ਜੀ-20 ਸੰਮੇਲਨ ਖ਼ਿਲਾਫ ਬੀਕੇਯੂ (ਏਕਤਾ-ਉਗਰਾਹਾਂ) ਦੇ ਰੋਸ ਪ੍ਰਦਰਸ਼ਨ ’ਚ ਅੰਮਿ੍ਰਤਸਰ ਪੁੱਜੇ ਹਜ਼ਾਰਾਂ ਲੋਕ
ਪੰਜਾਬ ਦੀ ਸਨਅਤ ਤੇ ਖੇਤੀ ਨੂੰ ਸਾਮਰਾਜੀ ਸੰਸਥਾਵਾਂ ਦੇ ਪ੍ਰਛਾਵੇਂ ਤੋਂ ਦੂਰ ਰੱਖਣ ਦੀ ਕੀਤੀ ਮੰਗ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੱਦੇ ’ਤੇ ਇੱਥੇ ਇਕੱਠੇ ਹੋਏ ਹਜ਼ਾਰਾਂ ਕਿਸਾਨਾਂ, ਖੇਤ ਮਜ਼ਦੂਰਾਂ, ਸੈਂਕੜੇ ਔਰਤਾਂ, ਨੌਜਵਾਨਾਂ ਤੇ ਵਿਦਿਆਰਥੀਆਂ ਵੱਲੋਂ ਅੱਜ ਅੰਮਿ੍ਰਤਸਰ ’ਚ ਹੋ ਰਹੇ ਜੀ-20 ਸੰਮੇਲਨ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੇਸ਼ ਤੇ ਪੰਜਾਬ ਦੀ ਖੇਤੀ , ਸਨਅਤ , ਸਿੱਖਿਆ,ਸਿਹਤ ਬਿਜਲੀ ਤੇ ਪਾਣੀ ਆਦਿ ਖੇਤਰਾਂ ਨੂੰ ਸਾਮਰਾਜੀਆਂ ਦੇ ਲੁਟੇਰੇ ਮੰਤਵਾਂ ਤੋਂ ਦੂਰ ਰੱਖਣ ਤੇ ਸੰਸਾਰ ਵਪਾਰ ਸੰਸਥਾ ਵਰਗੇ ਸਾਮਰਾਜੀ ਅਦਾਰਿਆਂ ਨਾਲ ਕੀਤੀਆਂ ਲੋਕ-ਧ੍ਰੋਹੀ ਸੰਧੀਆਂ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ।
ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਅੰਮਿ੍ਰਤਸਰ ਵਿਖੇ ਜਲ੍ਹਿਆਂਵਾਲਾ ਬਾਗ਼ ਵਰਗੇ ਕਾਂਡ ਰਚਾਉਣ ਵਾਲੇ ਬਰਤਾਨਵੀ ਸਾਮਰਾਜ ਸਮੇਤ ਅਨੇਕਾਂ ਲੁਟੇਰੇ ਸਾਮਰਾਜੀ ਮੁਲਕਾਂ ਨੂੰ ਨਿਉਂਦਾ ਦੇ ਕੇ ਭਗਵੰਤ ਮਾਨ ਸਰਕਾਰ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਨਾਲ ਧ੍ਰੋਹ ਕਮਾ ਰਹੀ ਹੈ। ਉਹਨਾਂ ਜੀ-20 ਮੁਲਕਾਂ ਦੇ ਇਸ ਮੰਚ ਨੂੰ ਸਾਮਰਾਜੀਆਂ ਕੋਲ ਦੇਸ਼ ਨੂੰ ਗਹਿਣੇ ਰੱਖਣ ਵਾਲਾ ਪਲੇਟਫਾਰਮ ਕਰਾਰ ਦਿੰਦਿਆਂ ਕਿਹਾ ਕਿ ਇਹ ਸੰਮੇਲਨ ਪੰਜਾਬ ਨੂੰ ਲੁੱਟਣ ਦੀਆਂ ਵਿਉਤਾਂ ਘੜਨ ਲਈ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮੀਟਿੰਗ ਦੌਰਾਨ ਸਾਮਰਾਜੀ ਮੁਲਕਾਂ ਦੀ ਅੰਨ੍ਹੀ ਲੁੱਟ ਨੂੰ ਹੋਰ ਤੇਜ਼ ਕਰਨ ਲਈ ਸਿੱਖਿਆ ਖੇਤਰ ਪੂਰੀ ਤਰ੍ਹਾਂ ਸਾਮਰਾਜੀਆਂ ਲਈ ਖੋਲ੍ਹਣ ਅਤੇ ਕਿਰਤੀਆਂ ਦੀ ਹੋਰ ਰੱਤ ਨਿਚੋੜਨ ਲਈ ਲੇਬਰ ਕਾਨੂੰਨਾਂ ਨੂੰ ਸੋਧਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਉਹਨਾਂ ਸਰਕਾਰ ਵੱਲੋਂ ਪੰਜਾਬ ’ਚ ਵਿਦੇਸ਼ੀ ਨਿਵੇਸ਼ ਰਾਹੀਂ ਲੋਕਾਂ ਦੀ ਤਰੱਕੀ ਦੇ ਦਾਅਵਿਆਂ ਨੂੰ ਝੂਠਾ ਤੇ ਗੁੰਮਰਾਹਕੁੰਨ ਕਰਾਰ ਦਿੰਦਿਆਂ ਕਿਹਾ ਕਿ ਇਹ ਪੂੰਜੀ ਨਿਵੇਸ਼ ਇੱਥੋਂ ਦੇ ਅਮੀਰ ਕੁਦਰਤੀ ਸਰੋਤਾਂ ਅਤੇ ਕਿਰਤ ਸ਼ਕਤੀ ਨੂੰ ਲੁੱਟਣ ਰਾਹੀਂ ਸਾਮਰਾਜੀਆਂ ਦੀਆਂ ਤਜੌਰੀਆਂ ਭਰਨ ਦਾ ਕੰਮ ਕਰੇਗਾ ਅਤੇ ਲੋਕਾਂ ਦੇ ਵਿਕਾਸ ਦੀ ਥਾਂ ਵਿਨਾਸ਼ ਦਾ ਸਾਧਨ ਬਣੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਤਬਾਹ ਹੋ ਰਹੀ ਸਨਅਤ ਤੇ ਸੰਕਟਾਂ ’ਚ ਘਿਰੀ ਖੇਤੀ ਅਜਿਹੇ ਮੰਚਾਂ ਰਾਹੀਂ ਹੋਈਆਂ ਸੰਧੀਆਂ ਤਹਿਤ ਲਾਗੂ ਕੀਤੀਆਂ ਗਈਆਂ ਨਵੀਆਂ ਆਰਥਿਕ ਤੇ ਸਨਅਤੀ ਨੀਤੀਆਂ ਦਾ ਹੀ ਕਹਿਰ ਹੰਢਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਖੇਤੀ ਕਾਨੂੰਨ ਵੀ ਸੰਸਾਰ ਵਪਾਰ ਸੰਸਥਾ ਵਰਗੇ ਸਾਮਰਾਜੀ ਅਦਾਰਿਆਂ ਦੀਆਂ ਹਦਾਇਤਾਂ ’ਤੇ ਅਜਿਹੇ ਮੰਚਾਂ ਰਾਹੀਂ ਹੀ ਆਏ ਸਨ। ਸਰਕਾਰੀ ਮੰਡੀਆਂ ਦਾ ਭੋਗ ਪਾਉਣ, ਬਿਜਲੀ ਬੋਰਡ ਦਾ ਨਿੱਜੀਕਰਨ, ਵਿਦੇਸ਼ੀ ਕਣਕ ਮੰਗਵਾਉਣ, ਪ੍ਰਾਈਵੇਟ ਯੂਨੀਵਰਸਿਟੀਆਂ ਖੋਲ੍ਹਣ ਤੇ ਸਰਕਾਰੀ ਸਿੱਖਿਆ ਨੂੰ ਉਜਾੜਨ , ਨਵੀਂ ਸਿੱਖਿਆ ਨੀਤੀ ਲਿਆਉਣ, ਪਾਣੀਆਂ ਉੱਤੇ ਸਾਮਰਾਜੀ ਕੰਪਨੀਆਂ ਦਾ ਕੰਟਰੋਲ ਕਰਾਉਣ ਵਰਗੇ ਕਦਮ ਇਹਨਾਂ ਗਰੁੱਪਾਂ ’ਚ ਹੀ ਵਿਉਂਤੇ ਜਾਂਦੇ ਹਨ ਤੇ ਫਿਰ ਸਾਡੇ ’ਤੇ ਮੜ੍ਹੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਵੱਲੋਂ ਇੱਕ ਪਾਸੇ ਖੇਤੀ ਨੂੰ ਸੰਕਟ ’ਚੋਂ ਕੱਢਣ ਦੀ ਨੀਤੀ ਲਿਆਉਣ ਦੇ ਐਲਾਨ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਖੇਤੀ ਨੂੰ ਸੰਕਟ ’ਚ ਧੱਕਣ ਵਾਲੇ ਸਾਮਰਾਜੀ ਮੁਲਕਾਂ ਦੇ ਫੁਰਮਾਨਾਂ ਨੂੰ ਲਾਗੂ ਕਰਵਾਉਣ ਲਈ ਸੂਬੇ ’ਚ ਇਹਨਾਂ ਲੁਟੇਰਿਆਂ ਦਾ ਸ਼ਾਹੀ ਸਵਾਗਤ ਕੀਤਾ ਜਾ ਰਿਹਾ ਹੈ।
