ਹਿੰਦੂ ਜਥੇਬੰਦੀਆਂ ਤੇ ਆਗੂਆਂ ਨੇ ਕਿਹਾ,“ਸਮੂਹਿਕ ਚੁੱਪ ਨੂੰ ਤੋੜਨ ਤੇ ਨਫ਼ਰਤ ਖ਼ਿਲਾਫ਼ ਬੋਲਣ’’ ਦਾ ਸਮਾਂ
ਕਈ ਹਿੰਦੂ ਜਥੇਬੰਦੀਆਂ ਤੇ ਧਾਰਮਿਕ ਲੀਡਰਾਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦੁਨੀਆਂ ਭਰ ਵਿੱਚ ਵਸਦੇ ਹਿੰਦੂਆਂ ਨੂੰ ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਖਿਲਾਫ ਹਿੰਦੂਤਵਾ ਪ੍ਰਭਾਵਿਤ ਹਿੰਸਾ ਤੇ ਨਫ਼ਰਤ ਖ਼ਿਲਾਫ਼ ਸਮੂਹਿਕ ਚੁੱਪ ਤੋੜਨ ਤੇ ਬੋਲਣ ਦੀ ਕਾਫੀ ਸਮੇਂ ਤੋਂ ਲੋੜ ਬਣੀ ਹੋਈ ਹੈ। ਇਹ ਬਿਆਨ ਅਮਰੀਕਾ ਅਧਾਰਿਤ ਜਥੇਬੰਦੀ “ਜਮਹੂਰੀ ਹੱਕਾਂ ਲਈ ਹਿੰਦੂ’’ (Hindus for Human Rights ) ਵੱਲੋਂ ਮੂਲ ਰੂਪ ਵਿੱਚ ਇੰਡੀਅਨ ਐਕਸਪ੍ਰੈੱਸ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸਤੋਂ ਮਗਰੋਂ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਤੇ ਆਗੂਆਂ ਨੇ ਇਸ ਨਾਲ ਸਾਂਝ ਜਤਾਉਦੇ ਹੋਏ ਇਸ ਉੱਪਰ ਦਸਤਖਤ ਕੀਤੇ ਹਨ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਹਿੰਦੂਵਾਦ ਦੇ ਨਾਮ ’ਤੇ ਮੁਸਲਮਾਨਾਂ ਖ਼ਿਲਾਫ਼ ਹਿੰਸਾ ਲਗਾਤਾਰ ਵਧ ਰਹੀ ਹੈ।
ਬਿਆਨ ਕਹਿੰਦਾ ਹੈ,“ਬਹੁ-ਭਾਂਤੀ ਹਿੰਦੂ ਪ੍ਰਥਾਵਾਂ ਤੇ ਲੰਮੇ ਇਤਿਹਾਸ ਦੇ ਨੁਮਾਇੰਦਿਆਂ ਵਜੋਂ ਅਸੀਂ ਇਹ ਦੇਖ ਕੇ ਨਿਰਾਸ਼ ਹਾਂ ਕਿ ਭਾਰਤ ਵਿੱਚ ਤੇ ਵਿਦੇਸ਼ਾਂ ਵਿੱਚ ਹਿੰਦੂ ਨੇਤਾ ਹਿੰਦੂਤਵਾ ਦੀ ਇੱਕ ਸਦੀ ਪੁਰਾਣੀ ਸਿਆਸੀ ਵਿਚਾਰਧਾਰਾ ਨੂੰ ਉਚਿਆ ਰਹੇ ਹਨ ਜਿਹੜੀ ਕਿ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਵਿਦੇਸ਼ੀ ਤਸਲੀਮ ਕਰਦੀ ਹੈ ਤੇ ਉਹਨਾਂ ਨੂੰ ਭਾਰਤੀ ਨਾਗਰਿਕ ਹੋਣ ਦੇ ਪੂਰੇ ਫਾਇਦੇ ਲੈਣ ਦੇ ਅਯੋਗ ਮੰਨਦੀ ਹੈ।’’
