Wednesday, November 20, 2019

ਕਾਲ਼ੀ ਰਾਤ ਨੂੰ ਰੁਸ਼ਨਾਉਣ ਵਾਲਾ ਚੌਮੁਖੀਆ ਦੀਵਾ: ਸੁਖਦੇਵ ਰਾਏਪੁਰ ਡੱਬਾ

ਕਾਲ਼ੀ ਰਾਤ ਨੂੰ ਰੁਸ਼ਨਾਉਣ ਵਾਲਾ ਚੌਮੁਖੀਆ ਦੀਵਾ: ਸੁਖਦੇਵ ਰਾਏਪੁਰ ਡੱਬਾ
.
ਸੁਖਦੇਵ ਨੂੰ ਆਪਣੇ ਨਾਨਾ ਜੀ ਸੰਤ ਬਾਬਾ ਲੱਖਾ ਸਿੰਘ ਨਾਮਧਾਰੀ ਬਾਹੜੋਵਾਲ ਵਾਸੀ ਦੇ ਪਰਿਵਾਰ ਤੋਂ ਦੇਸ਼ਭਗਤੀ, ਸਮਾਜ ਸੇਵਾ, ਕੁਰਬਾਨੀ ਅਤੇ ਸੁਲੱਖਣੇ ਸਮਾਜ ਦੀ ਸਿਰਜਣਾ ਦੀ ਗੁੜ੍ਹਤੀ ਮਿਲੀ।
ਗ਼ਦਰ ਲਹਿਰ ਦੇ ਕੌਮਾਂਤਰੀ ਰਾਜਦੂਤ ਭਾਈ ਰਤਨ ਸਿੰਘ ਰਾਏਪੁਰ ਡੱਬਾ ਦੀ ਯਾਦ 'ਚ ਪਿੰਡ ਵਿਚ ਬਣੀ ਨੌਜਵਾਨ ਸਭਾ ਵੱਲੋਂ ਕਰਵਾਏ ਜਾਂਦੇ ਖੇਡ ਅਤੇ ਨਾਟਕ ਮੇਲੇ ਨੇ ਸੁਖਦੇਵ ਵਰਗੇ ਚੜ੍ਹਦੀ ਉਮਰ ਦੇ ਕਿੰਨੇ ਹੀ ਗੱਭਰੂਆਂ ਨੂੰ ਇਨਕਲਾਬੀ ਰੰਗ 'ਚ ਰੰਗਿਆ। ਸੁਖਦੇਵ ਦੇ ਵੱਡੇ ਭਰਾ ਗੁਰਮੁਖ ਸਿੰਘ ਅਤੇ ਜਸਪਾਲ ਸਿੰਘ ਹੋਰੀਂ, ਭਾਈ ਰਤਨ ਸਿੰਘ ਰਾਏਪੁਰ ਡੱਬਾ ਦੀ ਯਾਦ 'ਚ ਸਮਾਗਮਾਂ ਦੀ ਅਗਲੀ ਕਤਾਰ 'ਚ ਰਹੇ। ਸੁਖਦੇਵ ਦੇ ਪਿਤਾ ਮਲੂਕ ਸਿੰਘ, ਖੁਸ਼ਹੈਸੀਅਤ ਟੈਕਸ ਮੋਰਚੇ 'ਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਜੇਲ੍ਹਾਂ ਭਰਨ ਲਈ ਜੱਥੇ ਲੈ ਕੇ ਜਾਂਦੇ ਰਹੇ।
ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਕੂਕਾ ਲਹਿਰ, ਚਾਚਾ ਅਜੀਤ ਸਿੰਘ, ਸ਼ਹੀਦ ਭਗਤ ਸਿੰਘ ਅਤੇ ਵਿਸ਼ਨੂੰ ਦੱਤ ਸ਼ਰਮਾ ਹੋਰਾਂ ਦੀ ਇਨਕਲਾਬੀ ਦੇਸ਼ ਭਗਤੀ ਦੇ ਰੰਗ 'ਚ ਰੰਗੀ ਲਹਿਰ ਨੇ ਸੁਖਦੇਵ ਸਿੰਘ ਰਾਏਪੁਰ ਡੱਬਾ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਇਸ ਤੋਂ ਅੱਗੇ ਤੁਰੇ ਇਤਿਹਾਸ ਦੇ ਸੰਗਰਾਮੀਏ ਬਾਬਾ ਬੂਝਾ ਸਿੰਘ ਅਤੇ ਸਾਧੂ ਸਿੰਘ ਸਮਰਾਵਾਂ ਵਰਗਿਆਂ ਦੀ ਸਿਧਾਂਤਕ ਅਤੇ ਅਮਲੀ ਸੁਮੇਲ ਦੀ ਜੋਟੀ ਨੇ ਸੁਖਦੇਵ ਨੂੰ ਕਹਿਣੀ ਅਤੇ ਕਰਨੀ 'ਚ ਇਕਸੁਰਤਾ ਦੇ ਮੁਜੱਸਮੇ ਵਿਚ ਢਾਲ ਦਿੱਤਾ।
ਸੁਖਦੇਵ ਅਜੇ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ, ਜਦੋਂ ਸਰਕਾਰੀ ਮਿਡਲ ਸਕੂਲ ਕਰਨਾਣਾ ਪੜ੍ਹਦਿਆਂ ਆਪਣੇ ਵੱਡੇ ਭਰਾਵਾਂ ਤੋਂ ਇਸ਼ਤਿਹਾਰ ਅਤੇ ਹੱਥ ਪਰਚੇ ਲੈ ਕੇ ਵੰਡਦਾ ਰਿਹਾ। ਖਾਲਸਾ ਸਕੂਲ ਬੰਗਾ ਤੋਂ ਦਸਵੀਂ ਅਤੇ ਰੋਪੜ ਕਾਲਜ ਪੜ੍ਹਨ ਸਮੇਂ ਤੱਕ ਉਸ ਨੂੰ ਗਹਿਰਾ ਬੋਧ ਹੋ ਗਿਆ ਕਿ ਮੁਲਕ ਦੇ ਕਰੋੜਾਂ ਮਿਹਨਤਕਸ਼ ਲੋਕਾਂ ਲਈ ਖ਼ਰੀ ਆਜ਼ਾਦੀ, ਜਮਹੂਰੀਅਤ ਅਤੇ ਉਨ੍ਹਾਂ ਦੀ ਪੁੱਗਤ ਲਈ ਇਨਕਲਾਬ ਹੀ ਇਕੋ ਇਕ ਸੁਲੱਖਣਾ ਮਾਰਗ ਹੈ। ਉਸ ਨੂੰ ਇਹ ਗੱਲ ਸਪੱਸ਼ਟ ਸੀ ਕਿ ਇਨਕਲਾਬ, ਚੰਦ ਸਿਰਲੱਥ ਯੋਧਿਆਂ ਦੀ ਮਹਿਜ਼ ਕੁਰਬਾਨੀ ਨਾਲ ਨੇਪਰੇ ਚੜ੍ਹਨ ਵਾਲਾ ਕੋਈ ਕ੍ਰਿਸ਼ਮਾ ਨਹੀਂ ਹੋਣਾ ਸਗੋਂ ਦੇਸੀ ਅਤੇ ਬਦੇਸੀ ਲੁੱਟ ਤੇ ਜਬਰ ਦੀਆਂ ਬੇੜੀਆਂ ਚਕਨਾਚੂਰ ਕਰਕੇ, ਲੋਕ ਲਹਿਰ ਦੇ ਜ਼ੋਰ ਨਾਲ ਲੋਕਾਂ ਦੀ ਪੁੱਗਤ ਵਾਲੇ ਸਮਾਜ ਦੀ ਸਿਰਜਣਾ ਹੋਏਗੀ। ਉਸ ਦੇ ਕਾਲਜ ਪੜ੍ਹਦੇ ਸਮੇਂ ਹੀ ਘਰ ਅਕਸਰ ਪੁਲੀਸ ਛਾਪੇ ਮਾਰਦੀ। ਵੱਡੇ ਭਰਾ ਹਰਟੇਕ ਸਿੰਘ ਅਤੇ ਪਿਤਾ ਮਲੂਕ ਸਿੰਘ ਨੂੰ ਫੜ ਕੇ ਲੈ ਜਾਂਦੀ। ਐਮਰਜੈਂਸੀ (1975-76) ਦੌਰਾਨ ਸੁਖਦੇਵ ਗੁਪਤਵਾਸ ਰਿਹਾ। ਐਮਰਜੈਂਸੀ ਹਟਣ 'ਤੇ ਉਹ ਸ਼ਹੀਦ ਬਾਬਾ ਬੂਝਾ ਸਿੰਘ, ਮੰਗੂਵਾਲ ਦੇ ਸ਼ਹੀਦ, ਜਗਤਪੁਰ ਦੇ ਸ਼ਹੀਦ ਰਵਿੰਦਰ ਦੀਆਂ ਯਾਦਗਾਰਾਂ ਬਣਾਉਣ ਅਤੇ ਸਮਾਗਮ ਕਰਨ 'ਚ ਸਰਗਰਮ ਰਿਹਾ। ... ਉਸ ਨੇ ਬੰਗਾ ਖੇਤਰ 'ਚ ਪੰਜਾਬ ਨਾਟਕ ਕਲਾ ਕੇਂਦਰ ਦੀਆਂ ਸਰਗਰਮੀਆਂ ਅਤੇ ਮਾਹਿਲ ਗਹਿਲਾਂ ਵਿਖੇ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਅਜਲਾਸ ਦੀ ਸਫ਼ਲਤਾ ਲਈ ਅਹਿਮ ਭੂਮਿਕਾ ਨਿਭਾਈ।
ਪੰਜਾਬ ਵਿਚ ਡੇਢ ਦਹਾਕਾ ਦਹਿਸ਼ਤਗਰਦੀ ਦੀ ਝੁੱਲੀ ਹਨੇਰੀ ਵਿਚ ਨਿਭਾਈ ਸੁਖਦੇਵ ਦੀ ਸ਼ਾਨਾਮੱਤੀ ਭੂਮਿਕਾ ਨੂੰ ਸਦਾ ਸਲਾਮ ਹੁੰਦੀ ਰਹੇਗੀ। ਸੁਰਖ਼ ਰੇਖਾ ਦੀਆਂ ਸੈਂਕੜੇ ਕਾਪੀਆਂ ਉਹ ਘਰ-ਘਰ ਪੁੱਜਦੀਆਂ ਕਰਦਾ ਰਿਹਾ। ਸੇਵੇਵਾਲਾ ਖ਼ੂਨੀ ਕਾਂਡ ਸਮੇਂ ਜਦੋਂ 9 ਅਪਰੈਲ 1991 ਨੂੰ ਜਬਰ ਤੇ ਫ਼ਿਰਕਾਪ੍ਰਸਤੀ ਵਿਰੋਧੀ ਫਰੰਟ ਦੇ ਸਮਾਗਮ 'ਤੇ ਗੋਲੀਆਂ ਦੀ ਵਾਛੜ ਕਰਕੇ 18 ਇਨਕਲਾਬੀ ਕਾਮੇ ਮਾਰ ਮੁਕਾਏ ਗਏ ਤਾਂ ਦਹਿਸ਼ਤਗਰਦੀ ਦੇ ਝੁੱਲਦੇ ਝੱਖੜਾਂ 'ਚ ਉਹ ਬੰਗਾ ਇਲਾਕੇ ਦਾ 'ਫਰੰਟ' ਆਗੂ ਰਿਹਾ। ਉਹ ਸੇਲਬਰਾਹ, ਸੇਵੇਵਾਲਾ, ਭਗਤੂਆਣਾ, ਜੈਤੋ ਅਤੇ ਮੋਗਾ ਆਦਿ ਥਾਵਾਂ 'ਤੇ ਹੋਏ ਸਮਾਗਮਾਂ 'ਚ ਜੱਥਿਆਂ ਸਮੇਤ ਸ਼ਾਮਲ ਹੋਇਆ।
