ਭਾਰਤ ਅੰਦਰ ਰਾਸ਼ਟਰਵਾਦ ਦੇ ਅਰਥਾਂ ਬਾਰੇ ਕੁੱਝ ਚਰਚਾ
- ਭਾਰਤ ਅੰਦਰ ਰਾਸ਼ਟਰਵਾਦ ਦੇ ਅਰਥਾਂ ਬਾਰੇ ਕੁੱਝ ਚਰਚਾ
- ਮੁਲਕ ਅੰਦਰ ਮੋਦੀ ਸਰਕਾਰ ਵੱਲੋਂ ਆਪਣੀ ਫ਼ਿਰਕੂ ਸਿਆਸਤ ਦੇ ਵਧਾਰੇ ਲਈ ਫ਼ਿਰਕੂ ਰਾਸ਼ਟਰਵਾਦ ਦਾ ਖੂਬ ਸਹਾਰਾ ਲਿਆ ਜਾ ਰਿਹਾ ਹੈ। ਇਸੇ ਪ੍ਰਸੰਗ ’ਚ ਹੀ ਪਿਛਲੇ ਕੁੱਝ ਸਮੇਂ ਤੋਂ ਪੰਜਾਬ ’ਚ ਵੀ ਰਾਸ਼ਟਰਵਾਦ ਬਾਰੇ ਖੂਬ ਚਰਚਾ ਹੁੰਦੀ ਆ ਰਹੀ ਹੈ। ਪਰ ਆਮ ਕਰਕੇ ਇਸ ਚਰਚਾ ’ਚ ਗਲਤ ਪਹੁੰਚਾਂ ਦਾ ਇਜ਼ਹਾਰ ਹੀ ਹੁੰਦਾ ਹੈ। ਇੱਕ ਪਾਸਾ ਮੁਲਕ ਪੱਧਰ ’ਤੇ ਭਾਜਪਾ ਵੱਲੋਂ ਉਭਾਰੇ ਜਾਂਦੇ ਹਿੰਦੂਤਵੀ ਫ਼ਿਰਕੂ ਤੇ ਅੰਨ੍ਹੇ ਰਾਸ਼ਟਰਵਾਦ ਦਾ ਹੈ ਜਿਹੜਾ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਪਿਛਾਖੜੀ ਬਿਰਤਾਂਤ ਸਿਰਜਦਾ ਹੈ। ਦੂਜਾ ਪਾਸਾ ਇਲਾਕਾਈ ਤੇ ਫ਼ਿਰਕੂ ਸ਼ਾਵਨਵਾਦੀ ਸੁਰ ਵਾਲਾ ਹੈ ਤੇ ਇਸ ਵਿੱਚ ਸਿੱਖ ਫ਼ਿਰਕੂ ਰੰਗਤ ਨਾਲ ਪੰਜਾਬ ਦੀ ਸ਼ਨਾਖਤ
- ਤੈਅ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੋਹਾਂ ਦਾ ਫ਼ਿਰਕੂ ਤੱਤ ਸਾਂਝਾ ਹੈ ਤੇ ਇਹ ਦੋਹੇਂ ਨਜ਼ਰੀਏ ਰਾਸ਼ਟਰਵਾਦੀ ਸੰਕਲਪ ਦੀ ਪਿਛਾਖੜੀ ਜਮਾਤਾਂ ਦੇ ਨਜ਼ਰੀਏ ਤੋਂ ਧਾਰਨਾ ਪੇਸ਼ ਕਰਦੇ ਹਨ। ਸਿੱਖ ਧਰਮ ਅਧਾਰਿਤ ਸਿਆਸਤ ਕਰਨ ਵਾਲੇ ਚੱਕਵੀਂ ਫ਼ਿਰਕੂ ਸੁਰ ਰੱਖਦੇ ਹਿੱਸਿਆਂ ਵੱਲੋਂ ਪੰਜਾਬ ਅੰਦਰ ਰਾਸ਼ਟਰਵਾਦੀ ਸੰਕਲਪ ਨੂੰ ਹੁਣ ਸੋਸ਼ਲ ਮੀਡੀਆ ਪ੍ਰਚਾਰ ਮੁਹਿੰਮਾਂ ’ਚ ਸਿਰੇ ਦਾ ਨਾਂਹ ਪੱਖੀ ਤੇ ਪਿਛਾਖੜੀ ਸੰਕਲਪ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਸਭਨਾਂ ਅਗਾਂਹਵਧੂ, ਜਮਹੂਰੀ ਤੇ ਧਰਮ ਨਿਰਲੇਪ ਤਾਕਤਾਂ ’ਤੇ ‘ਰਾਸ਼ਟਰਵਾਦੀ’ ਹੋਣ ਦਾ ਇਲਜ਼ਾਮ ਧਰ ਦਿੱਤਾ ਜਾਂਦਾ ਹੈ ਤੇ ਮੁਲਕ ਦੇ ਲੋਕਾਂ ਦੀ ਏਕਤਾ ਦਾ ਹੋਕਾ ਦੇਣ ਵਾਲਿਆਂ ਨੂੰ ਦੇਸ਼ ਦੇ ਹਾਕਮਾਂ ਦੇ ਰਾਸ਼ਟਰਵਾਦੀ ਨਾਅ੍ਹਰਿਆਂ ਦੇ ਧਾਰਨੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਪਿਛਲੇ ਵਰ੍ਹੇ ਸ਼ਹੀਦ ਭਗਤ ਸਿੰਘ ਖ਼ਿਲਾਫ਼ ਫ਼ਿਰਕੂ ਸਿੱਖ ਸਿਆਸਤਦਾਨਾਂ ਵੱਲੋਂ ਜ਼ਹਿਰੀਲੇ ਹਮਲਾਵਰ ਕੂੜ ਪ੍ਰਚਾਰ ਵੇਲੇ ਵੀ ਰਾਸ਼ਟਰਵਾਦੀ ਲਫਜ਼ ਦੀ ਖੂਬ ਵਰਤੋਂ ਕੀਤੀ ਗਈ ਅਤੇ ਸ਼ਹੀਦ ਭਗਤ ਸਿੰਘ ਨੂੰ ਇਉਂ ਪੇਸ਼ ਕੀਤਾ ਗਿਆ ਜਿਵੇਂ ਉਹ ਹਿੰਦੂਤਵੀ ਭਾਜਪਾਈ ‘ਰਾਸ਼ਟਰਵਾਦੀ’ ਵਿਚਾਰਾਂ ਦਾ ਧਾਰਨੀ ਹੋਵੇ ਤੇ ਪੰਜਾਬ ਵਿਰੋਧੀ ਹੋਵੇ। ਇਹਨਾਂ ਸੋਸ਼ਲ ਮੀਡੀਆ ਦੁਰ-ਪ੍ਰਚਾਰ ਮੁਹਿੰਮਾਂ ’ਚ ਆਮ ਕਰਕੇ ਹੀ ਰਾਸ਼ਟਰਵਾਦ ਦੇ ਅਰਥਾਂ ਦੇ ਅਨਰਥ ਕੀਤੇ ਜਾਂਦੇ ਹਨ। ਲੋਕ ਪੱਖੀ ਹਲਕਿਆਂ ’ਚੋਂ ਕੁੱਝ ਹਿੱਸੇ ਅਜਿਹੇ ਹਨ ਜਿਹੜੇ ਇਸ ਬਿਰਤਾਂਤ ਨਾਲੋਂ ਨਿਖੇੜੇ ਦੀ ਚੌਕਸੀ ਦਾ ਪ੍ਰਗਟਾਵਾ ਨਹੀਂ ਕਰਦ,ੇ ਸਗੋਂ ਕਿਸੇ ਪੱਧਰ ’ਤੇ ਏਸੇ ਬਿਰਤਾਂਤ ਨੂੰ ਮਜ਼ਬੂਤ ਕਰਨ ’ਚ ਹਿੱਸਾ ਪਾਉਂਦੇ ਹਨ। ਪੰਜਾਬ ਅੰਦਰ ਜਿਹੜਾ ਫ਼ਿਰਕੂ ਬਿਰਤਾਂਤ ਉਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬਿਰਤਾਂਤ ਪੰਜਾਬ ਨਾਲ ਵਿਸ਼ੇਸ਼ ਧੱਕੇ ਵਿਤਕਰੇ ਦਾ ਬਿਰਤਾਂਤ ਦਾ ਹੈ ਜਿਹੜਾ ਤੱਤ ਰੂਪ ’ਚ ਪੰਜਾਬ ਨੂੰ ਸਿੱਖਾਂ ਦਾ ਪੰਜਾਬ ਕਰਾਰ ਦਿੰਦਾ ਹੈ ਤੇ ਸਿੱਖ ਧਰਮ ਪ੍ਰਤੀ ਭਾਰਤੀ ਰਾਜ ਦੇ ਵਿਸ਼ੇਸ਼ ਵਿਤਕਰੇ ਦੇ ਦਾਅਵੇ ਨੂੰ ਇਸਦਾ ਅਧਾਰ ਬਣਾਉਂਦਾ ਹੈ। ਇਹ ਬਿਰਤਾਂਤ ਪੰਜਾਬ ਦੇ ਲੋਕਾਂ ਦੀ ਮੁਲਕ ਭਰ ਦੇ ਮਿਹਨਤਕਸ਼ ਲੋਕਾਂ ਨਾਲ ਮਜ਼ਬੂਤ ਏਕਤਾ ਉਸਾਰੀ ’ਤੇ ਸੱਟ ਮਾਰਦਾ ਹੈ ਤੇ ਪੰਜਾਬ ਬਨਾਮ ਬਾਕੀ ਦੇਸ਼ ਦਾ ਝੂਠਾ ਬਿਰਤਾਂਤ ਘੜਦਾ ਹੈ। ਇਹ ਬਿਰਤਾਂਤ ਤੱਤ ’ਚ ਫ਼ਿਰਕੂ ਸਿਆਸਤ ਦਾ ਬਿਰਤਾਂਤ ਹੈ ਜਿਹੜਾ ਕਈ ਵਾਰ ਪੰਜਾਬੀ ਕੌਮੀਅਤ ਦੇ ਮੁੱਦਿਆਂ ਦੇ ਹਵਾਲੇ ਨਾਲ ਵੀ ਉਸਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਪ੍ਰਸੰਗ ’ਚ ਰਾਸ਼ਟਰਵਾਦ ਦੇ ਸੰਕਲਪ ਤੇ ਦੇਸ਼ ਅੰਦਰ ਇਸਦੇ ਅਰਥਾਂ ਬਾਰੇ ਕੁੱਝ ਪੱਖਾਂ ਬਾਰੇ ਸੰਖੇਪ ਚਰਚਾ ਕੀਤੀ ਜਾ ਰਹੀ ਹੈ।
- ਸੰਸਾਰ ਅੰਦਰ ਰਾਸ਼ਟਰ ਦਾ ਸੰਕਲਪ ਸਰਮਾਏਦਾਰੀ ਦੇ ਵਿਕਸਿਤ ਹੋਣ ਤੇ ਬੁਰਜ਼ੂਆ ਰਾਜਾਂ ਦੀ ਸਥਾਪਨਾ ਨਾਲ ਉੱਭਰਿਆ ਹੈ। ਯੂਰਪ ਅੰਦਰ ਰਾਸ਼ਟਰ ਰਾਜਾਂ ਦਾ ਨਿਰਮਾਣ ਸਰਮਾਏਦਾਰੀ ਦੇ ਸੱਤਾ ’ਚ ਆਉਣ ਨਾਲ ਹੋਇਆ ਤੇ ਕੌਮਾਂ ਦੀ ਸ਼ਨਾਖਤ ਉੱਭਰੀ। ਕੌਮਾਂ ਦਾ ਵਿਕਾਸ ਸਰਮਾਏਦਾਰੀ ਲਈ ਲੋੜੀਂਦਾ ਸੀ ਜਿਸਦਾ ਮੂਲ ਨੁਕਤਾ ਇੱਕਜੁੱਟ ਮੰਡੀ ਦਾ ਸੀ ਤੇ ਜਿਹੜੀ ਅਗਾਂਹ ਨਿਆਰੇ ਕੌਮੀ ਸੱਭਿਆਚਾਰ, ਭਾਸ਼ਾ ਆਦਿ ਪਹਿਲੂਆਂ ਨਾਲ ਜੁੜਦੀ ਸੀ। ਇਉਂ ਜਗੀਰਦਾਰੀ ਦੇ ਖਾਤਮੇ ਤੇ ਸਰਮਾਏਦਾਰੀ ਦੇ ਵਿਕਾਸ ਨਾਲ ਯੂਰਪ ’ਚ ਕੌਮਾਂ ਦਾ ਵਿਕਾਸ ਹੋਇਆ ਤੇ ਕੌਮਵਾਦ ਦੀ ਭਾਵਨਾਉੱਭਰੀ ਤੇ ਕੌਮੀ ਰਾਜ ਹੋਂਦ ’ਚ ਆਏ। ਮਗਰਲੇ ਪੜਾਵਾਂ ’ਤੇ ਜਾ ਕੇ ਜਿਸਦਾ ਸਰਮਾਏਦਾਰੀ ਨੇ ਆਪਣੀਆਂ ਮੰਡੀਆਂ ਦੀ ਸ਼ਰੀਕੇਬਾਜ਼ੀ ’ਚ ਲਾਹਾ ਵੀ ਲਿਆ।
