ਸਾਮਰਾਜੀ ਸੰਕਟਾਂ ਦੀ ਮਾਰ-ਯੂਰਪ ਅੰਦਰ ਲੋਕ ਰੋਹ ਦੇ ਫੁਟਾਰੇ
ਸੰਸਾਰ ਸਾਮਰਾਜੀ ਸੰਕਟਾਂ ਦੀ ਮਾਰ ਝੱਲ ਰਹੇ ਸਰਮਾਏ ਦੇ ਗੜ੍ਹ ਯੂਰਪ ਦੇ ਲੋਕਾਂ ’ਚ ਲਗਾਤਾਰ ਰੋਸ ਪਸਾਰੇ ਤੇ ਬੇਚੈਨੀ ਦੀਆਂ ਖ਼ਬਰਾਂ ਆ ਰਹੀਆਂ ਹਨ। ਰੂਸ ਯੂਕਰੇਨ ਜੰਗ ਖ਼ਿਲਾਫ਼, ਮਹਿੰਗਾਈ ਖ਼ਿਲਾਫ਼ ਤੇ ਪੈਨਸ਼ਨ ਸੁਧਾਰਾਂ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਯੂਰਪ ਦੇ ਵੱਖ-ਵੱਖ ਮੁਲਕਾਂ ’ਚ ਲਗਾਤਾਰ ਮੁਜ਼ਹਾਰੇ ਹੋ ਰਹੇ ਹਨ ਤੇ ਸਰਮਾਏਦਾਰ ਹਕੂਮਤਾਂ ਦੀਆਂ ਲੁਟੇਰੀਆਂ ਨੀਤੀਆਂ ਤੇ ਫੈਸਲੇ ਲੋਕਾਂ ਦੇ ਨਿਸ਼ਾਨੇ ’ਤੇ ਹਨ। ਸਾਰੀਆਂ ਹੀ ਹਕੂਮਤਾਂ ਲੋਕਾਂ ਦੇ ਰੋਸ ਦੇ ਭਾਰੀ ਦਬਾਅ ਹੇਠ ਹਨ। ਮਜ਼ਦੂਰ ਜਮਾਤ ਇਸ ਰੋਸ ਲਹਿਰ ਦੀ ਮੋਹਰੀ ਹੈ। ਪਿਛਲੇ ਕੁੱਝ ਮਹੀਨਿਆਂ ਦੌਰਾਨ ਯੂਰਪ ਦੇ ਮੁਲਕਾਂ ’ਚ ਹੋਏ ਮੁਜ਼ਾਹਰਿਆਂ ਬਾਰੇ ਇੱਕ ਰਿਪੋਰਟ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। -ਸੰਪਾਦਕ
ਯੂਨਾਈਟਡ ਕਿੰਗਡਮ
ਯੂ.ਕੇ. ਵਿਚ ਸਰਕਾਰ ਦੇ ਤਜਵੀਜ਼ਤ ਹੜਤਾਲ ਵਿਰੋਧੀ ਕਾਨੂੰਨ ਅਤੇ ਪਬਲਿਕ ਸੈਕਟਰ ਵਿਚ ਤਨਖਾਹਾਂ ਵਧਾਉਣ ਲਈ ਫੰਡ ਦੇਣ ਤੋਂ ਇਨਕਾਰ ਦੇ ਖਿਲਾਫ ਬੁੱਧਵਾਰ ਪਹਿਲੀ ਫਰਵਰੀ ਨੂੰ ਇਕ ਲਾਮਿਸਾਲ ਸਨਅਤੀ ਤਾਲਮੇਲਵਾਂ ਰੋਸ ਪ੍ਰਦਰਸ਼ਨ ਹੋਣ ਜਾ ਰਿਹਾ ਹੈ।
ਇਸ ਮਹਾਂ-ਹੜਤਾਲ ਵਿਚ ਰੇਲਵੇ ਵਰਕਰ, ਜਨਤਕ ਖੇਤਰ ਦੇ ਮਜ਼ਦੂਰ, ਨਰਸਾਂ, ਅੱਗ ਬੁਝਾਉੂ ਸਟਾਫ, ਅਧਿਆਪਕ, ਯੂਨੀਵਰਸਿਟੀ ਸਟਾਫ, ਪ੍ਰੋਫੈਸਰ ਤੇ ਹੋਰ ਵੱਖ ਵੱਖ ਸਭਨਾਂ ਸੈਕਟਰਾਂ ਦੇ ਮਜ਼ਦੂਰ/ਮੁਲਾਜ਼ਮ ਸ਼ਾਮਲ ਹੋਏ। ਜ਼ਿੰਦਗੀ ਦੇ ਵਧ ਰਹੇ ਖਰਚਿਆਂ ਤੇ ਰੋਸ ਵਜੋਂ ਰੋਹ ਵਿਚ ਆਏ ਪੰਜ ਲੱਖ ਮਜ਼ਦੂਰਾਂ ਦੀ ਸ਼ਮੂਲੀਅਤ ਵਾਲਾ ਇਹ ਇੱਕਜੁੱਟ ਐਕਸ਼ਨ ਸੀ ਜੋ ਆਮ ਹੜਤਾਲ ਦਾ ਦਿ੍ਰਸ਼ ਪੇਸ਼ ਕਰ ਰਿਹਾ ਸੀ। ਯੂ.ਕੇ. ਵਿਚ 1970 ਤੋਂ ਬਾਅਦ ਇਹ ਪਹਿਲਾ ਅਜਿਹਾ ਐਕਸ਼ਨ ਸੀ।
ਕੁੱਝ ਮਹੱਤਵਪੂਰਨ ਪ੍ਰਾਪਤੀਆਂ
ਪਿਛਲੇ ਸਮੇਂ ਦੌਰਾਨ ਨਿੱਜੀ ਖੇਤਰ ਵਿਚ ਹੜਤਾਲਾਂ ਨੇ ਕੁੱਝ ਮਹੱਤਵਪੂਰਨ ਜਿੱਤਾਂ ਪ੍ਰਾਪਤ ਕੀਤੀਆਂ ਹਨ। ਅੱਧ ਫਰਵਰੀ ਵਿਚ ਲੰਦਨ ਦੇ ਬੱਸ ਡਰਾਈਵਰਾਂ ਨੇ ਤਨਖਾਹਾਂ ਵਿਚ 18% ਦਾ ਰਿਕਾਰਡ ਤੋੜ ਵਾਧਾ ਹਾਸਲ ਕੀਤਾ। ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੱਲੋਂ ਪਬਲਿਕ ਸੈਕਟਰ ਦੇ ਕਾਮਿਆਂ ਦੀਆਂ ਹੜਤਾਲਾਂ ਖਿਲਾਫ ਅਪਣਾਏ ਸਖਤ ਰੁਖ-ਰਵੱਈਏ ਅਤੇ ਇਸ ਰਾਹੀਂ ਯੂਨੀਅਨ ਵਿਰੋਧੀ ਕਾਨੂੰਨ ਲੈ ਕੇ ਆਉਣ ਦੇ ਇਰਾਦਿਆਂ ਨੇ ਪਬਲਿਕ ਸੈਕਟਰ ਦੀਆਂ ਹੜਤਾਲਾਂ ਦੇ ਸਿਲਸਿਲੇ ਨੂੰ ਸਿਆਸੀ ਰੰਗਤ ਦੇ ਦਿੱਤੀ ਅਤੇ ਹੜਤਾਲੀ ਕਾਮੇ ਸਰਕਾਰ ਨਾਲ ਸਿਧ-ਮ-ਸਿੱਧੇ ਹੋ ਗਏ। ਅੰਤ ਰਿਸ਼ੀ ਸੂਨਕ ਨੂੰ ਤਨਖਾਹਾਂ ’ਚ 5% ਦਾ ਵਾਧਾ ਅਤੇ ਕਰੋਨਾ ਮਾਹਾਂਮਾਰੀ ਦੌਰਾਨ ਕੀਤੇ ਕੰਮ ਲਈ ਬੋਨਸ ਦੇਣ ਲਈ ਮਜ਼ਬੂਰ ਹੋਣਾ ਪਿਆ। ਤਾਂ ਵੀ, ਇਹਨਾਂ ਹਫਤਿਆਂ ਦੌਰਾਨ, ਦਿਲਚਸਪ ਗੱਲ ਇਹ ਹੋਈ ਕਿ ਨੈਸ਼ਨਲ ਹੈਲਥ ਵਰਕਰਜ਼ ਅਤੇ ਸਿੱਖਿਆ ਸੈਕਟਰ ਦੀਆਂ ਯੂਨੀਅਨਾਂ ਨੇ ਸਾਂਝੀਆਂ ਮੁਹਿੰਮਾਂ ਚਲਾ ਕੇ ਸਰਕਾਰ ਦੀਆਂ ਪੇਸ਼ਕਸ਼ਾਂ ਨੂੰ ਰੱਦ ਕੀਤਾ। ਇਨ੍ਹਾਂ ਜਨਤਕ ਮੁਹਿੰਮਾਂ ਦੌਰਾਨ ਉਨ੍ਹਾਂ ਨੇ ਪੇਸ਼ਕਸ਼ ਰੱਦ ਕਰਨ ਦੇ ਕਾਰਨਾਂ ਦੀ ਵਿਆਖਿਆ ਕੀਤੀ ਅਤੇ ਨਾਹਰਾ ਉੱਚਾ ਕੀਤਾ, ‘‘ਸਿਹਤ ਸੇਵਾਵਾਂ ਦੇ ਕਾਮੇ ਐਲਾਨ ਕਰਦੇ ਹਨ, ਸਾਨੂੰ ਇਹ ਮਨਜ਼ੂਰ ਨਹੀਂ!’’ ਅਤੇ ਉਹਨਾਂ ਹੜਤਾਲ ਜਾਰੀ ਰੱਖਣ ਦੇ ਐਲਾਨ ਕੀਤੇ।
ਇੱਕ ਯੂਨੀਅਨ ਨੇ ਐਲਾਨ ਕੀਤਾ, ‘‘ਕਰੋਨਾ ਮਾਹਾਂਮਾਰੀ ਦੌਰਾਨ ਅਸੀਂ ਹੀਰੋ ਸੀ, ਪਰ ਜਦ ਹੀ ਅਸੀਂ ਆਪਣੀਆਂ ਤਨਖਾਹਾਂ ਸੁਧਾਰਨ ਦੀ ਮੰਗ ਕੀਤੀ, ਅਸੀਂ ਦੁਸ਼ਮਣ ਜਾ ਬਣੇ। ਪੂਰੇ ਦੇਸ਼ ਦੇ ਲੋਕ ਸਾਡੇ ਹਮਾਇਤੀ ਹਨ, ਸਾਡੇ ’ਚ ਪਾੜ ਪਾਉਣ ਦੇ ਹਰਬਿਆਂ ਅੱਗੇ ਅਸੀਂ ਡਿੱਗਣਾ ਨਹੀਂ, ਆਓ ਤਕੜੇ ਹੋਈਏ,----ਇੱਕਜੁੱਟ ਰਹੀਏ, ਕੁੱਲ ਸ਼੍ਰੇਣੀਆਂ, ਕੁੱਲ ਯੂਨੀਅਨਾਂ, ਸਭਨਾਂ ਦੀ ਮੁਕੰਮਲ ਏਕਤਾ।’’
ਯੂਨਾਨ
ਪੂਰੇ ਯੂਨਾਨ ਵਿਚ ਮਿਉਸਪਲ ਉਸਾਰੀ ਕਾਮਿਆਂ ਨੇ 2 ਫਰਵਰੀ ਨੂੰ ਇੱਕ ਦਿਨ ਲਈ ਕੌਮੀ ਪੱਧਰ ’ਤੇ ਕੰਮ-ਛੋੜ ਹੜਤਾਲ ਕਰਕੇ ਸਰਕਾਰ ਤੋਂ ਸਟਾਫ ਦੇ ਉਚੇਰੇ ਪੱਧਰ, ਤਨਖਾਹਾਂ ’ਚ ਵਾਧੇ ਅਤੇ ਨਿੱਜੀਕਰਨ ਤੇ ਆੳੂਟਸੋਰਸਿੰਗ ਦੇ ਖਾਤਮੇ ਦੀ ਮੰਗ ਕੀਤੀ। ਅਜਿਹੇ ਵਿਆਪਕ ਸਨਅਤੀ ਐਕਸ਼ਨਾਂ ਵਿਚਦੀ ਗੁਜ਼ਰ ਰਹੇ ਮੁਲਕ ਨੂੰ 28 ਫਰਵਰੀ ਦੇ ਰੇਲ ਹਾਦਸੇ ਨੇ ਸੋਗ ਵਿਚ ਡੋਬ ਦਿੱਤਾ, ਜਿਸ ਵਿਚ 57 ਲੋਕਾਂ ਦੀ ਜਾਨ ਚਲੀ ਗਈ ਸੀ, ਜਿੰਨ੍ਹਾਂ ’ਚ ਛੁੱਟੀ ਕੱਟ ਕੇ ਆ ਰਹੇ ਵਿਦਿਆਰਥੀ ਵੀ ਸਨ।
ਲੋਕਾਂ ਦਾ ਗੁੱਸਾ ਭੜਕ ਪਿਆ, ਦਹਿ ਹਜ਼ਾਰਾਂ ਲੋਕ ਰੋਸ ਰੈਲੀਆਂ ’ਚ ਸ਼ਾਮਲ ਹੋਏ। ਉੱਤਰੀ ਯੂਨਾਨ ਦੀ ਰਾਜਧਾਨੀ ਲੈਸਾਲੋਨਿਕੀ ਅਤੇ ਏਥਨਜ਼, ਦੋਹਾਂ ਵਿਚ 8 ਮਾਰਚ ਨੂੰ 60,000 ਤੋਂ ਉੱਪਰ ਲੋਕ ਸ਼ਾਮਲ ਹੋਏ। ਦੋਹਾਂ ਸ਼ਹਿਰਾਂ ਵਿਚ ਪੁਲਸ ਨਾਲ ਹਿੰਸਕ ਝੜੱਪਾਂ ਹੋਈਆਂ। ਗੋਲੀਆਂ, ਗਰਨੇਡ ਤੇ ਅੱਥਰੂ ਗੈਸ ਦੇ ਗੋਲੇ ਵਰ੍ਹੇ। ਜਾਰੀ ਰਹਿ ਰਹੇ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਵਿਦਿਆਰਥੀ ਜਥੇਬੰਦੀਆਂ ਕਰ ਰਹੀਆਂ ਹਨ। ਜਾਰੀ ਰਹਿ ਰਹੇ ਹੜਤਾਲਾਂ ਤੇ ਰੋਸ ਮੁਜ਼ਾਹਰਿਆਂ ’ਚ ਤਰ੍ਹਾਂ ਤਰ੍ਹਾਂ ਦੇ ਕਾਰਣਾਂ ਕਰਕੇ ਜਮ੍ਹਾਂ ਹੋਏ ਪਏ ਗੁੱਸੇ ਦਾ ਇਜ਼ਹਾਰ ਹੋ ਰਿਹਾ ਹੈ। ਗਰੀਸ ਦੀ ਮੁੱਖ ਰੇਲਵੇ ਯੂਨੀਅਨ ਨੇ ਕਿਹਾ, ‘‘ਮਾਰੇ ਗਏ ਤੇ ਜਖਮੀ ਹੋਏ ਦਰਜ਼ਨਾਂ ਸ਼ਹਿਰੀਆਂ ਦਾ ਦਰਦ, ਗੁੱਸੇ ’ਚ ਪਲਟ ਗਿਆ।’’ ਉਦੋਂ ਤੋਂ ਲੈ ਕੇ ਤਿੰਨ ਹੜਤਾਲਾਂ ਹੋਈਆਂ-8 ਮਾਰਚ, 13 ਮਾਰਚ ਤੇ 16 ਮਾਰਚ। ਇਹਨਾਂ ਹੜਤਾਲਾਂ ’ਚ ਸ਼ਾਮਲ ਹੋਈਆਂ ਮੈਟਰੋ ਵਰਕਰਾਂ ਦੀਆਂ ਹੜਤਾਲਾਂ ਅਤੇ ਪੂਰੇ ਦੇਸ਼ ਵਿਚ ਰੇਲਵੇ ਮਜ਼ਦੂਰਾਂ ਦੀਆਂ ਦੋ ਹਫਤੇ ਲੰਮੀਆਂ ਹੜਤਾਲਾਂ। 16 ਮਾਰਚ ਦੀ ਆਮ ਹੜਤਾਲ ਦਾ ਸੱਦਾ ਜਨਤਕ ਖੇਤਰ ਤੇ ਨਿੱਜੀ ਖੇਤਰ ਦੀਆਂ ਯੂਨੀਅਨਾਂ ਵੱਲੋਂ ਦਿੱਤਾ ਗਿਆ ਸੀ। ਇਸ ਦੌਰਾਨ ਹਵਾਈ ਅੱਡਿਆਂ ’ਚ ਸੁੰਨ ਵਰਤੀ ਰਹੀ, ਬੰਦਰਗਾਹਾਂ ’ਚ ਕਿਸ਼ਤੀਆਂ ਜਾਮ ਰਹੀਆਂ। ਬੱਸਾਂ, ਗੱਡੀਆਂ, ਮੈਟਰੋ ਤੇ ਟੈਕਸੀਆਂ ਬੰਦ ਰਹੀਆਂ। ਸਿਹਤ ਤੇ ਸਿੱਖਿਆ ਕਾਮੇ ਪ੍ਰਦਰਸ਼ਨਾਂ ’ਚ ਸ਼ਾਮਲ ਹੋਏ। ਪੁਲਸ ਨਾਲ ਝੜੱਪਾਂ ਹੋਈਆਂ ਅਤੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ। ਇਹ ਗੱਡੀਆਂ ਦੀ ਟੱਕਰ ਅਤੇ ਦੁਖਦਾਈ ਰੇਲ ਹਾਦਸੇ ਤੋਂ ਵੱਧ ਹੋ ਨਿੱਬੜਿਆ, ਜਿਸ ਨੇ ਮੁਲਕ ਨੂੰ ਗੈਰ-ਯਕੀਨੀ ਦੀ ਹਾਲਤ ’ਚ ਸੁੱਟ ਦਿੱਤਾ। ਅਪ੍ਰੈਲ ’ਚ ਹੋਣ ਵਾਲੀਆਂ ਚੋਣਾਂ ਮਈ ਤੱਕ ਪਿੱਛੇ ਪਾ ਦਿੱਤੀਆਂ ਗਈਆਂ ਹਨ। ਮੁਲਕ ਵਿਚ ਸਿਆਸੀ ਅਸਥਿਰਤਾ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ, ਜਾਣੋ ਮੁਲਕ ਲੀਹੋਂ ਲਹਿ ਗਿਆ ਹੈ।
ਪੁਰਤਗਾਲ
11 ਫਰਵਰੀ ਨੂੰ 1,40,000 ਲਿਸਬਨ (ਪੁਰਤਗਾਲ ਦੀ ਰਾਜਧਾਨੀ) ਦੀਆਂ ਸੜਕਾਂ ’ਤੇ ਨਿੱਕਲੇ। ਪਿਛਲੇ ਦਹਾਕੇ ਦਾ ਇਹ ਸਭਤੋਂ ਵੱਡਾ ਪ੍ਰਦਰਸ਼ਨ ਸੀ। ਪਹਿਲਾਂ ਕਰੋਨਾ ਮਾਹਾਂਮਾਰੀ ਨੇ ਅਧਿਆਪਕਾਂ ਦਾ ‘ਸਾਹ-ਸਤ ਨਿਚੋੜਿਆ’ ਅਤੇ ਹੁਣ ਉਨ੍ਹਾਂ ’ਤੇ ਮੁਦਰਾ ਸਫੀਤੀ ਦੀ ਮਾਰ ਪੈ ਰਹੀ ਹੈ। ਅਧਿਆਪਕ ਭਾਵੇਂ ਚੰਗੀਆਂ ਤਨਖਾਹਾਂ ਅਤੇ ਕੰਮ ਦੀਆਂ ਚੰਗੀਆਂ ਹਾਲਤਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਦੀ ਹੜਤਾਲ ਨੇ ਜਮ੍ਹਾਂ ਹੋਈ ਪਈ ਵਿਆਪਕ ਬੇਚੈਨੀ ਦਾ ਮੂੰਹਾਂ ਖੋਲ੍ਹਿਆ ਹੈ।
ਜਰਮਨੀ
ਜਰਮਨੀ ਵਿਚ ਵਧ ਰਹੇ ਮੁਦਰਾ ਵਿਸਤਾਰ ਨੇ ਵੱਡੀਆਂ ਹੜਤਾਲਾਂ ਨੂੰ ਝੋਕਾ ਲਾਇਆ ਹੈ ਜਿਹੜੀਆਂ ਕਈ ਮਹੀਨਿਆਂ ਤੋਂ ਹਸਪਤਾਲਾਂ, ਸਕੂਲਾਂ, ਡਾਕਖਾਨਿਆਂ ਅਤੇ ਬੰਦਰਗਾਹਾਂ ਵਿਚ ਜਥੇਬੰਦ ਕੀਤੀਆਂ ਜਾ ਰਹੀਆਂ ਹਨ। 27 ਮਾਰਚ ਨੂੰ ਟਰਾਂਸਪੋਰਟ ਕਾਮਿਆਂ ਦੀ ‘‘ਮਹਾਂ-ਹੜਤਾਲ’’ ਨੇ ਦੇਸ਼ ਦੇ ਵੱਡੇ ਹਿੱਸੇ ਨੂੰ ਅਸਤ-ਵਿਅਸਤ ਕਰਕੇ ਰੱਖ ਦਿੱਤਾ। ਰੇਲਵੇ ਅਤੇ ਟਰਾਂਸਪੋਰਟ ਯੂਨੀਅਨਾਂ ’ਚ ਜਥੇਬੰਦ ਮਜ਼ਦੂਰਾਂ ਅਤੇ ਸੰਯੁਕਤ ਸੇਵਾਵਾਂ ਟਰੇਡ ਯੂਨੀਅਨ, ਤਨਖਾਹਾਂ ’ਚ 10.5% ਵਾਧੇ ਦੀ ਮੰਗ ਕਰ ਰਹੀਆਂ ਹਨ ਪਰ ਸਰਕਾਰ ਨੇ ਮਾਮੂਲੀ 5% ਦੇਣ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਸਾਲਾਂ ਦੌਰਾਨ ਦੋਹਾਂ ਯੂਨੀਅਨਾਂ ਦਾ ਤਾਲਮੇਲ ਇਕ ਨਿਵੇਕਲੀ ਘਟਨਾ ਹੈ। ਹੜਤਾਲ ਦੌਰਾਨ ਦਰਜ਼ਨਾਂ ਸ਼ਹਿਰਾਂ ’ਚ ਲਾਮਬੰਦੀਆਂ ਹੋਈਆਂ। ਅਧਿਕਾਰੀਆਂ ਵੱਲੋਂ ਹੜਤਾਲ ਦੇ ਖਿਲਾਫ ਭੜਕਾਹਟ ਪੈਦਾ ਕਰਨ ਦੀਆਂ ਸਿਰੇ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਹੌਲ ਸ਼ਾਂਤ ਰਿਹਾ, ਪਰ ਅਜੇ ਕਿਸੇ ਅਗਲੇ ਐਕਸ਼ਨ ਦਾ ਐਲਾਨ ਨਹੀਂ ਕੀਤਾ ਗਿਆ।
ਸਪੇਨ
160 ਦੇ ਕਰੀਬ ਹਵਾਈ ਆਵਾਜਾਈ ਕੰਟਰੋਲਰਾਂ ਨੇ ਸੋਮਵਾਰ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪੰਜ ਹੜਤਾਲਾਂ ਦੀ ਲੜੀ ਵਿਚ ਇਹ ਸਭ ਤੋਂ ਪਹਿਲੀ ਹੈ, ਜਿਹੜੀ 30 ਜਨਵਰੀ ਅਤੇ 27 ਫਰਵਰੀ ਵਿਚਕਾਰ ਹਰੇਕ ਸੋਮਵਾਰ ਨੂੰ ਕੀਤੀ ਜਾਣੀ ਹੈ। ਇਹ ਸਰਕਾਰ ਤੋਂ ਖਪਤਕਾਰ ਸੂਚਕ ਅੰਕ ’ਚ ਵਾਧਾ ਕਰਨ ਅਤੇ ਤਨਖਾਹਾਂ ’ਚ 12-15 ਫੀਸਦੀ ਕੱਟ ਰੱਦ ਕਰਵਾਉਣ ਦੀ ਮੰਗ ਕਰਨ ਦੇ ਉਪਰਾਲੇ ਵਜੋਂ ਕੀਤੀ ਜਾ ਰਹੀ ਹੈ।
ਕਰੋਨਾ ਮਾਹਾਂਮਾਰੀ ਤੋਂ ਮਗਰੋਂ ਸਿਹਤ ਦੇ ਖੇਤਰ ਵਿਚ ਹੜਤਾਲਾਂ ਕਈ ਦੇਸ਼ਾਂ ਵਿਚ ਇੱਕ ਆਮ ਵਰਤਾਰਾ ਬਣ ਗਿਆ ਹੈ। ਸਪੇਨ ਦੀਆਂ ਵੱਖ ਵੱਖ ਸਟੇਟਾਂ ਵਿਚ ਹੈਲਥ ਕਾਮਿਆਂ ਦੇ ਭਾਰੀ ਮੁਜਾਹਰੇ ਹੋਏ ਹਨ। ਮੈਡਰਿਡ ਵਿਚ 12 ਫਰਵਰੀ ਨੂੰ ਸੈਂਕੜੇ ਹਜ਼ਾਰਾਂ ਲੋਕ ਚਿੱਟੇ ਕੋਟ ਪਹਿਨੇ ਪ੍ਰਾਇਮਰੀ ਹੈਲਥ ਕੇਅਰ ਡਾਕਟਰਾਂ ਦੀ ਹਮਾਇਤ ’ਚ ਅਤੇ ਪਬਲਿਕ ਸਿਹਤ ਸੇਵਾਵਾਂ ਦੇ ਨਿਘਾਰ ਖਿਲਾਫ ਸੜਕਾਂ ’ਤੇ ਨਿੱਕਲੇ, ਹੋਰਨਾਂ ਸੈਕਟਰਾਂ ’ਚ ਵੀ ਮਜ਼ਦੂਰਾਂ ਦੇ ਸੰਘਰਸ਼ ਚੱਲ ਰਹੇ ਸਨ ਅਤੇ ਕਈਆਂ ਨੇ ਜਿੱਤਾਂ ਵੀ ਪ੍ਰਾਪਤ ਕੀਤੀਆਂ, ਜਿਵੇਂ ਕਿ ਇੰਡੀਟੈਕਸ ਜ਼ਾਰਾ ਗਾਰਮੈਂਟ (ਵਸਤਰ) ਫੈਕਟਰੀ ਦੇ ਮਜ਼ਦੂਰ ਜਿਨ੍ਹਾਂ ਨੇ ਤਨਖਾਹਾਂ ’ਚ 15% ਵਾਧਾ ਪ੍ਰਾਪਤ ਕੀਤਾ।
ਯੂਨੀਅਨ ਲੀਡਰਸ਼ਿੱਪਾਂ ਹੜਤਾਲਾਂ ਨੂੰ ਸੈਕਟਰਾਂ ’ਚ ਨਿਖੇੜਨ ਦੀ ਕੋਸ਼ਿਸ ਕਰਦੀਆਂ ਹਨ, ਉਨ੍ਹਾਂ ਨੂੰ ਖੁੱਲ੍ਹੇ ਵੀ ਨਹੀਂ ਛੱਡਦੀਆਂ ਅਤੇ ਹੜਤਾਲਾਂ ਦੇ ਅੰਦਰਲੇ ਤੇ ਬਾਹਰਲੇ ਕਾਮਿਆਂ ਜਾਂ ਪੱਕੇ ਤੇ ਠੇਕੇ ਦੇ ਬਾਹਰਲੇ ਕਾਮਿਆਂ ਨੂੰ ਇਕੱਠੇ ਕਰਨ ਲਈ ਕੋਈ ਪ੍ਰੋਗਰਾਮ ਵੀ ਨਹੀਂ ਦਿੰਦੀਆਂ। ਇਹਨਾਂ ਅਫਸਰਸ਼ਾਹੀ ਲੀਡਰਸ਼ਿੱਪਾਂ ਨੇ ਇੱਕ ਦਹਾਕੇ ਤੋਂ ਕਿਸੇ ਆਮ ਹੜਤਾਲ ਦਾ ਸੱਦਾ ਵੀ ਨਹੀਂ ਦਿੱਤਾ। ਇਹ ਅਤੇ ਸੁਧਾਰਵਾਦੀ ਖੱਬੇ ‘‘ਛੋਟੀ ਬੁਰਾਈ’’ ਮੁਹਿੰਮ ’ਤੇ ਚੜ੍ਹੇ ਹੋਏ ਹਨ। ਜੀਵਨ ਹਾਲਤਾਂ ਦੇ ਤੇਜ਼ੀ ਨਾਲ ਹੋ ਰਹੇ ਨਿਘਾਰ ਅਤੇ ਪੁਨਰ-ਹਥਿਆਰਬੰਦੀ ਦੀ ਸਾਮਰਾਜੀ ਨੀਤੀ ਨਾਲ ਮਿਲਜੁਲ ਕੇ ਸਰਕਾਰਾਂ ਦੇ ਸਖਤ ਵਿਹਾਰ ਦੇ ਸਨਮੁੱਖ ਮਜ਼ਦੂਰ ਅਤੇ ਨੌਜਵਾਨ ਸੈਕਟਰਾਂ ਵਿਚ ਗਰਮ ਮਿਜਾਜ਼ ਪਣਪ ਰਿਹਾ ਹੈ, ਜਦ ਕਿ ਮਜ਼ਦੂਰ ਜਮਾਤ ਦੇ ਵਿਸ਼ਾਲ ਹਿੱਸੇ ਜਾਗਰਤ ਹੋ ਰਹੇ ਹਨ। ਇਹ ਜਮਾਤੀ ਜੱਦੋਜਹਿਦ ਦੇ ਨਵੇਂ ਪਲ ਵੱਲ ਕਦਮ ਵਧਾਰੇ ਦੀ ਸੰਭਾਵਨਾ ਪੇਸ਼ ਕਰਦੇ ਹਨ, ਪਰ ਸਿਰਫ ਤਾਂ, ਜੇ ਟਰੇਡ ਯੂਨੀਅਨ ਸਿਆਸਤ ਅਫਸਰਸ਼ਾਹਾਂ ਤੇ ਸੁਧਾਰਵਾਦੀਆਂ ਤੋਂ ਖਹਿੜਾ ਛੁਡਾ ਲੈਂਦੀ ਹੈ।
ਇਹਨਾਂ ਹੜਤਾਲੀ ਪ੍ਰਕਿਰਿਆਵਾਂ ਤੇ ਕਰੋਨਾ ਮਾਹਾਂਮਾਰੀ ਤੋਂ ਮਗਰੋਂ ਯੂਰਪੀ ਮਹਾਂਦੀਪ ਵਿਚ ਖੁੱਲ੍ਹ ਕੇ ਸਾਹਮਣੇ ਆਈਆਂ ਨਵੀਆਂ ਆਰਥਕ ਤੇ ਸਿਆਸੀ ਹਾਲਤਾਂ, ਵਧ ਰਹੀ ਮੁਦਰਾ ਸਫੀਤੀ ’ਤੇ ਯੂਕਰੇਨ ਜੰਗ ਦੀ ਮੋਹਰਛਾਪ ਹੈ। ਜਦ ਕਿ ਮੁੱਖ ਯੂਰਪੀ ਸਿਆਸੀ ਸ਼ਕਤੀਆਂ ਦੀਆਂ ਸਰਕਾਰਾਂ ਨੇ ਫੌਜੀ ਖਰਚੇ ਵਧਾ ਦਿੱਤੇ ਹਨ ਅਤੇ ਨਾਟੋ ਰਾਹੀਂ ਜੰਗੀ ਹੱਲਾ ਬੋਲਿਆ ਹੋਇਆ ਹੈ। ‘‘ਘਰੋਗੀ ਮੁਹਾਜ਼’’ ’ਤੇ ਤਰੇੜਾਂ ਚੱਲ ਪਈਆਂ ਹਨ ਅਤੇ ਅਹਿਮ ਵਿਰੋਧੀਆਂ ਦਾ ਦਿਖਾਵਾ ਹੋ ਰਿਹਾ ਹੈ। ਇਸ ਨੇ ਯੂਰਪ ਵਿਚ ਜਮਾਤੀ ਜੱਦੋਜਹਿਦ ਦੀ ਵਾਪਸੀ -ਭਾਵੇਂ ਅਣਸਾਵੀਂ ਹੀ-ਦੇ ਸੰਕੇਤ ਦਿੱਤੇ ਹਨ ਅਤੇ ਸਰਕਾਰਾਂ ਜਿਵੇਂ ਰੋਸ ਪ੍ਰਦਰਸ਼ਨਾਂ ’ਤੇ ਦਿਨੋਂ-ਦਿਨ ਵਧੇਰੇ ਸਖਤ ਜਬਰ ਢਾਹ ਰਹੀਆਂ ਹਨ, ਰੋਹ ਦਾ ਪਸਾਰਾ ਹੋ ਰਿਹਾ ਹੈ।
ਇਕ ਹੋਰ ਮਹੱਤਵਪੂਰਨ ਅੰਸ਼, ਲਾਮਬੰਦੀਆਂ ਤੇ ਹੜਤਾਲਾਂ ’ਚ ਨੌਜਵਾਨ ਹਿੱਸਿਆਂ ਦੀ ਸ਼ਮੂਲੀਅਤ ਅਤੇ ਯੱਕਯਹਿਤੀ ਦਾ ਹੈ, ਜਿਵੇਂ ਕਿ ਫਰਾਂਸ, ਗਰੀਸ ਤੇ ਯੂਨਾਈਟਡ ਕਿੰਗਡਮ ਵਿਚ ਦੇਖਿਆ ਗਿਆ ਹੈ। ਨੌਜਵਾਨ ਹਿੱਸੇ ਅਨਿਸ਼ਚਤਤਾ ਦੇ ਸਾਏ ਹੇਠ ਆਏ ਹੋਏ ਹਨ, ਅਤੇ ਇਹਨਾਂ ਲਹਿਰਾਂ ਰਾਹੀਂ ਵਾਤਾਵਰਨ ਦੇ ਸੰਕਟ, ਔਰਤਾਂ ਪ੍ਰਤੀ ਦੁਰਵਿਹਾਰ ਅਤੇ ਨਸਲਪ੍ਰਸਤੀ ਦੇ ਖ਼ਿਲਾਫ਼ ਉਨ੍ਹਾਂ ਦਾ ਸਿਆਸੀਕਰਨ ਹੋਇਆ ਹੈ। ਉਹ ਮਹਿਸੂਸ ਕਰਦੇ ਹਨ ਕਿ ਉਹ ਪੂੰਜੀਵਾਦ ਦੇ ਕੋਈ ਰਿਣੀ ਨਹੀਂ ਹਨ, ਅਤੇ ਜੱਦੋਜਹਿਦ ਦੇ ਨਵੇਂ ਤਜਰਬਿਆਂ ਰਾਹੀਂ ਉਨ੍ਹਾਂ ’ਤੇ ਪਾਣ ਚੜ੍ਹ ਰਹੀ ਹੈ। ਇਹ ‘‘ਕੋਈ ਭਵਿੱਖ ਨਹੀਂ’’ ਦੇ ਢਾਹੂ ਵਿਚਾਰਾਂ ਅਤੇ ਹੋਰਨਾਂ ਸੈਕਟਰਾਂ ਦੇ ਨੌਜਵਾਨ ਹਿੱਸਿਆਂ ਵਿਚਕਾਰ ਵਿਅਕਤੀਵਾਦ ਅਤੇ ਕੱਟੜ ਸੱਜੂਆਂ ਦੇ ਅਸਰ ਦੇ ਵਿਰੋਧ ’ਚ ਇਕ ਮਹੱਤਵਪੂਰਨ ਰੁਝਾਣ ਹੈ ਜਿਹੜਾ ਇਸ ਬੇਚੈਨੀ ’ਚੋਂ ਫਾਇਦਾ ਖੱਟਣਾ ਚਾਹੰੁਦਾ ਹੈ।
ਰੋਸ ਪ੍ਰਦਰਸ਼ਨ ਸੰਕੇਤ ਕਰਦੇ ਹਨ ਕਿ ਬਹੁਤੇ ਯੂਰਪੀਨਾਂ ਨੇ ਸਿੱਟਾ ਕੱਢ ਰੱਖਿਆ ਹੈ ਕਿ ਜਦ ਆਰਥਿਕਤਾ ਸੁੰਗੜ ਰਹੀ ਹੈ, ਤਾਂ ਇਸ ਤੋ ਅੱਗੇ ਲੜਾਈ ਹੀ ਹੈ, ਇਸ ਖਾਤਰ ਕਿ ਉਨ੍ਹਾਂ ਦਾ ਹਿੱਸਾ ਘਟੇ ਨਾ।
ਰੋਮਾਨੀਆ
