5 ਮਈ: ਕਾਰਲ ਮਾਰਕਸ ਦੇ ਜਨਮ ਦਿਹਾੜੇ ’ਤੇ
ਦੁਨੀਆਂ ਭਰ ਅੰਦਰ ਜਮਾਤੀ ਲੁੱਟ, ਨਾ-ਬਰਾਬਰੀ ਤੇ ਜ਼ੁਲਮ ਵਿਰੁੱਧ ਜੂਝਦੇ ਲੋਕਾਂ ਲਈ
ਮਾਰਕਸ ਅਤੇ ਮਾਰਕਸਵਾਦ ਅੱਜ ਵੀ ਪ੍ਰੇਰਨਾ ਤੇ ਉਤਸ਼ਾਹ ਦਾ ਅਮੁੱਕ ਸੋਮਾ
ਮਨੁੱਖੀ ਇਤਿਹਾਸ ’ਚ ਸ਼ਾਇਦ ਅਜਿਹਾ ਕੋਈ ਵਿਰਲਾ ਟਾਵਾਂ ਵਿਅਕਤੀ ਹੀ ਹੋਵੇਗਾ ਜਿਸ ਨੇ ਸਮਾਜ ਦੇ ਇਤਿਹਾਸਕ ਵਹਿਣ ਨੂੰ ਏਨੀ ਡੂੰਘੀ ਤਰ੍ਹਾਂ ਪ੍ਰਭਾਵਤ ਕੀਤਾ ਹੋਵੇ ਜਿੰਨਾ ਕਿ ਕਾਰਲ ਮਾਰਕਸ ਨੇ ਕੀਤਾ ਹੈ ।
ਕਾਰਲ ਮਾਰਕਸ ਇੱਕ ਅਜਿਹੀ ਅਨੂਠੀ ਦਿਓ-ਕੱਦ ਪ੍ਰਤਿਭਾ ਸੀ ਜਿਸ ਦੇ ਵਿਚਾਰਾਂ-ਮਾਰਕਸਵਾਦ- ਨੇ ਪਿਛਲੇ ਲੱਗਭੱਗ ਪੌਣੇ ਦੋ ਸੌ ਸਾਲਾਂ ਦੌਰਾਨ ਸੰਸਾਰ ਸਰਮਾਏਦਾਰੀ ਦੀ ਨੀਂਦ ਹਰਾਮ ਕਰ ਰੱਖੀ ਹੈ
ਤੇ ਡਾਢਾ ਵਖਤ ਪਾਈ ਰੱਖਿਆ ਹੈ, ਸਗੋਂ ਜਦੋਂ ਤੱਕ ਸੰਸਾਰ ਅੰਦਰ ਸਮਾਜਕ ਨਾ-ਬਰਾਬਰੀ ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਕਰਨ ਵਾਲਾ ਪ੍ਰਬੰਧ ਕਾਇਮ ਰਹੇਗਾ, ਉਸ ਦੀ ਵਿਚਾਰਧਾਰਾ ਮੁੜ-ਮੁੜ ਇਹਨਾਂ ਸਾਮਰਾਜੀ ਸਰਮਾਏਦਾਰੀ ਦੇ ਸਰਗਣਿਆਂ ਅਤੇ ਉਹਨਾਂ ਦੇ ਲਟੇਰੇ ਰਾਜ ਨੂੰ ਕੰਬਣੀਆਂ ਛੇੜਦੀ ਰਹੇਗੀ ਤੇ
ਤਰਥੱਲੀਆਂ ਮਚਾਉਦੀ ਰਹੇਗੀ। ਇਹ ਵਿਚਾਰਧਾਰਾ ਦੁਨੀਆਂ ਭਰ ’ਚ ਕਰੋੜਾਂ-ਕਰੋੜ ਲੋਕਾਂ ਦੇ ਉਤਸ਼ਾਹ, ਪ੍ਰੇਰਨਾ ਤੇ ਸਰਗਰਮੀ ਦਾ ਧੜਕਦਾ ਸੋਮਾ ਬਣੀ ਰਹੇਗੀ।
ਕਾਰਲ ਮਾਰਕਸ ਦਾ ਜਨਮ 5 ਮਈ 1818 ਨੂੰ ਜਰਮਨੀ ਦੇ ਇੱਕ ਟਰੀਅਰ ਨਾਂ ਦੇ ਸ਼ਹਿਰ ’ਚ ਹੋਇਆ
ਜੋ ਉਸ ਵੇਲੇ ਰਹਾਈਨਲੈਂਡ ਪਰੂਸ਼ੀਆ ਖੇਤਰ ’ਚ ਪੈਂਦਾ ਸੀ। ਉਸ ਦੇ ਪਿਤਾ ਹਾਈਨਰਿਖ ਮਾਰਕਸ, ਜੋ ਇਕ ਯਹੂਦੀ ਪਾਦਰੀ ਘਰਾਣੇ ਨਾਲ ਸਬੰਧ ਰਖਦੇ ਸਨ, ਪੇਸ਼ੇ ਵਜੋਂ ਵਕੀਲ ਸਨ। ਉਹਨਾਂ ਦਾ ਪਰਿਵਾਰ ਇਕ ਸਰਦਾ-ਪੁੱਜਦਾ ਤੇ ਸੱਭਿਅਕ ਪਰਿਵਾਰ ਸੀ। ਪਰ ਵਿਚਾਰਾਂ ਪੱਖੋਂ ਇਨਕਲਾਬੀ ਨਹੀਂ ਸਾ। 1824 ਵਿਚ ਉਸ ਦੇ ਪਿਤਾ ਨੇ ਯਹੂਦੀ ਧਰਮ ਛੱਡ ਕੇ ਇਸਾਈ ਪ੍ਰੋਟੈਸਟੈਂਟ ਧਰਮ ਅਪਣਾ ਲਿਆ।
ਕਾਰਲ ਮਾਰਕਸ ਨੇ ਆਪਣੀ ਮੁੱਢਲੀ ਪੜ੍ਹਾਈ ਟਰੀਅਰ ’ਚ ਹੀ ਕੀਤੀ ਤੇ ਗਰੈਜੂਏਸ਼ਨ ਕਰਨ ਤੋਂ ਬਾਅਦ
ਉਹ ਉਚੇਰੀ ਪੜ੍ਹਾਈ ਲਈ ਪਹਿਲਾਂ ਬੌਨ ਤੇ ਫਿਰ ਬਰਲਿਨ ਯੂਨੀਵਰਸਿਟੀ ’ਚ ਦਾਖਲ ਹੋਇਆ ਅਤੇ ਉੱਥੇ ਲਾਅ (ਕਾਨੂੰਨ) ਦੀ ਪੜ੍ਹਾਈ ਤੋਂ ਇਲਾਵਾ ਇਤਿਹਾਸ ਅਤੇ ਫਿਲਾਸਫੀ ਦੀ ਪੜ੍ਹਾਈ ਕੀਤੀ। ਕਾਰਲ ਨੇ ਆਪਣੀ ਯੂਨੀਵਰਸਿਟੀ ਵਿੱਦਿਆ 1841 ਵਿਚ ਪੂਰੀ ਕੀਤੀ। ਬਰਲਿਨ ’ਚ ਰਹਿੰਦਿਆਂ ਉਹ ਹੀਗਲਵਾਦੀਆਂ ਦੇ ਪ੍ਰਭਾਵ ਹੇਠ ਆ ਗਿਆ ਅਤੇ ਉਸ ਨੇ ਹੀਗਲ ਦੀ ਵਿਚਾਰਧਾਰਾ ’ਚੋਂ ਨਾਸਤਕਵਾਦੀ ਤੇ ਇਨਕਲਾਬੀ ਅੰਸ਼ ਗ੍ਰਹਿਣ ਕੀਤੇ।
ਗਰੈਜੂਏਸ਼ਨ ਕਰਨ ਤੋਂ ਬਾਅਦ ਪ੍ਰੋਫੈਸਰ ਦੀ ਨੌਕਰੀ ਹਾਸਲ ਕਰਨ ਦੀ ਝਾਕ ਵਿਚ ਕਾਰਲ ਮਾਰਕਸ ਬੌਨ ਚਲਾ ਗਿਆ। ਪਰ ਵੇਲੇ ਦੀ ਸਰਕਾਰ ਦੀ ਹੀਗਲਵਾਦੀਆਂ ਪ੍ਰਤੀ ਦਬਾਊ ਪਹੁੰਚ ਤੇ ਪਿਛਾਖੜੀ ਨੀਤੀ ਕਾਰਨ
ਉਸ ਨੇ ਅਕੈਡਮਿਕ ਨੌਕਰੀ ਕਰਨ ਦਾ ਵਿਚਾਰ ਤਿਆਗ ਦਿੱਤਾ। ਉਸ ਵੇਲੇ ਉਘੇ ਚਿੰਤਕ ਫਿਊਰਬਾਖ ਨੇ ਆਪਣੇ ਵਿਚਾਰਾਂ ’ਚ ਧਰਮ ਤੰਤਰ ਦੀ ਅਲੋਚਨਾ ਕਰਦਿਆਂ
ਪਦਾਰਥਵਾਦੀ ਵਿਚਾਰਾਂ ਵੱਲ ਮੋੜ ਕੱਟ ਲਿਆ ਤੇ ਉਸ ਦੇ ਵਿਚਾਰਾਂ ਦਾ ਜਰਮਨੀ ’ਚ ਤੇਜ਼ੀ ਨਾਲ ਫੈਲਾਅ ਹੋਇਆ। ਮਾਰਕਸ ਤੇ ਐੰਗਲਜ਼ ਵੀ ਉਸ ਦੇ ਵਿਚਾਰਾਂ ਦੇ ਮੁਰੀਦ ਬਣ ਗਏ। ਉਸ ਸਮੇਂ ਜਰਮਨੀ ਵਿਚ ਕੁੱਝ ਬੁਰਜੂਆ ਰੈਡੀਕਲ ਹਿੱਸਿਆਂ ਅਤੇ ਹੀਗਲਪੰਥੀ ਖੱਬੇ ਪੱਖੀਆਂ ਨੇ ਕਲੋਨ ਤੋਂ ਵਿਰੋਧੀ ਧਿਰ ਵਜੋਂ ‘‘ਰਹਾਈਨਿਸਚੇ ਜ਼ੀਟੁੰਗ’’ਨਾਂ ਦਾ ਅਖਬਾਰ ਕੱਢਣ ਦਾ ਫੈਸਲਾ ਕੀਤਾ ਅਤੇ ਮਾਰਕਸ ਅਤੇ ਬਰੂਨੋ ਬਾਓਰ ਨੂੰ ਇਸ ਵਿਚ
ਪ੍ਰਮੁੱਖ ਲੇਖਕਾਂ ਦੀ ਭੂਮਿਕਾ ਅਦਾ ਕਰਨ ਦਾ ਸੱਦਾ ਦਿੱਤਾ। ਇਸ ਪੇਪਰ ਦਾ ਪਹਿਲਾ ਅੰਕ ਜਨਵਰੀ 1841 ਵਿਚ ਨਿੱਕਲਿਆ। 1842 ਵਿਚ ਕਾਰਲ ਮਾਰਕਸ ਨੇ ਇਸ ਦੇ ਮੁੱਖ ਸੰਪਾਦਕ ਦੀ ਜੁੰਮੇਵਾਰੀ ਸੰਭਾਲੀ ਤੇ ਉਹ ਬੌਨ ਤੋਂ ਕਲੋਨ ਚਲਾ ਗਿਆ। ਪਰ ਛੇਤੀ ਹੀ ਸਰਕਾਰ ਨੇ ਪਹਿਲਾਂ ਇਸ ’ਤੇ ਦੂਹਰੀ ਤੀਹਰੀ ਸੈਂਸਰਸ਼ਿੱਪ ਲਾ ਦਿੱਤੀ। ਮਾਰਕਸ ਨੇ ਮਜਬੂਰ ਹੋ ਕੇ ਮੁੱਖ ਸੰਪਾਦਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਦੇ ਬਾਵਜੂਦ ਸਰਕਾਰ ਨੇ ਮਾਰਚ 1843 ਵਿਚ ਇਹ ਅਖਬਾਰ ਬੰਦ ਕਰਵਾ ਦਿੱਤਾ।
1843 ਵਿਚ ਕਾਰਲ ਮਾਰਕਸ ਦਾ ਉਨ੍ਹਾਂ ਦੇ ਇੱਕ ਮਿੱਤਰ ਪਰਿਵਾਰ ਦੀ ਧੀ, ਜੈਨੀ ਵੋਨ ਵੈਸਟਫਾਲਨ, ਜਿਸ ਨਾਲ ਵਿਦਿਆਰਥੀ ਜੀਵਨ ਦੇ ਦਿਨਾਂ ਦੌਰਾਨ ਹੀ ਉਸ ਦੀ ਮੰਗਣੀ ਹੋ ਚੁੱਕੀ ਸੀ-ਨਾਲ ਵਿਆਹ ਹੋ ਗਿਆ। ਜੈਨੀ ਪਿਛਾਖੜੀ ਪਰਸ਼ੀਅਨ ਅਮੀਰਸ਼ਾਹੀ ਪਰਿਵਾਰ ’ਚੋਂ ਆਈ ਸੀ ਤੇ ਉਸ ਦਾ ਵੱਡਾ ਭਰਾ