ਜਥੇਬੰਦੀ ਨੇ ਕਿਹਾ ਕਿ ਹਰਿਦੁਆਰ ਧਰਮ ਸੰਸਦ ਵਿੱਚ ਭਗਵਾਂਧਾਰੀ ਸਾਧੂਆਂ, ਸਾਧਵੀਆਂ ਤੇ ਸਵਾਮੀਆਂ ਵੱਲੋਂ ਕਰੋੜਾਂ ਭਾਰਤੀ ਮੁਸਲਮਾਨਾਂ ਦੇ ਕਤਲੇਆਮ ਦੇ ਸੱਦੇ ਦੇਣਾ ਇੱਕ ਕੰਬਾਊ ਦਿ੍ਰਸ਼ ਹੈ ਜਿਸ ਨੂੰ ਅਸੀਂ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ।
ਕਰਨਾਟਕਾ ਵਿੱਚ ਹਿਜਾਬ ’ਤੇ ਪਾਬੰਦੀ ਲਾਉਣ ਤੇ ਮੋਬਾਇਲ ਐਪਾਂ ’ਤੇ ਮੁਸਲਿਮ ਔਰਤਾਂ ਦੀ ਬੋਲੀ ਲਾਉਣ ਵਰਗੇ ਕਦਮਾਂ ਨੂੰ ਨੋਟ ਕਰਦਿਆਂ ਬਿਆਨ ਕਹਿੰਦਾ ਹੈ ਕਿ “ਦੁਨੀਆਂ ਭਰ ਦੇ ਹਿੰਦੂਆਂ ਵੱਲੋਂ ਆਪਣੀ ਧਾਰਮਿਕ ਪ੍ਰੰਪਰਾ ਦੀਆਂ ਬੁਨਿਆਦੀ ਸਿੱਖਿਆਵਾਂ ਦੇ ਉਲਟ, ਫੈਲਾਈ ਜਾ ਰਹੀ ਇਸ ਨਫ਼ਰਤ ਖ਼ਿਲਾਫ਼ ਬੋਲਣ ਦੀ ਲੋੜ ਲੰਮੇ ਸਮੇਂ ਤੋਂ ਬਣੀ ਹੋਈ ਹੈ।’’
ਬਿਆਨ ਇਹ ਵੀ ਕਹਿੰਦਾ ਹੈ ਕਿ ਉਲਟ-ਇਲਜ਼ਾਮਬਾਜੀ ਕੋਈ ਹੱਲ ਨਹੀਂ ਹੈ- ਭਾਵੇਂ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਮੁਲਕਾਂ ਵਿੱਚ ਵੀ ਹਿੰਦੂਆਂ ਤੇ ਹੋਰ ਘੱਟ-ਗਿਣਤੀਆਂ ਖ਼ਿਲਾਫ਼ ਹਿੰਸਾ ਵਾਪਰ ਸਕਦੀ ਹੈ “ਪਰ ਇਹ ਕਿਸੇ ਤਰ੍ਹਾਂ ਵੀ ਸਾਡੇ ਮੁਲਕ ਅੰਦਰ ਮੁਸਲਮਾਨਾਂ ਤੇ ਹੋਰ ਘੱਟ-ਗਿਣਤੀਆਂ ਖ਼ਿਲਾਫ਼ ਹਿੰਸਾ ਨੂੰ ਜਾਇਜ਼ ਨਹੀਂ ਠਹਿਰਾਉਦਾ।’’
ਬਿਆਨ ਅੱਗੇ ਕਹਿੰਦਾ ਹੈ, “ਸਾਡਾ ਜਵਾਬ ਸਾਫ ਹੈ, ਇੱਕੋ-ਇੱਕ ਤਰੀਕਾ ਜਿਸ ਨਾਲ ਕਿ ਅਸੀਂ ਦੱਖਣੀ ਏਸ਼ੀਆ ਵਿੱਚ ਧਾਰਮਿਕ ਹਿੰਸਾ ਨੂੰ ਠੱਲ੍ਹ ਪਾ ਸਕਦੇ ਹਾਂ ਉਹ ਹੈ ਜੇਕਰ ਅਸੀਂ ਸਾਰੇ ਇੱਕ ਦੂਜੇ ਦੇ ਸਨਮਾਨਜਨਕ ਜ਼ਿੰਦਗੀ ਜਿਉਣ ਤੇ ਅੱਗੇ ਵਧਣ ਦੇ ਹੱਕ ਲਈ ਖੜ੍ਹੇ ਹੋਵਾਂਗੇ।’’