ਯੂਕਰੇਨ ਸੰਸਾਰ ਦਾ ਸਭ ਤੋਂ ਵੱਡਾ ਅਨਾਜ ਬਰਾਮਦਕਾਰ ਦੇਸ਼ ਹੈ। 22 ਫਰਵਰੀ ਦੇ ਰੂਸੀ ਹਮਲੇ ਤੋਂ ਬਾਅਦ ਇਸ ਦੀਆਂ ਕਾਲੇ ਸਾਗਰ ’ਚ ਬੰਦਰਗਾਹਾਂ ਠੱਪ ਹੋਈਆਂ ਪਈਆਂ ਹੋਣ ਕਰਕੇ ਯੂਰਪੀਨ ਯੂਨੀਅਨ ਦੀ ਮਦਦ ਨਾਲ ਕਣਕ ਬਰਾਮਦ ਲਈ ਪੋਲੈਂਡ ਤੇ ਰੋਮਾਨੀਆ ਵਿਚਦੀ ਬਦਲਵੇਂ ਜਹਾਜ਼ਰਾਨੀ ਰਸਤੇ -‘‘ਯਕਯਹਿਤੀ ਲਾਂਘੇ’’ (solidarity lanes ) ਬਣਾਏ ਹੋਏ ਹਨ। ਇਸ ਤੋਂ ਇਲਾਵਾ ਯੂਰਪੀਨ ਯੂਨੀਅਨ ਦੇ ਇਨ੍ਹਾਂ ਦੇਸ਼ਾਂ-ਪੋਲੈਂਡ, ਰੋਮਾਨੀਆ, ਹੰਗਰੀ, ਬਲਗਾਰੀਆ, ਸਲੋਵਾਕੀਆ ਵਿਚ-ਜਿਨ੍ਹਾਂ ਵਿਚ ਇਹ ਅਨਾਜ ਦਰਾਮਦ ਹੁੰਦਾ ਹੈ, ਜੂਨ 2024 ਤੱਕ ਇਸ ਨੂੰ ਕਸਟਮ ਡਿੳੂਟੀ ਤੋਂ ਛੋਟ ਦਿੱਤੀ ਹੋਈ ਹੈ। ਸਿੱਟੇ ਵਜੋਂ ਸਸਤੇ ਯੂਕਰੇਨੀ ਅਨਾਜ ਤੇ ਹੋਰ ਖੇਤੀ ਵਸਤਾਂ ਨੇ ਸਥਾਨਕ ਉਪਜਕਾਰਾਂ ਦੇ ਉਤਪਾਦਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਯੂਰਪੀਨ ਕਮਿਸ਼ਨ ਦੇ ਆਪਣੇ ਹੀ ਅਨੁਮਾਨ ਅਨੁਸਾਰ ਸਸਤੇ ਯੂਕਰੇਨੀ ਅਨਾਜ ਦੇ ਅੰਤਰ-ਪ੍ਰਵਾਹ ਕਰਕੇ ਉਪਰੋਕਤ ਦੇਸ਼ਾਂ ਦੇ ਕਿਸਾਨਾਂ ਨੂੰ ਕੁੱਲ ਮਿਲਾ ਕੇ 455 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਇਨ੍ਹਾਂ ਦੇਸ਼ਾਂ ਵਿਚ ਕਿਸਾਨਾਂ ਦਾ ਗੁੱਸਾ ਉਬਾਲੇ ਖਾ ਰਿਹਾ ਹੈ। ਰੋਸ ਪ੍ਰਦਰਸ਼ਨ ਅਤੇ ਸਰਹੱਦੀ ਨਾਕਾਬੰਦੀਆਂ ਹੋ ਰਹੀਆਂ ਹਨ। ਰੋਮਾਨੀਆ ਦੇ ਹਜ਼ਾਰਾਂ ਕਿਸਾਨਾਂ ਨੇ ਰਾਜਧਾਨੀ ਸਮੇਤ ਦੇਸ਼ ਵਿਚ ਜਨਤਕ ਰੋਸ ਵਜੋਂ ਟਰੈਕਟਰਾਂ, ਟਰੱਕਾਂ ਨਾਲ ਆਵਾਜਾਈ ਰੋਕੀ ਅਤੇ ਸਰਹੱਦੀ ਚੈਕ ਪੋਸਟਾਂ ’ਤੇ ਨਾਕਾਬੰਦੀ ਕੀਤੀ। ਉਨ੍ਹਾਂ ਯੂਰਪੀਨ ਕਮਿਸ਼ਨ ਨੂੰ ਦਖ਼ਲ ਦੇਣ ਲਈ ਜ਼ੋਰ ਪਾਇਆ।
ਰੋਮਾਨੀਅਨ ਖੇਤੀ ਉਤਪਾਦਕਾਂ ਦੀ ਐਸੋਸੀਏਸ਼ਨ ਦੀ ਪ੍ਰਬੰਧਕੀ ਡਾਇਰੈਕਟਰ ਲਿਲੀਆਨਾ ਪੀਰੋਨ ਨੇ ਕਿਹਾ, ‘‘ਰੋਮਾਨੀਅਨ ਕਿਸਾਨ ਯੂਕਰੇਨ ਤੋਂ ‘‘ਅਣਉਚਿੱਤ ਮੁਕਾਬਲੇਬਾਜ਼ੀ’’ ਦੇ ਸਤਾਏ, ‘‘ਇਸ ਮੁਕਾਮ ’ਤੇ ਪਹੁੰਚ ਚੁੱਕੇ ਹਨ, ਕਿ ਉਹ ਇਸ ਦੀ ਹੋਰ ਵਧੇਰੇ ਕੀਮਤ ਨਹੀਂ ਝੱਲ ਸਕਦੇ।’’ ਉਨ੍ਹਾਂ ਕਿਹਾ ‘‘ਨਵੀਂ ਫਸਲ ਆਉਣ ’ਤੇ ਅਸੀਂ ਕਿਸਾਨਾਂ ਦੇ ਦਿਵਾਲੇ ਨਿੱਕਲਦੇ ਦੇਖਾਂਗੇ।’’
ਕਿਸੇ ਵੱਡੇ ਜਨਤਕ ਉਭਾਰ ਉੱਠ ਸਕਣ ਤੋਂ ਚਿੰਤੁਤ ਯੂਰਪੀਨ ਕਮਿਸ਼ਨ ਨੇ ਇਨ੍ਹਾਂ ਕਿਸਾਨਾਂ ਦੀ ਹਾਨੀ-ਪੂਰਤੀ ਕਰਨ ਵਜੋਂ 56.3 ਮਿਲੀਅਨ ਯੂਰੋ ਦੀ ਤੁੱਛ ਰਕਮ ਦੇਣ ਦਾ ਫੈਸਲਾ ਲਿਆ ਹੈ।
ਪਰ ਪੂਰਬੀ ਯੂਰਪੀ ਦੇਸ਼ਾਂ ਦੇ ਕਿਸਾਨ ਲੋਹੇ-ਲਾਖੇ ਹਨ। ਯੂਕਰੇਨ ਦੇ ਸਭ ਤੋਂ ਪੱਕੇ ਹਮਾਇਤੀ ਪੋਲੈਂਡ ਦੇ ਵੱਖ ਵੱਖ ਹਿੱਸਿਆਂ ’ਚ ਕਿਸਾਨਾਂ ਨੇ ਰੋਹ ਭਰੇ ਮੁਜਾਹਰਿਆਂ ਨਾਲ ਪਿਛਲੇ ਦਿਨੀਂ ਯੂਕਰੇਨੀ ਰਾਸ਼ਟਰਪਤੀ ਦੇ ਦੌਰੇ ਦਾ ਤਿੱਖਾ ਵਿਰੋਧ ਕੀਤਾ। ਰਾਸ਼ਟਰਪਤੀ ਦੇ ਪਹੁੰਚਣ ਤੋਂ ਕੁੱਝ ਚਿਰ ਪਹਿਲਾਂ ਪੋਲੈਂਡ ਦੇ ਖੇਤੀ ਮੰਤਰੀ ਨੇ ਅਸਤੀਫਾ ਸੌਂਪ ਦਿੱਤਾ, ਇਸ ਸੰਭਾਵਨਾ ਨਾਲ ਕਿ ਕਸਟਮ ਡਿੳੂਟੀ ਵਿਚ ਦਿੱਤੀ ਛੋਟ ਰੱਦ ਨਹੀਂ ਕੀਤੀ ਜਾਣੀ।
