Friday, May 13, 2022

ਮਾਰਕਸ ਦੇ 204ਵੇਂ ਜਨਮ ਦਿਹਾੜੇ ਦੇ ਮੌਕੇ ’ਤੇ ਮਾਰਕਸਵਾਦ ਦੀ ਲਗਾਤਾਰ ਪ੍ਰਸੰਗਕਤਾ ਤੇ ਸਜੀਵਤਾ

 ਮਾਰਕਸ ਦੇ 204ਵੇਂ ਜਨਮ ਦਿਹਾੜੇ ਦੇ ਮੌਕੇ ’ਤੇ

ਮਾਰਕਸਵਾਦ ਦੀ ਲਗਾਤਾਰ ਪ੍ਰਸੰਗਕਤਾ ਤੇ ਸਜੀਵਤਾ 

 ਜੋਸ ਮਾਰੀਆ ਸੀਸੋਨ

ਮਾਰਕਸਵਾਦ ਦੀ
 ਲਗਾਤਾਰ ਪ੍ਰਮਾਣਿਕਤਾ ਤੇ ਸਜੀਵਤਾ

ਮੈਂ ਸਮਝਦਾ ਹਾਂ ਕਿ ਕਾਰਲ ਮਾਰਕਸ ਦੇ 200 ਸਾਲਾ ਜਨਮ ਦਿਹਾੜੇ ਨੂੰ ਮਨਾਉਣ ਦਾ ਸਾਡੇ ਲਈ ਸਭ ਤੋਂ ਵਧੀਆ ਤਰੀਕਾ ਉਸਦੀਆਂ ਲਿਖਤਾਂ ਤੇ ਉਸਦੀਆਂ ਸਿਖਿਆਵਾਂ ਦੇ ਮੌਜੂਦਾ ਸਮੇਂ ਤੇ ਸਮਾਜਿਕ ਇਤਿਹਾਸ ਵਿੱਚ ਪ੍ਰਸੰਗਿਕਤਾ ਦਾ ਅਧਿਐਨ ਕਰਨ ਤੇ ਉਹਨਾਂ ਦੀ ਲਗਾਤਾਰ ਪ੍ਰਮਾਣਿਕਤਾ ਤੇ ਸਜੀਵਤਾ ਨੂੰ ਗ੍ਰਹਿਣ ਕਰਨਾ ਹੀ ਹੋ ਸਕਦਾ ਹੈ। ਅਸੀਂ ਪੂੰਜੀਵਾਦ ਤੇ ਇਜਾਰੇਦਾਰ ਸਰਮਾਏਦਾਰੀ ਦਾ ਦੁਬਾਰਾ ਆਲੋਚਨਾਤਮਕ ਵਿਸ਼ਲੇਸ਼ਣ ਕੀਤਾ ਹੈ ਤੇ ਪ੍ਰੋਲੇਤਾਰੀ ਦੀ ਇਨਕਲਾਬੀ ਲਹਿਰ ਨੂੰ ਪੁਨਰ-ਸੁਰਜੀਤ ਕਰਨ ਲਈ ਤੇ ਕਮਿਊੁਨਿਜ਼ਮ ਦੀ ਸਥਾਪਨਾ ਲਈ ਸਮਾਜਵਾਦ ਨੂੰ ਹੋਂਦ ਵਿੱਚ ਲਿਆਉਣ ਲਈ ਹੰਭਲਾ ਮਾਰ ਰਹੇ ਹਾਂ ਤਾਂ ਕਿ ਇਜਾਰੇਦਾਰ ਸਰਮਾਏਦਾਰੀ ਦੇ ਰਾਖਸ਼ੀਪਣ ਦਾ ਖਾਤਮਾ ਕੀਤਾ ਜਾ ਸਕੇ। ਜਿਵੇਂ ਕਿ ਲੰਮਾਂ ਸਮਾਂ ਪਹਿਲਾਂ ਮਾਰਕਸ ਨੇ ਧਿਆਨ ਦਵਾਇਆ ਸੀ, ਅਸਲ ਨੁਕਤਾ ਦੁਨੀਆਂ ਨੂੰ ਬਦਲਣ ਦਾ ਹੈ।1844 ਵਿੱਚ 26 ਸਾਲ ਦੀ ਉਮਰ ਵਿੱਚ ਮਾਰਕਸ ਨੇ ਮਜ਼ਦੂਰ ਜਮਾਤ ਦੇ ਕਮਿਊੁਨਿਜ਼ਮ ਸਥਾਪਤੀ ਦੇ ਕਾਜ ਨੂੰ ਪੂਰੀ ਤਰ੍ਹਾਂ ਆਤਮਸਾਤ ਕੀਤਾ। ਇਹ ਉਹ ਸਮਾਂ ਸੀ ਜਦੋਂ ਉਸਨੇ ਆਪਣੀਆਂ 1844 ਦੀਆਂ  ਆਰਥਿਕ ਤੇ ਫ਼ਲਸਫ਼ਾਨਾ ਲਿਖਤਾਂ  ਨੂੰ ਪ੍ਰਕਾਸ਼ਿਤ ਕੀਤਾ। ਉਸਨੇ ਪੂੰਜੀਵਾਦ ਦੇ ਉਸ ਅਣਮਨੁੱਖੀ ਵਰਤਾਰੇ ਨੂੰ ਅੰਕਿਤ ਕੀਤਾ ਜਿਹੜਾ ਕਿ ਮਜ਼ਦੂਰ ਜਮਾਤ ਨੂੰ ਉਸਦੀ ਕਿਰਤ ਦੀਆਂ ਉਪਜਾਂ ਤੋਂ ਬੇਗਾਨਾ ਕਰਦਾ ਹੈ ਤੇ ਪੂੰਜੀ ਦੇ ਇਕੱਤਰੀਕਰਨ ਦਾ ਮੁੱਢ ਬੰਨ੍ਹਦਾ ਹੈ। ਇਹ ਗਤੀਹੀਣ  ਹੋਈ ਤੇ ਨਾ ਅਦਾ ਕੀਤੀ ਹੋਈ ਕਿਰਤ ਹੀ ਹੈ ਜਿਹੜੀ ਜਿਉਦੀ ਕਿਰਤ ਨੂੰ ਦਬਾਉਣ ਤੇ ਲੁੱਟਣ ਦੇ ਅਗਲੇਰੇ ਗੇੜਾਂ ਲਈ ਵਰਤੀ ਜਾਂਦੀ ਹੈ। 1844 ਵਿੱਚ ਹੀ ਉਸਦੀ ਐਂਗਲਜ਼ ਨਾਲ ਜੀਵਨ ਭਰ ਦੀ ਦੋਸਤੀ ਸ਼ੁਰੂ ਹੁੰਦੀ ਹੈ ਜਿਸਦੀ ਕਿਰਤ ‘ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ’ ਨੇ ਉਸਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕੀਤਾ। ਮਾਰਕਸ ਤੇ ਐਂਗਲਜ਼ ਮਜ਼ਦੂਰ ਜਮਾਤ ਦੀ ਲਹਿਰ  ਨਾਲ ਸਬੰਧਿਤ ਖੋਜ ਤੇ ਸਿਧਾਂਤਕ ਕੰਮ ਨੂੰ ਰਲਕੇ ਕਰਨ ਲਈ ਸਹਿਮਤ ਹੋ ਗਏ। 

