Friday, May 13, 2022

ਅਨਾਇਤਪੁਰਾ ਦੀ ਹਿੰਸਕ ਘਟਨਾ-ਤੱਥ ਖੋਜ ਕਮੇਟੀ ਦੀ ਰਿਪੋਰਟ

 


ਅਨਾਇਤਪੁਰਾ ਦੀ ਹਿੰਸਕ ਘਟਨਾ-ਤੱਥ ਖੋਜ ਕਮੇਟੀ ਦੀ ਰਿਪੋਰਟ

ਘਟਨਾ ਦਾ ਸੰਖੇਪ ਬਿਰਤਾਂਤ :

ਅੰਮਿ੍ਰਤਸਰ ਜਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਅਨਾਇਤਪੁਰਾ ਵਿਚ ਕਿਸਾਨ ਪਰਿਵਾਰਾਂ ਦੇ ਮੰੁਡੇ ਲਾਡੀ, ਬਿੱਲਾ, ਜਿੰਦੂ ਅਤੇ ਇਕ ਪ੍ਰਵਾਸੀ ਮਜ਼ਦੂਰ, ਇਕ ਰੇਹੜੇ ’ਤੇ ਪੱਠੇ ਵੱਢ ਕੇ ਲਿਆ ਰਹੇ ਸਨ। ਉਸੇ ਵੇਲੇ ਹੀ ਉਸੇ ਪਿੰਡ ਵਿਚ 10-12 ਸਾਲ ਤੋਂ ਰਹਿ ਰਹੇ ਇੱਕ ਗੁੱਜਰ ਪਰਿਵਾਰ ਦੇ ਸੁਰਮਦੀਨ, ਅਲੀ ਅਤੇ ਮੱਖਣ ਟਰੈਕਟਰ ਟਰਾਲੀ ਵਿਚ ਉਸੇ ਰਾਹ ’ਤੇ ਪੱਠੇ ਲੈਣ ਜਾ ਰਹੇ ਸਨ। ਰਾਹ ਕਾਫੀ ਤੰਗ ਹੈ। ਪਿੰਡ ਦੇ ਕੋਲ ਵਗਦੇ ਇੱਕ ਸੂਏ ਦੇ ਪੁਲ ਤੋਂ ਤਕਰੀਬਨ ਇੱਕ ਜਾਂ ਡੇਢ ਕਿਲੋਮੀਟਰ ਦੀ ਦੂਰੀ ’ਤੇ ਪੱਠਿਆਂ ਨਾਲ ਲੱਦੀ ਰੇਹੜੀ ਕੋਲੋਂ ਲੰਘਦੇ ਵੇਲੇ ਟਰਾਲੀ ਦੀ ਫੇਟ ਲੱਗ ਜਾਣ ਕਰਕੇ ਰੇਹੜੀ ਉਲਟ ਕੇ ਡਿੱਗ ਗਈ। ਟਰੈਕਟਰ ਟਰਾਲੀ ਦੀ ਫੇਟ ਮਹਿਜ਼ ਰਾਹ ਤੰਗ ਹੋਣ ਕਰਕੇ ਹੀ ਲੱਗੀ ਸੀ। ਰੇਹੜੀ ਦੇ ਉਲਟਣ ਕਰਕੇ ਕਿਸੇ ਦੇ ਕੋਈ ਸੱਟ ਨਹੀਂ  ਲੱਗੀ ਸੀ। ਇੱਥੇ ਇਹਨਾਂ ਦੋਹਾਂ ਧਿਰਾਂ ਵਿਚਕਾਰ ਕੁੱਝ ਤਕਰਾਰ ਵੀ ਹੋਈ। ਸੁਰਮਦੀਨ ਦੇ ਪਿਤਾ ਫਿਰੋਜ਼ਦੀਨ ਦੇ ਬਿਆਨ ਅਨੁਸਾਰ ਕਿਸੇ ਦੁਆਰਾ ਫੋਨ ’ਤੇ ਇਤਲਾਹ ਦੇਣ ਉਪਰੰਤ ਪਿੰਡ ਵਾਸੀਆਂ ਦਾ ਉਥੇ ਇਕੱਠ ਹੋਣ ਲੱਗਾ। ਸੁਰਮਦੀਨ ਦੇ ਪਿਤਾ ਫਿਰੋਜ਼ਦੀਨ ਦੇ ਦੱਸਣ ਅਨੁਸਾਰ ਇਕੱਠ ਵਿਚ ਕਿਸਾਨ ਅਤੇ ਗੁੱਜਰ ਪਰਿਵਾਰਾਂ ਨਾਲ ਸੰਬੰਧਤ ਲੋਕ ਸਨ। ਫਿਰੋਜ਼ਦੀਨ ਹੁਰਾਂ ਨੇ ਸੁਰਮਦੀਨ ਅਤੇ ਅਲੀ ਨੂੰ ਉਥੋਂ ਭਜਾ ਦਿੱਤਾ। ਰੇਹੜੀ ਨੂੰ ਸਿੱਧਾ ਕਰਕੇ ਪੱਠੇ ਉਸ ਵਿਚ ਫਿਰ ਤੋਂ ਲੱਦ ਦਿੱਤੇ। ਗੁੱਜਰ ਪਰਿਵਾਰ ਦੇ ਬਿਆਨ ਅਨੁਸਾਰ ਉਥੇ ਹੋਏ ਝਗੜੇ ਵਿਚ ਕਰੀਮ ਦੀ ਬਾਂਹ ’ਤੇ ਸੱਟ ਵੱਜੀ। ਦੂਜੀ ਧਿਰ ਵੱਲੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਦੇ ਬੰਦਿਆਂ ਦੇ ਇਥੇ ਹੋਏ ਝਗੜੇ ਵਿਚ ਸੱਟਾਂ ਲੱਗੀਆਂ। ਗੁੱਜਰ ਪਰਿਵਾਰ ਅਨੁਸਾਰ ਇਸ ਸਥਾਨ ’ਤੇ ਕੁੱਝ ਗੋਲੀਆਂ ਵੀ ਚੱਲੀਆਂ ਸਨ। ਇਸ ਤੋਂ ਤਕਰੀਬਨ ਇੱਕ ਘੰਟੇ ਬਾਅਦ ਪਿੰਡ ਦੇ ਕੋਲ ਵਗਦੇ ਸੂਏ ਦੇ ਪੁਲ ’ਤੇ ਫਿਰ ਤੋਂ ਝਗੜਾ ਹੋਇਆ। ਇਥੇ ਫਿਰ ਤੋਂ ਗੋਲੀ ਚੱਲੀ, ਜਿਸ ਨਾਲ ਸੁਰਮਦੀਨ ਤੇ ਉਸ ਦਾ ਚਾਚਾ ਅਲੀ ਮਾਰਿਆ ਗਿਆ। ਫਿਰੋਜ਼ਦੀਨ ਦੇ ਬਿਆਨ ਅਨੁਸਾਰ ਦੂਸਰੀ ਧਿਰ ਦੇ ਲੋਕਾਂ ਨੇ 315 ਬੋਰ ਦੀ ਬੰਦੂਕ ਅਤੇ ਪਿਸਤੌਲ ਨਾਲ ਕਾਫੀ ਗੋਲੀਆਂ ਚਲਾਈਆਂ ਅਤੇ ਉਹਨਾਂ ਨੇ ਚੱਲੀਆਂ ਗੋਲੀਆਂ ਦੇ 130 ਖੋਲ ਇਕੱਠੇ ਕਰਕੇ ਪੁਲਸ ਦੇ ਹਵਾਲੇ ਕੀਤੇ। ਪਰ ਪੁਲਸ ਦੁਆਰਾ ਗਠਿਤ ਸਪੈਸਲ ਇਨਵੈਸਟੀਗੇਸ਼ਨ ਟੀਮ (ਸਿਟ) ਦੇ ਮੁਖੀ ਐਸ. ਪੀ. ਮਨਜੀਤ ਕੁਮਾਰ ਦੇ ਅਨੁਸਾਰ ਸਿਰਫ ਪੰਜ ਜਾਂ ਛੇ ਖੋਲ ਹੀ ਬਰਾਮਦ ਹੋਏ ਹਨ।  ਦੂਸਰੀ ਧਿਰ ਦੇ ਬਿਆਨਾਂ ਅਨੁਸਾਰ ਗੁੱਜਰਾਂ ਵੱਲੋਂ ਵੀ ਗੋਲੀਆਂ ਚਲਾਈਆਂ ਗਈਆਂ। ਉਹਨਾਂ ਦੇ ਅਨੁਸਾਰ ਉਹਨਾਂ ਦੇ ਕੁੱਝ ਵਿਅਕਤੀ ਵੀ ਜ਼ਖਮੀ ਹੋਏ ਸਨ। ਪਰ ਇਸ ਦਾਅਵੇ ਦੀ ਸਚਾਈ ਬਾਰੇ ਕਿਸੇ ਸਿੱਟੇ ’ਤੇ ਨਹੀਂ ਪਹੁੰਚਿਆ ਜਾ ਸਕਿਆ ਕਿਉਕਿ ਕਮੇਟੀ ਦੇ ਪਿੰਡ ਦਾ ਦੌਰਾ ਕਰਨ ਵੇਲੇ ਉਹ ਸਾਰੇ ਲੋਕ ਆਪਣੀਆਂ ਗਿ੍ਰਫਤਾਰੀਆਂ ਦੇ ਡਰੋਂ ਰੂਪੋਸ਼ ਸਨ। ਫਿਰੋਜ਼ਦੀਨ ਦੇ ਬਿਆਨ ਅਨੁਸਾਰ ਤਕਰੀਬਨ 11 ਵਜੇ ਤੱਕ ਰੁਕ ਰੁਕ ਕੇ ਗੋਲੀ ਚਲਦੀ ਰਹੀ। ਸੁਰਮਦੀਨ ਅਤੇ ਅਲੀ ਦੇ ਕਤਲ ਤੋਂ ਬਾਅਦ ਪੁਲਸ ਕੋਲ ਦਰਜ ਕਰਾਈ ਐਫ. ਆਈ. ਆਰ. ਵਿਚ 10 ਜਣਿਆਂ ਦੇ ਨਾਂ ਦੋਸ਼ੀਆਂ ਦੇ ਤੌਰ ’ਤੇ ਲਿਖਵਾਏ ਗਏ ਅਤੇ 14 ਅਣਪਛਾਤੇ ਦੱਸੇ ਗਏ।

