Wednesday, November 20, 2019

ਫਿਰਕਾਪ੍ਰਸਤੀ ਦਾ ਰੋਲ ਤੇ ਇਸ ਖਿਲਾਫ ਸੰਘਰਸ਼ ਲਈ ਪਹੁੰਚ ਦਾ ਸਵਾਲ

ਫਿਰਕਾਪ੍ਰਸਤੀ ਦਾ ਰੋਲ ਤੇ ਇਸ ਖਿਲਾਫ ਸੰਘਰਸ਼ ਲਈ ਪਹੁੰਚ ਦਾ ਸਵਾਲ
(
ਕੁੱਝ ਪੱਖਾਂ ਦੀ ਚਰਚਾ)
ਜਮਾਤੀ ਵਿਚਾਰਧਾਰਾ ਬਨਾਮ ਫਿਰਕੂ ਵਿਚਾਰਧਾਰਾ
ਮਾਰਕਸਵਾਦੀਆਂ ਲੈਨਿਨਵਾਦੀਆਂ ਅਨੁਸਾਰ ਮਨੁੱਖੀ ਸਮਾਜ ਪੈਦਾਵਾਰੀ ਸ਼ਕਤੀਆਂ ਅਤੇ ਪੈਦਾਵਾਰੀ ਰਿਸ਼ਤਿਆਂ ਦੇ ਟਕਰਾਅ ਰਾਹੀਂ ਅੱਗੇ ਵੱਧਦਾ ਹੈ। ਸਮਾਜ ਅੰਦਰ ਇਹ ਟਕਰਾਅ ਵੱਖ-ਵੱਖ ਜਮਾਤਦੇ ਘੋਲ ਰਾਹੀਂ ਰੂਪਮਾਨ ਹੁੰਦਾ ਹੈ। ਇਸ ਕਰਕੇ ਇਉਂ ਵੀ ਕਿਹਾ ਜਾਂਦਾ ਹੈ ਕਿ ਮਨੁੱਖੀ ਸਮਾਜ ਜਮਾਤੀ ਘੋਲ ਰਾਹੀਂ ਅੱਗੇ ਵੱਧਦਾ ਹੈ। ਇਹ ਗੱਲ ਗੁਲਾਮਦਾਰੀ ਸਮਾਜ ਤੋਂ ਲੈ ਕੇ ਸਮਾਜਵਾਦੀ ਸਮਾਜ ਤੱਕ ਦੇ ਸਭਨਾਂ ਜਮਾਤੀ ਸਮਾਜਾਂ 'ਤੇ ਲਾਗੂ ਹੁੰਦੀ ਹੈ।
ਜਮਾਤਾਂ 'ਚ ਵੰਡੇ ਸਮਾਜ ਅੰਦਰ ਮਨੁੱਖਾਂ ਦੇ ਆਰਥਕ ਸਮਾਜਿਕ ਹਿੱਤ ਆਪੋ ਆਪਣੀ ਜਮਾਤ ਨਾਲ ਜੁੜੇ ਹੁੰਦੇ ਹਨ। ਉਹਨਾਂ ਦੀ ਸਮਾਜਿਕ ਹੋਣੀ ਉਹਨਾਂ ਦੀਆਂ ਜਮਾਤਾਂ ਦੀ ਹੋਣੀਂ ਨਾਲ ਜੁੜੀ ਹੁੰਦੀ ਹੈ।
ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ, ਇਨਕਲਾਬੀ ਜਮਾਤਾਂ ਨੂੰ ਉਹਨਾਂ ਦੇ ਜਮਾਤੀ ਹਿੱਤਾਂ ਦੀ ਸੋਝੀ ਦਿੰਦੀ ਹੈ, ਪਿਛਾਂਹ ਖਿੱਚੂ ਜਮਾਤਾਂ ਨਾਲ ਉਹਨਾਂ ਦੇ ਹਿੱਤਾਂ ਦੇ ਬੁਨਿਆਦੀ ਟਕਰਾਅ ਨੂੰ ਉਜਾਗਰ ਕਰਦੀ ਹੈ, ਇਨਕਲਾਬੀ ਜਮਾਤਾਂ ਦੇ ਹਿੱਤਾਂ ਦੀ ਸਾਂਝ ਨੂੰ ਅਤੇ ਇਹਨਾਂ ਦੇ ਆਧਾਰ 'ਤੇ ਇਨਕਲਾਬੀ ਏਕਤਾ ਦੀ ਲੋੜ ਨੂੰ ਉਭਾਰਦੀ ਹੈ। ਇਉਂ ਇਹ ਮਜ਼ਦੂਰ ਜਮਾਤ ਦੇ ਹੱਥਾਂ 'ਚ ਇਨਕਲਾਬੀ ਜਮਾਤੀ ਘੋਲ ਦੀ ਅਗਵਾਈ ਦਾ ਹਥਿਆਰ ਬਣਦੀ ਹੈ। ਇਸਦੇ ਮੁਕਾਬਲੇ ਫਿਰਕਾਪ੍ਰਸਤ ਇਸ ਗੈਰ ਵਿਗਿਆਨਕ ਮਨੌਤ 'ਤੇ ਚਲਦੇ ਹਨ ਕਿ ਸਮਾਜ ਅੰਦਰ ਮਨੁੱਖਾਂ ਦੇ ਆਰਥਕ ਸਮਾਜਿਕ ਹਿੱਤ ਉਹਨਾਂ ਦੇ ਧਰਮ ਜਾਂ ਫਿਰਕੇ ਰਾਹੀਂ ਨਿਸਚਿਤ ਹੁੰਦੇ ਹਨ। ਉਨ੍ਹਾਂ ਮੁਤਾਬਕ ਇੱਕ ਧਰਮ ਜਾਂ ਫਿਰਕੇ ਨਾਲ ਸਬੰਧਤ ਲੋਕਾਂ ਦੇ ਆਰਥਕ ਸਮਾਜਕ ਹਿੱਤ ਅਤੇ ਹੋਣੀ ਸਾਂਝੀ ਹੁੰਦੀ ਹੈ। ਉਹ ਸਮਾਜਿਕ ਹਕੀਕਤਾਂ ਨੂੰ ਇਸੇ ਨਜ਼ਰੀਏ ਤੋਂ ਦੇਖਦੇ ਅਤੇ ਇਨ੍ਹਾਂ ਦੀ ਵਿਆਖਿਆ ਕਰਦੇ ਹਨ। ਇਸੇ ਨਜ਼ਰੀਏ ਤੋਂ ਇਤਿਹਾਸ ਦੀ ਵਿਆਖਿਆ ਕਰਦਿਆਂ ਫਿਰਕਾਪ੍ਰਸਤ ਹਕੀਕਤਾਂ ਦੀ ਤੋੜ-ਮਰੋੜ ਕਰਕੇ ਇਸ ਨੂੰ ਧਰਮਾਂ ਜਾਂ ਫਿਰਕਿਆਂ ਦੇ ਇਤਿਹਾਸ ਵਜੋਂ ਪੇਸ਼ ਕਰਦੇ ਹਨ। ਬੀਤੇ 'ਚ ਹੋਈਆਂ ਅਗਾਂਹ ਵਧੂ ਤੇ ਪਿਛਾਂਹ-ਖਿੱਚੂ ਜਮਾਤਾਂ ਦੀਅਂ ਜੰਗਾਂ ਅਤੇ ਪਿਛਾਂਹ ਖਿੱਚੂ ਜਮਾਤਾਂ ਦੀਆਂ ਆਪਸੀ ਜੰਗਾਂ ਨੂੰ ਧਰਮਾਂ ਜਾਂ ਫਿਰਕਿਆਂ ਦੀਆਂ ਜੰਗਾਂ ਵਜੋਂ ਪੇਸ਼ ਕਰਦੇ ਹਨ।
ਇਸ ਤਰ੍ਹਾਂ ਫਿਰਕੂ ਵਿਚਾਰਧਾਰਾ ਸਪੱਸ਼ਟ ਤੌਰ 'ਤੇ ਮਾਰਕਸਵਾਦੀਆਂ -ਲੈਨਿਨਵਾਦੀਆਂ ਦੀ ਜਮਾਤੀ ਵਿਚਾਰਧਾਰਾ ਨਾਲ ਟਕਰਾਅ 'ਚ ਆਉਂਦੀ ਹੈ। ਇਹ ਲੋਕਾਂ ਅੰਦਰ ਗੈਰ-ਜਮਾਤੀ ਧੜੇਬੰਦੀ ਦਾ ਵਿਚਾਰਧਾਰਕ ਅਧਾਰ ਮੁਹੱਈਆ ਕਰਦੀ ਹੈ। ਧਰਮ ਜਾਂ ਫਿਰਕੇ ਦੀ ਸਾਂਝ ਦੇ ਨਾਂ 'ਤੇ ਅਗਾਂਹ ਵਧੂ ਤੇ ਪਿਛਾਂਹ ਖਿੱਚੂ ਜਮਾਤਾਂ ਦੇ ਹਿੱਤਾਂ ਦੀ ਸਾਂਝ ਦਾ ਵਿਚਾਰ ਉਭਾਰਦੀ ਹੈ ਅਤੇ ਦੂਜੇ ਪਾਸੇ ਵੱਖ-ਵੱਖ ਫਿਰਕਿਆਂ-ਧਰਮਾੰ ਨਾਲ ਸਬੰਧਤ ਲੋਕਾਂ ਦੀ ਆਪਸੀ ਦੁਸ਼ਮਣੀ ਦਾ ਵਿਚਾਰ ਉਭਾਰਦੀ ਹੈ। ਇਸ ਤਰ੍ਹਾਂ ਉਹ ਜਮਾਤੀ ਘੋਲ ਦੀ ਵਿਚਾਰਧਾਰਾ ਨੂੰ ਕੱਟਦੀ ਹੈ ਅਤੇ ਇਸ ਦੀ ਦੁਸ਼ਮਣ ਵਿਚਾਰਧਾਰਾ ਹੈ।
ਫਿਰਕਾਪ੍ਰਸਤੀ ਦਾ ਸਮਾਜਿਕ ਰੋਲ
ਫਿਰਕਾਪ੍ਰਸਤੀ ਦਾ ਉਪਰੋਕਤ ਵਿਚਾਰਧਾਰਕ ਅਧਾਰ ਇਸਦੇ ਸਮਾਜਿਕ ਰੋਲ ਨੂੰ ਨਿਸਚਿਤ ਕਰਦਾ ਹੈ। ਫਿਰਕਾਪ੍ਰਸਤ ਕਿਉਂਕਿ ਇੱਕ ਗੈਰ-ਵਿਗਿਆਨਕ ਮਨੌਤ ਤੋਂ ਤੁਰਦੇ ਹਨ ਕਿ ਲੋਕਾੰ ਦੀ ਹੋਣੀ ਅਸਲ 'ਚ ਉਹਨਾੰ ਦੇ ਧਰਮ ਅਤੇ ਫਿਰਕੇ ਦੀ ਹੋਣੀ ਹੈ  ਇਸ ਕਰਕੇ ਉਹ ਲੋਕਾਂ ਦੇ ਸਭਨਾਂ ਸੰਕਟਾਂ ਅਤੇ ਮੁਸੀਬਤਾੰ ਨੂੰ ਵਿਸ਼ੇਸ਼ ਧਰਮ ਅਤੇ ਫਿਰਕੇ ਦੇ ਸੰਕਟਾੰ  ਮੁਸੀਬਤਾਂ ਵਜੋਂ ਪੇਸ਼ ਕਰਦੇ ਹਨ। ਦੂਜੇ ਧਰਮਾਂ  ਫਿਰਕਿਆਂ ਦੀ ਹੋਂਦ ਨੂੰ ਇਨ੍ਹਾਂ ਦੀ ਵਜ੍ਹਾ ਦੱਸ ਕੇ ਚੁਣੌਤੀ ਦਿੰਦੇ ਹਨ। ਇਹਨਾਂ ਖਿਲਾਫ਼ ਜਹਾਦ ਅਤੇ ਆਪੋ ਆਪਣੇ ਧਰਮ ਦੀ ਚੌਧਰ  ਸਥਾਪਤ ਕਰਨ ਦਾ ਨਾਅਰਾ ਦਿੰਦੇ ਹਨ। ਇਹਨੂੰ ਜਾਇਜ਼ ਸਾਬਤ ਕਰਨ ਲਈ ਆਪੋ ਆਪਣੇ ਧਰਮ ਦੀ ਉੱਤਮਤਾ ਦਾ ਝੂਠਾ ਗੁਮਾਨ ਫੈਲਾਉਂਦੇ ਹਨ। ਸਮਾਜਿਕ ਜੀਵਨ ਅੰਦਰ ਧਰਮ ਦੀ ਪੁਰਾਤਨ ਸਰਦਾਰੀ ਬਹਾਲ ਕਰਨ ਦੇ ਨਾਂ ਹੇਠ ਆਜੋਕੇ ਸਮਾਜਿਕ ਜੀਵਨ ਅਤੇ ਤਰੱਕੀ ਨਾਲ ਬੇਮੇਲ ਇਸ ਦੇ ਪੁਰਾਣੇ ਸਰੂਪ ਨੂੰ ਲੋਕਾਂ 'ਤੇ ਮੜ੍ਹਦੇ ਹਨ। ਸਮਾਜਿਕ ਹਕੀਕਤ ਅਤੇ ਤਰਕਸ਼ੀਲਤਾ ਨਾਲ ਟਕਰਾਉਂਦੇ ਇਹਨਾਂ ਵਿਚਾਰਾਂ ਅਮਲਾਂ ਦੀ ਸਥਾਪਤੀ ਲਈ ਅੰਨ੍ਹੇਂ ਧਾਰਮਿਕ ਜਨੂੰਨ ਅਤੇ ਕੱਟੜਤਾ ਦਾ ਸਹਾਰਾ ਲੈਂਦੇ ਹਨ ਅਤੇ ਹਰ ਕਿਸਮ ਦੇ ਵੱਖਰੇ ਵਿਚਾਰਾਂ ਨੂੰ ਇਨ੍ਹਾਂ ਦੀ ਅੰਨ੍ਹੀਂ ਧੁੱਸ ਨਾਲ ਦਰੜਦੇ ਹਨ।
