ਭਾਰਤ: ਭੁੱਖ ਨਾਲ ਤੜਪਦੀਆਂ ਮਸੂਮ ਜਿੰਦਾਂ ਦੀ ਧਰਤੀ
ਅਕਤੂਬਰ 2019 ਮਹੀਨੇ ਦੇ ਅੱਧ 'ਚ ਵਿਸ਼ਵ 'ਚ ਬੱਚਿਆਂ ਦੀ ਹਾਲਤ ਨਾਲ ਸੰਬੰਧਤ ਦੋ ਰਿਪੋਰਟਾਂ ਜਾਰੀ ਹੋਈਆਂ ਹਨ। ਇਹਨਾਂ ਵਿੱਚੋਂ ''ਗਲੋਬਲ ਹੰਗਰ ਇੰਡੈਕਸ''(ਵਿਸ਼ਵ ਭੁੱਖਮਰੀ ਸੂਚਕ ਅੰਕ) ਨਾਂ ਦੀ ਰਿਪੋਰਟ ''ਵੈਲਟਹੰਗਰ ਹਿਲਫੇ'' ਅਤੇ ''ਕਨਸਰਨ ਵਰਲਡਵਾਈਡ'' ਨਾਂ ਦੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਪ੍ਰਕਾਸ਼ਤ ਕੀਤੀ ਗਈ ਹੈ, ਜਿਸਦਾ ਮਕਸਦ ਦੁਨੀਆਂ ਵਿੱਚ ਭੁੱਖਮਰੀ ਦਾ ਸ਼ਿਕਾਰ ਬੱਚਿਆਂ ਦੀ ਹਾਲਤ ਨੂੰ ਸਾਹਮਣੇ ਲਿਆਉਣਾ ਹੈ। ਭੁੱਖਮਰੀ ਬਾਰੇ ਇਹ ਰਿਪੋਰਟ ਸਾਲ 2000 ਤੋਂ ਲੈ ਕੇ ਲਗਭਗ ਹਰ ਸਾਲ ਪ੍ਰਕਾਸ਼ਤ ਕੀਤੀ ਜਾ ਰਹੀ ਹੈ ਅਤੇ ਐਤਕੀਂ ਦੀ ਇਹ ਰਿਪੋਰਟ ਇਸਦੀ 14ਵੀਂ ਰਿਪੋਰਟ ਹੈ। ਦੂਜੀ ਰਿਪੋਰਟ ''ਸੰਸਾਰ 'ਚ ਬੱਚਿਆਂ ਦੀ ਹਾਲਤ- 2019'' ਨਾਂ ਦੀ ਰਿਪੋਰਟ ਯੂਨੀਸੈਫ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ ਜੋ ਪੰਜ ਸਾਲ ਤੋਂ ਘੱਟ ਉਮਰ ਦੇ ਵੱਖ ਵੱਖ ਦੇਸ਼ਾਂ ਦੇ ਬੱਚਿਆਂ 'ਚ ਕੁਪੋਸ਼ਣ (ਖੁਰਾਕ ਦੀ ਕਮੀ) ਦੀ ਸਮੱਸਿਆ ਨੂੰ ਸਾਹਮਣੇ ਲਿਆਉਂਦੀ ਹੈ।
ਹੌਲਨਾਕ ਹਾਲਤ
ਬੱਚਿਆਂ ਦੀ ਹਾਲਤ ਬਾਰੇ ਇਹ ਦੋਨੋਂ ਰਿਪੋਰਟਾਂ ਹੀ ਦਿਲ-ਕੰਬਾਊ ਹਨ। ਯੂ.ਐਨ. ਓ.