ਪੋਲੈਂਡ ਵਿਚ ਯੂਕਰੇਨੀ ਅਨਾਜ ਦੀਆਂ ਦਰਾਮਦਾਂ ਇੱਕ ਲੱਖ ਟਨ ਸਾਲਾਨਾ ਤੋਂ ਵਧ ਕੇ 2022 ਵਿਚ 20 ਲੱਖ ਟਨ ਹੋ ਗਈਆਂ ਹਨ। ਬਲਗਾਰੀਆ ਵਿਚ 361 ਟਨ ਤੋਂ ਵਧ ਕੇ 16700 ਟਨ ਹੋ ਗਈਆਂ ਹਨ। ਟਰੇਡ ਯੂਨੀਅਨਾਂ ਅਤੇ ਕਿਸਾਨ ਯੂਨੀਅਨਾਂ ਅਨੁਸਾਰ ਜੇ ਨਵੇਂ ਇਮਦਾਦੀ ਪ੍ਰਬੰਧ ਨਾ ਕੀਤੇ ਗਏ ਤਾਂ ਵੱਡੇ ਰੋਸ ਪ੍ਰਦਰਸ਼ਨ ਹੋਣਗੇ।
ਪੋਲੈਂਡ ਜਿੱਥੇ 13 ਲੱਖ ਲੋਕਾਂ ਨੇ ਪਨਾਹ ਲਈ ਹੋਈ ਹੈ, ਵਿਚ ਹਾਲਤ ਤਬਦੀਲੀ ਦੇ ਸੰਕੇਤ ਮਿਲ ਰਹੇ ਹਨ। ਸਹਾਇਤਾ ਪ੍ਰੋਗਾਰਾਮਾਂ ਵਿਚ 50% ਕਟੌਤੀ ਕਰ ਦਿੱਤੀ ਗਈ ਹੈ। ਅਤੇ ਰਿਹਾਇਸ਼ ਲਈ ਕਈ ਰਿਫਿੳੂਜੀਆਂ ਤੋਂ ਕਿਰਾਇਆ ਵਸੂਲਿਆ ਜਾ ਰਿਹਾ ਹੈ।
ਯੂਕਰੇਨ ਜਿਹੜਾ ਯੂਰਪੀਨ ਯੂਨੀਅਨ ਦੀ ਮੈਂਬਰਸ਼ਿੱਪ ਲਈ ਉਮੀਦਵਾਰ ਹੈ, ਯੂਕਰੇਨੀ ਅਨਾਜ ਨਾਲ ਜੁੜ ਕੇ ਖੜ੍ਹੀਆਂ ਹੋਈਆਂ ਸਮੱਸਿਆਵਾਂ ਨੇ ਗੁਆਂਢੀ ਮੁਲਕਾਂ ਵਿਚ ਤਣਾਅ ਪੈਦਾ ਕੀਤੇ ਹਨ, ਜਿਹੜੇ ਸੰਭਾਵੀ ਮੈਬਰਸ਼ਿੱਪ ਨਾਲ ਭੜਕਾਹਟ ਵਿਚ ਬਦਲ ਸਕਦੇ ਹਨ।
ਰੂਸ-ਯੂਕਰੇਨ ਜੰਗ ਬਾਰੇ
24 ਫਰਵਰੀ 2022 ਤੋਂ ਸ਼ੁਰੂ ਹੋਈ ਰੂਸ-ਯੂਕਰੇਨ ਜੰਗ ਜਾਰੀ ਰਹਿ ਰਹੀ ਹੈ। ਇਸ ਵਿਚ ਲੱਖਾਂ ਲੋਕਾਂ ਦੀ ਉਜਾੜਾ ਹੋਇਆ ਹੈ। ਸੈਂਕੜੇ ਹਜ਼ਾਰਾਂ ਮੌਤ ਦੇ ਮੂੰਹ ਪਾ ਦਿੱਤੇ ਗਏ ਹਨ।
ਯੂਰਪੀ ਲੀਡਰਸ਼ਿੱਪ ਇਸ ਲੜਾਈ ਦੀ ਤਿੱਖ ਨੂੰ ਘਟਾਉਣ ਅਤੇ ਸੰਕਟ ਨੂੰ ਖਤਮ ਕਰਨ ’ਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਯੂਰਪੀ ਯੂਨੀਅਨ ਪੂਰੀ ਤਰ੍ਹਾਂ ਅਮਰੀਕਾ ਤੇ ਇਸ ਦੀਆਂ ਨਾਟੋ ਵੱਲੋਂ ਘੜੀਆਂ ਸਾਮਰਾਜੀ ਨੀਤੀਆਂ ਦੇ ਮਤਹਿਤ ਹੋ ਕੇ ਚੱਲ ਰਹੀ ਹੈ।
ਯੂਕਰੇਨ ਨੂੰ ਹੋਰ ਹਥਿਆਰ ਦੇਣ ਖਿਲਾਫ ਹਜ਼ਾਰਾਂ ਲੋਕਾਂ ਨੇ ਬਰਲਿਨ ਵਿਚ ਮੁਜ਼ਾਹਰਾ ਕੀਤਾ ਜਿਸ ਵਿਚ 50,000 ਲੋਕ ਸ਼ਾਮਲ ਹੋਏ। ਪਰ ਪੁਲਸ ਨੇ ਇਸ ਗਿਣਤੀ ਨੂੰ 13000 ਦੱਸਿਆ। ਇਹੋ ਜਿਹੇ ਮੁਜ਼ਾਹਰੇ ਜਰਮਨੀ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਹੋਏ ਹਨ।
ਮੁਜ਼ਾਹਰਾਕਾਰੀਆਂ ਨੇ ਬੈਨਰ ਚੁੱਕੇ ਹੋਏ ਸਨ- ‘‘ਅੱਜ ਹੈਲਮਟ (ਜਰਮਨੀ ਦੀ ਕੁਲੀਸ਼ਨ ਸਰਕਾਰ ਵੱਲੋਂ ਭੇਜੇ 5000 ਹੈਲਮਟਾਂ ਵੱਲ ਸੰਕੇਤ) ਕਲ੍ਹ ਨੂੰ ਟੈਂਕ (ਹੁਣੇ ਹੁਣੇ ਜਰਮਨੀ ਵਿਚ ਬਣੇ ਹੋਏ ਲਿਉਪਾਰਡ ਟੈਂਕ ਭੇਜਣ ਦਾ ਫੈਸਲਾ) ਅਤੇ ਪਰਸੋਂ ਨੂੰ ਸਾਡੇ ਪੁੱਤ।’’
ਇੱਕ ਸਾਬਕਾ ਫੌਜੀ ਅਨੁਸਾਰ, ‘‘ਅਸੀਂ ਜੰਗ ਤੇ ਜੰਗਬਾਜਾਂ ਦੇ ਗੁਲਾਮ ਜਿਹੇ ਹਾਂ। ਅਸਲੀ ਦੁਸ਼ਮਣ ਲੰਦਨ ਤੇ ਨਿੳੂਯਾਰਕ ਵਿਚ ਬੈਠਾ ਹੈ।’’ ਉਸ ਨੇ ਕਿਹਾ, ‘‘ਦੂਜੀ ਸੰਸਾਰ ਜੰਗ ਤੋਂ ਬਾਅਦ ਜਰਮਨੀ ਨੂੰ ਹੋਰ ਕਿਸੇ ਜੰਗ ’ਚ ਸ਼ਾਮਲ ਹੋਣ ਦਾ ਕੋਈ ਅਧਿਕਾਰ ਨਹੀਂ ਹੈ।’’
ਮਜ਼ਦੂਰ ਜਮਾਤ ਜੰਗ ਦੇ ਖਿਲਾਫ
-18 ਫਰਵਰੀ ਨੂੰ ਮਿਊਨਿਕ ਸਕਿਉਰਟੀ ਕਾਨਫਰੰਸ ਦੇ ਬਾਹਰ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਦਾ ਰਾਹ ਅਪਣਾਉਣ ਦੀ ਬਜਾਏ ਨਾਟੋ ਮੈਂਬਰਾਂ ਦੀ ਅਗਵਾਈ ਹੇਠ ਫੌਜੀ ਵਧਾਰੇ ਨੂੰ ਉਤਸ਼ਾਹਤ ਕਰਨ ਵਿਰੁੱਧ ਮੁਜ਼ਾਹਰਾ ਹੋਇਆ।