ਉਸ ਦਿਨ ਵਾਪਰੇ ਘਟਨਾ ਚੱਕਰ ਵਿਚ ਦੋ ਹੋਰ ਘਟਨਾਵਾਂ ਮਹੱਤਵਪੂਰਨ ਹਨ। ਇੱਕ ਘਟਨਾ ਪਰਾਲੀ ਨੂੰ ਅੱਗ ਲੱਗਣ ਦੀ ਹੈ। ਇਹ ਪਰਾਲੀ ਮੱਖਣ ਦੀ ਸੀ ਜੋ ਕਿ ਪੱਠੇ ਲੈ ਕੇ ਆ ਰਹੇ ਟਰੈਕਟਰ ਨੂੰ ਚਲਾ ਰਿਹਾ ਸੀ। ਮੱਖਣ ਫਿਰੋਜ਼ਦੀਨ ਦਾ ਸਾਲਾ ਲਗਦਾ ਹੈ। ਫਿਰੋਜ਼ਦੀਨ ਦੇ ਬਿਆਨ ਅਨੁਸਾਰ ਪਰਾਲੀ ਦੀ ਕੀਮਤ 4 ਲੱਖ ਰੁਪਏ ਸੀ ਤੇ ਇਸ ਨੂੰ ਦੂਸਰੀ ਧਿਰ ਨੇ ਅੱਗ ਲਾਈ। ਦੂਸਰੀ ਧਿਰ ਦੇ ਅਨੁਸਾਰ ਪਰਾਲੀ ਨੂੰ ਗੁੱਜਰਾਂ ਨੇ ਆਪ ਅੱਗ ਲਾਈ ਸੀ। ਫਿਰੋਜ਼ਦੀਨ ਦਾ ਦਾਅਵਾ ਇਹ ਸੀ ਅਸੀਂ ਅਪਣੀ ਇਤਨੀ ਕੀਮਤ ਵਾਲੀ ਪਰਾਲੀ ਨੂੰ ਅੱਗ ਕਿਉ ਲਾਉਦੇ? ਉਸ ਨੇ ਇਹ ਵੀ ਦੱਸਿਆ ਕਿ ਪਰਾਲੀ ਨੂੰ ਅੱਗ ਕਿਸੇ ਪਰਵਾਸੀ ਮਜ਼ਦੂਰ ਕੋਲੋਂ ਲਗਵਾਈ ਗਈ ਸੀ। ਦੂਸਰੀ ਘਟਨਾ ਦਾ ਸੰਬੰਧ ਗੁੱਜਰਾਂ ਦੁਆਰਾ ਭਾਰੀ ਗਿਣਤੀ ਵਿਚ ਇਕੱਠੇ ਹੋ ਕੇ ਇੱਕ ਘਰ ਦੇ ਬਾਹਰਲੇ ਦਰਵਾਜੇ ਨੂੰ ਜੋਰ ਜੋਰ ਨਾਲ ਤੋੜਨ ਦੇ ਇਰਾਦੇ ਨਾਲ ਲੱਤਾਂ ਮਾਰਨ ਨਾਲ ਹੈ। ਕਿਸਾਨ ਪਰਿਵਾਰਾਂ ਦੇ ਕੁੱਝ ਵਿਅਕਤੀਆਂ ਦੇ ਕਹਿਣ ਅਨੁਸਾਰ ਇਹ ਸਾਰੇ ਗੁੱਜਰ ਨੇੜੇ ਦੇ ਹੀ ਇੱਕ ਪਿੰਡ ਭੰਗਵਾਂ ਤੋਂ ਆਏ ਸਨ। ਕਮੇਟੀ ਨੇ ਕਿਸਾਨਾਂ ਨਾਲ ਸੰਬੰਧਤ ਜਿਸ ਵਿਅਕਤੀ ਨਾਲ ਵੀ ਗੱਲਬਾਤ ਕੀਤੀ ਉਹ ਕੋਈ ਵੀ ਘਟਨਾ ਦਾ ਚਸ਼ਮਦੀਦ ਗਵਾਹ ਨਹੀਂ ਸੀ। ਸੁਰਮਦੀਨ ਦੀ ਮਾਂ ਰੇਸ਼ਮਾ ਦੇ ਦੱਸਣ ਮੁਤਾਬਿਕ ਕਤਲ ਹੋਣ ਤੋਂ ਪਹਿਲਾਂ ਹੀ ਪਿੰਡ ਦਾ ਸਰਪੰਚ ਹਰਪ੍ਰੀਤ ਸਿੰਘ ਉਰਫ ਹੈਪੀ ਉਹਨਾਂ ਦੇ ਘਰ ਆਇਆ ਸੀ ਅਤੇ ਦਰਵਾਜੇ ਦੇ ਕੋਲੋਂ ਹੀ ਧਮਕੀ ਭਰੇ ਅੰਦਾਜ਼ ਵਿਚ ਇਹ ਕਹਿ ਕੇ ਚਲਾ ਗਿਆ ਸੀ ਕਿ ਅੱਜ ਉਹਨਾਂ (ਗੁੱਜਰਾਂ) ਦੇ ਬੰਦੇ ਮਾਰੇ ਜਾਣੇ ਹਨ। ਫਿਰੋਜ਼ਦੀਨ ਅਨੁਸਾਰ ਦੇ ਉਹਨਾਂ ਦੇ ਭਾਈਚਾਰੇ ਦੇ ਬੰਦੇ ਕਤਲ ਹੋਣ ਤੋਂ ਬਾਅਦ ਹੀ ਉਥੇ ਆਏ ਸਨ। ਉਸ ਨੇ ਇਹ ਵੀ ਦੱਸਿਆ ਕਿ ਪੰਚਾਇਤ ਦੀਆਂ ਵੋਟਾਂ ਦੇ ਵੇਲੇ ਤੋਂ ਹੀ ਸਰਪੰਚ ਨਾਲ ਕੁੱਝ ਔਖ ਸੌਖ ਚੱਲ ਰਹੀ ਸੀ। ਕਤਲਾਂ ਕਰਕੇ ਪੈਦਾ ਹੋਏ ਉਤੇਜਿਤ ਮਹੌਲ ਵਿਚ ਗੁੱਜਰਾਂ ਦੇ ਇਕੱਠ ਨੇ ਸਰਪੰਚ ਨੂੰ ਲੱਭਣ ਖਾਤਰ ਇੱਕ ਘਰ ਦੇ ਦਰਵਾਜੇ ’ਤੇ ਲੱਤਾਂ ਜ਼ਰੂਰ ਮਾਰੀਆਂ ਸਨ। 

