ਅਸੀਂ
ਕਰੋੜਾ ਸਿੰਘ ਨੂੰ ਆਪਣੀ ਕਰਨੀ ’ਚ ਜਿਉਂਦਿਆਂ ਰੱਖਣਾ ਹੈ
ਸ਼ਰਧਾਂਜਲੀ ਸਮਾਗਮ ਮੌਕੇ ਤਕਰੀਰ
ਜਸਪਾਲ
ਜੱਸੀ
ਸਾਥੀ ਕਰੋੜਾ ਸਿੰਘ ਨੂੰ
ਸ਼ਰਧਾਂਜਲੀ ਦੇਣ ਲਈ ਜੁੜੇ ਵੀਰੋ ਅਤੇ ਭੈਣੋਂ, ਕਰੋੜਾ ਸਿੰਘ ਦਾ ਘਾਟਾ ਬਹੁਤ ਵੱਡਾ ਹੈ। ਇਹੋ ਜਿਹੇ ਗੁਣਵਾਨ ਆਗੂ ਲੋਕਾਂ ਦੀਆਂ ਲਹਿਰਾਂ ਦੇ ਕਈ ਦਹਾਕਿਆਂ ਦੇ ਤਜਰਬੇ ਦੀ ਪੈਦਾਵਾਰ ਹੁੰਦੇ ਹਨ। ਇਹੋ ਜਿਹੇ ਆਗੂਆਂ ਦੇ ਖੁੱਸ ਜਾਣ ਪਿੱਛੋਂ ਉਹ ਥਾਂ ਪੂਰੀ ਹੋਣ 'ਚ ਸਮਾਂ ਲਗਦਾ ਹੈ। ਮੇਰੀ ਇੱਕ ਚਿੰਤਾ ਵਧ ਰਹੀ ਹੈ, ਸਾਡੀਆਂ ਲੋਕਾਂ ਦੀਆਂ ਲਹਿਰਾਂ ਫੈਲ ਰਹੀਆਂ ਹਨ,
ਸੰਘਰਸ਼ ਤੇਜ ਹੋ ਰਹੇ ਹਨ, ਹਾਕਮਾਂ ਦੇ ਹਮਲੇ ਵਧ ਰਹੇ ਨੇ, ਚੁਣੌਤੀਆਂ ਵਾਲੇ ਸਮੇਂ ਆ ਰਹੇ ਨੇ। ਇਹਨਾਂ ਵਧ ਰਹੇ ਸੰਘਰਸ਼ਾਂ ਦੇ ਦਰਮਿਆਨ ਨਵੇਂ ਆਗੂ ਪੈਦਾ ਹੋਣ ਦੀ ਰਫ਼ਤਾਰ ਓਨੀ ਨਹੀਂ ਹੈ, ਜਿੰਨੀ ਹੋਣੀ ਚਾਹੀਦੀ ਹੈ। ਜਿੱਥੇ ਜਨਤਾ
ਲਹਿਰਾਂ ਦਾ ਜਿਸਮ ਹੁੰਦੀ ਹੈ, ਆਗੂ ਲੋਕਾਂ ਦੀਆਂ ਲਹਿਰਾਂ ਦੀ ਕੰਗਰੋੜ ਹੁੰਦੇ ਹਨ। ਕੰਗਰੋੜ ਦੇ ਨਵੇਂ ਮਣਕੇ ਲਗਾਤਾਰ ਭਰੇ ਜਾਣ, ਇਹ ਸਾਡੀਆਂ ਲਹਿਰਾਂ ਦੇ, ਇਨਕਲਾਬੀ ਲਹਿਰਾਂ ਦੇ ਗੌਰ ਫਿਕਰ ਦਾ ਮਾਮਲਾ ਹੈ।
ਸਾਥੀ ਕਰੋੜਾ ਸਿੰਘ ਬਾਰੇ
ਗੱਲ ਆਵੇ ਉਹਨਾਂ ਨੇ ਆਪਣੇ ਇਨਕਲਾਬੀ ਵਿਚਾਰਾਂ ਦੀ ਮੁੱਢਲੀ ਗੁੜ੍ਹਤੀ ਆਪਣੇ
ਪਰਿਵਾਰ 'ਚੋ ਹਾਸਲ ਕੀਤੀ। ਭਗਤ ਸਿੰਘ ਨੇ ਵੀ ਇਹ ਗੁੜ੍ਹਤੀ ਆਪਣੇ ਪਰਿਵਾਰ 'ਚੋਂ ਹੀ ਹਾਸਲ ਕੀਤੀ ਸੀ। ਕਾਰਲ ਮਾਰਕਸ ਨੇ ਵੀ ਇਹ ਗੁੜ੍ਹਤੀ ਆਪਣੇ ਪਰਿਵਾਰ 'ਚੋਂ ਹੀ ਹਾਸਲ ਕੀਤੀ ਸੀ। ਉਵੇਂ ਹੀ ਕਰੋੜਾ ਸਿੰਘ ਨੇ ਹਾਸਲ ਕੀਤੀ, ਪਰ ਵਿਸ਼ੇਸ਼ਤਾ ਇਹ ਹੈ ਕਿ ਜਿਵੇਂ ਸ਼ਹੀਦ ਭਗਤ ਸਿੰਘ ਉਸ ਦਾਇਰੇ ਤੱਕ ਸੀਮਤ ਨਹੀਂ ਸੀ ਰਿਹਾ ਜਿੱਥੋਂ ਤੱਕ ਉਸ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਸੀਮਤ ਸਨ। ਇਸੇ ਤਰ੍ਹਾਂ ਕਰੋੜਾ ਸਿੰਘ ਨੇ ਆਪਣੇ ਪਿਤਾ ਤੋਂ ਜੋ ਵਧੀਆ ਸਿੱਖਿਆ, ਚੰਗਾ ਸਿੱਖਿਆ, ਉਹ ਗ੍ਰਹਿਣ ਕਰ ਲਿਆ, ਝੋਲੀ ਪਾ ਲਿਆ, ਪਰ ਜੋ ਉਸ ਵੇਲੇ ਦੀ ਕਮਿਊਨਿਸਟ ਲਹਿਰ ਦੀ ਸੀਮਾ ਸੀ ਉਸ ਸੀਮਾ ਨਾਲ ਕਰੋੜਾ ਸਿੰਘ ਸਮਝੌਤਾ ਨਹੀਂ ਸੀ ਕਰ ਸਕਿਆ, ਕਿਉਂਕਿ ਉਹ ਵਿਦਿਆਰਥੀਆਂ ਦੀ ਇੱਕ ਬਿਲਕੁਲ ਨਵੀਂ