ਜਰਮਨੀ ਦੇ ਸਭ ਤੋਂ ਪਿਛਾਖੜੀ ਦੌਰ, ਯਾਨੀ ਕਿ 1850-58 ਦੌਰਾਨ ਪਰਸ਼ੀਆ ’ਚ ਗ੍ਰਹਿ ਮੰਤਰੀ ਬਣਿਆ। ਸਾਲ 1843 ਦੀ ਪੱਤਝੜ ’ਚ ਕਾਰਲ ਮਾਰਕਸ ਆਪਣੀ ਪਤਨੀ ਜੈਨੀ ਸਮੇਤ ਪੈਰਿਸ ਚਲਾ ਗਿਆ ਜਿੱਥੇ ਉਸ ਨੇ ਅਰਨੌਲਡ ਰੂਗੇ ਨਾਲ ਮਿਲ ਕੇ ਇੱਕ ਨਵਾਂ ਖੱਬੇ ਪੱਖੀ ਅਖਬਾਰ ਸ਼ੁਰੂ ਕੀਤਾ ਪਰ ਇੱਕ ਅੰਕ ਕੱਢਣ ਤੋਂ ਬਾਅਦ ਹੀ ਕਈ ਦਿੱਕਤਾਂ ਕਰਕੇ ਇਹ ਅਖਬਾਰ ਬੰਦ ਹੋ ਗਿਆ। ਸਤੰਬਰ 1844 ਵਿਚ ਐਂਗਲਜ਼ ਵੀ ਪੈਰਿਸ ਪਹੁੰਚ ਗਿਆ ਅਤੇ ਉਹ ਮਾਰਕਸ ਦਾ ਗਹਿਰਾ ਦੋਸਤ ਬਣ ਗਿਆ। ਉਹਨਾਂ ਦੋਨਾਂ ਨੇ ਉਸ ਵੇਲੇ ਪੈਰਿਸ ਵਿਚ ਸਰਗਰਮ ਗਰੁੱਪਾਂ ਦੀਆਂ ਕਾਰਵਾਈਆਂ ’ਚ ਸਰਗਰਮੀ ਨਾਲ ਹਿੱਸਾ ਲਿਆ। ਉਸ ਵੇਲੇ ਪਰੂਦੋ ਦੇ ਵਿਚਾਰਾਂ ਦੀ ਜ਼ੋਰਦਾਰ ਹਵਾ ਚੱਲ ਰਹੀ ਸੀ। ਮਾਰਕਸ ਨੇ 1847 ’ਚ ‘‘ਫਲਸਫ਼ੇ ਦੀ ਕੰਗਾਲੀ’’ ਨਾਮੀ ਆਪਣੀ ਲਿਖਤ ਰਾਹੀਂ ਉਸ ਦੇ ਨਿੱਕ-ਬੁਰਜੂਆ ਸਮਾਜਵਾਦੀ ਵਿਚਾਰਾਂ ਦੇ ਬਖੀਏ ਉਧੇੜੇ ਅਤੇ ਇਨਕਲਾਬੀ ਪ੍ਰੋਲੇਤਾਰੀ ਸਮਾਜਵਾਦ ਦੇ
ਸਿਧਾਂਤ ਅਤੇ ਦਾਅਪੇਚਾਂ ਦੀ ਰੂਪ-ਰੇਖਾ ਉਲੀਕੀ। ਪਰਸ਼ੀਅਨ ਜਰਮਨੀ ਸਰਕਾਰ ਦੇ ਦਬਾਅ ਹੇਠ ਫਰਾਂਸ ਸਰਕਾਰ ਨੇ ਉਸ ’ਤੇ ਖਤਰਨਾਕ ਇਨਕਲਾਬੀ ਹੋਣ ਦਾ
ਇਲਜ਼ਾਮ ਲਾ ਕੇ ਕਾਰਲ ਮਾਰਕਸ ਨੂੰ ਫਰਾਂਸ ’ਚੋਂ ਕੱਢ ਦਿੱਤਾ ਅਤੇ ਉਹ ਬਰੱਸਲਜ ਚਲਾ ਗਿਆ।
ਸਾਲ 1847 ਦੀ ਬਸੰਤ ਰੁੱਤ ’ਚ ਮਾਰਕਸ ਅਤੇ ਐਂਗਲਜ਼ ਨੇ ਕਮਿਊਨਿਸਟ ਲੀਗ ਨਾਂ ਦੀ
ਗੁਪਤ ਪ੍ਰਚਾਰਕ ਜਥੇਬੰਦੀ ਦੀਆਂ ਸਰਗਰਮੀਆਂ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਉਹ ਲੀਗ ਦੀ ਨਵੰਬਰ 1847 ’ਚ ਲੰਦਨ ’ਚ ਹੋਈ ਦੂਜੀ ਕਾਨਫਰੰਸ ’ਚ ਸ਼ਾਮਲ ਹੋਏ। ਇਸ ਕਾਨਫਰੰਸ ਨੇ ਮਾਰਕਸ ਅਤੇ ਐਂਗਲਜ਼ ਨੂੰ ਲੀਗ ਦਾ ਘੋਸ਼ਣਾ-ਪੱਤਰ ਤਿਆਰ ਕਰਨ ਦਾ ਜੁੰਮਾ ਸੌਂਪਿਆ। ਇਹ ਘੋਸ਼ਣਾ ਪੱਤਰ ਫਰਵਰੀ 1848 ਵਿਚ ਪਹਿਲੀ ਵਾਰ ਪ੍ਰਕਾਸ਼ਤ ਹੋਇਆ। ‘‘ਕਮਿਊਨਿਸਟ ਮੈਨੀਫੈਸਟੋ’’ਦੇ ਨਾਂ ਨਾਲ ਜਗਤ ਪ੍ਰਸਿੱਧ ਹੋਏ ਇਸ ਘੋਸ਼ਣਾ ਪੱਤਰ ਨੇ
ਸਰਮਾਏਦਾਰੀ ਅਤੇ ਮਜ਼ਦੂਰ ਜਮਾਤੀ ਹਲਕਿਆਂ ’ਚ ਤਰਥੱਲੀ ਮਚਾ ਦਿੱਤੀ। ਅੱਜ ਤੱਕ ਇਹ ਕਮਿਊਨਿਸਟ ਮੈਨੀਫੈਸਟੋ ਦੁਨੀਆਂ ਭਰ ਦੀਆਂ ਸੈਂਕੜੇ ਬੋਲੀਆਂ ’ਚ