ਘਟਨਾ ਦਾ ਮੂਲ ਸੁਭਾਅ ਅਤੇ ਇਸ ਬਾਰੇ ਕੁੱਝ ਨਿਰਣੇ

ਇਕ ਸਰਸਰੀ ਨਜ਼ਰ ਨਾਲ ਦੇਖਿਆਂ ਇਹ ਵੀ ਪਤਾ ਚੱਲ ਜਾਂਦਾ ਹੈ ਕਿ ਇਹ ਘਟਨਾ ਇੱਕ ਮਾਮੂਲੀ ਜਿਹੇ ਨਿੱਜੀ  ਝਗੜੇ ਦਾ ਹੀ ਸਿੱਟਾ ਸੀ। ਪੱਠਿਆਂ ਨਾਲ ਲੱਦੀ ਰੇਹੜੀ ਦੇ ਤੰਗ ਰਾਹ ਕਰਕੇ ਵੱਜੀ ਟਰੈਕਟਰ ਟਰਾਲੀ ਦੀ ਫੇਟ ਕਰਕੇ ਉਲਟ ਜਾਣ ਪਿੱਛੋਂ ਹੋਈ ਛੋਟੀ ਜਿਹੀ ਤਕਰਾਰ ਦਾ ਗੋਲੀ ਚੱਲਣ ਤੱਕ ਫੈਲ ਜਾਣਾ ਅਤੇ ਦੋ ਕਤਲ ਹੋ ਜਾਣੇ ਹੀ ਇਸ ਨੂੰ ਇਕ ਗੰਭੀਰ ਹਿੰਸਕ ਰੂਪ ਦੇ ਦਿੰਦੇ ਹਨ। ਇਸ ਸਾਰੇ ਘਟਨਾ ਚੱਕਰ ਨੂੰ ਕਿਸੇ ਵੀ ਤਰ੍ਹਾਂ ਨਾਲ ਪਹਿਲਾਂ ਤੋਂ ਵਿਉਤੀ ਹੋਈ ਫਿਰਕੂ ਜਾਂ ਜਾਤ ਅਧਾਰਤ ਬਲਵਾ ਜਾਂ ਹਿੰਸਾ ਨਹੀਂ ਕਿਹਾ ਜਾ ਸਕਦਾ। ਪੂਰੇ ਘਟਨਾ ਚੱਕਰ ਦੇ ਬਾਰੇ ਕੁੱਝ ਕੁ ਮੁੱਢਲੇ ਨਿਰਣੇ ਜਰੂਰ ਬਣਾਏ ਜਾ ਸਕਦੇ ਹਨ। 

