ਮਈ ਦਿਹਾੜੇ ਮੌਕੇ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਦਾ ਝੰਡਾ ਬੁਲੰਦ ਕਰੋ
ਮਈ ਦਿਹਾੜਾ ਕਿਰਤ ਦੀ ਮੁਕਤੀ ਲਈ ਸੰਗਰਾਮਾਂ ਨੂੰ ਬੁਲੰਦੀਆਂ ਵੱਲ ਲੈ ਕੇ ਜਾਣ ਦਾ ਅਹਿਦ ਦੁਹਰਾਉਣ ਦਾ ਦਿਹਾੜਾ ਹੈ। ਮਜ਼ਦੂਰ ਜਮਾਤ ਹੀ ਸੰਸਾਰ ਦੀ ਸਭ ਤੋਂ ਅਗਾਂਹਵਧੂ ਤੇ ਵਿਕਸਿਤ ਜਮਾਤ ਹੈ ਤੇ ਸੰਸਾਰ ’ਚੋਂ ਹਰ ਤਰ੍ਹਾਂ ਦੀ ਲੁੱਟ-ਖਸੁੱਟ ਦੇ ਖਾਤਮੇ ਲਈ ਇਸਨੂੰ ਮੁਕੰਮਲ ਬਰਾਬਰੀ ਦੇ ਯੁੱਗ ਵੱਲ ਲੈ ਕੇ ਜਾਣ ਦੀ ਅਗਵਾਈ ਦਾ ਜਿੰਮਾ ਇਸਦੇ ਮੋਢਿਆਂ ’ਤੇ ਹੈ। ਜਮਾਤੀ ਲੁੱਟ-ਖਸੁੱਟ ਦਾ ਖਾਤਮਾ ਕਰਕੇ, ਜਮਾਤ ਰਹਿਤ ਕਮਿਊਨਿਸਟ ਸਮਾਜ ਦੀ ਉਸਾਰੀ ਇਸਦੇ ਇਤਿਹਾਸਕ ਮਿਸ਼ਨ ਦਾ ਟੀਚਾ ਹੈ ਤੇ ਇਸਦੀ ਪ੍ਰਾਪਤੀ ਲਈ ਜੂਝਣ ਖਾਤਰ ਇਸ ਕੋਲ ਸੰਸਾਰ ਦਾ ਸਭ ਤੋਂ ਵਿਕਸਿਤ ਸਿਧਾਂਤ ਮਾਰਕਸਵਾਦ-ਲੈਨਿਨਵਾਦ ਤੇ ਮਾਉ ਵਿਚਾਰਧਾਰਾ ਦਾ ਹਥਿਆਰ ਹੈ। ਇਹ ਸਿਧਾਂਤਕ ਹਥਿਆਰ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਤੇ ਜੀਵਨ ਹਾਲਤਾਂ ਦੇ ਅਨੁਭਵ ਅਤੇ ਹੁਣ ਤੱਕ ਮਨੁੱਖੀ ਸੱਭਿਅਤਾ ਦੇ ਵਿਗਿਆਨਕ ਤਜਰਬੇ ਦੇ ਅਧਾਰ ’ਤੇ ਮਾਰਕਸ ਤੇ ਏਂਗਲਜ ਨੇ ਘੜਿਆ। ਲੈਨਿਨ, ਸਟਾਲਿਨ ਤੇ ਮਾਉ ਵਰਗੇ ਰਹਿਬਰਾਂ ਨੇ ਆਪਣੇ ਦੌਰ ਦੇ ਤਜਰਬਿਆਂ ਦੇ ਨਿਚੋੜ ਰਾਹੀਂ ਇਸ ਵਿੱਚ ਰਚਨਾਤਮਕ ਵਾਧਾ ਕੀਤਾ। ਇਸ ਸਿਧਾਂਤ ਨੇ ਦੁਨੀਆਂ ਦੇ ਕਈ ਮੁਲਕਾਂ ’ਚ ਪ੍ਰੋਲੇਤਾਰੀ ਇਨਕਲਾਬਾਂ ਦੀ ਅਗਵਾਈ ਕੀਤੀ ਤੇ ਇਹਨਾਂ ਇਨਕਲਾਬਾਂ ਦੇ ਤਜਰਬਿਆਂ ’ਚੋਂ ਆਪਣੀ ਸਿਧਾਂਤਕ ਸ਼ਕਤੀ ’ਚ ਵਾਧਾ ਕੀਤਾ। ਇਸ ਸਿਧਾਂਤ ਨੇ ਰੂਸ ਤੇ ਚੀਨ ਵਰਗੇ ਦੇਸ਼ਾਂ ’ਚ ਸਮਾਜਵਾਦੀ ਉਸਾਰੀ ਦੇ ਤਜਰਬੇ ਦੀ ਰਹਿਨੁਮਾਈ ਕੀਤੀ। ਦੁਨੀਆਂ ਨੇ ਇਸ ਵਿਚਾਰਧਾਰਾ ਦੀ ਵਿਗਿਆਨਕ ਤਾਕਤ ਨੂੰ ਦੇਖਿਆ ਤੇ ਮਾਣਿਆ। ਅੱਜ ਚਾਹੇ ਸੰਸਾਰ ਅੰਦਰ ਸਮਾਜਵਾਦੀ ਮੁਲਕ ਮੌਜੂਦ ਨਹੀਂ ਹਨ ਪਰ ਦੁਨੀਆਂ ਭਰ ਦੇ ਮਜ਼ਦੂਰਾਂ ਕੋਲ ਇਹ ਸਿਧਾਂਤ ਉਵੇਂ ਜਿਵੇਂ ਹੀ ਸੰਘਰਸ਼ਾਂ ਲਈ ਜਾਨਦਾਰ ਹਥਿਆਰ ਬਣਿਆ ਹੋਇਆ ਹੈ ਤੇ ਆਪਣੀ ਵਿਗਿਆਨਕ ਤਾਕਤ ਨਾਲ ਇਉਂ ਹੀ ਬਣਿਆ ਰਹੇਗਾ। ਮਜ਼ਦੂਰ ਜਮਾਤ ਦਾ ਆਪਣਾ ਕਿਰਦਾਰ ਤੇ ਇਸਦੀ ਵਿਚਾਰਧਾਰਾ ਦਾ ਹਥਿਆਰ ਹੀ ਇਸਨੂੰ ਸਮਾਜ ਦੇ ਵਿਕਾਸਮਈ ਵਹਿਣ ਦੀ ਅਗਵਾਈ ਕਰਨ ਦੀ ਸਮਰੱਥਾ ਬਖਸ਼ਦੀ ਹੈ। ਸਮਾਜ ਨੂੰ ਬਰਾਬਰੀ ਦੇ ਯੁੱਗ ਵੱਲ ਲੈ ਜਾਣ ਵਾਲੀ ਸ਼ਕਤੀ ਦਾ ਬਲ਼ ਬਖਸ਼ਦੀ ਹੈ।
ਪੂੰਜੀਵਾਦ ਦੇ ਸਿਆਸੀ ਸਿਧਾਂਤਕ ਰਖਵਾਲਿਆਂ ਨੇ ਮਜ਼ਦੂਰ ਜਮਾਤ ਦੀ ਵਿਚਾਰਧਾਰਾ ’ਤੇ ਅਨੇਕ ਹਮਲੇ ਕੀਤੇ ਤੇ ਇਸਨੂੰ ਵੇਲਾ ਵਿਹਾ ਚੁੱਕੀ ਕਰਾਰ ਦਿੱਤਾ ਪਰ ਉਹ ਇਸ ਵਿਗਿਆਨਕ ਸੱਚ ਦੇ ਪ੍ਰਤਾਪ ਨੂੰ ਮੱਧਮ ਨਹੀਂ ਪਾ ਸਕੇ। ਸਮਾਜਵਾਦੀ ਮੁਲਕਾਂ ਦੀ ਦੁਨੀਆਂ ਦੇ ਨਕਸ਼ੇ ਤੋਂ ਗੈਰ-ਮੌਜੂਦਗੀ ਦੇ ਹਵਾਲੇ ਨਾਲ ਇਹਨਾਂ ਝਲਿਆਏ ਪੂੰਜੀਵਾਦੀ ਦਾਰਸ਼ਨਿਕਾਂ ਨੇ ਇਸਦੀ ਅਸਫ਼ਲਤਾ ਦੇ ਸਿਧਾਂਤ ਪੇਸ਼ ਕੀਤੇ ਪਰ ਇਹਨਾਂ ਸਭਨਾਂ ਸਿਧਾਂਤਾਂ ਨੂੰ ਰੱਦ ਕਰਦਿਆਂ ਅੱਜ ਵੀ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਸੰਸਾਰ ਅੰਦਰਲੇ ਧੁੰਦੂਕਾਰੇ ’ਚ ਰੌਸ਼ਨੀ ਦੀ ਮਿਸ਼ਾਲ ਹੋ ਕੇ ਜਗ ਰਹੀ ਹੈ। ਸੰਸਾਰ ਦੇ ਵੱਖ-ਵੱਖ ਵਰਤਾਰਿਆਂ ਦੀ ਵਿਗਿਆਨਕ ਵਿਆਖਿਆ ਕਰਕੇ, ਉਹਨਾਂ ਦੀਆਂ ਦਿਸ਼ਾਵਾਂ ਨੂੰ ਦਰਸਾਉਣ ਦੀ ਤਾਕਤ ਦਰਸਾ ਰਹੀ ਹੈ।
ਅਜੋਕਾ ਸੰਸਾਰ ਸਾਮਰਾਜੀ ਪ੍ਰਬੰਧ ਦਿਨੋਂ ਦਿਨ ਡੂੰਘੇ ਹੁੰਦੇ ਸੰਕਟਾਂ ’ਚ ਘਿਰਿਆ ਹੋਇਆ ਹੈ। ਇਹਨਾਂ ਸੰਕਟਾਂ ’ਚੋਂ ਨਿਕਲਣ ਲਈ ਤਰਲੋਮੱਛੀ ਹੋ ਰਿਹਾ ਸਾਮਰਾਜੀ ਪ੍ਰਬੰਧ ਦੁਨੀਆਂ ਭਰ ’ਚ ਉਥਲ-ਪੁਥਲ ਦੇ ਦੌਰਾਂ ’ਚ ਗੁਜ਼ਰ ਰਿਹਾ ਹੈ। ਵੱਖ-ਵੱਖ ਸਾਮਰਾਜੀ ਤਾਕਤਾਂ ਦੁਨੀਆਂ ਭਰ ਦੀਆਂ ਪਿਛਾਖੜੀ ਸ਼ਕਤੀਆਂ ਦੀ ਢੋਈ ਬਣਕੇ, ਉਹਨਾਂ ਦੀ ਵਰਤੋਂ ਕਰਕੇ ਤੇ ਪਾਲਣਾ ਪੋਸ਼ਣਾ ਕਰਕੇ ਆਪਣੇ ਸਰਮਾਏ ਦੇ ਕਾਰੋਬਾਰਾਂ ਦੇ ਮੁਨਾਫਿਆਂ ਨੂੰ ਯਕੀਨੀ ਕਰਨ ਦੇ ਓਹੜ-ਪੋਹੜ ’ਚ ਲੱਗੀਆਂ ਹੋਈਆਂ ਹਨ। ਸਾਮਰਾਜੀ ਤਾਕਤਾਂ ਦਾ ਆਪਸੀ ਟਕਰਾਅ ਵੀ ਵਧੇਰੇ ਤਿੱਖੇ ਦੌਰ ’ਚ ਦਾਖਲ ਹੋ ਰਿਹਾ ਹੈ ਤੇ ਇਸਦੇ ਅਸਰਾਂ ਹੇਠ ਅਧੀਨ ਮੁਲਕਾਂ ਦੀਆਂ ਦਲਾਲ ਹਾਕਮ ਜੁੰਡਲੀਆਂ ਦਰਮਿਆਨ ਵੀ ਨਵੇਂ ਸਮੀਕਰਨ ਬਣ ਰਹੇ ਹਨ। ਇਹਨਾਂ ਸੰਕਟਾਂ ਦਰਮਿਆਨ ਹੀ ਨਾ ਸਿਰਫ਼ ਪਛੜੇ ਅਧੀਨ ਮੁਲਕਾਂ ਅੰਦਰ, ਸਗੋਂ ਵਿਕਸਿਤ ਪੂੰਜੀਵਾਦੀ ਸਾਮਰਾਜੀ ਮੁਲਕਾਂ ਅੰਦਰ ਵੀ ਸੱਜ-ਪਿਛਾਖੜੀ ਤਾਕਤਾਂ ਜ਼ੋਰ ਨਾਲ ਉੱਭਰ ਰਹੀਆਂ ਹਨ। ਇਹਨਾਂ ਹਾਲਤਾਂ ’ਚ ਸੰਸਾਰ ਪ੍ਰੋਲੇਤਾਰੀ ਲਹਿਰ ਲਈ ਵੱਡੀਆਂ ਸੰਭਾਵਨਾਵਾਂ ਤੇ ਓਨੀਆਂ ਹੀ ਤਿੱਖੀਆਂ ਚੁਣੌਤੀਆਂ ਦਰਪੇਸ਼ ਹਨ। ਵਧੇਰੇ ਗੁੰਝਲਦਾਰ ਬਣ ਰਹੇ ਸੰਸਾਰ ਦਿ੍ਰਸ਼ ਅੰਦਰ ਪ੍ਰੋਲੇਤਾਰੀ ਤੇ ਨਵ-ਜਮਹੂਰੀ ਇਨਕਲਾਬਾਂ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਮਜਦੂਰ ਜਮਾਤ ਨੂੰ ਆਪਣੀ ਵਿਗਿਆਨਕ ਵਿਚਾਰਧਾਰਾ ਦੀ ਮਿਸ਼ਾਲ ਨੂੰ ਮਜ਼ਬੂਤੀ ਨਾਲ ਹੱਥਾਂ ’ਚ ਫੜੀ ਰੱਖਣ ਦੀ ਜ਼ਰੂਰਤ ਹੈ। ਇਸ ਵਿਚਾਰਧਾਰਾ ਦੀ ਮਿਸ਼ਾਲ ਨਾਲ ਹੀ ਪੂੰਜੀਵਾਦੀ ਸੰਕਟ ’ਚੋਂ ਉਭਰਨ ਵਾਲੇ ਵਰਤਾਰਿਆਂ ਜਿਵੇਂ ਅੰਤਰ ਸਾਮਰਾਜੀ ਵਿਰੋਧਤਾਈਆਂ ਦੀ ਤਿੱਖ ਨਾਲ ਪੈਦਾ ਹੋਣ ਵਾਲੇ ਹਾਲਾਤਾਂ ਦੀਆਂ ਗੁੰਝਲਾਂ ਨੂੰ ਸਮਝਿਆ ਜਾ ਸਕਦਾ ਹੈ ਤੇ ਅੱਗੇ ਵਧਿਆ ਜਾ ਸਕਦਾ ਹੈ। ਵਿਸ਼ੇਸ਼ ਕਰਕੇ ਪਛੜੇ ਮੁਲਕਾਂ ਅੰਦਰ ਸਾਮਰਾਜੀ ਅਧੀਨਗੀ ਦੇ ਸੰਬੰਧਾਂ ਦਰਮਿਆਨ ਨਵੇਂ ਵਰਤਾਰਿਆਂ ਦੇ ਉਭਰਨ ਨੂੰ ਇਸ ਸਿਧਾਂਤ ਦੀ ਰੌਸ਼ਨੀ ’ਚ ਦੇਖਿਆ ਜਾ ਸਕਦਾ ਹੈ ਤੇ ਇਹਨਾਂ ਅਨੁਸਾਰ ਨੀਤੀਆਂ ਘੜੀਆਂ ਜਾ ਸਕਦੀਆਂ ਹਨ। ਸੰਸਾਰ ਸਾਮਰਾਜੀ ਪ੍ਰਬੰਧ ਦੇ ਨਿਘਾਰਾਂ ਨਾਲ ਜੁੜਕੇ ਪੇਸ਼ ਹੁੰਦੇ ਨਵੇਂ-ਨਵੇਂ ਵਰਤਾਰਿਆਂ ਦਾ ਤੱਤ ਬੁੱਝਣ ਤੇ ਇਹਨਾਂ ਨਾਲ ਸਿੱਝਣ ਲਈ ਵੀ ਮਜ਼ਦੂਰ ਜਮਾਤ ਨੂੰ ਆਪਣੀ ਵਿਗਿਆਨਕ ਵਿਚਾਰਧਾਰਾ ਦੀ ਵਧੇਰੇ ਅਸਰਦਾਰ ਵਰਤੋਂ ਦੀ ਜ਼ਰੂਰਤ ਹੈ। ਬਿਨਾਂ ਸ਼ੱਕ ਇਹ ਸਭ ਕੁੱਝ ਮਜ਼ਦੂਰ ਜਮਾਤ ਨੇ ਆਪਣੀ ਕਮਿ: ਪਾਰਟੀ ਰਾਹੀਂ ਕਰਨਾ ਹੈ। ਅੱਜ ਦੁਨੀਆਂ ਭਰ ’ਚ ਖਿੰਡਾਅ ਦਾ ਸ਼ਿਕਾਰ ਕਮਿ: ਪਾਰਟੀਆਂ ਦੀ ਅਸਰਦਾਰ ਜਥੇਬੰਦੀ ਦਾ ਕਾਰਜ ਮਜ਼ਦੂਰ ਜਮਾਤ ਦਾ ਸਭ ਤੋਂ ਉਭਰਵਾਂ ਕਾਰਜ ਹੈ ਤਾਂ ਕਿ ਉਹ ਕਿਰਤ ਦੀ ਮੁਕਤੀ ਦੇ ਮਹਾਨ ਉਦੇਸ਼ ਲਈ ਜਾਰੀ ਸੰਗਰਾਮ ਨੂੰ ਸਹੀ ਦਿਸ਼ਾ ’ਚ ਅੱਗੇ ਵਧਾ ਸਕੇ। ਸਾਡੇ ਆਪਣੇ ਮੁਲਕ ਅੰਦਰ ਇਹ ਕਾਰਜ ਵਿਸ਼ੇਸ਼ ਮਹੱਤਵ ਅਖਤਿਆਰ ਕਰ ਗਿਆ ਹੈ। ਮੁਲਕ ਅੰਦਰ ਕਮਿ: ਇਨ: ਪਾਰਟੀ ਦੀ ਉਸਾਰੀ ਮਜ਼ਦੂਰ ਜਮਾਤ ਦੇ ਨਾਲ-ਨਾਲ ਹੋਰਨਾਂ ਇਨਕਲਾਬੀ ਜਮਾਤਾਂ ਦਾ ਵੀ ਅਹਿਮ ਸਰੋਕਾਰ ਬਣਦਾ ਹੈ ਕਿਉਂਕਿ ਇਸ ਕਮਿਊਨਿਸਟ ਇਨਕਲਾਬੀ ਪਾਰਟੀ ਦੀ ਅਗਵਾਈ ਵਿਚ ਹੀ ਭਾਰਤ ਦੇ ਨਵ-ਜਮਹੂਰੀ ਇਨਕਲਾਬ ਦਾ ਕਾਰਜ ਸਿਰੇ ਚੜ੍ਹਨਾ ਹੈ।