ਇਸ ਤਰ੍ਹਾਂ ਫਿਰਕਾਪ੍ਰਸਤੀ ਸਮਾਜ ਅੰਦਰ-ਗੈਰ-ਜਮਾਤੀ ਧੜੇਬੰਦੀ ਤੇ ਸਮਾਜਿਕ ਦਾਬੇ ਦੀ ਨੁਮਾਇੰਦਾ ਅਤੇ ਜਮਹੂਰੀਅਤ ਅਤੇ ਤਰੱਕੀ ਦੇ ਵਿਰੋਧੀ ਇੱਕ ਫਾਸ਼ੀ ਰੁਝਾਨ ਵਜੋਂ ਉੱਭਰਦੀ ਹੈ।
ਪਿਛਾਂਹ ਖਿੱਚੂ ਹਾਕਮ ਜਮਾਤਾਂ ਦਾ ਹਥਿਆਰ
ਫਿਰਕਾਪ੍ਰਸਤੀ ਦਾ ਉਪਰੋਕਤ ਰੋਲ ਇਸਨੂੰ ਪਿਛਾਂਹ ਖਿੱਚੂ ਹਾਕਮ ਜਮਾਤਾਂ ਦਾ ਹਥਿਆਰ ਬਣਾਉਂਦਾ ਹੈ। ਜਮਾਤੀ ਘੋਲ ਦੇ ਵਿਚਾਰ ਅਤੇ ਅਮਲ ਨਾਲ ਟਕਰਾਉਂਦੀ ਹੋਣ ਕਰਕੇ ਇਹ ਇਹਨਾਂ ਜਮਾਤਾਂ ਦੇ ਹੱਥਾਂ 'ਚ ਪਿਛਾਂਹ ਖਿੱਚੂ ਪੈਂਤੜੇ ਤੋਂ ਜਮਾਤੀ ਘੋਲ ਦਾ ਸੰਦ ਬਣਦੀ ਹੈ।
ਹਾਕਮ ਜਮਾਤਾਂ ਦੀ ਲੋਕਾਂ ਖਿਲਾਫ ਲੜਾਈ ਵਿਸ਼ਾਲ ਬਹੁਗਿਣਤੀ ਖਿਲਾਫ ਲੜਾਈ ਹੈ। ਵਿਸ਼ਾਲ ਬਹੁਗਿਣਤੀ ਖਿਲਾਫ ਲੜਾਈ ਐਲਾਨੀਆ ਨਹੀਂ ਲੜੀ ਜਾ ਸਕਦੀ, ਨਿਰੇ ਜਬਰ ਦਹਿਸ਼ਤ ਦੇ ਜੋਰ ਨਹੀਂ ਲੜੀ ਜਾ ਸਕਦੀ। ਹਾਕਮ ਜਮਾਤਾਂ ਲੋਕਾਂ ਖਿਲਾਫ ਆਪਣੀ ਲੜਾਈ ਵੀ ਲੋਕਾਂ ਆਸਰੇ ਲੜਦੀਆਂ ਹਨ। ਲੋਕਾਂ ਖਿਲਾਫ ਆਪਣੇ ਪਿਛਾਖੜੀ ਜਹਾਦ 'ਚ ਲੋਕਾਂ ਹੀ ਗੁਮਰਾਹ ਕਰਕੇ ਸ਼ਾਮਲ ਕਰਦੀਆਂ ਹਨ। ਉਹਨਾਂ ਦੀ ਤਾਕਤ ਲੋਕਾਂ ਨਾਲ ਆਪਣੇ ਜਮਾਤੀ ਟਕਰਾਅ 'ਤੇ ਪਰਦਾ ਪਾਉਣ 'ਚ ਟਿਕੀ ਹੁੰਦੀ ਹੈ। ਲੋਕਾਂ ਖਿਲਾਫ਼ ਸੇਧੀ ਆਪਣੇ ਹਿੱਤਾਂ ਦੀ ਲੜਾਈ ਨੂੰ ਲੋਕਾਂ ਦੇ ਹਿੱਤਾਂ ਦੀ ਲੜਾਈ ਬਣਾ ਕੇ ਪੇਸ਼ ਕਰਨ 'ਚ ਟਿਕੀ ਹੁੰਦੀ ਹੈ। ਸਾਡੇ ਮੁਲਕ 'ਚ ਹਾਕਮ ਜਮਾਤਾਂ ਪਹਿਲਾਂ ਆਪਣੀ ਪਿਛਾਖੜੀ ਸਿਆਸਤ 'ਤੇ ਅਖੌਤੀ ਅਗਾਂਹਵਧੂ ਨਾਅਰਿਆਂ ਦਾ ਮੁਲੰਮਾ ਚਾੜ੍ਹ ਕੇ ਅਜਿਹਾ ਕਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ। ਪਰ ਹੁਣ ਤਿੱਖੇ ਆਰਥਕ ਸਿਆਸੀ ਸੰਕਟ ਦੀਆਂ ਹਾਲਤਾਂ 'ਚ ਇਹ ਮੁਲੰਮਾ ਲਹਿ ਗਿਆ ਹੈ। ਹੁਣ ਇਹ ਜਮਾਤਾਂ ਉਪਰੋਕਤ ਮੰਤਵ ਹਾਸਲ ਕਰਨ ਲਈ ਜਾਤਪ੍ਰਸਤੀ, ਸੂਬਾਪ੍ਰਸਤੀ, ਅੰਨ੍ਹੀਂ ਕੌਮਪ੍ਰਸਤੀ ਅਤੇ ਫਿਰਕਾਪ੍ਰਸਤੀ ਵਰਗੇ ਹਥਿਆਰਾਂ 'ਤੇ ਟੇਕ ਵਧਾ ਰਹੀਆਂ ਹਨ।
