Wednesday, November 20, 2019

ਕਸ਼ਮੀਰ-- 5 ਅਗਸਤ ਮਗਰੋਂ ਫੌਜੀ ਛਾਪਿਆਂ ਦਾ ਦੌਰ

ਕਸ਼ਮੀਰ
5
ਅਗਸਤ ਮਗਰੋਂ ਫੌਜੀ ਛਾਪਿਆਂ ਦਾ ਦੌਰ
(
ਨੌਜਵਾਨਾਂ ਦੀ ਜੁਬਾਨੀ)
ਜੂਨਾ ਬੇਗਮ ਆਪਣੇ ਘਰ ਦੀਆਂ ਪੌੜੀਆਂ ਦੀ ਸਿਖਰ 'ਤੇ ਬੈਠੀ ਹੰਝੂ ਪੂੰਝ ਰਹੀ ਹੈ। ਆਪਣੇ ਪੋਤੇ ਸ਼ਾਹਨਵਾਜ਼ ਦਾ ਨਾਮ ਸੁਣਕੇ ਉਹ ਹੁਣੇ ਹੀ ਘਰ ਦੀ ਨਵੀਂ ਬਣ ਰਹੀ ਪਹਿਲੀ ਮੰਜ਼ਲ ਤੋਂ ਪ੍ਰਗਟ ਹੋਈ ਹੈ। ਸ਼ਾਹਨਵਾਜ਼ ਨੂੰ  ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਏ ਜਾਣ ਅਤੇ ਕਸ਼ਮੀਰ ਦੀ ਖੁਦਮੁਖਤਿਆਰੀ ਖਤਮ ਕੀਤੇ ਜਾਣ ਤੋਂ  ਮਗਰੋਂ ਗੜਬੜੀ ਫੈਲਣ ਦੇ ਡਰ ਕਾਰਨ'' ਨਜ਼ਰਬੰਦ ਕੀਤਾ ਗਿਆ ਸੀ। ਚਾਹੇ ਕਿ ਕੋਈ ਅਧਿਕਾਰਕ ਅੰਕੜਾ ਮੌਜੂਦ ਨਹੀਂ ਪਰ ਲਗਭਗ 13000 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਤੇ  300 ਦੇ ਕਰੀਬ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜੂਨਾ ਬਜ਼ੁਰਗ ਹੈ ਤੇ ਉਸਦੇ ਗੁਰਦੇ ਖਰਾਬ ਹੋ ਚੁੱਕੇ ਹਨ। ਪਿਸ਼ਾਬ ਨਾਲ ਭਰਿਆ ਪਲਾਸਟਿਕ ਦਾ ਥੈਲਾ ਉਸਦੇ ਲੱਕ ਨਾਲ ਲਟਕ ਰਿਹਾ ਹੈ। ਉਸਨੂੰ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਇਲਾਕੇ ਵਿਚਲੇ ਆਪਣੇ ਪਿੰਡ ਤੋਂ 40 ਕਿਲੋਮੀਟਰ ਦੂਰ ਸ੍ਰੀਨਗਰ ਦੇ ਹਸਪਤਾਲ ਤੋਂ ਰੋਜ਼ਾਨਾ ਡਾਇਲਿਸਿਸ ਕਰਵਾਉਣ ਦੀ ਲੋੜ ਹੈ। ਪਰ ਉਸਦੇ ਘਰ ਦਾ ਇੱਕੋ-ਇੱਕ ਕਮਾਊ ਜੀਅ ਉਸਦਾ ਪੋਤਰਾ ਮੋਹਸਿਨ ਸ਼ਾਹਨਵਾਜ਼ ਗਨਾਈ ਜੋ ਕਿ ਮਾਰਬਲ ਦਾ ਕੰਮ ਕਰਦਾ ਹੈ, ਕਈ ਦਿਨਾਂ ਤੋਂ ਘਰ ਵਿੱਚ ਨਹੀਂ ਹੈ। ਜੂਨਾ ਪੌੜੀਆਂ ਦੇ ਇੱਕ ਕੋਨੇ 'ਚ ਬੈਠੀ ਰੋ ਰਹੀ ਹੈ। ਮੇਰੇ ਕੋਲ ਕੋਈ ਵੀ ਨਹੀਂ।'' ਸ਼ਾਹਨਵਾਜ਼ ਮੈਨੂੰ ਆਖਦਾ ਹੁੰਦਾ ਸੀ,“ਤੂੰ ਕਿਉਂ ਰੋਂਦੀ ਹੈਂ? ਮੈਂ ਤੇਰਾ ਪੁੱਤਰ ਹਾਂ।'' ਪਰ ਫੌਜ ਉਸਨੂੰ ਲੈ ਗਈ।
ਸ਼ਾਹਨਵਾਜ਼ ਨੂੰ  15  ਅਗਸਤ ਨੂੰ ਨਜ਼ਰਬੰਦ ਕੀਤਾ ਗਿਆ ਸੀ।ਉਹ ਉਸ ਸਮੇਂ ਬਾਥਰੂਮ ਵਿੱਚ ਸੀ ਜਦੋਂ ਪੁਲਿਸ ਦਨਦਨਾਉਂਦੀ ਹੋਈ ਉਹਨਾਂ ਦੇ ਘਰ ਆ ਵੜੀ। ਉਸਦੀ ਛੋਟੀ ਭੈਣ ਸ਼ਾਫੀਆ ਜੋਕਿ ਸੁੰਬਲ ਵਿਖੇ ਸਮਾਜ ਵਿਗਿਆਨ ਦੀ ਅੰਡਰ-ਗ੍ਰੈਜੂਏਟ ਵਿਦਿਆਰਥਣ ਹੈ, ਦੱਸਦੀ ਹੈ ਕਿ ਪੁਲਿਸ ਨੇ ਪਹਿਲਾਂ ਉਹਨਾਂ ਦੇ ਘਰ ਦਾ ਮੁੱਖ ਦਰਵਾਜਾ ਤੋੜਿਆ ਤੇ ਫੇਰ ਬਾਥਰੂਮ ਦਾ ਦਰਵਾਜਾ ਤੋੜਿਆ।ਉਹ ਬਾਥਰੂਮ ਦੇ ਅੰਦਰ ਵੜ ਗਏ ਤੇ ਮੇਰੇ ਭਰਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਉਸਨੂੰ ਕੱਪੜੇ ਵੀ ਨਹੀਂ ਪਾਉਣ ਦਿੱਤੇ। ਉਹ ਆਪਣੇ ਵਾਹਨ ਤੱਕ ਉਸਨੂੰ ਘੜੀਸ ਕੇ ਲੈ ਗਏ ਤੇ ਦੁਬਾਰਾ ਫੇਰ ਉਸਨੂੰ ਕੁਟਿੱਆ।
ਉਹ ਖਿੜਕੀ ਦੇ ਸ਼ੀਸ਼ੇ ਵੱਲ ਇਸ਼ਾਰਾ ਕਰਦੀ ਹੈ ਜੋ ਕਿ ਉਸਦੇ ਦੱਸਣ ਮੁਤਾਬਕ ਪੁਲਿਸ ਨੇ ਤੋੜਿਆ ਹੈ। ਡਰਾਇੰਗ ਰੂਮ, ਘਰ ਦੇ ਪ੍ਰਵੇਸ਼ ਦੁਆਰ ਤੇ ਬਾਥਰੂਮ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਹਨ।
ਸ਼ਾਫੀਆ ਆਖਦੀ ਹੈ ਕਿ ਉਸਦਾ ਪਰਿਵਾਰ ਐਫ.ਆਈ.ਆਰ. ਦੀ ਕਾਪੀ ਹਾਸਲ ਕਰਨ ਤੋਂ ਵੀ ਅਸਮਰੱਥ ਹੈ ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਸ਼ਾਹਨਵਾਜ਼ ਨੂੰ ਪੁਲਿਸ ਵੱਲੋਂ ਫੜਿਆ ਗਿਆ ਹੈ।