ਪ੍ਰੋਲੇਤਾਰੀ ਇਨਕਲਾਬ ਦੇ ਸਿਧਾਂਤ ਵਜੋਂ ਮਾਰਕਸਵਾਦ

ਮਾਰਕਸ ਨੇ ਸੱਭਿਅਤਾ ਦੇ ਉਚੇਰੇ ਵਿਕਾਸ ਮਾਰਗ ਲਈ ਪ੍ਰੋਲੇਤਾਰੀ ਇਨਕਲਾਬ ਦੇ ਸਿਧਾਂਤ ਨੂੰ ਵਿਕਸਿਤ ਕੀਤਾ। ਉਸਨੇ ਮਾਰਕਸਵਾਦ ਦੇ ਤਿੰਨ ਸਭ ਤੋਂ ਅਹਿਮ ਅੰਗਾਂ  ਪਦਾਰਥਵਾਦੀ ਫਲਸਫਾ, ਰਾਜਨੀਤਿਕ ਆਰਥਿਕਤਾ ਤੇ ਸਮਾਜਕ ਵਿਗਿਆਨ ਨੂੰ ਸੂਤਰਬੱਧ ਕਰਨ ਲਈ ਆਪਣੇ ਸਮੇਂ ਦੇ ਸਭ ਤੋਂ ਵਿਕਸਿਤ ਗਿਆਨ ਸਰੋਤਾਂ ਦੀ ਭਰਪੂਰ ਵਰਤੋਂ ਕੀਤੀ। ਉਸਨੇ ਇਹਨਾਂ ਅੰਗਾਂ ਨੂੰ ਪ੍ਰੋਲੇਤਾਰੀ ਨੂੰ ਆਪਣੀ ਲੁੱਟ ਦੇ ਕਾਰਨਾਂ ਨੂੰ ਸਮਝਣ ਤੇ ਇਸਤੋਂ ਮੁਕਤੀ ਤੇ ਸਮੁੱਚੀ ਮਨੁੱਖਤਾ ਦੀ ਮੁਕਤੀ ਲਈ ਲੋੜੀੰਦੇ ਹਥਿਆਰਾਂ ਵਜੋਂ ਸਥਾਪਿਤ ਕੀਤਾ। ਉਸਨੇ ਸਮਾਜਿਕ ਇਤਿਹਾਸ ਉੱਤੇ ਦਵੰਦਵਾਦੀ ਪਦਾਰਥਵਾਦ ਨੂੰ ਲਾਗੂ ਕਰਦਿਆਂ ਇਤਿਹਾਸਕ ਪਦਾਰਥਵਾਦ ਦੀ ਨੀਂਹ ਰੱਖੀ  ਤੇ ਇੱਕ ਸਮਾਜਿਕ ਪੜਾਅ ਤੋਂ ਅਗਲੇ ਉਚੇਰੇ ਪੜਾਅ ਵਿੱਚ ਤਬਦੀਲੀ ਦੌਰਾਨ ਜਮਾਤੀ ਸੰਘਰਸ਼ ਅਤੇ ਪੈਦਾਵਾਰ ਦੇ ਢੰਗ ਅੰਦਰਲੀ ਅਤੇ ਸਮਾਜਿਕ ਉਸਾਰ ਵਿਚਕਾਰਲੀ ਵਿਰੋਧਤਾਈ ਦੇ ਰੋਲ ਨੂੰ ਉਜਾਗਰ ਕੀਤਾ। ਉਸਨੇ ਮੁੱਢਲੇ ਕਮਿਊੁਨ ਯੁੱਗ, ਗੁਲਾਮਦਾਰੀ, ਜਾਗੀਰਦਾਰੀ, ਪੂੰਜੀਵਾਦ, ਸਮਾਜਵਾਦ ਤੇ ਕਮਿਊੁਨਿਸਟ ਸਮਾਜ ਵੱਲ  ਵਿਕਾਸ ਲੜੀ ਦੀ ਪਛਾਣ ਕੀਤੀ। ਮਾਰਕਸ ਦੀਆਂ ਪ੍ਰਮੁੱਖ ਫ਼ਲਸਫ਼ਾਨਾ ਲਿਖਤਾਂ ਵਿੱਚ 1844 ਦੀਆਂ ਆਰਥਿਕ ਤੇ ਫ਼ਲਸਫ਼ਾਨਾ ਲਿਖਤਾਂ, ਫਿਉਰਬਾਖ਼ ਸਬੰਧੀ ਖੋਜ ਲੇਖ, ਜਰਮਨ ਵਿਚਾਰਧਾਰਾ (ਐਂਗਲਜ਼ ਨਾਲ ਸਹਿ-ਰਚਨਾ), ਪਵਿੱਤਰ ਪਰਿਵਾਰ ਜਾਂ ਬਰੂਨੋ ਬੁਆਰ ਤੇ ਗੁੱਟ ਦੀ ਆਲੋਚਨਾਤਮਕ ਆਲੋਚਨਾ ਦਾ ਆਲੋਚਨਾਤਮਕ ਵਿਸ਼ਲੇਸ਼ਣ (ਸਹਿ-ਰਚਨਾ ਐਂਗਲਜ਼) ਅਤੇ ਪਰੂਧੋ ਦੀ ਕੰਗਾਲੀ ਦਾ ਫ਼ਲਸਫ਼ਾ ਦੇ ਜਵਾਬ ਵਿੱਚ ਲਿਖੀ ਫਲਸਫੇ ਦੀ ਕੰਗਾਲੀ ਆਦਿ ਸ਼ਾਮਲ ਹਨ।  ਉਸਦੀਆਂ ਕਿਰਤਾਂ ਲੁਡਵਿਗ ਫਿਉਰਬਾਖ਼ ਤੇ ਕਲਾਸੀਕਲ ਜਰਮਨ ਫ਼ਲਸਫ਼ੇ ਦਾ ਅੰਤ , ਡੁਹਰਿੰਗ ਵਿਰੁੱਧ ਅਤੇ ਕੁਦਰਤ ਦਾ ਦਵੰਦਵਾਦ ਵਿੱਚ ਐਂਗਲਜ਼ ਦਾ ਪੂਰਕ ਰੋਲ ਰਿਹਾ। ਉਸਨੇ ਉਦਯੋਗਿਕ ਪੂੰਜੀਵਾਦੀ ਆਰਥਿਕਤਾ ਨੂੰ ਬਰਕਰਾਰ ਰੱਖਣ ਲਈ ਪੂੰਜੀਵਾਦੀ ਮੁਕਾਬਲੇਦਾਰਾਂ ਵੱਲੋਂ ਮੁਨਾਫਾ ਵਟੋਰਨ ਰਾਹੀਂ ਪੂੰਜੀ ਦੇ ਇਕੱਤਰੀਕਰਨ, ਕਾਰਖਾਨਾ ਪਲਾਂਟ, ਸਾਜੋ-ਸਮਾਨ ਤੇ ਕੱਚੇ ਮਾਲ ਵਰਗੇ ਸਥਾਈ ਕਾਰਕਾਂ ਦੀ ਉਜਰਤੀ ਕਿਰਤ ਵਰਗੇ ਅਸਥਾਈ ਕਾਰਕਾਂ ਦੇ ਮੁਕਾਬਲੇ ਤੇਜ਼ ਉਨੱਤੀ, ਮੁਨਾਫਾ ਦਰ ’ਚ ਗਿਰਾਵਟ ਦੇ ਰੁਝਾਨ, ਅਸਲ ਉਜਰਤਾਂ ਤੇ ਖਪਤਕਾਰੀ ਮੰਗ ਦੇ ਪ੍ਰਸੰਗ ਵਿੱਚ ਵਾਧੂ ਪੈਦਾਵਾਰ ਦੇ ਸੰਕਟ ਅਤੇ ਖੁੱਲ੍ਹੇ ਮੁਕਾਬਲੇ ਦੇ ਨਾਅਰੇ ਹੇਠ ਵਿੱਤੀ ਸਰਮਾਏ ਦੀ ਬੇਦਰੇਗ ਵਰਤੋਂ ਤੇ ਬਸਤੀਵਾਦੀ ਵਿਸਤਾਰਵਾਦ ਵਰਗੇ  ਢੰਗਾਂ ਦੀ ਪਛਾਣ ਕੀਤੀ। ਮਾਰਕਸ ਦੀਆਂ  ਰਾਜਨੀਤਕ ਆਰਥਿਕਤਾ ਸਬੰਧੀ ਕਿਰਤਾਂ ਵਿੱਚ ਰਾਜਨੀਤਿਕ ਆਰਥਿਕਤਾ ਦੀ ਪੜਚੋਲ ਵਿੱਚ ਯੋਗਦਾਨ, ਸਰਮਾਇਆ ਵਿਚਲੇ ਚਾਰ ਭਾਗ (ਪੈਦਾਵਾਰ ਦਾ ਪੂੰਜੀਵਾਦੀ ਢੰਗ, ਵੰਡ ਦਾ ਅਮਲ, ਸਮੁੱਚੇ ਰੂਪ ਵਿੱਚ ਪੂੰਜੀਵਾਦੀ ਉਤਪਾਦਨ ਪ੍ਰਕਿਰਿਆ ਤੇ ਵਾਧੂ- ਮੁੱਲ ਦਾ ਸਿਧਾਂਤ) ਅਤੇ ਉਜਰਤਾਂ, ਕੀਮਤਾਂ ਤੇ ਮੁਨਾਫਾ ਆਦਿ ਸ਼ਾਮਲ ਹਨ ਜੋ ਕਿ ਸਰਮਾਇਆ ਦੇ ਅਧਿਐਨ ਵਿੱਚ ਸਹਾਇਕ ਹਨ। ਕਮਿਊੁਨਿਸਟ ਮੈਨੀਫੈਸਟੋ ਅਤੇ ਗੋਥਾ ਪ੍ਰੋਗਰਾਮ ਦੀ ਆਲੋਚਨਾ ਸਮਾਜਵਾਦ ਦੀ ਸਥਾਪਤੀ ਤੇ ਕਮਿਊੁਨਿਜ਼ਮ ਵਿੱਚ ਤਬਦੀਲੀ ਨੂੰ ਸਪੱਸ਼ਟ ਕਰਦੀਆਂ ਹਨ। ਉਸਨੇ ਜਮਾਤੀ ਸੰਘਰਸ਼ ਦੇ ਮੁੱਢਲੇ ਸੰਕਲਪ ਲਈ ਫਰਾਂਸੀਸੀ ਇਨਕਲਾਬੀ ਜਮਹੂਰੀਅਤ-ਪਸੰਦਾਂ ਨੂੰ ਜਿੰਮੇਵਾਰ ਮੰਨਿਆ ਤੇ ਦਾਅਵਾ ਕੀਤਾ ਕਿ ਉਸਦਾ ਯੋਗਦਾਨ ਜਮਾਤੀ ਸੰਘਰਸ਼ ਦੇ ਸੰਕਲਪ ਵਿੱਚ  ਸਮਾਜਵਾਦੀ ਸਮਾਜ ਅੰਦਰ ਪ੍ਰੋਲੇਤਾਰੀ ਦੀ ਤਾਨਸ਼ਾਹੀ ਦੇ ਸੰਕਲਪ ਨੂੰ ਸ਼ਾਮਲ ਕਰਦਾ ਹੈ।  ਇਹ ਸੰਕਲਪ ਵਿਗਿਆਨਕ ਸਮਾਜਵਾਦ ਦੇ ਸਿਧਾਂਤ ਦੀ ਕੰਗਰੋੜ ਹੈ ਜਿਹੜਾ ਕਿ ਇਨਕਲਾਬੀ ਜਨਤਾ ਤੇ ਸੰਘਰਸ਼ ’ਤੇ ਟੇਕ ਰੱਖਦਾ ਹੈ ਤੇ 1848 ਦੇ ਕਮਿਊੁਨਿਸਟ ਮੈਨੀਫੈਸਟੋ ਵਿੱਚ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਗਿਆ ਹੈ। ਇਹ ਮਾਰਕਸ ਤੇ ਐਂਗਲਜ਼ ਦੀਆਂ ਸਭ ਤੋਂ ਵੱਧ ਪ੍ਰਸਿੱਧੀ ਵਾਲੀਆਂ ਲਿਖਤਾਂ ’ਚੋਂ ਇੱਕ ਹੈ। ਇਸਨੂੰ ਕਮਿਊੁਨਿਸਟ ਲੀਗ ਦੇ ਸਬੰਧ ਵਿੱਚ ਲਿਖਿਆ ਗਿਆ ਸੀ। ਇਸਨੇ ਅਜੇ ਆਪਣਾ ਸਿੱਧਾ ਦਖਲ ਦਿੱਤੇ ਬਿਨਾਂ ਸਮੁੱਚੇ ਯੂਰਪ ਅੰਦਰ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਬਗਾਵਤਾਂ ਦੀ ਉਠਾਣ ਦੀ ਨਿਸ਼ਾਨਦੇਹੀ ਕੀਤੀ । ਮਾਰਕਸ ਤੇ ਐਂਗਲਜ਼ ਪਹਿਲੀ ਕੌਮਾਂਤਰੀ, ਕਿਰਤੀਆਂ ਦੀ ਕੌਮਾਂਤਰੀ ਐਸੋਸੀਏਸ਼ਨ ਵਿੱਚ ਸਰਗਰਮ ਸਨ। ਇਸ ਐਸੋਸੀਏਸ਼ਨ ਦੇ ਮੈੰਬਰਾਂ ਨੇ 1871 ਦੀ ਪੈਰਿਸ ਕਮਿਊਨ ਵਿੱਚ ਹਿੱਸਾ ਲਿਆ ਜੋ ਕਿ ਮਜ਼ਦੂਰਾਂ ਦੀ ਤਾਨਸ਼ਾਹੀ ਦੇ ਨਮੂਨੇ ਵਜੋਂ ਸਿਰਫ ਦੋ ਮਹੀਨੇ ਹੋਂਦ ਵਿੱਚ ਰਹੀ ਜਦੋਂ ਤੱਕ ਕਿ ਇਸਨੂੰ ਬੁਰਜੂਆਜ਼ੀ ਨੇ ਖੂਨ ਵਿੱਚ ਡੁਬੋ ਨਹੀਂ ਦਿੱਤਾ। 