ਫਿਰਕਾਪ੍ਰਸਤੀ ਕਈ ਢੰਗਾਂ ਨਾਲ ਹਾਕਮ ਜਮਾਤਾਂ ਦੇ ਇਸ ਮੰਤਵ ਦਾ ਸਾਧਨ ਬਣਦੀ ਹੈ। ਇਨ੍ਹਾਂ ਜਮਾਤਾਂ ਦੇ ਵੱਖ-ਵੱਖ ਹਿੱਸੇ ਧਰਮ ਅਤੇ ਫਿਰਕੇ ਦੀ ਸਾਂਝ ਦੇ ਨਾਂਅ ਹੇਠ ਲੋਕਾੰ ਨਾਲ ਆਪਣੀ ਦੁਸ਼ਮਣੀ 'ਤੇ ਪਰਦਾ ਪਾਉਂਦੇ ਹਨ। ਵੱਖ-ਵੱਖ ਧਰਮਾਂ -ਫਿਰਕਿਆਂ ਦੇ ਟਕਰਾਅ ਦੇ ਪਰਦੇ ਹੇਠ ਲੋਕਾਂ ਨੂੰ ਆਪਣੇ ਹੀ ਜਮਾਤੀ ਭਾਈਵੰਦਾਂ ਖਿਲਾਫ ਭੇੜਦੇ ਹਨ। ਫਿਰਕੂ ਮਸਲੇ ਉਭਾਰਕੇ ਉਨ੍ਹਾਂ ਦੀ ਸੁਰਤ ਜਮਾਤੀ ਜੱਦੋਜਹਿਦ ਤੋਂ ਲਾਂਭੇ ਕਰਦੇ ਹਨ। ਇਨਕਲਾਬੀ ਜਮਾਤੀ ਜੱਦੋਜਹਿਦ ਨੂੰ ਧਰਮ ਲਈ ਚੁਣੌਤੀ ਗਰਦਾਨ ਕੇ ਲੋਕਾਂ ਨੂੰ ਇਸ ਖਿਲਾਫ ਲਾਮਬੰਦ ਕਰਦੇ ਹਨ। ਧਾਰਮਕ ਜਨੂੰਨ ਦੀ ਅੰਨ੍ਹੀਂ ਧੁੱਸ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਦਾ ਗਲਾ ਘੁੱਟਣ ਲਈ ਵਰਤਦੇ ਹਨ ਅਤੇ ਬੀਤੇ ਦਾ ਮੋਹ ਉਭਾਰਕੇ ਸਭਨਾਂ ਤਰੱਕੀ ਪਸੰਦ ਤੇ ਅਗਾਂਹਵਧੂ ਵਿਚਾਰਾਂ ਤੇ ਅਮਲਾਂ ਨੂੰ ਮੋਂਦਾ ਲਾਉਣ ਦੇ ਯਤਨ ਕਰਦੇ ਹਨ।
ਲੋਕਾਂ ਖਿਲਾਫ ਵਰਤਣ ਤੋਂ ਇਲਾਵਾ ਹਾਕਮ ਜਮਾਤਾਂ ਦੇ ਵੱਖ-ਵੱਖ ਹਿੱਸੇ ਲੋਕਾਂ ਦੀ ਲੁੱਟ ਚੂੰਡ 'ਚੋਂ ਵੱਡੇ ਹਿੱਸੇ ਲਈ ਚਲਦੇ ਆਪਸੀ ਭੇੜ 'ਚ ਵੀ ਇਸ ਹਥਿਆਰ ਨੂੰ ਵਰਤਦੇ ਹਨ। ਲੋਕਾਂ ਨੂੰ ਸ਼ਰੀਕ ਹਾਕਮ ਜਮਾਤੀ ਧੜਿਆਂ ਖਿਲਾਫ ਵਰਤਣ ਲਈ ਉਹ ਫਿਰਕੂ ਨਾਅਰਿਆਂ ਰਾਹੀਂ ਲੋਕਾਂ 'ਚ ਗੈਰ-ਜਮਾਤੀ ਪਾਲਾਬੰਦੀ ਕਰਦੇ ਅਤੇ ਉਨ੍ਹਾਂ ਨੂੰ ਆਪਸ 'ਚ ਲੜਾਉਂਦੇ ਹਨ। ਇਸ ਕਰਕੇ ਹਾਕਮ ਜਮਾਤਾਂ ਦੇ ਆਪਸੀ ਭੇੜ 'ਚ ਫਿਰਕਾਪ੍ਰਸਤੀ ਦੀ ਵਰਤੋਂ ਦਾ ਨਤੀਜਾ ਵੀ ਗੈਰ ਜਮਾਤੀ ਭਰਾਮਾਰ ਟੱਕਰਾਂ ਰਾਹੀਂ ਲੋਕਾਂ ਦੇ ਘਾਣ 'ਚ ਨਿਕਲਦਾ ਹੈ।
ਉਪਰੋਕਤ ਚਰਚਾ 'ਚੋਂ ਫਿਰਕਾਪ੍ਰਸਤੀ ਦੇ ਜਮਾਤੀ ਖਾਸੇ ਦਾ ਨਿਤਾਰਾ ਹੋ ਜਾਂਦਾ ਹੈ। ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇਹ ਲੋਕਾਂ ਦੇ ਜਮਾਤੀ ਹਿੱਤਾਂ ਅਤੇ ਜਦੋਜਹਿਦ ਖਿਲਾਫ ਹਾਕਮ ਜਮਾਤਾਂ ਦਾ ਖਤਰਨਾਕ ਧਾਵਾ ਹੈ।  
ਫਿਰਕਾਪ੍ਰਸਤੀ ਤੇ ਜਮਾਤੀ ਜੱਦੋਜਹਿਦਾਂ ਦੀ ਜੰਮਣ-ਭੋਂ ਸਾਂਝੀ ਹੈ
ਇਹ ਗੱਲ ਵਿਚਾਰਨ ਲਾਇਕ ਹੈ ਕਿ ਫਿਰਕਾਪ੍ਰਸਤੀ ਵਰਗੀਆਂ ਪਿਛਾਖੜੀ ਲਹਿਰਾਂ ਵਿਸ਼ਾਲ ਲੋਕਾਈ ਦੇ ਜਮਾਤੀ ਹਿੱਤਾਂ ਨਾਲ ਟਕਰਾਉਂਦੀਆਂ ਹੋਣ ਦੇ ਬਾਵਜੂਦ ਜਨਤਕ ਖਾਸਾ ਕਿਵੇਂ ਗ੍ਰਹਿਣ ਕਰ ਲੈਂਦੀਆਂ ਹਨ।