(1) ਕਿਉਕਿ ਮੁੱਢਲੀ ਤਕਰਾਰ ਵਿਚ ਇੱਕ ਪਾਸੇ ਕਿਸਾਨ ਪਰਿਵਾਰ ਨਾਲ ਸਬੰਧਤ ਮੁੰਡੇ ਸਨ ਤੇ ਦੂਜੇ ਪਾਸੇ ਗੁੱਜਰ ਪਰਿਵਾਰ ਨਾਲ ਸੰਬੰਧਤ, ਇਸ ਲਈ ਇੱਕ ਧਿਰ ਦੀ ਹਮਾਇਤ ਵਿਚ ਮੁੰਡਿਆਂ ਦੁਆਰਾ ਕੀਤੇ ਫੋਨ ਕਰਕੇ ਆਏ ਲੋਕ ਕਿਸਾਨ ਪਰਿਵਰਾਂ ਦੇ ਸਨ ਅਤੇ ਦੂਜੇ ਪਾਸੇ ਗੁੱਜਰ ਪਰਿਵਾਰ ਦੇ। ਪਰ ਇਹ ਹਿੰਸਕ ਵਾਰਦਾਤ ਕਿਸੇ ਵੀ ਤਰ੍ਹਾਂ ਨਾਲ ਕਿਸਾਨ/ਜੱਟ/ਸਿੱਖ ਬਨਾਮ ਗੁੱਜਰ/ਮੁਸਲਮਾਨ ਝਗੜਾ ਜਾਂ ਬਲਵਾ ਨਹੀਂ ਸੀ। ਇਸ ਰਿਪੋਰਟ ਵਿਚ ਸਿਰਫ ਧਿਰਾਂ ਦੇ ਵਖਰੇਵੇਂ ਲਈ ਹੀ ਕਿਸਾਨ ਧਿਰ ਅਤੇ ਗੁੱਜਰ ਧਿਰ ਜਿਹੇ ਲਕਬ ਵਰਤੇ ਗਏ ਹਨ। ਇਹਨਾਂ ਲਕਬਾਂ ਦਾ ਕੋਈ ਫਿਰਕੂ ਜਾਂ ਜਾਤ ਅਧਾਰਤ ਅਰਥ ਬਿਲਕੁਲ ਵੀ ਨਹੀਂ ਹੈ। ਗੁੱਜਰ ਧਿਰ ਦੇ ਦੱਸਣ ਮੁਤਾਬਿਕ ਝਗੜੇ ਦੇ ਪਹਿਲੇ ਪੜਾਅ ਵਿਚ ਕਰੀਮ ਡਾਂਗ ਵੱਜਣ ਕਰਕੇ ਜ਼ਖਮੀ ਹੋ ਗਿਆ ਸੀ। ਕਿਸਾਨ ਧਿਰ, ਜਿਸ ਵਿਚ ਕੋਈ ਵੀ ਚਸ਼ਮਦੀਦ ਗਵਾਹ ਨਹੀਂ ਸੀ, ਉਹਨਾਂ ਦੇ ਚਾਰ ਜਣੇ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਸਨ ਅਤੇ ਉਹਨਾਂ ਨੂੰ ਸਿਵਲ ਹਸਪਤਾਲ ਮਜੀਠਾ ਵਿਖੇ ਦਾਖਲ ਕਰਵਾ ਦਿੱਤਾ ਸੀ। ਪਰ ਜਦੋਂ ਗੋਲੀਆਂ ਲੱਗਣ ਕਰਕੇ ਸੁਰਮਦੀਨ ਅਤੇ ਅਲੀ ਦੀਆਂ ਲਾਸ਼ਾਂ ਉਸੇ ਹਸਪਤਾਲ ਲਿਜਾਈਆਂ ਗਈਆਂ ਤਾਂ ਉਹ ਸਾਰੇ ਜ਼ਖਮੀ ਗਿ੍ਰਫਤਾਰੀ ਦੇ ਡਰੋਂ ਉੱਥੋਂ ਦੌੜ ਗਏ।  ਕਮੇਟੀ ਵਾਸਤੇ ਯਕੀਨ ਨਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਕਿਸਾਨ ਧਿਰ ਦੇ ਉਹਨਾਂ ਫੱਟੜਾਂ ਨੂੰ ਗੋਲੀਆਂ ਲੱਗੀਆਂ ਸਨ ਜਾਂ ਨਹੀਂ। ਪੁਲਿਸ ਦੁਆਰਾ ਗਠਿਤ ਸਿਟ ਦੇ ਮੁਖੀ ਐਸ. ਪੀ. ਠਾਕੁਰ ਦੇ ਅਨੁਸਾਰ ਇਹਨਾਂ ਜ਼ਖਮੀਆਂ ਦੀ ਸ਼ਿਕਾਇਤ ਦੇ ਆਧਰ ’ਤੇ ਗੁੱਜਰ ਧਿਰ ’ਤੇ ਪਰਚਾ ਤਾਂ ਦਰਜ ਕਰ ਲਿਆ ਗਿਆ ਹੈ, ਪਰ ਜ਼ਖਮਾਂ ਦੇ ਗੋਲੀਆਂ ਨਾਲ ਹੋਣ ਜਾਂ ਨਾ ਹੋਣ ਬਾਰੇ ਅਜੇ ਤੱਕ ਵੀ ਮੈਡੀਕਲ ਰਿਪੋਰਟ ਨਹੀਂ ਆਈ ਹੈ। ਇਹ ਸਭ ਜ਼ਖਮ ਗੋਲੀਆਂ ਨਾਲ ਹੋਣ ਬਾਰੇ ਪੱਕੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ। ਪਰ ਇਤਨੇ ਦਿਨਾਂ ਬਾਅਦ ਵੀ ਮੈਡੀਕਲ ਰਿਪੋਰਟ ਦਾ ਨਾ ਆਉਣਾ, ਜ਼ਖਮ ਗੋਲੀਆਂ ਵੱਜਣ ਕਰਕੇ ਹੋਣ ’ਤੇ ਸ਼ੱਕ ਖੜ੍ਹੇ ਕਰਦਾ ਹੈ। 

(2) ਸੂਏ ਦੇ ਪੁਲ ’ਤੇ ਗੋਲੀਆਂ ਆਦਿ ਦੀ ਵਰਤੋਂ ਨਾਲ ਹੋਈ ਹਿੰਸਾ ਵੇਲੇ ਕਾਫੀ ਲੋਕ ਮੌਜੂਦ ਸਨ। ਇਸ ਲਈ ਸੁਰਮਦੀਨ ਅਤੇ ਅਲੀ ਦੇ ਕਤਲ ਤੋਂ ਬਾਅਦ ਕੀਤੀ ਰਿਪੋਰਟ ਵਿਚ ਗੁੱਜਰ ਧਿਰ ਨੇ 10 ਵਿਅਕਤੀਆਂ ਦੇ ਨਾਂ ’ਤੇ ਅਤੇ ਪੰਦਰਾਂ ਅਣਪਛਾਤਿਆਂ ਦੇ ਖਿਲਾਫ ਸ਼ਿਕਾਇਤ ਕੀਤੀ। ਇਸ ਲਈ ਗਿ੍ਰ੍ਰਫਤਾਰੀਆਂ ਦੇ ਡਰੋਂ 25 ਕੁ ਘਰਾਂ ਦੇ ਇਸ ਛੋਟੇ ਜਿਹੇ ਪਿੰਡ ਦੇ ਲਗਭਗ ਸਾਰੇ ਹੀ ਲੋਕ ਇੱਕ ਵਾਰ ਪਿੰਡ ਛੱਡ ਕੇ ਆਸੇ ਪਾਸੇ ਹੋ ਗਏ। ਇਹ ਲੋਕ ਵੀ ਕੁੱਝ ਦਿਨਾਂ ਬਾਅਦ ਆਉਣੇ ਸ਼ੁਰੂ ਹੋ ਗਏ। ਪੁਲਿਸ ਨੇ ਵੀ ਆਪਣੀ ਪੜਤਾਲ ਦੇ ਦੌਰਾਨ ਕੋਈ ਵੱਡੀ ਪੱਧਰ ’ਤੇ ਗਿ੍ਰਫਤਾਰੀਆਂ ਨਹੀਂ ਕੀਤੀਆਂ। 16 ਅਪ੍ਰੈਲ ਤੱਕ ਵੀ ਸਿਰਫ ਤਿੰਨ ਦੋਸ਼ੀਆਂ ਨੂੰ ਹੀ ਗਿ੍ਰਫਤਾਰ ਕੀਤਾ ਗਿਆ ਹੈ। 

(3 ) ਸੁਰਮਦੀਨ ਦੀ ਮਾਂ ਰੇਸ਼ਮਾ ਦੇ ਕਮੇਟੀ ਨੂੰ ਦਿੱਤੇ ਬਿਆਨ ਦੇ ਆਧਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਪੰਚਾਇਤੀ ਚੋਣਾਂ ਦੋਰਾਨ ਪੈਦਾ ਹੋਈ ਖਿੱਚੋਤਾਣ ਦਾ ਪ੍ਰਛਾਵਾਂ ਇਸ ਸਾਰੀ ਘਟਨਾ ’ਤੇ ਪਿਆ ਹੈ। ਪੰਚਾਇਤੀ ਚੋਣਾਂ ਅਤੇ ਪਿੰਡ ਵਿਚ ਹੁੰਦੀ ਹਿੰਸਾ ਦੀ ਅੰਤਰ ਸੰਬੰਧਤਾ ਬਾਰੇ ਜ਼ਰੂਰ ਹੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। 

