ੀ ਕਰ ਲੈਣ ’ਤੇ ਸੰਗਰੂਰ ਜ਼ਿਲ੍ਹੇ ਦੇ ਚੋਟੀਆਂ ਪਿੰਡ ਦਾ ਚੇਤ
ਸਿੰਘ ਜਿਹੜਾ ਪਹਿਲੇ ਸਮੇਂ ’ਚ ਜੁੱਤੀਆਂ ਗੰਢ ਕੇ ਗੁਜ਼ਾਰਾ ਕਰ ਲੈਂਦਾ ਸੀ, ਹੁਣ ਸੱਤਰਾਂ ਤੋਂ ਉੱਪਰ ਦਾ ਹੋ ਗਿਆ ਹੈ
ਅਤੇ ਮਾਨਸਕ ਝੰਜੋੜੇ ਹੇਠ ਆਇਆ ਹੋਇਆ ਹੈ। ਉਹ ਕਹਿੰਦਾ ਹੈ,‘‘ਉਹ ਮੇਰਾ ਇੱਕੋ ਇੱਕ ਕਮਾਊ
ਪੁੱਤ ਸੀ, ਬਹੁਤ ਮਿਹਨਤੀ ਸੀ। ਮੇਰੀ ਘਰਵਾਲੀ ਚੱਜ ਨਾਲ ਤੁਰ ਫਿਰ ਵੀ ਨਹੀਂ ਸਕਦੀ। ਆਹ ਤਿੰਨ ਬੱਚੇ ਤੇ
ਮੇਰੀ ਵਿਧਵਾ ਨੂੰਹ - ਲਗਦੈ ਕੀ ਉਹ ਘਰ ਚਲਾ ਲੈਣਗੇ?’’
ਫਾਜ਼ਿਲਕਾ ਜ਼ਿਲ੍ਹੇ ਦੇ ਪੱਕਣ ਪਿੰਡ ਨੇ ਪਿਛਲੇ 15 ਸਾਲਾਂ ਤੋਂ ਤਿੰਨ ਦਰਜਨ ਖੁਦਕੁਸ਼ੀਆਂ ਦੇਖੀਆਂ ਹਨ। ਇਸ ਪਿੰਡ ਦੇ ਇੱਕ ਪਰਿਵਾਰ ਕੋਲ 18 ਕਨਾਲ ਜ਼ਮੀਨ ਸੀ,
ਜਿਸ ਦੇ ਤਿੰਨ ਹਿੱਸੇਦਾਰ ਸਨ। 6 ਲੱਖ ਦੇ ਕਰਜ਼ੇ ਬਦਲੇ ਅਰਨੀਵਾਲੇ ਦੇ ਸੂਦਖੋਰ ਆੜ੍ਹਤੀਏ ਨੇ 3 ਕਨਾਲ ਆਪਣੇ ਨਾਂ ਕਰਵਾ ਲਈ। ਵਿੱਕਰੀ ਦੀ ਲਿਖਤ ’ਚ ਹੇਰਾ ਫੇਰੀ ਕੀਤੀ। ਇਸ ਪਰਿਵਾਰ ’ਚ ਇਹ ਤੀਜੀ ਖੁਦਕੁਸ਼ੀ ਸੀ। ਇਹ ਪਿੰਡ ਡਿਪਟੀ ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ ਦੇ ਅਸੈਂਬਲੀ
ਹਲਕੇ ਜਲਾਲਾਬਾਦ ਵਿੱਚ ਪੈਂਦਾ ਹੈ। ਪਿੰਡ ਦਾ ਇੱਕ ਬਜ਼ੁਰਗ ਕਹਿੰਦਾ ਹੈ,‘‘ਕਿਸੇ ਵੀ ਪੀੜਤ ਪਰਿਵਾਰ ਨਾਲ ਹਮਦਰਦੀ ਕਰਨ ਲਈ ਉਹ ਕਦੇ ਪਿੰਡ ਨਹੀਂ ਆਇਆ।’’
ਬਠਿੰਡੇ ਜ਼ਿਲ੍ਹੇ ਦੇ ਦਿਉਣ ਪਿੰਡ ਦੀ ਸੁਖਦੇਵ ਕੌਰ ਵਿਲਕਦੀ ਹੋਈ ਬੋਲਦੀ ਹੈ, ‘‘ਮੇਰੇ ਤਿੰਨ ਪੁੱਤ ਮੁੱਕ ਗਏ, ਮੇਰਾ ਪੋਤਾ ਮੁੱਕ ਗਿਆ........ਮੈਨੂੰ ਕੁੱਝ
ਨਹੀਂ ਸੁਝਦਾ, ਅਸੀਂ ਜਿਉਂਦੇ ਕਿਵੇਂ ਰਹਾਂਗੇ।’’ ਸਿਰ ’ਤੇ ਗਿਆਰਾਂ ਲੱਖ ਦਾ ਕਰਜ਼ਾ ਹੈ, ਪੱਲੇ ਕੁੱਲ ਢਾਈ ਏਕੜ ਜ਼ਮੀਨ ਹੈ। ਸੁਖਦੇਵ ਕੌਰ ਇਸ ਨੂੰ ਵੇਚਣ ਦੀ ਗੱਲ ਸੁਣਨ ਨੂੰ ਤਿਆਰ ਨਹੀਂ
ਹੈ। ਕਹਿੰਦੀ ਹੈ,‘‘ਜ਼ਮੀਨ ਤੋਂ ਬਿਨਾਂ ਅਸੀਂ ਕਾਹਦੇ ਆਂ, ਖੇਤੀ ਤੋਂ ਬਿਨਾ ਹੋਰ ਕੀ ਕਰਾਂਗੇ?’’
ਮਾਸੂਮ ਜਿੰਦਾਂ ਜਿਨ੍ਹਾਂ ਦਾ ਬਚਪਨ ਵਲੂੰਧਰਿਆ ਗਿਆ
ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਲੜ੍ਹਾਂ ਦੇ ਮਜ਼ਦੂਰ
ਬਬਲੀ ਸਿੰਘ ਵੱਲੋਂ 2010 ’ਚ ਖੁਦਕੁਸ਼ੀ ਕਰ ਜਾਣ ਮਗਰੋਂ ਉਸ ਦੀ ਵਿਧਵਾ ਸਰੋਜ ਰਾਣੀ ਆਪਣੀਆਂ ਤਿੰਨ ਮਾਸੂਮ ਜਿੰਦਾਂ ਨੂੰ
ਲੈ ਕੇ ਡਿਗੂੰ ਡਿਗੂੰ ਕਰਦੇ ਇਕ ਕੱਚੇ ਕੋਠੇ ਵਿਚ ਰਹਿੰਦੀ ਹੈ। ਹਰ ਵਾਰ ਜਦ ਮੀਂਹ ਪੈਂਦਾ ਹੈ ਛੱਤ
ਚੋਣ ਲਗਦੀ ਹੈ ਤੇ ਕਿਸੇ ਨਾ ਕਿਸੇ ਥਾਂ ਤੋਂ ਮਿੱਟੀ ਕਿਰਨ ਲੱਗ ਪੈਂਦੀ ਹੈ। ਬੱਚੇ ਮਾਮੂਲੀ ਜਿਹੇ
ਖੜਕੇ ’ਤੇ ਵੀ ਘੜੀ-ਮੁੜੀ ਛੱਤ ਵੱਲ ਵੇਖਦੇ ਰਹਿੰਦੇ ਹਨ, ਤੇ ਮੇਰਾ 10 ਸਾਲ ਦਾ ਸਾਗਰ, ਖਾਸ ਕਰਕੇ ਰਾਤ ਨੂੰ, ਭੜੱਕ ਕੇ ਉੱਠ ਪੈਂਦਾ ਹੈ ਅਤੇ ਚੀਕ ਕੇ ਕਹਿ ਉੱਠਦਾ ਹੈ,‘‘ਉਏ ਤੇਰੀ.......।’’ ਬੜੀ ਵਾਰੀ ਮੈਨੂੰ ਅੱਧੀ ਰਾਤੀਂ ਮੇਰੇ ਬੱਚਿਆਂ ਦੇ ਛੱਤ ਹੇਠ ਦਬ ਜਾਣ ਦਾ ਸੁਪਨਾ ਆ ਕੇ ਪਸੀਨਾ
ਛੁੱਟ ਪੈਂਦਾ ਹੈ। ਜਦ ਕਦੇ ਮੈਂ ਬਿਮਾਰ ਹੁੰਦੀ ਹਾਂ, ਬੱਚੇ ਭੁੱਖੇ ਰਹਿੰਦੇ ਹਨ, ਗੁਆਂਢੀ ਜ਼ਰੂਰ ਮਦਦ ਕਰਦੇ ਹਨ..........ਸਾਡੇ ਉਪਰ ਛੱਤ ਡਿੱਗ ਪੈਣੀ ਕੋਈ ਮਾੜਾ ਅੰਤ ਵੀ
ਨਹੀਂ ਹੋਵੇਗਾ।’’
‘ਵਿਕਾਸ’ ਦੇ ਨਾਂਅ ਤੇ ਸੜਕ ਚੌੜੀ ਕਰਨ ਕਰਕੇ ਜਿਉਣੇ ਮੌੜ ਵਾਲੀ ਮੌੜ ਦੇ ਭੱਠਾ ਮਜ਼ਦੂਰ ਸਤਿਗੁਰੂ ਦਾ ਦੋ
ਕਮਰਿਆਂ ਦਾ ਨਿੱਕਾ ਜਿਹਾ ਘਰ ਢਾਹ ਦਿੱਤਾ ਗਿਆ। ਉਹਨੇ ਸਦਮੇ ਨੂੰ ਨਾ ਸਹਾਰਦੇ ਹੋਏ ਨੇ ਜ਼ਹਿਰ ਪੀ
ਲਈ ਸੀ। ਦਸਵੀਂ ਜਮਾਤ ’ਚ ਪੜ੍ਹਦੀ ਗੁਰਪ੍ਰੀਤ ਕਹਿੰਦੀ ਹੈ, ‘‘ਪਹਿਲਾਂ ਮੇਰੇ ਬਾਪ ਨੇ ਜ਼ਹਿਰ ਪੀਤੀ, ਫੇਰ ਮੇਰੀ ਮਾਂ ਨੇ, ਉਹਨਾਂ ਨੂੰ ਤੜਫਦਿਆਂ ਦੇਖ ਕੇ ਬਾਕੀ ਦੀ ਮੈਂ ਪੀ ਲਈ।’’ ਪਰ ਡਾਕਟਰਾਂ ਨੇ ਉਸ ਨੂੰ
ਬਚਾ ਲਿਆ ਸੀ। ਤਿੰਨ ਦਿਨ ਹਸਪਤਾਲ ’ਚ ਦਾਖਲ ਰਹਿਣ ਤੋਂ ਬਾਅਦ ਘਰ ਆਈ ਨੂੰ ਦਸਵੀਂ ਜਮਾਤ
’ਚੋਂ ਫਸਟ ਡਿਵੀਜ਼ਨ ਆਈ ਹੋਣ ਦੀ ਖਬਰ ਦੇ ਨਾਲ ਮਾਪਿਆਂ ਦੇ ਗੁਜਰ ਜਾਣ ਦੀ ਖਬਰ ਵੀ ਮਿਲੀ।
ਗੁਰਪ੍ਰੀਤ ਨੇ ਸਕੂਲ ਜਾਣਾ ਛੱਡ ਦਿੱਤਾ ਹੈ। ਵੱਡੀ ਕਾਮਰਸ ਨਾਲ ਬੀ. ਏ. ਕਰਨਾ ਚਾਹੁੰਦੀ ਸੀ, ਪਰ ਹੁਣ ਕਹਿੰਦੀ ਹੈ, ‘‘ਇਸ ਘਟਨਾ ਨੇ ਸਾਡੀਆਂ ਜ਼ਿੰਦਗੀਆਂ ਨੂੰ ਬਦਲ ਦਿੱਤਾ ਹੈ। ਬੱਚੇ ਬਿਰਧ ਨਾਨੇ ਨਾਨੀ ਨਾਲ ਰਹਿੰਦੇ
ਹਨ। ਗੁਆਂਢੀਆਂ ਤੋਂ ਜੋ ਮਿਲ ਜਾਂਦਾ ਹੈ ਖਾ ਲੈਂਦੇ ਹਨ।’’
ਅਲਕੜਾ ਪਿੰਡ ਦਾ ਹਰਜੀਤ 8 ਸਾਲ ਦਾ ਸੀ ਜਦ ਉਸਦੇ ਬਾਪ ਨੇ ਖੁਦਕੁਸ਼ੀ ਕਰ ਲਈ ਸੀ। 10 ਸਾਲ ਦਾ ਹੋ ਕੇ ਉਹ
ਦਿਹਾੜੀ ਜਾਣ ਲੱਗ ਪਿਆ ਸੀ। ਜਦ ਬਾਪ ਦਾ ਕਰਜ਼ਾ ਉਹਦੇ ਸਿਰ ਆਇਆ ਅਤੇ ਕਰਜ਼ਦਾਰਾਂ ਨੇ ਠਿੱਠ ਕਰਨਾ
ਸ਼ੂਰੂ ਕਰ ਦਿੱਤਾ, ਉਹਨੇ ‘ਛੁਟਕਾਰਾ ਪਾ ਲੈਣ’ ਦੀਆਂ ਕੋਸ਼ਿਸ਼ਾਂ ਕੀਤੀਆਂ। 6 ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਮੌਤ ਨੇ ਉਸ ਨੂੰ ਆਪਣੇ ਗਲ ਨਾ ਲਾਇਆ। ਕਈ ਵਰ੍ਹਿਆਂ ਤੋਂ ਉਸ
ਨੇ ਕੋਈ ਨਵਾਂ ਕੱਪੜਾ ਨਹੀਂ ਪਾਇਆ। ‘‘ਲੋਕ ਜੋ ਦੇ ਦਿੰਦੇ ਹਨ ਪਾ ਲੈਂਦਾ ਹਾਂ।’’ ਬਰਨਾਲੇ ਜ਼ਿਲ੍ਹੇ ਦੇ ਇਸ ਪਿੰਡ ’ਚ 1991 ਤੋਂ 2015 ਤੱਕ 14 ਖੁਦਕੁਸ਼ੀਆਂ ਹੋ ਚੁੱਕੀਆਂ ਹਨ, ਇਹਨਾਂ ਵਿਚ 4 ਕਿਸਾਨ ਅਤੇ 10 ਖੇਤ ਮਜ਼ਦੂਰ ਹਨ।
ਛਾਜਲੀ ਦੇ ਬੇਅੰਤ ਸਿੰਘ ਦਾ 16 ਵਰ੍ਹਿਆਂ ਦਾ, ਗੱਭਰੂ ਹੋ ਰਿਹਾ ਪੁੱਤ ਜਦ ਕਦੇ ਆਪਣੇ ਬਾਪ ਤੋਂ ਰੁਪਏ-ਧੇਲੀ ਦੀ ਮੰਗ ਕਰਦਾ, ਨਿਰਾਸ਼ਤਾ ਪੱਲੇ ਪੈਂਦੀ। ਬੈਂਕ ਅਧਿਕਾਰੀਆਂ ਦੇ ਵਾਰ ਵਾਰ ਦੇ ਗੇੜਿਆਂ ਤੋਂ ਉਹ ਛੇਤੀ ਹੀ ਸਮਝ
ਗਿਆ ਕਿ ਮਾਮਲਾ ਗੜਬੜ ਹੈ। ਉਹ ਪੈਸੇ ਮੰਗਣੋਂ ਹਟ ਗਿਆ ਤੇ ਚੁੱਪ ਰਹਿਣ ਲੱਗ ਪਿਆ। ਕੁੱਝ ਮਹੀਨਿਆਂ
ਦੀ ਚੁੱਪ, ਇੱਕ ਸ਼ਾਮ ਸਦੀਵੀ ਚੁੱਪ ’ਚ ਵਟ ਗਈ, ਜਦ ਉਸਨੇ ਸਲਫਾਸ ਦੀ ਗੋਲੀ ਨਿਗਲ ਲਈ।
ਚੋਟੀਆਂ ਪਿੰਡ ਦੇ ਇੱਕ ਦਲਿਤ ਪਰਿਵਾਰ ’ਚੋਂ ਇੱਕੋ ਇੱਕ ਕਮਾਊ, ਗੁਰਜੀਤ ਸਿੰਘ ਦੇ ਮੁੱਕ ਜਾਣ ਮਗਰੋਂ ਉਸ ਦੀ 9 ਸਾਲ ਦੀ ਬੇਟੀ ’ਤੇ ਬਾਪ ਦੀ ਗੈਰ-ਮੌਜੂਦਗੀ ਨੇ ਚੁੱਪ ਦੀ ਚਾਦਰ ਤਾਣ ਦਿੱਤੀ ਹੈ। ਉਹ ਸਾਰਾ ਦਿਨ ਨਹੁੰ ਟੁਕਦੀ
ਰਹਿੰਦੀ ਹੈ। 6 ਮਹੀਨੇ ਪਹਿਲਾਂ ਉਹ ਟਪੂੰ ਟਪੂੰ ਕਰਦੀ ਰਹਿੰਦੀ ਸੀ, ਹੁਣ ਮਸਾਂ ਹੀ ਕਦੇ ਬੋਲਦੀ
ਹੈ।
ਸੰਗਰੂਰ ਜ਼ਿਲ੍ਹੇ ਦੇ ਲਹਿਲ ਕਲਾਂ ਪਿੰਡ ਦਾ 10 ਵਰ੍ਹਿਆਂ ਦਾ ਜਸਪ੍ਰੀਤ ਭੱਜਿਆ ਭੱਜਿਆ ਸਕੂਲੋਂ ਆ ਕੇ ਆਪਣੀ ਦਾਦੀ ਦੀ ਕੁੱਛੜ ’ਚ ਬਹਿੰਦਾ ਹੈ। ‘‘ਚਾਚੀ ਜੀ ਤੇ ਪਿਤਾ ਜੀ ਵਾਂਗੂੰ ਕੀ ਮੈਂ ਫਾਹਾ ਲੈਣ ਮਗਰੋਂ ਹੀ ਪੈਸੇ ਮੰਗਣ ਵਾਲਿਆਂ ਤੋਂ ਬਚ
ਸਕੂੰਗਾ?’’ ਅਤੇ ਉਹ ਚੀਕਾਂ ਮਾਰ ਕੇ ਰੋਣ ਲੱਗਦਾ ਹੈ। ਡੁਸਕਦਾ ਹੋਇਆ ਉਹ ਫਿਰ ਬੋਲਦਾ ਹੈ,‘‘ਬੇਬੇ ਮੈਂ ਵਿਆਹ ਨਹੀਂ ਕਰਾਵਾਂਗਾ, ਨਾਂ ਹੀ ਚਾਚਾ ਜੀ ਦਾ ਮੁੰਡਾ ਕਰਾਵੇਗਾ, ਨਹੀਂ ਤਾਂ ਸਾਡੀਆਂ ਵਹੁਟੀਆਂ ਸਾਡੀਆਂ ਮਾਵਾਂ ਵਾਂਗ ਵਿਧਵਾ ਹੋ ਜਾਣਗੀਆਂ।’’
ਸਰਕਾਰਾਂ ਦੀ ਬੇਰੁਖੀ
ਕਈ ਸਾਲਾਂ ਤੱਕ ਪੰਜਾਬ ਦੀਆਂ ਵੱਖ ਵੱਖ ਸਰਕਾਰਾਂ
ਕਿਸਾਨ ਖੁਦਕੁਸ਼ੀਆਂ ਦੇ ਵਰਤਾਰੇ ਦੀ ਹਕੀਕਤ ਨੂੰ ਪ੍ਰਵਾਨ ਕਰਨ ਤੋਂ ਹੀ ਇਨਕਾਰੀ ਰਹੀਆਂ। 90 ਵਿਆਂ ਦੇ ਆਖਰੀ ਵਰ੍ਹਿਆਂ ਦੌਰਾਨ ਹੀ ਜਨਤਕ ਦਬਾਅ ਦੀ ਮਜਬੂਰੀ ਹੇਠ ਇਸ ਹਕੀਕਤ ਨੂੰ ਪ੍ਰਵਾਨ
ਕਰਨ ਅਤੇ ਸੂਬੇ ਦੀਆਂ ਤਿੰਨ ਯੂਨੀਵਰਸਿਟੀਆਂ ਰਾਹੀਂ ਸਰਵੇਖਣ ਕਰਾਉਣ ਲਈ ਮਜਬੂਰ ਹੋਣਾ ਪਿਆ। ਪਹਿਲੀ