ਜਦੋਂ ਮੈਂ ਪੁਲਿਸ ਸਟੇਸ਼ਨ ਜਾਂਦੀ ਹਾਂ ਤੇ ਮੁੱਖ ਅਫਸਰ ਮੈਨੂੰ ਆਖਦਾ ਹੈ'' ਕਿ, “ਮੈਂ ਜਾਣਦਾ ਹਾਂ ਕਿ ਤੇਰੇ ਘਰ ਦੀ ਹਾਲਤ ਠੀਕ ਨਹੀਂ ਅਤੇ ਤੇਰੇ ਪਿਤਾ ਤੇ ਦਾਦੀ ਦੀ ਸਿਹਤ ਠੀਕ ਨਹੀਂ ਹੈ।'' ਉਹ ਮੈਨੂੰ ਦੂਸਰੇ ਡਿਊਟੀ ਅਫਸਰ ਕੋਲ ਭੇਜ ਦਿੰਦਾ ਹੈ ਜੋ ਕਿ ਰੋਜ਼ਾਨਾ ਸ਼ਿਕਾਇਤਾਂ ਦਾ ਰਿਕਾਰਡ ਰੱਖਦਾ ਹੈ, ਮੈਨੂੰ ਦੱਸਦਾ ਹੈ ਕਿ ਮੇਰੇ ਭਰਾ ਖਿਲਾਫ ਕੋਈ ਵੀ ਅਪਰਾਧਿਕ ਸ਼ਿਕਾਇਤ ਦਰਜ਼ ਨਹੀਂ ਹੈ''
ਉਹ ਨਾਲ ਹੀ ਕਹਿੰਦੀ ਹੈ,“ ਪਰ ਮੈਂ ਹਵਾਲਾਤ ਦੇ ਅੰਦਰ ਸ਼ਾਹਨਵਾਜ਼ ਨੂੰ ਦੇਖ ਸਕਦੀ ਹਾਂ। ਉਹ ਬਹੁਤ ਡਰਿਆ ਤੇ ਘਬਰਾਇਆ ਹੋਇਆ ਹੈ।''
ਉੱਤਰੀ ਕਸ਼ਮੀਰ ਦੇ ਕੁਪਵਾੜਾ ਖੇਤਰ ਦੇ ਡੁੱਡਵਾਂ ਪਿੰਡ ਦੀ 16 ਸਾਲਾ ਨਜ਼ਮਾ ਕੋਲ ਅਗਸਤ ਵਿੱਚ ਉਸ ਨਾਲ ਵਾਪਰੇ ਦੁਖਾਂਤ ਦੀਆਂ ਯਾਦਾਂ ਹਨ। 11ਦੀ ਵਿਦਿਆਰਥਣ ਨਜ਼ਮਾ ਦਸਦੀ ਹੈ ਕਿ 9 ਅਗਸਤ ਨੂੰ ਕੋਈ ਵਿਅਕਤੀ ਫੌਜ ਉੱਪਰ ਪੱਥਰ ਸੁੱਟਕੇ ਭੱਜਦਿਆਂ ਉਹਨਾਂ ਦੇ ਘਰ ਕੋਲੋਂ ਗੁਜ਼ਰਿਆ। ਕੁਝ ਹੀ ਸਮੇਂ ਬਾਅਦ  20 ਦੇ ਕਰੀਬ ਫੌਜੀ ਆਪਣੀਆਂ ਬੰਦੂਕਾਂ ਨਾਲ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਭੰਨ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋਏ।ਉਹ ਦੱਸਦੀ ਹੈ ਕਿ ਉਸਤੋਂ ਬਾਅਦ ਉਹ ਮੇਰੇ ਵੱਡੇ ਭਰਾ 'ਤੇ ਟੁੱਟ ਪਏ ਜਿਹੜਾ ਕਿ ਟੈਕਸੀ ਡਰਾਇਵਰ ਹੈ ਤੇ ਉਸ ਦਿਨ ਕਰਫਿਊ ਲੱਗਾ ਹੋਣ ਕਰਕੇ ਘਰ ਵਿੱਚ ਸੀ।''  ''ਜਦੋਂ ਅਸੀਂ ਉਹਨਾਂ ਨੂੰ ਸਾਡੇ ਭਰਾ ਨੂੰ ਕੁੱਟਣ ਤੋਂ ਰੋਕਣ ਲਈ ਅੱਗੇ ਗਈਆਂ ਤਾਂ ਉਹਨਾਂ ਨੇ ਸਾਨੂੰ ਧੱਕੇ ਮਾਰੇ ਤੇ ਫਰਸ਼ 'ਤੇ ਸੁੱਟ ਦਿੱਤਾ। ਉਹਨਾਂ ਨੇ ਫਾਈਬਰ ਦੀਆਂ ਸੋਟੀਆਂ ਨਾਲ ਮੇਰੀ ਮਾਂ ਦੀਆਂ ਬਾਹਵਾਂ ਨੂੰ ਕੁੱਟਿਆ। ਉਹਨਾਂ ਵੱਲੋਂ ਸਾਨੂੰ ਫਰਸ਼ 'ਤੇ ਸੁੱਟਣ ਦੌਰਾਨ ਮੇਰੀ ਵੱਡੀ ਭੈਣ ਦਾ ਕੁਰਤਾ ਫਟ ਗਿਆ। ਅਸੀਂ ਚੀਕਦੀਆਂ ਤੇ ਮਿੰਨਤਾਂ ਕਰਦੀਆਂ ਰਹੀਆਂ ਪਰ ਉਹਨਾਂ ਨੇ ਸਾਡੀ ਇੱਕ ਨਾ ਸੁਣੀ।''
ਨਜ਼ਮਾ ਨੇ ਦੱਸਿਆ ਕਿ ਉਸਦੇ ਭਰਾ ਨੂੰ ਨੇੜਲੇ ਰਾਸ਼ਟਰੀ ਰਾਈਫਲਜ਼ ਕੈਂਪ ਵਿੱਚ ਲਿਜਾਇਆ ਗਿਆ।ਉਸਦੇ ਮਾਪੇ ਅਤੇ ਦੂਜਾ ਭਰਾ ਕੈਂਪ ਵਿੱਚ ਗਏ ਤੇ ਉਸਨੂੰ ਰਿਹਾ ਕਰਨ ਲਈ ਵਾਰ-ਵਾਰ ਬੇਨਤੀਆਂ ਕੀਤੀਆਂ। ਨਜ਼ਮਾ ਦੱਸਦੀ ਹੈ,“ਅਸੀਂ ਸਾਰੇ ਡਰੇ ਹੋਏ ਸੀ ਤੇ ਮੈਂ ਘਰ ਵਿੱਚ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। ਜਦੋਂ ਤਿੰਨ ਦਿਨਾਂ ਬਾਅਦ ਉਹਨਾਂ ਮੇਰੇ ਭਰਾ ਨੂੰ ਛੱਡਿਆ ਤਾਂ ਉਹ ਦਰਦ ਨਾਲ ਕਰਾਹ ਰਿਹਾ ਸੀ। ਉਹ ਤੁਰਨ ਅਤੇ ਆਪਣੀ ਬਾਂਹ ਨੂੰ ਉੱਪਰ ਚੁੱਕਣ ਤੋਂ ਵੀ ਅਸਮਰੱਥ ਸੀ।''
ਨਜ਼ਮਾ ਦੱਸਦੀ ਹੈ ਕਿ ਇਸ ਘਟਨਾ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਉਸਦੇ ਭਰਾ ਦੀ ਸ਼ਾਦੀ ਮੁਲਤਵੀ ਕਰ ਦਿੱਤੀ ਜੋ ਕਿ ਅਕਤੂਬਰ ਵਿੱਚ ਤਹਿ ਹੋਈ ਹੋਈ ਸੀ।
