Wednesday, May 10, 2023

ਡਾ. ਸੁਰਜੀਤ ਲੀ ਦੇ ਨਜ਼ਰੀਏ ਦੀਆਂ ਝੱਲਕਾਂ

ਗਿਆਨ , ਕਲਾ ਤੇ ਸਮਾਜਿਕ ਸੱਭਿਆਚਾਰਕ ਰਿਵਾਇਤਾਂ ਬਾਰੇ ਡਾ. ਸੁਰਜੀਤ ਲੀ ਦੇ ਨਜ਼ਰੀਏ ਦੀਆਂ ਝੱਲਕਾਂ 

ਬਗਾਵਤ ਤੇ ਨਾਬਰੀ ਦੀਆਂ ਬਹਾਦਰ ਰਿਵਾਇਤਾਂ ਜਿਹੜੀਆਂ ਦੁੱਲਾ ਭੱਟੀ ਤੇ ਜਿਉਣੇ ਮੌੜ ਦੀਆਂ ਗਾਥਾਵਾਂ  ਸਾਕਾਰ ਹੋਈਆਂ, ਜਿਹਨਾਂ ਨੇ ਝੁਕਣੋਂ ਇਨਕਾਰ ਕਰ ਦਿੱਤਾ, ਡਾਢੇ ਨਾਲ ਟੱਕਰਨ ਦਾ ਹੌਂਸਲਾ ਕੀਤਾ, ਇਤਿਹਾਸ ਚੋਂ  ਛਣ ਕੇ ਆਉਦੀਆਂ ਹਨ ਤੇ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਝਲਕਦੀਆਂ ਹਨ

                                                      ***

ਕਲਾ ਅਤੇ ਰਿਵਾਇਤਾਂ ਕਿਸੇ ਭਾਈਚਾਰੇ ਦੀ ਰੂਹ ਹੁੰਦੀਆਂ ਹਨ ਅਤੇ ਜਿਹੜੇ ਲੋਕ ਆਪਣੀਆਂ ਜੜ੍ਹਾਂ ਤੋਂ ਟੁੱਟ ਜਾਂਦੇ ਹਨ, ਉਹ ਕਦੇ ਵੀ ਆਪਣੀ ਹੋਣੀ ਦੇ ਮਾਲਕ ਨਹੀਂ ਬਣ  ਸਕਦੇ

                                                     ***

ਪੰਜਾਬ ਅੰਦਰ ਹਰੇ ਇਨਕਲਾਬ ਦਾ ਮਹਾਨ ਬਿਰਤਾਂਤ ਉਹਨਾਂ ਕਿਸਾਨ ਨੌਜਵਾਨਾਂ ਦੀ ਖੁਦਕੁਸ਼ੀ ਤੇ ਪੈ ਰਹੇ ਕੀਰਨਿਆਂ ਵਿੱਚ ਗੁੰਮ ਰਿਹਾ ਹੈ, ਜਿਹੜੇ ਕਰਜ਼ੇ ਵਿੱਚ ਇਉ ਜਕੜੇ ਹੋਏ ਨੇ ਕਿ ਉਹਨਾਂ ਨੂੰ ਮੌਤ ਤੋਂ ਸਿਵਾ ਕੋਈ ਰਾਹ ਨਹੀਂ ਦਿਖਦਾ

                                                      ***

ਸਾਲਾਨਾ ਬੱਜਟ ਅੰਦਰ ਘਟਦੇ ਜਾਂਦੇ  ਜਨਤਕ ਫੰਡਾਂ ਦੇ ਹਿੱਸੇ ਨੇ ਪੇਂਡੂ ਸਕੂਲ ਸਿੱਖਿਆ ਦਾ ਬਿਲਕੁਲ ਭੱਠਾ ਬਿਠਾ ਦਿੱਤਾ ਹੈ, ਪੇਂਡੂ ਗਰੀਬਾਂ ਨੂੰ ਉੱਚ ਤੇ ਤਕਨੀਕੀ ਵਿੱਦਿਆ ਤੋਂ ਪੂਰੀ ਤਰ੍ਹਾਂ ਵਾਂਝੇ ਕਰ ਦਿੱਤਾ ਹੈ

                                                        ***

ਜਾਤ ਇੱਕ ਸਮਾਜਕ ਸੰਸਥਾ ਹੈ, ਜੋ ਮੂਲ ਰੂਪ ਵਿੱਚ ਆਰਥਿਕਤਾ ਨਾਲ ਜੁੜੀ ਹੋਈ ਹੈ

                                                        ***

ਲਿਖਤੀ ਭਾਸ਼ਾ ਅਤੇ ਗਿਆਨ ਉੱਤੇ ਉੱਚ ਵਰਗ ਦਾ ਕਬਜ਼ਾ ਹੋਣ ਸਦਕਾ, ਕਲਾਸੀਕਲ ਲਿਖਤਾਂ ਤੇ ਆਧਾਰਿਤ ਸਰੇਸ਼ਟ ਪਰੰਪਰਾ, ਸਥਾਪਤੀ ਦਾ  ਥੰਮ੍ਹ ਬਣ ਕੇ ਭੂਮਿਕਾ ਨਿਭਾਉਦੀ ਹੈ ਜ਼ਿੰਦਗੀ ਜਿਉਣ ਦੇ ਅਮਲ ਵਿੱਚੋਂ ਉਸਰੀ ਲੋਕ-ਪਰੰਪਰਾ ਸਮਾਜਿਕ ਯਥਾਰਥ ਦੇ ਵੱਧ ਨੇੜੇ ਹੁੰਦੀ ਹੈ 