ਵਾਰ ਸੀ ਕਿ 2001 ਦੇ ਸੂਬਾਈ ਬੱਜਟ ਵਿਚ ਖੁਦਕੁਸ਼ੀ ਕਰ ਗਏ ਵਿਅਕਤੀ ਦੇ ਪਰਿਵਾਰ ਨੂੰ ਢਾਈ ਲੱਖ ਰੁਪਏ ਦਾ
ਮੁਆਵਜ਼ਾ ਦੇਣਾ ਤਹਿ ਕੀਤਾ ਗਿਆ,
ਪਰ ਐਲਾਨ ਕੀਤੀ ਰਾਸ਼ੀ ਬੱਜਟ ਦੀਆਂ ਫਾਈਲਾਂ ਤੋਂ ਬਾਹਰ ਨਾ ਆ ਸਕੀ।
ਪੰਜਾਬ ਸਰਕਾਰ ਵੱਲੋਂ ਕਰਵਾਏ ਸਰਵੇਖਣ ਨੇ 2000 ਤੋਂ 2010 ਦੇ ਸਾਲਾਂ ਦੌਰਾਨ ਕੁੱਲ 6926 ਕਿਸਾਨ ਖੁਦਕੁਸ਼ੀਆਂ ਦੀ ਹਕੀਕਤ ਉਜਾਗਰ ਕੀਤੀ। ਕਿਸਾਨ ਜਥੇਬੰਦੀਆਂ ਵੱਲੋਂ ਇਸ ਗਿਣਤੀ ’ਤੇ ਸੁਆਲ ਉਠਾਏ ਜਾਂਦੇ ਰਹੇ ਹਨ ਅਤੇ ਗਿਣਤੀ
ਇਸ ਤੋਂ ਕਿਤੇ ਵੱਧ ਹੋਣ ਦੇ ਐਲਾਨ ਕੀਤੇ ਜਾਂਦੇ ਰਹੇ ਹਨ ਅਤੇ ਇਹਨਾਂ ਪੀੜਤ ਪਰਿਵਾਰਾਂ ਨੂੰ 5 ਲੱਖ ਰੁਪਏ ਮੁਆਵਜ਼ੇ ਦੀ ਲਗਾਤਾਰ ਮੰਗ ਕੀਤੀ ਜਾਂਦੀ ਰਹੀ ਹੈ। ਸਰਕਾਰ ਵੱਲੋਂ ਸ਼ੁਰੂ ਕੀਤੀ 2 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ੇ ਦੀ ਰਾਸ਼ੀ ਅਜੇ ਤੱਕ ਖੁਦ ਪ੍ਰਵਾਨ ਕੀਤੇ ਪਰਿਵਾਰਾਂ ਤੱਕ
ਵੀ ਪਹੁੰਚ ਨਹੀਂ ਸਕੀ। ਮੁਆਵਜ਼ਾ ਪ੍ਰਾਪਤ ਕਰਨ ਦਾ ਖਰਚਾ, ਖੱਜਲ-ਖੁਆਰੀ ਅਤੇ ਜਲਾਲਤ ਭਰਿਆ ਲੰਮਾਂ ਤੇ
ਲਮਕਵਾਂ ਅਮਲ ਸਰਕਾਰ ਦੇ ਨਾਂਹ-ਪੱਖੀ ਰਵੱਈਏ ਦਾ ਖੁਲਾਸਾ ਕਰਦਾ ਹੈ। ਜੁਲਾਈ 2014 ਤੋਂ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ ਮੁਆਵਜ਼ੇ ਦੀ ਰਾਸ਼ੀ 3 ਲੱਖ ਕਰਨ ਦੇ ਨਾਲ ਨਾਲ ਇਸ ਨੂੰ ਘਟਨਾ ਸਥਾਨ ਤੇ ਤੁਰਤ ਪੈਰ ਅਦਾ ਕਰਨ ਦਾ ਐਲਾਨ ਕੀਤਾ ਹੈ ਜੋ
ਕਿਸੇ ਵੀ ਹਾਲਤ ’ਚ ਸੰਭਵ ਦਿਖਾਈ ਨਹੀਂ ਦਿੰਦਾ। ਪੰਜਾਬੀ ਟ੍ਰਿਬਿਊਨ ਨੇ ਆਪਣੇ 10 ਦਸੰਬਰ 2015 ਦੇ ਸੰਪਾਦਕੀ ’ਚ ਲਿਖਿਆ ਹੈ, ‘‘2010 ਤੋਂ ਬਾਅਦ ਹੋਈਆਂ ਖੁਦਕੁਸ਼ੀਆਂ ਦਾ ਹਾਲੇ ਤੱਕ ਕੋਈ ਪ੍ਰਮਾਣਿਕ ਸਰਵੇਖਣ ਨਹੀਂ ਕਰਵਾਇਆ।’’ ਹੁਣ ਪਿਛਲੇ ਦਿਨਾਂ ’ਚ ਐਲਾਨ ਕੀਤੇ ਅਜਿਹੇ ਸਰਵੇਖਣ ਨੂੰ ਵਧਾਏ ਹੋਏ ਖੁਦਕੁਸ਼ੀ ਮੁਆਵਜ਼ੇ ਅਤੇ ਵ੍ਯਧਾਈਆਂ ਹੋਈਆਂ
ਬੁਢਾਪਾ ਪੈਨਸ਼ਨਾਂ ਆਦਿ ਦੇ ਨਾਲ ਨਾਲ 2017 ਦੇ ਸ਼ੁਰੂ ’ਚ ਹੋਣ ਜਾ ਰਹੀਆਂ ਵਿਧਾਨ
ਸਭਾ ਚੋਣਾਂ ਦੇ ਸੰਦਰਭ ’ਚ ਚੋਣ ਮਸ਼ਕ ਹੀ ਕਹੀ ਜਾ ਸਕਦੀ ਹੈ। ਕਿਸਾਨੀ ਸਮੱਸਿਆਵਾਂ ਬਾਰੇ ਸਰਕਾਰ ਦੀ ਨੀਅਤ ਤਾਂ 2006 ਤੋਂ ਲਮਕਦੇ ਆ ਰਹੇ ਕਿਸਾਨ ਕਰਜ਼ਾ ਬਿੱਲ ਤੋਂ ਹੀ ਦਿਖਾਈ ਦਿੰਦੀ ਹੈ, ਭਾਵੇਂ ਮੁੱਖ ਮੰਤਰੀ ਨੇ ਪਿਛਲੇ ਦਿਨੀਂ ਕਿਸਾਨ ਜਥੇਬੰਦੀਆਂ ਨਾਲ ਹੋਈ ਆਪਣੀ ਮੀਟਿੰਗ ’ਚ ਆਉਂਦੇ ਅਸੈਂਬਲੀ ਸੈਸ਼ਨ ’ਚ ਇਹ ਬਿੱਲ ਲੈ ਕੇ ਆਉਣ ਦਾ ਵਚਨ ਦਿੱਤਾ ਹੈ। ਸੂਦਖੋਰਾਂ ਜਾਗੀਰਦਾਰਾਂ ਨਾਲ ਆਪਣੀ ਜਮਾਤੀ
ਸਾਂਝ ਨੂੰ ਆਂਚ ਆਉਣ ਦੇਣਗੇ ਮੁੱਖ ਮੰਤਰੀ?
ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਸਾਲ ਪਹਿਲਾਂ
ਆਪਣੀ ਸਰਕਾਰ ਵੇਲੇ ਆਰਥਕ ਤੰਗੀਆਂ ’ਚ ਫਸੇ ਕਿਸਾਨਾਂ ਨੂੰ ਸੁਝਾਇਆ ਸੀ ਕਿ 10 ਏਕੜ ਤੱਕ ਦੀ ਖੇਤੀ ਲਾਹੇਵੰਦ ਨਹੀਂ ਰਹੀ। ਅਜਿਹੇ ਕਿਸਾਨਾਂ ਨੂੰ ਖੇਤੀ ਦਾ ਧੰਦਾ ਛੱਡ ਦੇਣਾ
ਚਾਹੀਦਾ ਹੈ। ਪੰਜਾਬ ਦੇ ਅਜਿਹੇ 60 ਪ੍ਰਤੀਸ਼ਤ ਕਿਸਾਨਾਂ ਲਈ ਕਿਸੇ ਬਦਲਵੇਂ ਰੁਜ਼ਗਾਰ
ਦੀ ਅਣਹੋਂਦ ’ਚ ਵੇਲੇ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਦਿੱਤੀ ਇਸ ‘ਚੰਗੀ ਮੱਤ’ ਦੇ ਨੁਸਖੇ ਰਾਹੀਂ ਦਰਅਸਲ ਵੱਡੇ ਭੋਇੰ-ਮਾਲਕਾਂ, ਜਾਗੀਰਦਾਰਾਂ, ਸ਼ਾਹੂਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਦੇ ਹੀ ਦਰਸ਼ਨ ਹੁੰਦੇ ਹਨ।
ਨਵੀਆਂ ਆਰਥਕ ਨੀਤੀਆਂ ਦੇ ਤੇਜ਼ ਰਫ਼ਤਾਰ ਕਦਮ
ਵਧਾਰੇ ਕਰਕੇ, ਲਗਾਤਾਰ ਮਹਿੰਗੀਆਂ ਹੋ ਰਹੀਆਂ ਖੇਤੀ ਲਾਗਤਾਂ -ਰੇਹਾਂ, ਸਪਰੇਆਂ, ਬੀਜ, ਤੇਲ ਆਦਿ ਅਤੇ ਮੁਕਾਬਲੇ ’ਚ ਪੁੱਠੀਆਂ ਛਾਲਾਂ ਮਾਰਦੇ ਪਰ ਲਗਾਤਾਰ ਗੈਰ-ਲਾਹੇਵੰਦ ਰਹਿੰਦੇ ਖੇਤੀ ਜਿਨਸਾਂ ਦੇ ਭਾਅਵਾਂ ਨੇ
ਕਿਸਾਨਾਂ ਨੂੰ ਖੁੰਘਲ ਹੀ ਨਹੀਂ ਕੀਤਾ, ਪੂਰੇ ਦੇ ਪੂਰੇ ਕਿਸਾਨ ਪਰਿਵਾਰਾਂ ਨੂੰ
ਅਰਧ-ਪਾਗਲ ਅਵਸਥਾ ’ਚ ਸੁੱਟਿਆ ਹੋਇਆ ਹੈ। ਅਜਿਹਾ ਕੁੱਝ ਭਲੀ-ਭਾਂਤ ਜਾਣਦੇ ਹੋਣ ਦੇ ਬਾਵਜੂਦ ਹਾਕਮਾਂ ਨੂੰ ਇਹ
ਕਹਿੰਦਿਆਂ ਰੱਤੀ ਭਰ ਵੀ ਸ਼ਰਮ ਮਹਿਸੂਸ ਨਹੀਂ ਹੁੰਦੀ ਕਿ ਪੰਜਾਬ ਦੇ ਕਿਸਾਨਾਂ ਦੇ ਵਿਆਹ-ਸ਼ਾਦੀਆਂ
ਅਤੇ ਮਰਨੇ ਪਰਨਿਆਂ ’ਤੇ ਜਾਂ ਸ਼ਰਾਬ ’ਤੇ ਹੋਏ ਵੱਡੇ ਖਰਚੇ ਉਹਨਾਂ ਨੂੰ ਕਰਜ਼ਾਈ ਕਰਨ ਦਾ ਮੁੱਖ ਸਾਧਨ ਬਣਦੇ ਹੋਏ, ਖੁਦਕੁਸ਼ੀਆਂ ਦਾ ਕਾਰਣ ਬਣਦੇ ਹਨ। ਅਕਾਲੀ ਭਾਜਪਾ ਸਰਕਾਰ ਦੀ ਸ਼ਰਾਬ ਪ੍ਰਤੀ ਨੀਤੀ ਹੀ ਇਸ ਦੇ
ਲੋਕ ਵਿਰੋਧੀ ਅਤੇ ਕਿਸਾਨ-ਵਿਰੋਧੀ ਕਿਰਦਾਰ ਦੀ ਸੁਲਤਾਨੀ ਗਵਾਹ ਬਣ ਕੇ ਵਾਰ ਵਾਰ ਅਖਬਾਰਾਂ ਦੀ
ਚਰਚਾ ’ਚ ਰਹੀ ਹੈ। ਅਕਾਲੀ ਭਾਜਪਾ ਸਰਕਾਰ ਹੇਠ ਪੰਜਾਬ ’ਚ ਸ਼ਰਾਬ ਦੇ ਕਾਰੋਬਾਰ ’ਚ 5 ਗੁਣਾ ਵਾਧਾ ਹੋਇਆ ਹੈ। ਸ਼ਰਾਬ ਦੇ ਕਾਰੋਬਾਰ ਤੋਂ ਇਕੱਠਾ ਕੀਤਾ ਮਾਲੀਆ ਇਸ ਦੀ ਆਮਦਨ ਦਾ ਮੁੱਖ
ਸਰੋਤ ਹੈ। ਸੂਬਾਈ ਸ਼ਾਹਰਾਹਾਂ ਤੋਂ ਠੇਕੇ ਹਟਾਉਣ ਦੇ ਹਾਈਕੋਰਟ ਦੇ ਹੁਕਮਾਂ ਖਿਲਾਫ਼ ਇਸਨੇ ਸੁਪਰੀਮ
ਕੋਰਟ ’ਚ ਅਪੀਲ ਕੀਤੀ ਹੋਈ ਹੈ। ਹੈਰੋਇਨ ਅਤੇ ਸਿੰਥੈਟਿਕ ਨਸ਼ਿਆਂ ਦੇ ਵਪਾਰ ’ਚ ਮਜੀਠੀਏ ਵਰਗੇ ਅਕਾਲੀ ਮੰਤਰੀਆਂ ਦੇ ਨਾਂਅ ਲਗਾਤਾਰ ਚਰਚਾ ’ਚ ਹਨ। ਪਰ ਅਕਾਲੀ ਭਾਜਪਾ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਨਸ਼ਿਆਂ ਦੇ ਵਪਾਰ ਦੇ ਮਾਮਲੇ ’ਚ ਮਜੀਠੀਏ ਨੂੰ ਅਤੇ ਨਕਲੀ ਕੀਟਨਾਸ਼ਕਾਂ ਦੇ ਮਾਮਲੇ ’ਚ ਤੋਤਾ ਸਿੰਘ ਨੂੰ ਇਹ ਸਰਕਾਰ
ਬਿਨਾ ਕਿਸੇ ਜਾਂਚ-ਪੜਤਾਲ ਦੇ ਕਲੀਨ ਚਿੱਟ ਦੇਈ ਬੈਠੀ ਹੈ। ਅਕਾਲੀ-ਭਾਜਪਾ ਸਰਕਾਰ ਨੇ ਬਿਨਾ ਜਾਂਚ
ਪੜਤਾਲ ਦੇ ਕਲੀਨ ਚਿੱਟ ਦੇਣ ਦਾ ਇਤਿਹਾਸ ਸਿਰਜ ਦਿੱਤਾ ਹੈ। ਮੁੱਖ ਮੰਤਰੀ ਦੇ ਲਫ਼ਜ਼ਾਂ ’ਚ ਇਹ ‘‘ਰਾਜ ਨਹੀਂ ਸੇਵਾ’’ ਹੈ! ਪੰਜਾਬ ਦੇ ਲੋਕਾਂ ਨੂੰ ਸਰਕਾਰ ਦੇ ਅਜਿਹੇ ਲੋਕ-ਵਿਰੋਧੀ ਵਿਹਾਰ ਤੋਂ ਸਬਕ ਸਿੱਖਣ ਦੀ ਲੋੜ
ਹੈ ਅਤੇ ਸਰਕਾਰਾਂ ਤੋਂ ਝਾਕ ਛੱਡ ਕੇ ਆਪਣੀ ਰਾਖੀ ਲਈ ਅੱਗੇ ਆਉਣ ਦੀ ਲੋੜ ਹੈ।
ਖੁਦਕੁਸ਼ੀਆਂ ਦੇ ਵਰਤਾਰੇ ਨੇ ਪੰਜਾਬ ਤੋਂ ਇਲਾਵਾ
ਆਂਧਰਾ ਪ੍ਰਦੇਸ਼, ਕਰਨਾਟਕ, ਮਹਾਂਰਾਸ਼ਟਰ, ਹਰਿਆਣਾ ਆਦਿ ਸੂਬਿਆਂ ’ਚ ਵੀ ਪੈਰ ਪਸਾਰੇ ਹੋਏ ਹਨ। ਸਾਲ 2015 ਦੌਰਾਨ ਮਹਾਂਰਾਸ਼ਟਰ ’ਚ 1000 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਪਿਛਲੇ ਦੋ ਮਹੀਨਿਆਂ ਦੌਰਾਨ ਹੀ ਮਹਾਂਰਾਸ਼ਟਰ ਦੀ ਮਰਾਠਵਾੜਾ
ਪੱਟੀ ’ਚ 124 ਕਿਸਾਨ ਖੁਦਕੁਸ਼ੀ ਕਰ ਗਏ। ਕਿਸਾਨ ਖੁਦਕੁਸ਼ੀਆਂ ਦੇ ਇਸ ਵਧੇ ਹੋਏ ਰੁਝਾਨ ਬਾਰੇ ਭਾਜਪਾ ਦੇ
ਮਹਾਂਰਾਸ਼ਟਰ ਵਿਚਲੇ ਇੱਕ ਸੰਸਦ ਮੈਂਬਰ ਵੱਲੋਂ ਇਸ ਨੂੰ ਇਕ ‘ਫੈਸ਼ਨ’ ਦੱਸਿਆ ਗਿਆ ਹੈ। ਕਿਸਾਨ ਖੁਦਕੁਸ਼ੀਆਂ ਦੀਆਂ ਅਨੇਕਾਂ ਹਿਰਦੇਵੇਦਕ ਘਟਨਾਵਾਂ ਸੰਸਦ ਮੈਂਬਰ ਦੇ
ਕਿਸਾਨਾਂ ਪ੍ਰਤੀ ਨਫ਼ਰਤ ਨਾਲ ਭਰੀ ਇਸ ਟਿੱਪਣੀ ਦਾ ਮੂੰਹ-ਤੋੜ ਜੁਆਬ ਹਨ:
ਘਰ ’ਚ ਚਾਈਂ ਚਾਈਂ ਕਿਸੇ ਸਮਾਗਮ ਦੀ ਤਿਆਰੀ
ਚੱਲ ਰਹੀ ਹੋਵੇ ਅਤੇ ਪਰਿਵਾਰਕ ਮੁਖੀ ਦਿਮਾਗ ਵਿੱਚ ਚੱਲ ਰਹੇ ਇਕ ਵੱਖਰੇ ਤੂਫਾਨ ’ਚ ਘਿਰਿਆ ਹੋਵੇ, ਜੋ ਦਿਨ ਚੜ੍ਹਦੇ ਨਾਲ ਉਸ ਦੀ ਜਾਨ ਲੈ ਕੇ ਹੀ ਸ਼ਾਂਤ ਹੋਇਆ-ਇਹ ਕੋਈ ਫੈਸ਼ਨ ਨਹੀਂ ਹੋ ਸਕਦਾ।
ਇਸ ਜਨਵਰੀ ਮਹੀਨੇ ਨੇੜਲੇ ਪਿੰਡ ਦੇ ਇੱਕ ਕਿਸਾਨ
ਜਸਵੰਤ ਸਿੰਘ ਨੇ, ਜਿਹੜਾ ਆੜ੍ਹਤੀਏ ਦਾ 14-15 ਲੱਖ ਦਾ ਕਰਜ਼ਾਈ ਸੀ, ਆਪਣੀ ਦੀ ਦੇ ਵਿਆਹ ਦੀ ਡੋਲੀ ਤੋਰਨ ਤੋਂ ਕੁੱਝ ਹੀ ਘੰਟੇ ਪਹਿਲਾਂ ਮਿੱਟੀ ਦਾ ਤੇਲ ਪਾ ਕੇ
ਖੁਦਕੁਸ਼ੀ ਕਰ ਲਈ। ਉਸ ਨੂੰ ਖਤਰਾ ਸੀ ਕਿ ਵਿਆਹ ਵਾਲੇ ਦਿਨ ਸੂਦਖੋਰ ਆ ਕੇ ਜਲੀਲ ਕਰੇਗਾ ਕਿ ਪੈਸੇ
ਮੋੜਨ ਦੀ ਬਜਾਏ ਵਿਆਹ ਕਿਉਂ ਰੱਖ ਲਿਆ।
ਮਾਨਸਾ ਜ਼ਿਲ੍ਹੇ ਦੇ ਪਿੰਡ ਤਾਮਕੋਟ ਦੇ ਇੱਕ
ਮਿਹਨਤੀ ਕਿਸਾਨ ਗੁਰਤੇਜ ਸਿੰਘ ਨੇ ਅਪ੍ਰੈਲ 1996 ’ਚ ਖੁਦਕੁਸ਼ੀ ਕੀਤੀ ਸੀ।
ਨਰਮੇ ਦੀ ਫਸਲ ’ਤੇ ਵਾਰ ਵਾਰ ਹੁੰਦੇ ਸੁੰਡੀ ਦੇ ਹਮਲੇ ਅਤੇ ਝੋਨੇ ਦੇ ਕਰਜ਼ਿਆਂ ਨੇ ਇਸ ਕਿਸਾਨ ਨੂੰ ਇਸ ਹੱਦ
ਤੱਕ ਡੂੰਘੀ ਮਾਨਸਕ ਪ੍ਰੇਸ਼ਾਨੀ ’ਚ ਲਿਜਾ ਸੁੱਟਿਆ ਕਿ ਨੇੜੇ ਵਗਦੀ ਨਹਿਰ ’ਚ ਛਾਲ ਮਾਰਨ ਤੋਂ ਪਹਿਲਾਂ ਮਰ ਜਾਣ ਦੀ
ਗਰੰਟੀ ਕਰਨ ਵਜੋਂ ਉਸ ਨੇ ਆਪਣੀਆਂ ਲੱਤਾਂ ਨਾਲ ਇੱਟਾਂ ਬੰਨ੍ਹ ਲਈਆਂ।
ਕਿਸਾਨ ਖੁਦਕੁਸ਼ੀਆਂ ਦੀਆਂ ਅਜਿਹੀਆਂ ਹੌਲਨਾਕ ਅਤੇ
ਦਿਲ ਕੰਬਾਊ ਘਟਨਾਵਾਂ ਕਿਸਾਨੀ ਪ੍ਰਤੀ ਨਫ਼ਰਤ ਅਤੇ ਕਿਸਾਨ ਸਮੱਸਿਆਵਾਂ ਪ੍ਰਤੀ ਬੇਲਾਗਤਾ ਨਾਲ ਭਰੇ
ਹਾਕਮਾਂ ਦੇ ਮੂੰਹ ਉਤੇ ਚਪੇੜ ਬਣ ਕੇ ਪੰਜਾਬ ਦੀ ਫਿਜ਼ਾ ’ਚ ਲੰਮਾ ਸਮਾਂ ਲੋਕਾਂ ਦੇ ਦਿਲਾਂ ਦਿਮਾਗਾਂ
’ਤੇ ਡੂੰਘੀ ਮੋਹਰ-ਛਾਪ ਬਣਕੇ ਉੱਕਰੀਆਂ ਰਹਿਣਗੀਆਂ। ਹਰੇਕ ਸੰਵੇਦਨਸ਼ੀਲ ਵਿਅਕਤੀ ਇਹ ਸੋਚਣ ਲਈ
ਮਜਬੂਰ ਹੁੰਦਾ ਹੈ ਕਿ ਅਜਿਹੇ ਹਾਕਮਾਂ ਦੀਆਂ ਹਕੂਮਤਾਂ ਹੇਠ ਮੁਲਕ ਦਾ ਬਣੂੰਗਾ ਕੀ?
