ਸਦੀ ਪਹਿਲਾਂ ਦੀ ਰਾਮ ਨੌਵੀਂ ਤੇ ਹੁਣ..
ਹੁਣ ਰਾਮ ਨੌਵੀਂ ਮੌਕੇ ਵਾਪਰੀਆਂ ਫਿਰਕੂ ਘਟਨਾਵਾਂ ਦੇ ਹਵਾਲੇ ਨਾਲ ਸਦੀ ਪਹਿਲਾਂ ਦਾ ਇਤਿਹਾਸ ਯਾਦ ਕਰਨਾ ਚਾਹੀਦਾ ਹੈ।
ਇਕ ਸਦੀ ਪਹਿਲਾਂ ਸਾਮਰਾਜੀ ਗੁਲਾਮੀ ਹੰਢਾ ਰਹੇ ਦੇਸ਼ ਅੰਦਰ ਰਾਮ ਨੌਵੀਂ ਦੇ ਤਿਉਹਾਰ ਮੌਕੇ ਹਿੰਦੂ ਤੇ ਮੁਸਲਮਾਨ ਭਾਈਚਾਰਿਆਂ ’ਚ ਦਿਖਾਈ ਦਿੱਤੀ ਸਦਭਾਵਨਾ ਤੇ ਕੌਮੀ ਸੰਘਰਸ਼ ਦੀ ਏਕਤਾ ਨੇ ਅੰਗਰੇਜ਼ ਸਾਮਰਾਜੀਆਂ ਨੂੰ ਕੰਬਣੀਆਂ ਛੇੜੀਆਂ ਸਨ। ਅੰਮਿ੍ਰਤਸਰ ਵਿਚ ਰਾਮ ਨੌਵੀਂ ਮੌਕੇ ਨਿੱਕਲਿਆ ਹਿੰਦੂਆਂ ਅਤੇ ਮੁਸਲਮਾਨਾਂ ਦਾ ਸਾਂਝਾ ਵਿਸ਼ਾਲ ਜਲੂਸ ਲੋਕਾਂ ਦੀਆਂ ਸਾਮਰਾਜਵਾਦ-ਵਿਰੋਧੀ ਤਰੰਗਾਂ ਦਾ ਇਕ ਨਮੂਨਾ ਸੀ। ਫਿਰਕੂ ਏਕੇ ਦੇ ਜ਼ੋਰ ਅੰਗਰੇਜ਼ ਸਾਮਰਾਜ ਖ਼ਿਲਾਫ਼ ਉੱਠੀ ਇਸ ਲੋਕ-ਰੋਹ ਦੀ ਲਹਿਰ ਤੋਂ ਬੁਖਲਾਹਟ ’ਚ ਆਏ ਅੰਗਰੇਜ਼ ਸਾਮਰਾਜੀਆਂ ਨੇ ਜਲ੍ਹਿਆਂ ਵਾਲੇ ਦਾ ਸਾਕਾ ਰਚਾਇਆ ਸੀ। ਇਹ ਏਕਤਾ ਉਨ੍ਹਾਂ ਲਈ ਸਭ ਤੋਂ ਖਤਰਨਾਕ ਵਰਤਾਰਾ ਸੀ ਤੇ ਉਹ ਸਦਾ ਇਸ ’ਚ ਫੁੱਟ ਪਾਉਣ ਦੀਆਂ ਸਾਜ਼ਿਸ਼ਾਂ ’ਚ ਲੱਗੇ ਰਹੇ।
ਸਦੀ ਬਾਅਦ ਉਨ੍ਹਾਂ ਦੇ ਵਾਰਸ ਦੇਸੀ ਦਲਾਲ ਹਾਕਮ ਉਸੇ ਵਿਰਾਸਤ ’ਤੇ ਡਟੇ ਖੜ੍ਹੇ ਹਨ। ਉਨ੍ਹਾਂ ਦੀ ਸੇਵਾ ’ਚ ਹੁਣ ਵੀ ਫ਼ਿਰਕੂ ਪਾਟਕਾਂ ਨੂੰ ਡੂੰਘੇ ਕਰਨ ’ਚ ਜੁਟੇ ਹੋਏ ਹਨ, ਤਾਂ ਲੋਕਾਂ ਨੂੰ ਵੀ ਆਪਣੀ ਇਸ ਸ਼ਾਨਾਮੱਤੀ ਵਿਰਾਸਤ ਨੂੰ ਯਾਦ ਕਰਨਾ ਚਾਹੀਦਾ ਹੈ।