ਆਪਣੇ ਸੰਬੋਧਨ ਦੌਰਾਨ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੋਸ਼ ਲਾਇਆ ਕਿ ਦੁਨੀਆਂ ਦੇ ਵੱਡੇ ਸਾਮਰਾਜੀ ਮੁਲਕਾਂ ਦੀ ਸ਼ਮੂਲੀਅਤ ਤੇ ਮੋਹਰੀ ਭੂਮਿਕਾ ਵਾਲੇ ਇਸ 20 ਦੇਸ਼ਾਂ ਦੇ ਗਰੁੱਪ ਰਾਹੀਂ ਸੰਸਾਰ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼ ਤੇ ਸੰਸਾਰ ਬੈਂਕ ਆਦਿ ਦੇ ਲੁਟੇਰੇ ਏਜੰਡਿਆਂ ਨੂੰ ਪਛੜੇ ਮੁਲਕਾਂ ਦੇ ਵਿਕਾਸ ਦੇ ਨਾਂਅ ’ਤੇ ਮੜ੍ਹਿਆ ਜਾਂਦਾ ਹੈ। ਭਾਰਤ ਵਰਗੇ ਮੁਲਕਾਂ ਦੀ ਖੇਤੀ, ਸਨਅਤ ਤੇ ਵਪਾਰ ’ਚ ਸਾਮਰਾਜੀ ਕੰਪਨੀਆਂ ਤੇ ਮੁਲਕਾਂ ਦੀ ਪੁੱਗਤ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦੀਆਂ ਸੰਧੀਆਂ ਕੀਤੀਆਂ ਜਾਂਦੀਆਂ ਹਨ। ਦੇਸ਼ ਦੇ ਕੁਦਰਤੀ ਸੋਮਿਆਂ ਤੇ ਕਿਰਤ ਸ਼ਕਤੀ ਨੂੰ ਸਾਮਰਾਜੀਆਂ ਵੱਲੋਂ ਲੁੱਟਣ ਦੀਆਂ ਵਿਉਤਾਂ ਇਨ੍ਹਾਂ ਮੰਚਾਂ ਰਾਹੀਂ ਘੜੀਆਂ ਤੇ ਲਾਗੂ ਕੀਤੀਆਂ ਜਾਂਦੀਆਂ ਹਨ। ਇਹ ਦੇਸ਼ ਨੂੰ ਸਾਮਰਾਜੀਆਂ ਕੋਲ ਗਹਿਣੇ ਧਰਨ ਦਾ ਪਲੇਟਫਾਰਮ ਹੈ।
ਔਰਤ ਆਗੂ ਹਰਿੰਦਰ ਕੌਰ ਬਿੰਦੂ ਨੇ ਦੇਸ਼ ਉਤੇ ਬਰਤਾਨਵੀ ਸਾਮਰਾਜ ਦੇ ਕਬਜ਼ੇ ਵਿਰੁੱਧ ਘੋਲਾਂ ਵਿੱਚ ਬੀਬੀ ਗੁਲਾਬ ਕੌਰ ਅਤੇ ਝਾਂਸੀ ਦੀ ਰਾਣੀ ਵਰਗੀਆਂ ਅਨੇਕਾਂ ਵੀਰਾਂਗਣਾ ਦੀ ਸਾਮਰਾਜ ਵਿਰੋਧੀ ਜੁਝਾਰੂ ਭਾਵਨਾ ਤੇ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਕਿਸਾਨ ਮਜ਼ਦੂਰ ਘੋਲਾਂ ਵਿੱਚ ਔਰਤਾਂ ਵੱਲੋਂ ਨਿਭਾਈ ਜਾ ਰਹੀ ਜੂਝਾਰੂ ਭੂਮਿਕਾ ਦੀ ਜੈ ਜੈਕਾਰ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਅੱਜ ਦੀ ਸਾਮਰਾਜੀ ਮੀਟਿੰਗ ਦੇ ਵਿਰੋਧ ਮੌਕੇ ਰੋਸ ਪ੍ਰਦਰਸ਼ਨ ਵਿੱਚ ਜ਼ੋਰਦਾਰ ਸ਼ਮੂਲੀਅਤ ਤੋਂ ਅੱਗੇ ਨਵੀਆਂ ਸਾਮਰਾਜੀ ਨੀਤੀਆਂ ਤੇ ਫੈਸਲਿਆਂ ਵਿਰੁੱਧ ਘੋਲਾਂ ਵਿੱਚ ਵੀ ਪੰਜਾਬੀ ਔਰਤਾਂ ਵੱਲੋਂ ਡਟਵਾਂ ਯੋਗਦਾਨ ਪਾਇਆ ਜਾਵੇਗਾ।