ਉਹ ਗੁਰਸ਼ਰਨ ਸਿੰਘ, ਪ੍ਰੋ. ਅਜਮੇਰ ਸਿੰਘ ਔਲਖ ਜਨਤਕ ਸਨਮਾਨ ਅਤੇ ਸ਼ਰਧਾਂਜ਼ਲੀ ਸਮਾਗਮ, ਕਵੀ ਪਾਸ਼, ਉਦਾਸੀ ਅਤੇ ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦ 'ਚ ਤਿੰਨ ਦਹਾਕੇ ਤੋਂ ਨਾਟਕ ਮੇਲਿਆਂ 'ਚ ਅਹਿਮ ਭੂਮਿਕਾ ਅਦਾ ਕਰਦਾ ਰਿਹਾ।
1995 '
ਚ ਜਥੇਬੰਦ ਹੋਏ ਲੋਕ ਮੋਰਚਾ ਪੰਜਾਬ ਦੀ ਬੰਗਾ ਇਕਾਈ ਅਤੇ ਸ਼ਹੀਦੀ ਯਾਦਗਾਰ ਕਮੇਟੀ 'ਚ ਉਸ ਨੇ ਦਹਾਕਿਆਂ ਬੱਧੀ ਮੂਹਰਲੀ ਕਤਾਰ 'ਚ ਕੰਮ ਕੀਤਾ। ਉਸ ਵੱਲੋਂ ਸ਼ਾਹਜਹਾਂਪੁਰ (ਯੂ.ਪੀ.) ਜਾ ਕੇ ਆਜ਼ਾਦੀ ਸੰਗਰਾਮੀ ਦੁਰਗਾ ਭਾਬੀ ਨਾਲ ਮੁਲਾਕਾਤ ਰਿਕਾਰਡ ਕਰਕੇ ਲਿਆਉਣਾ ਦਰਸਾਉਂਦਾ ਹੈ ਕਿ ਉਸ ਦੇ ਮਚਲਦੇ ਵਲਵਲਿਆਂ 'ਚ ਆਜ਼ਾਦੀ ਸੰਗਰਾਮੀਆਂ ਲਈ ਅਥਾਹ ਸਤਿਕਾਰ ਸੀ।
...
ਉਪਰੋਥਲੀ ਹੋਏ ਜਾਨਲੇਵਾ ਬਿਮਾਰੀ ਦੇ ਹੱਲੇ ਕਾਰਨ ਨਿਊਰੋ ਦੇ ਚਾਰ ਅਪਰੇਸ਼ਨਾਂ ਦੇ ਬਾਵਜੂਦ ਉਹ ਸਿਦਕਦਿਲੀ ਨਾਲ 4 ਵਰ੍ਹੇ ਜ਼ਿੰਦਗੀ ਮੌਤ ਦਾ ਯੁੱਧ ਕਰਦਾ ਰਿਹਾ। ਵਧੀਆ ਇਲਾਜ ਅਤੇ ਲਾਮਿਸਾਲ ਸੇਵਾ ਸੰਭਾਲ ਦੇ ਬਾਵਜੂਦ 19 ਅਕਤੂਬਰ ਨੂੰ ਅੱਧੀ ਰਾਤੀਂ ਇਹ ਚੌਮੁਖੀਆ ਚਿਰਾਗ਼ ਬੁਝ ਗਿਆ।
ਸੁਖਦੇਵ ਭਾਵੇਂ ਜਿਸਮਾਨੀ ਤੌਰ 'ਤੇ ਵਿਛੜ ਗਿਆ, ਪਰ ਉਸ ਦੇ ਵਿਚਾਰਾਂ ਦੀ ਲੋਅ, ਕਾਲ਼ੀ ਬੋਲ਼ੀ ਰਾਤ ਨੂੰ ਰੁਸ਼ਨਾਉਂਦੀ ਰਹੇਗੀ। ਉਸ ਨਮਿਤ ਸ਼ਰਧਾਂਜਲੀ ਸਮਾਗਮ ਅੱਜ 3 ਨਵੰਬਰ ਨੂੰ ਉਸ ਦੇ ਪਿੰਡ ਰਾਏਪੁਰ ਡੱਬਾ ਵਿਖੇ ਹੋ ਰਿਹਾ ਹੈ।
(
ਸੰਖੇਪ)

No comments:

Post a Comment