ਬਿਆਨ ’ਤੇ ਦਸਤਖਤ ਕਰਨ ਵਾਲਿਆਂ ਨੇ ਮੁਸਲਿਮ-ਵਿਰੋਧੀ ਕਾਰਵਾਈਆਂ ਤੇ ਸ਼ਬਦਾਵਲੀ ਦੇ ਵਿਰੁੱਧ ਆਵਾਜ਼ ਉਠਾਉਣ; ਮੁਸਲਿਮ ਗੁਆਂਢੀਆਂ, ਲੀਡਰਾਂ ਤੇ ਸੰਸਥਾਵਾਂ ਨਾਲ ਰਿਸ਼ਤੇ ਮਜ਼ਬੂਤ ਕਰਨ; ਆਪਣੇ ਮੰਦਰਾਂ ਦੇ ਬੂਹੇ ਸਾਰਿਆਂ ਲਈ ਖੁੱਲੇ੍ਹ ਰੱਖਣ; ਧਾਰਮਿਕ ਰਾਸ਼ਟਰਵਾਦ, ਜਾਤੀਵਾਦ ਤੇ ਹੋਰਨਾਂ ਧਰਮਾਂ ਨੂੰ ਨਫ਼ਰਤ ਕਰਨ ਦੀ ਪ੍ਰੰਪਰਾ ਨੂੰ ਚੈਲਿੰਜ ਕਰਨ ਵਾਲੀਆਂ ਧਾਰਮਿਕ ਆਜ਼ਾਦੀ ਤੇ ਸਮਾਜਿਕ ਨਿਆਂ ਦੀਆਂ ਹਿੰਦੂ ਧਰਮ ਦੀਆਂ ਸਿੱਖਿਆਵਾਂ ਨਾਲ ਜੁੜੇ ਰਹਿਣ ਦਾ ਅਹਿਦ ਕੀਤਾ।
ਦਸਤਖਤ ਕਰਨ ਵਾਲਿਆਂ ਦਾ ਪੂਰਾ ਬਿਆਨ ਹੇਠਾਂ ਦਿੱਤਾ ਜਾ ਰਿਹਾ ਹੈ।
ਆਪਣੇ ਮੁਸਲਮਾਨ ਭਰਾਵਾਂ ਨਾਲ ਖੜ੍ਹਦਿਆਂ,
ਹਿੰਦੂ ਹੋਣ ਦੇ ਨਾਤੇ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਪਰਮਾਤਮਾ ਸਾਰੇ ਜਿਉਦੇ ਵਿਅਕਤੀਆਂ ਵਿੱਚ ਬਰਾਬਰ ਵਸਦਾ ਹੈ। ਇਸ ਗੱਲ ਨੂੰ ਸਮਝਣ ਲਈ ਚਾਹੀਦਾ ਹੈ ਕਿ ਅਸੀਂ ਸਾਰੇ ਮਨੁੱਖਾਂ ਦੇ ਸਵੈ-ਮਾਣ ਨੂੰ ਮਾਨਤਾ ਦੇਈਏ ਤੇ ਅਹਿੰਸਾ ਤੇ ਸਦਭਾਵਨਾ ਦੇ ਸਿਧਾਂਤ ਦੀ ਪਾਲਣਾ ਕਰੀਏ।
ਇਹ ਦੁੱਖਦਾਈ ਹੈ, ਕਿ ਜਦੋਂ ਅਸੀਂ ਇਹ ਖਤ ਲਿਖ ਰਹੇ ਹਾਂ ਤਾਂ ਅਸੀਂ ਭਾਰਤ ਭਰ ਅੰਦਰ ਸਾਡੇ ਧਰਮ ਦੇ ਨਾਮ ’ਤੇ ਸਾਡੇ ਮੁਸਲਮਾਨ ਭਰਾਵਾਂ ਖ਼ਿਲਾਫ਼ ਵਧ ਰਹੀ ਹਿੰਸਾ ਨੂੰ ਦੇਖ ਰਹੇ ਹਾਂ।