                                                        ***

ਜਿਉਦੇ ਜਾਗਦੇ ਇਨਸਾਨ ਜ਼ਿੰਦਗੀ ਜਿਉਣ ਦੇ ਅਮਲ ਵਿੱਚੋਂ ਸੱਭਿਆਚਾਰ ਅਤੇ ਪਰੰਪਰਾਵਾਂ ਉਸਾਰਦੇ ਹਨ ਲੋਕਾਂ ਵਿੱਚ ਸਵੈਮਾਣ ਅਤੇ ਸਵੈ ਵਿਸ਼ਵਾਸ ਪੈਦਾ ਕਰਨ  ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਸੱਭਿਆਚਾਰਕ ਵਿਰਸੇ ਨਾਲ 

ਜੋੜਿਆ ਜਾਵੇ

                                                        ***

ਸਾਮਰਾਜਵਾਦੀ ਤਾਕਤਾਂ ਗ਼ੁਲਾਮ ਦੇਸ਼ਾਂ ਨੂੰ ਅਧੀਨ ਰੱਖਣ ਲਈ ਚਾਰ ਪੱਧਰ ਉੱਤੇ ਨੀਤੀ ਬਣਾਉਦੀਆਂ ਹਨ-ਫੌਜੀ, ਆਰਥਿਕ, ਸਿਆਸੀ ਅਤੇ ਸੱਭਿਆਚਾਰਕ

                                                        ***

ਵਿਸ਼ਵੀਕਰਨ ਦਾ ਸਰਵ ਵਿਆਪਕ ਸੱਭਿਆਚਾਰਕ ਧਾਵਾ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਕੌਮੀ ਸੱਭਿਆਚਾਰਾਂ ਅਤੇ ਪਰੰਪਰਾਵਾਂ ਲਈ ਵੱਡਾ ਖ਼ਤਰਾ ਬਣਿਆ ਖੜ੍ਹਾ ਹੈ ਵਿਸ਼ਵੀ ਕਰਨ ਦੇ ਹਿੱਤ ਪੰਜਾਬੀ ਸੱਭਿਆਚਾਰ ਦੇ ਸਰੋਕਾਰ ਨਹੀਂ, ਪੰਜਾਬ ਦੇ ਲੋਕਾਂ ਦੇ ਸਰੋਕਾਰ ਨਹੀਂ

                                                        ***

ਪੰਜਾਬੀ ਸੱਭਿਆਚਾਰ ਕੋਈ ਇਕਹਿਰੀ ਇਕਾਈ ਨਹੀਂ ਜਿਸ ਤੇ ਕਿਸੇ ਇੱਕ ਧਰਮ, ਫ਼ਿਰਕੇ ਅਤੇ ਪਰੰਪਰਾ ਦੀ ਮੋਹਰ ਲੱਗੀ ਹੋਵੇ ਪੰਜਾਬ ਦੀ ਉਪਜਾਊ ਧਰਤੀ ਤੇ ਵੰਨ-ਸੁਵੰਨੇ ਲੋਕਾਂ, ਕੌਮਾਂ ਨੇ ਆਪਣੀ ਜ਼ਿੰਦਗੀ ਜਿਊਣ ਦੇ ਅਮਲ ਅਤੇ ਗਿਆਨ ਸਦਕਾ ਵਿਸ਼ਾਲ ਸੱਭਿਆਚਾਰਕ ਪ੍ਰੰਪਰਾਵਾਂ ਅਤੇ ਸਿਰਜਣਾਤਮਕ ਰੂਪ ਸਿਰਜੇ ਜੋ ਜੀਵਨ ਦੇ ਅਮੁੱਕ ਸਰੋਤ ਹੋ ਨਿੱਬੜੇ ਕਿਸੇ ਸਮਾਜ ਵਿਚ ਜੋ ਨਿੱਗਰ, ਨਰੋਆ ਅਤੇ ਜਾਨਦਾਰ ਹੁੰਦਾ ਹੈ, ਉਹ ਲੋਕਾਂ ਦੀ ਜੀਵਨ ਸ਼ੈਲੀ, ਉਨ੍ਹਾਂ ਦੀ ਰਹਿਤਲ, ਉਨ੍ਹਾਂ ਦੇ ਸਾਹਿਤ ਅਤੇ ਕਲਾ ਕਿਰਤਾਂ ਰਾਹੀਂ ਅੱਗੇ ਤੁਰਦਾ ਹੈ   

No comments:

Post a Comment