ਕਿਸਮ ਦੀ ਨਵੀਂ ਤਰਜ਼ ਦੀ ਲਹਿਰ ਦੇ ਸੰਪਰਕ 'ਚ ਆਇਆ, ਪੰਜਾਬ ਸਟੂਡੈਂਟਸ ਯੂਨੀਅਨ
ਦੀ ਖਾੜਕੂ ਵਿਦਿਆਰਥੀ ਲਹਿਰ ਦੇ ਸੰਪਰਕ 'ਚ ਆਇਆ, ਜਿਹੜੀ ਪਹਿਲੀਆਂ ਰਵਾਇਤੀ
ਵਲਗਣਾ ਨੂੰ ਤੋੜ ਰਹੀ
ਸੀ। ਜਿਹੜੀ ਵਿਦਿਆਰਥੀ ਜਨਤਾ ਨੂੰ ਇਨਕਲਾਬੀ ਰਸਤੇ 'ਤੇ ਖਿੱਚ ਰਹੀ ਸੀ।
ਸਾਥੀ ਕਰੋੜਾ ਸਿੰਘ ਨੇ ਬਹੁਤ ਛੇਤੀ ਇਹ ਸਮਝ ਲਿਆ ਸੀ ਭਾਰਤ ਦੇ ਲੋਕਾਂ ਦੀ ਮੁਕਤੀ ਦਾ ਰਾਹ ਰਵਾਇਤੀ ਕਮਿਊਨਿਸਟ ਲੀਡਰਸ਼ਿੱਪਾਂ ਕੋਲ ਨਹੀਂ ਹੈ। ਇਹ ਰਾਹ ਉਨ੍ਹਾਂ
ਇਨਕਲਾਬੀਆਂ ਕੋਲ ਹੈ ਜਿਹੜੇ ਮਾਓ-ਜ਼ੇ-ਤੁੰਗ ਦੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ
ਹਨ। ਸਾਥੀ ਕਰੋੜਾ ਸਿੰਘ ਨੇ ਇਸ ਵਿਚਾਰਧਾਰਾ ਦਾ ਪੱਲਾ ਫੜਿਆ ਤੇ ਅਖੀਰ ਤੱਕ
ਇਹਦੇ ਉਤੇ ਪਹਿਰਾ ਦਿੱਤਾ। ਇਹ ਵੱਖਰੀ ਗੱਲ ਹੈ ਕਿ ਸਾਥੀ ਕਰੋੜਾ ਸਿੰਘ ਨੂੰ
ਸੂਝਵਾਨ ਤੇ ਤਜਰਬੇਕਾਰ ਆਗੂ ਦੇ ਤੌਰ 'ਤੇ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਕਿਸੇ ਯੂਨੀਅਨ ਦੀ ਸਟੇਜ 'ਤੇ ਕੀ ਗੱਲ ਕਰਨੀ ਹੈ, ਇਨਕਲਾਬੀ ਜਮਹੂਰੀ ਫਰੰਟ ਦੀ ਸਟੇਜ 'ਤੇ ਕੀ ਗੱਲ ਕਰਨੀ ਹੈ। ਕਿਹੜੇ ਪਲੇਟਫਾਰਮ ਤੋਂ ਕੀ ਗੱਲ ਕਰਨੀ ਹੈ। ਉਹ ਉਹਨਾਂ ਸੀਮਾਵਾਂ ਦਾ ਧਿਆਨ ਰੱਖ ਕੇ ਆਪਣੇ ਵਿਚਾਰਾਂ ਦਾ ਪਰਚਾਰ ਕਰਦਾ ਰਿਹਾ।
1974-75 ਦੇ ਸਮੇਂ ਬੜੀਆਂ ਉਥਲਾਂ-ਪੁਥਲਾਂ ਦੇ ਸਮੇਂ ਸੀ।
ਪੂਰੇ ਮੁਲਕ 'ਚ ਘਮਸਾਣ ਮੱਚਿਆ ਹੋਇਆ ਸੀ। ਪੰਜਾਬ ਦੀ ਧਰਤੀ 'ਤੇ ਮੁਲਾਜਮਾਂ ਦੇ ਵੱਡੇ ਸੰਘਰਸ਼ ਹੋਏ, ਜਿਵੇਂ ਸਾਰੇ ਮੁਲਕ 'ਚ ਹੋ ਰਹੇ ਸੀ। ਉਦੋਂ ਲੋਕਾਂ ਨੇ ਸੰਘਰਸ਼ਾਂ ਦੇ ਜਲਵੇ ਵੀ ਦੇਖੇ, ਪੂਰੇ ਜੋਰ ਨਾਲ ਲੋਕ ਹਰਕਤ 'ਚ ਵੀ ਆਏ। ਪਰ ਲੋਕਾਂ ਨੇ ਖਾਸ ਕਰਕੇ ਪੰਜਾਬ ਦੇ ਮੁਲਾਜਮਾਂ ਨੇ ਉਹਨਾਂ ਦੌਰਾਂ 'ਚ ਬਹੁਤ ਸਦਮੇ ਵੀ ਝੱਲੇ। 21-22 ਫਰਵਰੀ ਦੀ ਹੜਤਾਲ ਦੀ ਵਾਪਸੀ ਇੱਕ ਬਹੁਤ ਵੱਡਾ ਸਦਮਾ ਸੀ। ਇਸ ਤੋਂ ਬਾਅਦ ਡਾਇਰੈਕਟ ਐਕਸ਼ਨ ਦੀ ਵਾਪਸੀ ਇੱਕ ਬਹੁਤ ਵੱਡਾ ਸਦਮਾ ਸੀ। ਮੁਲਾਜ਼ਮ ਬੌਂਦਲੇ, ਭਮੱਤਰੇ, ਉਸ ਦੌਰ 'ਚ ਜਿਹੜੇ ਆਗੂ ਲੋਕਾਂ ਨੂੰ ਇਹ ਦਿਸ਼ਾ ਦਿਖਾਉਣ ਲਈ ਅੱਗੇ ਆਏ ਕਿ ਅਸਲ ਕਾਰਨਾਂ ਨੂੰ ਦੇਖਣ ਦੀ ਲੋੜ ਹੈ। ਰੌਸ਼ਨੀ ਦੀ ਚਿਣਗ ਦਿਖਾਉਣ ਲਈ ਸਾਥੀ ਕਰੋੜਾ ਸਿੰਘ ਤੇ ਉਸ ਦੇ ਸਾਥੀਆਂ ਨੇ ਕਿਹਾ ਕਿ ਜੋ ਸਾਡੇ ਨਾਲ ਵਾਪਰਿਆ ਹੈ, ਇਹ ਇੱਕ ਗਲਤ ਸੋਚ ਦਾ