ਕਿਸ਼ਨਗੜ੍ਹ ਦੀ ਕਹਾਣੀ ਰਾਹ ਦਰਸਾਵਾ ਹੈ
ਧੂਰੀ ਲਾਗਲਾ ਪਿੰਡ ਸੁਲਤਾਨਪੁਰ, ਜਿਹੜਾ ਨਕਸਲੀ ਲਹਿਰ ਦੇ ਆਗੂ ਛੋਟਾ ਸਿੰਘ ਸੁਲਤਾਨਪੁਰੀਏ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਹੁਣ ਖੁਦਕੁਸ਼ੀਆਂ ਦੇ ਕਹਿਰ ਕਰਕੇ ਜਾਣਿਆ ਜਾਂਦਾ ਹੈ। 1700 ਦੀ ਆਬਾਦੀ ਵਾਲਾ ਇਹ ਛੋਟਾ
ਜਿਹਾ ਪਿੰਡ ਪਿਛਲੇ 15 ਸਾਲਾਂ ਦੌਰਾਨ 4 ਦਰਜਨ ਖੁਦਕੁਸ਼ੀਆਂ ਝੱਲ ਚੁੱਕਾ ਹੈ। ਦੋ ਵਿੱਘੇ ਜ਼ਮੀਨ ਦਾ ਮਾਲਕ ਅਤੇ ਮਿਹਨਤ ਮਜ਼ਦੂਰੀ ਕਰਕੇ
ਦਿਨ-ਕਟੀ ਕਰ ਰਿਹਾ ਬਲਜਿੰਦਰ ਸਿੰਘ ਨੂੰਹ ਦੇ ਜਣੇਪੇ ’ਤੇ ਹੋਏ ਇੱਕ ਲੱਖ ਦੇ ਖਰਚੇ ਅਤੇ ਬੇਟੀ
ਸ਼ਰਨਜੀਤ ਕੌਰ ਦੀ ਰੱਖੀ ਸ਼ਾਦੀ ਸਾਹਮਣੇ ਹਾਰ ਗਿਆ ਅਤੇ ਮੌਤ ਨੂੰ ਗਲੇ ਲਗਾ ਲਿਆ। ਛੋਟੇ
ਸੁਲਤਾਨਪੁਰੀਏ ਅਤੇ ਉਸ ਦੇ ਸਾਥੀਆਂ ਦੀ ਸੂਹ ਲਾਉਣ ਲਈ ਸਰਕਾਰੀ ਤੰਤਰ ਰੋਜ਼ਾਨਾ ਪਿੰਡ ਦੀਆਂ ਸੱਥਾਂ ’ਚ ਦਨਦਨਾਉਂਦਾ ਸੀ ਪਰ ਪ੍ਰਸਾਸ਼ਨ ਹੁਣ ਇਸ ਪਿੰਡ ਦਾ ਰਾਹ ਭੁੱਲ ਗਿਆ ਹੈ। ਸਰਕਾਰ ਨੇ ਭਾਵੇਂ
ਅਗਲੇ ਦਿਨ ਹੀ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਪਰ ਅਜੇ ਤੱਕ ਪਰਿਵਾਰ ਨੂੰ
ਕੋਈ ਸਹਾਇਤਾ ਨਹੀਂ ਮਿਲੀ। ਛੋਟੇ ਸੁਲਤਾਨਪੁਰੀਏ ਦਾ ਭਤੀਜਾ ਵੀ ਖੁਦਕੁਸ਼ੀ ਕਰ ਗਿਆ ਹੈ। (ਪੰਜਾਬੀ
ਟ੍ਰਿਬਿਊਨ, 25 ਜਨਵਰੀ 2016)
ਪਰ ਮਾਨਸਾ ਜ਼ਿਲ੍ਹੇ ਦਾ ਪਿੰਡ ਕਿਸ਼ਨਗੜ੍ਹ ਹੋਰ ਗੱਲ ਕਰਦਾ ਹੈ। ਵੱਖਰਾ ਹੋਕਾ ਦਿੰਦਾ ਹੈ। ਇਹ ਪਿੰਡ 1940 ਵਿਆਂ ਦੇ ਵਰ੍ਹਿਆਂ ਦੀ ਪੈਪਸੂ ਮੁਜਾਰਾ ਲਹਿਰ ਦੀ ਯਾਦ ਅੱਜ ਵੀ ਆਪਣੇ ਹਿਰਦੇ ਵਿਚ ਸਾਂਭੀ
ਬੈਠਾ ਹੈ ਅਤੇ ਕਿਸਾਨੀ ਦੇ ਮੌਜੂਦਾ ਸੰਕਟ ਲਈ ਰਾਹ ਦਰਸਾਵਾ ਬਣਨ ਲਈ ਅਹੁਲਦਾ ਹੈ। ਦੀ ਟ੍ਰਿਬਿਊਨ
ਨੇ ਵੀ ਕਿਸਾਨੀ ਦੇ ਮੌਜੂਦਾ ਸੰਕਟ ਦੀ ਗੱਲ ਕਰਦਿਆਂ 1940 ਦੇ ਕਿਸਾਨੀ ਸੰਕਟ ਨੂੰ ਯਾਦ ਕੀਤਾ ਹੈ
ਅਤੇ ਪੈਪਸੂ ਮੁਜਾਰਾ ਲਹਿਰ ਦੇ ਨਾਂਅ ਨਾਲ ਜਾਂਦੇ ਸੰਘਰਸ਼ ਨੂੰ ਪਾਠਕਾਂ ਦੇ ਰੂਬਰੂ ਕੀਤਾ ਹੈ.-
ਕਿਸ਼ਨਗੜ੍ਹ ਪਿੰਡ ਦਾ ਯਾਦਗਾਰੀ ਗੇਟ ਹਰੇਕ ਆਉਂਦੇ ਜਾਂਦੇ ਦਾ ਇਹਨਾਂ ਲਫ਼ਜਾਂ ਨਾਲ ਸੁਆਗਤ ਕਰਦਾ ਹੈ, ‘‘ਪੈਪਸੂ ਮੁਜਾਰਾ ਲਹਿਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਤ, ਜਿੰਨ੍ਹਾਂ ਨੇ ਜਾਗੀਰਦਾਰਾਂ
ਅਤੇ ਬਾਦਸ਼ਾਹੀ ਖਿਲਾਫ ਟੱਕਰ ਲਈ।’’ ਲਗਭਗ 100 ਮੀਟਰ ਅੱਗੇ ਜਾ ਕੇ ਅਸੀਂ
ਅਗਲੇ ਸੁਆਗਤੀ ਪੜਾਅ ’ਤੇ ਪੁੱਜਦੇ ਹਾਂ, ਭਾਰਤੀ ਕਿਸਾਨ ਯੂਨੀਅਨ (ਏ) ਉਗਰਾਹਾਂ ਦੇ ਕਾਰਕੁੰਨ ਟਰੈਕਟਰ ’ਤੇ ਪਿੰਡ ’ਚ ਹੋਕਾ ਦੇ ਰਹੇ ਟੱਕਰਦੇ ਹਨ, ‘‘ਖੁਦਕੁਸ਼ੀਆਂ ਦਾ ਰਾਹ ਛੱਡ ਕੇ ਲੋਕੋ, ਪੈ ਜੋ ਰਾਹ ਸੰਘਰਸ਼ਾਂ ਦੇ।’’
ਮੁਜਾਰਿਆਂ ਦੇ ਸੂਰਮਗਤੀ ਭਰੇ ਟਾਕਰੇ ਦਾ ਚਾਨਣ-ਮੁਨਾਰਾ ਹੋਣ ਤੋਂ ਲੈ