- ਸਾਡੇ ਮੁਲਕ ਅੰਦਰ ਰਾਸ਼ਟਰਵਾਦ ਦਾ ਸੰਕਲਪ ਬਰਤਾਨਵੀ ਸਾਮਰਾਜ ਖ਼ਿਲਾਫ਼ ਸੰਘਰਸ਼ ਦੌਰਾਨ ਉੱਭਰਿਆ। ਭਾਰਤੀ ਉੱਪ ਮਹਾਂਦੀਪ ਦੇ ਵੱਡੇ ਖਿੱਤੇ ’ਚ ਰਾਜ ਕਰਦੇ ਅੰਗਰੇਜ਼ ਸਾਮਰਾਜੀਆਂ ਖ਼ਿਲਾਫ਼ ਇਸ ਖਿੱਤੇ ਦੀਆਂ ਵੱਖ-ਵੱਖ ਕੌਮੀਅਤਾਂ ਨੇ ਸਾਮਰਾਜੀ ਗੁਲਾਮੀ ਤੋਂ ਮੁਕਤੀ ਲਈ ਸਾਂਝੇ ਤੌਰ ’ਤੇ ਜਦੋਜਹਿਦ ਕੀਤੀ ਤੇ ਇਸ ਸੰਘਰਸ਼ ’ਚੋਂ ਆਪਸੀ ਏਕਤਾ ਦੀਭਾਵਨਉੱਭਰੀ ਸਾਮਰਾਜ ਵਿਰੋਧੀ ਇਹ ਸਾਂਝੀ ਭਾਵਨਾ ਹੀ ਮੁਲਕ ਪੱਧਰੀ ਏਕਤਾ ਦਾ ਅਧਾਰ ਬਣੀ ਤੇ ਲੋਕ ਮਨਾਂ ’ਚ ਵੀ ਸਾਮਰਾਜ ਖ਼ਿਲਾਫ਼ ਇੱਕਜੁੱਟ ਹੋਏ ਮੁਲਕ ਦਾ ਸੰਕਲਪ ਉੱਭਰਿਆ। ਇਹ ਮੁਲਕ ਦਾ ਤਸੱਵਰ ਅੰਗਰੇਜ਼ਾਂ ਦੇ ਕਬਜ਼ੇ ਅਧੀਨ ਇਲਾਕੇ ਹੀ ਸਨ। ਉਸ ਤੋਂ ਪਹਿਲਾਂ ਨਾ ਇਸਦੀਆਂ ਕੋਈ ਨਿਸ਼ਚਿਤ ਹੱਦਾਂ ਸਨ ਤੇ ਨਾ ਹੀ ਦੇਸ਼ ਦਾ ਕੋਈ ਸੰਕਲਪ ਸੀ। ਜਿਨ੍ਹਾਂ ਕੁ ਵੀ ਦੇਸ਼ ਦਾ ਸੰਕਲਪ ਉੱਭਰਿਆ, ਉਹ ਸਾਮਰਾਜ ਖ਼ਿਲਾਫ਼ ਸਾਂਝੀ ਜਦੋਜਹਿਦ ਦਾ ਹੀ ਸਿੱਟਾ ਸੀ। ਇਉਂ ਭਾਰਤੀ ਰਾਸ਼ਟਰਵਾਦ ਦਾ ਸੰਕਲਪ ਸਾਮਰਾਜ ਖ਼ਿਲਾਫ਼ ਸੰਘਰਸ਼ ਦੀ ਉਪਜ ਹੈ।
- ਪਰ 1947 ਦੀ ਸੱਤਾ ਬਦਲੀ ਤਹਿਤ ਰਾਜ ਸੰਭਾਲਣ ਵਾਲੇ ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ ਨੇ ਪਹਿਲਾਂ ਤਾਂ ਧਰਮ ਦੇ ਅਧਾਰ ’ਤੇ ਦੋ ਦੇਸ਼ਾਂ ਦਾ ਸੰਕਲਪ ਉਭਾਰਿਆ ਤੇ ਇਸਦੀ ਫ਼ਿਰਕੂ ਵੰਡ ਕਰ ਦਿੱਤੀ। ਇਉਂ ਰਾਸ਼ਟਰ ਨਿਰਮਾਣ ਦੇ ਦਾਅਵਿਆਂ ਦੇ ਅਧਾਰ ’ਚ ਹੀ ਫ਼ਿਰਕੂ ਰੰਗਤ ਰਲਾ ਦਿੱਤੀ। ਜਿਹੜਾ ਭਾਰਤ ਬਣਾਉਣ ਦਾ ਦਾਅਵਾ ਕੀਤਾ ਗਿਆ ਉਹ ਅਸਲ ’ਚ ਸਾਮਰਾਜੀਆਂ ਦੀ ਸੇਵਾ ਵਾਲਾ ਆਪਾਸ਼ਾਹ ਰਾਜ ਸੀ ਜਿਸ ਵਿੱਚ ਵੱਖ-ਵੱਖ ਕੌਮੀਅਤਾਂ ਦੀ ਖੁਦਮੁਖਤਿਆਰੀ ਨੂੰ ਕੁਚਲ ਕੇ ਇੱਕ ਅਖੰਡ ਦੇਸ਼ ਐਲਾਨ ਦਿੱਤਾ ਗਿਆ। 1947 ’ਚ ਬਣਿਆ ‘ਰਾਸ਼ਟਰ’ ਯੂਰਪ ’ਚ ਹੋਂਦ ’ਚ ਆਏ ਸਰਮਾਏਦਾਰਾ ਕੌਮੀ ਰਾਜਾਂ ਵਾਂਗ ਹੋਂਦ ’ਚ ਨਹੀਂ ਸੀ ਆਇਆ, ਸਗੋਂ ਇਹ ਤਾਂ ਵੱਖ-ਵੱਖ ਕੌਮੀਅਤਾਂ ਨੂੰ ਦਬਾ ਕੇ ਰੱਖਣ ਵਾਲਾ ਜਾਬਰ ਆਪਾਸ਼ਾਹ ਰਾਜ ਸੀ ਜਿਹੜਾ ਸਾਮਰਾਜੀਆਂ ਦੀ ਚੋਰ ਗੁਲਾਮੀ ਅਧੀਨ ਜਗੀਰਦਾਰਾਂ ਤੇ ਦਲਾਲ ਸਰਮਾਏਦਾਰਾਂ ਦੇ ਜਮਾਤੀ ਹਿੱਤਾਂ ਦੀ ਰਾਖੀ ਤੇ ਵਧਾਰੇ ਲਈ ਸੀ। ਦਲਾਲ ਸਰਮਾਏਦਾਰਾਂ ਨੂੰ ਵਿਸ਼ਾਲ ਮੰਡੀ ਚਾਹੀਦੀ ਸੀ ਤੇ ਉਹਨਾਂ ਨੇ ਵੱਡੇ ਤੋਂ ਵੱਡੇ ਖੇਤਰ ਨੂੰ ਭਾਰਤ ਦੀਆਂ ਹੱਦਾਂ ਕਰਾਰ ਦੇਣ ਦੀ ਕੋਸ਼ਿਸ਼ ਕੀਤੀ। ਨਾ ਹੀ ਇਹ ਕਿਸੇ ਹਕੀਕੀ ਸੰਘੀ ਢਾਂਚੇ ’ਤੇ ਅਧਾਰਿਤ ਸੀ ਜਿਵੇਂ ਕਿ ਦਾਅਵਾ ਕੀਤਾ ਗਿਆ। ਇਹ ਅੰਗਰਜ਼ਾਂ ਦੇ ਆਉਣ ਵੇਲੇ ਤੋਂ ਸਾਮਰਾਜੀ ਗ਼ੁਲਾਮੀ ਦਾ ਅਮਲ ਸੀ ਜਿਸਨੇ ਏਥੇ ਸਰਮਾਏਦਾਰਾ ਸੰਬੰਧਾਂ ਦਾ ਆਜ਼ਾਦਾਨਾ ਵਿਕਾਸ ਰੋਕਿਆ ਤੇ ਇਉਂ ਕੌਮੀਅਤਾਂ ਦਾ ਵਿਕਾਸ ਅਧਰੰਗਿਆ ਗਿਆ ਤੇ ਏਥੇ ਕੌਮੀ ਰਾਜ ਨਹੀਂ ਬਣੇ। 