ਸਿੱਟਾ ਹੈ। ਵਿਅਕਤੀਆਂ ਦਾ ਕਸੂਰ ਨਹੀਂ,
ਕਸੂਰ ਉਹਨਾਂ ਦੀ ਵਿਚਾਰਧਾਰਾ ਦਾ ਹੈ, ਉਹਨਾਂ ਦੀਆਂ ਸੋਚਾਂ ਦਾ ਹੈ। ਸਾਥੀ ਕਰੋੜਾ ਸਿੰਘ ਨੇ ਕਿਹਾ ਕਿ ਇੱਕ
ਪਾਸੇ ਉਹ ਲੋਕ ਨੇ ਜਿਹੜੇ ਹੜਤਾਲਾਂ ਨੂੰ ਰਿਹਾੜ ਸਮਝਦੇ ਨੇ, ਉਹ ਕਹਿੰਦੇ ਨੇ ਜੇ ਮਾਂ ਕੋਲ ਬੱਚਾ ਰਿਹਾੜ ਨਾ ਕਰੇ ਤਾਂ ਉਹ ਦੁੱਧ ਨਹੀਂ ਦਿੰਦੀ, ਇਸੇ ਕਰਕੇ ਉਹਨਾਂ ਵਾਸਤੇ ਇਹ ਸੰਘਰਸ਼ ਜਿੰਦਗੀ ਮੌਤ ਦੀ ਲੜਾਈ ਨਹੀਂ ਹੈ, ਇਹ ਬੱਚੇ ਦਾ ਰਿਹਾੜ ਹੈ, ਜਿਵੇਂ ਮਾਂ ਤੋਂ ਕੁੱਝ ਮੰੰਗਦਾ ਹੈ। ਕਰੋੜਾ ਸਿੰਘ ਨੇ ਕਿਹਾ ਇਹ ਹਕੂਮਤ ਮਾਂ ਨਹੀਂ ਹੈ, ਇਹ ਰਾਜ ਸੱਤ੍ਹਾ ਮਾਂ ਨਹੀਂ ਹੈ, ਇਹ ਲੋਕਾਂ ਦੀ ਦੁਸ਼ਮਣ ਹੈ। ਅੰਤਮ ਮੁਕਤੀ ਵਾਸਤੇ ਇਹ ਉਲਟਾਉਣੀ ਪੈਣੀ ਹੈ। ਜੇ ਇਹਦੇ ਖਿਲਾਫ ਲੜਨਾ ਹੈ ਤਾਂ ਘੋਲ ਲੰਬੇ ਹੋਣਗੇ, ਦ੍ਹਿੜਤਾ ਨਾਲ ਲੜਨੇ ਪੈਣਗੇ, ਘੋਲ ਖਾੜਕੂ ਹੋਣਗੇ। ਇਸ ਤਰ੍ਹਾਂ ਪੰਜਾਬ ਦੀ
ਧਰਤੀ 'ਤੇ ਮੁਲਾਜਮਾਂ ਦੀ ਲਹਿਰ ਦੇ ਵਿਚ ਇਕ ਨਵੇਂ ਦੌਰ ਦਾ ਆਗਾਜ਼ ਹੋਇਆ। ਔਰ ਉਹ ਸੋਚ ਹੈ ਜਿਸ ਨੂੰ ਲੈ ਕੇ ਕਰੋੜਾ ਸਿੰਘ ਸਾਰੀ ਜਿੰਦਗੀ ਤੁਰਦਾ ਰਿਹਾ।
1997 'ਚ ਜਦੋਂ ਪੰਜਾਬ 'ਚ ਵੱਖ ਵੱਖ ਸਿਆਸੀ ਪਾਰਟੀਆਂ ਲੋਕਾਂ ਨੂੰ ਆਪੋ ਆਪਣੇ ਹੋਕੇ ਦੇ ਰਹੀਆਂ ਸਨ ਉਦੋਂ ਸਾਥੀ ਕਰੋੜਾ ਸਿੰਘ ਨੇ ਅਮੋਲਕ ਸਿੰਘ ਤੇ ਲਛਮਣ ਸਿੰਘ ਸੇਵੇਵਾਲਾ ਵਰਗੇ ਆਗੂਆਂ ਨਾਲ ਮਿਲ ਕੇ ਇਨਕਲਾਬ ਜਿੰਦਾਬਾਦ ਰੈਲੀ ਦਾ ਬੀੜਾ ਚੁੱਕਿਆ। ਉਸ ਨੇ ਕਿਹਾ ਕਿ ਹਕੂਮਤਾਂ ਦੀ ਬਦਲੀ ਨਹੀਂ , ਪੂਰੇ ਸੂਰੇ ਢਾਂਚੇ ਦੀ ਬਦਲੀ, ਪੂਰਾ ਸੂਰਾ ਭਗਤ ਸਿੰਘ ਦੇ ਵਿਚਾਰਾਂ ਵਾਲਾ
ਇਨਕਲਾਬ, ਹੇਠਲੀ ਉਤੇ ਕਰਨਾ, ਇਨਕਲਾਬ ਜ਼ਿੰਦਾਬਾਦ ਦਾ ਉਹ ਹੋਕਾ ਸਾਥੀ ਕਰੋੜਾ ਸਿੰਘ ਨੇ ਹਮੇਸ਼ਾ ਆਪਣੇ ਦਿਲ 'ਚ ਵਸਾ ਕੇ ਰੱਖਿਆ। ਤੇ ਪੰਜਾਬ ਦੇ ਇਨਕਲਾਬੀ ਜਨਤਕ ਲਹਿਰਾਂ ਦੇ ਆਗੂਆਂ ਦੀ ਜਿਹੜੀ ਇਹ ਪਰਤ ਹੈ, ਇਸ ਪਰਤ ਦਾ ਪੰਜਾਬ ਦੀ ਧਰਤੀ 'ਤੇ ਆਪੋ ਆਪਣੇ ਖੇਤਰਾਂ 'ਚ ਉਹ ਘੋਲ ਲੜਦੇ ਨੇ ਇਸ ਪਰਤ ਦਾ ਪੰਜਾਬ ਦੀ ਧਰਤੀ 'ਤੇ ਇੱਕ ਸਿਆਸੀ ਰੋਲ ਹੈ,
ਜਦੋਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਮੁਕਾਬਲੇ ਲੋਕਾਂ ਦੀ ਕੋਈ ਉਭਰੀ ਹੋਈ ਸਿਆਸੀ ਧਿਰ ਕਿਸੇ ਸਿਆਸੀ ਪਾਰਟੀ ਦੇ ਰੂਪ 'ਚ ਮੰਚ 'ਤੇ ਨਹੀਂ, ਉਹਨਾਂ ਹਾਲਤਾਂ 'ਚ ਇਹ ਆਗੂ ਸਿਆਸੀ ਸੇਧ ਦੇਣ ਦੇ ਉਸ ਖੱਪੇ ਨੂੰ ਪੂਰਾ ਕਰਦੇ ਰਹੇ ਨੇ। ਖਾਸ
ਕਰਕੇ ਚੋਣਾਂ ਦੇ ਸਮਿਆਂ 'ਚ ਉਹ ਲੋਕਾਂ ਨੂੰ ਸਹੀ ਸੇਧ ਦੇਣ ਵਾਸਤੇ ਅੱਗੇ ਆਉਂਦੇ ਰਹੇ ਹਨ। ਇਹ ਸਾਥੀ ਕਰੋੜਾ ਸਿੰਘ ਦੇ ਵਿਸ਼ੇਸ਼ ਇਨਕਲਾਬੀ ਰੋਲ ਦਾ ਮਹੱਤਵ ਹੈ।
ਬਾਕੀ ਮੈਂ ਬਹੁਤਾ ਸਮਾਂ ਨਾ
ਲੈਂਦਾ ਹੋਇਆ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਕਰੋੜਾ ਸਿੰਘ ਵਿਚ ਕੁੱਝ
ਵਿਸ਼ੇਸ਼ ਗੁਣ ਨੇ ਜਿੰਨ੍ਹਾ ਦੀ ਉਹ ਇੱਕ ਉੱਘੜਵੀਂ ਖਾਸ ਕਰਕੇ ਚਮਕਦੀ ਮਿਸਾਲ
ਸੀ, ਕੋਈ ਵੀ ਕਰੋੜਾ ਸਿੰਘ ਦਾ ਵਿਰੋਧੀ, ਵਿਚਾਰਾਂ ਦਾ ਵਿਰੋਧੀ, ਇਹ ਨਹੀਂ ਕਹਿ ਸਕਦਾ ਕਿ ਉਹਨੇ ਸਲੀਕਾ ਛੱਡਿਆ ਹੈ। ਉਸਨੇ ਕੋਈ ਬਦਸਲੂਕੀ ਕੀਤੀ ਹੈ। ਉਸ ਨੇ ਕਿਸੇ ਦਾ ਦਿਲ ਦੁਖਾਇਆ ਹੈ। ਤੇ ਕਰੋੜਾ ਸਿਘ ਦਾ ਕੋਈ ਸਾਥੀ ਇਹ ਨਹੀਂ ਕਹਿ ਸਕਦਾ ਕਿ ਉਸ ਨੇ ਕੋਈ ਆਪਣਾ ਅਸੂਲ ਛੱਡਿਆ ਹੈ। ਆਪਣੀ ਕੋਈ ਗੱਲ ਪੋਲੀ ਪਤਲੀ ਕੀਤੀ ਹੈ, ਕਦੇ ਵੀ ਕਿਸੇ ਗਲਤ ਵਿਚਾਰ ਦੀ ਅਲੋਚਨਾ ਤੋਂ ਪ੍ਰਹੇਜ ਕੀਤਾ ਹੈ। ਉਸ ਤੋਂ ਉਸ ਦੇ ਸਾਥੀ ਵੀ ਸੰਤੁਸ਼ਟ ਨੇ ਤੇ ਇਸ ਪੱਖੋਂ ਵਿਚਾਰਾਂ ਦੇ ਵਿਰੋਧੀ ਵੀ ਕਾਇਲ ਨੇ, ਇਸ ਗੱਲੋਂ ਕਰੋੜਾ ਸਿੰਘ
ਕਦੇ ਵੀ ਨੀਵਾਂ ਨਹੀਂ ਗਿਆ। ਉਸ ਨੇ ਇਨਕਲਾਬੀ ਟਰੇਡ ਯੂਨੀਅਨ ਲਹਿਰ 'ਚ ਇੱਕ ਮਿਆਰ ਸਥਾਪਤ ਕੀਤੇ ਹਨ, ਜਿੰਨਾ ਆਗੂਆਂ ਰਾਹੀਂ ਕੁੱਝ
ਮਿਆਰ ਬਣਦੇ ਹਨ ਕਰੋੜਾ ਸਿੰਘ ਉਹਨਾ 'ਚੋਂ ਸੀ ।
ਦੂਜੀ ਗੱਲ ਸਾਥੀ ਕਰੋੜਾ ਸਿੰਘ ਦਾ ਵਿਸ਼ੇਸ਼ ਲੱਛਣ ਸੀ ਜਨਤਾ ਦੀ ਆਵਾਜ਼ ਸੁਣਨਾ, ਉਹਨਾਂ ਦੀ ਗੱਲ 'ਤੇ ਕੰਨ ਧਰਨਾ, ਉਹਨਾਂ ਦੀ ਹਰੇਕ ਭਾਵਨਾ ਸਬੰਧੀ ਸੰਵੇਦਸ਼ੀਲ ਹੋਣਾ ਤੇ ਉਹਨਾਂ ਦੇ ਜਜ਼ਬਿਆਂ ਨੂੰ ਆਪਣੀ ਇਨਕਲਾਬੀ ਸੋਚ ਨਾਲ ਜੋੜਨਾ। ਜਨਤਾ ਪ੍ਰਤੀ ਸੰਵੇਦਨਸ਼ੀਲਤਾ ਇਹ ਬਹੁਤ ਵੱਡਾ ਲੱਛਣ ਸੀ ਕਰੋੜਾ ਸਿੰਘ ਦਾ,
