Monday, May 8, 2023

ਇੱਕ ਵਿਦਾਇਗੀ - ਦੋ ਹੁੰਗ੍ਹਾਰੇ

 ਇੱਕ ਵਿਦਾਇਗੀ - ਦੋ ਹੁੰਗ੍ਹਾਰੇ

ਪ੍ਕਾਸ਼ ਸਿੰਘ ਬਾਦਲ ਦੀ ਮੌਤ ਮਗਰੋਂ ਸੋਸ਼ਲ ਮੀਡੀਆ ਤੇ ਬਹਿਸ ਵਰਗਾ ਮਹੌਲ ਦਿਖ ਰਿਹਾ ਹੈ ਅਸਲ ਨੁਕਤਾ ਇਹ ਹੈ ਕਿ ਇਸ ਸਿਆਸਤਦਾਨ ਦੀ ਵਿਦਾਇਗੀ ਨੂੰ ਤਿੱਖੀ ਤਰ੍ਹਾਂ ਵੰਡੇ ਹੋਏ ਦੋ ਤਰ੍ਹਾਂ ਦੇ ਹੁੰਗਾਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ  

ਇਹ ਹੋਣਾ ਹੀ ਸੀ, ਇਹ ਕਾਸ਼ ਸਿੰਘ ਬਾਦਲ ਵੱਲੋਂ ਦੋਨੋਂ ਪਾਸੇ ਕੀਤੀ ਹੋਈ ਕਮਾਈਦਾ ਸਿੱਟਾ ਹੈ 

ਬਾਦਲ ਨੇ ਲੁਟੇਰੀਆਂ ਜਮਾਤਾਂ ਦੀ ਸਾਰੀ ਜ਼ਿੰਦਗੀ ਸੇਵਾ ਕੀਤੀ ਉਨ੍ਹਾਂ ਲਈ ਲਾਜ਼ਮੀ ਹੀ ਦੁੱਖ ਦੀ ਘੜੀ ਹੈ ਕਿਉੁਕਿ ਉਹਨਾਂ ਨੇ ਆਪਣਾ ਇੱਕ ਕੀਮਤੀ ਸੇਵਾਦਾਰ ਗੁਆ ਲਿਆ ਹੈ ਇਹ ਲੁਟੇਰੀਆਂ ਜਮਾਤਾਂ ਦੇਸ਼ ਦੇ ਦਲਾਲ ਸਰਮਾਏਦਾਰ ਘਰਾਣੇ ਤੇ ਜਗੀਰਦਾਰ ਹਨ ਅਤੇ ਇਨ੍ਹਾਂ ਦੇ ਸਰਪ੍ਰਸਤ ਸਾਮਰਾਜੀਏ ਹਨ ਇਨ੍ਹਾਂ ਜਮਾਤਾਂ ਦੀ ਸੇਵਾ ਕਰਨ ਵਾਲੇ ਨਵੇਂ ਸਿਆਸਤਦਾਨਾਂ ਨੂੰ ਲਾਜ਼ਮੀ ਬਾਦਲ ਤੋਂ ਸਿੱਖਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਹਾਕਮ ਜਮਾਤਾਂ ਦੀ ਸਿਆਸਤ ਵਿਚ ਉਹ ਅਜਿਹਾ ਸਫ਼ਲ ਸਿਆਸਤਦਾਨ ਗਿਣਿਆ ਜਾਵੇਗਾ ਜਿਸ ਨੇ ਲੁਟੇਰੇ ਭਾਰਤੀ ਰਾਜ ਦੀ ਸਥਾਪਤੀ ਤੇ ਨਿਭਾਅ ਵਿਚ ਆਪਣਾ ਹਿੱਸਾ ਪਾਇਆ ਉਸ ਨੇ ਸਿਰਫ਼ ਆਪਣੇ ਪਰਿਵਾਰ ਦੀ ਸੇਵਾ ਹੀ ਨਹੀਂ ਕੀਤੀ ਸਗੋਂ ਰਾਜ ਦੇ ਸੰਚਾਲਨ ਰਾਹੀਂ ਅਸਲ ਵਿੱਚ ਆਪਣੀ ਜਮਾਤ ਦੀ ਸੇਵਾ ਕੀਤੀ, ਜਿਸਦਾ ਹਿੱਸਾ ਉਸ ਦਾ ਪਰਿਵਾਰ ਵੀ ਹੈ

ਬਿਨਾਂ ਸ਼ੱਕ ਆਮ ਲੋਕ ਜਿਹੋ ਜਿਹਾ ਵੀ ਬਾਦਲ ਨਾਲ ਆਪਣਾ ਰਿਸ਼ਤਾ ਮਹਿਸੂਸ ਕਰਦੇ ਸਨ ਉਹੋ ਜਿਹਾ ਪ੍ਰਤੀਕਰਮ ਦੇ ਰਹੇ ਹਨ ਜਿਹਨੂੰ ਵੀ ਇਸ ਰਿਸ਼ਤੇ ਬਾਰੇ ਸਪਸ਼ਟਤਾ ਹੈ, ਉਹ ਰਾਜ ਦੇ ਸੋਗ ਵਿੱਚ ਰਸਮੀ ਵੀ ਸ਼ਾਮਲ ਨਹੀਂ ਹੈ ਜਿਹਨੂੰ ਬਾਦਲ ਦੇ ਅਮਲ ਯਾਦ ਹਨ ਉਹ ਅੰਦਰੋਂ ਬਾਹਰੋਂ ਕਿਸੇ ਤਰ੍ਹਾਂ ਵੀ ਸ਼ਾਮਲ ਨਹੀਂ ਹੈ 

 ਇਹ ਸਪਸ਼ਟ ਹੈ ਕਿ ਬੀਤੇ ਲਗਭਗ ਇੱਕ ਦਹਾਕੇ ਤੋਂ ਪੰਜਾਬ ਅੰਦਰ ਇਕ ਨਵੀਂ ਚੇਤਨਾ ਨੇ ਅੰਗੜਾਈ ਲਈ ਤੇ ਬਾਦਲ ਮਾਰਕਾ ਸਿਆਸੀ ਚਾਲਾਂ ਦੀ ਅਸਰਕਾਰੀ ਮੱਧਮ ਪਈ ਚਾਹੇ ਇਹ ਚੇਤਨਾ ਅਧੂਰੀ ਚੇਤਨਾ ਹੈ ਤੇ ਲੁਟੇਰੇ ਢਾਂਚੇ ਨੂੰ ਬਦਲਣ ਦੀ ਚੇਤਨਾ ਨਹੀਂ ਹੈ ਪਰ ਤਾਂ ਵੀ ਹਾਕਮ ਜਮਾਤੀ ਸਿਆਸਤ ਦੇ  ਰਵਾਇਤੀ ਤਰੀਕਾਕਾਰ ਲੋਕਾਂ ਸਾਹਮਣੇ ਨਸ਼ਰ ਹੋਏ ਹਨ ਤੇ ਲੋਕਾਂ ਅੰਦਰ ਸਾਰਥਕ ਬਦਲ ਦੀ ਤਲਾਸ਼ ਤੇਜ਼ ਹੋਈ ਹੈ ਬਾਦਲ ਮਗਰਲੇ ਸਾਲਾਂ ਦੌਰਾਨ ਜਿਸ ਸੰਕਟ ਵਿਚੋਂ ਗੁਜ਼ਰਿਆ ਹੈ , ਇਹ ਮੁਲਕ ਦੀਆਂ ਹਾਕਮ ਜਮਾਤਾਂ ਦੀ ਸਿਆਸਤ ਦਾ ਆਮ ਸੰਕਟ ਹੈ ਲੋਕ ਸਾਰਥਕ ਬਦਲ ਲਈ ਤਿੱਖੀ ਤਾਂਘ ਦਿਖਾ ਰਹੇ ਹਨ ਤੇ ਰਵਾਇਤੀ ਘਾਗ ਸਿਆਸਤਦਾਨ ਵੀ ਰੱਦ ਹੋ ਜਾਂਦੇ ਹਨ ਧਰਮ ਦੀ ਸਿਆਸਤ ਖਾਤਰ ਵਰਤੋਂ ਅਤੇ ਨਵੀਆਂ ਆਰਥਿਕ ਨੀਤੀਆਂ ਦੇ ਦੌਰ ਵਿੱਚ ਧੱਕੜ ਕਾਰੋਬਾਰੀ ਸਿਆਸਤਦਾਨ ਵਜੋਂ ਬਾਦਲ ਸਿਖਰ ਤੇ ਖੜ੍ਹਾ ਦਿਖਿਆ ਤੇ ਇਹ ਸਿਖਰ ਹੀ ਲੋਕ ਮਨਾਂ ਅੰਦਰ ਦੁਸ਼ਮਣ ਵਜੋਂ ਉਸਦੀ ਪਛਾਣ ਬਣ ਗਈ

ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਲੋਕ ਮਨਾਂ ਅੰਦਰ ਬਾਦਲ ਪ੍ਰਤੀ ਤਿੱਖੀ ਨਫ਼ਰਤ ਜ਼ਾਹਰ ਹੁੰਦੀ ਰਹੀ ਹੈ ਇਹਦਾ ਇੱਕ ਪ੍ਰਗਟਾਵਾ ਉਸ ਵੱਲੋਂ ਆਖਰੀ ਚੋਣ ਹਾਰ ਜਾਣ ਰਾਹੀਂ ਵੀ ਹੋਇਆ ਹੈ ਇਹ ਕਿਹਾ ਜਾ ਸਕਦਾ ਹੈ ਕਿ ਬਾਦਲ ਲੋਕ ਦੋਖੀ ਸਿਆਸਤ ਦੇ ਚਿੰਨ੍ਹ ਵਜੋਂ ਪੰਜਾਬ ਅੰਦਰ ਸਥਾਪਤ ਹੋ ਗਿਆ ਸੀ ਲਾਜ਼ਮੀ ਹੈ ਕਿ ਏਸ ਚਿੰਨ੍ਹ ਪ੍ਰਤੀ ਜ਼ਾਹਰ ਹੁੰਦੀ ਲੋਕਾਂ ਦੀ ਨਫ਼ਰਤ ਨੇ ਉਸਦੀ ਮੌਤ ਵੇਲੇ ਵੀ ਆਪਣਾ ਰਾਹ ਬਣਾਉਣਾ ਸੀ, ਲੋਕਾਂ ਨੂੰ ਉਸ ਵੱਲੋਂ ਆਪਣੇ ਨਾਲ ਨਿਭਾਈ ਹੋਈ ਦੁਸ਼ਮਣੀ ਯਾਦ ਆਉਣੀ ਸੀ, ਲੋਕਾਂ ਨੂੰ ਉਸ ਵਲੋ ਕੀਤੇ ਜ਼ੁਲਮ ਯਾਦ ਆਉਣੇ ਹੀ ਸਨ ਇਸ ਨੂੰ ਮੌਤ ਤੇ ਖੁਸ਼ੀ ਨਾਲੋਂ ਜ਼ਿਆਦਾ ਲੋਕਾਂ ਦੀ ਜ਼ਾਹਰ ਹੋ ਰਹੀ ਨਫ਼ਰਤ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਜਿਹਨੂੰ ਮੌਤ ਵਰਗਾ ਮੌਕਾ ਵੀ ਠੱਲ੍ਹ ਨਹੀਂ ਸਕਿਆ ਨਹੀਂ ਭੁੱਲਣਾ ਚਾਹੀਦਾ ਕਿ ਬਾਦਲ ਲਈ ਵੀ ਜਮਾਤੀ ਹਿੱਤ ਤੇ ਰਾਜ ਦੇ ਹਿੱਤ ਲੋਕਾਂ ਦੀਆਂ ਜ਼ਿੰਦਗੀਆਂ ਤੋਂ ਸਦਾ ਉੱਪਰ ਰਹੇ ਸਨ ਇਹਦੇ ਲਈ ਚਾਹੇ ਝੂਠੇ ਪੁਲਿਸ ਮੁਕਾਬਲੇ ਹੀ ਕਿਉਂ ਨਾ ਬਣਾਏ ਗਏ ਹੋਣ ਪਿ੍ਰਥੀਪਾਲ ਰੰਧਾਵੇ ਤੋਂ ਲੈ ਕੇ ਸਾਧੂ ਸਿੰਘ ਤਖਤੂਪੁਰੇ ਵਰਗਿਆ ਦੀ ਕਤਾਰ ਨੂੰ ਕਿੰਨੀ ਵੀ ਲੰਮੀ ਕਿਉਂ ਨਾ ਕਰਨਾ ਪਿਆ ਹੋਵੇ