ਦੱਖਣੀ ਕਸ਼ਮੀਰ ਦੇ ਪੁਲਵਾਮਾ ਖੇਤਰ ਜਿੱਥੇ ਕਿ ਫਰਵਰੀ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਸੀ.ਆਰ.ਪੀ.ਐਫ. ਦੇ ਇੱਕ ਕਾਫਲੇ ਵਿੱਚ ਘੁਸਦਿਆਂ ਬੰਬ ਧਮਾਕਾ ਕਰਕੇ ਲਗਭਗ 40 ਫੌਜੀਆਂ ਨੂੰ ਮਾਰ ਦਿੱਤਾ ਸੀ, ਉਸ ਖੇਤਰ ਦੇ ਲੋਕ ਵੀ ਉਪਰੋਕਤ ਘਟਨਾਵਾਂ ਵਾਂਗ ਹੀ ਲਗਾਤਾਰ ਨਜ਼ਰਬੰਦੀਆਂ, ਗ੍ਰਿਫਤਾਰੀਆਂ ਤੇ ਉਹਨਾਂ ਦੇ ਘਰਾਂ 'ਚ  ਹਿੰਸਕ ਛਾਪਿਆਂ  ਦੀ ਕਹਾਣੀ ਬਿਆਨ ਕਰਦੇ ਹਨ।
ਆਦਿਮੁਹੱਲਾ  ਵਾਸੀ ਅਬਦੁਲ ਗਨੀ ਜੋ ਕਿ ਢਾਬੇ 'ਤੇ ਰੋਟੀਆਂ ਪਕਾਉਂਦਾ ਹੈ, ਦੱਸਦਾ ਹੈ ਕਿ ਸੁਰੱਖਿਆ ਕਰਮੀਆਂ ਨੇ ਉਸਦੇ ਘਰ ਦੀਆਂ ਚਾਰ ਖਿੜਕੀਆਂ ਤੋੜ ਦਿੱਤੀਆਂ ।
ਅਰੀਹਲ ਵਾਸੀ ਇੱਕ 24 ਸਾਲਾ ਪੋਲਟਰੀ ਦੁਕਾਨ ਦਾ ਮਾਲਕ ਦੱਸਦਾ ਹੈ ਕਿ ਫੌਜ ਨੇ ਅਗਸਤ ਮਹੀਨੇ ਦੇ ਪਹਿਲੇ ਹਫਤੇ ਵਿੱਚ ਆਦਿਮੁਹੱਲਾ,ਟਿਲਵਾਨਾ ਤੇ ਹਰਗਾਮ ਮੁਹੱਲਾ ਵਿੱਚ ਛਾਪੇਮਾਰੀ ਕੀਤੀ। ਉਹ ਦੱਸਦਾ ਹੈ ,“ਉਹ ਰਾਤ ਨੂੰ ਇੱਕ ਵਜੇ ਗੇਟ ਟੱਪ ਕੇ ਉਸਦੇ ਘਰ ਵਿੱਚ ਦਾਖਲ ਹੋਏ ਤੇ ਉਹਨਾਂ ਦੋ ਘੰਟੇ ਮੈਨੂੰ ਫੜੀ ਰੱਖਿਆ।ਉਹ ਤਿੰਨ ਵਜੇ ਤੱਕ ਮੈਨੂੰ ਕੁੱਟਦੇ ਰਹੇ ਤੇ ਫੇਰ ਛੱਡਕੇ ਚਲੇ ਗਏ।ਉਹ ਅੱਗੇ ਦੱਸਦਾ ਹੈ, “ਦੂਸਰੇ ਛਾਪੇ ਦੌਰਾਨ ਉਹਨਾਂ ਦੋ ਨਾਬਾਲਿਗ ਬੱਚਿਆਂ ਨੂੰ ਫੜ ਲਿਆ ਤੇ ਤਿੰਨ ਹਫਤੇ ਨਜ਼ਰਬੰਦ ਰੱਖਿਆ ਜਿਹਨਾਂ ਚੋਂ ਸੋਹਾਮ ਅਹਿਮਦ ਰੈਣਾ 8ਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਐਜਾਜ਼ ਅਹਿਮਦ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ।''
ਪੁਲਵਾਮਾ ਦੇ ਹੀ ਲਾਇਸਪੋਰਾ ਦੇ ਲੋਕਾਂ ਦਾ ਦੱਸਣਾ ਹੈ ਕਿ ਫੌਜ ਦੇ ਬੰਦੇ ਉਹਨਾਂ ਨੂੰ ਆਪਣੇ ਕੈਂਪ ਵਿੱਚ ਕੰਮ ਕਰਵਾਉਣ ਜਬਰੀ ਲੈ ਜਾਂਦੇ ਹਨ।ਇੱਕ 30 ਸਾਲਾ ਵਿਅਕਤੀ ਦੇ ਸ਼ਬਦਾਂ ',“ਉਹ ਹਰ ਰੋਜ਼ 10-15 ਬੰਦਿਆਂ ਨੂੰ ਫੜ ਲੈਂਦੇ ਹਨ ਤੇ ਉਸਾਰੀ ਦੇ ਕੰਮ ਲਈ ਸੀਮੈਂਟ ਦੇ ਥੈਲੇ ਢੋਹਣ ਦਾ ਕੰਮ ਕਰਨ ਲਈ ਮਜ਼ਬੂਰ ਕਰਦੇ ਹਨ। ਅਸੀਂ ਉਹਨਾਂ ਨੂੰ ਇਨਕਾਰ ਨਹੀਂ ਕਰ ਸਕਦੇ।ਉਹ ਸ਼ਾਮ ਸਮੇਂ ਸਾਨੂੰ ਜਾਣ ਦਿੰਦੇ ਹਨ ਪਰ ਕੋਈ ਪੈਸਾ ਨਹੀਂ ਦਿੰਦੇ।''
ਸ਼ੋਪੀਆ ਥਾਣੇ ਦੇ ਅਫਸਰਾਂ ਨੇ 12 ਵਜੇ ਸਾਨੂੰ ਦੱਸਿਆ ਕਿ ਕਿਸੇ ਵੀ ਨੌਜਵਾਨ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ ਸਿਰਫ ਪੰਦਰਾਂ-ਵੀਹ ਮੁੰਡੇ ਹਨ ਜਿਹੜੇ ਕਿ ਇਹਤਿਆਤੀ-ਨਜ਼ਰਬੰਦੀ ਹੇਠ ਹਨ। ਪਰ  12.30 'ਤੇ ਬਹੁਤ ਸਾਰੇ ਨੌਜਵਾਨਾਂ ਨੂੰ ਦੋ ਪੂਰੀ ਤਰ੍ਹਾਂ ਭਰੇ ਹੋਏ ਹਵਾਲਾਤਾਂ 'ਚੋਂ ਬਾਹਰ ਕੱਢਿਆ ਗਿਆ ਤਾਂਕਿ ਉਹ ਥਾਣੇ ਦੇ ਵਿਚਕਾਰ ਬੈਠਕੇ ਖਾਣਾ ਖਾ ਸਕਣ।ਉਹਨਾਂ ਦੇ ਪਰਿਵਾਰ ਉਹਨਾਂ ਦੀ ਉਡੀਕ ਵਿੱਚ ਥਾਣੇ ਦੇ ਬਾਹਰ ਇਕੱਠੇ ਹੋ ਗਏ।
ਅਖਤਿਆਰੀ ਨਜ਼ਰਬੰਦੀਆਂ ਦਾ ਇਤਿਹਾਸ
ਅਧਿਕਾਰੀਆਂ ਵੱਲੋਂ ਵਰ੍ਹਿਆਂ ਬੱਧੀ ਕਸ਼ਮੀਰੀ ਲੋਕਾਂ ਨੂੰ ਅਖਤਿਆਰੀ ਤੌਰ 'ਤੇ ਨਜ਼ਰਬੰਦ ਕਰਨ ਲਈ ਬਹੁਤ ਸਾਰੇ ਤਰੀਕੇ ਵਰਤੇ ਜਾਂਦੇ ਰਹੇ ਹਨ ਜਿਹਨਾਂ ਵਿੱਚ 1978 ਦਾ ਜਾਲਮਾਨਾ, ਜੰਮੂ ਅਤੇ ਕਸ਼ਮੀਰ ਜਨਤਕ ਸੁਰੱਖਿਆ ਕਾਨੂੰਨ ਵੀ ਸ਼ਾਮਿਲ ਹੈ ਜਿਸਦੇ ਤਹਿਤ ਪੁਲਿਸ ਨੂੰਰਾਜ ਦੀ ਸੁਰੱਖਿਆ ਤੇ ਜਨਤਕ ਅਮਨ ਦੀ ਖਾਤਰ ਨਿਆਂਇਕ ਆਗਿਆ ਲੈਣ ਤੋਂ  ਪਹਿਲਾਂ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਰੋਕਣ ਲਈ ਨਜ਼ਰਬੰਦ ਕਰਨ ਦਾ ਅਧਿਕਾਰ ਪ੍ਰਾਪਤ ਹੈ।
ਪੁਲਿਸ ਹਿਰਾਸਤ ਤੋਂ ਵੱਖਰੀ ਤਰ੍ਹਾਂ ਨਾਲ,ਜਨਤਕ ਸੁਰੱਖਿਆ ਕਾਨੂੰਨ ਤਹਿਤ ਨਜ਼ਰਬੰਦ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰੀ ਦੇ ਦੇਣ 24 ਘੰਟਿਆਂ ਦੇ ਅੰਦਰ ਮੈਜਿਸਟ੍ਰੇਟ ਕੋਲ ਪੇਸ਼ ਕਰਨ  ਦੀ ਲੋੜ ਨਹੀਂ ਹੈ। ਜਿਲ੍ਹਾ ਮੈਜਿਸਟ੍ਰੇਟ ਨੂੰ ਨਜ਼ਰਬੰਦੀ ਹੁਕਮ ਜਾਰੀ ਕਰਨ ਤੋਂ ਚਾਰ ਹਫਤਿਆਂ ਦੇ ਸਮੇਂ ਤੱਕ ਇਸ ਹੁਕਮ ਨੂੰ ਸਲਾਹਕਾਰ ਬੋਰਡ ਅੱਗੇ ਰੱਖਣਾ ਪੈਂਦਾ ਹੈ। ਸ਼ੁਰੂ ਵਿੱਚ ਮੈਜਿਸਟ੍ਰੇਟ ਨਜ਼ਰਬੰਦ ਵਿਅਕਤੀ ਨੂੰ ਤਿੰਨ ਮਹੀਨੇ ਤੱਕ ਹਿਰਾਸਤ ਵਿੱਚ ਰੱਖਣ ਦੇ ਹੁਕਮ ਜਾਰੀ ਕਰਦਾ ਹੈ ਪਰ ਇਸਤੋਂ ਬਾਅਦ  ਅਕਸਰ ਇਸ ਨਜ਼ਰਬੰਦੀ ਨੂੰ ਬਿਨਾਂ ਕੋਈ ਨਵਾਂ ਸਬੂਤ ਪੇਸ਼ ਕੀਤਿਆਂ ਤਿੰਨ ਮਹੀਨੇ ਲਈ ਵਧਾ ਦਿੰਦਾ ਹੈ ਤੇ ਇਸ ਤਰ੍ਹਾਂ ਨਾਲ ਸਬੰਧਿਤ ਵਿਅਕਤੀਆਂ ਨੂੰ ਛੇ ਮਹੀਨਿਆਂ ਤੋਂ ਲੈ ਕੇ ਸਾਲਾਂ ਤੱਕ ਨਜ਼ਰਬੰਦ ਰੱਖਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨ ਦੇ ਦਫਤਰ ਦੀ ਜੁਲਾਈ 2019 ਦੀ ਇੱਕ ਰਿਪੋਰਟ ਨੇ  ਨੋਟ ਕੀਤਾ ਹੈ ਕਿ ਭਾਵੇਂ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਅਧਿਕਾਰਤ ਨਜ਼ਰਬੰਦੀ ਤੇ ਜਨਤਕ ਸੁਰੱਖਿਆ ਕਾਨੂੰਨ ਨੂੰ ਇੱਕ ਕਾਨੂੰਨ-ਰਹਿਤ ਕਾਨੂੰਨ'' ਦਰਸਾਇਆ ਹੈ ਪਰ ਸ਼੍ਰੀਨਗਰ ਦੇ ਅਧਿਕਾਰੀ ਇਸਨੂੰ ਵਰਤਣਾ ਜਾਰੀ ਰੱਖ ਰਹੇ ਹਨ।
ਜੰਮੂ-ਕਸ਼ਮੀਰ ਦੇ ਜਨਤਕ ਸੂਚਨਾ ਦੇ ਅਧਿਕਾਰ ਅੰਦੋਲਨ ਦੇ ਮੁੱਖੀ ਸ਼ੇਖ ਗੁਲਾਮ ਰਸੂਲ ਦੱਸਦੇ ਹਨ ਕਿ ਅਪ੍ਰੈਲ 2016 ਤੋਂ ਦਸੰਬਰ 2017 ਤੱਕ ਨਜ਼ਰਬੰਦੀ ਹੁਕਮਾਂ ਦੀ ਤਾਮੀਲ ਲਈ ਨਿਯੁਕਤ ਸਲਾਹਕਾਰ ਬੋਰਡ ਨੇ ਨਿਰੀਖਣ ਲਈ ਪੇਸ਼ ਹੋਏ 1004 ਕੇਸਾਂ ਵਿੱਚੋਂ 998 ਭਾਵ 99 ਪ੍ਰਤਿਸ਼ਤ ਕੇਸਾਂ ਨੂੰ ਸਹੀ ਮੰਨਿਆ ।
ਰਸੂਲ ਦੱਸਦਾ ਹੈ,“ ਪਰ ਸਾਡੇ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਸੂਚਨਾ ਅਨੁਸਾਰ ਇਸੇ ਅਰਸੇ ਦੌਰਾਨ ਜੰਮੂ-ਕਸ਼ਮੀਰ ਹਾਈ ਕੋਰਟ ਨੇ  ਜਨਤਕ ਸੁਰਖਿਆ ਕਾਨੂੰਨ ਤਹਿਤ ਨਜ਼ਰਬੰਦੀ ਦੇ ਖਿਲਾਫ 941 ਕੇਸਾਂ ਦੀ ਪੜਤਾਲ ਕੀਤੀ ਤੇ ਇਹਨਾਂ ਵਿੱਚੋਂ 765 ਭਾਵ 80 ਪ੍ਰਤਿਸ਼ਤ ਨਜ਼ਰਬੰਦੀ ਹੁਕਮਾਂ ਨੂੰ ਖਾਰਜ ਕਰ ਦਿੱਤਾ ਜਿਹਨਾਂ ਨੂੰ ਕਿ ਸਲਾਹਕਾਰ ਬੋਰਡ ਨੇ ਪ੍ਰਵਾਨ ਕੀਤਾ ਸੀ। ਕੋਰਟ ਨੇ ਇਹਨਾਂ ਕੇਸਾਂ ਨੂੰ ਸੰਵਿਧਾਨਕ ਪ੍ਰਸਤਾਵਾਂ ਦੀ ਉਲੰਘਣਾ, ਕਾਰਵਾਈ ਘਾਟਾਂ ਤੇ ਨਜ਼ਰਬੰਦੀ ਵਧਾਉਣ ਲਈ ਨਵੇਂ ਸਬੂਤਾਂ ਦੀ ਅਣਹੋਂਦ ਦੇ ਅਧਾਰ ਵਰਗੀਆਂ ਕਮੀਆਂ ਕਾਰਨ ਗਲਤ ਮੰਨਦਿਆਂ ਖਾਰਜ਼ ਕੀਤਾ।''
ਸ਼੍ਰੀਨਗਰ ਦਾ ਮਨੁੱਖੀ ਅਧਿਕਾਰਾਂ ਦਾ ਇੱਕ ਵਕੀਲ ਪਰਵੇਜ਼ ਇਮਰੋਜ਼ ਕਹਿੰਦਾ ਹੈ ਚਾਹੇ ਜਨਤਕ ਸੁਰੱਖਿਆ ਕਾਨੂੰਨ ਬੱਚਿਆਂ ਦੀ ਨਜ਼ਰਬੰਦੀ ਦੀ ਇਜਾਜ਼ਤ ਨਹੀਂ ਦਿੰਦਾ ਪਰ ਅਧਿਕਾਰੀ ਨਾਬਾਲਗ ਨੂੰ ਬਾਲਗ ਕਰਾਰ ਦੇ ਕੇ ਨਜਰਬੰਦ ਕਰੀ ਜਾ ਰਹੇ ਹਨ। ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਮੁਤਾਬਕ 5 ਅਗਸਤ ਤੋਂ ਮਗਰੋਂ ਹੋਈਆਂ ਨਜ਼ਰਬੰਦੀਆਂ ਨਾਲ ਸਬੰਧਿਤ ਕੁੱਝ ਪ੍ਰੀਵਾਰਾਂ ਵੱਲੋਂ ਨਜ਼ਰਬੰਦ ਵਿਅਕਤੀਆਂ ਨੂੰ ਪੇਸ਼ ਕਰਵਾਉਣ ਲਈ ਹਾਈਕੋਰਟ ਤੱਕ ਪਹੁੰਚ ਕੀਤੀ ਗਈ ਹੈ। ਇਹ ਪਟੀਸ਼ਨਾਂ ਉਹਨਾਂ ਦੇ ਉਹਨਾਂ ਰਿਸ਼ਤੇਦਾਰਾਂ ਬਾਰੇ ਹਨ ਜਿਹੜੇ ਕਿ ਉਹਨਾਂ ਮੁਤਾਬਕ ਨਾਬਾਲਿਗ ਹਨ।