-22 ਜੂਨ 2022 ਨੂੰ ਮੈਡਰਿਡ ਵਿਚ ਸਪੇਨ ਦੇ ਜੰਗ ਵਿਰੋਧੀ ਤੇ ਸਾਮਰਾਜ ਵਿਰੋਧੀ ਮਨੁੱਖਾਂ ਵੱਲੋਂ ਨਾਟੋ ਮੈਂਬਰ ਦੇਸ਼ਾਂ ਦੀ ਤਿੰਨ ਦਿਨਾਂ ਕਾਨਫਰੰਸ ਵਿਰੁੱਧ ਮੁਜ਼ਾਹਰਾ ਅਤੇ 24-25 ਜੂਨ ਨੂੰ ਮੈਡਰਿਡ ਵਿਚ ਸਿਖਰ ਸੰਮੇਲਨ ਹੋਇਆ ਜਿਸ ਦੇ ਅੰਤ ’ਤੇ ਸਾਂਝੇ ਐਲਾਨ ਵਿਚ ਜ਼ੋਰ ਦਿੱਤਾ ਗਿਆ, ‘‘ਨਾਟੋ ਸੰਸਾਰ ਅਮਨ ਲਈ ਗੰਭੀਰ ਵੰਗਾਰ ਹੈ, ਇਸ ਨੇ ਯੂਗੋਸਲਾਵੀਆ ਤੋਂ ਅਫਗਾਨਿਸਤਾਨ ਤੱਕ ਤਬਾਹੀ ਦਾ ਅੰਨ੍ਹਾ ਨਾਚ ਨੱਚਿਆ ਹੈ।
-ਯੂਨਾਨ-ਅਨੇਕਾਂ ਮੌਕਿਆਂ ’ਤੇ ਲੋਕਾਂ ਨੇ ਪੂਰੇ ਦੇਸ਼ ’ਚ ਰੇਲਵੇ ਯਾਰਡਾਂ, ਬੰਦਰਗਾਹਾਂ ’ਤੇ ਰੋਸ ਪ੍ਰਦਰਸ਼ਨ ਕਰਕੇ ਯੂਕਰੇਨ ਨੂੰ ਭੇਜੇ ਜਾ ਰਹੇ ਟੈਂਕਾਂ ਅਤੇ ਬੰਦਰਗਾਹਾਂ ’ਤੇ ਨਾਟੋ ਜੰਗੀ ਬੇੜੇ ਲਾਉਣ ਦੇ ਵਿਰੋਧ ਕੀਤੇ।
-ਫਰਾਂਸ ਵਿਚ ਸੈਨੇਟ ਦੇ ਨਜ਼ਦੀਕ ‘‘ਅਮਨ ਲਈ ਮਾਰਚ’’ ਦੇ ਨਾਂਅ ਹੇਠ ਪ੍ਰਦਰਸ਼ਨ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਬੈਨਰ ਚੁੱਕੇ ਹੋਏ ਸਨ ਜਿਨ੍ਹਾਂ ’ਤੇ ਲਿਖਿਆ ਸੀ ‘‘ਯੂ. ਐਸ. ਏ. ਅਤੇ ਨਾਟੋ ਵੱਲੋਂ ਭੜਕਾਈ ਹੋਈ ਜੰਗ ਨੂੰ ਖਤਮ ਕਰੋ।’’ ਇਹੋ ਜਿਹੇ ਮੁਜ਼ਾਹਰੇ ਕਈ ਹੋਰ ਯੂਰਪੀਨ ਦੇਸ਼ਾਂ ਵਿਚ ਵੀ ਹੋਏ ਹਨ।
-25 ਫਰਵਰੀ ਨੂੰ 10,000 ਪ੍ਰਦਰਸ਼ਨਕਾਰੀਆਂ ਨੇ ਯੂਕਰੇਨ ਨੂੰ ਸਪਲਾਈ ਕੀਤੇ ਜਾ ਰਹੇ ਹਥਿਆਰ ਰੱਦ ਕਰਨ ਲਈ ਆਵਾਜ਼ ਉਠਾਈ ਤੇ ਪ੍ਰਦਰਸ਼ਨ ਵਿਚ ਹੱਥ-ਪਰਚੇ ਵੰਡ ਕੇ ਜਰਮਨੀ ਨੂੰ ਨਾਟੋ ’ਚੋਂ ਬਾਹਰ ਨਿੱਕਲਣ ਦੀ ਆਵਾਜ਼ ਉਠਾਈ ਗਈ ਅਤੇ ਬੈਨਰਾਂ ’ਤੇ ਲਿਖਿਆ ਹੋਇਆ ਸੀ ‘ਇਸ ਜੰਗ ਨਾਲ ਸਾਡਾ ਕੋਈ ਲਾਗਾ-ਦੇਗਾ ਨਹੀਂ’।
-ਇਸੇ ਹੀ ਦਿਨ ਲੰਦਨ ਵਿਚ 4000 ਲੋਕਾਂ ਨੇ ਯੂਕਰੇਨ ਨੂੰ ਭੇਜੇ ਜਾ ਰਹੇ ਹਥਿਆਰਾਂ ਖਿਲਾਫ ਆਵਾਜ਼ ਉਠਾਈ।
2009 ਤੋਂ ਲੈ ਕੇ ਨਾਟੋ ਬਾਰੇ ਹਾਂ-ਪੱਖੀ ਵਿਚਾਰਾਂ ’ਚ ਲਗਾਤਾਰ ਗਿਰਾਵਟ ਆਈ ਹੈ। ਇਨ੍ਹਾਂ ਸਾਲਾਂ ਦੌਰਾਨ ਯੂਰਪ ਵਿਚ ਨਾਟੋ ਦਾ ਵਿਰੋਧ ਅਤੇ ਬੇਭਰੋਸਗੀ ’ਚ ਵਾਧਾ ਹੋਇਆ ਹੈ। ਫਰਾਂਸੀਸੀ ਡਿਫੈਂਸ ਮੰਤਰਾਲੇ ਦੇ ਸਾਬਕਾ ਸੀਨੀਅਰ ਅਧਿਕਾਰੀ ਪੀਅਰੇ ਕੋਨੇਸਾ ਨੇ ਚੀਨੀ ਨਿੳੂਜ਼ ਏਜੰਸੀ ਜ਼ਿਨਹੂਆ ਨੂੰ ਇਕ ਇੰਟਰਵਿੳੂ ਵਿਚ ਕਿਹਾ, ‘‘ਯੂਕਰੇਨ ਨੂੰ ਨਾਟੋ ’ਚ ਸ਼ਾਮਲ ਕਰਨ ਦੀ ਕੋਸ਼ਿਸ਼ ਯੂਕਰੇਨ ਦੇ ਮੌਜੂਦਾ ਸੰਕਟ ਦੀ ਜੜ੍ਹ ਹੈ। 9 ਦੇ ਇਕ ਸੰਸਥਾਪਕ ਐਨੋਟੋਨੀਓ ਇੰਗਰੋਈਆ ਨੇ ਕਿਹਾ, ‘‘ਇਟਲੀ ਦੇ ਬਹੁਗਿਣਤੀ ਲੋਕ ਜੰਗ ਨਹੀਂ ਚਾਹੁੰਦੇ, ਯੂ.ਐਸ.ਏ. ਅਤੇ ਨਾਟੋ ਦੀ ਬਸਤੀ ਨਹੀਂ ਬਣਨਾ ਚਾਹੁੰਦੇ।’’
---੦
No comments:
Post a Comment