ਪੰਜਾਬ ਦੀ ਧਰਤੀ ਤੋਂ ਜੀ-20 ਦਾ ਵਿਰੋਧ
ਸਾਮਰਾਜੀ ਸ਼ਾਹੂਕਾਰਾਂ ਨੂੰ ਜੂਹੋਂ ਬਾਹਰ ਕਰਨ ਦੀ ਸੁਣਾਉਣੀ
ਸਾਮਰਾਜੀ ਵਿਉਂਤਾਂ ਨੂੰ ਲਾਗੂ ਕਰਵਾਉਣ ਵਾਲੇ ਕੌਮਾਂਤਰੀ ਮੰਚ ਜੀ-20 ਦੀ ਇੱਕ ਸਾਲ ਵਾਸਤੇ ਪ੍ਰਧਾਨਗੀ ਭਾਰਤ ਕੋਲ ਹੈ ਤੇ ਮੋਦੀ ਸਰਕਾਰ ਵੱਲੋਂ ਇਸਦੀਆਂ ਮੀਟਿੰਗਾਂ ਦੇਸ਼ ਦੇ ਕੋਨੇ ਕੋਨੇ ’ਚ ਕਰਵਾਉਣ ਰਾਹੀਂ ਮੋਦੀ ਨੂੰ ਕੌਮਾਂਤਰੀ ਆਗੂ ਵਜੋਂ ਪੇਸ਼ ਕਰਨ ਦਾ ਟਿੱਲ ਲਾਇਆ ਜਾ ਰਿਹਾ ਹੈ। ਸਿੱਖਿਆ ਦੇ ਖੇਤਰ ਬਾਰੇ ਨੀਤੀਆਂ ਸੰਬੰਧੀ ਅਜਿਹੀ ਹੀ ਮੀਟਿੰਗ 15 ਮਾਰਚ ਨੂੰ ਅੰਮ੍ਰਿਤਸਰ ’ਚ ਕੀਤੀ ਗਈ ਸੀ ਜਿਸਨੂੰ ਪੰਜਾਬ ਸਰਕਾਰ ਵੱਲੋਂ ਵੀ ਸ਼ਾਹੀ ਮੇਜ਼ਬਾਨੀ ਮਹੁੱਈਆ ਕਰਵਾਉਣ ਲਈ ਪੈਸਾ ਪਾਣੀ ਵਾਂਗ ਵਹਾਇਆ ਗਿਆ ਸੀ। ਪਰ ਦੂਜੇ ਪਾਸੇ ਪੰਜਾਬ ਦੀ ਧਰਤੀ ’ਤੇ ਬੈਠ ਕੇ, ਲੁੱਟ ਦੀਆਂ ਵਿਉਂਤਾਂ ਬਣਾਉਣ ਜਾ ਰਹੇ ਸਾਮਰਾਜੀ ਲੁਟੇਰਿਆਂ ਦੇ ਮਨਸੂਬਿਆਂ ਨੂੰ ਪੰਜਾਬ ਦੀ ਜਨਤਕ ਲਹਿਰ ਨੇ ਪਛਾਣਿਆ ਤੇ ਆਪਣੀ ਆਵਾਜ਼ ਉਠਾਈ , ਲੋਕਾਂ ਸਾਹਮਣੇ ਇਹਨਾਂ ਨਾਪਾਕ ਮਨਸੂਬਿਆਂ ਨੂੰ ਨਸ਼ਰ ਕੀਤਾ , ਇਹਨਾਂ ਮੀਟਿੰਗਾਂ ਰਾਹੀਂ ਸਿਰੇ ਚਾੜ੍ਹਨ ਵਾਲੀਆਂ ਲੁਟੇਰੀਆਂ ਵਿਉਂਤਾਂ ਖ਼ਿਲਾਫ਼ ਲੋਕਾਂ ਨੂੰ ਡਟਣ ਦਾ ਸੱਦਾ ਦਿੱਤਾ ।
ਪੰਜਾਬ ਦੀ ਧਰਤੀ ’ਤੇ ਜੀ-20 ਮੀਟਿੰਗ ਦੇ ਵਿਰੋਧ ਰਾਹੀਂ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਨੇ ਸਾਮਰਾਜੀ ਵਿਰੋਧੀ ਵਿਰਾਸਤ ਨੂੰ ਬੁਲੰਦ ਰੱਖਿਆ ਹੈ। ਦੇਸ਼ ਭਰ ਅੰਦਰ ਇਹ ਪੰਜਾਬ ਹੀ ਸੀ ਜਿੱਥੇ ਜੀ-20 ਸਮੂਹ ਦੀਆਂ ਮੀਟਿੰਗਾਂ ਦਾ ਵੱਡਾ ਜਨਤਕ ਵਿਰੋਧ ਦਰਜ ਕਰਵਾਇਆ ਗਿਆ ਹੈ ਤੇ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ ਗਿਆ ਹੈ।