ਵੱਲੋਂ ਸਾਲ 2030 ਤੱਕ ਵਿਸ਼ਵ 'ਚੋਂ ਭੁੱਖਮਰੀ ਦਾ ਮੁਕੰਮਲ ਖਾਤਮਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਭੁੱਖਮਰੀ ਦੀਆਂ ਇਹ ਸਰਵੇ ਰਿਪੋਰਟਾਂ ਇਸੇ ਟੀਚੇ ਦੀ ਪ੍ਰਾਪਤੀ ਦੇ ਮਕਸਦ ਤੋਂ ਪ੍ਰੇਰਤ ਹਨ। ਪਰ ਪਹਿਲੀ ਰਿਪੋਰਟ ਅਨੁਸਾਰ ਦੁਨੀਆਂ 'ਚ ਕੁਪੋਸ਼ਣ ਜਾਂ ਭੁੱਖਮਰੀ ਦਾ ਸ਼ਿਕਾਰ ਬੱਚਿਆਂ ਦੀ ਕੁੱਲ ਗਿਣਤੀ ਸਾਲ 2015 'ਚ 78.5 ਕਰੋੜ ਤੋਂ ਵਧਕੇ ਹੁਣ 82.2 ਕਰੋੜ ਹੋ ਗਈ ਹੈ। ਅਨੇਕਾਂ ਦੇਸ਼ਾਂ 'ਚ ਸਾਲ 2010 ਦੀ ਤੁਲਨਾ 'ਚ ਹੁਣ ਭੁੱਖਮਰੀ ਦੇ ਪੱਧਰ 'ਚ ਵਾਧਾ ਹੋਇਆ ਹੈ। ਰਿਪੋਰਟ 'ਚ ਇਸ ਗੱਲ ਦਾ ਵੀ ਇੰਕਸ਼ਾਫ ਕੀਤਾ ਗਿਆ ਹੈ ਕਿ ਯੂ. ਐਨ. ਓ.ਵੱਲੋਂ ਮਿਥੀ ਸਮਾਂ-ਸੀਮਾਂ ਅੰਦਰ ਲੱਗਭੱਗ 45 ਦੇ ਕਰੀਬ ਮੁਲਕ ਭੁੱਖਮਰੀ ਦਾ ਪੱਧਰ ''ਘੱਟ'' ਦੀ ਹੱਦ ਤੱਕ ਲਿਆਉਣ ਤੋਂ ਵੀ ਅਸਫਲ ਰਹਿਣਗੇ। ਯੂਨੀਸੈਫ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪੰਜ ਸਾਲ ਦੀ ਉਮਰ ਤੋਂ ਘੱਟ ਹਰ ਤੀਜਾ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ। ਇਹ ਕੇਹਾ ਭਿਆਨਕ ਦੁਖਾਂਤ ਹੈ ਕਿ ਅਮਰੀਕਾ ਅਤੇ ਹੋਰ ਸਰਮਾਏਦਾਰ-ਸਾਮਰਾਜੀ ਮੁਲਕਾਂ ਦੇ ਹਾਕਮ ਮਨੁੱਖੀ ਹੱਕਾਂ ਦੀ ਰਾਖੀ ਅਤੇ ਦਹਿਸ਼ਤਵਾਦ ਵਿਰੁੱਧ ਲੜਾਈ ਦੇ ਦੰਭੀ ਹੋਕਰੇ ਮਾਰ ਕੇ ਗਰੀਬ ਮੁਲਕਾਂ ਉੱਪਰ ਅਰਬਾਂ-ਖਰਬਾਂ ਡਾਲਰ ਦੇ ਬੰਬ ਵਰ੍ਹਾ ਦਿੰਦੇ ਹਨ, ਪਰ ਦੂਜੇ ਪਾਸੇ ਦੁਨੀਆਂ ਭਰ 'ਚ ਲੱਗਭੱਗ 80 ਕਰੋੜ ਤੋਂ ਉੱਪਰ ਬੱਚੇ ਭੁੱਖਮਰੀ ਦਾ ਸ਼ਿਕਾਰ ਹਨ ਅਤੇ ਕਈ ਦਹਿ-ਲੱਖਾਂ ਇਹ ਛੋਟੇ ਬਾਲ ਹਰ ਸਾਲ ਅਣਆਈ ਮੌਤ ਦੇ ਮੂੰਹ ਚਲੇ ਜਾਂਦੇ ਹਨ। ਸੰਸਾਰ ਸਰਮਾਏਦਾਰੀ ਪ੍ਰਬੰਧ ਦੇ ਘੋਰ ਜਾਲਮਾਨਾ ਅਤੇ ਅਣਮਨੁੱਖੀ ਖਾਸੇ ਦਾ ਇਸਤੋਂ ਵੱਡਾ ਪ੍ਰਮਾਣ ਹੋਰ ਕੀ ਹੋ ਸਕਦਾ ਹੈ ਕਿ ਇੱਕ ਪਾਸੇ ਉੱਚ-ਜਮਾਤਾਂ ਦਾ ਇੱਕ ਹਿੱਸਾ ਬੇਲੋੜਾ ਖਾਣ ਨਾਲ ਮੋਟਾਪੇ, ਸ਼ੂਗਰ ਆਦਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ, ਲੱਖਾਂ ਕਰੋੜਾਂ ਟਨ ਅਨਾਜ ਤੇ ਹੋਰ ਖਾਧ ਪਦਾਰਥ ਗਲ-ਸੜ ਜਾਂਦੇ ਹਨ, ਉੱਥੇ ਦੂਜੇ ਪਾਸੇ ਕਰੋੜਾਂ ਬੱਚੇ ਭੁੱਖਮਰੀ ਦਾ ਸ਼ਿਕਾਰ ਹੋ ਕੇ ਭਿਆਨਕ ਹਾਲਤਾਂ 'ਚ ਜੀਅ ਰਹੇ ਤੇ ਵੱਡੀ ਗਿਣਤੀ 'ਚ ਹਰ ਸਾਲ ਦਮ ਤੋੜ ਰਹੇ ਹਨ।
ਦੋਨਾਂ ਹੀ ਰਿਪੋਰਟਾਂ ਵਿੱਚ, ਭਾਰਤ 'ਚ ਛੋਟੇ ਬੱਚਿਆਂ ਦੀ ਹਾਲਤ ਦੀ ਜੋ ਤਸਵੀਰ ਪੇਸ਼ ਕੀਤੀ ਗਈ ਹੈ, ਉਹ ਬਹੁਤ ਲੂੰ ਕੰਡੇ ਖੜ੍ਹੇ ਕਰਨ ਵਾਲੀ ਹੈ। ਡਾਢੀ ਚਿੰਤਾਜਨਕ ਵੀ ਹੈ। ਵਿਸ਼ਵ ਭੁੱਖਮਰੀ ਸੂਚਕ ਅੰਕ ਰਿਪੋਰਟ 'ਚ ਇਸ ਵਾਰ 117 ਮੁਲਕਾਂ ਦਾ ਸਰਵੇ ਕੀਤਾ ਗਿਆ ਹੈ। ਭਾਰਤ ਦਾ ਸਥਾਨ 102ਵੇਂ ਨੰਬਰ 'ਤੇ ਹੈ। ਯਾਨੀ ਸਿਰਫ 15 ਹੋਰ ਮੁਲਕ ਅਜਿਹੇ ਹਨ ਜਿਹਨਾਂ ਦੀ ਹਾਲਤ ਭਾਰਤ ਨਾਲੋਂ ਵੱਧ ਗਈ-ਗੁਜਰੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਭਾਰਤ ਨਾਲੋਂ ਘੱਟ-ਵਿਕਸਤ ਤੇ ਗਰੀਬ ਸਮਝੇ ਜਾਂਦੇ ਇਸਦੇ ਗੁਆਂਢੀ ਮੁਲਕਾਂ- ਸ੍ਰੀ ਲੰਕਾ, ਪਾਕਿਸਤਾਨ, ਨੇਪਾਲ, ਬੰਗਲਾ ਦੇਸ਼ ਆਦਿਕ- ਸਭ ਦੀ ਹਾਲਤ ਭੁੱਖਮਰੀ ਦੇ ਮਾਮਲੇ 'ਚ ਭਾਰਤ ਤੋਂ ਬਿਹਤਰ ਹੈ। ਸਿਰਫ ਅਫਗਾਨਿਸਤਾਨ,ਯਮਨ ਅਤੇ ਹੈਤੀ ਵਰਗੇ ਉਹਨਾਂ ਮੁਲਕਾਂ ਦੀ ਹਾਲਤ ਭਾਰਤ ਤੋਂ ਬਦਤਰ ਹੈ ਜਿਹੜੇ ਜੰਗ ਜਾਂ ਬਦਅਮਨੀ ਦਾ ਸ਼ਿਕਾਰ ਹਨ।
ਭਾਜਪਾਈ ਹਾਕਮ, ਹਮੇਸ਼ਾ ਹੀ, ਅੱਡ ਅੱਡ ਖੇਤਰਾਂ 'ਚ ਮਾੜੀ ਹਾਲਤ ਦੀ ਜੁੰਮੇਵਾਰੀ ਕਾਂਗਰਸੀ ਹੁਕਮਰਾਨਾਂ ਸਿਰ ਤਿਲ੍ਹਕਾਉਣ ਅਤੇ ਪ੍ਰਾਪਤੀਆਂ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਮਰਜ਼ ਦੇ ਸ਼ਿਕਾਰ ਹਨ। ਪਰ ਇਸ ਮਾਮਲੇ 'ਚ ਇਹ ਵੀ ਇਹਨਾਂ ਦਾ ਸਹਾਰਾ ਨਹੀਂ ਬਣ ਰਹੀ। ਮੋਦੀ ਹਕੂਮਤ ਨੇ ਪਿਛਲੇ ਸਾਲ ਬੜੇ ਵੱਡੇ ਦਾਅਵੇ ਕਰਦਿਆਂ ''ਕੌਮੀ ਪੋਸ਼ਣ ਮਿਸ਼ਨ'' ਸ਼ੁਰੂ ਕੀਤਾ ਸੀ, ਪਰ ਉਪਰੋਕਤ ਰਿਪੋਰਟ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਐਤਕੀਂ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ।
ਭੁੱਖਮਰੀ ਦਾ ਆਮ ਪ੍ਰਚਲਤ ਭਾਵ ਖੁਰਾਕ ਦੀ ਘਾਟ ਜਾਂ ਅਣਹੋਂਦ ਤੋਂ ਲਿਆ ਜਾਂਦਾ ਹੈ। ਪਰ ਵਿਸ਼ਵ ਭੁੱਖਮਰੀ ਸੂਚਕ ਅੰਕ 'ਚ ਇਸਨੂੰ ਮਾਪਣ ਦੇ ਜੋ ਮਾਪਦੰਡ ਬਣਾਏ ਗਏ ਹਨ ਉਹਨਾਂ 'ਚ ਖੁਰਾਕ ਦੀ ਉਪਲੱਭਤਤਾ, ਉਮਰ ਦੇ ਹਿਸਾਬ ਭਾਰ ਦਾ ਘੱਟ ਹੋਣਾ, ਉਚਾਈ ਦੇ ਹਿਸਾਬ ਭਾਰ ਘੱਟ ਹੋਣਾ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮਰਨ ਦਰ ਸ਼ਾਮਲ ਹਨ। ਇਹਨਾਂ ਮਾਪਦੰਡਾਂ ਦੇ ਹਿਸਾਬ ਹਰੇਕ ਮੁਲਕ ਨੂੰ ਅੰਕ ਦਿੱਤੇ ਜਾਂਦੇ ਹਨ। ਜਿੰਨਾਂ ਇਹ ਅੰਕ ਘੱਟ ਹੋਵੇ, ਓਨੀ ਹੀ ਭੁੱਖਮਰੀ ਤੇ ਕੁਪੋਸ਼ਣ ਪੱਖੋਂ ਹਾਲਤ ਘੱਟ ਸੰਗੀਨ ਹੁੰਦੀ ਹੈ। ਭਾਰਤ ਦੇ 30.3 ਅੰਕਾਂ ਦੇ ਮੁਕਾਬਲੇ ਪਾਕਿਸਤਾਨ, ਬੰਗਲਾਦੇਸ਼, ਇੰਡੋਨੇਸ਼ੀਆ ਅਤੇ ਚੀਨ ਦਾ ਅੰਕ ਕ੍ਰਮਵਾਰ 28.5, 25.8, 20.1 ਤੇ 6.5 ਹੈ। ਯਾਨੀ ਭਾਰਤ ਕੁੱਲ ਮਿਲਵੇਂ ਕੁਪੋਸ਼ਣ ਪੱਖੋਂ ਆਪਣੇ ਮੁਕਾਬਲਤਨ ਘੱਟ ਵਿਕਸਤ ਸਮਝੇ ਜਾਂਦੇ ਸਭਨਾਂ ਗੁਆਂਢੀ ਮੁਲਕਾਂ ਤੋਂ ਪਿੱਛੇ ਹੈ।
ਭਾਰਤ ਲਈ ਇੱਕ ਵਿਸ਼ੇਸ਼ ਚਿੰਤਾ ਦਾ ਵਿਸ਼ਾ 5 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੀ ਲੰਬਾਈ (ਕੱਦ) ਦੇ ਹਿਸਾਬ ਭਾਰ ਦਾ ਘੱਟ ਹੋਣ ਹੈ। ਖੁਰਾਕੀ ਮਾਹਰਾਂ ਅਨੁਸਾਰ ਇਸਦੀ ਵਜ੍ਹਾ ਘੋਰ ਖੁਰਾਕ-ਅਪੂਰਤੀ (Acute ”undernutrition) ਹੈ। ਇਸ ਪੱਖੋਂ ਗੰਭੀਰ ਚਿੰਤਾ ਦੀ ਗੱਲ ਇਹ ਹੈ ਕਿ ਸਾਰੇ 117 ਮੁਲਕਾਂ, ਜਿਹਨਾਂ 'ਚ ਸਰਵੇ ਕੀਤਾ ਗਿਆ, ਭਾਰਤ ਸਭ ਤੋਂ ਥੱਲੇ ਹੈ। ਏਦੂੰ ਵੀ ਅਗਾਂਹ ਕੰਨ ਖੜ੍ਹੇ ਕਰਨ ਵਾਲੀ ਗੱਲ ਹੈ ਕਿ ਪਿਛਲੇ ਸਾਲਾਂ 'ਚ ਹਾਲਤ ਸੁਧਰਨ ਦੀ ਥਾਂ ਬਦਤਰ ਹੋਈ ਹੈ। ਸਾਲ 2010 'ਚ 16.5 ਫੀਸਦੀ ਬੱਚੇ ਘੋਰ ਖੁਰਾਕ-ਅਪੂਰਤੀ ਦਾ ਸ਼ਿਕਾਰ ਸਨ। ਸਾਲ 2019 'ਚ ਇਹਨਾਂ ਦੀ ਫੀਸਦੀ ਵਧਕੇ 20.8 ਹੋਈ ਹੈ। ਇਸ ਅਰਸੇ ਦੇ ਵੱਡੇ ਹਿੱਸੇ ਦੌਰਾਨ ਕੇਂਦਰ 'ਚ ਮੋਦੀ ਸਰਕਾਰ ਗੱਦੀ-ਨਸ਼ੀਨ ਰਹੀ ਹੈ। ਇਸ ਲਈ ਇਸ 'ਮਾਅਰਕੇ' ਦਾ ਸਿਹਰਾ ਮੋਦੀ ਜੀ ਸਿਰ ਹੀ ਬੱਝਦਾ ਹੈ।