ਕੁੱਟਮਾਰ ਅਤੇ ਮਿਰਚਾਂ ਦਾ ਛਿੜਕਾਅ
ਮਨਚਾਹੀਆਂ ਤੇ ਵਧਵੀਆਂ ਨਜਰਬੰਦੀਆਂ, ਜਨਤਕ ਸੁਰੱਖਿਆ ਕਾਨੂੰਨ ਤਹਿਤ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਵਾਰ-ਵਾਰ ਤੰਗ ਕਰਨ ਕਰਕੇ ਭਾਈਚਾਰੇ ਲਈ ਉਹਨਾਂ ਨਾਲ ਸਮਝਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਬਾਂਦੀਪੋਰਾ ਦਾ  70 ਸਾਲਾ ਗੁਲਾਮ ਰਸੂਲ ਜੋ ਕਿ ਟਰਾਂਸਪੋਰਟ ਮਹਿਕਮੇ 'ਚੋਂ ਰਿਟਾਇਰ ਹੋਇਆ ਹੈ, ਉਸ ਮੁਤਾਬਕ ਇਹ ਸਜ਼ਾ ਦੇਣ ਦਾ ਲਗਾਤਾਰ ਚੱਕਰ'' ਬਣ ਗਿਆ ਹੈ।ਉਹ ਕਹਿੰਦਾ ਹੈ,“ਸਾਡੇ ਪਿੰਡ ਦੇ ਕੁੱਝ ਲੜਕਿਆਂ ਨੂੰ 2016 ਵਿੱਚ ਜਨਤਕ ਸੁਰੱਖਿਆ ਕਾਨੂੰਨ ਤਹਿਤ ਨਜ਼ਰਬੰਦ ਕੀਤਾ ਗਿਆ ਸੀ ਤੇ ਮਗਰੋਂ ਛੱਡ ਦਿੱਤਾ ਗਿਆ। ਮੈਂ ਤੇ ਸਥਾਨਕ ਮਸਜਿਦ ਦੇ ਕਈ ਹੋਰ ਮੈਂਬਰਾਂ ਨੇ ਉਹਨਾਂ ਨੂੰ ਆਪਣੇ ਕੰਮ ਵੱਲ ਧਿਆਨ ਦੇਣ ਤੇ ਹਿੰਸਕ ਪ੍ਰਦਰਸ਼ਨਾਂ ਤੋਂ ਦੂਰ ਰਹਿਣ ਲਈ ਸਮਝਾਇਆ । ਉਸਤੋਂ ਬਾਅਦ ਉਹਨਾਂ ਨੇ ਕੋਈ ਗਤੀਵਿਧੀ ਨਹੀਂ ਕੀਤੀ। ਪਰ ਹੁਣ 5 ਅਗਸਤ ਤੋਂ ਮਗਰੋਂ ਸਜ਼ਾ ਦਾ ਕੁੱਚੱਕਰ ਚਲਾਉਂਦਿਆਂ ਫੌਜ ਨੇ ਫਿਰ ਤੋਂ ਉਹਨਾਂ ਨੂੰ ਜਨਤਕ ਸੁਰੱਖਿਆ ਕਾਨੂੰਨ ਅਧੀਨ ਗ੍ਰਿਫਤਾਰ ਕਰ ਲਿਆ ਹੈ।
ਬਾਂਦੀਪੋਰਾ ਦੇ ਹਾਜਿਨ ਬਲਾਕ ਦੇ ਮੰਝ ਮੁਹੱਲਾ ਦਾ ਵਸੀਮ ਖਾਨ ਸਾਫੀਪੋਰਾ ਹਾਇਰ ਸੈਕੰਡਰੀ ਸਕੂਲ ਵਿੱਚ  11ਵੀਂ ਜਮਾਤ ਦਾ ਵਿਦਿਆਰਥੀ ਹੈ। ਉਹ ਦੱਸਦਾ ਹੈ ਕਿ ਉਸਨੂੰ ਤੇ ਉਸਦੇ ਭਰਾ ਮੁਸਤਾਕ ਨੂੰ  6 ਤੋਂ 13 ਅਗਸਤ ਵਿਚਕਾਰ ਸੁੰਬਲ ਪੁਲਿਸ ਥਾਣੇ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰੱਖਿਆ ਤੇ ਕੁੱਟਿਆ ਗਿਆ। ਵਸੀਮ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਉਦੋਂ ਹੀ ਛੱਡਿਆ ਗਿਆ ਜਦੋਂ ਉਹਨਾਂ ਦਾ ਵੱਡਾ ਭਰਾ ਜਾਵਿਦ ਜੋ ਕਿ ਪੱਥਰ ਦਾ ਕੰਮ ਕਰਦਾ ਹੈ, 11ਅਗਸਤ ਨੂੰ ਪੁਲਿਸ ਸਾਹਮਣੇ ਪੇਸ਼ ਹੋਇਆ ਜਿਸ ਉੱਪਰ ਪਹਿਲਾਂ ਵੀ ਦੋ ਵਾਰ ਜਨਤਕ ਸੁਰੱਖਿਆ ਕਾਨੂੰਨ ਲਾਇਆ ਗਿਆ ਹੈ ਤੇ ਜਿਸਨੂੰ ਕਿ ਹਾਈਕੋਰਟ ਵੱਲੋਂ ਰੱਦ ਕੀਤਾ ਗਿਆ ਸੀ।
ਵਸੀਮ ਦੱਸਦਾ ਹੈ ,“ਫੌਜ ਦੇ ਜਵਾਨ 6 ਅਗਸਤ ਦੀ ਅੱਧੀ ਰਾਤ ਨੂੰ ਸਾਡੇ ਘਰ ਵਿੱਚ ਦਾਖਲ ਹੋਏ। ਜਦੋਂ ਜਾਵਿਦ ਉਹਨਾਂ ਨੂੰ ਘਰ ਵਿੱਚ ਨਾ ਮਿਲਿਆ ਤਾਂ ਪਹਿਲਾਂ ਉਹਨਾਂ ਨੇ ਸਾਡੇ ਪਿਤਾ ਨੂੰ ਨਾਲ ਲਿਜਾਣ ਤੇ ਕੁੱਟ-ਮਾਰ ਕਰਨ ਦੀ ਧਮਕੀ ਦਿੱਤੀ ਤੇ ਬਾਅਦ ਵਿੱਚ ਮੈਂ ਤੇ ਮੇਰਾ ਭਰਾ ਮੁਸਤਾਕ ਉਹਨਾਂ ਦੇ  15-16 ਗੱਡੀਆਂ ਦੇ ਕਾਫਲੇ ਨਾਲ ਚਲੇ ਗਏ। ਅਗਲੀ ਸਵੇਰ ਪੁਲਿਸ ਅਧਿਕਾਰੀ ਸਾਨੂੰ ਇੱਕ ਕਮਰੇ ਵਿੱਚ ਲੈ ਗਏ ਤੇ ਲਗਾਤਾਰ ਸਾਡੀਆਂ ਲੱਤਾਂ ਅਤੇ ਪਿੱਠ ਉਪਰ ਸੋਟੀਆਂ ਮਾਰਦੇ ਰਹੇ। ਸ਼ਾਮ ਤਿੰਨ ਵਜੇ ਉਹਨਾਂ ਸਾਨੂੰ ਫੇਰ ਕੁੱਟਿਆ। ਇੱਕ ਅਧਿਕਾਰੀ ਲਗਾਤਾਰ ਕਹਿ ਰਿਹਾ ਸੀ ,“ਜਾਵਿਦ ਨੂੰ ਲੈ ਕੇ ਆਉ। ਤੁਸੀਂ ਉਨਾ ਚਿਰ ਨਹੀਂ ਜਾ ਸਕਦੇ ਜਦੋਂ ਤੱਕ ਜਾਵਿਦ ਨੂੰ ਪੇਸ਼ ਨਹੀਂ ਕਰਦੇ ਉਹ ਸਾਨੂੰ ਕੁਛ ਵੀ ਬੋਲਣ ਨਹੀਂ ਦਿੰਦੇ ਸਨ ਤੇ ਵਾਰ-ਵਾਰ ਸਾਨੂੰ ਕੱਟਦੇ ਸਨ।''