ਪਿਛਾਖੜੀ ਲਹਿਰਾਂ ਅਤੇ ਇਨਕਲਾਬੀ ਜਮਾਤੀ ਲਹਿਰਾਂ ਦੀ ਜੰਮਣ ਭੋਂ ਸਾਂਝੀ ਹੈ। ਇਹ ਦੋਨੋਂ ਜਮਾਤੀ ਲੁੱਟ ਅਤੇ ਦਾਬੇ 'ਤੇ ਅਧਾਰਤ ਸਮਾਜਿਕ ਪ੍ਰਬੰਧ ਦੇ ਸੰਕਟ 'ਚੋਂ ਜਨਮ ਲੈਂਦੀਆਂ ਹਨ। ਨਿਘਾਰ ਦੀਆਂ ਪਤਾਲਾਂ ਛੂਹ ਰਹੇ ਸਮਾਜਿਕ ਨਿਜ਼ਾਮ ਦਾ ਸੰਕਟ ਲੋਕਾਂ ਦੇ ਮਨਾਂ 'ਚ ਤਿੱਖੀ ਬੇਚੈਨੀ ਅਤੇ ਤਾਂਘ ਨੇ ਕੋਈ ਨਾ ਕੋਈ ਰਾਹ ਲੈਣਾ ਹੁੰਦਾ ਹੈ। ਜਿੱਥੇ ਕਿਤੇ ਵੀ ਇਨਕਲਾਬੀ ਸ਼ਕਤੀਆਂ ਦੀ ਕਮਜ਼ੋਰੀ ਕਰਕੇ ਇਨਕਲਾਬੀ ਚੇਤਨਾ ਉਨ੍ਹਾਂ ਦਾ ਰਾਹ ਨਹੀਂ ਰੁਸ਼ਨਾਉਂਦੀ, ਸਥਾਪਤ ਸਮਾਜਿਕ ਨਿਜ਼ਾਮ ਦਾ ਇਨਕਲਾਬੀ ਬਦਲ ਨਹੀਂ ਉੱਭਰਦਾ ਉੱਥੇ ਖਿਲਾਅ ਦੀ ਹਾਲਤ ਪੈਦਾ ਹੁੰਦੀ ਹੈ ਅਤੇ ਪਿਛਾਖੜੀ ਲਹਿਰਾਂ ਇਸ ਖਿਲਾਅ ਨੂੰ ਪੂਰਨ ਲਈ ਆ ਟਪਕਦੀਆਂ ਹਨ। ਇਹ ਲਹਿਰਾਂ ਲੋਕਾਂ ਦੇ ਮਨਾਂ ਅੰਦਰ ਮਚਲ ਰਹੀ ਬੇਚੈਨੀ ਅਤੇ ਤਾਂਘ ਦਾ ਹੀ ਗ੍ਰਹਿਣਿਆ ਵਿਜੋਗਿਆ, ਪ੍ਰਗਟਾ ਹੁੰਦੀਆੰ ਹਨ।
ਇਹ ਲੋਕਾਂ ਨੂੰ ਉਸੇ ਤਰ੍ਹਾਂ ਧੂਹ ਪਾਉਂਦੀਆਂ ਹਨ ਜਿਵੇਂ ਮਾਰੂਥਲਾਂ 'ਚ ਚਿਲਕਦੀ ਰੇਤ ਪਿਆਸੇ ਮਿਰਗਾਂ ਦੀਆਂ ਡਾਰਾਂ ਨੂੰ ਧੂਹ ਪਾਉਂਦੀ ਹੈ  ਜਿਹੜੇ ਇਸ ਨੂੰ ਪਾਣੀ ਸਮਝ ਕੇ ਇਸ ਵੱਲ ਵਾਹੋਦਾਹ ਦੌੜਦੇ ਹਨ।
ਸਮਾਜਿਕ ਪ੍ਰਬੰਧ ਦੇ ਸੰਕਟ, ਇਨਕਲਾਬੀ ਜਮਾਤੀ ਲਹਿਰਾਂ ਅਤੇ ਪਿਛਾਖੜੀ ਲਹਿਰਾਂ ਦੇ ਆਪਸੀ ਸੰਬੰਧ ਨੂੰ ਸਮਝਣ ਲਈ ਇਨ੍ਹਾਂ ਦੀ ਤੁਲਨਾ ਕ੍ਰਮਵਾਰ ਜਰਖੇਜ਼ ਜ਼ਮੀਨ, ਫਸਲ ਅਤੇ ਘਾਹ ਬਰੂਟ ਨਾਲ ਕੀਤੀ ਜਾ ਸਕਦੀ ਹੈ। ਜਿਵੇਂ ਕਿਸੇ ਜਰਖੇਜ਼ ਭੋਂ ਨੂੰ ਫਸਲ ਦਾ ਪੂਰਾ ਬੀਜ ਨਸੀਬ ਨਾ ਹੋਣ ਦੀ ਹਾਲਾਤ 'ਚ ਇਸ 'ਚ ਘਾਹ ਬਰੂਟ ਦੀ ਭਰਮਾਰ ਹੋ ਜਾਂਦੀ ਹੈ  ਜਿਹੜੀ ਫਸਲ ਦਾ ਉੱਗਣਾ ਮੁਹਾਲ ਬਣਾ ਦਿੰਦੀ ਹੈ  ਜਦੋਂ ਕਿ ਜਰਖੇਜ਼ ਭੋਂ 'ਤੇ ਉੱਗੀ ਨਰੋਈ ਅਤੇ ਸੰਘਣੀ ਫਸਲ ਘਾਹ-ਬਰੂਟ ਨੂੰ ਸਿਰ ਨਹੀਂ ਚੁੱਕਣ ਦਿੰਦੀ। ਇਸੇ ਤਰ੍ਹਾਂ ਗਹਿਰੇ ਸਮਾਜਿਕ ਸੰਕਟ ਸਮੇਂ ਇਨਕਲਾਬੀ ਜਮਾਤੀ ਲਹਿਰਾਂ ਦੀ ਅਣਹੋਂਦ ਜਾਂ ਕਮਜ਼ੋਰੀ ਵਾਲੀ ਹਾਲਤ 'ਚ ਪਿਛਾਖੜੀ ਲਹਿਰਾਂ ਸਿਰ ਚੁੱਕਦੀਆਂ ਹਨ ਜਦੋਂ ਕਿ ਤਾਕਤਵਾਰ ਇਨਕਲਾਬੀ ਜਮਾਤੀ ਲਹਿਰਾਂ,ਪਿਛਾਖੜੀ ਲਹਿਰਾਂ ਨੂੰ ਸਿਰ ਨਹੀਂ ਚੁੱਕਣ ਦਿੰਦੀਆਂ ।