ਜਿਵੇਂ ਮਾਓ ਜ਼ੇ-ਤੁੰਗ ਨੇ ਕਿਹਾ ਸੀ ਕਿ ਲੋਕ ਇਤਿਹਾਸ ਦੇ ਸਿਰਜਣਹਾਰ ਹੁੰਦੇ ਹਨ, ਇਹੋ ਜਿਹੀ ਸੰਵੇਦਨਸ਼ੀਲਤਾ ਐਵੇਂ ਨਹੀਂ ਹੁੰਦੀ! ਮਨ 'ਚ ਕਈ ਵਿਚਾਰ ਵਸੇ ਹੁੰਦੇ ਹਨ, ਉਹਨਾਂ 'ਚੋ ਇਹੋ ਜਿਹੀ ਸੰਵੇਦਨਸ਼ੀਲਤਾ ਨਿੱਕਲਦੀ ਹੈ।
ਤੇ ਆਖਰੀ ਗੱਲ ਜਿਹੜੀ ਇੱਥੇ
ਮੇਰੀ ਭੈਣ ਸੁਰਿੰਦਰ ਕੌਰ ਨੇ ਵੀ ਤੇ ਹੋਰਨਾਂ ਸਾਥੀਆਂ ਨੇ ਵੀ ਕਹੀ ਹੈ ਉਹ ਮੈਂ ਕਹਿਣੀ ਚਾਹੁੰਦਾ ਹਾਂ ਕਿ ਸਾਥੀ ਕਰੋੜਾ ਸਿੰਘ ਦਾ ਰੋਮ ਰੋਮ ਕਰਾਂਤੀਕਾਰੀ ਸੀ। ਉਸ ਨੇ ਪੁਰਾਣੇ ਵਿਚਾਰਾਂ ਨਾਲੋਂ ਨਿਖੇੜਾ ਕੀਤਾ। ਬਹੁਤ ਵਾਰੀ ਇਹ ਵਾਪਰਦਾ ਹੈ ਸਾਡੇ ਟਰੇਡ ਯੂਨੀਅਨ ਆਗੂ ਇੱਕ ਹੱਦ ਤੱਕ ਇਕ ਖੇਤਰ ਵਿਚ ਇਨਕਲਾਬੀ ਹੁੰਦੇ ਹਨ, ਪਰ ਪਰਿਵਾਰ ਵਿਚ ਕਦਰਾਂ ਕੀਮਤਾਂ ਦੇ ਮਾਮਲੇ ਵਿਚ ਉਹ ਬਹੁਤੀ ਵਾਰੀ ਇਨਕਲਾਬੀ ਹੋਣ ਦਾ ਪ੍ਰਗਟਾਵਾ ਨਹੀਂ ਕਰਦੇ। ਉਹ ਦਫ਼ਤਰ ਵਿਚ ਜਮਹੂਰੀਅਤ ਮੰਗਦੇ ਐ, ਅਫਸਰਾਂ ਤੋਂ ਡੈਮੋਕਰੇਸੀ ਮੰਗਦੇ ਨੇ, ਪੁਲਸ ਨਾਲ ਜਮਹੂਰੀ ਹੱਕਾਂ ਵਾਸਤੇ ਭਿੜਦੇ ਨੇ ਪਰ, ਘਰ ਵਿਚ ਫੁਰਮਾਨਸ਼ਾਹੀ ਚਲਾਉਂਦੇ ਨੇ। ਪਰ, ਆਪਣੀ ਜੀਵਨ ਸਾਥਣ ਤੇ ਆਪਣੇ ਬਚਿਆਂ ਦੇ ਬਰਾਬਰ ਦੇ ਅਧਿਕਾਰਾਂ ਨੂੰ ਤਸਲੀਮ ਕਰਨਾ, ਉਹਨਾਂ ਨਾਲ ਚੰਗਾ ਸਲੂਕ,
ਉਹ ਵੀ ਰਹਿਮ ਦੇ ਪਾਤਰ ਸਮਝ ਕੇ ਨਹੀਂ . . . ਫਰਕ ਇਹ ਹੈ, ਸਾਥੀ ਕਰੋੜਾ ਸਿੰਘ ਸਿਰਫ਼ ਇਕ ਦਿਆਲੂ ਪਤੀ ਨਹੀਂ ਸੀ। ਸਾਥੀ ਕਰੋੜਾ ਸਿੰਘ ਆਪਣੇ ਜੀਵਨ ਸਾਥੀ ਨੂੰ ਬਰਾਬਰ ਦਾ ਦਰਜਾ ਦੇਣ ਵਾਲਾ ਮਨੁਖ ਸੀ, ਆਪਣੇ ਬੱਚਿਆਂ ਨੂੰ ਬਰਾਬਰ ਦਾ ਦਰਜਾ ਦੇਣ ਵਾਲਾ ਮਨੁੱਖ ਸੀ। ਇਹ ਇਕ
ਬਹੁਤ ਵੱਡਾ ਗੁਣ ਹੈ, ਇਸ ਗੁਣ ਤੋਂ ਬਿਨਾ, ਲੈਨਿਨ ਨੇ ਵੀ ਕਿਹਾ ਹੈ,