ਵਸੀਮ ਹੋਰ ਦੱਸਦਾ ਹੈ ਕਿ ਸੁੰਬਲ ਥਾਣੇ ਵਿੱਚ ਉਹਨਾਂ ਨਾਲ ਫੜੇ ਗਏ ਹੋਰ ਲੜਕਿਆਂ ਵਿੱਚੋਂ ਸਭ ਤੋਂ ਛੋਟਾ 8ਵੀਂ ਜਮਾਤ ਦਾ ਵਿਦਿਆਰਥੀ ਸੀ ਜਿਸਨੂੰ ਕਿ ਤਿੰਨ ਦਿਨ ਮਗਰੋਂ ਛੱਡਿਆ ਗਿਆ।
ਵਸੀਮ ਦੇ ਪਿਤਾ ਸੈਫੂਦੀਨ ਨੇ  ਸਾਡੀ ਟੀਮ ਨੂੰ ਦੱਸਿਆ ਕਿ ਫੌਜ ਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਆਪਣੇ ਬੱਚੇ ਉਹਨਾਂ ਦੇ ਹਵਾਲੇ ਨਹੀਂ ਕਰਾਂਗਾ ਤਾਂ ਮੈਨੂੰ ਉਹਨਾਂ ਦੇ ਨਾਲ ਜਾਣਾ ਪਵੇਗਾ। ਉਹ ਦੋਸ਼ ਲਾÀਂਦਾ ਹੈ ਫੌਜੀਆਂ ਨੇ ਉਹਨਾਂ ਦੇ ਘਰ ਦਾ ਦਰਵਾਜਾ ਤੇ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ। ਉਹ ਕਹਿੰਦਾ ਹੈ,“ਜਦੋਂ ਉਹ ਮੇਰੀ ਬਾਂਹ ਫੜਕੇ ਮੈਨੂੰ ਲਿਜਾਣ ਲੱਗੇ ਤਾਂ ਮੇਰੀ ਧੀ ਨੇ ਮੈਨੂੰ ਫੜੀ ਰੱਖਿਆ। ਪਹਿਲਾਂ ਉਹਨਾਂ ਨੇ ਮੇਰੀ ਬੇਟੀ ਦੇ ਢਿੱਡ ਵਿੱਚ ਸੋਟੀਆਂ ਮਾਰੀਆਂ ਤੇ ਫੇਰ ਮੇਰੀ ਹੱਸਲੀ ਅਤੇ ਚਿਹਰੇ 'ਤੇ ਕੋਈ ਚੀਜ਼ ਛਿੜਕ ਦਿੱਤੀ। ਮੈਨੂੰ ਲੱਗਿਆ ਜਿਵੇਂ ਮੇਰੀ ਚਮੜੀ ਜਲ ਰਹੀ ਹੋਵੇ। ਮੈਂ ਬਹੁਤ ਡਰ ਗਿਆ। ਮੈਂ ਉਸਤੋਂ ਦੋ ਤਿੰਨ ਘੰਟੇ ਬਾਅਦ  ਵੀ ਕੁਛ ਦੇਖ ਨਾ ਸਕਿਆ।
ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਜਾਵਿਦ ਨੂੰ 10 ਅਗਸਤ 2016 ਨੂੰ ਇੱਕ ਮਹੀਨੇ ਲਈ ਸੁੰਬਲ ਥਾਣੇ ਵਿੱਚ ਨਜ਼ਰਬੰਦ ਰੱਖਿਆ ਗਿਆ ਸੀ ਤੇ ਫੇਰ ਜੰਮੂ ਦੀ ਊੁਧਮਪੁਰ ਜੇਲ੍ਹ ਵਿੱਚ  ਅੱਠ ਮਹੀਨੇ ਕੈਦ ਰੱਖਿਆ ਗਿਆ। ਜਦੋਂ 21 ਦਸੰਬਰ  2016 ਨੂੰ ਹਾਈਕੋਰਟ ਨੇ ਉਸਦੀ ਨਜ਼ਰਬੰਦੀ ਰੱਦ ਕਰ ਦਿੱਤੀ ਤਾਂ ਪੁਲਿਸ ਨੇ  23 ਮਾਰਚ 2017 ਨੂੰ ਉਸ 'ਤੇ ਦੁਬਾਰਾ ਜਨਤਕ ਸੁਰੱਖਿਆ ਕਾਨੂੰਨ ਮੜ੍ਹ ਦਿੱਤਾ ਤੇ ਜੰਮੂ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਸਨੂੰ ਦੁਬਾਰਾ ਹਾਈਕੋਰਟ ਨੇ  21 ਅਗਸਤ 2017 ਨੂੰ ਰੱਦ ਕਰ ਦਿੱਤਾ।
ਜਾਵਿਦ ਦਾ ਸਭ ਤੋਂ ਵੱਡਾ ਭਰਾ ਤਾਰੀਖ ਦੱਸਦਾ ਹੈ, “ਰਿਹਾਅ ਹੋਣ ਤੋਂ ਬਾਅਦ ਜਾਵਿਦ ਕੰਮ 'ਤੇ ਪਰਤ ਆਇਆ ਸੀ ਪਰ ਹੁਣ ਉਹਨਾਂ ਨੇ ਉਸ 'ਤੇ ਫੇਰ ਕੇਸ ਪਾ ਦਿੱਤਾ ਹੈ। ਪਿਛਲੀ ਵਾਰ ਉਹਨਾ ਨੇ ਮੈਨੂੰ ਹਾਜਿਨ ਪੁਲਿਸ ਥਾਣੇ ਵਿੱਚ ਉਨੀ ਦੇਰ ਤੱਕ ਗੈਰ-ਕਾਨੂੰਨੀ ਤੌਰ 'ਤੇ ਬੰਦ ਰੱਖਿਆ ਜਦੋਂ ਤੱਕ ਜਾਵਿਦ ਪੇਸ਼ ਨਹੀਂ ਹੋਇਆ ਤੇ ਹੁਣ ਉਹ ਮੇਰੇ ਛੋਟੇ ਭਰਾਵਾਂ ਮੁਸ਼ਤਾਕ ਤੇ ਵਸੀਮ ਨੂੰ ਲੈ ਗਏ''
ਸੈਫੂਦੀਨ ਜੋ ਕਿ ਇੱਕ ਛੋਟਾ ਦੁਕਾਨਦਾਰ ਹੈ ਕਹਿੰਦਾ ਹੈ ਕਿ ਪਿਛਲੀ ਵਾਰ ਜਾਵਿਦ ਨੂੰ ਰਿਹਾ ਕਰਵਾਉਣ ਲਈ 1 ਲੱਖ ਰੁਪਏ ਖਰਚ ਹੋਏ ਜੋ ਕਿ ਉਹਨਾਂ ਦੇ ਪਰਿਵਾਰ ਦੇ ਵੱਸ ਤੋਂ ਬਾਹਰ ਹੈ।ਉਹ ਇਹ ਵੀ ਦੱਸਦਾ ਹੈ ਕਿ ਹੁਣ ਜਦੋਂ ਉਸਦੇ ਬੱਚੇ ਜੇਲ੍ਹ ਵਿੱਚ ਹਨ ਤਾਂ ਉਸਨੂੰ ਹਰ ਰੋਜ਼ 100 ਰੁਪਏ ਉਹਨਾਂ ਦੇ ਖਾਣੇ ਲਈ ਪੁਲਿਸ ਨੂੰ ਦੇਣੇ ਪੈਂਦੇ ਹਨ। ਦੇ ਨਾ ਮੁੱਕਣ ਵਾਲੀ ਸਜ਼ਾ ਸਰਕਾਰ ਵੱਲੋਂ ਵਾਦੀ ਦੇ ਕਾਫੀ ਇਲਾਕਿਆਂ 'ਚੋਂ ਕਰਫਿਊ ਹਟਾ ਲਏ ਜਾਣ ਦੇ ਹਫ਼ਤਿਆਂ ਬਾਅਦ  ਵੀ ਇਸ ਖਿੱਤੇ ਦੀ ਮੁਕਾਬਲਤਨ ਖੁਦਮੁਖ਼ਤਿਆਰੀ ਖਤਮ ਕਰਨ ਦੇ ਰੋਸ ਵਜੋਂ ਸੜਕਾਂ ਸੁਨੰਸਾਨ ਰਹੀਆਂ ਤੇ ਦੁਕਾਨਾ ਬੰਦ ਰਹੀਆਂ।