ਇੱਕ ਸਮਾਜ ਵਿਗਿਆਨੀ ਵਜੋਂ ਮਾਰਕਸ ਨੇ ਫਰਾਂਸ, ਜਰਮਨੀ ਤੇ ਰੂਸ ਅੰਦਰ ਜਗੀਰਦਾਰੀ ਦੇ ਲੱਛਣਾਂ ਅਤੇ ਕਿਸਾਨਾਂ ਅੰਦਰ ਜਮਹੂਰੀਅਤ ਦੀ ਮੰਗ ਦੀ ਸਾਰਥਿਕਤਾ ਦਾ ਡੂੰਘਾ ਅਧਿਐਨ ਕੀਤਾ ਜਿਹਨਾਂ ਨੂੰ ਕਿ ਪ੍ਰੋਲੇਤਾਰੀ ਵੱਲੋਂ ਯੋਗ ਅਗਵਾਈ ਦਿੱਤੀ ਜਾ ਰਹੀ ਸੀ ਤੇ ਬੁਰਜੂਆਜ਼ੀ ਵੱਲੋਂ ਪ੍ਰੋਲੇਤਾਰੀ ਹੱਥੋਂ ਇਹ ਅਗਵਾਈ ਖੋਹਣ ਦੇ ਯਤਨਾਂ ਵੱਲ ਵੀ ਧਿਆਨ ਦਿੱਤਾ। ਉਸ ਕੋਲ 1848 ਵਿੱਚ ਯੂਰਪ ਅੰਦਰ ਉੱਭਰ ਰਹੀਆਂ ਬਗਾਵਤਾਂ ਦੀ ਹਾਲਤ ਬਾਰੇ ਵਿਆਪਕ ਨਜ਼ਰੀਆ ਮੌਜੂਦ ਸੀ ਜੋ ਕਿ ਲੂਈ ਬੋਨਾਪਾਰਟ ਦੀ 18ਵੀਂ ਬਰੂਮੇਰ ਅਤੇ ਫਰਾਂਸ ਵਿੱਚ ਜਮਾਤੀ ਸੰਘਰਸ਼ 1848-50 ਵਿੱਚ ਪ੍ਰਗਟ ਹੁੰਦਾ ਹੈ। 1871 ਵਿੱਚ ਪੈਰਿਸ ਕਮਿਊੁਨ ਹੋਂਦ ਵਿੱਚ ਆਈ ਤੇ ਫਰਾਂਸ ਵਿੱਚ ਘਰੋਗੀ ਜੰਗ ਵਿੱਚ ਉਸਦੇ ਅਧਿਐਨ ਦਾ ਵਿਸ਼ਾ ਬਣੀ।

ਇਸਦੇ ਹੈਡਕੁਆਰਟਰ ਦੇ ਯੂਰਪ ਤੋਂ ਨਿਊਯਾਰਕ ਤਬਦੀਲ ਹੋ ਜਾਣ ਤੋਂ ਮਗਰੋਂ ਪਹਿਲੀ ਕੌਮਾਂਤਰੀ ਖਿੰਡ ਗਈ। ਪਰ 14 ਮਾਰਚ 1883 ਵਿੱਚ 64 ਸਾਲਾਂ ਦੀ ਉਮਰ ਵਿੱਚ ਮਾਰਕਸ ਦੀ ਮੌਤ ਤੋਂ ਮਗਰੋਂ ਐਂਗਲਜ਼ ਤੇ ਉਸਦੇ ਸਹਿਯੋਗੀਆਂ ਵੱਲੋਂ ਮਾਰਕਸ ਦੇ ਸਿਧਾਂਤ ਤੇ ਅਮਲ ਦੇ ਜੋਰਦਾਰ ਪ੍ਰਚਾਰ ਦੇ ਸਿੱਟੇ ਵਜੋਂ ਦੂਜੀ ਕੌਮਾਂਤਰੀ ਰਾਹੀੰਂ ਮਾਰਕਸਵਾਦ ਦਾ ਪ੍ਰਭਾਵ ਤੇਜ਼ੀ ਨਾਲ ਫੈਲਿਆ। 19ਵੀੰ ਸਦੀ ਦੇ ਅੰਤ ਤੱਕ ਯੂਰਪੀ ਮਜ਼ਦੂਰ ਜਮਾਤ ਦੀ ਲਹਿਰ ਦੇ ਦੋਹਾਂ ਹਿੱਸਿਆਂ ਸਮਾਜਿਕ ਜਮਹੂਰੀ ਪਾਰਟੀਆਂ ਤੇ ਟਰੇਡ ਯੂਨੀਅਨਾਂ ਵਿੱਚ ਮਾਰਕਸਵਾਦ ਇੱਕ ਮੁੱਖ ਧਾਰਾ ਵਜੋਂ ਸਥਾਪਿਤ ਹੋ ਗਿਆ।

ਲੈਨਿਨਵਾਦ ਅਤੇ ਮਾਰਕਸਵਾਦ ਦਾ ਅਗਲੇਰਾ ਵਿਕਾਸ

1871ਵਿੱਚ ਪੈਰਿਸ ਕਮਿਊਨ ਦੀ ਹਾਰ ਤੋਂ ਮਗਰੋਂ ਖੁੱਲ੍ਹੇ ਮੁਕਾਬਲੇ ਦੇ ਯੁੱਗ ਦਾ ਪੂੰਜੀਵਾਦ ਬਹੁਤ ਸਾਰੇ ਮੁਲਕਾਂ ਅੰਦਰ ਇਜਾਰੇਦਾਰ ਪੂੰਜੀਵਾਦ ਜਾਂ ਆਧੁਨਿਕ ਸਾਮਰਾਜਵਾਦ ਵਿੱਚ ਤਬਦੀਲ ਹੋ ਗਿਆ ਤੇ ਨਾਲ ਹੀ ਨਵੇਂ ਦੇਸ਼ਾਂ ਦੇ ਸ਼ਾਮਲ ਹੋਣ ਨਾਲ ਦੁਨੀਆ ਨੂੰ ਆਰਥਿਕ ਅਤੇ ਸਿਆਸੀ- ਭੂਗੋਲਿਕ ਤੌਰ ’ਤੇ ਨਵੇਂ ਸਿਰੇ ਤੋਂ ਵੰਡਣ ਤੇ ਕਾਬੂ ਕਰਨ ਦੀ ਬਸਤੀਵਾਦੀ ਖੇਡ ਸ਼ੁਰੂ ਹੋ ਗਈ। ਲੈਨਿਨ ਨੇ ਸਾਮਰਾਜਵਾਦ ਤੇ ਪ੍ਰੋਲੇਤਾਰੀ ਇਨਕਲਾਬ ਦੇ ਯੁੱਗ ਵਿੱਚ ਮਾਰਕਸਵਾਦ ਦੀ ਰਾਖੀ ਕਰਨ, ਉਚਿਆਉਣ ਤੇ ਇਸਦੀ ਰਾਖੀ ਕਰਨ ਦਾ ਕਾਰਜ ਕੀਤਾ। ਲੈਨਿਨ ਨੇ ਸਪਸ਼ੱਟਤਾ ਨਾਲ ਬੁੱਝਿਆ ਕਿ ਅਜਾਰੇਦਾਰ ਸਾਰਮਾਏਦਾਰੀ ਜਾਂ ਸਾਮਰਾਜਵਾਦ ਪੂੰਜੀਵਾਦ ਦਾ ਸਭ ਤੋਂ ਆਖਰੀ ਤੇ ਉੱਚਤਮ ਪੜਾਅ ਹੈ ਤੇ ਸਮਾਜਵਾਦੀ ਇਨਕਲਾਬ ਦੀ ਪੂਰਵ ਸੰਧਿਆ ਹੈ। ਉਸਨੇ ਸਾਮਰਾਜਵਾਦ ਨੂੰ ਮਰਨਊ, ਪਤਨਮੁੱਖੀ ਤੇ ਹਮਲਾਵਰ ਪੂੰਜੀਵਾਦ ਵਜੋਂ ਦੇਖਿਆ ਤੇ ਪ੍ਰੋਲੇਤਾਰੀ ਵੱਲੋਂ ਹਮਲਾਵਰ ਸਾਮਰਾਜੀ ਜੰਗਾਂ ਨੂੰ ਵਿਕਸਿਤ ਪੂੰਜੀਵਾਦੀ ਤੇ ਪਛੜੇ ਮੁਲਕਾਂ ਅੰਦਰ ਇਨਕਲਾਬੀ ਘਰੋਗੀ ਜੰਗਾਂ ਵਿੱਚ ਬਦਲ ਦੇਣ ਦੀਆਂ ਸੰਭਾਵਨਾਵਾਂ ਨੂੰ ਪ੍ਰਤੱਖ ਕੀਤਾ। ਉਸਨੇ ਦਵੰਦਵਾਦ ਦੇ ਬੁਨਿਆਦੀ ਨਿਯਮ ਨੂੰ ਵਿਰੋਧੀਆਂ ਦੀ ਏਕਤਾ ਵਜੋਂ ਪਛਾਣਦਿਆਂ ਤੇ ਸਾਮਰਾਜੀ ਆਲੋਚਨਾ ਤੇ ਤਰਕਵਾਦੀ ਪ੍ਰਮਾਣਵਾਦੀ ਝੁਕਾਅ ਦੀ ਆਲੋਚਨਾ ਕਰਦਿਆਂ ਦਵੰਦਵਾਦੀ ਪਦਾਰਥਵਾਦ ਦੇ ਵਿਕਾਸ ਵਿੱਚ ਅਥਾਹ ਯੋਗਦਾਨ ਪਾਇਆ ਅਤੇ ਰੂਸ ਦੇ ਗੁੰਝਲਦਾਰ  ਸਿਆਸੀ ਪਾਣੀਆਂ ਨੂੰ ਸਫਲਤਾ ਨਾਲ ਪਾਰ ਕੀਤਾ ਜਿੱਥੇ ਕਿ ਮੈਨਸ਼ੇਵਿਕ, ਸੰਵਿਧਾਨਵਾਦੀ ਜਮਹੂਰੀਅਤ ਪਸੰਦ, ਨਰੋਦਨਿਕ, ਅਰਾਜਕਤਾਵਾਦੀਏ ਤੇ ਜਾਰਸਾਹੀ ਕੱਟੜ ਪ੍ਰੋਲੇਤਾਰੀ ਦੇ ਰਾਹ ਦੇ ਪ੍ਰਮੁੱਖ ਰੋੜੇ ਸਨ।

ਲੈਨਿਨ ਨੇ ਦੂਜੀ ਕੌਮਾਂਤਰੀ ਦੌਰਾਨ ਕਾਉਟਸਕੀ ਦੇ ਸਨਾਤਨੀ ਸੁਧਾਰਵਾਦ ਨਾਲ ਲੋਹਾ ਲੈੰਦਿਆਂ ਉਸਨੂੰ ਭਾਂਜ ਦਿੱਤੀ। ਅਣਜਾਣੇ ਵਿੱਚ ਹੀ ਕਾਉਟਸਕੀ ਨੇ ਸਮਾਜਿਕ ਸ਼ਾਵਨਵਾਦ, ਸਮਾਜਿਕ ਸ਼ਾਂਤੀਵਾਦ ਤੇ ਸਮਾਜਿਕ ਸਾਮਰਾਜਵਾਦ ਖਿਲਾਫ ਘੋਲ ਵਿੱਚ ਲੈਨਿਨਵਾਦ ਨੂੰ ਮਾਰਕਸਵਾਦ ਦੀ ਇੱਕ ਦਰੁਸਤ ਪੁਜੀਸ਼ਨ ਵਜੋਂ ਮਾਨਤਾ ਦਿੱਤੀ। ਬਾਲਸ਼ਵਿਕਾਂ ਦੇ ਨੇਤਾ ਤੇ ਬੁੱਧੀਜੀਵੀ ਵਜੋਂ ਲੈਨਿਨ ਨੇ ਜਾਰਸ਼ਾਹੀ ਤੇ ਬੁਰਜੁਆਜ਼ੀ ਦੀ ਸੱਤਾ ਖਿਲਾਫ ਸੰਘਰਸ਼ ਦੌਰਾਨ ਵੱਡੀ ਗਿਣਤੀ ਸਿਆਸੀ ਪਾਰਟੀਆਂ ਤੇ ਰੁਝਾਨਾਂ ਉਪਰ ਆਪਣੀ ਸਰਦਾਰੀ ਸਥਾਪਿਤ ਕੀਤੀ।

ਪਹਿਲਾਂ ਮਾਰਕਸਵਾਦ ਤੇ ਫਿਰ ਲੈਨਿਨਵਾਦ ਦੀ ਰਹਿਨੁਮਾਈ ਤੋਂ ਬਿਨਾਂ ਬਾਲਸ਼ਵਿਕ ਕਦੇ ਵੀ ਵੱਡੇ ਅੰਤਰ-ਸਾਮਰਾਜੀ ਯੁੱਧ, ਭਾਵ ਪਹਿਲੇ ਵਿਸ਼ਵ ਯੁੱਧ ਤੋਂ ਮਗਰੋਂ ਬਣੀਆਂ ਹਾਲਤਾਂ ਵਿੱਚ ਮਹਾਨ ਅਕਤੂਬਰ ਇਨਕਲਾਬ ਵਿੱਚ ਜਿੱਤ ਪ੍ਰਾਪਤ ਕਰਨ ਦੇ ਯੋਗ ਨਹੀਂ ਹੋ ਸਕਦੇ ਸਨ। ਲੈਨਿਨ ਅਤੇ ਸਟਾਲਿਨ ਮਾਰਕਸਵਾਦੀ-ਲੈਨਿਨਵਾਦੀ ਅਤੇ ਪ੍ਰੋਲੇਤਾਰੀ-ਸਮਾਜਵਾਦੀ ਲਾਈਨ ’ਤੇ ਚੱਲਦੇ ਹੋਏ ਬਹੁਤ ਸਾਰੀਆਂ ਵਿਚਾਰਧਾਰਕ ਤੇ ਸਿਆਸੀ ਜਿੱਤਾਂ ਹਾਸਲ ਕੀਤੀਆਂ ਤੇ ਦੁਨੀਆਂ ਦੇ ਛੇਵੇਂ ਹਿੱਸੇ ’ਤੇ ਇੱਕ ਮਜ਼ਬੂਤ ਸਮਾਜਵਾਦੀ ਦੇਸ਼ ਦੀ ਉਸਾਰੀ ਕੀਤੀ। ਉਹਨਾਂ ਨੇ ਤੀਜੀ ਕਮਿਊੁਨਿਸਟ ਕੌਮਾਂਤਰੀ ਦਾ ਵਿਕਾਸ ਕੀਤਾ ਤੇ ਦੁਨੀਆਂ ਭਰ ਦੇ ਪ੍ਰੋਲੇਤਾਰੀ ਤੇ ਦਬਾਈਆਂ ਹੋਈਆਂ ਕੌਮਾਂ ਨੂੰ ਉੱਠ ਖੜ੍ਹੇ ਹੋਣ ਤੇ ਪਿਛਾਖੜੀ ਜਮਾਤਾਂ ਤੇ ਸਾਮਰਾਜਵਾਦ ਨੂੰ ਹਰਾਉਣ ਲਈ ਉਭਾਰਿਆ। ਵਿੱਤੀ ਸਰਮਾਏ ਦੇ ਲਗਾਤਾਰ ਸੰਕਟ, ਦੂਜੀ ਅੰਤਰ-ਸਾਮਰਾਜੀ ਜੰਗ ਅਤੇ ਸੋਵੀਅਤ ਯੂਨੀਅਨ ਦੇ ਨਿਰਣਾਇਕ ਰੋਲ ਦੇ ਸਿੱਟੇ ਵਜੋਂ ਬਹੁਤ ਸਾਰੇ ਸਮਾਜਵਾਦੀ ਦੇਸ਼ ਤੇ ਲੋਕ-ਜਮਹੂਰੀ ਦੇਸ਼ ਉੱਠ ਖੜ੍ਹੇ ਹੋਏ। 1956 ਤੱਕ ਸਮਾਜਵਾਦੀ ਦੇਸ਼ਾਂ ਤੇ ਕੌਮੀ-ਮੁਕਤੀ ਲਹਿਰਾਂ ਨੇ ਦੁਨੀਆ ਦੇ ਤੀਜੇ ਹਿੱਸੇ ਨੂੰ ਕਲਾਵੇ ਵਿੱਚ ਲੈ ਲਿਆ ਤੇ ਇਹ ਅਮਰੀਕੀ ਸਾਮਰਾਜ ਦੀ ਚੜ੍ਹਤ ਦੇ ਖਿਲਾਫ ਥੰਮ੍ਹ ਬਣਕੇ ਖੜ੍ਹ ਗਏ। ਪਰ ਅਫਸੋਸ, ਇਹ ਉਹੀ ਸਾਲ ਸੀ ਜਦੋਂ ਆਧੁਨਿਕ ਸੋਧਵਾਦੀਆਂ ਨੇ ਖਰੁਸਚੋਵ ਦੀ ਅਗਵਾਈ ਹੇਠ ਰੂਸ ਅੰਦਰ ਸਟਾਲਿਨ ਦੇ ਅਨੁਯਾਈਆਂ ਕੋਲੋਂ ਸੱਤਾ ਖੋਹ ਲਈ ਅਤੇ ਨਾ ਸਿਰਫ ਸੋਵੀਅਤ ਯੂਨੀਅਨ ਸਗੋਂ ਪੂਰੇ ਪੂਰਬੀ ਯੂਰਪ ਤੇ ਹੋਰਨਾਂ ਥਾਵਾਂ ’ਤੇ ਆਧੁਨਿਕ ਸੋਧਵਾਦ ਅਤੇ ਪੂੰਜੀਵਾਦ ਦੀ ਬਹਾਲੀ ਨੂੰ ਉਗਾਸਾ ਦਿੱਤਾ। 1964 ਵਿੱਚ ਖਰੁਸਚੋਵ ਤੋਂ ਮਗਰੋਂ ਬਰੈਜ਼ਨੇਵ ਨੇ ਸੱਤਾ ਹਥਿਆ ਲਈ ਤੇ ਪੂੰਜੀਵਾਦ ਦੀ ਬਹਾਲੀ ਨੂੰ ਹੋਰ ਵਧੇਰੇ ਡੂੰਘਾ ਤੇ ਤੇਜ਼ ਕਰ ਦਿੱਤਾ।

ਮਹਾਨ ਕਮਿਊੁਨਿਸਟ ਸਾਥੀ ਮਾਉ ਨੇ ਆਧੁਨਿਕ ਸੋਧਵਾਦ ਖ਼ਿਲਾਫ਼ ਉਦੋਂ ਹੀ ਸੰਘਰਸ਼ ਵਿੱਢ ਦਿੱਤਾ ਜਦੋਂ ਇਸਨੇ ਸੋਵੀਅਤ ਰੂਸ ਅੰਦਰ ਆਪਣਾ ਭੱਦਾ ਸਿਰ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ 1957 ਤੇ 1960 ਦੀਆਂ ਮਾਸਕੋ ਅੰਦਰ ਹੋਈਆਂ ਕਮਿਊੁਨਿਸਟ ਪਾਰਟੀਆਂ ਤੇ ਵਰਕਰਾਂ ਦੀਆਂ ਮੀਟਿੰਗਾਂ ਅੰਦਰ ਵੀ ਇਸਦੇ ਖ਼ਿਲਾਫ਼ ਸੰਘਰਸ਼ ਲੜਿਆ। ਉਸਨੇ ਚੀਨ ਅੰਦਰਲੇ ਸੱਜੇ-ਪੱਖੀਆਂ ਤੇ ਆਧੁਨਿਕ ਰੂਸੀ ਸੋਧਵਾਦ ਪੱਖੀਆਂ ਦਾ ਵੀ ਵਿਰੋਧ ਕੀਤਾ ਜਿਹੜੇ ਕਿ ਚੀਨ ਅੰਦਰ ਸਮਾਜਵਾਦੀ ਸਿੱਖਿਆ ਮੁਹਿੰਮਾਂ ਅਤੇ ਅੱਗੇ ਵੱਲ ਮਹਾਨ ਛਾਲ ਦਾ ਵਿਰੋਧ ਕਰਦੇ ਸਨ।