(4) ਪਿੰਡ ਛੱਡ ਕੇ ਗਏ ਲੋਕਾਂ ਨੂੰ ਵਾਪਸ ਲਿਆਉਣ ਵਿਚ ਪੁਲਿਸ ਦੀ ਪਹਿਲਕਦਮੀ ਨਜ਼ਰ ਆਉਣ ਵਾਲੀ ਸੀ। ਉਹਨਾਂ ਦੀ ਗੈਰਹਾਜ਼ਰੀ ਵਿਚ ਉਹਨਾਂ ਦੇ ਘਰਾਂ ਦੇ ਪਸ਼ੂਆਂ ਨੂੰ ਪੁਲਿਸ ਨੇ ਪੱਠੇ ਆਦਿ ਵੀ ਪਾਏ। ਜਿਲ੍ਹਾ ਪੁਲਿਸ ਅਧਿਕਾਰੀ ਵਾਪਸ ਆਏ ਲੋਕਾਂ ਦਾ ਹੌਸਲਾ ਵਧਾਉਣ ਲਈ ਪਿੰਡ ਵੀ ਗਏ। ਪਰ ਕਤਲ ਦੇ ਦੋਸ਼ੀਆਂ ਨੂੰ ਫੜਨ ਵਿਚ  ਪੁਲਿਸ ਦੀ ਸੁਸਤੀ ਵੀ ਨਜ਼ਰ ਆਉਦੀ ਸੀ। 

(5) ਉਪਰੋਕਤ ਸੰਖੇਪ ਜਿਹੀ ਚਰਚਾ ਇਹ ਭਲੀਭਾਂਤ ਸਾਫ ਕਰ ਦਿੰਦੀ ਹੈ ਕਿ ਅਨਾਇਤਪੁਰਾ ਦੀ ਘਟਨਾ ਮੂਲ ਰੂਪ ਵਿਚ ਨਿੱਜੀ ਝਗੜਾ ਸੀ ਨਾ ਕਿ ਫਿਰਕੂ ਜਾਂ ਜਾਤ ਅਧਾਰਤ। ਪਰ ਕੁੱਝ ਧਾਰਮਿਕ ਪੁੱਠ ਵਾਲੀਆਂ ਸਮਾਜਕ/ਸਿਆਸੀ ਸੰਸਥਾਵਾਂ ਨੇ ਇਸ ਨੂੰ ਫਿਰਕੂ ਅਤੇ ਬਾਅਦ ਵਿਚ ਇਲਾਕਾਈ ਸ਼ਾਵਨਵਾਦ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਕਈ ਜਥੇਬੰਦੀਆਂ ਨੇ ਪੰਜਾਬ ਵਿਚ ਗੁੱਜਰਾਂ ਦੇ ਬਾਈਕਾਟ ਦੇ ਸੱਦੇ ਦਿੱਤੇ। ਇੱਕਾ ਦੁੱਕਾ ਪਿੰਡਾਂ ਵਿਚ ਗੁੱਜਰਾਂ ਨੂੰ ਆਪਣੇ ਦੁਆਰਾ ਪਾਲੇ ਪਸ਼ੂਆਂ ਨਾਲ ਡੇਰਾ ਲਾਉਣ ਤੋਂ ਵੀ ਵਰਜਿਆ। ਗੁੱਜਰਾਂ ਬਾਰੇ ਆਪਣੇ ਦੁਆਰਾ ਚੋਏ ਦੁੱਧ ਵਿੱਚ ਥੁੱਕਣ ਵਰਗੀਆਂ ਬੇਬੁਨਿਆਦ ਅਫਵਾਹਾਂ ਵੀ  ਫੈਲਾਈਆਂ ਗਈਆਂ। ਇਸ ਸਭ ਕੁੱਝ ਦੇ ਬਾਵਜੂਦ ਗੁੱਜਰਾਂ ਦੇ ਖਿਲਾਫ ਹਿੰਸਾ ਤਾਂ ਨਹੀਂ ਹੋਈ ਪਰ ਉਹਨਾਂ ਬਾਰੇ ਵਰਤੀ ਗਈ ਭਾਸ਼ਾ ਜਰੂਰ ਹੀ ਹਿੰਸਕ ਸੁਭਾਅ ਵਾਲੀ ਸੀ। ਪਹਿਲਾਂ ਪਹਿਲ ਇਸ ਨੂੰ ਸਿੱਖ ਬਨਾਮ ਮੁਸਲਮਾਨ ਦਾ ਮਸਲਾ ਬਣਾ ਕੇ ਫਿਰਕੂ ਤਣਾਅ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਬਾਅਦ ਵਿਚ ਮੁਲਕ ਅੰਦਰ ਘੱਟ ਗਿਣਤੀ ਧਾਰਮਕ ਫਿਰਕਿਆਂ ਦੇ ਆਪਸੀ ਹਿੱਤਾਂ ਦੀ ਸਾਂਝ ਦੇ ਨਾਂ ’ਤੇ ਇਸ ਫਿਰਕੂ ਭਾਸ਼ਾ ਨੂੰ ਪੰਜਾਬੀ ਅਤੇ ਬਾਹਰਲੇ ਦੀ ਵਿਰੋਧਤਾਈ ਵਿਚ ਤਬਦੀਲ ਕਰ ਦਿੱਤਾ ਗਿਆ। ਇਸ ਰਾਹੀਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਦੇ ਬਾਹਰੋਂ ਪਰਵਾਸ ਕਰਕੇ ਰੋਜ਼ੀ ਰੋਟੀ ਕਮਾਉਣ ਆਏ ਲੋਕ ਪੰਜਾਬ ’ਤੇ ਕਬਜਾ ਕਰਕੇ ਬਹਿ ਜਾਣਗੇ। 