ਬਾਂਦੀਪੋਰਾ ਦੇ ਇੱਕ ਪਿੰਡ ਵਿੱਚ ਬਰੈੱਡ, ਸਬਜੀਆਂ ਤੇ ਹੋਰ ਲੋੜੀਂਦੇ ਸਮਾਨ ਵਾਲੀ ਦੁਕਾਨ ਸ਼ਾਮ ਨੂੰ ਇੱਕ ਘੰਟੇ ਲਈ ਖੁੱਲੀ ਤਾਂ ਲੋਕ ਛੋਟੇ-ਛੋਟੇ ਗਰੁੱਪਾਂ ਵਿੱਚ ਇਕੱਠੇ ਹੋਣਾ ਸ਼ੁਰੂ ਹੋ ਗਏ। ਕੁੱਝ ਵਿਦਿਆਰਥੀ ਤੇ ਨੌਜਵਾਨ ਮੁੰਡੇ ਆਈਸ ਕਰੀਮ ਪਾਰਲਰ ਦੇ ਅੱਧ-ਖੁੱਲੇ ਸ਼ਟਰ ਦੇ ਪਿੱਛੇ ਗੱਲਾਂ ਕਰਦੇ ਵੀ ਦਿਖੇ।
ਆਦਿਲ ਜੋ ਕਿ ਦਸਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਆਈਸ ਕਰੀਮ ਦੀ ਦੁਕਾਨ ਦੇ ਮਾਲਕ ਦਾ ਭਤੀਜਾ ਹੈ। ਇੱਕ ਗਰੁੱਪ ਦੇ ਦੱਸਣ ਮੁਤਾਬਕ ਆਦਿਲ ਨੂੰ  ਸੁਰਖਿਆ ਫੋਰਸਾਂ 7 ਅਗਸਤ ਨੂੰ ਸਵੇਰੇ 3 ਵਜੇ ਘਰੋਂ ਚੁੱਕ ਲਿਆ ਸੀ।
ਸ਼੍ਰੀਨਗਰ ਵਿੱਚ ਰੇਡੀਓਲੌਜੀ ਤਕਨੀਸ਼ੀਨ ਦੇ ਕੋਰਸ ਦੇ ਪਹਿਲੇ ਸਾਲ ਦਾ ਵਿਦਿਆਰਥੀ ਵੱਕਾਰ ਯੂਨਿਸ ਦੱਸਦਾ ਹੈ ਕਿ ਉਸਦੇ ਪਿੰਡ ਦੇ ਹੋਰਨਾਂ ਮੁੰਡਿਆਂ ਵਾਂਗ ਹੀ ਉਸਨੂੰ ਵੀ ਆਪਹੁਦਰੀ ਨਜ਼ਰਬੰਦੀ ਦਾ ਸ਼ਿਕਾਰ ਹੋਣਾ ਪਿਆ। ਉਸਨੂੰ  2018 ਵਿੱਚ ਚਾਰ ਦਿਨਾਂ ਲਈ ਨਜ਼ਰਬੰਦ ਰੱਖਿਆ ਗਿਆ ਕਿਉਂਕਿ ਉਸਦਾ ਨਾਮ ਪੁਲਿਸ ਤੇ ਪੱਥਰ ਮਾਰਨ ਵਾਲੇ ਕਿਸੇ ਨੌਜਵਾਨ ਨਾਲ ਮਿਲਦਾ ਸੀ। ਯੂਨਿਸ ਦੱਸਦਾ ਹੈ,“ਮੈਂ ਉਹਨਾਂ ਨੂੰ ਕਿਹਾ ਕਿ ਮੈਂ ਗੰਭੀਰ ਵਿਦਿਆਰਥੀ ਹਾਂ ਤੇ ਮੈਂ ਬਾਰ੍ਹਵੀਂ ਵਿੱਚ 83% ਨੰਬਰ ਲਏ ਹਨ। ਉਹਨਾਂ ਨੂੰ ਦੂਜੇ ਦਿਨ ਹੀ ਪਤਾ ਲੱਗ ਗਿਆ ਸੀ ਪੱਥਰ ਮਾਰਨ ਵਾਲਾ ਕੋਈ ਹੋਰ ਸੀ ਪਰ ਤਾਂ ਵੀ ਉਹਨਾਂ ਨੇ ਬਿਨਾ ਕੋਈ ਕਾਗਜ਼ੀ ਕਾਰਵਾਈ ਕੀਤੇ ਮੈਨੂੰ ਚਾਰ ਦਿਨ ਪੁਲਿਸ ਥਾਣੇ 'ਚ ਰੱਖਿਆ।''
ਪਿਛਲੇ ਮਹੀਨੇ ਜਿਹਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਯੂਨਿਸ ਉਹਨਾਂ ਵਿੱਚੋਂ 15 ਸਾਲਾ ਜਾਹਿਦ ਬਸ਼ੀਰ ਬਾਰੇ ਜਿਆਦਾ ਫਿਕਰਮੰਦ ਹੈ ਜੋ ਕਿ ਦਸਵੀਂ ਦਾ ਵਿਦਿਆਰਥੀ ਹੈ ਤੇ ਪਿੰਡ 'ਚ ਕਦੇ-ਕਦੇ  ਪੱਥਰ ਦਾ ਕੰਮ ਕਰਦਾ ਹੈ।
ਯੂਨਿਸ ਦੱਸਦਾ ਹੈ,“ਜਾਹਿਦ ਨੇ ਕੁਛ ਵੀ ਗਲਤ ਨਹੀਂ ਕੀਤਾ ਸਿਵਾਏ ਇਸਦੇ ਕਿ ਉਸਦੇ ਮੋਢਿਆਂ ਤੱਕ ਲੰਮੇ ਵਾਲ ਹਨ ਤੇ ਉਹ ਸ਼ੌਕੀਨ ਮੁੰਡਾ ਹੈ ਤੇ ਰੋਜ਼ ਦੋ ਤਿੰਨ ਵਾਰ ਕੱਪੜੇ ਬਦਲਦਾ ਹੈ ਤੇ ਵਾਲਾਂ ਨੂੰ ਸੰਵਾਰਨ ਲਈ ਉਸਨੇ ਦੋ-ਤਿੰਨ ਹਜਾਤ ਰੁਪਏ ਖਰਚੇ ਸਨ। ਹੜਤਾਲ ਦੇ ਐਲਾਨ ਤੋਂ ਕੁਛ ਦਿਨ ਬਾਅਦ ਜਦੋਂ ਉਹ ਇਕੱਠੇ ਬੈਠੇ ਸਨ ਤੇ ਨੇੜੇ ਹੀ ਕੁੱਝ ਫੌਜੀ ਵੀ ਸਨ ਤਾਂ ਜਾਹਿਦ ਨੇ ਆਪਣੇ ਵਾਲਾਂ ਬਾਰੇ ਸ਼ੇਖੀ ਮਾਰੀ ਕਿ ਉਹ ਸਮੀਰ ਟਾਈਗਰ ਵਰਗਾ ਦਿਸਦਾ ਹੈ। ਉਸੇ ਰਾਤ ਸੁਰੱਖਿਆ ਬਲਾਂ ਨੇ ਉਸਨੂੰ ਚੱਕ ਲਿਆ।''
ਸਮੀਰ ਟਾਇਗਰ ਅਸਲ ਵਿੱਚ ਸੁਰੱਖਿਆ ਤਾਕਤਾਂ ਵੱਲੋਂ ਪਿਛਲੇ ਸਾਲ ਮਾਰੇ ਗਏ ਹਿਜਬੁਲ ਮੁਜਾਹਿਦੀਨ ਦੇ ਅਤੱਵਾਦੀ ਸਮੀਰ ਅਹਿਮਦ ਭੱਟ ਵੱਲੋਂ ਅਪਣਾਇਆ ਉਪਨਾਮ ਹੈ।