ਜੇਕਰ ਯੂਨੀਸੈਫ ਦੀ ਰਿਪੋਰਟ 'ਤੇ ਝਾਤ ਮਾਰੀ ਜਾਵੇ ਤਾਂ ਰਿਪੋਰਟ ਅਨੁਸਾਰ 5 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੇ ਮਾਮਲੇ 'ਚ ਦੱਖਣੀ ਏਸ਼ੀਆ ਖੇਤਰ (ਭਾਰਤ, ਪਾਕ, ਬੰਗਲਾਦੇਸ਼, ਅਫਗਾਨਿਸਤਾਨ, ਸ੍ਰੀਲੰਕਾ, ਭੂਟਾਨ, ਨੇਪਾਲ, ਮਾਲਦੀਵ ਆਦਿਕ) 'ਚ ਭਾਰਤ ਦੀ ਹਾਲਤ ਸਭ ਤੋਂ ਭੈੜੀ ਹੈ, ਜਿੱਥੇ 54 ਫੀਸਦੀ ਬੱਚੇ ਕਿਸੇ ਨਾ ਕਿਸੇ ਤਰ•ਾਂ ਦੇ ਕੁਪੋਸ਼ਣ ਦਾ ਸ਼ਿਕਾਰ ਹਨ। ਭਾਰਤ 'ਚ 54 ਫੀਸਦੀ ਦੇ ਮੁਕਾਬਲੇ ਅਫਗਾਨਿਸਤਾਨ 'ਚ 49, ਬੰਗਲਾਦੇਸ਼ 'ਚ 46, ਪਾਕਿਸਤਾਨ ਤੇ ਨੇਪਾਲ 'ਚ 43 ਅਤੇ ਸ੍ਰੀਲੰਕਾ 'ਚ 28 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਰਿਪੋਰਟ ਅਨੁਸਾਰ, ਇੱਕ ਚਕਾਚੌਂਧ ਕਰਨ ਵਾਲੀ ਵੱਡੀ ਗਿਣਤੀ ਬੱਚਿਆਂ ਨੂੰ ਲੋੜੀਂਦੀ ਢੁੱਕਵੀਂ ਖੁਰਾਕ ਨਾ ਮਿਲਣ ਕਰਕੇ ਉਹਨਾਂ ਦੇ ਤੇਜ਼ੀ ਨਾਲ ਹੋਣ ਵਾਲੇ ਸਰੀਰਕ ਤੇ ਦਿਮਾਗੀ ਵਿਕਾਸ ਨੂੰ ਹਰਜਾ ਪਹੁੰਚਦਾ ਹੈ।
ਦੋਨਾਂ ਹੀ ਰਿਪੋਰਟਾਂ ਅਨੁਸਾਰ, ਭਾਰਤ 'ਚ ਹਰ ਸਾਲ 8 ਲੱਖ ਤੋਂ ਵੱਧ ਬੱਚੇ 5 ਸਾਲ ਦੇ ਹੋਣ ਤੋਂ ਪਹਿਲਾਂ ਮਰ ਜਾਂਦੇ ਹਨ। ਭਾਰਤ 'ਚ ਬੱਚਿਆਂ ਦੀ ਇਹ ਮਰਨ ਦਰ ਤੇ ਕੁੱਲ ਗਿਣਤੀ ਬਹੁਤ ਹੀ ਉੱਚੀ ਹੈ।
ਭਾਰਤੀ ਹਾਕਮਾਂ ਦੇ ਢੋਲ ਦਾ ਪੋਲ ਖੁੱਲ੍ਹਿਆ