ਅਨਾਇਤਪੁਰਾ ਦੀ ਇਸ ਘਟਨਾ ਨੂੰ ਫਿਰਕੂ ਰੰਗਤ ਦੇਣ ਬਾਰੇ ਸਭ ਤੋਂ ਪਹਿਲਾਂ ਇਹੀ ਜ਼ੋਰ ਦੇ ਕੇ ਕਹਿਣਾ ਬਣਦਾ ਹੈ ਕਿ ਇਹ ਮੂਲੋਂ ਹੀ ਫਿਰਕੂ ਨਹੀਂ ਸੀ। ਜਿਵੇਂ ਕਿ ਉਪਰ ਤਫ਼ਸੀਲ ਵਿਚ ਇਸ ਘਟਨਾ ਬਾਰੇ ਚਰਚਾ ਕੀਤੀ ਗਈ ਹੈ, ਇਹ ਘਟਨਾ ਚੱਕਰ ਇਤਫਾਕਨ ਇੱਕ ਰੇਹੜੇ ਅਤੇ ਟਰੈਕਟਰ ਟਰਾਲੀ ਦੀ ਮਾਮੂਲੀ ਟੱਕਰ ਤੋਂ ਸ਼ੁਰੂ ਹੋਇਆ ਅਤੇ ਇਸ ਦਾ ਸਿੱਟਾ ਦੋ ਗੁੱਜਰਾਂ ਦੇ ਕਤਲਾਂ ਵਿਚ ਨਿੱਕਲਿਆ। ਪਿੰਡ ਖਾਲੀ ਹੋਣ ਪਿੱਛੇ ਵੀ ਇੱਕੋ ਇੱਕ ਕਾਰਨ ਮਕਤੂਲਾਂ ਦੇ ਘਰਦਿਆਂ ਵੱਲੋਂ ਆਪਣੀ ਸ਼ਕਾਇਤ ਵਿਚ ਕੁੱਝ ਵਿਅਕਤੀਆਂ ਨੂੰ ਨਾਂ ਲਿਖਾ ਕੇ ਅਤੇ ਕੁੱਝ ਨੂੰ ਅਣਪਛਾਤਿਆਂ ਦੇ ਤੌਰ ’ਤੇ ਨਾਮਜ਼ਦ ਕਰਨਾ ਸੀ। ਇਹੋ ਜਿਹੋ ਹੱਥਕੰਡੇ ਆਮ ਤੌਰ ’ਤੇ ਹੀ ਫੌਜਦਾਰੀ ਕੇਸਾਂ ਵਿਚ ਅਪਣਾਏ ਜਾਂਦੇ ਹਨ। ਇਸ ਵਿਚ ਕਿਸੇ ਕਿਸਮ ਦੀ ਫਿਰਕੂ ਭਾਵਨਾ ਕੰਮ ਕਰਦੀ ਨਜ਼ਰ ਨਹੀਂ ਆਉਦੀ। ਕੁੱਝ ਕੁ ਜਥੇਬੰਦੀਆਂ/ਵਿਅਕਤੀਆਂ ਨੇ ਸੋਸ਼ਲ ਮੀਡੀਆ ਜਾਂ ਆਪਣੇ ਬਿਆਨਾਂ ਵਿਚ ਮੁਲਕ ਅੰਦਰ ਫੈਲੇ ਹੋਏ ਫਿਰਕੂ ਸੁਭਾਅ ਵਾਲੇ ਫਾਸ਼ੀਵਾਦੀ ਰੁਝਾਨ ਨੂੰ ਹਰਾਉਣ ਵਾਸਤੇ ਘੱਟ ਗਿਣਤੀਆਂ ਦੇ ਏਕੇ ਦੇ ਨਾਂ ਉੱਤੇ ਅਨਾਇਤਪੁਰਾ ਦੀ ਘਟਨਾ ਨੂੰ ਫਿਰਕੂ ਰੰਗਤ ਦੇਣ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ। 

ਇਸ ਘਟਨਾ ਦੇ ਆਲੇ ਦੁਆਲੇ ਬੁਣੇ ਗਏ ਫਿਰਕੂ ਪ੍ਰਚਾਰ ਦਾ ਹੱਲ ਧਾਰਮਿਕ ਘੱਟ ਗਿਣਤੀਆਂ ਦੇ ਏਕੇ ਵਿਚ ਲੱਭਣ ਦਾ ਕੋਈ ਵੀ ਧਰਮ ਨਿਰਪੱਖ ਤੇ ਵਿਗਿਆਨਕ ਆਧਾਰ ਨਹੀਂ ਹੈ। ਇਹ ਦਲੀਲ ਦੇਖਣ ਨੂੰ ਤਾਂ ਮੁਲਕ ਵਿਚ ਹਕੂਮਤੀ ਸ਼ਹਿ ’ਤੇ ਪਸਰ ਰਹੇ ਹਿੰਦੂਤਵਵਾਦੀ ਫਾਸ਼ੀਵਾਦ ਦਾ ਮੁਕਾਬਲਾ ਕਰਨ ਵਾਲੀ ਲਗਦੀ ਹੈ, ਪਰ ਅਸਲ ਵਿਚ ਇਸ ਦਾ ਆਧਾਰ ਵੀ ਫਿਰਕੂ ਵਿਚਾਰਧਾਰਾ ਵਿਚ ਹੀ ਪਿਆ ਹੈ।  ਹਿੰਦੂਤਵਵਾਦੀ ਫਾਸ਼ੀਵਾਦ ਨਾ ਹੀ ਹਿੰਦੂ ਫਾਸ਼ੀਵਾਦ ਹੈ ਅਤੇ ਨਾ ਹੀ ਇਹ ਉਹਨਾਂ ਲੋਕਾਂ ਦੇ ਹਿੱਤਾਂ ਦੀ ਪੂਰਤੀ ਕਰਦਾ ਹੈ ਜਿਨ੍ਹਾਂ ਨੂੰ ਹਿੰਦੂ ਧਰਮ ਦੀ ਪਹਿਚਾਣ ਦਿੱਤੀ ਜਾਂਦੀ ਹੈ। ਹਿੰਦੂਤਵਵਾਦੀ ਫਾਸ਼ੀਵਾਦ ਇਕ ਰਾਜਨੀਤਕ ਵਿਚਾਰਧਾਰਾ ਅਤੇ ਅਮਲ ਹੈ ਨਾ ਕਿ ਧਾਰਮਿਕ। ਇਸ ਲਈ ਇਸ ਦਾ ਤੋੜ ਧਾਰਮਿਕ ਆਧਾਰ ’ਤੇ ਗਠਿਤ ਘੱਟ ਗਿਣਤੀਆਂ ਦੇ ਏਕੇ ਵਿਚ ਨਾ ਹੋ ਕੇ ਧਰਮ ਨਿਰਪੱਖਤਾ ਦੇ ਆਧਾਰ ’ਤੇ ਵਿਕਸਤ ਕੀਤੀ ਲੋਕ ਏਕਤਾ ਵਿਚ ਹੀ ਲੱਭਿਆ ਜਾ ਸਕਦਾ ਹੈ। ਲੋਕ ਏਕਤਾ ਦਾ ਅਜਿਹਾ ਵਿਕਾਸ ਹੀ ਹਿੰਦੂਤਵਵਾਦੀ ਫਾਸ਼ੀਵਾਦ ਨੂੰ ਭਾਂਜ ਦੇਣ ਲਈ ਲੋੜੀਂਦਾ ਜਮਹੂਰੀ ਅਮਲ ਹੈ। ਧਾਰਮਿਕ ਘੱਟ ਗਿਣਤੀਆਂ ਦੇ ਏਕੇ ਦਾ ਨਾਅਰਾ ਬਹੁਤ ਵਾਰੀ ਆਪਣੀ ਕਿਸਮ ਦੀਆਂ ਫਿਰਕੂ ਭਾਵਨਾਵਾਂ ਅਤੇ ਅਮਲ ਨੂੰ ਪੈਦਾ ਕਰਨ ਦਾ ਸਬੱੱਬ ਬਣ ਜਾਂਦਾ ਹੈ। 