ਇਨਕਲਾਬੀ ਜਮਾਤੀ ਲਹਿਰਾਂ ਦੇ ਉਠਾਣ ਫੜਨ ਖਾਤਰ ਜਿੱਥੇ ਪਿਛਾਖੜੀ ਚੇਤਨਾ ਦੇ ਘਾਹ ਬਰੂਟ ਦਾ ਸਫਾਇਆ ਕਰਨਾ ਜਰੂਰੀ ਹੈ ਉਥੇ ਪਿਛਾਖੜੀ ਲਹਿਰਾਂ ਦੇ ਘਾਹ ਬਰੂਟ ਨੂੰ ਸਿਰ ਚੁੱਕਣੋਂ ਰੋਕਣ ਲਈ ਤਿੱਖੇ ਸੰਕਟ ਦੀ ਜਰਖੇਜ਼ ਭੌਂ 'ਚ ਇਨਕਲਾਬੀ ਜਮਾਤੀ ਚੇਤਨਾ ਦੇ ਬੀਜ ਖਿਲਾਰਨੇ ਵੀ ਜਰੂਰੀ ਹਨ।
ਫਿਰਕੂ ਲਹਿਰਾਂ ਪਿਛਾਖੜੀ ਲਹਿਰਾਂ ਦੀ ਅਜਿਹੀ ਕਿਸਮ ਹਨ ਜਿਹੜੀਆਂ ਲੋਕਾਂ ਦੇ ਧਾਰਮਿਕ ਵਿਸ਼ਵਾਸ਼ਾਂ 'ਤੇ ਸਵਾਰ ਹੋ ਕੇ ਆਉਂਦੀਆਂ ਹਨ। ਜਮਾਤੀ ਲੁੱਟ ਅਤੇ ਦਾਬੇ ਅਧੀਨ ਮੁਸੀਬਤਾਂ ਝਾਗ ਰਹੇ ਲੋਕਾਂ ਦੇ ਧਾਰਮਿਕ ਵਿਸ਼ਵਾਸ਼ ਉਹਨਾਂ ਨੂੰ ਜ਼ਿੰਦਗੀ ਦੀ ਹਕੀਕਤ ਤੋਂ ਦੂਰ ਲਿਜਾ ਕੇ ਕਿਸੇ ਦੈਵੀ ਸੁਰਗ ਦਾ ਸੁਪਨਾ ਦਿਖਾਉਂਦੇ ਹਨ। ਫਿਰਕਾਪ੍ਰਸਤ ਤੇ ਧਾਰਮਿਕ ਸਨਾਤਨੀਏ, ਸੁਪਨਿਆਂ ਦਾ ਇਹ ਸਵਰਗ ਧਰਤੀ 'ਤੇ ਲਿਆਉਣ ਦਾ ਛਲਾਵਾ ਦੇ ਕੇ , ਉਹਨਾਂ ਦੇ ਧਾਰਮਿਕ ਵਿਸ਼ਵਾਸ਼ਾਂ ਦੇ ਵਖਰੇਵਿਆਂ ਦਾ ਲਾਹਾ ਲੈ ਕੇ ਪਿਛਾਖੜੀ ਲਹਿਰਾਂ ਖੜ੍ਹੀਆਂ ਕਰਦੇ ਤੇ ਇਨਕਲਾਬੀ ਲਹਿਰਾਂ ਨੂੰ ਡੱਕਣ ਦੀ ਕੋਸ਼ਿਸ਼ ਕਰਦੇ ਹਨ।
ਭਾਰਤ ਅੰਦਰ ਲੋਕਾਂ ਦੇ ਮਨਾਂ 'ਤੇ ਧਾਰਮਿਕ ਵਿਸ਼ਵਾਸ਼ਾਂ ਦੀ ਗੂੜੀ ਛਾਪ, ਤਿੱਖੇ ਆਰਥਿਕ ਸਿਆਸੀ ਸੰਕਟ ਦੀ ਮੌਜੂਦਾ ਹਾਲਤ ਅਤੇ ਇਨਕਲਾਬੀ ਸ਼ਕਤੀਆਂ ਦੀ ਕਮਜ਼ੋਰੀ ਵਾਲੀ ਹਾਲਤ ਫਿਰਕੂ ਲਹਿਰਾਂ ਦੇ ਉੱਭਰਨ ਤੇ ਜ਼ੋਰ ਫੜਨ ਲਈ ਸਾਜ਼ਗਰ ਸਥਿਤੀ ਮੁਹੱਈਆ ਕਰਦੀ ਹੈ।
ਧਰਮ ਖਿਲਾਫ ਜਦੋਜਹਿਦ ਬਨਾਮ ਫਿਰਕਾਪ੍ਰਸਤੀ ਖਿਲਾਫ ਜਦੋਜਹਿਦ
ਉਪਰੋਕਤ ਚਰਚਾ 'ਚੋਂ ਫਿਰਕਾਪ੍ਰਸਤੀ ਦੇ ਉਭਾਰ ਨਾਲ ਸਬੰਧਿਤ ਤਿੰਨ ਨੁਕਤੇ ਉੱਭਰਦੇ ਹਨ।
1.
ਫਿਰਕਾਪ੍ਰਸਤੀ ਸਮਾਜਿਕ ਪ੍ਰਬੰਧ ਦੇ ਤਿੱਖੇ ਸੰਕਟ ਦੀ ਹਾਲਤ 'ਚ ਜੋਰ ਫੜਦੀ ਹੈ।
2.
ਇਹ ਇਨਕਲਾਬੀ ਜਮਾਤੀ ਜਦੋਜਹਿਦ ਦੀ ਅਣਹੋਂਦ ਜਾਂ ਕਮਜ਼ੋਰੀ ਦੀ ਹਾਲਤ 'ਚ ਜੋਰ ਫੜਦੀ ਹੈ
3.
ਇਹ ਲੋਕਾਂ ਦੇ ਧਾਰਮਿਕ ਵਿਸ਼ਵਾਸ਼ਾਂ 'ਤੇ ਸਵਾਰ ਹੋ ਕੇ ਆਉਂਦੀ ਹੈ।
ਇੰਨ੍ਹਾਂ ਤਿੰਨਾਂ ਸ਼ਰਤਾਂ 'ਚੋਂ ਕਿਸੇ ਇਕ ਦੇ ਅਲੋਪ ਹੋਣ ਨਾਲ ਫਿਰਕਾਪ੍ਰਸਤੀ ਦਾ ਜੋਰਦਾਰ ਰੂਪ 'ਚ ਉਭਰਨਾ ਸੰਭਵ ਨਹੀਂ ਹੈ।ਯਾਨੀ ਫਿਰਕਾਪ੍ਰਸਤੀ ਦਾ ਅਧਾਰ ਖੋਰਿਆ ਜਾ ਸਕਦਾ ਹੈ ਜੇ-
1.
ਮੌਜੂਦਾ ਸਮਾਜਿਕ ਨਿਜ਼ਾਮ ਨੂੰ ਤਿੱਖੇ ਸੰਕਟ ਦੀ ਹਾਲਤ'ਚੋਂ ਕੱਢ ਲਿਆ ਜਾਵੇ।
2.
ਇਨਕਲਾਬੀ ਜਮਾਤੀ ਜੱਦੋਜਹਿਦ ਦੀ ਚੜ੍ਹਤ ਹੋ ਜਾਵੇ।
3.
ਲੋਕਾਂ ਦੇ ਮਨਾਂ ਤੋਂ ਧਾਰਮਿਕ ਵਿਸ਼ਵਾਸ਼ਾਂ ਦੀ ਗੂੜ੍ਹੀ ਛਾਪ ਮੇਸ ਦਿੱਤੀ ਜਾਵੇ।
ਇਨ੍ਹਾਂ 'ਚੋਂ ਪਹਿਲੀ ਗੱਲ ਅਟੱਲ ਬਾਹਰਮੁਖੀ ਵਰਤਾਰਾ ਹੈ ਮੌਜੂਦਾ ਸਮਾਜਿਕ ਨਿਜ਼ਾਮ ਦਾ ਤਿੱਖੇ ਸੰਕਟਾਂ ਦਾ ਸ਼ਿਕਾਰ ਹੋਣਾ ਸਮਾਜਿਕ ਵਿਕਾਸ ਦਾ ਅਟੱਲ ਬਾਹਰਮੁਖੀ ਨਿਯਮਾਂ ਦਾ ਸਿੱਟਾ ਹੈ। ਇਸ ਕਰਕੇ ਕਮਿਊਨਿਸਟ ਇਨਕਲਾਬੀ ਫਿਰਕਾਪ੍ਰਸਤੀ ਦਾ ਅਧਾਰ ਖੋਰਨ ਲਈ ਆਪਣੀਆਂ ਅੰਤਰਮੁਖੀ ਕੋਸ਼ਿਸ਼ਾਂ ਮਗਰਲੇ ਦੋਹਾਂ ਪੱਖਾਂ 'ਤੇ ਹੀ ਜੁਟਾ ਸਕਦੇ ਹਨ।
ਪਰ ਇਨ੍ਹਾਂ 'ਚੋਂ ਕਿਹੜੇ ਪੱਖ 'ਤੇ ਫੌਰੀ ਜ਼ੋਰ ਲਾਇਆ ਜਾਵੇ...ਇਸਦਾ ਫੈਸਲਾ ਫੇਰ ਕਮਿਊਨਿਸਟ ਇਨਕਲਾਬੀਆਂ ਦੀ ਇੱਛਾ ਨਾਲ ਨਹੀਂ ਹੋ ਸਕਦਾ। ਇਸ ਗੱਲ ਦੇ ਅਧਾਰ 'ਤੇ ਹੀ ਹੋ ਸਕਦਾ ਹੈ ਕਿ ਕਿਹੜੇ ਪੱਖ 'ਤੇ ਜ਼ੋਰ ਲਾਉਣ ਦਾ ਬਾਹਰਮੁਖੀ ਅਧਾਰ ਬਣਿਆ ਹੋਇਆ ਹੈ।
ਜਿਥੋਂ ਤੱਕ ਲੋਕਾਂ ਦੇ ਮਨਾਂ ਤੋਂ ਧਰਮ ਦੀ ਛਾਪ ਨੂੰ ਮੇਸਣ ਦਾ ਸਬੰਧ ਹੈ  ਇਹ ਇਕ ਲੰਮਾ ਅਮਲ ਹੈ। ਧਾਰਮਿਕ ਵਿਸ਼ਵਾਸ ਖੁਦ ਅਤੇ ਆਲੇ ਦੁਆਲੇ ਸਬੰਧੀ ਮਨੁੱਖ ਦੀ ਹਕੀਕੀ ਚੇਤਨਾ ਦੀ ਘਾਟ ਅਤੇ ਆਪਣੀ ਹੋਣੀ ਸਬੰਧੀ ਬੇਵਸੀ ਦੀ ਹਾਲਤ 'ਚੋਂ ਜਨਮ ਲੈਂਦੇ ਹਨ। ਮਨੁੱਖ ਦਾ ਕੁਦਰਤ ਅਤੇ ਜਮਾਤੀ ਜੂਲੇ ਦੀ ਵਹਿਸ਼ੀ ਅਧੀਨਗੀ ਹੇਠ ਹੋਣਾ(ਲੈਨਿਨ) ਧਰਮ ਦੀ ਹੋਂਦ ਦਾ ਬਾਹਰਮੁਖੀ ਅਧਾਰ ਹੈ।
ਸੋ, ਲੋਕਾਂ ਦੇ ਮਨਾਂ ਤੋਂ ਧਰਮ ਦੀ ਜਕੜ ਦੂਰ ਹੋਣ ਦਾ ਅਮਲ ਕੁਦਰਤ ਦੀ ਅਧੀਨਗੀ ਅਤੇ ਜਮਾਤੀ ਜੂਲੇ ਕਾਰਨ ਉਹਨਾਂ ਦੀ ਮੰਦਹਾਲੀ ਦੇ ਅਸਲ ਕਾਰਨਾਂ ਨੂੰ ਸਮਝਣ ਅਤੇ ਇਸ ਹਾਲਤ ਨੂੰ ਬਦਲਣ ਦੇ ਅਮਲ ਨਾਲ ਜੁੜਿਆ ਹੋਇਆ ਹੈ। ਆਪਣੇ ਅਤੇ ਆਪਣੇ ਆਲੇ ਦੁਆਲੇ ਬਾਰੇ ਹਕੀਕੀ ਚੇਤਨਾ ਨਾਲ ਲੈਸ ਹੋਣ ਅਤੇ ਆਪਣੀ ਹੋਣੀ ਦੇ ਆਪ ਮਾਲਕ ਬਣਨ ਨਾਲ ਜੁੜਿਆ ਹੋਇਆ ਹੈ। ਇਹ ਇਨਕਲਾਬੀ ਜਮਾਤੀ ਘੋਲ ਦੇ ਨਤੀਜੇ ਵਜੋਂ ਸਿਰਜਿਆ ਜਾਣ ਵਾਲਾ ਕਮਿਊਨਿਸਟ ਸਮਾਜ ਹੀ ਹੈ। ਜਿਹੜਾ ਜਮਾਤੀ ਲੁੱਟ ਅਤੇ ਦਾਬੇ ਦਾ ਮੁਕੰਮਲ ਖਾਤਮਾ ਕਰਕੇ ਅਤੇ ਪੈਦਾਵਰੀ ਸ਼ਕਤੀਆਂ ਦੇ ਅਥਾਹ ਵਿਕਾਸ ਦੀ ਹਾਲਤ ਬਣਾਕੇ ਧਰਮ ਦੇ ਅਲੋਪ ਹੋਣ ਦਾ ਬਾਹਰਮੁਖੀ ਅਧਾਰ ਮੁਹੱਈਆ ਕਰਦਾ ਹੈ। ਸੋ, ਲੋਕਾਂ ਦੇ ਧਾਰਮਿਕ ਵਿਸ਼ਵਾਸਾਂ ਦੇ ਤਿੜਕਣ ਅਤੇ ਖੁਰਨ ਦਾ ਅਮਲ ਇਨਕਲਾਬੀ ਜਮਾਤੀ ਜੱਦੋਜਹਿਦ ਨਾਲ ਜੁੜਕੇ ਚੱਲਣ ਵਾਲਾ ਲੰਮਾਂ ਤੇ ਲਮਕਵਾਂ ਅਮਲ ਹੈ।