ਬਾਦਲ ਲੋਕਾਂ ਤੇ ਜੋਕਾਂ ਲਈ ਸਾਂਝਾ ਨਹੀਂ ਸੀ ਬਾਦਲ ਜੋਕਾਂ ਦਾ ਸੇਵਾਦਾਰ ਸਿਆਸਤਦਾਨ ਸੀ ਉਸ ਦੀ ਮੌਤ ਤੇ ਵੀ ਲੋਕਾਂ ਤੇ ਜੋਕਾਂ ਦੇ ਹੁੰਗਾਰੇ ਵੱਖ ਵੱਖ ਹਨ ਇਹ ਠੀਕ ਹੈ ਕਿ ਲੋਕਾਂ ਦੇ ਬਹੁਤ ਸਾਰੇ ਹਿੱਸੇ ਅਜੇ ਵੀ ਜੋਕਾਂ ਦੀ ਸਿਆਸਤ ਤੇ ਵਿਚਾਰਧਾਰਾ ਦੇ ਪ੍ਰਭਾਵ ਵਿਚ ਜਕੜੇ ਹੋਏ ਹਨ ਤੇ ਉਹ ਜੋਕਾਂ ਦੇ ਸੋਗਮਈ ਦਿਹਾੜੇ ਦੇ ਵਹਿਣ ਵਿੱਚ ਵਹਿ ਜਾਂਦੇ ਹਨ ਪਰ ਕਿਸੇ ਨੂੰ ਇਉਂ ਵੀ ਦੁਖੀ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਪੰਜਾਬੀ ਮੌਤ ਵੇਲੇ ਦੁੱਖ ਪ੍ਰਗਟਾਉਣ ਦਾ ਸਿਸ਼ਟਾਚਾਰ ਭੁੱਲ ਗਏ ਹਨ, ਸਗੋਂ ਤਸੱਲੀ  ਹੋਣ ਦਾ ਵੇਲਾ ਵੀ ਹੈ ਕਿ ਲੋਕਾਂ ਨੂੰ ਮੌਤ ਵਰਗੇ ਮੌਕੇ ਵੇਲੇ ਵੀ ਬਾਦਲ ਵਰਗੇ ਸਿਆਸਤਦਾਨਾਂ ਨਾਲ ਆਪਣਾ ਰਿਸ਼ਤਾ ਨਹੀਂ ਭੁੱਲਿਆ ਹੈ ਲੋਕਾਂ ਦੇ ਜਾਇਆਂ ਦਾ ਡੁੱਲਿਆ ਲਹੂ ਲੋਕਾਂ ਸਾਹਮਣੇ ਮੁੜ ਸੱਜਰਾ ਹੋ ਉੱਠਿਆ ਹੈ

ਇਹ ਰਿਸ਼ਤਾ ਸਦਾ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਲੋਕਾਂ ਵੱਲੋਂ ਬਾਦਲ ਕੀ ਜਮਾਤ ਨਾਲ ਅਜੇ ਹਿਸਾਬ ਚੁਕਾਉਣਾ ਤਾਂ ਬਾਕੀ ਹੈ ਇਸ ਰਿਸ਼ਤੇ ਨੂੰ ਅਜਿਹੇ ਵੇਲੇ ਯਾਦ ਕਰਨਾ ਆਪਣੇ ਦੁਸ਼ਮਣ ਸਿਆਸਤਦਾਨ ਦੀ ਵਿਦਾਇਗੀ ਦਾ ਲੋਕਾਂ ਦਾ ਤਰੀਕਾ ਹੈ 

No comments:

Post a Comment