ਬਹੁ-ਭਾਂਤੀ ਤੇ ਡੂੰਘੀਆਂ ਇਤਿਹਾਸਕ ਜੜ੍ਹਾਂ ਵਾਲੀ ਹਿੰਦੂ ਪ੍ਰੰਪਰਾ ਦੇ ਨੁਮਾਇੰਦੇ ਹੋਣ ਦੇ ਨਾਤੇ ਅਸੀਂ ਇਹ ਦੇਖ ਕੇ ਨਿਰਾਸ਼ ਹਾਂ ਕਿ ਭਾਰਤ ਅੰਦਰ ਤੇ ਬਾਹਰਲੇ ਮੁਲਕਾਂ ਅੰਦਰ ਸਾਡੇ ਨੇਤਾ, ਇੱਕ ਸਦੀ ਪੁਰਾਣੀ ਹਿੰਦੂਤਵਾ ਦੀ ਉਸ ਸਿਆਸੀ ਵਿਚਾਰਧਾਰਾ ਨੂੰ ਉਚਿਆ ਰਹੇ ਹਨ ਜਿਹੜੀ ਕਿ ਦੂਸਰੇ ਧਰਮਾਂ ਦੇ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਵਿਦੇਸ਼ੀ ਸਮਝਦੀ ਹੈ ਤੇ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦੇ ਸਾਰੇ ਫਾਇਦੇ ਲੈਣ ਦੇ ਅਯੋਗ ਸਮਝਦੀ ਹੈ। ਦਸੰਬਰ 2021 ਵਿੱਚ ਭਗਵੇਂ ਬਾਣੇ ਵਿੱਚ ਰੰਗੇ ਸਾਧੂਆਂ, ਸਾਧਵੀਆਂ ਤੇ ਸਵਾਮੀਆਂ ਵੱਲੋਂ ਕਰੋੜਾਂ ਭਾਰਤੀ ਮੁਸਲਮਾਨਾਂ ਦੇ ਨਰਸੰਹਾਰ ਦੇ ਸੱਦੇ ਦੇਣਾ ਇੱਕ ਕੰਬਾਊ ਦਿ੍ਰਸ਼ ਹੈ ਜਿਸਨੂੰ ਅਸੀਂ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ। ਅਤੇ ਜਦੋਂ ਤੋਂ ਹਰਿਦੁਆਰ ਵਿੱਖੇ ਅਖੌਤੀ ਧਰਮ ਸੰਸਦ ਹੋਈ ਹੈ, ਅਸੀਂ ਕਾਲਜ ਵਿਦਿਆਰਥੀਆਂ ਵੱਲੋਂ ਮੁਸਲਿਮ ਔਰਤਾਂ ਦੀ ਮੋਬਾਇਲ ਐਪਾਂ ’ਤੇ ਨਿਲਾਮੀ ਹੁੰਦਿਆਂ ਤੇ ਕਰਨਾਟਕਾ ਅੰਦਰ ਹਿਜਾਬ ਪਹਿਨਣ ਵਾਲੀਆਂ ਮੁਸਲਿਮ ਲੜਕੀਆਂ ਨੂੰ ਸਿੱਖਿਆ ਦੇ ਬਰਾਬਰ ਅਧਿਕਾਰ ਤੋਂ ਵਚਿੰਤ ਕੀਤੇ ਜਾਣ ਨੂੰ ਦੇਖਿਆ ਹੈ। ਦੁਨੀਆਂ ਭਰ ਦੇ ਹਿੰਦੂਆਂ ਵਾਸਤੇ ਲੰਮੇ ਸਮੇਂ ਤੋਂ ਲੋੜ ਬਣੀ ਹੋਈ ਹੈ ਕਿ ਉਹ ਆਪਣੀ ਸਮੂਹਿਕ ਚੁੱਪ ਤੋੜਨ ਤੇ ਉਸ ਨਫ਼ਰਤ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਜੋ ਸਾਡੀ ਰਵਾਇਤ ਦੀਆਂ ਡੂੰਘੀਆਂ ਸਿੱਖਿਆਵਾਂ ਦੇ ਵਿਰੁੱਧ ਹੈ।