ਇਸ ਘਟਨਾ ਤੋਂ ਪਿੱਛੋਂ ਗੁੱਜਰਾਂ ਨੂੰ ਇੱਕ ਬਰਾਦਰੀ ਦੇ ਤੌਰ ’ਤੇ ਨਿਸ਼ਾਨਾ ਬਣਾਉਣ ਲਈ ਉਹਨਾਂ ਹੀ ਧਾਰਮਿਕ ਪੁੱਠ ਵਾਲੀਆਂ ਜਥੇਬੰਦੀਆਂ ਨੇ ਇਲਾਕਾਈ ਸ਼ਾਵਨਵਾਦ ਦਾ ਸਹਾਰਾ ਲੈਂਦੇ ਹੋਏ ਉਹਨਾਂ ਦੇ ਇੱਥੇ ਵਸਣ ਅਤੇ ਆਪਣਾ ਦੁੱਧ ਦਾ ਕਾਰੋਬਾਰ ਕਰਨ ਦੇ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ। ਗੁੱਜਰਾਂ ਦੇ ਪੰਜਾਬ ਵਿਚ ਆਉਣ ਬਾਰੇ ਸੰਖੇਪ ਵਿਚ ਇਤਨਾ ਕਹਿਣਾ ਹੀ ਕਾਫੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਸਰਦੀਆਂ ਵਿਚ ਇੱਥੇ ਆਉਦੇ ਰਹੇ ਹਨ ਜਦੋਂ ਕਿ ਗਰਮੀਆਂ ਵਿਚ ਆਪਣੇ ਪਸ਼ੂਆਂ ਲੈ ਕੇ ਇਹ ਪਹਾੜੀ  ਇਲਾਕਿਆਂ ਵਿਚ ਮੁੜ ਜਾਂਦੇ ਹਨ। ਪਰ ਪਹਾੜਾਂ ਵਿਚ ਵਿਕਾਸ ਦੇ ਨਾਂ ’ਤੇ ਆਈਆਂ ਵਾਤਾਵਰਣੀ ਤਬਦੀਲੀਆਂ, ਪਹਾੜਾਂ ਵਿਚਲੀਆਂ ਚਰਗਾਹਾਂ ਦੇ ਸੁੰਗੜਨ ਅਤੇ ਜੰਮੂ ਦੇ ਇਲਾਕਿਆਂ ਦੇ ਅੰਦਰ ਇਹਨਾਂ ਤੇ ਦੂਸਰੇ ਖਾਨਾਬਦੋਸ਼ਾਂ ਦੇ ਖਿਲਾਫ ਉਸਾਰੇ ਗਏ ਹਿੰਸਕ ਰਾਜਸੀ ਮਹੌਲ ਨੇ ਇਹਨਾਂ ਦੇ ਪੰਜਾਬ ਵਰਗੇ ਮੈਦਾਨੀ ਇਲਾਕਿਆਂ ਵਿਚ ਪੱਕੇ ਵਸਣ ਦੇ ਹਾਲਾਤ ਪੈਦਾ ਕੀਤੇ ਹਨ। ਪੱਕਾ ਵਸੇਬਾ ਕੁੱਝ ਹੱਦ ਤੱਕ ਵਿਕਾਸ ਦਾ ਵੀ ਸੂਚਕ ਹੁੰਦਾ ਹੈ। ਆਪਣੀ  ਮਿਹਨਤ ਸਦਕਾ ਇਹ ਆਪਣੇ ਵਸੇਬੇ ਲਈ ਥੋੜ੍ਹੀ ਬਹੁਤ ਥਾਂ ਲੈਣ ਦੇ ਵੀ ਕਾਬਲ ਬਣ ਗਏ। ਇਸ ਸੰਦਰਭ ਵਿਚ ਇਹ ਜਾਨਣਾ ਵੀ ਬਹੁਤ ਜਰੂਰੀ ਹੈ ਕਿ ਪੰਜਾਬ ਕੋਈ ਕਬਾਇਲੀ ਜਾਂ ਆਦਿਵਾਸੀ ਵਸੋਂ ਵਾਲਾ ਪਛੜਿਆ ਹੋਇਆ ਖਿੱਤਾ ਨਹੀਂ ਹੈ। ਆਦਿਵਾਸੀ ਵਸੋਂ ਵਾਲੇ ਅਤੇ ਇਤਿਹਾਸਕ ਤੌਰ ’ਤੇ ਪਛੜੇ ਹੋਏ ਇਲਾਕਿਆਂ ਅੰਦਰ ਵਸਦੇ ਲੋਕਾਂ ਦੀ ਕੁਦਰਤੀ ਸੰਪਤੀ, ਸੀਮਤ ਆਰਥਿਕਤਾ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਹੀ ਬਾਹਰੋਂ ਜਾਣ ਵਾਲੇ ਲੋਕਾਂ ਉੱਪਰ ਕੁੱਝ ਬੰਦਸ਼ਾਂ ਲਾਈਆਂ ਜਾਂਦੀਆਂ ਹਨ। ਪੰਜਾਬ ਵਰਗੇ ਖਿੱਤੇ ਵਿਚ ਪ੍ਰਵਾਸੀ ਮਜ਼ਦੂਰਾਂ ਅਤੇ ਗੁੱਜਰਾਂ ਆਦਿ ਦੀ ਲੰਬੇ ਸਮੇਂ ਤੋਂ ਆਮਦ ਅਤੇ ਬਹੁਤਿਆਂ ਵੱਲੋਂ ਇੱਥੇ ਵਸੇਬਾ ਕਰਨ ਦੇ ਬਾਵਜੂਦ ਇਹ ਲੋਕ ਹਾਸ਼ੀਆਗਤ ਸਥਿਤੀ ਵਿਚ ਹੀ ਰਹਿ ਰਹੇ ਹਨ। ਇਹਨਾਂ ਦੀ ਇਸ ਹਾਸ਼ੀਆਗਤ ਹਾਲਤ ਅਤੇ ਰਹਿਣ ਲਈ ਆਪਣੀ ਜ਼ਮੀਨ ਹੋਣ ਦੇ ਬਾਵਜੂਦ ਆਰਜ਼ੀ ਵਸੇਬੇ ਦੀ ਸਥਿਤੀ ਦੀ ਤਰਜ਼ਮਾਨੀ ਕਰਨ ਵਾਲਾ ਕਥਨ ਫਿਰੋਜ਼ਦੀਨ ਦੇ ਚਾਚੇ ਮੁਰੀਦ ਦਾ ਹੈ ਕਿ ‘‘ਜੇਕਰ ਪਿੰਡ ਵਾਲੇ ਸਾਨੂੰ ਨਹੀਂ ਚਾਹੁੰਦੇ ਤਾਂ ਅਸੀਂ ਪਿੰਡ ਵਿਚ ਕੀ ਕਰਨਾ ਹੈ।’’ ਇਸ ਦਾ ਸਿੱਧਾ ਜਿਹਾ ਅਰਥ ਇਹੀ ਬਣਦਾ ਹੈ ਕਿ ਪਿੰਡ ਵਾਲਿਆਂ ਦੇ ਦਬਾਅ ਹੇਠ ਇੱਥੋਂ ਆਪਣਾ ਸਭ ਕੁੱਝ ਛੱਡ ਕੇ ਵੀ ਜਾਣ ਨੂੰ ਤਿਆਰ ਹਨ। ਅਜਿਹੀ ਗੱਲ ਕੋਈ ਕਮਜ਼ੋਰ ਸਮਾਜਿਕ ਸਥਿਤੀ ਵਾਲਾ ਵਿਅਕਤੀ ਜਾਂ ਸਮੂਹ ਹੀ ਕਰ ਸਕਦਾ ਹੈ। ਇਸ ਲਈ ਗੁੱਜਰਾਂ ਵਰਗੇ ਭਾਈਚਾਰਿਆਂ ਤੋਂ ਪੰਜਾਬ ਨੂੰ ਖਤਰਾ ਦਰਸਾਉਣ ਦਾ ਕੋਈ ਵੀ ਆਰਥਿਕ, ਸਮਾਜਿਕ ਜਾਂ ਇਤਿਹਾਸਕ ਆਧਾਰ ਨਹੀਂ ਹੈ, ਅਤੇ ਇਸ ਵਿਚਾਰ ਨੂੰ ਸਿਰਫ ਮਹੌਲ ਵਿਚ ਉਤੇਜਨਾ ਭਰਨ  ਲਈ ਹੀ ਪ੍ਰਚਾਰਿਆ ਗਿਆ। 