ਮਾਰਕਸਵਾਦ ਤੇ ਲੈਨਿਨਵਾਦ ਵਿੱਚ

 ਅਗਲੇਰੇ ਵਾਧੇ ਵਜੋਂ ਮਾਉਵਾਦ

1966 ਵਿੱਚ ਮਾਉ ਨੇ ਮਾਰਕਸਵਾਦ ਤੇ ਲੈਨਿਨਵਾਦ ਦੀ ਦਿਸ਼ਾ-ਸੇਧ ਅਨੁਸਾਰ ਚਲਦਿਆਂ ਸਮਾਜਵਾਦ ਦੀ ਉਸਾਰੀ ਅਤੇ ਪੂੰਜੀਵਾਦੀ ਮੁੜ-ਬਹਾਲੀ ਨੂੰ ਰੋਕਣ ਲਈ ਪ੍ਰੋਲੇਤਾਰੀ ਅਗਵਾਈ ਵਿੱਚ ਲਗਾਤਾਰ ਇਨਕਲਾਬ ਦੇ ਸਿਧਾਂਤ ਤੇ ਅਮਲ ਨੂੰ ਅੱਗੇ ਵਧਾਇਆ। ਉਸਨੇ ਮੋੜਾਂ-ਘੋੜਾਂ ਭਰੇ ਅਗਲੇ ਦਸ ਸਾਲਾਂ ਵਿੱਚ ਮਹਾਨ ਸੱਭਿਆਚਾਰਕ ਇਨਕਲਾਬ ਦੌਰਾਨ ਕਈ ਅਹਿਮ ਜਿੱਤਾਂ ਪ੍ਰਾਪਤ ਕੀਤੀਆਂ। ਪਰ 1976 ਵਿੱਚ ਉਸਦੀ ਮੌਤ ਤੋਂ ਮਗਰੋਂ ਡੈਂਗ ਜ਼ਿਆਉ ਪੈਂਗ ਦੀ ਅਗਵਾਈ ਵਿੱਚ ਸੋਧਵਾਦੀਏ ਰਾਜ ਪਲਟਾ ਕਰਨ ਤੇ ਸੱਤਾ ਹਥਿਆਉਣ ਤੇ ਇਸਦੇ ਸਿੱਟੇ ਵਜੋਂ ਸੁਧਾਰਾਂ ਅਤੇ ਚੀਨੀ ਲੱਛਣਾਂ ਵਾਲੇ ਸਮਾਜਵਾਦ (ਅਸਲ ਵਿੱਚ ਪੂੰਜੀਵਾਦ) ਦੀ ਉਸਾਰੀ ਦੇ ਨਾਮ ਹੇਠ ਪੂੰਜੀਵਾਦੀ ਮੁੜ-ਬਹਾਲੀ ਕਰਨ ਵਿੱਚ ਕਾਮਯਾਬ ਹੋ ਗਏ। ਚੀਨ ਅੰਦਰ ਪੂੰਜੀਵਾਦੀ ਮੁੜ-ਬਹਾਲੀ ਨੇ ਸੱਭਿਆਚਾਰਕ ਇਨਕਲਾਬਾਂ ਦੀ ਲੜੀ ਤਹਿਤ ਪ੍ਰੋਲੇਤਾਰੀ ਤਾਨਸ਼ਾਹੀ ਦੇ ਅਧੀਨ ਲਗਾਤਾਰ ਇਨਕਲਾਬ ਦੇ ਸਿਧਾਂਤ ਤੇ ਅਮਲ ਨੂੰ ਦਰਕਿਨਾਰ ਕਰ ਦਿੱਤਾ। ਮਾਉ ਜਦੋਂ ਅਜੇ ਜਿਉਦਾ ਸੀ ਤਾਂ ਆਧੁਨਿਕ ਸੋਵੀਅਤ ਸੋਧਵਾਦ ਤੇ ਇਸਦੇ ਚੀਨੀ ਏਜੰਟਾਂ ਖਿਲਾਫ ਖੜ੍ਹੇ ਹੋਣ ਦੇ ਸਮਰੱਥ ਸੀ। ਇਸ ਵਾਸਤੇ ਚੀਨੀ ਪ੍ਰੋਲੇਤਾਰੀ ਤੇ ਲੋਕਾਈ ਨੇ ਉਸਨੂੰ ਚੀਨੀ ਇਨਕਲਾਬ ਨੂੰ ਜਿੱਤ ਦਿਵਾਉਣ ਅਤੇ ਨਵ-ਜਮਹੂਰੀ ਤੇ ਸਮਾਜਵਾਦੀ ਪੜਾਅ ਦੌਰਾਨ ਰਹਿਨੁਮਾਈ ਕਰਨ ਵਾਲੇ ਆਗੂ ਵਜੋਂ ਮਾਨਤਾ ਦਿੱਤੀ ਜਿਸਨੂੰ ਕਿ ਉਸਦੀ ਮੌਤ ਤੋਂ ਮਗਰੋਂ  ਸੋਵੀਅਤ ਸੋਧਵਾਦ ਦੇ ਵਿਨਾਸ਼ਕਾਰੀ ਝੁਕਾਵਾਂ  ’ਤੇ ਅਮਰੀਕੀ ਸਾਮਰਾਜਵਾਦ ਨੇ ਪੁੱਠਾ ਗੇੜਾ ਦੇ ਦਿੱਤਾ।

ਮਾਉ ਨੇ ਮਾਰਕਸਵਾਦੀ-ਲੈਨਿਨਵਾਦੀ ਫਲਸਫੇ, ਰਾਜਨੀਤਕ ਆਰਥਿਕਤਾ ਅਤੇ ਸਮਾਜਿਕ ਵਿਗਿਆਨ ਵਿੱਚ ਅਹਿਮ ਯੋਗਦਾਨ ਪਾਇਆ। ਇਸੇ ਕਾਰਨ ਉਹ ਚੀਨੀ ਇਨਕਲਾਬ ਨੂੰ ਜਿੱਤ ਤੱਕ ਲਿਜਾਣ ਦੇ ਯੋਗ ਹੋ ਸਕਿਆ ਅਤੇ ਅੱਜ ਉਸਨੂੰ ਉਹੀ ਲੋਕ ਚੀਨੀ ਗਣਤੰਤਰ ਦੇ ਮੋਢੀ ਸੰਸਥਾਪਕ ਵਜੋਂ ਸਤਿਕਾਰ ਦਿੰਦੇ ਹਨ, ਜਿਹੜੇ ਕਿ ਬੁਰਜੂਆ ਰਾਸ਼ਟਰਵਾਦ, ਪੂੰਜੀਵਾਦ ਤੇ  ਬੁਰਜੂਆ ਵਿਸ਼ਵਵਾਦ ਨੂੰ ਆਪਣਾ ਆਪਣਾ ਰਾਹ ਦਰਸਾਵਾ ਮੰਨਦੇ ਹਨ।

ਚੀਨ ਉੱਤੇ ਸੋਵੀਅਤ ਸੋਧਵਾਦ ਅਤੇ ਅਮਰੀਕੀ ਸਾਮਰਾਜ ਦੇ ਪ੍ਰਭਾਵ ਨੂੰ ਘਟਾਕੇ ਨਹੀਂ ਦੇਖਿਆ ਜਾ ਸਕਦਾ। ਇਸ ਤਰ੍ਹਾਂ ਚੀਨ ਹੁਣ ਸਮਾਜਵਾਦੀ ਦੇਸ਼ ਨਹੀਂ ਹੈ। ਪ੍ਰੋਲੇਤਾਰੀ ਦੀ ਅਗਵਾਈ ਹੇਠ ਲਗਾਤਾਰ ਇਨਕਲਾਬ ਦਾ ਸਿਧਾਂਤ ਤੇ ਅਮਲ ਇਹ ਯਕੀਨੀ ਕਰਨ ਵਾਸਤੇ ਸੀ ਕਿ ਪ੍ਰੋਲੇਤਾਰੀ ਅਤੇ ਦੁਨੀਆ ਭਰ ਦੇ ਲੋਕ ਸਾਮਰਾਜ ਨੂੰ ਹਰਾ ਸਕਣ ਤੇ ਸਮਾਜਵਾਦ ਦੀ ਵਿਸ਼ਵ-ਵਿਆਪੀ ਜਿੱਤ ਵੱਲ ਅੱਗੇ ਵਧ ਸਕਣ। ਪਰ ਚੀਨ ਵਿੱਚ ਪੂੰਜੀਵਾਦ ਦੀ ਸਥਾਪਨਾ ਨਾਲ ਇਸਨੂੰ ਧੱਕਾ ਲੱਗਿਆ।

1989-91 ਦੌਰਾਨ ਸੋਧਵਾਦੀਆਂ ਦੀ ਸੱਤਾ ਹੇਠਲਾ ਸੋਵੀਅਤ ਯੂਨੀਅਨ ਪੂਰੇ-ਸੂਰੇ ਪੂੰਜੀਵਾਦ ਵੱਲ ਤਬਦੀਲੀ ਵਾਸਤੇ ਤਿਆਰ ਸੀ, ਨਾਲ  ਹੀ ਚੀਨ ਨੇ ਅਫਸਰਸ਼ਾਹ ਪੂੰਜੀਵਾਦ ਨੂੰ ਢਕਣ ਵਾਸਤੇ ਕਮਿਊੁਨਿਜ਼ਮ ਦਾ ਬਾਰੀਕ ਪਰਦਾ ਅਜੇ ਰੱਖਿਆ ਹੋਇਆ ਸੀ। ਗੋਰਬਾਚੋਵ ਦੀ ਅਗਵਾਈ ਵਾਲੇ ਸੋਧਵਾਦੀਆਂ ਦੀ ਨਿਰਣਾਇਕ ਗੱਦਾਰੀ ਸਦਕਾ ਅਮਰੀਕਾ ਠੰਢੀ ਜੰਗ ਵਿੱਚ ਸੋਵੀਅਤ ਯੂਨੀਅਨ ਤੋਂ ਜੇਤੂ ਨਿੱਬੜਿਆ ਤੇ ਇੱਕੋ-ਇੱਕ ਮਹਾਂ-ਸਕਤੀ ਬਣ ਗਿਆ। ਸਾਰੇ ਕਮਿਊੁਨਿਸਟ ਵਿਰੋਧੀਆਂ ਤੇ ਉਹਨਾਂ ਦੇ ਧੜੇ ਨੇ ਬਕੱੜਵਾਹ ਮਾਰੀ ਕਿ ਦੁਨੀਆ ਪੂੰਜੀਵਾਦ ਤੇ ਉਦਾਰ-ਜਮਹੂਰੀਅਤ ਤੋਂ ਅਗਾਂਹ ਨਹੀਂ ਜਾ ਸਕਦੀ। 

ਅਮਰੀਕੀ ਸਾਮਰਾਜੀਆਂ ਨੇ ਬੇਹੱਦ ਹੰਕਾਰ ਭਰੇ ਲਹਿਜ਼ੇ ਨਾਲ ਇਹ ਭਰਮ ਫੈਲਾਇਆ ਕਿ ਪੂੰਜੀਵਾਦ ਸਦੀਵੀ ਹੈ, ਸਮਾਜਵਾਦ ਮਰ ਚੁੱਕਾ ਹੈ ਤੇ ਆਪਣੀ ਨਵ-ਉਦਾਰਵਾਦੀ ਆਰਥਿਕ ਨੀਤੀ ਅਤੇ ਜੰਗਾਂ ਦੀ ਨਵ-ਪਿਛਾਖੜੀ ਨੀਤੀ ਨੂੰ ਅੱਗੇ ਵਧਾਉਦਿਆਂ ਅਰਬਾਂ ਡਾਲਰ ਬਰਬਾਦ ਕੀਤੇ। ਪਹਿਲਾਂ 1980ਵਿਆਂ ਵਿੱਚ ਰੀਗਨ ਦੇ ਰਾਜਕਾਲ ਸਮੇਂ ਇਸਨੇ ਚਲਾਕੀ ਨਾਲ ਸੋਵੀਅਤ ਰੂਸ ਨੂੰ ਮਹਿੰਗੀ ਹਥਿਆਰ ਰੇਸ ਵਿੱਚ ਉਲਝਾਇਆ ਤੇ ਚੀਨ ਨੂੰ ਖਪਤਕਾਰ ਪੈਦਾਵਾਰੀ ਮੁਲਕ ਵਜੋਂ ਮਾਨਤਾ ਦਿੱਤੀ ਤਾਂ  ਜੋ ਚੀਨ ਦੀ ਪੂੰਜੀਵਾਦੀ ਸੰਸਾਰ ਨਾਲ ਇੱਕਮਿੱਕਤਾ ਨੂੰ ਤੇਜ਼ ਕੀਤਾ ਜਾ ਸਕੇ।

ਹੁਣ ਸੰਸਾਰ ਪੂੰਜੀਵਾਦ ਵਾਸਤੇ ਬਹੁਤ ਵੱਡੀ ਸਮੱਸਿਆ ਬਣ ਗਈ ਹੈ। ਦੋ ਹੋਰ ਪੂੰਜੀਵਾਦੀ ਸ਼ਕਤੀਆਂ, ਚੀਨ ਤੇ ਰੂਸ ਸਿਆਸੀ ਤੇ ਆਰਥਿਕ ਚੌਧਰ ਲਈ ਤਾਣ ਲਾ ਰਹੀਆਂ ਹਨ ਤੇ ਪੁਰਾਣੀਆਂ ਪੂੰਜੀਵਾਦੀ ਤਾਕਤਾਂ ਅਮਰੀਕਾ, ਜਪਾਨ ਤੇ ਯੂਰਪੀ ਯੂਨੀਅਨ ਨੂੰ ਚੈਲਿੰਜ ਕਰ ਰਹੀਆਂ ਹਨ। ਅਜਿਹੀਆਂ ਹਾਲਤਾਂ ਵਿੱਚ ਸੰਸਾਰ ਪੂੰਜੀਵਾਦੀ ਸੰਕਟ ਤੇ ਜੰਗਾਂ ਵਾਰ-ਵਾਰ ਵਾਪਰ ਰਹੀਆਂ ਹਨ। ਇਹ ਸਾਮਰਾਜ ਵਿਰੋਧੀ ਤੇ ਸਮਾਜਵਾਦੀ ਲਹਿਰਾਂ ਦੀ ਮੁੜ ਉਠਾਣ ਵਾਸਤੇ ਸਾਜ਼ਗਾਰ ਸਮਾਂ ਹੈ। 

ਸੰਸਾਰ ਪ੍ਰੋਲੇਤਾਰੀ ਇਨਕਲਾਬ ਦੀ ਮੁੜ ਉਠਾਣ ਵੱਲ

ਘਰੋਗੀ ਤੇ ਸੰਸਾਰਕ ਆਰਥਿਕ ਸੰਕਟਾਂ ਦੇ ਕਈ ਦੌਰਾਂ, ਜਿਹਦਾ ਸਿਖ਼ਰ 2008 ਦੀ ਵਿੱਤੀ ਤਬਾਹੀ ਸੀ, ਤੇ ਜਿਹੜਾ ਹੁਣ ਵੀ ਸੰਸਾਰ ਆਰਥਿਕਤਾ ਨੂੰ ਢਾਹ ਲਾਉਣਾ ਜਾਰੀ ਰੱਖ ਰਿਹਾ ਹੈ, ਦੇ ਮਗਰੋਂ ਅਮਰੀਕੀ ਸਾਮਰਾਜ ਲਗਾਤਾਰ ਪਤਨ ਵੱਲ ਜਾ ਰਿਹਾ ਹੈ ਜਿਸਨੂੰ ਕਿ ਖੁਦ ਪੈਂਟਾਗਨ ਚੜ੍ਹਤ ਤੋਂ ਮਗਰੋਂ ਦਾ ਸਮਾਂ ਕਹਿੰਦਾ ਹੈ। ਇੱਕ ਬਹੁ-ਸ਼ਕਤੀ ਦੁਨੀਆ ਤੇ ਤੇਜ਼ ਹੋ ਰਹੀਆਂ ਅੰਤਰ-ਸਾਮਰਾਜੀ ਵਿਰੋਧਤਾਈਆਂ ਦੇ ਦੌਰ ਵਿੱਚ ਅਮਰੀਕਾ ਦੇ ਮੁੱਖ ਦੁਸ਼ਮਣ ਹਨ ਚੀਨ ਆਰਥਿਕ ਰੂਪ ਵਿੱਚ ਅਤੇ ਚੀਨ ਤੇ ਰੂਸ ਦੋਨੇ ਫੌਜੀ ਰੂਪ ਵਿੱਚ ।

