ਪਾਕਿਸਤਾਨ:
ਇਮਰਾਨ ਹਕੂਮਤ ਸੱਤਾ ਤੋਂ ਬਾਹਰ
ਪਾਕਿਸਤਾਨ ਅੰਦਰ ਇਮਰਾਨ ਹਕੂਮਤ ਲੁੜਕ ਗਈ ਤੇ ਵਿਰੋਧੀ ਧਿਰਾਂ ਨੇ ਸਿਰੇ ਦਾ ਮੌਕਾਪ੍ਰਸਤ ਗੱਠਜੋੜ ਕਰਦਿਆਂ ਸ਼ਾਹਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਬਣਾ ਕੇ ਸਰਕਾਰ ਬਣਾ ਲਈ ਹੈ। ਉਞ ਪਾਕਿਸਤਾਨ ਦੀ ਹਾਕਮ ਜਮਾਤੀ ਸਿਆਸਤ ਅੰਦਰ ਇਹੀ ਅਲੋਕਾਰੀ ਗੱਲ ਹੋ ਸਕਦੀ ਸੀ ਕਿ ਕੋਈ ਸਰਕਾਰ ਆਪਣੀ ਸਾਰੀ ਵਾਰੀ ਪੂਰੀ ਕਰ ਲੈਂਦੀ ਤੇ ਜਿਵੇਂ ਕਿ ਹਰ ਵਾਰ ਹੁੰਦਾ ਹੈ, ਇਸ ਵਾਰੀ ਵੀ ਉਹੀ ਵਾਪਰਿਆ। ਇਮਰਾਨ ਖਾਨ ਦੀ ਹਕੂਮਤ ਵੀ 4 ਸਾਲਾਂ ਬਾਅਦ ਬਦਲ ਦਿੱਤੀ ਗਈ ਪਰ ਇਸ ਵਾਰ ਜੋ ਨਿਵੇਕਲਾ ਸੀ ਉਹ ਇਹ ਕਿ ਪਹਿਲੀ ਵਾਰ ਹੋਇਆ ਕਿ ਕੋਈ ਸਰਕਾਰ ਵੋਟਿੰਗ ਰਾਹੀਂ ਬਦਲੀ ਗਈ ਹੋਵੇ, ਨਹੀਂ ਤਾਂ ਹਰ ਵਾਰ ਇਹੀ ਵਾਪਰਦਾ ਸੀ ਕਿ ਫੌਜ ਦੀ ਸਿੱਧੀ ਦਖਲਅੰਦਾਜ਼ੀ ਨਾਲ ਜਾਂ ਅਦਾਲਤੀ ਦਖਲ ਨਾਲ ਸਰਕਾਰਾਂ ਉਖਾੜ ਦਿੱਤੀਆਂ ਜਾਂਦੀਆਂ ਸਨ। ਹਾਲਾਂਕਿ ਫੌਜ ਦਾ ਰੋਲ ਤਾਂ ਇਸ ਵਾਰ ਵੀ ਸੀ ਪਰ ਜ਼ਰਾ ਕੁ ਪਰਦੇ ਦੇ ਪਿੱਛੇ ਸੀ।
ਪਾਕਿਸਤਾਨ ਦੀ ਹਾਕਮ ਜਮਾਤੀ ਸਿਆਸਤ ’ਚ ਮਿਲਟਰੀ ਵੀ ਇੱਕ ਅਹਿਮ ਧੜੇ ਵਜੋਂ ਹਰਕਤਸ਼ੀਲ ਰਹਿੰਦੀ ਹੈ ਤੇ ਪਿਛਲੇ ਦਹਾਕਿਆਂ ’ਚ ਅਮਰੀਕੀ ਸਾਮਰਾਜ ਨਾਲ ਇਸਦੀਆਂ ਵਿਸ਼ੇਸ਼ ਤੰਦਾਂ ਕਾਰਨ ਪਾਕਿਸਤਾਨੀ ਹਾਕਮ ਜਮਾਤੀ ਸਿਆਸਤ ਅੰਦਰ ਕਈ ਵਾਰ ਫੌਜ ਦੀ ਫੈਸਲਾਕੁੰਨ ਭੂਮਿਕਾ ਬਣਦੀ ਆ ਰਹੀ ਹੈ। ਇਮਰਾਨ ਦੇ ਸੱਤਾ ’ਚ ਆਉਣ ਵੇਲੇ ਇਹ ਜਾਹਰ ਸੀ ਕਿ ਇਸ ’ਚ ਫੌਜੀ ਜਰਨੈਲਾਂ ਦੀ ਅਹਿਮ ਭੂਮਿਕਾ ਸੀ। ਪਹਿਲੇ ਦੋ ਵਰ੍ਹੇ ਤਾਂ ਇਮਰਾਨ ਖਾਨ ਹਕੂਮਤ ਦੀ ਪਾਕਿਸਤਾਨੀ ਫੌਜ ਨਾਲ ਸਾਂਝ ਨਿਭਦੀ ਰਹੀ। ਪਰ ਫਿਰ ਇਮਰਾਨ ਹਕੂਮਤ ਤੇ ਫੌਜ ਦਰਮਿਆਨ ਤੇੜਾਂ ਉੱਭਰਨੀਆਂ ਸ਼ੁਰੂ ਹੋ ਗਈਆਂ ਸਨ। ਚਾਹੇ ਇਸਦੇ ਉੱਪਰੋਂ ਦਿਖਦੇ ਕਾਰਨਾਂ ’ਚ ਤਾਂ ਫੌਜ ਅੰਦਰ ਆਈ ਐਸ ਆਈ ਮੁਖੀ ਦੀ ਤਾਇਨਾਤੀ ਨੂੰ ਲੈ ਕੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਤੇ ਇਮਰਾਨ ਖਾਨ ਵਿਚਾਲੇ ਚੱਲਿਆ ਰੇੜਕਾ ਦਿਖਦਾ ਹੈ ਪਰ ਇਸ ਤੋਂ ਵੀ ਵੱਡੇ ਕਾਰਨ ਅਮਰੀਕੀ ਸਾਮਰਾਜੀਆਂ ਨਾਲ ਇਮਰਾਨ ਖਾਨ ਦੀਆਂ ਵਧੀਆਂ ਦੂਰੀਆਂ ਹਨ ਜਿਹੜੀਆਂ ਅਫਗਾਨਿਸਤਾਨ ’ਚੋਂ ਅਮਰੀਕੀ ਸਾਮਰਾਜੀਆਂ ਦੇ ਨਿਕਾਲੇ ਵੇਲੇ ਜਾਹਰਾ ਤੌਰ ’ਤੇ ਸਾਹਮਣੇ ਆ ਗਈਆਂ ਸਨ। .
ਪਾਕਿਸਤਾਨੀ ਹਕੂਮਤ ਨੇ 2001 ’ਚ ਅਫਗਾਨਿਸਤਾਨ ’ਤੇ ਹਮਲਾ ਕਰਨ ਵੇਲੇ ਅਮਰੀਕੀ ਸਾਮਰਾਜੀਆਂ ਦੀ ਸ਼ਰੇਆਮ ਮੱਦਦ ਕੀਤੀ ਸੀ ਤੇ ਅਮਰੀਕੀ ਸਾਮਰਾਜੀਆਂ ਤੋਂ ਫੌਜੀ ਗਰਾਂਟਾਂ ਹਾਸਲ ਕੀਤੀਆਂ ਸਨ। ਪਰ ਇਸ ਖਿੱਤੇ ’ਚ ਅਮਰੀਕੀ ਸਾਮਰਾਜੀਆਂ ਵੱਲੋਂ ਮਚਾਈ ਤਬਾਹੀ ਨੇ ਲੋਕਾਂ ਅੰਦਰ ਅਮਰੀਕੀ ਸਾਮਰਾਜਵਾਦ ਵਿਰੋਧੀ ਤਿੱਖੀਆਂ ਤਰੰਗਾਂ ਨੂੰ ਛੇੜਿਆ ਹੋਇਆ ਹੈ। ਇਹ ਜੋਰਦਾਰ ਰੋਹ ਪਾਕਿਸਤਾਨੀ ਹਕੂਮਤਾਂ ਲਈ ਸੰਕਟ ਬਣਦਾ ਆ ਰਿਹਾ ਹੈ। ਤਾਲਿਬਾਨ ਲੜਾਕਿਆਂ ਨੂੰ ਪਾਕਿਸਤਾਨੀ ਲੋਕਾਈ ’ਚੋਂ ਮਿਲਦੀ ਰਹੀ ਹਮਾਇਤ ਪਾਕਿਸਤਾਨੀ ਹਾਕਮ ਜਮਾਤੀ ਸਿਆਸਤਦਾਨਾਂ ਲਈ ਇਹ ਦੂਹਰੀ ਖੇਡ ਖੇਡਣ ਦੀ ਮਜ਼ਬੂਰੀ ਬਣਾਉਦੀ ਰਹੀ ਹੈ ਕਿ ਉਹ ਇੰਕ ਪਾਸੇ ਤਾਂ ਅਮਰੀਕੀ ਸਾਮਰਾਜੀਆਂ ਦੀ ਨਿਗ੍ਹਾ ਵੀ ਸੁਵੱਲੀ ਰੱਖਣ, ਉਹਨਾਂ ਤੋਂ ਬੱਜਟ ਗਰਾਂਟਾਂ ਵੀ ਹਾਸਲ ਕਰਨ ਤੇ ਨਾਲ ਹੀ ਲੋਕਾਂ ਦੇ ਦਬਾਅ ਹੇਠ ਇਹ ਟਾਕਰਾ ਸ਼ਕਤੀਆਂ ਪ੍ਰਤੀ ਰੁਖ਼ ਨਰਮ ਰੱਖਣ। ਅਮਰੀਕੀ ਸਾਮਰਾਜੀਆਂ ਲਈ ਅਫਗਾਨਿਸਤਾਨ ਨੂੰ ਨਜਿੱਠਣ ਦੇ ਮਾਮਲੇ ’ਚ ਪਾਕਿਸਤਾਨੀ ਹਕੂਮਤ ਦੀ ਸਹਾਇਤਾ ਬਹੁਤ ਅਹਿਮ ਪੱਖ ਸੀ ਤੇ ਏਸੇ ਅਹਿਮੀਅਤ ਕਾਰਨ ਕਈ ਵਾਰ ਪਾਕਿਸਤਾਨੀ ਹਾਕਮ ਅਮਰੀਕੀ ਸਾਮਰਾਜੀਆਂ ਨਾਲ ਨਿਗੂਣੀਆਂ ਸਿਆਸੀ ਸੌਦੇਬਾਜੀਆਂ ਰਾਹੀਂ ਰਿਆਇਤਾਂ ਹਾਸਲ ਕਰਨ ਦੇ ਪੈਂਤੜੇ ਵੀ ਖੇਡਣ ਦਾ ਯਤਨ ਕਰਦੇ ਰਹੇ ਹਨ। ਇਹਨਾਂ ਅਮਰੀਕੀ ਵਿਰੋਧੀ ਟਾਕਰਾ ਸ਼ਕਤੀਆਂ ਪ੍ਰਤੀ ਪਾਕਿਸਤਾਨੀ ਹਾਕਮਾਂ ਦਾ ਨਰਮ ਪੈਂਦਾ ਰਿਹਾ ਰੁਖ਼ ਹੀ ਸੀ ਜਿਹੜਾ ਕਈ ਵਾਰ ਅਮਰੀਕੀ ਸਾਮਰਾਜੀ ਹੁਕਮਰਾਨਾਂ ’ਚ ਪਾਕਿਸਤਾਨੀ ਹਕੂਮਤਾਂ ਪ੍ਰਤੀ ਨਰਾਜ਼ਗੀ ਜਗਾਉਦਾ ਰਿਹਾ ਹੈ ਤੇ ਅਮਰੀਕੀ ਉੱਚ ਹਲਕਿਆਂ ’ਚ ਪਾਕਿਸਤਾਨੀ ਹਾਕਮਾਂ ਵੱਲੋਂ ਦੂਹਰੀ ਖੇਡ ਖੇਡਣ ਦੀ ਚਰਚਾ ਹੁੰਦੀ ਰਹੀ ਹੈ। ਏਸ ਔਖ ’ਚ ਹੀ, ਪਾਕਿਸਤਾਨੀ ਹਕੂਮਤ ’ਤੇ ਦਬਾਅ ਬਣਾਉਣ ਲਈ ਟਰੰਪ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾਂਦੀ ਫੌਜੀ ਗਰਾਂਟ ਦਾ 2 ਬਿਲੀਅਨ ਡਾਲਰ ਰੱਦ ਕਰ ਦਿੱਤਾ ਗਿਆ ਸੀ। .