ਜਾਹਿਦ ਦਾ ਚਾਚਾ, ਗੁਲਾਮ ਅਹਿਮਦ ਹਾਜਿਨ ਖਿੱਤੇ ਦੇ ਪਿੰਡ ਅਜਾਸ ਵਿੱਚ ਇੱਕ ਸਕੂਲ ਵਿੱਚ ਪੜਾਉਂਦਾ ਹੈ।ਉਹ ਦੱਸਦਾ ਹੈ ਉਹਨਾਂ ਦੇ ਪਰਿਵਾਰ ਨੇ ਜਾਹਿਦ ਨੂੰ ਜਨਤਕ ਸੁਰੱਖਿਆ ਕਾਨੂੰਨ ਤਹਿਤ ਹਿਰਾਸਤ ਵਿੱਚ ਲਏ ਜਾਣ ਖਿਲਾਫ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੈ। ਅਹਿਮਦ ਕਹਿੰਦਾ ਹੈ,“ਉਸਦਾ ਹਿੰਸਾ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਉਹ ਬਾਲੀਵੁੱਡ ਕਲਾਕਾਰਾਂ ਵਰਗਾ ਇੱਕ ਸ਼ੁਕੀਨ ਮੁੰਡਾ ਹੈ। ਉਸਦੀ ਅਲਮਾਰੀ ਦਰਜਨਾਂ ਤਰ੍ਹਾਂ ਦੇ ਸ਼ੈਂਪੂ ਤੇ ਇਤਰ ਦੇ ਪੈਕਟਾਂ ਨਾਲ ਭਰੀ ਪਈ ਹੈ। ਉਸਨੇ ਆਪਣੇ ਵਾਲਾ ਦਾ ਸਟਾਇਲ ਖਾਸ ਤਰ੍ਹਾਂ ਬਣਾਇਆ, ਇਹੀ ਉਸਦਾ ਕਸੂਰ ਹੈ।''
ਅਹਿਮਦ ਕਹਿੰਦਾ ਹੈ ਕਿ ਸੁਰੱਖਿਆ ਬਲਾਂ ਨੇ ਉਹਨਾਂ ਦਾ ਘਰ ਢਾਹ ਦਿੱਤਾ ਤੇ ਜਾਹਿਦ ਦੇ ਪਿਤਾ ਨੂੰ ਹਿਰਾਸਤ 'ਚ ਲੈ ਲਿਆ ਜੋ ਕਿ ਸਿੰਜਾਈ ਵਿਭਾਗ 'ਚ ਅਫਸਰ ਹੈ। ਉਸਦੇ ਪਿਤਾ ਨੂੰ 12 ਅਗਸਤ  ਪੰਜ ਦਿਨਾਂ ਮਗਰੋਂ ਉਦੋਂ ਹੀ ਛੱਡਿਆ ਗਿਆ ਜਦੋਂ ਜਾਹਿਦ ਆਪ ਪੁਲਿਸ ਥਾਣੇ ਪੇਸ਼ ਹੋ ਗਿਆ।
ਯੂਨਿਸ ਕਹਿੰਦਾ ਹੈ ਕਿ ਜਨਤਕ ਸੁਰੱਖਿਆ ਕਾਨੂੰਨ ਲੱਗਣ ਤੋਂ ਬਾਅਦ  ਕਿਸੇ ਵੀ ਨੌਜਵਾਨ ਲਈ ਆਪਣੀ ਪੁਰਾਣੀ ਜਿੰਦਗੀ ਵੱਲ ਪਰਤਣਾ ਮੁਸ਼ਕਿਲ ਹੋ ਜਾਂਦਾ ਹੈ।ਇੱਕ ਵਾਰ ਫੋਰਸ ਤੁਹਾਡੇ ਪਿੱਛੇ ਪੈ ਜਾਵੇ ਤਾਂ ਉਹ ਨਾ ਤਾਂ ਤੁਹਾਨੂੰ ਪੜ੍ਹਨ ਦਿੰਦੇ ਹਨ ਤੇ ਨਾ ਹੀ ਜਨਤਕ ਜਗਾਹ ਤੇ ਸੌਣ ਜਾਂ ਚੈਨ ਦਾ ਸਾਹ ਲੈਣ ਦਿੰਦੇ ਹਨ। ਇਸ ਕਰਕੇ ਜਨਤਕ ਸੁਰੱਖਿਆ ਕਾਨੂੰਨ ਲੱਗਣ ਵਾਲੇ ਨੌਜਵਾਨ ਭੱਜਣ ਤੇ ਮਜਬੂਰ ਹੋ ਜਾਂਦੇ ਹਨ।''
22
ਸਮੀਰ ਭੱਟ ਹਾਮੀ ਭਰਦਾ ਹੈ। ਸੁੰਬਲ ਵਿੱਖੇ ਅੰਡਰ-ਗ੍ਰੈਜੂਏਟ ਸਮੀਰ ਦੱਸਦਾ ਹੈ ਕਿ ਉਸਦੇ ਵੱਡੇ ਭਰਾ ਨਸੀਰ ਨੂੰ 2008 ਵਿੱਚ ਉਸ ਵੇਲੇ ਫੜਿਆ ਗਿਆ ਸੀ ਜਦੋਂ ਸੁਰੱਖਿਆ ਤਾਕਤਾਂ ਵੱਲੋਂ 14 ਪ੍ਰਦਰਸ਼ਨਕਾਰੀਆਂ ਨੂੰ ਮਾਰਨ ਦੇ ਖਿਲਾਫ ਸੰਘਰਸ਼ ਛਿੜ ਪਿਆ ਸੀ। ਨਸੀਰ ਨੂੰ ਉਸਤੋਂ ਬਾਅਦ  2017 ਤੇ ਫੇਰ 2018 ਵਿੱਚ ਇੱਕ ਮਹੀਨੇ ਲਈ  ਹਿਰਾਸਤ ਵਿੱਚ ਰੱਖਿਆ ਗਿਆ। ਸਮੀਰ ਕਹਿੰਦਾ ਹੈ,“ਹੁਣ ਉਹਨਾਂ ਨੇ ਆਪਣੀਆਂ ਲਿਸਟਾਂ ਸੋਧ ਲਈਆਂ ਹਨ।ਉਹ ਮੰਨਦੇ ਹਨ ਕਿ ਜਿਸਨੇ  2008 ਵਿੱਚ ਫੌਜ ਤੇ ਪੱਥਰ ਸੁੱਟਿਆ ਸੀ, ਉਹ ਹੁਣ ਮਸਹੂਰ ਤੇ ਕੱਟੜ  ਅੱਤਵਾਦੀ ਬਣ ਚੁੱਕਿਆ ਹੋਵੇਗਾ।ਉਹ ਕਹਿੰਦਾ ਹੈ ਕਿ ਜਦੋਂ ਉਸਦੇ ਭਰਾ ਦਾ ਨਾਮ ਪੱਥਰ ਸੁੱਟਣ ਵਾਲਿਆਂ ਵਿੱਚ ਸ਼ਾਮਿਲ ਕੀਤਾ ਗਿਆ ਸੀ ਤਾਂ ਉਸਦੇ ਪਿਤਾ ਨੂੰ ਫੌਜ ਵੱਲੋਂ ਬੇਰਹਿਮੀ ਨਾਲ ਕੁੱਟਿਆ ਗਿਆ। ਇਹੀ ਸਾਡੀ ਜਿੰਦਗੀ ਦਾ ਦਸਤੂਰ ਹੈ, ਸਾਡੀ ਰੋਜ ਦੀ ਜਿੰਦਗੀ ਹੈ, ਕੁੱਟਮਾਰ ਹੋਣੀ, ਬੇਇੱਜਤੀ, ਨਜ਼ਰਬੰਦੀ, ਥੱਪੜ ਵੱਜਣੇ। ਇਹ ਆਮ ਗੱਲ ਹੋ ਗਈ ਹੈ।''
ਉਹ ਵਾਧਾ ਕਰਦਾ ਹੈ,“ਜਦੋਂ ਤੋਂ ਮੈਂ ਜੰਮਿਆਂ ਹਾਂ ਮੈਂ ਸਿਰਫ ਇਹੀ ਦੇਖਿਆ ਹੈ- ਕਰਫਿਊ, ਹੜਤਾਲ, ਗੋਲੀਆਂ, ਛਾਪੇਮਾਰੀ, ਨਜ਼ਰਬੰਦੀ ਤੇ ਕੁਟਾਪਾ। ਸ਼ਾਂਤੀ ਦਾ ਮਾਹੌਲ ਕੀ ਹੁੰਦਾ ਹੈ ਮੈਨੂੰ ਅਜੇ ਇਸਦਾ ਅਨੁਭਵ ਹੋਣਾ ਹੈ।''
ਅਨੂਮੇਹਾ ਯਾਦਵ
(
ਸੰਖੇਪ, ਅੰਗਰੇਜੀ ਤੋਂ ਅਨੁਵਾਦ)



No comments:

Post a Comment