ਜੇ ਤੁਸੀਂ ਇਹ ਕਦਰਾਂ ਕੀਮਤਾਂ ਆਪਣੇ ਅੰਦਰ ਨਹੀਂ ਵਸਾਈਆਂ ਤੁਸੀਂ ਪੂਰੇ ਕ੍ਰਾਂਤੀਕਾਰੀ, ਪੂਰੇ ਕਮਿਊਨਿਸਟ ਨਹੀਂ ਬਣੇ,।ਥੋਡੇ 'ਚ ਕੋਈ ਕੱਚ ਕੋਈ ਕਸਰ ਪਈ ਹੈ ਜਿਹੜੀ ਤੁਹਾਨੂੰ ਸਿਆਸੀ ਤੌਰ 'ਤੇ ਵੀ ਥਿੜਕਾ ਸਕਦੀ ਹੈ।। ਇਸ ਗੁਣ ਦਾ ਇੰਨਾ ਵੱਡਾ ਮਹੱਤਵ ਹੈ, ਜਿਹੜਾ ਗੁਣ ਸਾਥੀ ਕਰੋੜਾ ਸਿੰਘ ਦੇ ਵਿਚ ਮੌਜੂਦ ਸੀ।।ਅਗਲੀ ਗੱਲ ਇਹ ਹੈ ਕਿ ਇਨਕਲਾਬੀ ਲਹਿਰ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ,।ਅਸੀਂ ਮੁਜ਼ਾਹਰਿਆਂ 'ਚ ਵੀ ਜਾਂਦੇ ਹਾਂ, ਰੈਲੀਆਂ ਵਿਚ ਵੀ ਜਾਂਦੇ ਹਾਂ, ਪਰ ਅਸੀਂ ਕਿਸੇ ਦੇ ਘਰ ਵਿਚ ਮੀਟਰ ਲਾਉਣ ਗਏ
ਅਸੀਂ 100-200 ਰੁਪਏ ਜੇਬ 'ਚ ਪਾ ਕੇ ਪਰਤ ਆਉਂਦੇ ਹਾਂ,।ਸਾਥੀ ਕਰੋੜਾ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀ ਲਾਗ ਸਾਡੀ ਕਮਜੋਰੀ ਹੈ, ਇਸ ਦੇ ਰਾਹੀਂ ਦੁਸ਼ਮਣ ਸਾਡੇ ਅੰਦਰ ਦਾਖਲ ਹੁੰਦਾ ਹੈ।। ਇਹ ਭ੍ਰਿਸ਼ਟਾਚਾਰ ਮਜਬੂਰੀ ਪੈਦਾ ਕਰਦਾ ਹੈ, ਅਫਸਰਾਂ ਨਾਲ ਬਣਾ ਕੇ ਰੱਖਣ ਦੀ,।ਇਹ ਸਾਡੇ 'ਚ ਕਰੁਚੀ ਪੈਦਾ ਕਰਦਾ ਹੈ,
ਇਹ ਤੁਹਾਡੇ 'ਚ ਕਰੁਚੀ ਪੈਦਾ ਕਰਦਾ ਹੈ। ਯੂਨੀਅਨ ਦੇ ਸਿਰ 'ਤੇ ਡਿਊਟੀ ਨਾ ਜਾਣ ਦੀ। ਆਪਣੇ ਖੇਤਾਂ ਦੇ ਕੰਮ ਕਰਨੇ, ਤਨਖਾਹਾਂ ਜੇਬ 'ਚ ਪਾਉਣੀਆਂ।।ਇਸ ਭ੍ਰਿਸ਼ਟਾਚਾਰ ਦੀ ਲਾਗ ਖਿਲਾਫ ਲੜਾਈ ਤੋਂ ਬਿਨਾਂ ਦੁਸ਼ਮਣ ਖਿਲਾਫ ਲੜਾਈ ਨਹੀਂ ਲੜੀ ਜਾ ਸਕਦੀ। ਇਹ ਗੱਲ ਕਰੋੜਾ ਸਿੰਘ ਨੇ ਪੱਲੇ ਬੰਨ੍ਹੀ ਹੋਈ ਸੀ।ਤੇ ਹੋਰਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ,
ਸੋ ਇਹੋ ਜਿਹੇ ਕੀਮਤੀ ਗੁਣਾਂ ਵਾਲਾ ਆਗੂ ਸਾਡੇ ਵਿਚੋਂ ਚਲਾ ਗਿਆ। ਸਾਰੇ ਕਾਰਕੁਨਾਂ ਨੇ ਸਭਨਾ ਨੇ ਰਲ ਕੇ ਅਸੀਂ ਉਹਦੀ ਥਾਂ ਪੂਰੀ ਕਰਨੀ ਹੈ।ਔਰ ਸਾਨੂੰ ਵਿਸ਼ਵਾਸ਼ ਵੀ ਹੈ ਕਿ ਜਿੰਨੇ ਜੋਰ ਨਾਲ ਅਸੀਂ ਉਹਦੇ ਵਿਚਾਰਾਂ ਨੂੰ ਪੱਲੇ ਬੰਨ੍ਹ ਕੇ ਗ੍ਰਹਿਣ ਕਰਾਂਗੇ, ਉਹਦੇ ਇਸ ਇਰਾਦੇ ਨੂੰ ਜਦੋਂ ਉਹ ਮੁੱਕਾ ਤਾਣ ਕੇ ਜਾਂਦਾ ਹੋਇਆ ਸਾਨੂੰ ਸਲਾਮ ਕਰਕੇ ਗਿਆ ਹੈ।।ਕਰੋੜਾ ਸਿੰਘ ਸਾਡੇ ਵਿਚ ਵਿਸ਼ਵਾਸ਼ ਪ੍ਰਗਟ ਕਰਕੇ ਗਿਆ ਹੈ ਕਿ ਮੈਨੂੰ ਯਕੀਨ ਹੈ ਕਿ ਤੁਸੀਂ ਪਿੱਛੇ ਨਹੀਂ ਹਟੋਗੇ, ਤੁਸੀਂ ਜੋ ਮੈਂ ਚਾਹੁੰਦਾ ਸੀ, ਉਸ ਨੂੰ ਸਾਕਾਰ
ਕਰੋਗੇ। ਸੋ ਅੱਜ ਉਹਦੇ ਆਖਰੀ ਵੇਲੇ ਦੇ ਤਣੇ ਹੋਏ ਮੁੱਕੇ ਦੀ ਵੰਗਾਰ
ਨੂੰ ਦਿਲਾਂ ਵਿਚ ਵਸਾ