ਭਾਰਤੀ ਹਾਕਮ, ਵਿਸ਼ੇਸ਼ ਕਰਕੇ ਮੋਦੀ ਹਕੂਮਤ, ਦਿਨ ਰਾਤ ਭਾਰਤ ਦੇ ਤੇਜ਼ ਵਿਕਾਸ ਦੀਆਂ ਫੜ•ਾਂ ਮਾਰਦੇ ਰਹਿੰਦੇ ਹਨ। ਉਹ ਲੋਕਾਂ ਨੂੰ ਛੇਤੀ ਹੀ ਭਾਰਤ ਦੇ 5 ਟਰਿਲੀਅਨ ਡਾਲਰ ( 5 ਲੱਖ ਕਰੋੜ ਡਾਲਰ) ਵਾਲੀ ਆਰਥਕਤਾ ਬਣ ਜਾਣ, ਦੁਨੀਆਂ 'ਚ ਇੱਕ ਵੱਡੀ ਤਾਕਤ ਬਣ ਜਾਣ ਦੇ ਸੁਪਨੇ ਦਿਖਾਉਂਦੇ ਰਹਿੰਦੇ ਹਨ। ਹੋਰਨਾਂ ਮੁਲਕਾਂ ਦੇ ਮੁਕਾਬਲੇ ਭਾਰਤ ਦੀ ਕੁੱਲ ਘਰੇਲੂ ਆਮਦਨ 'ਚ ਵਾਧੇ ਦੀ ਉੱਚੀ ਦਰ ਦੇ ਕਸੀਦੇ ਪੜ੍ਹਦੇ ਰਹਿੰਦੇ ਹਨ। ਤੇ ਇਹਨਾਂ ਪ੍ਰਾਪਤੀਆਂ ਲਈ ਆਪਣੀ ਪਿੱਠ ਥਾਪੜਦੇ ਰਹਿੰਦੇ ਹਨ। ਉਹਨਾਂ ਨੂੰ ਪੁੱਛਣਾ ਬਣਦਾ ਹੈ ਕਿ ਇਹ ਕਿਹੋ ਜਿਹਾ ਵਿਕਾਸ ਹੈ ਜਿਸ ਦੌਰਾਨ 8 ਲੱਖ ਤੋਂ ਵੱਧ ਬਾਲ ਹਰ ਸਾਲ 5 ਸਾਲ ਦੀ ਉਮਰ ਤੋਂ ਪਹਿਲਾਂ ਹੀ ਦਮ ਤੋੜ ਜਾਂਦੇ ਹਨ, ਕਰੋੜਾਂ ਲੋਕ ਭੁੱਖਮਰੀ ਜਾਂ ਅਧ-ਭੁੱਖਮਰੀ ਦਾ ਸ਼ਿਕਾਰ ਹਨ ਜਾਂ ਲੋੜੀਂਦੀਆਂ ਊਰਜਾ-ਕਲੋਰੀਆਂ ਵਾਲੀ ਖੁਰਾਕ ਤੋਂ ਵਾਂਝੇ ਹਨ? ਇਹ ਕਿਹੋ ਜਿਹਾ ਵਿਕਾਸ ਹੈ ਜਿਹੜਾ ਸਾਨੂੰ ਬੱਚਿਆਂ ਦੀ ਸਿਹਤ ਅਤੇ ਜਾਨ ਦੀ ਸਲਾਮਤੀ ਦੇ ਮਾਮਲੇ 'ਚ ਗਰੀਬ ਤੋਂ ਗਰੀਬ ਮੁਲਕਾਂ ਦੇ ਮਾਮਲੇ 'ਚ ਵੀ ਪਿੱਛੇ ਧੱਕ ਰਿਹਾ ਹੈ, ਫਾਡੀ ਬਣਾ ਰਿਹਾ ਹੈ? ਮਾਸੂਮ ਬੱਚਿਆਂ ਦੀਆਂ ਲਾਸ਼ਾਂ ਦੇ ਵੱਡੇ ਢੇਰ 'ਤੇ ਖੜ੍ਹਕੇ ਭਾਰਤ ਦੀ ਤਰੱਕੀ ਦੀਆਂ ਫੜ੍ਹਾਂ ਮਾਰਨ ਵਾਲੇ ਭਾਰਤੀ ਹਾਕਮਾਂ ਨੂੰ ਕੀ ਭੋਰਾ ਭਰ ਵੀ ਸ਼ਰਮ ਨਹੀਂ ਆਉਂਦੀ? ਕੀ ਮੋਦੀ ਐਂਡ ਕੰਪਨੀ ਇਹਨਾਂ 'ਪ੍ਰਾਪਤੀਆਂ' ਦੀ ਜੁੰਮੇਵਾਰੀ ਜਨਤਕ ਤੌਰ 'ਤੇ ਆਪਣੇ ਸਿਰ ਲਵੇਗੀ?