ਕਈ ਦਹਿ-ਕਰੋੜਾਂ ਦੀ ਤਾਦਾਦ ਵਿਚ ਛਪ ਚੁੱਕਿਆ ਹੈ। ਇਸ ਵਿਚ ਮਾਰਕਸ ਤੇ ਐਂਗਲਜ਼ ਨੇ ਮਨੁੱਖੀ ਸਮਾਜ ਦੇ ਉਦੋਂ ਤੱਕ ਦੇ ਇਤਿਹਾਸਕ ਵਿਕਾਸ ਅਤੇ ਵੇਲੇ ਦੇ ਪੂੰਜੀਵਾਦੀ ਪ੍ਰਬੰਧ ਦੇ ਡੂੰਘੇ ਅਧਿਐਨ ਦੇ ਆਧਾਰ ਉਤੇ ਦਿਖਾਇਆ ਹੈ ਕਿ ਮੁੱਢਲੇ ਆਦਿ-ਕਾਲੀ ਸਮਾਜ ਨੂੰ ਛੱਡ ਕੇ ਬਾਕੀ ਸਾਰੇ ਸਮਾਜਾਂ ਦਾ ਇਤਿਹਾਸ ਜਮਾਤੀ ਸੰਘਰਸ਼ਾਂ ਦਾ ਇਤਿਹਾਸ ਹੈ। ਜਮਾਤਾਂ ਦੀ ਹੋਂਦ ਪੈਦਾਵਾਰ ਦੇ ਵਿਕਾਸ ਦੇ ਖਾਸ ਇਤਿਹਾਸਕ ਦੌਰ ਨਾਲ ਜੁੜੀ ਹੋਈ ਹੈ। ਇਹ ਜਮਾਤੀ ਸੰਘਰਸ਼ ਸਮਾਜਕ ਵਿਕਾਸ ਦੇ ਅਮਲ ਨੂੰ ਲਾਜ਼ਮੀ ਤੌਰ ’ਤੇ ਪ੍ਰੋਲੇਤਾਰੀ ਜਮਾਤ ਦੀ ਡਿਕਟੇਟਰਸ਼ਿੱਪ-ਯਾਨੀ ਕਿ ਸਮਾਜਵਾਦ ਵੱਲ ਲੈ ਕੇ ਜਾਂਦਾ ਹੈ। ਅੱਗੋਂ ਇਹ ਪ੍ਰੋਲੇਤਾਰੀ ਡਿਕਟੇਟਰਸ਼ਿੱਪ ਜਮਾਤਾਂ ਅਤੇ ਜਮਾਤੀ ਰਾਜ ਦੇ ਖਾਤਮੇ ਯਾਨੀ ਕਿ ਕਮਿਊਨਿਜ਼ਮ ਵੱਲ ਲੈ ਕੇ ਜਾਵੇਗੀ। ਪ੍ਰੋਲੇਤਾਰੀ ਜਮਾਤ ਹੀ ਇਕੱਲੀ ਅਜਿਹੀ ਜਮਾਤ ਹੈ ਜੋ ਸਰਮਾਏਦਾਰੀ ਦੀ ਕਬਰ-ਪੁੱਟ ਦੇ ਰੂਪ ’ਚ ਜਮਾਤ-ਹੀਣ ਸਮਾਜ ਦੀ ਸਥਪਨਾ ਕਰਨ ਦੇ ਸਮਰੱਥ ਹੈ। ਮੁਕਦੀ ਗੱਲ, ਮਾਰਕਸ ਤੇ ਐਂਗਲਜ਼ ਨੇ ਮਾਰਕਸਵਾਦ ਦੇ ਰੂਪ ’ਚ ਪ੍ਰੋਲੇਤਾਰੀ ਜਮਾਤ ਨੂੰ ਦੁਨੀਆਂ ਦੀ ਸਭ ਤੋਂ ਉੱਨਤ ਤੇ ਵਿਗਿਆਨਕ ਵਿਚਾਰਧਾਰਾ ਨਾਲ ਲੈਸ ਕੀਤਾ। ਕਮਿਊਨਿਸਟ ਮੈਨੀਫੈਸਟੋ ਨੇ ‘‘ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਓ’’ ਦਾ ਨਾਹਰਾ ਬੁਲੰਦ ਕਰਦਿਆਂ ਗੂੰਜਵਾਂ ਹੋਕਾ ਦਿੱਤਾ ਕਿ ਸੰਸਾਰ ਮਜ਼ਦੂਰ ਜਮਾਤ ਕੋਲ ਆਪਣੀ ਗੁਲਾਮੀ ਦੀਆਂ ਬੇੜੀਆਂ ਤੋਂ ਸਿਵਾ ਗੁਆਉਣ ਲਈ ਹੋਰ ਕੁੱਝ ਨਹੀਂ, ਪਰ ਜਿੱਤਣ ਲਈ ਸਾਰਾ ਸੰਸਾਰ ਪਿਆ ਹੈ। ਮਾਰਕਸ ਵੱਲੋਂ ਬੁਲੰਦ ਕੀਤਾ ਮਜ਼ਦੂਰ ਜਮਾਤ ਦੇ ਕੌਮਾਂਤਰੀ ਏਕੇ ਦਾ ਇਹ ਨਾਹਰਾ ਅੱਜ ਵੀ ਦੁਨੀਆਂ ਭਰ ਅੰਦਰ ਗੂੰਜ ਰਿਹਾ ਹੈ।
1848 ਵਿਚ ਫਰਾਂਸ ’ਚੋਂ ਫੁੱਟੀ ਮਜ਼ਦੂਰ ਕਰਾਂਤੀ ਦੀ ਲਹਿਰ ਯੂਰਪ ਦੇ ਹੋਰਨਾਂ ਭਾਗਾਂ ਜਿਵੇਂ ਆਸਟਰੀਆ, ਜਰਮਨੀ, ਪੁਰਤਗਾਲ, ਇਟਲੀ ਆਦਿਕ ਵਿਚ ਫੈਲ ਗਈ। ਮਾਰਕਸ ਤੇ ਉਸ ਦੇ ਸਾਥੀ ਐਂਗਲਜ਼ ਨੇ ਇਸ ਵਿਚ ਸਰਗਰਮੀ ਨਾਲ ਹਿੱਸਾ ਲਿਆ। ਮਾਰਕਸ ਨੂੰ ਬੈਲਜੀਅਮ ’ਚੋਂ ਦੇਸ਼ ਨਿਕਾਲਾ ਦੇ ਦਿੱਤਾ। ਉਹ ਪੈਰਿਸ ਆ ਗਿਆ ਤੇ ਇੱਥੋਂ ਜਰਮਨੀ ’ਚ ਕੋਲੋਨ ਚਲਾ ਗਿਆ ਅਤੇ ‘‘ਨਿੳੂ ਰਹਾਈਨਸਿਚੇ ਜੀਟੁੰਗ’’ ਦੀ ਪ੍ਰਕਾਸ਼ਨਾ ਆਰੰਭ ਦਿੱਤੀ। ਇਨਕਲਾਬ ਦੀ ਹਾਰ ਤੋਂ ਬਾਅਦ ਮਾਰਕਸ ਸਮੇਤ ਲੀਗ ਦੇ ਮੁੱਖ ਆਗੂ ਫੜ ਲਏ ਗਏ ਤੇ ਉਹਨਾਂ ’ਤੇ ਕੋਲੋਨ ’ਚ ਮੁਕੱਦਮਾ ਚਲਾਇਆ ਗਿਆ। ਫਰਵਰੀ 1849 ’ਚ ਉਹ ਮੁਕੱਦਮੇ ’ਚੋਂ ਬਰੀ ਹੋ ਗਿਆ, ਪਰ ਉਸ ਨੂੰ ਜਰਮਨੀ ’ਚੋਂ ਕੱਢ ਦਿੱਤਾ ਗਿਆ। ਇੱਥੋਂ ਉਹ ਫਿਰ ਪੈਰਿਸ ਚਲਾ ਗਿਆ, ਪਰ ਜੂਨ 1849 ਦੇ ਮੁਜ਼ਾਹਰੇ ਤੋਂ ਬਾਅਦ ਇੱਥੋਂ ਵੀ ਉਸ ਨੂੰ ਦੇਸ਼ ਛੱਡ ਜਾਣ ਦਾ ਹੁਕਮ ਦੇ ਦਿੱਤਾ। ਇੱਥੋਂ ਉਹ ਲੰਡਨ ਚਲਾ ਗਿਆ ਜਿੱਥੇ ਉਹ ਆਪਣੇ ਅੰਤ ਸਮੇਂ ਤੱਕ ਰਿਹਾ।
ਲੰਡਨ ਵਿਚ ਆਪਣੇ ਠਹਿਰਾਓ ਦੌਰਾਨ ਵੱਖ ਵੱਖ ਅਖਬਾਰਾਂ ਲਈ ਕੰਮ ਕਰਨ ਤੋਂ ਇਲਾਵਾ ਉਸ ਨੇ ਇੰਗਲੈਂਡ ਦੀ ਪੂੰਜੀਵਾਦੀ ਪ੍ਰਣਾਲੀ ਦਾ ਗਹਿਰਾ ਅਧਿਐਨ ਕੀਤਾ ਜਿਸ ਦਾ ਨਤੀਜਾ ਉਸ ਦੀ ਸ਼ਾਹਕਾਰ ਰਚਨਾ ‘‘ਦਾਸ ਕੈਪੀਟਲ’’ ਦੇ ਰੂਪ ’ਚ ਸਾਹਮਣੇ ਆਇਆ। ਇਸ ਦੀ ਪਹਿਲੀ ਜ਼ਿਲਦ ਮਾਰਕਸ ਦੇ ਜਿਉਦੇ-ਜੀਅ 1867 ਵਿਚ ਪ੍ਰਕਾਸ਼ਤ ਹੋਈ ਪਰ ਇਸ ਦੀਆਂ ਅਗਲੀਆਂ ਜਿਲਦਾਂ ਉਸ ਦੀ ਮੌਤ ਤੋਂ ਬਾਅਦ ਐਂਗਲਜ਼ ਦੀ ਸੰਪਾਦਨਾ ਹੇਠ ਹੀ ਪ੍ਰਕਾਸ਼ਤ ਹੋ ਸਕੀਆਂ। ਕਾਰਲ ਮਾਰਕਸ ਨੇ ਅਜੋਕੇ ਸਰਮਾਏਦਾਰੀ ਪੈਦਾਵਾਰੀ ਪ੍ਰਬੰਧ ਤੇ ਉਸ ’ਤੇ ਅਧਾਰਤ ਬੁਰਜੂਆ ਸਮਾਜ ਨੂੰ ਨਿਰਦੇਸ਼ਤ ਕਰਨ ਵਾਲੇ ਵਿਸ਼ੇਸ਼ ਚਾਲਕ ਨਿਯਮ ਦੀ ਖੋਜ ਕੀਤੀ। ਵਾਧੂ ਕਦਰ ਦੇ ਇਸ ਨਿਯਮ ਦੀ ਖੋਜ, ਜੋ ਉਸ ਦੇ ਆਰਥਿਕ ਸਿਧਾਂਤ ਦੀ ਚੂਲ ਹੈ, ਨੇ ਸਰਮਾਏਦਾਰੀ ਪ੍ਰਬੰਧ ਅਧੀਨ ਲੁੱਟ ਅਤੇ ਸਰਮਾਏਦਾਰਾਂ ਕੋਲ ਪੂੰਜੀ ਦੇ ਇਕੱਤਰੀਕਰਨ ਦੇ ਅਮਲ ਤੇ ਦੂਜੇ ਪਾਸੇ ਕਿਰਤ ਸ਼ਕਤੀ ਦੇ ਜਿਨਸ ਵਿਚ ਬਦਲਣ ਦੇ ਵਿਆਪਕ ਅਮਲ ਨੂੰ ਸਾਹਮਣੇ ਲਿਆਂਦਾ। ਉਸ ਨੇ ਇਹ ਵੀ ਦਿਖਾਇਆ ਕਿ ਕਿਵੇਂ ਕੁੱਝ ਵੀ ਗੁਆਉਣ ਤੋਂ ਸੁਰਖਰੂ ਹੋਈ ਆਧੁਨਿਕ ਪ੍ਰੋਲਤਾਰੀ ਜਮਾਤ ਦੇ ਰੂਪ ’ਚ ਸਰਮਾਏਦਾਰੀ ਨੇ ਆਪਣੇ ਕਬਰ ਪੁੱਟਾਂ ਦੀ ਜਮਾਤ ਉਸਾਰ ਲਈ ਹੈ ਅਤੇ ਕਿਵੇਂ ਪੂੰਜੀਵਾਦੀ ਲੁੱਟ ਖਤਮ ਕਰਨ ਦੇ ਨਾਲ ਨਾਲ ਹਰ ਕਿਸਮ ਦੀ ਜਮਾਤੀ ਲੁੱਟ ਤੇ ਜਮਾਤਾਂ ਖਤਮ ਕਰਨ ਦਾ ਇਤਿਹਾਸਕ ਮਿਸ਼ਨ ਇਸ ਪ੍ਰੋਲੇਤਾਰੀ ਜਮਾਤ ਦਾ ਜਿੰਮਾ ਬਣ ਗਿਆ ਹੈ।
ਕਾਰਲ ਮਾਰਕਸ ਨੇ ਪੂੰਜੀਵਾਦੀ ਪ੍ਰਬੰਧ ਦੇ ਖਾਤਮੇ ਤੋਂ ਬਾਅਦ ਉਸਾਰੇ ਜਾਣ ਵਾਲੇ ਸਮਾਜਵਾਦੀ ਅਤੇ ਕਮਿੳੂਨਿਜ਼ਮ ਸਮਾਜ ਦੇ ਨੈਣ-ਨਕਸ਼ਾਂ ਅਤੇ ਆਮ ਚਾਲਕ ਨਿਯਮਾਂ ਦੀ ਵੀ ਨਿਸ਼ਾਨਦੇਹੀ ਕੀਤੀ ਅਤੇ ਯੂਟੋਪੀਆਈ ਸਮਾਜਵਾਦ ਦਾ ਪਰਦਾਫਾਸ਼ ਕੀਤਾ।