ਕੇ ਆਪਾਂ ਤੁਰਨਾ ਹੈ।ਤੇ ਕਰੋੜਾ ਸਿੰਘ ਨੂੰ ਆਪਣੇ ਅਮਲਾਂ 'ਚ, ਆਪਣੀ ਕਰਨੀ 'ਚ ਜਿਉਂਦੇ ਰੱਖਣਾ ਹੈ।।ਕਰੋੜਾ ਸਿੰਘ ਸਦਾ ਅਮਰ ਰਹੇਗਾ, ਇਨਕਲਾਬੀ ਲਹਿਰ ਸਦਾ ਅੱਗੇ ਵਧੇਗੀ ਔਰ
ਸਾਥੀ ਕਰੋੜਾ ਸਿੰਘ ਦਾ ਪਰਿਵਰ ਇਸੇ ਤਰ੍ਹਾਂ ਇਨਕਲਾਬੀ ਲਹਿਰ ਦੀ ਬੁੱਕਲ 'ਚ ਰਹੂਗਾ।
----------------0------------
ਘਾਲਣਾ ਰਾਹ ਦਰਸਾਵੇ ਦਾ ਕੰਮ ਕਰਦੀ ਹੈ – ਗੁਰਿਦਆਲ ਭੰਗਲ
ਸਾਥੀ ਕਰੋੜਾ ਸਿੰਘ ਨਾਲ, ਜਦੋਂ ਮੈਂ ਸਾਥੀ ਲੋਹੀਆਂ ਦੀ ਪ੍ਰੇਰਣਾ ਸਦਕਾ ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਲੀਡਰਸ਼ਿਪ ਵਿੱਚ ਆਇਆ, ਮੈਂ ਸਾਥੀ ਦਾ ਪ੍ਰਭਾਵ ਉਸ ਸਮੇਂ ਤੋਂ ਜਦੋਂ
ਪਹਿਲੀ ਕਾਨਫਰੰਸ ਹੋਈ ਹੈ ਉਦੋਂ ਤੋਂ ਕਬੂਲਣਾ ਸ਼ੁਰੂ ਕਰ ਦਿੱਤਾ ਸੀ। ਇਹ ਸਾਥੀ ਬਹੁਤ ਸਿਦਕਦਿਲੀ ਵਾਲਾ ਬਹੁਤ ਠਰ੍ਹੰਮੇ ਵਾਲਾ, ਵਿਚਾਰਾਂ ਦੇ ਉੱਤੇ ਪਰਪੱਕ, ਇੱਕ ਨਿਹਚਾਵਾਨ ਸਾਥੀ ਦੇ ਤੌਰ 'ਤੇ ਮੇਰੇ ਦਿਲ ਦੇ ਉੱਤੇ ਉਸ ਸਾਥੀ ਦੀ ਛਾਪ ਲੱਗੀ
ਹੈ। ਜਦੋਂ ਸਾਥੀ ਯੂਨੀਅਨ ਦੇ ਵਿਚੋਂ ਵਿਦਾਅ ਹੋ ਕੇ ਗਿਆ, ਉਦੋਂ ਮੈਨੂੰ ਇਉਂ ਲੱਗਦਾ ਸੀ ਕਿ ਸਾਡੇ ਸਿਰ ਦੇ ਉਤੋਂ ਸਾਇਆ ਉੱਠ ਗਿਆ, ਜਿਹੜਾ ਅਗਵਾਈ ਮੁਹੱਈਆ ਕਰਨ ਵਾਸਤੇ ਸਮੇਂ ਸਮੇਂ ਸਿਰ ਸਾਡੇ ਸਿਰ ਉੱਤੇ ਹੱਥ ਰੱਖਦਾ ਸੀ, ਹੁਣ ਉਹ ਸਹਾਰਾ ਨਹੀਂ ਮਿਲਣਾ। ਅੰਤ ਉਹ ਸਾਡੇ ਕੋਲੋਂ ਸਦਾ ਲਈ ਵਿੱਛੜ ਚੁੱਕਿਆ, ਇਹਦੇ ਬਾਵਜੂਦ ਸਾਥੀ ਦੀਆਂ ਕੁਝ ਯਾਦਾਂ, ਸਾਥੀ ਦੀ ਪਿਛਲੇ ਚਾਲੀ ਸਾਲਾਂ ਵਿੱਚ ਕੀਤੀ
ਘਾਲਣਾ, ਜਿਹੜੀ ਸਾਡੇ ਰਾਹ ਦਰਸਾਵੇ ਦਾ ਕੰਮ ਕਰਦੀ ਹੈ, ਅੱਜ ਵੀ ਉਹ ਜਿਉਂਦੀ ਜਾਗਦੀ ਹੈ। ਉਸ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ। ਉਸ ਤੋਂ ਪ੍ਰੇਰਣਾ ਲੈ ਕਿ ਉਸ ਮੰਜ਼ਿਲ 'ਤੇ ਅੱਗੇ ਵਧਣ ਦੀ ਲੋੜ ਹੈ। ਜਦੋਂ ਮੈਂ ਸਾਥੀ ਨੂੰ ਮਿਲਿਆ, ਉਹਤੋਂ ਬਾਅਦ ਚਾਹੇ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਅੰਦਰ ਕੁਝ ਵਖਰੇਵਿਆਂ ਦੇ ਬਾਵਜੂਦ, ਬਹੁਤ ਸਾਰੇ ਸਮੇਂ ਦੇ ਉੱਤੇ ਅਸੀਂ ਇਕੱਠੇ ਕੰਮ
ਕਰਦੇ ਰਹੇ ਹਾਂ, ਇੱਕ ਵਿਚਾਰ ਮੁਤਾਬਕ ਕੰਮ ਕਰਦੇ ਰਹੇ ਹਾਂ।