ਆਰਥਕ ਗਰੀਬੀ ਸਭ ਤੋਂ ਵੱਡੀ ਲਾਹਨਤ ਹੈ
ਭਾਰਤ ਦੇ ਬੱਚਿਆਂ ਅੰਦਰ ਭੁੱਖਮਰੀ, ਕੁਪੋਸ਼ਣ, ਜਾਨਲੇਵਾ ਬਿਮਾਰੀਆਂ ਤੇ ਮੌਤਾਂ ਦਾ ਬੁਨਿਆਦੀ ਕਾਰਨ ਉਹਨਾਂ ਪਰਿਵਾਰਾਂ ਦੀ ਸਾਧਨਹੀਣ ਤੇ ਗੁਰਬੱਤ-ਭਰਪੂਰ ਜ਼ਿੰਦਗੀ ਹੈ ਜਿਹਨਾਂ 'ਚ ਇਹ ਬਦਨਸੀਬ ਬੱਚੇ ਜਨਮ ਲੈਂਦੇ ਹਨ ਤੇ ਮਰਨ ਤੱਕ ਰੁਲਦੇ ਹਨ। ਗਰੀਬੀ ਦਾ ਮੂਲ ਕਾਰਨ ਗੁਜ਼ਾਰੇ ਦੇ ਢੁੱਕਵੇਂ ਸਾਧਨ (ਜ਼ਮੀਨ, ਨੌਕਰੀ, ਕਾਰੋਬਾਰ, ਆਦਿਕ) ਨਾ ਹੋਣਾ ਹੈ ਜਿਸ ਕਰਕੇ ਇਹ ਪ੍ਰਵਾਰ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਿਤਾਉਣ ਲਈ ਮਜ਼ਬੂਰ ਹਨ। ਭਾਰਤ 'ਚ ਇੱਕ ਚੌਥਾਈ ਤੋਂ ਵੱਧ ਵਸੋਂ ਗਰੀਬੀ ਰੇਖਾ ਤੋਂ ਹੇਠਲੇ ਪੱਧਰ ਦੀ ਜ਼ਿੰਦਗੀ ਜਿਉਂ ਰਹੀ ਹੈ । ਆਮਦਨ ਦਾ ਸਾਧਨ (ਰੁਜ਼ਗਾਰ) ਨਾ ਹੋਣ ਕਾਰਨ ਇਹਨਾਂ ਪ੍ਰਵਾਰਾਂ 'ਚ ਕੁਪੋਸ਼ਣ ਤੇ ਭੁੱਖਮਰੀ ਵਿਆਪਕ ਹੈ। ਉਪਰੋਕਤ ਯੂਨੀਸੈਫ ਰਿਪੋਰਟ ਮੁਤਾਬਕ, ਭਾਰਤ 'ਚ 50 ਫੀ ਸਦੀ ਔਰਤਾਂ ਅਤੇ 40 ਫੀਸਦੀ ਬਾਲ ਖੂਨ ਦੀ ਘਾਟ ਦਾ ਸ਼ਿਕਾਰ ਹਨ। ਕੁਪੋਸ਼ਣ ਦਾ ਸ਼ਿਕਾਰ ਇਹ ਮਾਵਾਂ ਨਵ-ਜਾਤ ਬੱਚਿਆਂ ਲਈ ਲੋੜੀਂਦੀ ਖੁਰਾਕ ਨਹੀਂ ਦੇ ਸਕਦੀਆਂ। ਗਰੀਬੀ ਕਾਰਨ ਇਹ ਪ੍ਰਵਾਰ ਦੂਸ਼ਿਤ ਆਲੇ-ਦੁਆਲੇ 'ਚ ਰਹਿਣ ਲਈ ਮਜ਼ਬੂਰ ਹੁੰਦੇ ਹਨ ਤੇ ਹਮੇਸ਼ਾ ਲੋੜੀਂਦੀ, ਖੁਰਾਕ, ਸਾਫ ਜਲ ਤੇ ਰੋਗ-ਮੁਕਤ ਆਲੇ-ਦੁਆਲੇ ਤੇ ਹੋਰ ਜੀਵਨ-ਲੋੜਾਂ ਤੋਂ ਵਾਂਝੇ ਰਹਿੰਦੇ ਹਨ। ਜਿਸ ਵਿਕਾਸ ਦੀ ਰਟ ਹਾਕਮ ਦਿਨ ਰਾਤ ਲਾ ਰਹੇ ਹਨ, ਉਹ ਵਿਕਾਸ ਮੁੱਠੀਭਰ ਕਾਰਪੋਰੇਟ ਘਰਾਣਿਆਂ,ਉੱਚ ਤਬਕਿਆਂ, ਵੱਡੇ ਵਪਾਰੀਆਂ ਤੇ ਜਾਗੀਰਦਾਰਾਂ ਦਾ ਹੈ ਜੋ ਇਹਨਾਂ ਗਰੀਬ ਤਬਕਿਆਂ ਦੀ ਕੀਮਤ 'ਤੇ ਆਪਣੇ ਲਈ ਧਨ ਦੇ ਅੰਬਾਰ ਲਾ ਰਹੇ ਹਨ।
No comments:
Post a Comment