1850ਵਿਆਂ ਦੇ ਮਗਰਲੇ ਅਤੇ 60ਵਿਆਂ ਦੇ ਸ਼ੁਰੂਆਤੀ ਸਾਲਾਂ ’ਚ ਮਜ਼ਦੂਰ ਲਹਿਰ ਦਾ ਇੰਗਲੈਂਡ, ਅਮਰੀਕਾ, ਜਰਮਨੀ ਆਦਿਕ ਸਮੇਤ ਕਈ ਦੇਸ਼ਾਂ ’ਚ ਤੇਜ਼ੀ ਨਾਲ ਪਸਾਰਾ ਹੋਇਆ ਅਤੇ ਟਰੇਡ ਯੂਨੀਅਨਾਂ ਤੇ ਸੰਗਠਨ ਹੋਂਦ ਵਿਚ ਆਏ। ਇਸ ਦੇ ਸਿੱਟੇ ਵਜੋਂ 28 ਦਸੰਬਰ 1864 ਨੂੰ ਲੰਡਨ ਵਿਚ ਪਹਿਲੀ ਇੰਟਰਨੈਸ਼ਨਲ ਬੁਲਾਈ ਗਈ। ਮਾਰਕਸ ਨੇ ਇਸ ਵਿਚ ਪ੍ਰਮੁੱਖਤਾ ਨਾਲ ਹਿੱਸਾ ਲਿਆ ਅਤੇ ਉਹ ਇਸ ਦੀ ਚੁਣੀ ਗਈ ਜਨਰਲ ਬਾਡੀ ਦਾ ਮੈਂਬਰ ਅਤੇ ਜਰਮਨੀ ਲਈ ਸਕੱਤਰ ਵੀ ਚੁਣਿਆ ਗਿਆ। ਅਗਲੀ ਮੀਟਿੰਗ ਵਿਚ ਇਸ ਇੰਟਰਨੈਸ਼ਨਲ ਦਾ ਨਾਂ ‘‘ਇੰਟਰਨੈਸ਼ਨਲ ਵਰਕਿੰਗ ਮੈਨਜ਼ ਐਸੋਸੀਏਸ਼ਨ’’ ’ਚ ਬਦਲ ਦਿੱਤਾ ਗਿਆ। ਇੰਟਰਨੈਸ਼ਨਲ ਦੇ ਸ਼ੁਰੂ ਦੇ ਦਿਨਾਂ ਤੋਂ ਹੀ ਕਾਰਲ ਮਾਰਕਸ ਇਸ ਦੇ ਬੌਧਿਕ ਆਗੂ ਅਤੇ ਸਿਧਾਂਤਕਾਰ ਵਜੋਂ ਉੱਭਰ ਕੇ ਸਾਹਮਣੇ ਆਏ। ਇੰਟਰਨੈਸ਼ਨਲ ਦਾ ਪ੍ਰੋਗਰਾਮ, ਜਿਹੜਾ ‘‘ਉਦਘਾਟਨੀ ਭਾਸ਼ਨ’’ ਦੇ ਨਾਂ ਨਾਲ ਮਸ਼ਹੂਰ ਹੈ, ਮਾਰਕਸ ਵੱਲੋਂ ਹੀ ਲਿਖਿਆ ਗਿਆ ਸੀ। ਇਸ ਪਹਿਲੀ ਇੰਟਰਨੈਸ਼ਨਲ ਵਿਚ ਮਾਰਕਸਵਾਦੀ ਧਾਰਾ ਤੋਂ ਇਲਾਵਾ ਬਹੁਤ ਸਾਰੇ ਗੈਰ-ਮਾਰਕਸੀ ਵਿਚਾਰਕ ਰੁਝਾਣ ਜਿਵੇਂ ਟਰੇਡ ਯੂਨੀਅਨਵਾਦ, ਬਲਾਂਕੀਵਾਦ, ਪਰੂੰਦੋਵਾਦ, ਬਾਕੂਨਿਨਵਾਦ, ਲਾਸਾਲਵਾਦ ਆਦਿਕ ਵੀ ਮੌਜੂਦ ਸਨ ਜਿਨ੍ਹਾਂ ਵਿਰੁੱਧ ਮਾਰਕਸ ਤੇ ਐਂਗਲਜ਼ ਨੂੰ ਡਟ ਕੇ ਲੜਾਈ ਲੜਨੀ ਪਈ।
23 ਮਈ 1871 ਨੂੰ ਜਰਮਨ ਤੇ ਫਰਾਂਸ ਗਣਰਾਜ ਦੀਆਂ ਸਾਂਝੀਆਂ ਫੌਜਾਂ ਨੇ ਪੈਰਿਸ ’ਤੇ ਹਮਲਾ ਕਰਕੇ 72 ਦਿਨ ਤੱਕ ਚੱਲੀ ਪੈਰਿਸ ਕਮਿਊਨ ਨੂੰ ਕੁਚਲ ਦਿੱਤਾ। ਮਾਰਕਸ ਨੇ ‘‘ਫਰਾਂਸ ਦਾ 1871 ਦਾ ਗ੍ਰਹਿ-ਯੁੱਧ’’ ਨਾਮੀ ਆਪਣੀ ਲਿਖਤ ’ਚ ਕਮਿਊਨ ਦੇ ਪਤਨ ਦੇ ਅਭਿਆਸ ਦਾ ਬਹੁਤ ਹੀ ਭਰਵਾਂ, ਸਪਸ਼ਟ, ਸ਼ਾਨਦਾਰ ਤੇ ਇਨਕਲਾਬੀ ਲੇਖਾ-ਜੋਖਾ ਕਰਕੇ ਇਸ ਦੇ ਆਧਾਰ ਉੱਤੇ ਕਮਿਊਨਿਸਟ ਮੈਨੀਫੈਸਟੋ ’ਚ ਇੱਕੋ-ਇੱਕ ਇਹ ਅਹਿਮ ਸੋਧ ਕੀਤੀ ।
‘‘ਕਮਿਊਨ ਨਾਲ ਇਕ ਗੱਲ ਖਾਸ ਕਰਕੇ ਸਿੱਧ ਹੋ ਗਈ ਹੈ ਕਿ ਮਜ਼ਦੂਰ ਜਮਾਤ ਪਹਿਲਾਂ ਤੋਂ ਮੌਜੂਦ ਰਾਜ ਮਸ਼ੀਨਰੀ ਨੂੰ ਅਪਣਾ ਕੇ ਆਪਣਾ ਕੰਮ ਨਹੀਂ ਚਲਾ ਸਕਦੀ.. ..’’। ਮਾਰਕਸ ਦਾ ਵਿਚਾਰ ਸੀ ਕਿ ਮਜ਼ਦੂਰ ਜਮਾਤ ਨੂੰ ਪਹਿਲਾਂ ਤੋਂ ਮੌਜੂਦ ਰਾਜ ਮਸ਼ੀਨਰੀ ਨੂੰ ਭੰਨਣਾ ਪਵੇਗਾ, ਚਕਨਾਚੂਰ ਕਰਨਾ ਹੋਵੇਗਾ ਅਤੇ ਉਸ ’ਤੇ ਕਬਜਾ ਕਰਕੇ ਹੀ ਸੰਤੋਖ ਨਹੀਂ ਕਰ ਲੈਣਾ ਹੋਵੇਗਾ।
