ਲੁੱਟ ਰਹਿਤ ਸਮਾਜ ਸਿਰਜਣ ਲਈ ਜੂਝਣ ਦਾ ਸੁਨੇਹਾ ਦਿੰਦਾ ਮਈ ਦਿਹਾੜਾ
ਮਨੁੱਖੀ ਕਿਰਤ ਨੇ ਇਸ ਧਰਤੀ ’ਤੇ ਵਸੇ ਸੰਸਾਰ ਦਾ ਰੂਪ ਘੜਿਆ ਹੈ। ਅਮੁੱਕ ਦੌਲਤ ਸਿਰਜੀ ਹੈ ਅਤੇ ਇਸ ਬ੍ਰਹਿਮੰਡ ਅੰਦਰ ਆਪਣੀ ਹੋਂਦ ਦੀ ਛਾਪ ਲਾਈ ਹੈ। ਜੰਗਲਾਂ ਨੂੰ ਖੇਤਾਂ, ਮਿੱਟੀ ਨੂੰ ਇਮਾਰਤਾਂ, ਧਾਤਾਂ ਨੂੰ ਔਜ਼ਾਰਾਂ ਵਿੱਚ ਪਲਟ ਦੇਣ ਵਾਲੀ ਇਹ ਕਿਰਤ ਇਤਿਹਾਸ ਦੇ ਕਾਲ ਚੱਕਰ ਦੌਰਾਨ ਸਦੀ ਦਰ ਸਦੀ, ਨਿਜ਼ਾਮ ਦਰ ਨਿਜ਼ਾਮ ਆਪਣੇ ਹਕੀਕੀ ਰੁਤਬੇ ਅਤੇ ਸ਼ਾਨ ਤੋਂ ਵਾਂਝੇ ਰਹਿਣ ਦਾ ਸੰਤਾਪ ਹੰਢਾਉਂਦੀ ਆਈ ਹੈ। ਇਤਿਹਾਸ ਦੇ ਇੱਕ ਮੋੜ ਉੱਤੇ ਇਸ ਦੀ ਇੱਕ ਜਿਣਸ ਵਜੋਂ ਸਥਾਪਤੀ ਨੇ ਇਸ ਦੀ ਲੁੱਟ-ਖਸੁੱਟ ਦਾ ਅਜਿਹਾ ਪ੍ਰਬੰਧ ਸਿਰਜਿਆ ਹੈ ਜੋ ਇਸਦੀ ਬੇਪਨਾਹ ਸਮਰੱਥਾ ਦੇ ਖੰਭਾਂ ਨੂੰ ਬੁਰੀ ਤਰ੍ਹਾਂ ਕਤਰ ਸੁੱਟਦਾ ਹੈ। ਅੱਜ ਵੀ ਦੁਨੀਆ ਭਰ ਦੇ ਕਿਰਤੀ ਲੋਕ ਵੱਧ ਜਾਂ ਘੱਟ ਰੂਪ ਵਿੱਚ ਮੁਨਾਫ਼ੇ ਦੀ ਮੰਡੀ ਅੰਦਰ ਜਿਣਸ ਵਜੋਂ ਆਪਣੀ ਕਿਰਤ ਦੀ ਲੁੱਟ ਅਤੇ ਬੇਕਦਰੀ ਹੰਢਾ ਰਹੇ ਹਨ।
ਪੂੰਜੀਵਾਦ ਪ੍ਰਬੰਧ ਦੇ ਸਾਮਰਾਜਵਾਦ ਵਿੱਚ ਤਬਦੀਲ ਹੋਣ ਅਤੇ ਸਾਡੇ ਦੇਸ਼ ਵਰਗੇ ਆਰਥਿਕ ਸਮਾਜਿਕ ਢਾਂਚਿਆਂ ਅੰਦਰ ਇਸ ਦੇ ਨਵ ਬਸਤੀਵਾਦੀ ਰੂਪ ਵਿੱਚ ਲਾਗੂ ਹੋਣ ਦੌਰਾਨ ਇਹ ਲੁੱਟ ਖਸੁੱਟ ਨਵੇਂ ਤੋਂ ਨਵੇਂ ਪਸਾਰ ਗ੍ਰਹਿਣ ਕਰਦੀ ਗਈ ਹੈ। ਸਾਡਾ ਆਪਣਾ ਮੁਲਕ ਵੀ ਕਿਰਤ ਦੀ ਲੁੱਟ ਦੇ ਇਨ੍ਹਾਂ ਨਵੇਂ ਪਸਾਰਾਂ ਲਈ ਜ਼ਮੀਨ ਬਣਿਆ ਹੋਇਆ ਹੈ। ਨਵੀਂਆਂ ਆਰਥਿਕ ਨੀਤੀਆਂ ਦੇ ਲਾਗੂ ਹੋਣ ਤੋਂ ਬਾਅਦ ਦਾ ਦੌਰ ਇਸ ਪੱਖੋਂ ਬੇਹੱਦ ਕਾਲਾ ਰਿਹਾ ਹੈ। ਇਸ ਦੌਰ ਨੇ ਲੋਕਾਂ ਦੇ ਕਿਰਤ ਅਧਿਕਾਰਾਂ ’ਤੇ ਵੱਡਾ ਝਪੁੱਟ ਮਾਰਿਆ ਹੈ। ਪਿਛਲੇ ਸਮੇਂ ਤੋਂ ਸਾਡਾ ਦੇਸ਼ ਸੰਸਾਰ ਦੇ ਸਭ ਤੋਂ ਸਸਤੇ ਦੇਸ਼ਾਂ ਵਿੱਚ ਸ਼ੁਮਾਰ ਤੁਰਿਆ ਆ ਰਿਹਾ ਹੈ। ਇਸ ਦਾ ਕਾਰਨ ਇੱਥੇ ਬੇਹੱਦ ਸਸਤੀ ਕਿਰਤ ਸ਼ਕਤੀ ਹੈ, ਜੋ ਪੈਦਾ ਹੋ ਰਹੀਆਂ ਚੀਜ਼ਾਂ ਦੀ ਕੀਮਤ ਨੀਵੀਂ ਰੱਖਦੀ ਹੈ। ਇਹ ਸਸਤੀ ਕਿਰਤ ਸ਼ਕਤੀ ਮਨੁੱਖੀ ਕੀਮਤ ਅਦਾ ਕਰਕੇ ਹਾਸਲ ਕੀਤੀ ਜਾਂਦੀ ਹੈ। ਮਨੁੱਖੀ ਉਮਰ, ਸਿਹਤ, ਵਿਕਾਸ, ਸਮਰੱਥਾ ਤੇ ਸੰਭਾਵਨਾਵਾਂ ਦੀ ਬਲੀ ਦੇ ਕੇ ਹਾਸਲ ਕੀਤੀ ਜਾਂਦੀ ਹੈ। ਬਹੁਗਿਣਤੀ ਲੋਕਾਂ ਦੀ ਸੰਸਾਰ ਅੰਦਰ ਆਪਣਾ ਮੌਲਿਕ ਯੋਗਦਾਨ ਪਾਉਣ ਦੀ ਸਮਰੱਥਾ ਨੂੰ ਮਰੁੰਡ ਕੇ ਹਾਸਿਲ ਕੀਤੀ ਜਾਂਦੀ ਹੈ। ਮਨੁੱਖ ਨੂੰ ਉਸਦੀ ਮਨੁੱਖੀ ਖ਼ਾਸੀਅਤ ਤੋਂ ਵਾਂਝਿਆਂ ਕਰਕੇ ਕੀਤੀ ਜਾਂਦੀ ਹੈ। ਮਨੁੱਖ ਨੂੰ ਹੋਰਨਾਂ ਜਾਨਵਰਾਂ ਤੋਂ ਵਖਰਿਆਉਣ ਵਾਲੀ ਉਸ ਦੀ ਖਾਸੀਅਤ ਉਸ ਦੀ ਸੋਚਣ, ਸਮਝਣ, ਕਲਪਨਾ ਕਰਨ, ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਅਤੇ ਸੰਸਾਰ ਨੂੰ ਆਪਣੇ ਅਨੁਸਾਰ ਢਾਲਣ ਦੀ ਸਮਰੱਥਾ ਹੈ। ਹਰੇਕ ਮਨੁੱਖ ਆਪਣੀ ਖਾਸੀਅਤ ਮੁਤਾਬਕ, ਆਪਣੀ ਵਿਸ਼ੇਸ਼ ਬੌਧਿਕ ਸਮਰੱਥਾ ਅਤੇ ਯੋਗਤਾ ਮੁਤਾਬਕ ਅਤੇ ਵਿਸ਼ੇਸ਼ ਰੁਚੀਆਂ ਮੁਤਾਬਕ ਇਸ ਸੰਸਾਰ ਦੀ ਨੁਹਾਰ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਪਰ ਇਹ ਪ੍ਰਬੰਧ ਬਹੁਗਿਣਤੀ ਲੋਕਾਂ ਨੂੰ ਮਹਿਜ਼ ਦੋ ਵਕਤ ਦੀ ਰੋਟੀ ਦੇ ਆਹਰ ਵਿੱਚ ਉਲਝਾ ਕੇ ਰੱਖਦਾ ਹੈ। ਉਸ ਦੀਆਂ ਜੀਵਨ ਸਰਗਰਮੀਆਂ ਨੂੰ ਜੂਨ-ਗੁਜ਼ਾਰੇ ਦੇ ਓਹੜ-ਪੋਹੜ ਤੱਕ ਸੀਮਤ ਕਰਦਾ ਹੈ। ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਗੇੜ ਵਿੱਚ ਹੀ ਉਸ ਦੀਆਂ ਸਮਰੱਥਾਵਾਂ ਨੂੰ ਬੰਨ੍ਹ ਕੇ ਰੱਖਦਾ ਹੈ। ਇਹ ਪ੍ਰਬੰਧ ਇੱਕ ਮਨੁੱਖ ਵਜੋਂ ਸੰਸਾਰ ਨੂੰ ਘੋਖਣ ਦਾ, ਸਮਝਣ ਦਾ ਅਤੇ ਬਿਹਤਰੀ ਲਈ ਬਦਲਣ ਦਾ ਸਮਾਂ ਉਸ ਕੋਲੋਂ ਚੋਰੀ ਕਰ ਲੈਂਦਾ ਹੈ।
ਸਰੀਰਕ ਅਤੇ ਮਾਨਸਿਕ ਕਿਰਤ ਦੇ ਰੂਪ ਵਿੱਚ ਬਹੁਗਿਣਤੀ ਲੋਕਾਂ ਦੀ ਸਮਰੱਥਾ ਨਿਚੋੜ ਕੇ ਨਿੱਜੀ ਮੁਨਾਫ਼ਿਆਂ ਦੇ ਸਵਰਗ ਉਸਾਰਨਾ ਮੌਜੂਦਾ ਪ੍ਰਬੰਧ ਦਾ ਮੂਲ ਮੰਤਰ ਹੈ। ਇਸ ਜਮਾਤਾਂ ਵਿੱਚ ਵੰਡੇ ਸਮਾਜ ਅੰਦਰ ਕਿਰਤੀ ਜਮਾਤ ਦੀ ਕਿਰਤ ਲੁੱਟਕੇ ਅਤੇ ਉਸਨੂੰ ਧਰਤੀ ਦੀਆਂ ਨਿਆਮਤਾਂ ਵਿੱਚ ਉਸਦੇ ਹੱਕ ਤੋਂ ਮਹਿਰੂਮ ਕਰਕੇ ਹੀ ਪੂੰਜੀਪਤੀ ਜਮਾਤ ਫਲਦੀ ਹੈ। ਮਨੁੱਖ ਦੇ ਮਨੁੱਖ ਵਜੋਂ ਖਿੜਨ ਲਈ ਇਸ ਪ੍ਰਬੰਧ ਨੂੰ ਤਹਿਸ-ਨਹਿਸ ਕਰਕੇ ਕੁਦਰਤੀ ਨਿਆਂ ਉੱਤੇ ਟਿਕਿਆ ਪ੍ਰਬੰਧ ਉਸਾਰਨਾ ਜ਼ਰੂਰੀ ਹੈ। ਸਮਾਜਵਾਦ ਉਹ ਪ੍ਰਬੰਧ ਹੈ ਜਿਸ ਅੰਦਰ ਮਨੁੱਖ ਕੁਦਰਤੀ ਨਿਆਂ ਦੀਆਂ ਬਰਕਤਾਂ ਹੰਢਾਉਂਦਾ ਹੈ। ਜਿਸ ਅੰਦਰ ਜਮਾਤੀ ਲੁੱਟ ਦਾ ਅੰਤ ਹੁੰਦਾ ਹੈ। ਜਿਸ ਅੰਦਰ ਸਮਾਜ ਮਨੁੱਖ ਦੇ ਸਨਮਾਨਜਨਕ ਤਰੀਕੇ ਨਾਲ ਜਿਉਣ ਦੀ ਜ਼ਾਮਨੀ ਕਰਦਾ ਹੈ। ਉਸ ਨੂੰ ਭਵਿੱਖ ਲਈ ਸੁਰੱਖਿਆ ਪ੍ਰਦਾਨ ਕਰਦਾ ਹੈ। ਵਿਕਾਸ ਦੇ ਬਰਾਬਰ ਮੌਕੇ ਪ੍ਰਦਾਨ ਕਰਦਾ ਹੈ। ਅੱਜ ਦੇ ਵਿਕਸਤ ਦੇਸ਼ਾਂ ਦੇ ਪੂੰਜੀਵਾਦੀ ਪ੍ਰਬੰਧ ਜੋ ਕਿਰਤੀ ਵਰਗ ਨੂੰ ਕਿਸੇ ਹੱਦ ਤੱਕ ਸਮਾਜਿਕ ਸੁਰੱਖਿਆ ਦੇਣ ਦਾ ਦਾਅਵਾ ਕਰਦੇ ਹਨ, ਉਹ ਆਪਣੇ ਸਭਨਾਂ ਨਾਗਰਿਕਾਂ ਨੂੰ ਵਿਕਾਸ ਦੇ ਬਰਾਬਰ ਮੌਕੇ ਦੇਣ ਤੋਂ ਅਸਮਰੱਥ ਹਨ। ਉਨ੍ਹਾਂ ਦੇਸ਼ਾਂ ਅੰਦਰ ਨਿੱਜੀ ਪੂੰਜੀ ਦੇ ਵੱਡੇ ਸਵਰਗ ਹਨ ਅਤੇ ਉੱਥੇ ਵੀ ਸਮਾਜ ਨੂੰ ਹਾਸਲ ਬਰਕਤਾਂ ਦੀ ਚੂਣ-ਭੂਣ ਹੀ ਕਿਰਤੀ ਲੋਕਾਂ ਤੱਕ ਪੁੱਜਦੀ ਹੈ, ਹਾਲਾਂਕਿ ਵਿਕਾਸਸ਼ੀਲ ਦੇਸ਼ਾਂ ਦੇ ਨਜ਼ਰੀਏ ਤੋਂ ਦੇਖਿਆਂ ਇਹ ਚੂਣ-ਭੂਣ ਵੀ ਵੱਡੀ ਗੱਲ ਲੱਗਦੀ ਹੈ। ਇਨ੍ਹਾਂ ਦੇਸ਼ਾਂ ਅੰਦਰ ਵੀ ਲੋਕ ਮੁਕੰਮਲ ਸਮਾਜਿਕ ਸੁਰੱਖਿਆ ਤੋਂ ਵਾਂਝੇ ਹਨ ਅਤੇ ਕਰੋਨਾ ਵਰਗੇ ਹਾਲਾਤ ਉਨ੍ਹਾਂ ਦੀ ਸਮਾਜ ਅੰਦਰ ਅਸਲ ਦਸ਼ਾ ਦੀ ਗਵਾਹੀ ਹੋ ਨਿਬੜਦੇ ਹਨ। ਸਿਰਫ਼ ਇੱਕ ਸਮਾਜਵਾਦੀ ਪ੍ਰਬੰਧ ਹੀ ਹੈ ਜੋ ਸਮੇਂ ਦੇ ਇੱਕ ਪੜਾਅ ’ਤੇ ਜਾ ਕੇ ਸਮਾਜ ਅੰਦਰ ਮੌਜੂਦ ਕੁੱਲ ਬਰਕਤਾਂ ਲੋਕਾਂ ਦੇ ਲੇਖੇ ਲਾ ਸਕਦਾ ਹੈ। ਇਨ੍ਹਾਂ ਉੱਤੇ ਉਨ੍ਹਾਂ ਦੀ ਬਰਾਬਰ ਦੀ ਮਾਲਕੀ ਦੀ ਜ਼ਾਮਨੀ ਕਰ ਸਕਦਾ ਹੈ। ਇਨ੍ਹਾਂ ਬਰਕਤਾਂ ਨੂੰ ਮੁੱਠੀ ਭਰ ਲੋਕਾਂ ਦੀ ਜਾਗੀਰ ਬਣਨੋਂ ਬਚਾ ਸਕਦਾ ਹੈ। ਇਸ ਪ੍ਰਬੰਧ ਅੰਦਰ ਸਮਾਜ ਦੇ ਕੁੱਲ ਵਸੀਲਿਆਂ ਉੱਤੇ ਸਭਨਾਂ ਦੀ ਬਰਾਬਰ ਮਾਲਕੀ ਅਤੇ ਇਸ ਮਾਲਕੀ ’ਚੋਂ ਉਪਜੀ ਸੁਰੱਖਿਆ ਨਿਸ਼ਚਿੰਤਤਾ ਨਾਲ ਆਪਣੀਆਂ ਬਿਰਤੀਆਂ ਸਮਾਜ ਦੇ ਵਿਕਾਸ ਵੱਲ ਇਕਾਗਰ ਕਰਨ ਦਾ ਆਧਾਰ ਸਿਰਜਦੀ ਹੈ। ਇਹ ਸਮਾਜਵਾਦੀ ਪ੍ਰਬੰਧ ਹੀ ਹੈ ਜੋ ਆਪਣੇ ਤੋਂ ਅਗਲੇਰੇ ਵਿਕਸਤ ਸਮਾਜ ਦੀ ਨੀਂਹ ਧਰਦਾ ਹੈ ਜਿਸ ਨੂੰ ਕਮਿਊਨਿਜ਼ਮ ਕਿਹਾ ਜਾਂਦਾ ਹੈ। ਅਤੇ ਇਹ ਕਮਿਊਨਿਸਟ ਸਮਾਜ ਹੁੰਦਾ ਹੈ, ਜਿੱਥੇ ਸਮਾਜ ਦੀਆਂ ਕੁੱਲ ਪ੍ਰਾਪਤੀਆਂ, ਕੁੱਲ ਬਰਕਤਾਂ, ਕੁੱਲ ਵਸਤਾਂ ਸਭਨਾਂ ਲੋਕਾਂ ਦੀ ਸੇਵਾ ਵਿੱਚ ਹੁੰਦੀਆਂ ਹਨ। ਹਰ ਕਿਸੇ ਨੂੰ ਆਪਣੀ ਜ਼ਰੂਰਤ ਅਨੁਸਾਰ ਇਸ ਸਮਾਜ ਵਿਚੋਂ ਹਾਸਲ ਹੁੰਦਾ ਹੈ। ਇਹ ਜਮਾਤ ਰਹਿਤ ਸਮਾਜ ਆਪਣੇ ਹਰ ਨਾਗਰਿਕ ਦੀਆਂ ਵਿਸ਼ੇਸ਼ ਲੋੜਾਂ ਅਤੇ ਵਿਸੇਸ਼ ਹਾਲਤਾਂ ਦਾ ਖਿਆਲ ਰੱਖਦਾ ਹੈ। ਇਉਂ ਹੀ ਹਰ ਕਿਸੇ ਨੂੰ ਆਪਣੀ ਮੌਲਿਕਤਾ ਮੁਤਾਬਕ ਖਿੜਨ ਦਾ ਮੌਕਾ ਮਿਲਦਾ ਹੈ। ਰਾਜ ਵੱਲੋਂ ਨਿਰਧਾਰਤ ਕਾਇਦੇ ਕਾਨੂੰਨਾਂ ਦੀ ਥਾਵੇਂ ਲੋਕਾਂ ਦੀ ਸਮੂਹਿਕ ਚੇਤਨਾ ਅਜੇਹੇ ਪ੍ਰਬੰਧ ਦੀ ਚਾਲਕ ਸ਼ਕਤੀ ਹੁੰਦੀ ਹੈ। ਜੇ ਕਿਸੇ ਉਦਾਹਰਣ ਰਾਹੀਂ ਸਮਝਣਾ ਹੋਵੇ ਤਾਂ ਮੌਜੂਦਾ ਪ੍ਰਬੰਧ ਉਹ ਪ੍ਰਬੰਧ ਹੈ ਜਿਸ ਵਿੱਚ ਲੋਕ ਤੋਟਾਂ, ਥੁੜਾਂ ਅਤੇ ਅਸੁਰੱਖਿਆ ਦਾ ਸ਼ਿਕਾਰ ਹਨ। ਇਹ ਅਸੁਰੱਖਿਆ ਦੀ ਭਾਵਨਾ ਨਾ ਸਿਰਫ਼ ਉਨ੍ਹਾਂ ਨੂੰ ਸਮਾਜ ਵਿਚ ਕੋਈ ਉਸਾਰੂ ਯੋਗਦਾਨ ਪਾਉਣ ਤੋਂ ਰੋਕਦੀ ਹੈ, ਸਗੋਂ ਉਨ੍ਹਾਂ ਅੰਦਰ ਖ਼ੁਦਗਰਜ਼ ਬਿਰਤੀਆਂ ਉਤਸ਼ਾਹਤ ਕਰਨ ਦਾ ਸੋਮਾ ਬਣਦੀ ਹੈ। ਇਹ ਤੋਟ ਅਤੇ ਥੁੜਾਂ ਉਨ੍ਹਾਂ ਨੂੰ ਲੋੜ ਤੋਂ ਵੱਧ ਚੀਜ਼ਾਂ ਇਕੱਠੀਆਂ ਕਰਨ, ਆਰਥਿਕ ਕਮਾਈ ਲਈ ਵੱਧ ਤੋਂ ਵੱਧ ਸਮਾਂ ਲਾਉਣ, ਦੂਜੇ ਨੂੰ ਲਤਾੜ ਕੇ ਅੱਗੇ ਲੰਘ ਜਾਣ ਲਈ ਹੱਲਾਸ਼ੇਰੀ ਦੇਣ ਦਾ ਆਧਾਰ ਬਣਦੀਆਂ ਹਨ। ਜਿਵੇਂ ਜਦੋਂ ਕਿਸੇ ਭੁੱਖਮਰੀ ਦੀ ਹਾਲਤ ਅੰਦਰ ਲੰਗਰ ਲਗਦਾ ਹੈ ਅਤੇ ਲੰਗਰ ਅੰਦਰ ਵੀ ਰੋਟੀਆਂ ਦੀ ਤੋਟ ਹੁੰਦੀ ਹੈ ਤਾਂ ਹਰ ਕੋਈ ਇੱਕ ਦੂਜੇ ਤੋਂ ਅੱਗੇ ਹੋ ਕੇ ਰੋਟੀ ਹਾਸਿਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਜਿਹੇ ਵਿੱਚ ਕਿਸੇ ਹੋਰ ਦਾ ਹਿੱਸਾ ਮਾਰ ਕੇ ਵੀ ਆਪਣੇ ਲਈ ਵੱਧ ਰੋਟੀ ਇਕੱਠੀ ਕਰਨੀ ਆਮ ਗੱਲ ਹੈ ਤਾਂ ਕਿ ਸਵੇਰ ਦੇ ਨਾਲ ਨਾਲ ਰਾਤ ਦੀ ਰੋਟੀ ਦਾ ਵੀ ਪ੍ਰਬੰਧ ਹੋ ਜਾਵੇ। ਇਸ ਦੇ ਮੁਕਾਬਲੇ ਸਮਾਜਵਾਦੀ ਪ੍ਰਬੰਧ ਉਹ ਪ੍ਰਬੰਧ ਹੈ ਜਿੱਥੇ ਸਮਾਜ ਦੀ ਪੈਦਾਵਾਰ ਵਿਚ ਹਰ ਵਿਅਕਤੀ ਬਰਾਬਰ ਦਾ ਹਿੱਸੇਦਾਰ ਹੈ। ਇਹ ਪ੍ਰਬੰਧ ਨਾ ਸਿਰਫ਼ ਇਸ ਗੱਲ ਦੀ ਗਰੰਟੀ ਕਰਦਾ ਹੈ ਕਿ ਕਿਰਤੀਆਂ ਦੇ ਲੰਗਰ ਵਿੱਚ ਕੋਈ ਤੋਟ ਨਾ ਰਹੇ, ਸਗੋਂ ਇਸ ਗੱਲ ਦੀ ਵੀ ਗਰੰਟੀ ਕਰਦਾ ਹੈ ਕਿ ਲੰਗਰ ਵਿਚ ਕਿਸੇ ਵੀ ਵਿਅਕਤੀ ਦਾ ਹਿੱਸਾ ਨਾ ਮਾਰਿਆ ਜਾਵੇ। ਲੰਗਰ ਵਿੱਚ ਜਿੰਨੀਆਂ ਰੋਟੀਆਂ ਹਨ, ਉਨ੍ਹਾਂ ਵਿੱਚੋਂ ਵੰਡਵੀਂ ਰੋਟੀ ਹਰ ਇੱਕ ਦੇ ਹਿੱਸੇ ਜ਼ਰੂਰ ਆਵੇ।
ਪਰ ਕਮਿਊਨਿਸਟ ਸਮਾਜ ਅੰਦਰ ਸਭ ਵਸੀਲੇ ਇਉਂ ਲੋਕਾਂ ਦੀ ਸੇਵਾ ਵਿੱਚ ਹੁੰਦੇ ਹਨ ਕਿ ਹਰ ਕੋਈ ਆਪਣੀ ਲੋੜ ਮੁਤਾਬਕ ਉਨ੍ਹਾਂ ਦੀ ਵਰਤੋਂ ਕਰ ਸਕਦਾ ਹੈ। ਇਹ ਇੱਕ ਅਜਿਹੇ ਲੰਗਰ ਦੇ ਨਿਆਂਈਂ ਹੈ ਜਿਸ ਵਿੱਚ ਸਭ ਚੀਜ਼ਾਂ ਸਭਨਾਂ ਲੋਕਾਂ ਦੇ ਸਾਹਮਣੇ ਹਨ ਅਤੇ ਹਰ ਕੋਈ ਆਪਣੀ ਜ਼ਰੂਰਤ ਜੋਗੀ ਚੀਜ਼ ਲੈ ਰਿਹਾ ਹੈ। ਇਸ ਸਮਾਜ ਅੰਦਰ ਸਭਨਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਥਾਂ ਮਿਲਦੀ ਹੈ ਅਤੇ ਸਭਨਾਂ ਦੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ। ਇਹੀ ਸਮਾਜ ਹੈ ਜਦੋਂ ਮਨੁੱਖੀ ਸਮਰੱਥਾ ਆਪਣੀਆਂ ਲੋੜਾਂ ਦੀ ਪੂਰਤੀ ਦੇ ਫ਼ਿਕਰਾਂ ਤੋਂ ਆਜ਼ਾਦ ਹੋ ਕੇ ਇਸ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਜੁੱਟਦੀ ਹੈ। ਕਰੋੜਾਂ ਕਰੋੜ ਮੁਨੱਖੀ ਦਿਮਾਗ ਸਭ ਫ਼ਿਕਰਾਂ ਤੋਂ ਆਜ਼ਾਦ ਹੋ ਕੇ ਇਸ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਲਈ ਲੱਗਦੇ ਹਨ। ਇਸ ਬ੍ਰਹਿਮੰਡ ਨੂੰ ਅਤੇ ਮਨੁੱਖੀ ਸਮਾਜ ਦੀਆਂ ਗੁੰਝਲਾਂ ਨੂੰ ਸਮਝਣ ਤੇ ਨਿਪਟਾਉਣ ਦੇ ਲੇਖੇ ਲੱਗਦੇ ਹਨ। ਅਣਗਿਣਤ ਪ੍ਰਕਾਰ ਦੀਆਂ ਮਨੁੱਖੀ ਵਿਸ਼ੇਸ਼ਤਾਵਾਂ ਤੇ ਹਜ਼ਾਰਾਂ ਤਰ੍ਹਾਂ ਦੇ ਹੁਨਰ ਸਮਾਜ ਦੀ ਨਿਵੇਕਲੀ ਨੁਹਾਰ ਨੂੰ ਘੜਦੇ ਹਨ ਅਤੇ ਉਸ ਨੂੰ ਹੋਰ ਸੋਹਣਾ ਬਣਾਉਣ ਲਈ ਯੋਗਦਾਨ ਪਾਉਂਦੇ ਹਨ। ਇਹੀ ਸਮਾਜ ਹੈ ਜਿਸ ਵਿੱਚ ਮਨੁੱਖ ਆਪਣੇ ਮਨੁੱਖ ਹੋਣ ਦੀਆਂ ਪੂਰੀਆਂ ਵਿਸ਼ੇਸ਼ਤਾਵਾਂ ਨੂੰ ਸਾਕਾਰ ਕਰ ਸਕਦਾ ਹੈ। ਆਪਣੀਆਂ ਸਮਰੱਥਾਵਾਂ ਦੀ ਪੂਰੀ ਥਾਹ ਪਾ ਸਕਦਾ ਹੈ ਤੇ ਇਨ੍ਹਾਂ ਸਮਰੱਥਾਵਾਂ ਨੂੰ ਹੋਰ ਵਿਸ਼ਾਲ ਕਰ ਸਕਦਾ ਹੈ।
ਇਤਿਹਾਸ ਅੰਦਰ ਅਜਿਹੇ ਮੌਕੇ ਬਣੇ ਹਨ ਜਦੋਂ ਲੋਕਾਈ ਨੇ ਇਸ ਪ੍ਰਬੰਧ ਵੱਲ ਜਾਂਦੇ ਰਾਹ ’ਤੇ ਕਦਮ ਰੱਖੇ ਹਨ। ਭਾਵੇਂ ਸੀਮਤ ਸਮੇਂ ਲਈ ਹੀ ਸਹੀ ਪਰ ਰੂਸ ਅਤੇ ਚੀਨ ਅੰਦਰ ਲੋਕਾਂ ਨੇ ਸਮਾਜਵਾਦ ਦਾ ਮੁੱਢਲਾ ਤਜਰਬਾ ਹੰਢਾਇਆ ਹੈ। ਉਸ ਸਮੇਂ ਦਾ ਸੀਮਤ ਤਜਰਬਾ ਵੀ ਇਸ ਪੱਖੋਂ ਬੇਹੱਦ ਅਚੰਭਾਜਨਕ ਹੈ ਕਿ ਕਿਵੇਂ ਸਾਜ਼ਗਾਰ ਹਾਲਤਾਂ ਅੰਦਰ ਮਨੁੱਖੀ ਸਮਰੱਥਾ ਬੁਲੰਦੀਆਂ ’ਤੇ ਪਹੁੰਚ ਸਕਦੀ ਹੈ। ਇਨ੍ਹਾਂ ਦੇਸ਼ਾਂ ਨੇ ਉਸ ਸੀਮਤ ਸਮੇਂ ਅੰਦਰ ਹੀ ਖੇਤੀ, ਸਨਅਤ, ਵਿਗਿਆਨ, ਸਿਹਤ, ਸਿੱਖਿਆ ਵਰਗੇ ਅਨੇਕਾਂ ਖੇਤਰਾਂ ਵਿੱਚ ਅਜਿਹੀਆਂ ਮੱਲਾਂ ਮਾਰੀਆਂ ਹਨ ਜੋ ਪੂੰਜੀਵਾਦੀ ਦੇਸ਼ ਲੰਬੇ ਅਰਸੇ ਵਿੱਚ ਵੀ ਨਹੀਂ ਮਾਰ ਸਕਦੇ। ਚੀਨ ਅੰਦਰ ਸਾਧਾਰਨ ਅਨਪੜ੍ਹ ਕਿਸਾਨਾਂ ਨੇ ਖੇਤੀ ਵਿਗਿਆਨ ਦੀਆਂ ਅਹਿਮ ਖੋਜਾਂ ਕੀਤੀਆਂ ਹਨ। ਸਾਧਾਰਨ ਸਿਹਤ ਕਾਮਿਆਂ ਨੇ ਚਿਕਿਤਸਾ ਵਿਗਿਆਨ ਵਿੱਚ ਨਵੀਆਂ ਪੈੜਾਂ ਪਾਈਆਂ ਹਨ। ਇਸ ਸਮੇਂ ਦੌਰਾਨ ਸੋਵੀਅਤ ਰੂਸ ਨੇ ਪੁਲਾੜ ਵਿਗਿਆਨ ਵਿੱਚ ਅਸੰਭਵ ਲੱਗਦੇ ਮੁਕਾਮ ਹਾਸਿਲ ਕੀਤੇ ਹਨ। ਫਸਲੀ ਅਤੇ ਸਨਅਤੀ ਪੈਦਾਵਾਰ ਨੇ ਰਿਕਾਰਡ ਤੋੜੇ ਹਨ। ਇਹ ਜੋਬਨ ’ਤੇ ਆਈ ਮਨੁੱਖੀ ਸਮਰੱਥਾ ਹੀ ਸੀ ਜਿਸ ਨੇ ਦੂਜੀ ਸੰਸਾਰ ਜੰਗ ਵਿਚ ਅਜਿੱਤ ਜਰਮਨੀ ਨੂੰ ਰੂਸੀ ਧੂੜ ਚਟਾ ਦਿੱਤੀ ਸੀ। ਅਤੇ ਇਹ ਚੀਨੀ ਲੋਕਾਂ ਦੀ ਸਮੂਹਿਕ ਸਮਰੱਥਾ ਹੀ ਸੀ ਜਿਸ ਨੇ ਸਿਰੇ ਦੇ ਪਛੜੇ ਚੀਨ ਅੰਦਰ ਪੁਲਾਂ, ਸੜਕਾਂ, ਨਹਿਰਾਂ, ਕਾਰਖਾਨਿਆਂ ਦਾ ਜਾਲ ਵਿਛਾ ਕੇ ਉਸ ਦੇ ਤੇਜ਼ ਰਫ਼ਤਾਰ ਵਿਕਾਸ ਦੀ ਨੀਂਹ ਧਰ ਦਿੱਤੀ ਸੀ।
ਅਜਿਹੇ ਸਮਾਜ ਦੀ ਸਿਰਜਣਾ ਇਸ ਧਰਤੀ ਦੇ ਹਰ ਬਾਸ਼ਿੰਦੇ ਦੀ ਲੋੜ ਹੈ ਅਤੇ ਇਸ ਲਈ ਇਹ ਮਨੁੱਖਤਾ ਦਾ ਸਾਂਝਾ ਆਸ਼ਾ ਹੈ। ਇਸ ਧਰਤੀ ਦੀਆਂ ਨਿਆਮਤਾਂ ਤੋਂ ਪੂਰੀ ਤਰ੍ਹਾਂ ਵਾਂਝੇ ਤੇ ਧਰਤੀ ’ਤੇ ਸਭ ਤੋਂ ਵਿਕਸਤ ਪੈਦਾਵਾਰੀ ਢੰਗ ਨਾਲ ਜੁੜੇ ਮਜ਼ਦੂਰ ਅਜਿਹੇ ਸਮਾਜ ਦੀ ਸਥਾਪਨਾ ਲਈ ਹੋਣ ਵਾਲੀ ਜੱਦੋਜਹਿਦ ਦੇ ਅਗਵਾਨੂੰ ਹਨ ਅਤੇ ਇਸ ਆਸ਼ੇ ਦੀ ਪ੍ਰਾਪਤੀ ਲਈ ਸਮੂਹ ਕਿਰਤੀ ਲੋਕ ਉਨ੍ਹਾਂ ਦੇ ਸੰਗੀ ਹਨ। ਭਾਰਤ ਦੇ ਕਿਰਤੀ ਲੋਕਾਂ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਨਵ ਜਮਹੂਰੀ ਇਨਕਲਾਬ ਦਾ ਪੜਾਅ ਸਰ ਕਰਨਾ ਪੈਣਾ ਹੈ ਅਤੇ ਇਸ ਰਾਹੀਂ ਸਾਮਰਾਜੀਆਂ, ਜਾਗੀਰਦਾਰਾਂ ਅਤੇ ਦਲਾਲ ਸਰਮਾਏਦਾਰਾਂ ਨੂੰ ਖਦੇੜਕੇ ਲੋਟੂ ਜਮਾਤ ਦੇ ਵਸੀਲਿਆਂ ਤੇ ਕਿਰਤੀ ਲੋਕਾਂ ਦੀ ਮਾਲਕੀ ਸਥਾਪਤ ਕਰਨੀ ਪੈਣੀ ਹੈ। ਕਿਰਤ ਦੀ ਮੁਕਤੀ ਦਾ ਰਾਹ ਕਿਰਤੀਆਂ ਦੀ ਸਾਂਝੀ ਪੈੜ-ਚਾਲ ਨੂੰ ਉਡੀਕ ਰਿਹਾ ਹੈ। ਮਈ ਦਿਹਾੜਾ ਇਸ ਰਾਹ ’ਤੇ ਅੱਗੇ ਵਧਣ ਦਾ ਅਹਿਦ ਕਰਨ ਦਾ ਦਿਨ ਹੈ।
No comments:
Post a Comment