(6) ਕਮੇਟੀ ਨੇ ਗੁੱਜਰਾਂ ਨਾਲ ਆਪਣੀ ਗੱਲਬਾਤ ਵਿਚ ਇਹ ਦੇਖਿਆ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਹਾਲਤ ਨੂੰ ਹੋਰ ਵਿਗੜਨ ਤੋਂ ਬਚਾਉਣਾ ਚਾਹੁੰਦੇ ਸਨ। ਉਹਨਾਂ ਦੀ ਟੇਕ ਸਿਰਫ ਦੋਸ਼ੀਆਂ ਨੂੰ ਕਾਨੂੰਨ ਦੇ ਅਨੁਸਾਰ ਸਜ਼ਾ ਦਿਵਾਉਣ ਉੱਪਰ ਹੀ ਸੀ। ਫਿਰੋਜ਼ਦੀਨ ਦੇ ਚਾਚੇ ਮੁਰੀਦ ਨੇੇ ਸਾਫ ਤੌਰ ’ਤੇ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਕਾਨੂੰਨ ਹੀ ਸਜ਼ਾ ਦੇਵੇਗਾ। ਉਸ ਨੇ ਇਹ ਵੀ ਕਿਹਾ ਕਿ ਉਹ ਬੈਠ ਕੇ ਫੈਸਲਾ ਕਰਨਾ ਚਾਹੁੰਦੇ ਹਨ।  ਸੁਰਮਦੀਨ ਦੀ ਮਾਂ ਰੇਸ਼ਮਾ ਨੇ ਇਹ ਵੀ ਯਾਦ ਕੀਤਾ ਕਿ ਪਿੰਡ ਵਿਚ ਸਭ ਦਾ ਆਪਸ ਵਿਚ ਬਹੁਤ ਨੇੜਲਾ ਭਾਈਚਾਰਾ ਅਤੇ  ਲੈਣ ਦੇਣ ਰਿਹਾ ਹੈ। 

(7) ਕਮੇਟੀ ਨੇ ਇਸ ਤੱਥ ਨੂੰ ਅਫਸੋਸ ਨਾਲ ਨੋਟ ਕੀਤਾ ਕਿ ਕੁੱਝ ਕਿਸਾਨ ਜਥੇਬੰਦੀਆਂ ਨੇ ਮਸਲੇ ਨੂੰ ਜਮਹੂਰੀ ਤਰੀਕੇ ਨਾਲ ਸਮਝਾਉਣ ਦੀ ਬਜਾਏ ਸਿਰਫ ਕਿਸਾਨ ਧਿਰ ਦਾ ਪੱਖ ਪੂਰਦੇ ਹੋਏ ਗੁੱਜਰ ਭਾਈਚਾਰੇ ਦੇ ਖਿਲਾਫ ਮਹੌਲ ਦੀ ਉਸਾਰੀ ਵਿਚ ਫਿਰਕੂ ਜਥੇਬੰਦੀਆਂ ਦਾ ਸਾਥ ਦਿੱਤਾ। ਸਿਰਫ ਦੋ ਕਿਸਾਨ ਜਥੇਬੰਦੀਆਂ ਨੇ ਹੀ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਕੋਸ਼ਿਸ਼ਾਂ ਕੀਤੀਆਂ ਜੋ ਸਰਾਹੁਣ ਦੇ ਕਾਬਲ ਹਨ। 

ਸਿੱਟੇ ਅਤੇ ਮੰਗਾਂ :-

(1) ਇਸ ਘਟਨਾ ਤੋਂ ਪੈਦਾ ਹੋਈ ਸਥਿਤੀ ਦਾ ਹੌਸਲਾ ਵਧਾਊ ਪੱਖ ਇਹ ਹੈ ਕਿ ਸੋਸ਼ਲ ਮੀਡੀਆ ’ਤੇ  ਚਲਾਏ ਫਿਰਕੂ ਅਤੇ ਇਲਾਕਾਈ ਸ਼ਾਵਨਵਾਦ ਦੇ ਪ੍ਰਚਾਰ ਦੇ ਬਾਵਜੂਦ ਪਿੰਡਾਂ ਦੇ ਅੰਦਰ ਗੁੱਜਰ ਭਾਈਚਾਰੇ ਦੇ ਖਿਲਾਫ ਕਿਸੇ ਕਿਸਮ ਦੀਆਂ ਹਿੰਸਕ ਵਾਰਦਾਤਾਂ ਨਹੀਂ ਹੋਈਆਂ। ਇਹ ਵਰਤਾਰਾ ਲੋਕਾਂ ਦੇ ਅੰਦਰ ਧਰਮ ਨਿਰਪੱਖ ਅਤੇ ਜਮਹੂਰੀ ਮਹੌਲ ਦੇ ਵਸੇਬੇ ਦੀ ਹੀ ਇੱਕ ਝਲਕ ਹੈ। ਪਰ ਫਿਰ ਵੀ ਸੋਸ਼ਲ ਮੀਡੀਆ ਵਿਚ ਇਸ ਚਲਣ ਨੂੰ ਮਿਲਦੀ ਰਹੀ ਹਮਾਇਤ ਇਸ ਮਹੌਲ ਦੀਆਂ ਜੜ੍ਹਾਂ ਜ਼ਿਆਦਾ ਡੂੰਘੀਆਂ ਨਾ ਹੋਣ ਵੱਲ ਵੀ ਇਸ਼ਾਰਾ ਕਰਦੀ ਹੈ। ਇਸ ਧਰਮ ਨਿਰਪੱਖ ਅਤੇ ਜਮਹੂਰੀ ਚੇਤਨਾ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਬਹੁਤ ਜ਼ਰੂਰਤ ਹੈ। ਇਸ ਵਿਚ ਲੋਕਾਂ ਦੀਆਂ ਸਮਾਜਿਕ, ਤਬਕਾਤੀ ਅਤੇ ਸੱਭਿਆਚਾਰਕ ਸੰਸਥਾਵਾਂ ਨਿੱਗਰ ਹਿੱਸਾ ਪਾ ਸਕਦੀਆਂ ਹਨ। ਪੁਲਿਸ ਨੇ ਭਾਵੇਂ ਪਿੰਡ ਦੇ ਮਹੌਲ ਨੂੰ ਸਾਜ਼ਗਾਰ ਬਣਾਉਣ ਵਿਚ ਉਪਰਾਲੇ ਕੀਤੇ, ਪਰ ਕਤਲ ਦੇ ਦੋਸ਼ੀਆਂ ਨੂੰ ਫੜਨ ਵਿਚ ਪੁਲਸ ਦੀ ਰਫਤਾਰ ਸੁਸਤ ਹੀ ਨਜ਼ਰ ਆਉਦੀ ਹੈ। ਹਿੰਸਾ ਲਈ ਸਾਰੇ ਦੋਸ਼ੀਆਂ ਦੀ ਗਿ੍ਰਫਤਾਰੀ ਦੀ ਜਮਹੂਰੀ ਅਧਿਕਾਰ ਸਭਾ ਜੋਰਦਾਰ ਮੰਗ ਕਰਦੀ ਹੈ। 

ਜਮਹੂਰੀ ਅਧਿਕਾਰ ਸਭਾ, 

ਇਕਾਈ ਜਿਲ੍ਹਾ ਅੰਮ੍ਰਿਤਸਰ।

   

No comments:

Post a Comment