ਕਮਿਊਨ ਦੇ ਪਤਨ ਤੋਂ ਬਾਅਦ ਇੰਟਰਨੈਸ਼ਨਲ ’ਚ ਵੀ ਖਿੰਡਾਅ ਸ਼ੁਰੂ ਹੋ ਗਿਆ। 1876 ਵਿਚ ਇਸ ਨੂੰ ਭੰਗ ਕਰ ਦਿੱਤਾ ਗਿਆ। ਦੂਜੀ ਕੌਮਾਂਤਰੀ ਮਾਰਕਸ ਦੀ ਮੌਤ ਤੋਂ ਬਾਅਦ 1889 ’ਚ ਹੀ ਬੁਲਾਈ ਜਾ ਸਕੀ।
ਮਾਰਕਸ ਨੂੰ ਆਪਣੇ ਜੀਵਨ ਕਾਲ ਵਿਚ, ਖਾਸ ਕਰਕੇ ਸਿਆਸੀ ਜਲਾਵਤਨੀ ਦੇ ਸਮਿਆਂ ’ਚ ਬਹੁਤ ਹੀ ਮਾੜੀਆਂ ਹਾਲਤਾਂ ਦਾ ਸਾਹਮਣਾ ਕਰਨਾ ਪਿਆ। ਗਰੀਬੀ ਨੇ ਮਾਰਕਸ ਤੇ ਉਸ ਦੇ ਪਰਿਵਾਰ ਦਾ ਕਾਫੀਆ ਤੰਗ ਕਰੀ ਰੱਖਿਆ। ਇਹਨਾਂ ਸਾਰੇ ਸਮਿਆਂ ਦੌਰਾਨ ਜੇ ਐਂਗਲਜ਼ ਨੇ ਉਸ ਦੀ ਲਗਾਤਾਰ ਤੇ ਡਟਵੀਂ ਬੇਗਰਜ਼ ਆਰਥਿਕ ਮੱਦਦ ਨਾ ਕੀਤੀ ਹੁੰਦੀ
ਤਾਂ ਕਾਰਲ ਮਾਰਕਸ ਨੇ ‘‘ਪੂੰਜੀ’’ਜਿਹੀ ਮਹਾਨ ਲਿਖਤ ਅਤੇ ਕਈ ਹੋਰ ਮੁੱਲਵਾਨ ਰਚਨਾਵਾਂ ਨੂੰ ਅੰਜ਼ਾਮ ਨਹੀਂ ਦੇ ਸਕਣਾ ਸੀ
ਬਲਕਿ ਗਰੀਬੀ ਤੇ ਥੁੜੋਂ ਦਾ ਸ਼ਿਕਾਰ ਬਣ ਜਾਣਾ ਸੀ। ਉਸ ਦੀ ਪਤਨੀ ਜੈਨੀ ਨੇ ਵੀ ਹਰ ਔਖ ਸੌਖ ਝਲਦਿਆਂ ਡਟ ਕੇ ਉਸ ਦਾ ਹਰ ਪੱਖੋਂ ਸਾਥ ਦਿੱਤਾ।
2 ਦਸੰਬਰ 1881 ਨੂੰ ਮਾਰਕਸ ਦੀ ਜੀਵਨ-ਸਾਥਣ ਉਸ ਨੂੰ ਸਦੀਵੀ ਵਿਛੋੜਾ ਦੇ ਗਈ। 14 ਮਾਰਚ 1883 ਨੂੰ ਖੁਦ ਮਾਰਕਸ ਵੀ ਆਰਾਮ ਕੁਰਸੀ ’ਤੇ ਬੈਠਾ ਬੈਠਾ ਸਦਾ ਦੀ ਨੀਂਦ ਸੌਂ ਗਿਆ। ਉਸ ਨੂੰ ਉਸ ਦੀ ਪਤਨੀ ਦੀ ਕਬਰ ਦੇ ਕੋਲ ਹੀ ਲੰਡਨ ਦੇ ਹਾਈ ਗੇਟ ਕਬਰਸਤਾਨ ’ਚ ਦਫਨਾਇਆ ਗਿਆ। ਉਸ ਦੇ ਸੱਤਾਂ ਵਿੱਚੋਂ ਚਾਰ ਬੱਚੇ ਲੰਡਨ ’ਚ ਜਲਾਵਤਨੀ ਦੇ ਬੇਹੱਦ ਤੰਗੀ-ਤਰੁਸ਼ੀ ਭਰੇ ਸਾਲਾਂ ’ਚ ਛੋਟੀ ਉਮਰ ’ਚ ਚੱਲ ਵਸੇ। ਉਸ ਦੀਆਂ ਤਿੰਨ ਧੀਆਂ ਫਰਾਂਸੀਸੀ ਅਤੇ ਇੰਗਲੈਂਡ ਦੇ ਸਮਾਜਵਾਦੀ ਵਿਚਾਰਾਂ ਦੇ ਧਾਰਨੀ ਵਿਅਕਤੀਆਂ ਨਾਲ ਵਿਆਹੀਆਂ ਹੋਈਆਂ ਸਨ। ਮਾਰਕਸ ਦੇ ਇਸ ਜਹਾਨ ਤੋਂ ਰੁਖਸਤ ਹੋਣ ਤੱਕ ਯੂਰਪ ਤੇ ਅਮਰੀਕਾ ਦੇ ਵੱਡੀ ਗਿਣਤੀ ਮੁਲਕਾਂ ’ਚ ਮਜ਼ਦੂਰ ਲਹਿਰ, ਮਾਰਕਸਵਾਦੀ ਵਿਚਾਰਾਂ ਤੇ ਸੋਸ਼ਲ ਡੈਮੋਕਰੇਟਿਕ ਪਾਰਟੀਆਂ ਦਾ ਪਸਾਰਾ ਹੋ ਚੁੱਕਿਆ ਸੀ।