ਮਈ ਦਿਹਾੜੇ ਮੌਕੇ ਕਿਰਤ ਦੀ ਮੁਕਤੀ ਦੇ ਮਹਾਨ ਮਿਸ਼ਨ ਨੂੰ ਯਾਦ ਕਰਦਿਆਂ ਮਜ਼ਦੂਰ ਜਮਾਤ ਨੂੰ ਆਪਣੀ ਵਿਚਾਰਧਾਰਾ ਮਾਰਕਸਵਾਦ, ਲੈਨਿਨਵਾਦ ਤੇ ਮਾਉ ਵਿਚਾਰਧਾਰਾ ਨੂੰ ਬੁਲੰਦ ਕਰਨਾ ਚਾਹੀਦਾ ਹੈ। ਇਸਦੀ ਤਾਕਤ ਨੂੰ ਉਚਿਆਉਣਾ ਚਾਹੀਦਾ ਹੈ। ਸੰਸਾਰ ਅੰਦਰ ਸਭ ਤੋਂ ਤੇਜ਼ ਤੇ ਤਿੱਖਾ ਚਾਨਣ ਵੰਡਦੀ ਮਿਸ਼ਾਲ ਵਜੋਂ ਇਸਦੀ ਜੈ-ਜੈ ਕਾਰ ਕਰਨੀ ਚਾਹੀਦੀ ਹੈ। ਇਸਦੀ ਰੌਸ਼ਨੀ ’ਚ ਆਪਣੇ ਕਦਮਾਂ ਦੀ ਸੇਧ ਵਿਉਂਤਣੀ ਚਾਹੀਦੀ ਹੈ। ਇਹ ਵਿਚਾਰਧਾਰਾ ਦਾ ਹਥਿਆਰ ਹੀ ਹੈ ਜਿਹੜਾ ਮਜ਼ਦੂਰ ਜਮਾਤ ਨੂੰ ਅਜਿੱਤ ਤਾਕਤ ’ਚ ਬਦਲ ਦਿੰਦਾ ਹੈ। ਮਈ ਦਿਹਾੜਾ ਆਪਣੇ ਰਹਿਨੁਮਾ ਸਿਧਾਂਤ ਨੂੰ ਬੁਲੰਦ ਕਰਨ ਦਾ ਦਿਹਾੜਾ ਵੀ ਹੈ।
( 1 ਮਈ 2023)
ਮਈ ਦਿਹਾੜੇ ਦਾ ਸੰਦੇਸ਼ ਕਿਰਤ ਦੀ ਲੁੱਟ ਦੇ ਖਾਤਮੇ ਲਈ ਸੰਘਰਸ਼ ਖਾਤਰ ਦੁਨੀਆਂ ਭਰ ਦੇ ਕਿਰਤੀ ਲੋਕਾਂ ਦੇ ਏਕੇ ਦਾ ਹੈ। ਹਰ ਤਰ੍ਹਾਂ ਦੀਆਂ ਵੰਡਾਂ ਤੋਂ ਉੱਪਰ ਉੱਠ ਕੇ ਕਿਰਤੀ ਹੋਣ ਵਜੋਂ ਸਾਂਝ ਦਾ ਹੈ। ਅੱਜ ਦੁਨੀਆਂ ਭਰ ਦੀਆਂ ਪਿਛਾਖੜੀ ਤਾਕਤਾਂ ਤੇ ਉਹਨਾਂ ਦਾ ਸਰਗਣਾ ਸੰਸਾਰ ਸਾਮਰਾਜ, ਕਿਰਤੀ ਲੋਕਾਂ ’ਚ ਧਰਮਾਂ, ਜਾਤਾਂ, ਇਲਾਕਿਆਂ ਤੇ ਨਸਲਾਂ ਦੀਆਂ ਵੰਡਾਂ ਨੂੰ ਡੂੰਘਾ ਕਰਨ ’ਤੇ ਲੱਗਿਆ ਹੋਇਆ ਹੈ। ਲੋਕ ਲਹਿਰਾਂ ਅੰਦਰ ਵੀ ਸੌੜੀਆਂ, ਤੰਗ-ਨਜ਼ਰ ਤੇ ਇਲਾਕਾਈ ਪਹੁੰਚਾਂ ਨੂੰ ਹਵਾ ਦੇ ਕੇ ਕਿਰਤੀ ਲੋਕਾਂ ਦੀ ਵਿਸ਼ਾਲ ਏਕਤਾ ਨੂੰ ਖੰਡਤ ਕਰਨ ਦੇ ਯਤਨ ਹੋ ਰਹੇ ਹਨ। ਲੋਕ ਸੰਘਰਸ਼ਾਂ ਅੰਦਰ ਜ਼ਾਹਰ ਹੁੰਦੀਆਂ ਇਹ ਪਹੁੰਚਾਂ ਸੱਜ ਪਿਛਾਖੜੀ ਤਾਕਤਾਂ ਲਈ ਆਪਣੇ ਮਨਸੂਬੇ ਅੱਗੇ ਵਧਾਉਣ ਦਾ ਸਾਧਨ ਵੀ ਬਣਦੀਆਂ ਹਨ।
ਮਈ ਦਿਹਾੜਾ ਮਜ਼ਦੂਰ ਜਮਾਤ ਲਹਿਰ ਨੂੰ ਸੌੜੇ ਇਲਾਕਾਈ ਸ਼ਾਵਨਵਾਦ ਦੇ ਪਰਛਾਵੇਂ ਤੋਂ ਮੁਕਤ ਰੱਖਣ ਦੇ ਸਰੋਕਾਰਾਂ ਨੂੰ ਯਾਦ ਰੱਖਣ ਦਾ ਵੇਲਾ ਵੀ ਹੈ। ਪੰਜਾਬ ਅੰਦਰ ਵੀ ਇਸ ਵੇਲੇ ਸੌੜੀ ਇਲਾਕਾਪ੍ਰਸਤੀ ਤੇ ਫਿਰਕਾਪ੍ਰਸਤੀ ਨੂੰ ਉਭਾਰਿਆ ਜਾ ਰਿਹਾ ਹੈ। ਖਰੀਆਂ ਲੋਕ ਪੱਖੀ ਤਾਕਤਾਂ ਲਈ ਪੰਜਾਬੀ ਕੌਮੀਅਤ ਨਾਲ ਸੰਬੰਧਤ ਮੁੱਦੇ ਉਭਾਰਨ ਵੇਲੇ ਇਸ ਇਲਾਕਾਪ੍ਰਸਤੀ ਤੇ ਫਿਰਕਾਪ੍ਰਸਤੀ ਦੀ ਪਹੁੰਚ ਨਾਲੋਂ ਨਿਖੇੜੇ ਦਾ ਸਰੋਕਾਰ ਬਣਿਆ ਰਹਿਣਾ ਚਾਹੀਦਾ ਹੈ। ਪੰਜਾਬੀ ਕਿਰਤੀ ਲੋਕਾਂ ਦੀ ਮੁਲਕ ਭਰ ਦੇ ਕਿਰਤੀ ਲੋਕਾਂ ਨਾਲ ਤੇ ਉਸ ਤੋਂ ਅੱਗੇ ਸੰਸਾਰ ਭਰ ਦੇ ਕਿਰਤੀ ਲੋਕਾਂ ਨਾਲ ਸਾਂਝ ਦਾ ਸਰੋਕਾਰ ਕਾਇਮ ਰਹਿਣਾ ਚਾਹੀਦਾ ਹੈ। ਪੰਜਾਬੀ ਕੌਮੀਅਤ ਦੇ ਵਿਕਾਸ ਨੂੰ ਸਾਮਰਾਜੀ ਚੋਰ ਗੁਲਾਮੀ ਦੇ ਲੱਗੇ ਹੋਏ ਜਿੰਦੇ ਇਸੇ ਵਿਸ਼ਾਲ ਏਕਤਾ ਦੀ ਚਾਬੀ ਨਾਲ ਖੁੱਲ੍ਹਣੇ ਹਨ ।
---0---