  ਇਸ ਦੌਰਾਨ ਜਦੋਂ 1991 ਜਾਂ ਇਸਤੋਂ ਵੀ ਪਹਿਲਾਂ ਸਮਾਜਵਾਦ ਦਾ ਕਾਰਜ ਪ੍ਰਤੱਖ ਰੂਪ ਵਿੱਚ ਲਹਿਤ ਦੀ ਹਾਲਤ ਵਿੱਚ ਚਲਾ ਗਿਆ ਤਾਂ ਪ੍ਰੋਲੇਤਾਰੀ ਅਤੇ ਦੁਨੀਆਂ ਭਰ ਦੇ ਲੋਕਾਂ ਨੇ ਆਰਥਿਕ ਨਵ-ਉਦਾਰਵਾਦ ਤੇ ਹਮਲਾਵਰ ਜੰਗਾਂ ਕਾਰਨ ਅਸਹਿ ਦੁੱਖ ਹੰਢਾਏ ਹਨ। ਪਰ ਅਸਲ ਵਿੱਚ ਇਸੇ ਕਰਕੇ ਹੀ ਦੁਨੀਆਂ ਦੀਆਂ ਸਮਾਰਾਜੀ ਤਾਕਤਾਂ ਦਰਮਿਆਨ ਵਿਰੋਧਤਾਈਆਂ ਹੋਰ ਤਿੱਖੀਆਂ ਹੋਈਆਂ ਹਨ ਤੇ ਪ੍ਰੋਲੇਤਾਰੀ ਤੇ ਦਬਾਏ ਹੋਏ ਲੋਕਾਂ ਵਿੱਚੋਂ ਇਨਕਲਾਬੀ ਜਦੋਜਹਿਦ ਦੀਆਂ ਤਾਕਤਾਂ ਪੈਦਾ ਹੋਈਆਂ ਹਨ।

ਆਧੁਨਿਕ ਸਾਮਰਾਜ ਤੇ ਸਮਾਜਵਾਦ ਦੇ ਇਸ ਯੁੱਗ ਵਿੱਚ ਅਸੀਂ ਦਹਾਕਿਆਂ ਤੱਕ ਲਗਾਤਾਰ ਵਾਪਰਦੇ ਆਰਥਿਕ ਸੰਕਟਾਂ, ਸਮਾਜਿਕ ਉਥਲ-ਪੁਥਲ ਅਤੇ ਜੰਗਾਂ ਵਿੱਚ ਘਿਰੇ ਰਹੇ ਹਾਂ। ਪਰ ਹੁਣ ਅਸੀਂ ਨਿਘਾਰ ਵੱਲ ਜਾ ਰਹੇ ਇਜਾਰੇਦਾਰ ਵਿੱਤੀ ਸਰਮਾਏ ਦੀਆਂ ਬੁਰਾਈਆਂ ਤੇ ਸੜਾਂਦ ਵਿਰੁੱਧ ਇਨਕਲਾਬੀ ਉਭਾਰ ਦੇ ਪੜਾਅ ਵਿੱਚ ਹਾਂ। ਅਸੀਂ ਮਾਰਕਸਵਾਦ ਦੀ ਲਗਾਤਾਰ ਬਣੀ ਰਹਿ ਰਹੀ ਪ੍ਰਸੰਗਿਕਤਾ ਤੇ ਜੀਵਨ ਤੱਤ ਅਤੇ ਇਸਦੇ ਇਤਿਹਾਸ ਅੰਦਰ ਤੇ ਮੌਜੂਦਾ ਹਾਲਤਾਂ ਅੰਦਰ ਮਾਰੀਆਂ ਮੱਲਾਂ ਤੋਂ ਦੁਬਾਰਾ ਤਾਕਤ ਪ੍ਰਾਪਤ ਕੀਤੀ ਹੈ।

ਅਸੀੰ ਸੰਸਾਰ ਇਤਿਹਾਸ ਦੇ ਇੱਕ ਅਹਿਮ ਮੋੜ ’ਤੇ ਖੜ੍ਹੇ ਹਾਂ ਜਿੱਥੇ ਪ੍ਰੋਲੇਤਾਰੀ ਦੀਆਂ ਸਿਆਸੀ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਇੱਕ ਵਾਰ ਫੇਰ ਮਾਰਕਸ ਐਂਗਲਜ਼, ਲੈਨਿਨ, ਸਟਾਲਿਨ ਤੇ ਮਾਉ ਦੀਆਂ ਸਿਖਿਆਵਾਂ ਨੂੰ ਪੜ੍ਹ ਰਹੇ ਹਨ ਤੇ ਸਾਮਰਾਜ ਤੇ ਹਰ ਤਰ੍ਹਾਂ ਦੇ ਪਿਛਾਖੜ ਖਿਲਾਫ਼ ਸੰਸਾਰ ਪ੍ਰੋਲੇਤਾਰੀ ਇਨਕਲਾਬ ਦੇ ਪੁਨਰ-ਉਠਾਨ ਤੇ ਮੁੜ-ਉਭਾਰ ਲਈ ਤੇ ਕੌਮੀ ਮੁਕਤੀ, ਜਮਹੂਰੀਅਤ ਤੇ ਸਮਾਜਵਾਦ ਦੀ ਸਥਾਪਨਾ ਲਈ ਮਾਰਕਸਵਾਦ, ਲੈਨਿਨਵਾਦ ਤੇ ਮਾਉਵਾਦ ਨੂੰ ਦੁਬਾਰਾ ਗ੍ਰਹਿਣ ਕਰ ਰਹੇ ਹਨ। ਪ੍ਰੋਲੇਤਾਰੀ ਤੇ ਬੁਰਜੂਆਜ਼ੀ ਦਰਮਿਆਨ ਜਮਾਤੀ ਸੰਘਰਸ਼ ਸਮਾਜਵਾਦ ਤੇ ਕਮਿਊਨਿਜ਼ਮ ਦੀ ਆਖਰੀ ਤੇ ਪੂਰਨ ਜਿੱਤ ਤੋਂ ਬਿਨਾਂ ਖਤਮ ਨਹੀਂ ਹੋ ਸਕਦਾ।

ਕਾਰਲ ਮਾਰਕਸ ਦੀਆਂ ਸਿੱਖਿਆਵਾਂ ਅਮਰ ਰਹਿਣ!

ਮਾਰਕਸਵਾਦ, ਲੈਨਿਨਵਾਦ, ਮਾਉਵਾਦ ਅਮਰ ਰਹੇ!

ਖਰੀਆਂ ਕਮਿਊੁਨਿਸਟ ਤੇ ਮਜ਼ਦੂਰ ਪਾਰਟੀਆਂ ਜਿੰਦਾਬਾਦ!

ਸੰਸਾਰ ਪ੍ਰੋਲੇਤਾਰੀ ਸਮਾਜਵਾਦੀ ਇਨਕਲਾਬ ਜਿੰਦਾਬਾਦ!

ਪ੍ਰੋਲੇਤਾਰੀ ਤੇ ਸੰਸਾਰ ਦੇ ਲੋਕ ਜਿੰਦਾਬਾਦ!

                                                                            5  ਮਈ 2018 

                                                                            ( ਅੰਗਰੇਜ਼ੀ ਤੋਂ ਅਨੁਵਾਦ)  


(ਲੇਖਕ ਫਿਲਪੀਨਜ਼ ਕਮਿਊਨਿਸਟ ਪਾਰਟੀ ਦਾ ਸੰਸਥਾਪਕ, ਚੇਅਰਮੈਨ ਤੇ ਲੋਕ ਸੰਘਰਸ਼ ਦੀ ਅੰਤਰ-ਰਾਸ਼ਟਰੀ ਲੀਗ ਦਾ ਚੇਅਰਮੈਨ ਹੈ। ਇਹ ਲੇਖ ਉਸ ਵੱਲੋਂ ਕਾਰਲ ਮਾਰਕਸ ਦੀ ਦੂਸਰੀ ਜਨਮ ਸ਼ਤਾਬਦੀ ਮੌਕੇ ਲਿਖੇ ਲੇਖ ਦਾ ਸੰਖੇਪ ਹਿੱਸਾ ਹੈ।)

   

No comments:

Post a Comment