ਇਸ ਕਰਕੇ ਇਹ ਇਨਕਲਾਬੀ ਜਮਾਤੀ ਲਹਿਰਾਂ ਨੂੰ ਤੇਜ਼ ਕਰਨ ਦਾ ਅਮਲ ਹੀ ਹੈ। ਜਿਹੜਾ ਫਿਰਕਾਪ੍ਰਸਤੀ ਦੇ ਆਧਾਰ ਨੂੰ ਖੋਰਨ ਦਾ ਫੌਰੀ ਸਾਧਨ ਬਣਦਾ ਹੈ। ਅਜਿਹਾ ਕਰਨ ਦਾ ਬਾਹਰਮੁਖੀ ਅਧਾਰ ਮੌਜੂਦ ਹੈ ਅਤੇ ਜ਼ਿੰਦਗੀ ਹੀ ਫੌਰੀ ਹਕੀਕਤ ਇਸ ਖਾਤਰ ਰਾਹ ਦਿੰਦੀ ਹੈ ਕਿਉਂ ਜੋ ਜਮਾਤੀ ਸਮਾਜ ਅੰਦਰ ਜਮਾਤੀ ਜੱਦੋਜਹਿਦ ਇਕ ਅਟੱਲ ਬਾਹਰਮੁਖੀ ਵਰਤਾਰਾ ਹੈ। ਇਨਕਲਾਬੀ ਜਮਾਤੀ ਲਹਿਰਾਂ ਲੋਕਾਂ ਦੀ ਬੇਚੈਨੀ ਦਾ ਸੁਭਾਵਕ ਹੁੰਗਾਰਾ ਬਣਦੀਆਂ ਹਨ ਅਤੇ ਇਸੇ ਬੇਚੈਨੀ 'ਤੇ ਟਿਕੀਆਂ ਪਿਛਾਖੜੀ ਲਹਿਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚਦੀਆਂ ਹਨ। ਇਸ ਕਰਕੇ ਕਮਿਊਨਿਸਟ ਇਨਕਲਾਬੀ ਨਾ ਸਿਰਫ ਫਿਰਕੂ ਲਹਿਰਾਂ ਸਗੋਂ ਹਰ ਕਿਸਮ ਦੀਆਂ ਪਿਛਾਖੜੀ ਲਹਿਰਾਂ ਦੇ ਮੋੜ ਅਤੇ ਬਦਲ ਵਜੋਂ ਇਨਕਲਾਬੀ ਜਮਾਤੀ ਲਹਿਰਾਂ ਨੂੰ ਉਭਾਰਦੇ ਹਨ।
ਫਿਰਕਾਪ੍ਰਸਤੀ ਖਿਲਾਫ ਭਿੜਦਿਆਂ ਕਮਿਊਨਿਸਟ ਇਨਕਲਾਬੀ ਧਰਮ ਖਿਲਾਫ ਆਪਣੀ ਜਦੋਜਹਿਦ ਨੂੰ ਵਿਚਾਰਧਾਰਕ ਖੇਤਰ ਤੱਕ ਸੀਮਤ ਰੱਖਦੇ ਹਨ, ਇਸ ਨੂੰ ਸਿਆਸੀ ਘੋਲ ਦਾ ਮੁੱਦਾ ਨਹੀਂ ਬਣਾਉਂਦੇ। ਧਰਮ ਖਿਲਾਫ ਵਿਚਾਰਧਾਰਕ ਲੜਾਈ ਨੂੰ ਵੀ ਉਹ ਇਨਕਲਾਬੀ ਜਮਾਤੀ ਜੱਦੋਜਹਿਦ ਦੀਆਂ ਲੋੜਾੰ ਦੇ ਅਧੀਨ ਰੱਖਕੇ ਅਤੇ ਇਨ੍ਹਾਂ ਨਾਲ ਜੋੜਕੇ ਹੀ ਚਲਾਉਂਦੇ ਹਨ।
ਫਿਰਕਾਪ੍ਰਸਤੀ ਖਿਲਾਫ ਘੋਲ ਨੂੰ ਧਰਮ ਖਿਲਾਫ ਘੋਲ ਦਾ ਰੂਪ ਦੇਣ ਦੇ ਤਬਾਹਕੁੰਨ ਨਤੀਜੇ ਨਿਕਲਦੇ ਹਨ। ਅਜਿਹਾ ਕਰਨ ਦਾ ਨਤੀਜਾ ਫਿਰਕੂ ਸ਼ਕਤੀਆਂ ਨੂੰ ਲੋਕਾਂ ਦੇ ਜਮਾਤੀ ਹਿੱਤਾਂ ਨਾਲ ਆਪਣੇ ਟਕਰਾਅ ਤੇ ਪਰਦਾ ਪਾਉਣ ਅਤੇ ਲੋਕਾਂ ਦੇ ਧਾਰਮਕ ਜਜ਼ਬਾਤਾਂ ਨੂੰ ਕਮਿਊਨਿਸਟ ਇਨਕਲਾਬੀਆਂ ਖਿਲਾਫ਼ ਭੜਕਾਉਣ ਦਾ ਮੌਕਾ ਦੇਣ ਅਤੇ ਫਿਰਕਾਪ੍ਰਸਤੀ ਖਿਲਾਫ਼ ਜੱਦੋਜਹਿਦ ਨੂੰ ਕਮਜ਼ੋਰ ਕਰਨ 'ਚ ਨਿਕਲਦਾ ਹੈ।
(
ਇਨਕਲਾਬੀ ਜਨਤਕ ਲੀਹ ਵੱਲੋਂ 1987 'ਚ ਪ੍ਰਕਾਸ਼ਿਤ ਪੈਂਫਲਿਟ 'ਚੋਂ)



No comments:

Post a Comment