1995 ਦੇ ਵਿੱਚ ਜਦੋਂ ਅਸੀਂ ਇਨਕਲਾਬੀ ਜਮਹੂਰੀ ਫਰੰਟ 'ਚ ਇਕੱਠੇ ਹੋਏ, ਉਦੋਂ ਸਾਮਰਾਜੀ ਆਰਥਿਕ ਧਾਵਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਤੇਜ਼ ਕੀਤਾ
ਹੋਇਆ ਸੀ। ਬਿਜਲੀ ਬੋਰਡ ਦੇ ਨਿੱਜੀਕਰਨ ਤੇ ਨਿਗਮੀਕਰਨ ਦਾ ਫੈਸਲਾ ਕੀਤਾ ਹੋਇਆ ਸੀ। ਹਿੰਦੁਸਤਾਨ ਦੇ ਕੁਝ ਬਿਜਲੀ ਬੋਰਡਾਂ ਨੂੰ ਭੰਗ ਕਰਕੇ ਨਿਗਮਾਂ ਦੇ ਵਿੱਚ ਤਬਦੀਲ ਕੀਤਾ ਜਾ ਚੁੱਕਾ ਸੀ। ਪੰਜਾਬ ਰਾਜ ਬਿਜਲੀ ਬੋਰਡ ਦੇ ਉੱਤੇ ਵੀ ਇਹ ਤਲਵਾਰ ਮੰਡਲਾਉਂਦੀ ਸੀ। ਨਿਗਮੀਕਰਨ ਨਿੱਜੀਕਰਨ ਦੀ ਮਾਰ ਕਿੰਨ੍ਹਾਂ ਲੋਕਾਂ ਉੱਤੇ ਪੈਣੀ ਹੈ, ਇਹ ਸਾਥੀ ਜੋ ਵਿਚਾਰ ਲੈ ਕੇ ਆਇਆ ਲੰਬੀ ਕਨਵੈਨਸ਼ਨ ਤੋਂ ਆਇਆ ਸੀ। ਉਹ ਵਿਚਾਰ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਅੰਦਰ ਵੀ ਲਾਗੂ ਹੋਣ ਯੋਗ ਸੀ ਕਿਉਂਕਿ ਉਹ ਵਿਚਾਰ ਇਹ ਕਹਿੰਦਾ ਸੀ ਕਿ ..... ਜੇ ਮਜ਼ਦੂਰ ਜਮਾਤ ਨੇ ਮੁਕਤ ਹੋਣਾ ਹੈ ਤਾਂ ਉਹਨੂੰ ਇੱਕ ਨੰਬਰ 'ਤੇ ਸਾਂਝੇ ਸੰਘਰਸ਼ ਕਰਨੇ ਪੈਣੇ ਆ, ਦੂਸਰੇ ਨੰਬਰ 'ਤੇ ਸੰਘਰਸ਼ ਦੀਆਂ ਲਛਮਣ ਰੇਖਾਵਾਂ ਤੋਂ ਅੱਗੇ ਵਧ ਕੇ ਸੰਘਰਸ਼ ਸਰਕਾਰ ਦੀ, ਹਾਕਮ ਜਮਾਤਾਂ ਦੀ ਸਿਰਦਰਦੀ ਬਣਾਉਣੇ ਪੈਣੇ ਆ, ਸਰਕਾਰਾਂ ਨਾਲ ਸਮਝੌਤਾ ਰਹਿਤ ਘੋਲ ਅੱਗੇ ਵਧਾਉਣੇ ਪੈਣੇ ਆ। ..... ਅੱਜ ਜਦ ਕਰੋੜਾ ਸਿੰਘ ਸਾਡੇ ਵਿੱਚ ਨਹੀਂ ਹੈ, ਉਹ ਸਾਡੇ ਕੋਲÎੋਂ ਸਦਾ ਸਦਾ ਲਈ ਵਿੱਛੜ ਗਿਆ ਹੈ, ਸਮੁੱਚੇ ਹਿੰਦੁਸਤਾਨ ਦੇ ਅੰਦਰ ਆਰਥਿਕ ਹੱਲਾ, ਪਹਿਲੇ ਕਿਸੇ ਵੀ ਸਮੇਂ ਨਾਲੋਂ ਤਿੱਖਾ ਹੋਇਆ ਹੈ। ....
ਸਾਮਰਾਜੀ ਹਾਕਮਾਂ ਖਿਲਾਫ਼ ਜੋ ਜੰਗ ਭਗਤ ਸਿੰਘ ਹੁਰਾਂ ਵੱਲੋਂ ਸ਼ੁਰੂ ਕੀਤੀ ਗਈ ਸੀ, ਜਿਸ ਜੰਗ ਵਿੱਚ ਕਰੋੜਾ ਸਿੰਘ ਵਰਗੇ, ਲੰਬੀ ਵਰਗੇ ਸਾਥੀਆਂ ਨੇ
ਹਿੱਸਾ ਪਾਇਆ, ਉਸ ਜੰਗ ਨੂੰ ਹੋਰ ਅੱਗੇ ਲਿਜਾਣ ਦੀ ਲੋੜ ਹੈ। ਇਸ ਜੰਗ ਦੇ ਵਿੱਚ ਸਾਡੀਆਂ
ਭੈਣਾਂ ਨੂੰ, ਸਾਡੇ ਭਰਾਵਾਂ ਨੂੰ, ਸਾਡੇ ਬੱਚਿਆਂ ਨੂੰ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਰਹਿਣ ਦੀ ਲੋੜ ਹੈ।
(ਸ਼ਰਧਾਂਜਲੀ ਸਮਾਗਮ ਮੌਕੇ ਤਕਰੀਰ 'ਚੋਂ ਸੰਖੇਪ)
No comments:
Post a Comment