ਹੁਣ ਅਫਗਾਨਿਸਤਾਨ ਨੂੰ ਲੈ ਕੇ ਪਾਕਿਸਤਾਨੀ ਹਕੂਮਤੀ ਹਲਕਿਆਂ ’ਚ ਤੇ ਅਮਰੀਕੀ ਸਾਮਰਾਜੀਆਂ ਦੇ ਸੰਬੰਧਾਂ ’ਚ ਉਭਰਵਾਂ ਪੱਖ ਟਕਰਾਅ ਦਾ ਬਣਿਆ ਹੋਇਆ ਹੈ। ਇਮਰਾਨ ਖਾਨ ਨੇ ਪਾਕਿਸਤਾਨ ਦੇ ਲੋਕਾਂ ’ਚ ਅਮਰੀਕਾ ਵਿਰੋਧੀ ਰੋਹ ਦੀਆਂ ਤਰੰਗਾਂ ਦਾ ਲਾਹਾ ਲੈਣ ਦਾ ਪੈਂਤੜਾ ਲੈਂਦਿਆਂ ਅਮਰੀਕੀ ਨੀਤੀਆਂ ਦਾ ਇਸ ਖਿੱਤੇ ’ਚ ਵਿਰੋਧ ਦਾ ਪੈਂਤੜਾ ਲੈ ਲਿਆ। ਵਿਸ਼ੇਸ਼ ਕਰਕੇ ਅਫਗਾਨਿਸਤਾਨ ’ਚ ਤੇ ਪਾਕ-ਅਫਗਾਨ ਸਰਹੱਦ ’ਤੇ ਡਰੋਨ ਹਮਲਿਆਂ ਲਈ ਪਾਕਿਸਤਾਨ ਦੀ ਧਰਤੀ ਦੀ ਵਰਤੋਂ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਇਮਰਾਨ ਦੇ ਇਸ ਪੈਂਤੜੇ ਨੇ ਇਮਰਾਨ ਖਾਨ ਸਰਕਾਰ ਤੇ ਟਰੰਪ ਹਕੂਮਤ ਦਰਮਿਆਨ ਵਿੱਥ ਵਧਾ ਦਿੱਤੀ ਸੀ ਤੇ ਬਾਇਡਨ ਪ੍ਰਸਾਸ਼ਨ ਵੇਲੇ ਇਹ ਹੋਰ ਵੀ ਸਿਰੇ ਲੱਗ ਗਈ। ਇਮਰਾਨ ਸਰਕਾਰ ਨੇ ਅਮਰੀਕੀ ਫੌਜ ਨੂੰ ਅਫਗਾਨਿਸਤਾਨ ’ਚੋਂ ਵਾਪਸੀ ਵੇਲੇ ਬਲੋਚਸਤਾਨ ਦੇ ਫੌਜੀ ਅੱਡੇ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ। ਇਹਨਾਂ ਸਬੰਧਾਂ ’ਚ ਤਰੇੜਾਂ ਹੋਰ ਡੂੰਘੀਆਂ ਹੋਈਆਂ ਜਦੋਂ ਅਮਰੀਕਾ ਵੱਲੋਂ ਧੁਮਾਇਆ ਗਿਆ ‘‘ਜਮਹੂਰੀਅਤ ਲਈ ਸਮੇਲਨ’’ ਨਾਂ ਦੇ ਸਮਾਗਮ ’ਚ ਇਮਰਾਨ ਖਾਨ ਨੇ ਸ਼ਾਮਲ ਹੋਣ ਤੋਂ ਆਖਰੀ ਮੌਕੇ ’ਤੇ ਇਨਕਾਰ ਕਰ ਦਿੱਤਾ। ਇਮਰਾਨ ਖਾਨ ਦੇ ਇਸ ਕਦਮ ਦੀ ਪਾਕਿਸਤਾਨੀ ਸਥਾਪਤੀ ਦੇ ਹਲਕਿਆਂ ’ਚ ਵੀ ਅਲੋਚਨਾ ਹੋਈ ਕਿਉਕਿ ਇਹ ਕਦਮ ਅਮਰੀਕਾ ਦੀ ਨਰਾਜ਼ਗੀ ਸਹੇੜਨ ਵਾਲਾ ਸੀ। ਇਹ ਚਰਚਾ ਵੀ ਹੋਈ ਕਿ ਇਮਰਾਨ ਖਾਨ ਵੱਲੋਂ ਇਹ ਬਾਈਕਾਟ ਚੀਨ ਦੀ ਸ਼ਹਿ ’ਤੇ ਕੀਤਾ ਗਿਆ ਹੈ। ਉਸਤੋਂ ਬਾਅਦ ਘਟਨਾਵਾਂ ਦੀਆਂ ਲੜੀਆਂ ਅੱਗੇ ਤੁਰਦੀਆਂ ਗਈਆਂ। ਰੂਸ ਵੱਲੋਂ ਯੂਕਰੇਨ ਤੇ ਹਮਲੇ ਤੋਂ ਐਨ ਪਹਿਲਾਂ ਇਮਰਾਨ ਵੱਲੋਂ ਰੂਸ ਦੀ ਸਰਕਾਰੀ ਯਾਤਰਾ ਕੀਤੀ ਗਈ ਤੇ ਉਸ ਵੇਲੇ ਅਮਰੀਕੀ ਸਾਮਰਾਜੀਏ ਰੂਸ ਨੂੰ ਨਿਖੇੜਨ ਦੇ ਦਾਅਪੇਚਾਂ ’ਚ ਜੁਟੇ ਹੋਏ ਸਨ। ਇਹ ਕਦਮ ਇੱਕ ਤਰ੍ਹਾਂ ਨਾਲ ਪਾਕਿਸਤਾਨੀ ਸਰਕਾਰ ਵੱਲੋਂ ਰੂਸ-ਚੀਨ ਖੇਮੇ ਦੇ ਹੋਰ ਨੇੜੇ ਹੋ ਜਾਣ ਦਾ ਐਲਾਨ ਬਣ ਗਿਆ। ਅਫਗਾਨਿਸਤਾਨ ਦੇ ਮਾਮਲੇ ’ਚ ਵੀ ਇਮਰਾਨ ਹਕੂਮਤ ਨੇ ਅਮਰੀਕੀ ਲੋੜਾਂ ਦੀ ਬਜਾਏ ਰੂਸ-ਚੀਨ ਖੇਮੇ ਦੀਆਂ ਲੋੜਾਂ ਅਨੁਸਾਰ ਭੁਗਤਣ ਦਾ ਪੈਂਤੜਾ ਲਿਆ ਤੇ ਅਮਰੀਕੀ ਸਾਮਰਾਜੀਆਂ ਦੀ ਨਰਾਜ਼ਗੀ ਤਿੱਖੀ ਹੋ ਗਈ। . .
ਇਮਰਾਨ ਹਕੂਮਤ ਤੇ ਉਸਤੋਂ ਪਹਿਲੀਆਂ ਹਕੂਮਤਾਂ ਦੀਆਂ ਸਾਮਰਾਜ ਪੱਖੀ ਨੀਤੀਆਂ ਕਾਰਨ ਪਾਕਿਸਤਾਨੀ ਆਰਥਿਕਤਾ ਡੂੰਘੇ ਆਰਥਿਕ ਸੰਕਟਾਂ ’ਚ ਗੋਤੇ ਲਾ ਰਹੀ ਹੈ। ਮਹਿੰਗਾਈ ਸਿਖਰਾਂ ਛੋਹ ਰਹੀ ਹੈ ਤੇ ਵਿਦੇਸ਼ੀ ਕਰੰਸੀ ਭੰਡਾਰ ਖਾਲੀ ਹੋਣ ਦੀ ਕਗਾਰ ’ਤੇ ਹਨ। ਇਹਨਾਂ ਦੇ ਖਾਲੀ ਹੋਣ ਦੀ ਸੂਰਤ ’ਚ ਬਾਹਰੋਂ ਮੰਗਵਾਉਣ ਵਾਲੀਆਂ ਵਸਤਾਂ ਦੇ ਅਤਿ ਮਹਿੰਗੀਆਂ ਹੋ ਕੇ ਭਾਰੀ ਤੋਟ ਹੋ ਜਾਣ ਦਾ ਖਤਰਾ ਹੈ ਤੇ ਸ੍ਰੀ ਲੰਕਾ ਵਰਗੇ ਹਾਲਾਤ ਬਣ ਜਾਣ ਦਾ ਸੰਕਟ ਮੰਡਰਾ ਰਿਹਾ ਹੈ। ਇਸ ਸੰਕਟ ਦਾ ਲਾਹਾ ਲੈਣ ਲਈ ਕੌਮਾਂਤਰੀ ਮੁਦਰਾ ਕੋਸ਼ ਨੇ ਪਾਕਿਸਤਾਨ ਨੂੰ ਸਹਾਇਤਾ ਦੇਣ ਤੇ ਬਦਲੇ ’ਚ ਪਾਕਿਸਤਾਨ ਦੀ ਆਰਥਿਕਤਾ ਦੇ ਬੂਹੇ ਸਾਮਰਾਜੀ ਪੂੰਜੀ ਲਈ ਹੋਰ ਖੋਲ੍ਹਣ ਤੇ ਸਰਕਾਰੀ ਸਬਸਿਡੀਆਂ ਤੇ ਸਮਾਜਿਕ ਭਲਾਈ ਖਰਚਿਆਂ ’ਤੇ ਕਟੌਤੀ ਲਾਉਣ ਦੀਆਂ ਸ਼ਰਤਾਂ ਰੱਖੀਆਂ। ਪਰ ਪਹਿਲਾਂ ਹੀ ਆਰਥਿਕ ਸੰਕਟ ਕਾਰਨ ਲੋਕਾਂ ’ਚੋਂ ਸ਼ਾਖ਼ ਗੁਆ ਚੁੱਕੀ ਇਮਰਾਨ ਹਕੂਮਤ ਇਹ ਸਬਸਿਡੀਆਂ ਕੱਟਣ ਦਾ ਜੋਖਮ ਨਹੀਂ ਲੈ ਸਕਦੀ ਸੀ ਤੇ ਆਈ ਐਮ ਐਫ ਨਾਲ ਗੱਲਬਾਤ ਟੁੱਟ ਗਈ। ਘਰੇਲੂ ਆਰਥਿਕਤਾ ਦੇ ਸੰਕਟ ਤੇ ਅਮਰੀਕੀ ਸਾਮਰਾਜੀਆਂ ਦੀ ਨਰਾਜ਼ਗੀ ਇਮਰਾਨ ਹਕੂਮਤ ਨੂੰ ਮਹਿੰਗੀ ਪਈ ਤੇ ਉਸਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਆਪਣੀ ਸਿਆਸਤ ਦੇ ਕਿਰਦਾਰ ਤੇ ਲੋਕ-ਵਿਰੋਧੀ ਨੀਤੀਆਂ ਕਾਰਨ ਚਾਹੇ ਇਮਰਾਨ ਖਾਨ ਪਾਕਿਸਤਾਨੀ ਜਨਤਾ ’ਚ ਮੌਜੂਦ ਅਮਰੀਕੀ ਸਾਮਰਾਜ ਵਿਰੋਧੀ ਤਰੰਗਾਂ ਨੂੰ ਹੋਰ ਛੇੜਨ ਤੇ ਉਭਾਰਨ ਰਾਹੀਂ ਵੱਡਾ ਲਾਹਾ ਲੈਣ ਦੀ ਸਥਿਤੀ ’ਚ ਨਹੀਂ ਹੈ ਤਾਂ ਵੀ ਉਸ ਦੀ ਟੇਕ ਇਸ ਰੋਹ ’ਤੇ ਹੀ ਹੈ। ਸਰਕਾਰ ਤੋਂ ਬਾਹਰ ਹੋ ਕੇ ਵੀ, ਉਹ ਏਸੇ ਪੈਂਤੜੇ ਤੋਂ ਖੜ੍ਹਕੇ ਅਗਲੀਆਂ ਚੋਣਾਂ ’ਚ ਉਤਰਨ ਦੀਆਂ ਤਿਆਰੀਆਂ ਕਰੇਗਾ। .।
ਨਵੀਂ ਹਕੂਮਤ ਜਿੱਥੇ ਅਮਰੀਕਾ ਨਾਲ ਸਬੰਧਾਂ ਨੂੰ ਸੁਧਾਰਨ ਦਾ ਯਤਨ ਕਰ ਰਹੀ ਹੈ ਉਥੇ ਰੂਸ-ਚੀਨ ਨਾਲ ਵੀ ਇੱਕ ਸੰਤੁਲਨ ਬਣਾਉਣ ਦਾ ਯਤਨ ਕਰਦੀ ਜਾਪਦੀ ਹੈ। ਘੱਟੋ ਘੱਟ ਰੂਸ-ਚੀਨ ਲਈ ਵੀ ਪਾਕਿਸਤਾਨ ਦੀ ਮਹੱਤਤਾ ਹੋਣ ਕਰਕੇ ਉਹ ਵੀ ਨਵੀਂ ਸਰਕਾਰ ਨਾਲ ਨੇੜਲੇ ਸੰਬੰਧਾਂ ਦੇ ਚਾਹਵਾਨ ਹਨ।
ਪਾਕਿਸਤਾਨੀ ਸਰਕਾਰ ਦਾ ਇਹ ਸੰਕਟ ਪਾਕਿਸਤਾਨੀ ਵੰਨਗੀ ਦੀ ਵਿਸ਼ੇਸ਼ਤਾ ਦੇ ਨਾਲ ਨਾਲ ਅੰਤਰ ਸਾਮਰਾਜੀ ਵਿਰਧਤਾਈ ਦੇ ਤਿੱਖੀ ਹੋਣ ਦੇ ਪ੍ਰਛਾਵਿਆਂ ਦਾ ਤੀਜੀ ਦੁਨੀਆਂ ਦੇ ਮੁਲਕਾਂ ਦੀ ਸਿਆਸਤ ’ਤੇ ਪੈਣ ਦਾ ਇਜ਼ਹਾਰ ਵੀ ਹੈ। ਜੇ ਰੂਸ-ਯੂਕਰੇਨ ਜੰਗ ਅੰਤਰ ਸਾਮਰਾਜੀ ਵਿਰੋਧਤਾਈ ਦੇ ਹੋਰ ਉਚੇਰੇ ਪੜਾਅ ’ਤੇ ਜਾਣ ਦਾ ਪ੍ਰਗਟਾਵਾ ਹੈ ਤਾਂ ਪਾਕਿਸਤਾਨੀ ਸਰਕਾਰ ਦਾ ਸੰਕਟ ਇਸ ਵਿਰੋਧਤਾਈ ਦੀ ਧਮਕ ਅਧੀਨ ਮੁਲਕਾਂ ਦੇ ਸਿਆਸੀ ਹਲਕਿਆਂ ’ਚ ਪੈਣ ਦਾ ਪ੍ਰਗਟਾਵਾ ਹੈ। ਜਿਉ ਜਿਉ ਇਸ ਵਿਰੋਧਤਾਈ ਨੇ ਤਿੱਖਾ ਹੋਣਾ ਹੈ ਤਿਉ ਤਿਉ ਸੰਕਟ ਗ੍ਰਸਤ ਪਛੜੇ ਮੁਲਕਾਂ ਦੀਆਂ ਦਲਾਲ ਹਾਕਮ ਜਮਾਤਾਂ ਦੇ ਆਪਸੀ ਵਿਰੋਧਾਂ ਨੇ ਵੀ ਨਵੇਂ ਪਸਾਰ ਹਾਸਲ ਕਰਨੇ ਹਨ।
No comments:
Post a Comment