ਜੇਕਰ ਮਾਰਕਸਵਾਦ ਵੱਲੋਂ ਦੁਨੀਆਂ ਭਰ ’ਚ ਮਿਹਨਤਕਸ਼ ਲੋਕਾਂ ਉੱਪਰ ਪਾਏ ਵਿਆਪਕ ਪ੍ਰਭਾਵ ਦੀ ਗੱਲ ਕਰਨੀ ਹੋਵੇ ਤਾਂ ਦੂਜੀ ਸੰਸਾਰ ਜੰਗ ਤੋਂ ਬਾਅਦ ਦੇ ਸਾਲਾਂ ’ਚ ਸੰਸਾਰ ਦੀ ਕੁੱਲ ਵਸੋਂ ਦਾ ਤੀਜਾ ਹਿੱਸਾ ਸਮਾਜਵਾਦੀ ਕੈਂਪ ਹੇਠ ਸੀ ਜੋ ਮਾਰਕਸਵਾਦ ਤੋਂ ਸਿੱਧੀ ਪ੍ਰੇਰਣਾ ਤੇ ਅਗਵਾਈ ਲੈ ਰਿਹਾ ਸੀ। ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ’ਚ ਉੱਠੀਆਂ ਕੌਮੀ-ਮੁਕਤੀ ਲਹਿਰਾਂ ਅਤੇ ਆਜ਼ਾਦੀ ਲਹਿਰਾਂ ਦੀ ਤੂਫਾਨੀ ਕਾਂਗ ਇਸ ਤੋਂ ਪ੍ਰੇਰਨਾ ਉਤਸ਼ਾਹ ਤੇ ਮੱਦਦ ਲੈ ਰਹੀ ਸੀ। ਸਾਮਰਾਜੀ-ਸਰਮਾਏਦਾਰੀ ਪ੍ਰਬੰਧ ਨੂੰ ਮਾਰਕਸਵਾਦ ਅਤੇ ਸਮਾਜਵਾਦ ਦੇ ਵਿਚਾਰਾਂ ਨੇ ਕੰਬਣੀਆਂ ਛੇੜ ਰੱਖੀਆਂ ਸਨ ਤੇ ਉਹ ਆਪਣੀ ਹੋਂਦ ਦੀ ਸਲਾਮਤੀ ਲਈ ਆਪਣੇ ਦੇਸ਼ਾਂ ’ਚ ਵੱਡੀ ਪੱਧਰ ’ਤੇ ਲੋਕ-ਭਲਾਈ ਦੀਆਂ ਸਕੀਮਾਂ ਲਿਆਉਣ ਲਈ ਮਜ਼ਬੂਰ ਹੋ ਗਏ ਸਨ। ਮਾਰਕਸ ਤੋਂ ਬਿਨਾਂ ਕਿਸੇ ਵੀ ਹੋਰ ਦਾਰਸ਼ਨਿਕ, ਰਾਜਨੇਤਾ, ਸਮਾਜ ਵਿਗਿਆਨੀ ਜਾਂ ਅਰਥਸ਼ਾਸ਼ਤਰੀ ਨੇ ਮਨੁੱਖਤਾ ਉੱਪਰ ਏਡਾ ਵਿਆਪਕ ਅਸਰ ਨਹੀਂ ਪਾਇਆ।
ਅੱਜ ਭਾਵੇਂ ਮਜ਼ਦੂਰ ਜਮਾਤ ਤੇ ਇਨਕਲਾਬੀ ਲੋਕ ਲਹਿਰ ਨੂੰ ਵਕਤੀ ਪਛਾੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ
ਮਿਹਨਤਕਸ਼ ਜਮਾਤਾਂ ਉੱਪਰ ਚੌਤਰਫਾ ਸਾਮਰਾਜੀ ਹੱਲਾ ਜ਼ੋਰਾਂ ’ਤੇ ਹੈ ਪਰ ਇਸ ਦੇ ਬਾਵਜੂਦ
ਮਾਰਕਸਵਾਦ ਦੀ ਸਾਰਥਕਤਾ ਘਟੀ ਨਹੀਂ, ਸਗੋਂ ਹੋਰ ਵੀ ਵਧੀ ਹੈ। ਅੱਜ ਵੀ ਦੁਨੀਆਂ ਭਰ ਅੰਦਰ ਕਰੋੜਾਂ ਦੀ ਗਿਣਤੀ ’ਚ ਲੋਕ ਅੱਜ ਦੀ ਵਿਕਸਤ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰੇਰਨਾ, ਉਤਸ਼ਾਹ ਤੇ ਅਗਵਾਈ ਲੈ ਰਹੇ ਹਨ ਤੇ ਇਸ ਜਮਾਤੀ ਜੰਗ ਨੂੰ ਮਘਾ ਰਹੇ ਹਨ। ਦੁਨੀਆਂ ਭਰ ਅੰਦਰ ਪਹਿਲਾਂ ਤੋਂ ਕਿਤੇ ਵੱਡੀ ਗਿਣਤੀ ’ਚ ਮਿਹਨਤਕਸ਼, ਮੱਧਵਰਗੀ ਜਮਾਤਾਂ ਤੇ ਹੋਰ ਕਮਾਊ ਲੋਕ ਸਾਮਰਾਜੀ ਲੁੱਟ ਦੇ ਜਾਲ ’ਚ ਫਸੇ ਛਟਪਟਾ ਰਹੇ ਹਨ। ਮਾਰਕਸ ਤੇ ਉਸ ਦੀ ਵਿਚਾਰਧਾਰਾ ਦਾ ਭੂਤ ਪੂੰਜੀਪਤੀ ਸਰਗਣਿਆਂ ਦੀ ਓਨਾ ਚਿਰ ਨੀਂਦ ਖਰਾਬ ਕਰਦਾ ਰਹੇਗਾ ਤੇ ਦੁਨੀਆਂ ਭਰ ਦੇ ਵੱਖ ਵੱਖ ਕੋਨਿਆਂ ’ਚ ਉਠਦੀਆਂ ਰੋਹ ਦੀਆਂ ਲਾਟਾਂ ਉਹਨਾਂ ਨੂੰ ਕੰਬਣੀਆਂ ਛੇੜਦੀਆਂ ਰਹਿਣਗੀਆਂ ਜਿੰਨਾ ਚਿਰ ਪੂੰਜੀਪਤੀ ਜਮਾਤੀ ਲੁੱਟ ਦੇ ਇਸ ਪ੍ਰਬੰਧ ਨੂੰ ਵਗਾਹ ਕੇ ਇਤਿਹਾਸ ਦੇ ਕੂੜੇ ਦੇ ਢੇਰ ’ਤੇ ਸੁੱਟ ਨਹੀਂ ਦਿੱਤਾ ਜਾਂਦਾ।
No comments:
Post a Comment