ਕੁੱਝ ਲੋਕ ਹੈਰਾਨ ਹੋ ਸਕਦੇ ਹਨ ਕਿ ਅਸੀਂ ਕਿਉ ਭਾਰਤ ਵਿਚਲੇ ਮੁਸਲਮਾਨਾਂ ਵਾਸਤੇ ਬੋਲ ਰਹੇ ਹਾਂ ਜਦੋਂ ਕਿ ਸਾਨੂੰ ਪਤਾ ਹੈ ਕਿ ਹੋਰ ਦੇਸ਼ਾਂ ਵਿੱਚ ਹਿੰਦੂਆਂ ਉੱਤੇ ਹਮਲੇ ਹੋ ਰਹੇ ਹਨ? ਸਾਡਾ ਜਵਾਬ ਸਾਫ ਹੈ; ਇੱਕੋ ਇੱਕ ਤਰੀਕਾ ਜਿਸ ਨਾਲ ਅਸੀਂ ਦੱਖਣੀ ਏਸੀਆ ਦੇ ਖਿੱਤੇ ਅੰਦਰ ਧਾਰਮਿਕ ਹਿੰਸਾ ਦੇ ਗੇੜਾਂ ਦਾ ਅੰਤ ਕਰ ਸਕਦੇ ਹਾਂ, ਜੇਕਰ ਅਸੀਂ ਹਰ ਕਿਸੇ ਦੇ ਸਨਮਾਨ-ਜਨਕ ਜੀਵਨ ਜਿਉਣ ਤੇ ਅੱਗੇ ਵਧਣ ਦੇ ਅਧਿਕਾਰ ਲਈ ਇੱਕ-ਦੂਜੇ ਨਾਲ ਡਟਕੇ ਖੜ੍ਹੇ ਹੋਈਏ। ਪਾਕਿਸਤਾਨ ਤੇ ਬੰਗਲਾਦੇਸ ਵਰਗੇ ਦੇਸ਼ਾਂ ਵਿੱਚ ਹਿੰਦੂਆਂ ਖ਼ਿਲਾਫ਼ ਹੁੰਦੀ ਹਿੰਸਾ ਭਾਰਤ ਅੰਦਰ ਮੁਸਲਮਾਨਾਂ ਤੇ ਹੋਰਨਾਂ ਘੱਟ ਗਿਣਤੀਆਂ ਨਾਲ ਹਿੰਸਾ ਕਰਨ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂੰ ਠਹਿਰਾਉਦੀ ।
ਇਸ ਚਿੱਠੀ ’ਤੇ ਹਸਤਾਖਰ ਕਰਕੇ ਅਸੀਂ ਪ੍ਰਣ ਕਰਦੇ ਹਾਂ, ਕਿ ਸਾਡੇ ਭਾਈਚਾਰੇ ਅੰਦਰ ਮੁਸਲਿਮ-ਵਿਰੋਧੀ ਸ਼ਬਦਾਵਲੀ ਤੇ ਐਕਸ਼ਨਾਂ ਵਿਰੁੱਧ ਆਵਾਜ਼ ਬੁਲੰਦ ਕਰਾਂਗੇ।
ਸਾਡੇ ਭਾਈਚਾਰਿਆਂ ਅੰਦਰ ਮੁਸਲਮਾਨ ਗਵਾਂਢੀਆਂ, ਨੇਤਾਵਾਂ ਤੇ ਸੰਸਥਾਵਾਂ ਨਾਲ ਰਿਸ਼ਤੇ ਮਜ਼ਬੂਤ ਕਰਾਂਗੇ।
ਕਿਸੇ ਦੇ ਵੀ ਧਾਰਮਿਕ ਪਿਛੋਕੜ ਨੂੰ ਨਜ਼ਰ-ਅੰਦਾਜ਼ ਕਰਕੇ ਸਭਨਾਂ ਵਾਸਤੇ ਸਾਡੇ ਮੰਦਰਾਂ ਦੇ ਬੂਹੇ ਖੁੱਲ੍ਹੇ ਰੱਖਾਂਗੇ। ਸਾਡੀਆਂ ਰਿਵਾਇਤਾਂ ਦੀਆਂ ਰੂਹੇ-ਰਵਾਂ ਧਾਰਮਿਕ ਆਜ਼ਾਦੀ ਤੇ ਨਿਆਂ ਦੀਆਂ ਸਿੱਖਿਆਵਾਂ ਨੂੰ ਉੱਚਾ ਚੁੱਕਾਂਗੇ ਤੇ ਧਾਰਮਿਕ ਰਾਸ਼ਟਰਵਾਦ, ਜਾਤ-ਪਾਤ ਤੇ ਸਾਡੇ ਹੋਰਨਾਂ ਧਰਮਾਂ ਦੇ ਭੈਣ-ਭਰਾਵਾਂ ਨਾਲ ਨਫ਼ਰਤ ਨੂੰ ਚੈਲਿੰਜ ਕਰਾਂਗੇ।
ਓਮ ਸ਼ਾਂਤੀ, ਸ਼ਾਂਤੀ, ਸ਼ਾਂਤੀ
ਜਥੇਬੰਦੀਆਂ
(ਦਿ ਵਾਇਰ ’ਚੋਂ ਅਨੁਵਾਦ)
No comments:
Post a Comment