47 ਦੀ ਸੱਤਾ ਬਦਲੀ ਨਾਲ ਇਹ ਵਰਤਾਰਾ ਉਵੇਂ ਜਿਵੇਂ ਜਾਰੀ ਰਿਹਾ ਹੈ ਤੇ ਸਾਮਰਾਜੀਆਂ ਦੇ ਦਾਬੇ ਤੇ ਗੁਲਾਮੀ ਦਾ ਸਾਧਨ ਭਾਰਤੀ ਰਾਜ ਬਣ ਗਿਆ ਜਿਸਨੇ ਇਸ ਰਾਜ ਅਧੀਨ ਸਭਨਾਂ ਕੌਮੀਅਤਾਂ ਨੂੰ ਦਬਾਉਣਾ ਜਾਰੀ ਰੱਖਿਆ। ਇਉਂ ਸਰਮਾਏਦਾਰਾਨਾ ਵਿਕਾਸ ਰੋਕੇ ਜਾਣ ਨਾਲ ਏਥੇ ਕੌਮੀ ਸਵਾਲ ਅਜੇ ਹੱਲ ਨਹੀਂ ਹੋਇਆ। ਮੁਲਕ ਦੀ ਦਲਾਲ ਸਰਮਾਏਦਾਰੀ ਨੇ ਆਪਣੇ ਜਮਾਤੀ ਹਿਤਾਂ ਲਈ ਤੇ ਪਸਾਰਵਾਦੀ ਲਾਲਸਾਵਾਂ ਤਹਿਤ ਆਪਣੇ ਰਾਜ ਦਾ ਖੇਤਰ ਹੋਰ ਪਸਾਰਨ ਦੇ ਯਤਨ ਜਾਰੀ ਰੱਖੇ ਅਤੇ ਅੰਗਰੇਜ਼ੀ ਕਬਜ਼ੇ ਤੋਂ ਪਾਰਲੇ ਖੇਤਰਾਂ ਨੂੰ ਵੀ ਰਲਾ ਕੇ, ਅਖੰਡ ਭਾਰਤ ਦਾ ਨਾਅ੍ਹਰਾ ਉੱਚਾ ਕੀਤਾ। ਇੱਕ ਏਕੀਕਿ੍ਰਤ ਮੰਡੀ ਲਈ ਭਾਰਤ ਦੀ ਰਾਜਨੀਤਿਕ ਇਕਾਈ ਵਜੋਂ ਇੱਕਜੁੱਟਤਾ ਭਾਰਤੀ ਦਲਾਲ ਸਰਮਾਏਦਾਰੀ ਦੀ ਵਿਸ਼ੇਸ਼ ਲੋੜ ਹੈ। ਅੰਗਰੇਜ਼ ਬਸਤੀਵਾਦੀ ਖ਼ਿਲਾਫ਼ ਲੜ੍ਹੇ ਗਏ ਸੰਗਰਾਮ ਦੀ ਵਿਰਾਸਤ ਦੀ ਵਰਤੋਂ ਕਰਦਿਆਂ, ਭਾਰਤੀ ਹਾਕਮ ਜਮਾਤਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਬਿਰਤਾਂਤ ਸਿਰਜਿਆ ਜਿਹੜਾ ਅਸਲ ਵਿੱਚ ਦਲਾਲ ਜਮਾਤਾਂ ਵੱਲੋਂ ਅੰਗਰੇਜ਼ਾਂ ਤੋਂ ਹਾਸਲ ਕੀਤਾ ਇਲਾਕਾ ਹੀ ਹੈ। ਇਸਨੂੰ ਇੱਕ ਦੇਸ਼ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਤੇ ਕੌਮੀਅਤਾਂ ਦੀਆਂ ਉਮੰਗਾਂ ਤੇ ਸ਼ਨਾਖਤਾਂ ਨੂੰ ਦਬਾਇਆ। ਰਾਸ਼ਟਰ ਦੇ ਇਸ ਸੰਕਲਪ ਵਿੱਚ ਧਰਮ ਦੀ ਲੋੜ ਅਨੁਸਾਰ ਵਰਤੋਂ ਕਰਨ ਦੇ ਯਤਨ ਵੀ ਹੋਏ। ਗੁਆਂਢੀ ਮੁਲਕਾਂ ਖ਼ਿਲਾਫ਼ ਅੰਨ੍ਹਾ ਕੌਮਵਾਦ ਉਭਾਰਿਆ ਜਾਂਦਾ ਰਿਹਾ, ਸਵੈ-ਨਿਰਣੇ ਦੇ ਹੱਕ ਲਈ ਜੂਝਦੀਆਂ ਕੌਮੀਅਤਾਂ ਦੇ ਸੰਘਰਸ਼ਾਂ ਨੂੰ ਜਬਰ ਦੇ ਜ਼ੋਰ ਕੁਚਲਣ ਲਈ ਅਖੰਡ ਭਾਰਤ ਦਾ ਹੋਕਾ ਉੱਚਾ ਕੀਤਾ ਜਾਂਦਾ ਰਿਹਾ। ਪਹਿਲਾਂ ਕਾਂਗਰਸ ਵੀ ਅੰਧ ਰਾਸ਼ਟਰਵਾਦ ਦੀ ਵਰਤੋਂ ਕਰਦੀ ਰਹੀ ਹੈ ਤੇ ਇਸਨੂੰ ਫ਼ਿਰਕੂ ਰੰਗਤ ਦੇਣ ਦੀ ਕੋਸ਼ਿਸ਼ ਵੀ ਕਰਦੀ ਰਹੀ ਹੈ। ਭਾਰਤੀ ਹਾਕਮ ਜਮਾਤਾਂ ਦੇ ਏਸ ਝੂਠੇ ਰਾਸ਼ਟਰਵਾਦ ਨੂੰ ਭਾਜਪਾ ਨੇ ਪੂਰੀ ਤਰ੍ਹਾਂ ਫ਼ਿਰਕੂ ਰਾਸ਼ਟਰਵਾਦ ’ਚ ਢਾਲਣ ਲਈ ਕੋਸ਼ਿਸ਼ਾਂ ਕੀਤੀਆਂ। ਹਿੰਦੂਤਵੀ ਫ਼ਿਰਕੂ ਰਾਸ਼ਟਰਵਾਦੀ ਬਿਰਤਾਂਤ ਨਾਲ ਪਾਕਿਸਤਾਨ ਵਿਰੋਧੀ ਜਜ਼ਬਾਤ ਭੜਕਾਉਣ ਤੇ ਵੋਟਾਂ ਦੀ ਫਸਲ ਕੱਟਣ ਦੀ ਵਿਉਂਤ ਲਾਗੂ ਕੀਤੀ ਗਈ। ਇਹ ਆਮ ਕਰਕੇ ਮੁਸਲਮਾਨਾਂ ਵਿਰੋਧੀ ਧਾਰਮਿਕ ਜਜ਼ਬਾਤਾਂ ਨਾਲ ਗੁੰਦ ਕੇ ਜਲੌਅ ਫੜਦਾ ਹੈ। ਕਦੇ ਕਿਸੇ ਹੋਰ ਧਰਮ ਖ਼ਿਲ਼ਾਫ਼ ਵੀ ਜੋੜ ਕੇ ਵਰਤਿਆ ਜਾ ਸਕਦਾ ਹੈ ਜਿਵੇਂ 80ਵਿਆਂ ’ਚ ਪੰਜਾਬ ਸਮੱਸਿਆ ਦੇ ਦੌਰ ’ਚ ਇਸਦੀ ਵਰਤੋਂ ਕੀਤੀ ਗਈ ਸੀ। ਹੁਣ ਹਿੰਦੂਤਵ ਦੇ ਰੱਸੇ ਨਾਲ ‘ਅਖੰਡ’ ਭਾਰਤ ਨੂੰ ਹੋਰ ਵਧੇਰੇ ਬੁਰੀ ਤਰ੍ਹਾਂ ‘ਅਖੰਡ’ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਉਂ ਭਾਰਤੀ ਹਾਕਮ ਜਮਾਤਾਂ ਦਾ ਰਾਸ਼ਟਰਵਾਦ ਤੱਤ ਰੂਪ ’ਚ ਧੱਕੜ ਭਾਰਤੀ ਰਾਜ ’ਚ ਵੱਖ-ਵੱਖ ਕੌਮੀਅਤਾਂ ਨੂੰ ਦਬਾ ਕੇ ਰੱਖਣ ਦਾ ਜ਼ਰੀਆ ਹੈ ਤੇ ਅਗਾਂਹ ਅੱਜ ਕੱਲ੍ਹ ਭਾਜਪਾ ਲਈ ਵਿਸ਼ੇਸ਼ ਕਰਕੇ ਫ਼ਿਰਕੂ ਪਾਲਾਬੰਦੀਆਂ ਦਾ ਸਾਧਨ ਹੈ। ਇਹ ਰਾਸ਼ਟਰਵਾਦ ਹਾਕਮ ਜਮਾਤਾਂ ਹੱਥ ਇੱਕ ਪਿਛਾਖੜੀ ਹਥਿਆਰ ਹੈ। ਧਰਮ ਨੂੰ ਰਾਸ਼ਟਰਵਾਦ ਦਾ ਅਧਾਰ ਬਣਾਉਣਾ ਆਪਣੇ ਆਪ ’ਚ ਹੀ ਮੂਲੋਂ ਪਿਛਾਖੜੀ ਪਹੁੰਚ ਹੈ।
- ਪਰ ਇਸ ਰਾਜ ਅਧੀਨ ਵਸਦੇ ਕਿਰਤੀ ਭਾਰਤੀ ਲੋਕਾਂ ਲਈ ਰਾਸ਼ਟਰਵਾਦ ਦੇ ਅਰਥ ਇਸਤੋਂ ਉਲਟ ਹਨ । ਏਥੇ ਸਾਮਰਾਜੀ ਦਾਬੇ ਤੇ ਗ਼ੁਲਾਮੀ ਤੋਂ ਮੁਕਤੀ ਲਈ ਕੌਮੀ ਇਨਕਲਾਬ ਦਾ ਕਾਰਜ ਅਜੇ ਅਧੂਰਾ ਹੈ ਤੇ ਭਾਰਤ ’ਚ ਵਸਦੀਆਂ ਸਭਨਾਂ ਕੌਮੀਅਤਾਂ ਦਾ ਸਾਂਝਾ ਕਾਰਜ ਹੈ। ਸਾਮਰਾਜੀ ਮੁਕਤੀ ਦਾ ਇਹ ਕਾਰਜ ਹੀ ਭਾਰਤੀ ਰਾਜ ਅਧੀਨ ਵਸਦੀਆਂ ਸਭਨਾਂ ਕੌਮੀਅਤਾਂ, ਸਭਨਾਂ ਕਿਰਤੀ ਲੋਕਾਂ, ਆਦਿਵਾਸੀਆਂ ਤੇ ਵਿਸ਼ੇਸ਼ ਤੌਰ ’ਤੇ ਦਬਾਈਆਂ ਕੌਮੀਅਤਾਂ ਨੂੰ ਸਾਂਝੀ ਜੱਦੋਜਹਿਦ ਦੇ ਸੂਤਰ ’ਚ ਬੰਨ੍ਹਦਾ ਹੈ ਤੇ ਕੌਮੀ ਏਕਤਾ ਦੀ ਭਾਵਨਾ ਜਗਾਉਂਦਾ ਹੈ। ਇਹ ਲੋਕਾਂ ਦਾ ਸਾਮਰਾਜਵਾਦ ਵਿਰੋਧੀ ਖ਼ਰਾ ਰਾਸ਼ਟਰਵਾਦ ਹੈ। ਇਹ ਭਾਰਤ ਦੇ ਲੋਕਾਂ ਨੂੰ ਧਰਮ ਨਿਰਲੇਪ ਅਤੇ ਬਰਾਬਰੀ ਦੇ ਅਧਾਰ ’ਤੇ ਸਾਂਝੀ ਜਦੋਜਹਿਦ ’ਚੋਂ ਉਪਜਿਆ ਹੈ ਤੇ ਇਸਨੂੰ ਅੱਗੇ ਵਧਾਉਣ ਦਾ ਸਾਧਨ ਬਣਦਾ ਹੈ।
- ਸਾਮਾਰਜਵਾਦ ਵਿਰੋਧੀ ਇਹ ਸਾਂਝੀ ਜੱਦੋਜਹਿਦ ਹੀ ਏਥੇ ਵਸਦੀਆਂ ਵੱਖ-ਵੱਖ ਕੌਮੀਅਤਾਂ ਦੀ ਖੁਦਮੁਖਤਿਆਰੀ ਤੇ ਵਿਕਾਸ ਦਾ ਰਾਹ ਖੋਲ੍ਹ ਸਕਦੀ ਹੈ। ਇਹ ਸਾਮਰਾਜਵਾਦ ਵਿਰੋਧੀ ਕੌਮੀ ਏਕਤਾ ਵੱਖ-ਵੱਖ ਕੌਮੀਅਤਾਂ ਨਾਲ ਟਕਰਾਵੀਂ ਨਹੀਂ ਹੈ, ਸਗੋਂ ਕੌਮੀਅਤਾਂ ਦੀ ਖੁਦਮੁਖਤਿਆਰੀ ਦੀ ਜ਼ਾਮਨੀ ਤੇ ਵਿਕਾਸ ਲਈ ਗਰੰਟੀ ਬਣਦੀ ਹੈ ਕਿਉਂਕਿ ਇਹ ਏਕਤਾ ਹੀ ਸਾਂਝੇ ਸੰਘਰਸ਼ ਰਾਹੀਂ ਸਾਮਰਾਜੀ ਦਾਬੇ ਤੇ ਗੁਲਾਮੀ ਤੋਂ ਛੁਟਕਾਰਾ ਦਵਾ ਸਕਦੀ ਹੈ। ਮੁਲਕ ਪੱਧਰੇ ਇਸ ਇੱਕਜੁੱਟ ਸੰਘਰਸ਼ ਰਾਹੀਂ ਇਹ ਸਿਰਜੀ ਜਾਣ ਵਾਲੀ ਲੋਕ ਜਮਹੂਰੀਅਤ ਹੀ ਹੋਵੇਗੀ ਜਿਹੜੀ ਸਾਮਰਾਜਵਾਦ ਦੀ ਚੋਰ ਗ਼ੁਲਾਮੀ ਤੇ ਦਾਬੇ ਦਾ ਅੰਤ ਕਰੇਗੀ ਅਤੇ ਜਗੀਰਦਾਰੀ ਦਾ ਖਾਤਮਾ ਕਰਕੇ ਸਨਅਤੀ ਵਿਕਾਸ ਦਾ ਰਾਹ ਪੱਧਰਾ ਕਰੇਗੀ। ਸਮਾਜਿਕ ਤੇ ਸੱਭਿਆਚਾਰਕ ਖੇਤਰਾਂ ’ਚ ਵੀ ਰਿਸ਼ਤਿਆਂ ਦਾ ਜਮਹੂਰੀਕਰਨ ਕਰੇਗੀ। ਨਵ-ਜਮਹੂਰੀ ਇਨਕਲਾਬ ਦੇ ਇਸ ਪੜਾਅ ਨਾਲ ਹੀ ਵੱਖ-ਵੱਖ ਕੌਮੀਅਤਾਂ ਦੇ ਵਿਕਾਸ ਦਾ ਰਾਹ ਖੁੱਲ੍ਹੇਗਾ, ਕੌਮੀਅਤਾਂ ਦੀ ਖੁਦਮੁਖਤਿਆਰੀ ਦਾ ਹੱਕ ਪੁਗਾਇਆ ਜਾਵੇਗਾ ਤੇ ਕੌਮੀਅਤਾਂ ਦੀ ਸਵੈ-ਇੱਛਾ ’ਤੇ ਅਧਾਰਿਤ ਹਕੀਕੀ ਸੰਘੀ ਢਾਂਚੇ ਦੀ ਉਸਾਰੀ ਕੀਤੀ ਜਾਵੇਗੀ। ਇਹ ਹਕੀਕੀ ਸੰਘੀ ਢਾਂਚਾ ਕਿਸੇ ਵੀ ਕੌਮੀਅਤ ਨੂੰ ਵੱਖਰੇ ਹੋਣ ਦਾ ਹੱਕ ਵੀ ਦੇਵੇਗਾ। ਉਸ ਲੋਕ ਜਮਹੂਰੀਅਤ ਦੇ ਢਾਂਚੇ ਅਧੀਨ ਹੀ ਵੱਖ-ਵੱਖ ਕੌਮੀਅਤਾਂ ਦੀ ਭਾਸ਼ਾ, ਸੱਭਿਆਚਾਰ ਤੇ ਹਰ ਨਿਆਰੀ ਸ਼ਨਾਖਤ ਦੀ ਰਾਖੀ ਹੋ ਸਕੇਗੀ ਤੇ ਇਸਨੂੰ ਪ੍ਰਫੁੱਲਿਤ ਕੀਤਾ ਜਾਵੇਗਾ।
- ਭਾਰਤੀ ਹਾਕਮ ਜਮਾਤਾਂ ਦਾ ਅੰਨ੍ਹਾ ਕੌਮਵਾਦ ਤੇ ਫ਼ਿਰਕੂ ਕੌਮਵਾਦ ਮੁਲਕ ਦੀਆਂ ਵੱਖ-ਵੱਖ ਕੌਮੀਅਤਾਂ ’ਚ ਬੇਗਾਨਗੀ ਦੀ ਭਾਵਨਾ ’ਚ ਵਾਧਾ ਕਰਨ ਦਾ ਕਾਰਨ ਬਣਦਾ ਹੈ। ਇਹ ਵੱਖ-ਵੱਖ ਕੌਮੀਅਤਾਂ ’ਚ ਆਪਸੀ ਰੱਟਿਆਂ ਨੂੰ ਖੜ੍ਹੇ ਕਰਨ ਵਾਲਾ ਕਾਰਜ ਵੀ ਕਰਦਾ ਹੈ। ਹਾਕਮ ਜਮਾਤਾਂ ਵੱਖ-ਵੱਖ ਕੌਮੀਅਤਾਂ ਦੇ ਸਰੋਕਾਰਾਂ ਤੇ ਮੁੱਦਿਆਂ ਦਾ ਸਰੂਪ ਵਿਗਾੜਨ ਦੇ ਯਤਨ ਵੀ ਕਰਦੀਆਂ ਹਨ। ਵੋਟ ਸਿਆਸਤ ਦੀਆਂ ਗਿਣਤੀਆਂ ਇਲਾਕਾਪ੍ਰਸਤੀ ਨੂੰ ਉਭਾਰਨ ਤੇ ਉਸਨੂੰ ਫ਼ਿਰਕੂ ਰੰਗ ’ਚ ਰੰਗਣ ਦਾ ਕਾਰਨ ਵੀ ਬਣਦੀਆਂ ਹਨ। ਕੌਮੀਅਤਾਂ ਦੇ ਵਿਕਾਸ ਦੇ ਵੱਖ-ਵੱਖ ਪੱਧਰ ਵੀ, ਹਾਲਤ ਨੂੰ ਅਣਸਾਵੀਂ ਬਣਾਉਂਦੇ ਹਨ ਤੇ ਹਾਕਮ ਜਮਾਤਾਂ ਹੱਥ ਪਾਟਕਾਂ ਨੂੰ ਵਧਾਉਣ ਲਈ ਮਸਾਲੇ ਵੀ ਦਿੰਦੇ ਹਨ। ਵੱਖ-ਵੱਖ ਸੂਬਿਆਂ ’ਚ ਪ੍ਰਸਾਸ਼ਨਿਕ ਖੇਤਰਾਂ ਜਾਂ ਸੋਮਿਆਂ ਦੀ ਵੰਡ ’ਚ ਮੁਕਾਬਲਤਨ ਵਿਤਕਰੇ ਦੇ ਮਸਲੇ ਮੌਜੂਦ ਹਨ (ਜਿਹੜੇ ਜ਼ਿਆਦਾਤਰ ਹਾਕਮ ਜਮਾਤੀ ਵੋਟ ਪਾਰਟੀਆਂ ਦੀਆਂ ਵੋਟ ਗਿਣਤੀਆਂ ਕਾਰਨ ਉਲਝਦੇ ਹਨ) ਉਹਨਾਂ ਨੂੰ ਹਾਕਮ ਜਮਾਤੀ ਸਿਆਸਤਦਾਨ ਫ਼ਿਰਕੂ ਰੰਗਤ ਲਈ ਵਰਤਦੇ ਹਨ ਤੇ ਸੌੜੇ ਖੇਤਰਵਾਦ ਨੂੰ ਹਵਾ ਵੀ ਦਿੰਦੇ ਹਨ।
- ਪੰਜਾਬ ਅੰਦਰ ਵੀ ਅਜਿਹਾ ਕੁੱਝ ਹੋ ਰਿਹਾ ਹੈ। ਮੁਲਕ ਪੱਧਰ ’ਤੋਂ ਪ੍ਰਚਾਰੇ ਜਾਂਦੇ ਹਿੰਦੂਤਵੀ ਰਾਸ਼ਟਰਵਾਦੀ ਸੰਕਲਪ ਦੇ ਮੁਕਾਬਲੇ ਏਥੇ ਵੀ ਧਰਮ ਦੇ ਅਧਾਰ ’ਤੇ ਪੰਜਾਬੀ ਕੌਮੀਅਤ ਦੀ ਪਛਾਣ ਉਭਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੰਜਾਬੀ ਕੌਮੀਅਤ ਦੇ ਮਸਲਿਆਂ ਨੂੰ ਵੀ ਆਮ ਕਰਕੇ ਫ਼ਿਰਕੂ ਸਿੱਖ ਸਿਆਸਤਦਾਨਾਂ ਵੱਲੋਂ ਸਿੱਖਾਂ ਨਾਲ ਧੱਕੇ-ਵਿਤਕਰੇ ਦੇ ਮੁੱਦਿਆਂ ਵਜੋਂ ਪੇਸ਼ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ ਹੈ। ਇਸ ਪਹੁੰਚ ਦਾ ਪੰਜਾਬੀ ਕੌਮੀਅਤ ਦੇ ਹਿੱਤਾਂ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਇਹ ਪੰਜਾਬੀ ਕੌਮੀਅਤ ਨੂੰ ਵੀ ਵੰਡਣ ਤੇ ਨੁਕਸਾਨਣ ਵਾਲੀ ਪਹੁੰਚ ਹੈ। ਪੰਜਾਬ ਨਾਲ ਦਿੱਲੀ ਵੱਲੋਂ ਵਿਸ਼ੇਸ਼ ਧੱਕੇ ਦੀ ਸੁਰ ਨਾ ਸਿਰਫ ਫ਼ਿਰਕੂ ਰੰਗਤ ਵਾਲੀ ਹੈ, ਸਗੋਂ ਇਹ ਸੌੜੇ ਖੇਤਰਵਾਦ ਨੂੰ ਵੀ ਹਵਾ ਦੇਣ ਵਾਲੀ ਹੈ। ਏਥੋਂ ਤੱਕ ਕਿ ਹਾਕਮ ਜਮਾਤਾਂ ਦੇ ਸੂਬਾਈ ਧੜਿਆਂ ਤੇ ਕੇਂਦਰ ਪੱਧਰੇ ਧੜਿਆਂ ਦੇ ਆਪਸ ’ਚ ਤਾਕਤਾਂ ਦੀ ਵੰਡ ਦੇ ਰੱਟੇ ਨੂੰ ਵੀ ਸੂਬਿਆਂ ਦੇ ਅਧਿਕਾਰਾਂ ਦੇ ਮਸਲੇ ਵਜੋਂ ਪੇਸ਼ ਕੀਤਾ ਜਾਂਦਾ ਹੈ ਤੇ ਅਗਾਂਹ ਪੰਜਾਬੀ ਲੋਕਾਂ ਦੇ ਅਧਿਕਾਰਾਂ ਵਜੋਂ ਪੇਸ਼ਕਾਰੀ ਕੀਤੀ ਜਾਂਦੀ ਹੈ। ਪੰਜਾਬ ਨਾਲ ਵਿਸ਼ੇਸ਼ ਵਿਤਕਰੇ ਦੇ ਇਸ ਬਿਰਤਾਂਤ ’ਚ ਭਾਰਤੀ ਲੋਕਾਂ ਦੇ ਵੱਖ-ਵੱਖ ਹਿੱਸਿਆਂ ’ਤੇ ਸਾਮਰਾਜੀ ਦਾਬੇ ਦੀ ਹਕੀਕਤ ਦਾ ਕੋਈ ਸਥਾਨ ਨਹੀਂ ਗਿਣਿਆ ਜਾਂਦਾ। ਜਦਕਿ ਅਸਲ ’ਚ ਤਾਂ ਭਾਰਤੀ ਰਾਜ ਰਾਹੀਂ ਲਾਗੂ ਕੀਤਾ ਜਾਂਦਾ ਇਹ ਸਾਮਰਾਜੀ ਦਾਬਾ ਹੈ ਜਿਹੜਾ ਮੁਲਕ ਅੰਦਰਲੇ ਸਭਨਾਂ ਖਿੱਤਿਆਂ ਦੇ ਲੋਕਾਂ, ਵੱਖ-ਵੱਖ ਸੱਭਿਆਚਾਰਾਂ ਵਾਲੇ ਖਿੱਤਿਆਂ ਨੂੰ ਸਮੁੱਚੇ ਤੌਰ ’ਤੇ ਦਬਾਉਂਦਾ ਹੈ। ਸੌੜੀ ਇਲਾਕਾਪ੍ਰਸਤੀ ਇਸ ਸਾਮਰਾਜਵਾਦ ਵਿਰੋਧੀ ਸਾਂਝ ਨੂੰ ਖੰਡਿਤ ਕਰਦੀ ਹੈ ਜਦਕਿ ਦੁਨੀਆਂ ਭਰ ’ਚ ਹੀ ਸਾਮਰਾਜਵਾਦ ਵੱਲੋਂ ਦਬਾਈਆਂ ਹੋਈਆਂ ਕੌਮਾਂ ਦੇ ਏਕੇ ਦੀ ਲੋੜ ਹੈ ਤਾਂ ਕਿ ਸਾਮਰਾਜਵਾਦ ਖ਼ਿਲਾਫ਼ ਸੰਘਰਸ਼ ਹੋਰ ਮਜ਼ਬੂਤ ਹੋਣ। ਇਸ ਭਾਰਤੀ ਰਾਜ ਅਧੀਨ ਵਸਦੀਆਂ ਕੌਮੀਅਤਾਂ ਨੇ ਤਾਂ ਸਭਨਾਂ ਕਿਰਤੀ ਲੋਕਾਂ ਨਾਲ ਇੱਕਜੁੱਟ ਰੂਪ ’ਚ ਸਾਮਰਾਜ ਤੇ ਇਸਦੇ ਦਾਬੇ ਦੇ ਸਾਧਨ ਵਜੋਂ ਭਾਰਤੀ ਰਾਜ ਨਾਲ ਜੂਝਣਾ ਹੈ। ਜਿੱਥੋਂ ਤੱਕ ਪੰਜਾਬੀ ਕੌਮੀਅਤ ਦੀ ਮੁਕਾਬਲਤਨ ਹੈਸੀਅਤ ਦਾ ਸਵਾਲ ਹੈ ਇਹ ਦੇਸ਼ ਅੰਦਰਲੀਆਂ ਮੁਕਾਬਲਤਨ ਵਿਕਸਿਤ ਕੌਮੀਅਤਾਂ ’ਚ ਸ਼ੁਮਾਰ ਹੁੰਦੀ ਹੈ ਤੇ ਇਹ ਕਸ਼ਮੀਰ ਜਾਂ ਉੱਤਰ ਪੂਰਬ ਦੀਆਂ ਕੌਮੀਅਤਾਂ ਵਾਂਗ ਵਿਸ਼ੇਸ਼ ਤੌਰ ’ਤੇ ਦਬਾਈ ਹੋਈ ਕੌਮੀਅਤ ਨਹੀਂ ਹੈ। ਹੋਰਨਾਂ ਕੌਮੀਅਤਾਂ ਵਾਂਗ ਇਹ ਵੀ ਸਾਮਰਾਜੀ ਦਾਬੇ ਤੋਂ ਆਮ ਰੂਪ ’ਚ ਪੀੜਤ ਹੈ ਤੇ ਇਸਦੀ ਖੁਦਮੁਖਤਿਆਰੀ ਤੇ ਵਿਕਾਸ ਦਾ ਰਾਹ ਵੀ ਸਾਮਰਾਜੀ ਦਾਬੇ ਤੇ ਗ਼ੁਲਾਮੀ ਤੋਂ ਮੁਕਤੀ ਨਾਲ ਹੀ ਜੁੜਿਆ ਹੋਇਆ ਹੈ।
- ਪੰਜਾਬ ਅੰਦਰਲੇ ਫ਼ਿਰਕੂ ਸਿਆਸਤਦਾਨਾਂ ਦੀਆਂ ਪੰਜਾਬ ਦੇ ਹੇਜ ਦੀਆਂ ਕੂਕਾਂ ਨਕਲੀ ਹਨ ਤੇ ਤੱਤ ਰੂਪ ’ਚ ਪੰਜਾਬ ਦੇ ਲੋਕਾਂ ਦੀਆਂ ਵਿਰੋਧੀ ਹਨ। ਪੰਜਾਬ ਨੂੰ ਇੱਕ ਧਰਮ ਦਾ ਖਿੱਤਾ ਐਲਾਨਣ ਦਾ ਵਿਚਾਰ ਤਾਂ ਘੋਰ ਪਿਛਾਖੜੀ ਹੈ ਈ, ਇਹ ਪੰਜਾਬੀ ਕੌਮੀਅਤ ਦੇ ਸਮੁੱਚੇ ਸੰਕਲਪ ਦੇ ਹੀ ਉਲਟ ਹੈ। ਇਹ ਵਿਚਾਰ ਪੰਜਾਬੀ ਕੌਮੀਅਤ ਨੂੰ ਵੰਡ ਕੇ ਗੰਭੀਰ ਹਰਜਾ ਪਹੁੰਚਾਉਣ ਵਾਲਾ ਹੈ ਜਿਵੇਂ 47 ਵੇਲੇ ਪੰਜਾਬ ਦੀ ਫ਼ਿਰਕੂ ਲੀਹਾਂ ਤੇ ਵੰਡ ਵੇਲੇ ਪਹੁੰਚਾਇਆ ਗਿਆ ਸੀ। ਚੱਕਵੀਂ ਫ਼ਿਰਕੂ ਸੁਰ ਵਾਲੇ ਸਿੱਖ ਸਿਆਸਤਦਾਨਾਂ ਦਾ ਧਰਮ ਅਧਾਰਿਤ ਰਾਜ ਦਾ ਸੰਕਲਪ ਸਾਮਰਾਜੀਆਂ ਦੀ ਅਧੀਨਗੀ ਵਾਲਾ ਹੀ ਹੈ। ਹੁਣ ਤੱਕ ਤਾਂ ਇਹ ਫ਼ਿਰਕੂ ਸਿਆਸਤਦਾਨ ਸਾਮਰਾਜੀਆਂ ਨੂੰ ਇਹੀ ਭਰੋਸੇ ਦਿੰਦੇ ਆਏ ਹਨ। ਜਦਕਿ ਹਕੀਕਤ ’ਚ ਤਾਂ ਇਹ ਕਮਿਊਨਿਸਟ ਇਨਕਲਾਬੀ ਹਨ ਜਿਹੜੇ ਸਾਮਰਾਜ ਖਿਲਾਫ ਸੰਘਰਸ਼ ਰਾਹੀਂ ਪੰਜਾਬੀ ਕੌਮੀਅਤ ਦੀ ਮੁਕਤੀ ਦੇ ਸੰਘਰਸ਼ ਦੇ ਮੋਹਰੀ ਹਨ ਤੇ ਸਾਮਰਾਜੀ ਚੋਰ ਗ਼ੁਲਾਮੀ ਦੇ ਅੰਤ ਰਾਹੀਂ ਇਸਦੇ ਵਿਕਾਸ ਦੇ ਰਾਹ ਨੂੰ ਖੋਲ੍ਹਣ ਲਈ ਦਿ੍ਰੜ ਹਨ।
- ਮੁਲਕ ਅੰਦਰ ਇਸ ਵੇਲੇ ਫ਼ਿਰਕੂ ਰਾਸ਼ਟਰਵਾਦੀ ਬਿਰਤਾਂਤ ਤੇ ਸਾਡੇ ਸੂਬੇ ਅੰਦਰ ਇਲਾਕਾਈ ਤੇ ਫ਼ਿਰਕੂ ਸ਼ਾਵਨਵਾਦ, ਦੋਹੇਂ ਹੀ ਸਾਮਰਾਜਵਾਦ ਵਿਰੋਧੀ ਖਰੇ ਕੌਮਵਾਦ ਨਾਲ ਟਕਰਾਵੇਂ ਹਨ ਤੇ ਰੱਦ ਕੀਤੇ ਜਾਣੇ ਚਾਹੀਦੇ ਹਨ। ਸੂਬੇ ਦੀ ਲਹਿਰ ਅੰਦਰ ਹਿੰਦੂ ਫ਼ਿਰਕੂ ਰਾਸ਼ਟਰਵਾਦ ਖ਼ਿਲਾਫ਼ ਸੰਘਰਸ਼ ਦੇ ਨਾਂ ਹੇਠ ਇਲਾਕਾਪ੍ਰਸਤੀ ਦੇ ਪ੍ਰਛਾਵੇਂ ਤੋਂ ਵੀ ਸੁਚੇਤ ਹੋਣ ਦੀ ਜ਼ਰੂਰਤ ਹੈ।
- ਦੁਨੀਆਂ ਅੰਦਰ ਸਾਮਰਾਜਵਾਦ ਦੇ ਅਧੀਨ ਕੌਮਾਂ ਦੇ ਇਸ ਵਰਤਾਰੇ ਦੇ ਰਹਿੰਦਿਆਂ ਖਰੇ ਸਾਮਰਾਜਵਾਦ ਵਿਰੋਧੀ ਕੌਮਵਾਦ ਦੀ ਪ੍ਰਸੰਗਿਕਤਾ ਬਣੀ ਹੋਈ ਹੈ ਤੇ ਦਬਾਈਆਂ ਕੌਮਾਂ ਲਈ ਇਹ ਕੌਮਵਾਦ ਸਾਂਝੀ ਸੰਘਰਸ਼ ਭਾਵਨਾ ਜਗਾਉਣ ਦਾ ਸਾਧਨ ਬਣਿਆ ਆ ਰਿਹਾ ਹੈ।
-
No comments:
Post a Comment