15 ਮਾਰਚ ਦੀ ਅੰਮ੍ਰਿਤਸਰ ਮੀਟਿੰਗ ਦੇ ਵਿਰੋਧ ਦੀ ਪਹਿਲਕਦਮੀ ਕਰਦਿਆਂ ਪੰਜਾਬ ਦੀ ਜੁਝਾਰੂ ਕਿਸਾਨ ਜਥੇਬੰਦੀ ਬੀ.ਕੇ.ਯੂ. ਏਕਤਾ (ਉਗਰਾਹਾਂ) ਨੇ 15 ਮਾਰਚ ਨੂੰ ਅੰਮ੍ਰਿਤਸਰ ਜਾਣ ਦਾ ਐਲਾਨ ਕੀਤਾ । ਇਸ ਤੋਂ ਇਲਾਵਾ ਦੋ ਹੋਰ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਬੀ.ਕੇ.ਯੂ. ਏਕਤਾ (ਡਕੌਂਦਾ) ਨੇ ਵੀ ਵੱਖ ਵੱਖ ਦਿਨਾਂ ’ਤੇ ਰੋਸ ਪ੍ਰਦਰਸ਼ਨਾਂ ਦਾ ਐਲਾਨ ਕੀਤਾ। 15 ਮਾਰਚ ਨੂੰ ਅੰਮ੍ਰਿਤਸਰ ਜਾਣ ਦੇ ਐਲਾਨ ਨੂੰ ਪੰਜਾਬ ਦੀਆਂ ਹੋਰ ਮਿਹਨਤਕਸ਼ ਤਬਕਿਆਂ ਦੀਆਂ ਜਥੇਬੰਦੀਆਂ ਨੇ ਵੀ ਸਮਰਥਨ ਦਿੱਤਾ। ਖੇਤ ਮਜ਼ਦੂਰ , ਨੌਜਵਾਨ ਤੇ ਵਿਦਿਆਰਥੀ ਹਿੱਸੇ ਵੀ ਇਸ ਵਿੱਚ ਸ਼ਾਮਿਲ ਹੋਏ। 15 ਮਾਰਚ ਨੂੰ ਅੰਮ੍ਰਿਤਸਰ ਦੇ ਦਾਖ਼ਲੇ ਦੁਆਰ ਕੋਲ ਹਜ਼ਾਰਾਂ ਕਿਸਾਨਾਂ ਤੇ ਹੋਰਨਾਂ ਕਿਰਤੀ ਤਬਕਿਆਂ ਦਾ ਵਿਸ਼ਾਲ ਇਕੱਠ ਹੋਇਆ ਹੈ ਜਿਸ ਵਿੱਚ ਜੀ-20 ਮੀਟਿੰਗ ਦੇ ਸਾਮਰਾਜੀ ਲੁਟੇਰੇ ਮਨੋਰਥਾਂ ਦੀ ਚਰਚਾ ਕੀਤੀ ਗਈ ਅਤੇ ਸਾਮਰਾਜੀ ਤਾਕਤਾਂ ਨੂੰ ਦੇਸ਼ ਤੇ ਪੰਜਾਬ ਤੋਂ ਦੂਰ ਰਹਿਣ ਦੀ ਸੁਣਾਉਣੀ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆ ਨੇ ਦੇਸ਼ ’ਤੇ ਸਾਮਰਾਜੀ ਦਾਬੇ ਦੀ, ਸਾਮਰਾਜੀ ਲੁੱਟ-ਖਸੁੱਟ ਦੇ ਮੌਜੂਦਾ ਹਾਲਾਤਾਂ ਦੀ ਚਰਚਾ ਕੀਤੀ। ਇਹਦੇ ਖ਼ਿਲਾਫ਼ ਇੱਕਜੁੱਟ ਲੋਕ ਟਾਕਰੇ ਦੀ ਲੋੜ ਨੂੰ ਉਭਾਰਿਆ। ਇਸ ਇਕੱਠ ਵਿੱਚ ਸੈਂਕੜੇ ਬੈਨਰ ਤੇ ਤਖਤੀਆਂ ਸਨ ਜਿੰਨ੍ਹਾਂ ’ਤੇ ਸਾਮਰਾਜੀ ਲੁੱਟ ਖਸੁੱਟ ਦੇ ਖਾਤਮੇ ਨਾਲ ਸੰਬੰਧਿਤ ਮੰਗਾਂ ਤੇ ਨਾਅਰੇ ਉੱਕਰੇ ਹੋਏ ਸਨ। ਇਹਨਾਂ ’ਚ ਸਾਮਰਾਜੀ ਸੰਸਥਾਵਾਂ ’ਚੋਂ ਬਾਹਰ ਆਉਣ, ਸਾਮਰਾਜੀਆਂ ਨਾਲ ਅਣਸਾਵੀਆਂ ਸੰਧੀਆਂ ਮਨਸੂਖ ਕਰਨ, ਨਵੀਆਂ ਆਰਥਿਕ ਨੀਤੀਆਂ ਰੱਦ ਕਰਨ ਵਰਗੇ ਮੁੱਦੇ ਉਭਾਰੇ ਗਏ ਸਨ। ਇਸ ਪ੍ਰੋਗਰਾਮ ਦਾ ਸਮੁੱਚਾ ਤੱਤ ਲੋਕਾਂ ਦੇ ਸੰਘਰਸ਼ਾਂ ਦੀ ਸਾਮਰਾਜ ਵਿਰੋਧੀ ਧਾਰ ਨੂੰ ਹੋਰ ਤਿੱਖੀ ਕਰਨ ਦੀ ਦਿਸ਼ਾ ਨੂੰ ਦਰਸਾਉਂਦਾ ਸੀ ਤੇ ਸਾਮਰਾਜ ਵਿਰੋਧੀ ਸਾਂਝੀ ਲੋਕ ਲਹਿਰ ਦੀ ਉਸਾਰੀ ਦਾ ਸੰਦੇਸ਼ ਦਿੰਦਾ ਸੀ। ਇਸਤੋਂ ਇਲਾਵਾ 14 ਮਾਰਚ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਕੇਂਦਰਾਂ ’ਤੇ ਅਤੇ 16 ਮਾਰਚ ਨੂੰ ਬੀ.ਕੇ.ਯੂ. (ਡਕੋਂਦਾ) ਵੱਲੋਂ ਵੀ ਪਿੰਡ ਪੱਧਰਾਂ ’ਤੇ ਇਸ ਮੀਟਿੰਗ ਦਾ ਵਿਰੋਧ ਕੀਤਾ ਗਿਆ।
Êਪੰਜਾਬ ਦੀ ਧਰਤੀ ’ਤੇ ਸਾਮਰਾਜੀਆਂ ਦੇ ਨਾਪਾਕ ਕਦਮਾਂ ਖ਼ਿਲਾਫ਼ ਜਿੱਥੇ ਇੱਕ ਪਾਸੇ ਲੋਕਾਂ ਨੇ ਆਪਣੀ ਸਾਮਰਾਜ ਵਿਰੋਧੀ ਵਿਰਾਸਤ ’ਤੇ ਪਹਿਰਾ ਦਿੰਦਿਆਂ ਰੋਹ ਭਰੀ ਲਲਕਾਰ ਉੱਚੀ ਕੀਤੀ ਉੱਥੇ ਆਪਣੀ ਦਲਾਲ ਖਸਲਤ ਹਾਕਮ ਧੜਿਆਂ ਨੇ ਇਹਨਾਂ ਨਾਪਾਕ ਕਦਮਾਂ ਦਾ ਸਵਾਗਤ ਕੀਤਾ ਤੇ ਇਹਨੂੰ ਪੰਜਾਬ ਲਈ ਨਿਆਮਤੀ ਮੌਕਾ ਕਰਾਰ ਦਿੱਤਾ। ਸਾਮਰਾਜੀ ਪੂੰਜੀ ਨੂੰ ਨਿਉਂਦੇ ਦੇ ਕੇ ਪੰਜਾਬ ਦੇ ਵਿਕਾਸ ਦੀਆਂ ਗੱਲਾਂ ਕਰਨ ਵਾਲੇ ਸਿਆਸਤਦਾਨਾਂ ਲਈ ਅਜਿਹਾ ਮੌਕਾ ਪੰਜਾਬ ਨੂੰ ਥਾਲੀ ’ਚ ਪਰੋਸ ਕੇ ਪੇਸ਼ ਕਰਨ ਦਾ ਸੀ ਤੇ ਹਰ ਤਰ੍ਹਾਂ ਨਾਲ ਗਹਿਣੇ ਧਰਨ ਦੀਆਂ ਪੇਸ਼ਕਸ਼ਾਂ ਕਰਨ ਦਾ ਸੀ ਤੇ ਇਹਨਾਂ ਦੇ ਨੁਮਾਇੰਦਿਆਂ ਵਜੋਂ ਪੰਜਾਬ ਤੇ ਭਾਰਤ ਸਰਕਾਰ ਨੇ ਇਹ ਪੇਸ਼ਕਸ਼ਾ ਕੀਤੀਆਂ। ਦਿਲਚਸਪ ਪਹਿਲੂ ਇਹ ਵੀ ਰਿਹਾ ਕਿ ਵਿਦੇਸ਼ ਤੋਂ ਬੈਠ ਕੇ ਖ਼ਾਲਿਸਤਾਨੀ ਝੰਡੇ ਝੁਲਾਉਣ ਦੇ ਟੈਂਡਰ ਜਾਰੀ ਕਰਨ ਵਾਲੇ ਗੁਰਪਤਵੰਤ ਸਿੰਘ ਪੰਨੂ ਨੇ ਬਿਆਨ ਜਾਰੀ ਕਰਕੇ ‘ ਖਾਲਿਸਤਾਨ ਦੀ ਧਰਤੀ’ ’ਤੇ ਜੀ-20 ਦਾ ਸਵਾਗਤ ਕੀਤਾ। ਇਉਂ ਹੀ ਖਾਲਿਸਤਾਨੀ ਕੈਂਦੀਆਂ ਦੀ ਰਿਹਾਈ ਲਈ ਲੱਗੇ ਹੋਏ ਮੁਹਾਲੀ ਦੇ ਮੋਰਚੇ ਤੋਂ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਬਣੇ ਹੋਏ ਗੁਰਚਰਨ ਸਿੰਘ ਨੇ ਵੀ ਜੀ-20 ਨਾਲ ਕੋਈ ਵਿਰੋਧ ਨਾ ਹੋਣ ਦਾ ਐਲਾਨ ਕੀਤਾ। ਇਹਨਾਂ ਦੋਹਾਂ ਬਿਆਨਾਂ ਨੇ ਫਿਰ ਖਾਲਿਸਤਾਨੀ ਸਿਆਸਤ ਦੀ ਸਾਮਰਾਜੀਆਂ ਨਾਲ ਰਿਸ਼ਤੇ ਦੀ ਹਕੀਕਤ ਦਰਸਾਈ ਹੈ। ਇਹ ਸਵਾਗਤ ਅਤੇ ਕੋਈ ਵਿਰੋਧ ਨਾ ਹੋਣ ਦੇ ਬਿਆਨ ਖਾਲਿਸਤਾਨੀ ਸਿਆਸਤ ਦੀਆਂ ਹਕੀਕੀ ਬੁਨਿਆਦਾਂ ਦੀ ਪਛਾਣ ਕਰਨ ਲਈ ਵੀ ਮਹੱਤਵਪੂਰਨ ਹਨ ਤੇ ਇਸ ਸਿਆਸਤ ਦੀ ਖਸਲਤ ਪਛਾਨਣ ਲਈ ਵੀ। ਏਥੋਂ ਤੱਕ ਕਿ ਉਸ ‘ਸਿੱਖ ਰਾਜ’ ਜਿਸਨੂੰ ਮੁੜ ਹਾਸਲ ਕਰਨ ਦੇ ਇਹਨਾਂ ਫ਼ਿਰਕੂ ਸਿਆਸਤਦਾਨਾਂ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਉਹ ਰਾਜ ਅੰਗਰੇਜ਼ ਸਾਮਰਾਜੀਆਂ ਵੱਲੋਂ ਹੀ ਨਿਗਲਿਆ ਗਿਆ ਸੀ। ਇਉਂ ਇਹਨਾਂ ਸਿਆਸਤਦਾਨਾਂ ਦਾ ਉਸ ਸਿੱਖ ਰਾਜ ਦੀ ਬਹਾਲੀ ਦਾ ਦਾਅਵਾ ਵੀ ਨਕਲੀ ਹੋ ਨਿੱਬੜਦਾ ਹੈ।
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦਾ ਕੇਂਦਰ ਬਣੀ ਰਹੀ ਪੰਜਾਬ ਦੀ ਧਰਤੀ ਤੋਂ ਨਾਪਾਕ ਸਾਮਰਾਜੀ ਮਨਸੂਬਿਆਂ ਖ਼ਿਲਾਫ਼ ਉੱਠੀ ਇਹ ਆਵਾਜ਼ ਸਾਮਰਾਜੀ ਹੱਲੇ ਖ਼ਿਲਾਫ਼ ਸੰਘਰਸ਼ ਦੀ ਲਗਾਤਾਰਤਾ ਦਾ ਪ੍ਰਤੀਕ ਵੀ ਬਣੀ ਹੈ ਜਿਸ ਸੰਘਰਸ਼ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੇ ਨਵੇਂ ਪਸਾਰ ਤੇ ਗਹਿਰਾਈ ਮਹੁੱਈਆ ਕੀਤੀ ਸੀ।
No comments:
Post a Comment