ਲੰਘੀ ਰਾਮ ਨੌਵੀਂ ਦੇ ਦਿਨ ’ਤੇ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਹਿੰਦੂ ਫਿਰਕੂ ਗਰੋਹਾਂ ਨੇ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਦੇਸ਼ ਭਰ ਅੰਦਰ ਥਾਂ ਥਾਂ ’ਤੇ ਹੁੜਦੰਗ ਮਚਾਇਆ ਹੈ। ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੱਧ-ਪ੍ਰਦੇਸ਼ ਦੀ ਭਾਜਪਾ ਹਕੂਮਤ ਨੇ ਹੋਰ ਅਗਾਂਹ ਜਾਂਦਿਆਂ ਮੁਸਲਮਾਨਾਂ ਨੂੰ ਹੀ ਦੋਸ਼ੀ ਗਰਦਾਨਿਆ ਉਨ੍ਹਾਂ ਦੇ ਘਰ ਢਾਹੁਣ ਤੱਕ ਦੀ ਕਾਰਵਾਈ ਕੀਤੀ ਹੈ।
ਸਾਮਰਾਜੀਆਂ ਤੇ ਦੇਸੀ ਦਲਾਲ ਕਾਰਪੋਰੇਟਾਂ ਦੇ ਹਿੱਤਾਂ ਲਈ ਆਰਥਿਕ ਸੁਧਾਰਾਂ ਦੇ ਹੱਲੇ ਦੀ ਰਫਤਾਰ ਤੇਜ਼ ਕਰਨ ਖਾਤਰ ਮੋਦੀ ਸਰਕਾਰ ਪੂਰੀ ਬੇਸ਼ਰਮੀ ਨਾਲ ਫਿਰਕੂ ਪਾਲਾਬੰਦੀ ਦੇ ਰਾਹ ਪਈ ਹੋਈ ਹੈ। ਨਾਲ ਹੀ ਇਨ੍ਹਾਂ ਵੰਡੀਆਂ ਨੂੰ ਗੱਦੀ ਸਲਾਮਤ ਰੱਖਣ ਦਾ ਹਥਿਆਰ ਵੀ ਬਣਾਇਆ ਹੋਇਆ ਹੈ। ਇਸ ਫ਼ਿਰਕੂਕਰਨ ਨੂੰ ਕੱਟਣ ਵਾਲੇ ਇੱਕ ਅਹਿਮ ਵਰਤਾਰੇ ਵਜੋਂ ਉੱਭਰਿਆ ਕਿਸਾਨ ਸੰਘਰਸ਼ ਮੋਦੀ ਸਰਕਾਰ ਲਈ ਵੀ ਚਿੰਤਾ ਦਾ ਵਿਸ਼ਾ ਸੀ। ਇਸ ਲਈ ਇੱਕ ਵਾਰ ਇਸ ਤੋਂ ਖਹਿੜਾ ਛੁਡਾ ਕੇ ਮੋਦੀ ਸਰਕਾਰ ਆਪਣੇ ਉਸੇ ਫ਼ਿਰਕੂ ਪ੍ਰੋਜੈਕਟ ਵਿੱਚ ਮੁੜ ਜ਼ੋਰ ਸ਼ੋਰ ਨਾਲ ਜੁਟ ਗਈ ਹੈ, ਜਿਸ ਨੂੰ ਕਿਸਾਨ ਸੰਘਰਸ਼ ਦੇ ਰਹਿੰਦਿਆਂ ਨਿਭਾਉਣਾ ਔਖਾ ਹੋ ਰਿਹਾ ਸੀ। ਲੋਕਾਂ ਦੀ ਜਮਾਤੀ ਏਕਤਾ ਨੇ ਇੱਕ ਵਾਰ ਫ਼ਿਰਕੂ ਵੰਡੀਆਂ ਨੂੰ ਮੇਸਦਿਆਂ ਕੌਮੀ ਪੱਧਰ ਦੇ ਸਿਆਸੀ ਦਿ੍ਰਸ਼ ’ਤੇ ਪ੍ਰਮੁੱਖਤਾ ਹਾਸਲ ਕਰ ਲਈ ਸੀ। ਹੁਣ ਫੇਰ ਮੋਦੀ ਹਕੂਮਤ ਕੌਮੀ ਪੱਧਰ ’ਤੇ ਫਿਰਕੂ ਬਿਰਤਾਂਤ ਨੂੰ ਉਭਾਰਨ ਦੇ ਯਤਨਾਂ ’ਚ ਹੈ।
ਅੱਜ ਸਭਨਾਂ ਲੋਕਾਂ ਨੂੰ ਮੁਸਲਮਾਨ ਭਾਈਚਾਰੇ ਦੀ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ਡਟਣਾ ਚਾਹੀਦਾ ਹੈ ਤੇ ਹਿੰਦੂ ਫ਼ਿਰਕੂ ਗਰੋਹਾਂ ਦੀਆਂ ਕਾਰਵਾਈਆਂ ਦੀ ਨਿੰਦਾ ਕਰਨੀ ਚਾਹੀਦੀ ਹੈ।
ਲੋਕਾਂ ਨੂੰ ਬਰਤਾਨਵੀ ਸਾਮਰਾਜ ਖ਼ਿਲਾਫ਼ ਸੰਘਰਸ਼ ਦੀ ਆਪਣੀ ਵਿਰਾਸਤ ਨੂੰ ਯਾਦ ਕਰਦਿਆਂ ਤੇ ਸੱਜਰੇ ਕਿਸਾਨ ਸੰਘਰਸ਼ ਦੇ ਤਜਰਬੇ ਨੂੰ ਸਾਂਭਦਿਆਂ ਮੋਦੀ ਸਰਕਾਰ ਦੇ ਫ਼ਿਰਕੂ ਪੋ੍ਰਜੈਕਟਾਂ ਖ਼ਿਲਾਫ਼ ਜਮਾਤੀ ਸੰਘਰਸ਼ਾਂ ਦੇ ਵੱਡੇ ਸਾਂਝੇ ਪ੍ਰੋਜੈਕਟ ਵਿੱਢਣੇ ਚਾਹੀਦੇ ਹਨ। ਇਸ ਫ਼ਿਰਕੂ-ਫਾਸ਼ੀ ਹੱਲੇ ਖ਼ਿਲਾਫ਼ ਭਿੜਨ ਦਾ ਇਹੋ ਰਸਤਾ ਹੈ। ਇਨ੍ਹਾਂ ਜਮਾਤੀ ਸੰਘਰਸ਼ਾਂ ਦੇ ਜ਼ੋਰ ਹੀ ਸਦੀ ਪਹਿਲਾਂ ਵਾਲੀ ਫ਼ਿਰਕੂ ਏਕੇ ਦੀ ਭਾਵਨਾ ਹਾਸਲ ਕੀਤੀ ਜਾ ਸਕਦੀ ਹੈ ਤੇ ਇਸੇ ਭਾਵਨਾ ਦੇ ਜ਼ੋਰ ਸਾਮਰਾਜੀਆਂ ਅਤੇ ਉਨ੍ਹਾਂ ਦੇ ਦੇਸੀ ਦਲਾਲਾਂ ਨਾਲ ਭਿੜਿਆ ਜਾ ਸਕਦਾ ਹੈ। (11-04-2022)
No comments:
Post a Comment