ਕੇ ਪੰਜਾਬ ’ਚ ਖੁਦਕੁਸ਼ੀਆਂ ਦੇ ਦਰਜ ਹੋਏ ਕੇਸਾਂ ’ਚ ਸ਼ਾਇਦ ਸਿਖਰ ’ਤੇ ਹੋਣ ਤੱਕ-ਕਿਸ਼ਨਗੜ੍ਹ ਨੇ ਵਕਤ ਦੇ ਦੋ ਦੌਰ ਹੰਢਾਏ ਹਨ।
ਇਤਿਹਾਸ ਦੀਆਂ ਕਿਤਾਬਾਂ ਰਾਹੀਂ ਇਸ ਪਿੰਡ ਨੂੰ
ਕੁੱਲ ਪੜ੍ਹਿਆ-ਲਿਖਿਆ ਸੰਸਾਰ ਜਾਣਦਾ ਹੈ। ਪਿੰਡ ਦੇ ਹਰ ਦੂਜੇ ਆਦਮੀ –ਬੁੱਢਾ ਚਾਹੇ ਜੁਆਨ- ਦੀ ਜ਼ੁਬਾਨ ’ਤੇ 7 ਦਹਾਕੇ ਪੁਰਾਣੀ ਇਸ ਬੀਰ ਗਾਥਾ ਦੇ ਟੋਟਕੇ
ਹਨ। 1940 ਵਿਆਂ ’ਚ ਪੰਜਾਬ ਦੇ ਵੱਖ ਵੱਖ ਪਿੰਡਾਂ ’ਚ ਮੁਜਾਰਿਆਂ ਨੇ ਜਾਗੀਰਦਾਰਾਂ ਨੂੰ ਵਟਾਈ ਦੇਣ
ਤੋਂ ਜੁਆਬ ਦੇ ਦਿੱਤਾ ਸੀ। ਕਿਸ਼ਨਗੜ੍ਹ ’ਚ 100 ਤੋਂ ਉੱਪਰ ਪੁਲਸੀਆਂ ਦੀ ਨਫਰੀ ਨੇ 16 ਮਾਰਚ 1940 ਨੂੰ ਮੁਜਾਰਿਆਂ ਨੂੰ ਬੇਦਖਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੇ ਪੁਲਸ ਨੂੰ ਖਦੇੜ
ਦਿੱਤਾ। ਤਿੰਨ ਦਿਨਾਂ ਬਾਅਦ ਮਹਾਰਾਜਾ ਪਟਿਆਲਾ ਦੇ ਹੁਕਮਾਂ ’ਤੇ ਪਿੰਡ ’ਤੇ ਤੋਪਾਂ ਦੇ ਗੋਲੇ ਦਾਗੇ ਗਏ। ਮੁਜਾਰੇ ਬਹਾਦਰੀ ਨਾਲ ਲੜੇ। ਉਹਨਾਂ ਨੂੰ ਗ੍ਰਿਫਤਾਰ ਕਰਕੇ
ਤਸ਼ੱਦਦ ਢਾਹਿਆ ਗਿਆ ਤੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ। ਪਰ ਲਹਿਰ 700 ਤੋਂ ਉਪਰ ਪਿੰਡਾਂ ਵਿਚ ਫੈਲ ਗਈ। ਸਿੱਟੇ ਵਜੋਂ ਹਜ਼ਾਰਾਂ ਏਕੜ ਜ਼ਮੀਨ ਜਾਤ-ਪਾਤ ਤੋਂ ਬੇਪ੍ਰਵਾਹ, ਬੇਜ਼ਮੀਨਿਆਂ ਵਿਚ ਵੰਡੀ ਗਈ।
ਜਿੱਥੇ ਸੂਰਮਗਤੀ ਦੀ ਇਹ ਜੰਗ ਪਿੰਡ ਦੀ
ਲੋਕ-ਗਾਥਾ ਦਾ ਹਿੱਸਾ ਬਣੀ ਹੋਈ ਹੈ, ਇਸੇ ਤਰ੍ਹਾਂ ਹੀ ਖੁਦਕੁਸ਼ੀਆਂ ਹਨ। ਹਰ ਦਸਵੇਂ
ਪਰਿਵਾਰ ਨੇ ਖੁਦਕੁਸ਼ੀ ਦਾ ਸੰਤਾਪ ਹੰਢਾਇਆ ਹੈ। ਵੱਖ ਵੱਖ ਸਰਵਿਆਂ ਨੇ ਇਹ ਦਿਖਾਇਆ ਹੈ ਕਿ
ਖੁਦਕੁਸ਼ੀਆਂ ਦੇ ਮਾਮਲੇ ’ਚ ਕਿਸ਼ਨਗੜ੍ਹ ਦਾ ਨੰਬਰ ਪੰਜਾਬ ਦੇ ਉੱਪਰਲੇ ਪੰਜ ਪਿੰਡਾਂ ਵਿੱਚ ਆਉਂਦਾ ਹੈ। ਭਾਰਤੀ ਕਿਸਾਨ ਯੂਨੀਅਨ (ਏ)
ਉਗਰਾਹਾਂ ਦੇ ਪਿੰਡ ਪ੍ਰਧਾਨ ਠਾਕੁਰ ਸਿੰਘ ਅਨੁਸਾਰ ਪਿੰਡ ਦੇ ਹਰ ਪਰਿਵਾਰ ਦੇ ਕਿਸੇ ਨਾ ਕਿਸੇ
ਰਿਸ਼ਤੇਦਾਰ ਨੇ ਖੁਦਕੁਸ਼ੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਗੁਰਦੁਆਰੇ ਦੇ ਸਪੀਕਰ ਤੋਂ ਹੋਕਾ ਦੇ ਕੇ
ਦੇਖੋ ਕਿ ਕਿੰਨੇ ਖੁਦਕੁਸ਼ੀ ਪੀੜਤ ਪਰਿਵਾਰ ਇਕੱਠੇ ਹੁੰਦੇ ਹਨ। ਜਦ ਠਾਕਰ ਸਿੰਘ ਕਿਸਾਨਾਂ ਮਜ਼ਦੂਰਾਂ
ਦੀ ਗਿਣਤੀ ਕਰਨ ਲਗਦਾ ਹੈ ਤਾਂ ਇਹ 30 ਤੋਂ ਉਪਰ ਟੱਪ ਜਾਂਦੀ ਹੈ। ਉਸ ਨੇ ਕਿਹਾ, ‘‘ਵਿਆਹ ਸ਼ਾਦੀਆਂ ਜਾਂ ਬਿਮਾਰੀ ਠਮਾਰੀ ’ਤੇ ਖਰਚੇ ਹੋ ਜਾਂਦੇ ਹਨ, ਪਰ ਇਹ ਖੁਦਕੁਸ਼ੀਆਂ ਦੇ ਮੁੱਖ ਕਾਰਨ ਨਹੀਂ ਹਨ, ਮੁੱਖ ਕਾਰਨ ਇਹ ਹੈ ਕਿ ਖੇਤੀ ਲਾਹੇਵੰਦ
ਧੰਦਾ ਨਹੀਂ ਰਹੀ। ਰੇਹਾਂ, ਸਪਰੇਆਂ ਤੇ ਬੀਜਾਂ ਦੇ ਭਾਅਵਾਂ ਵੱਲ ਦੇਖੋ।’’ ਪਰ ਤਾਂ ਵੀ, ‘‘ਸਾਡੀ ਨੀਤੀ ਆਤਮਸਮਰਪਣ ਦੀ ਨਹੀਂ ਹੈ, ਟਾਕਰਾ ਕਰਨ ਦੀ ਹੈ।’’
No comments:
Post a Comment