ਇਸ ਇਕੱਠ ਨੂੰ ਹਮਾਇਤ ਦੇਣ ਆਏ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਪੀ ਐਸ ਯੂ ਸ਼ਹੀਦ ਰੰਧਾਵਾ ਦੇ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ ਨੇ ਵੀ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਮੇਤ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ ਨੌਜਵਾਨਾਂ ਤੇ ਆਮ ਲੋਕਾਂ ਨੂੰ ਦਰਪੇਸ਼ ਬੇਰੁਜ਼ਗਾਰੀ, ਭੁੱਖਮਰੀ, ਕਰਜ਼ੇ, ਖ਼ੁਦਕੁਸ਼ੀਆਂ ਤੇ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਲਈ ਦੇਸ਼ ਉਤੇ ਮੜ੍ਹੀਆਂ ਸਾਮਰਾਜ ਪੱਖੀ ਨੀਤੀਆਂ ਜ਼ਿੰਮੇਵਾਰ ਹਨ, ਜਿਨ੍ਹਾਂ ਦਾ ਸ਼ਿਕੰਜਾ ਹੋਰ ਕੱਸਣ ਲਈ ਹੀ ਜੀ-20 ਸੰਮੇਲਨ ਕਰਵਾਇਆ ਜਾ ਰਿਹਾ ਹੈ। ਉਹਨਾਂ ਸੰਸਾਰ ਵਪਾਰ ਸੰਸਥਾ ਸਮੇਤ ਸਾਮਰਾਜੀ ਪੁੱਗਤ ਵਾਲੀਆਂ ਸੰਸਥਾਵਾਂ ’ਚੋਂ ਭਾਰਤ ਵੱਲੋਂ ਬਾਹਰ ਆਉਣ, ਸਾਮਰਾਜੀਆਂ ਨਾਲ ਕੀਤੀਆਂ ਸੰਧੀਆਂ ਰੱਦ ਕਰਨ, ਸਾਮਰਾਜੀ ਕੰਪਨੀਆਂ ਤੇ ਦੇਸੀ ਕਾਰਪੋਰੇਟਾਂ ਨੂੰ ਸਿੱਖਿਆ, ਸਿਹਤ, ਖੇਤੀ ਖੇਤਰ ਤੇ ਸਨਅਤ ’ਚੋਂ ਬਾਹਰ ਰੱਖਣ ਦੀ ਮੰਗ ਕੀਤੀ। ਉਹਨਾਂ ਸਾਮਰਾਜੀ ਤੇ ਜਗੀਰੂ ਲੁੱਟ ਦੇ ਖਾਤਮੇ ਲਈ ਸ਼ਹੀਦ ਭਗਤ ਸਿੰਘ ਦੀ ਸਾਮਰਾਜ ਵਿਰੋਧੀ ਵਿਰਾਸਤ ਨੂੰ ਬੁਲੰਦ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾਂ ਅਤੇ ਜਗਤਾਰ ਸਿੰਘ ਕਾਲਾਝਾੜ ਤੋਂ ਇਲਾਵਾ ਉੱਘੇ ਵਿਦਵਾਨ ਤੇ ਜਮਹੂਰੀ ਹੱਕਾਂ ਦੇ ਕਾਰਕੁੰਨ ਡਾਕਟਰ ਪਰਮਿੰਦਰ ਸਿੰਘ, ਸੁਮੀਤ ਸਿੰਘ, ਗੁਰਬਚਨ ਸਿੰਘ ਸਮੇਤ ਕਿਸਾਨ ਯੂਨੀਅਨ ਦੇ 19 ਜ਼ਿਲ੍ਹਿਆਂ ਦੇ ਆਗੂ ਵੀ ਹਾਜ਼ਰ ਸਨ।
(ਪ੍ਰੈਸ ਲਈ ਜਾਰੀ ਬਿਆਨ)
No comments:
Post a Comment