ਜਬਰੀ ਜ਼ਮੀਨ ਐਕਵਾਇਰ ਕਰਨ ਵਿਰੁੱਧ ਕਿਸਾਨ ਤੇ ਖੇਤ ਮਜ਼ਦੂਰ ਸੰਘਰਸ਼ ਦੇ ਰਾਹ 'ਤੇ
—ਪੱਤਰਕਾਰਾਂ ਵੱਲੋਂ
ਵੱਡਾ ਹਮਲਾ
ਪੰਜਾਬ ਦੇ ਮਾਲਵਾ ਖੇਤਰ ਵਿੱਚ ਕਿਸਾਨਾਂ ਤੋਂ ਜਬਰੀ ਜ਼ਮੀਨਾਂ ਐਕਵਾਇਰ ਕਰਨ ਦਾ ਮੁੱਦਾ ਇੱਕ ਵਾਰ ਫੇਰ ਉੱਭਰ ਕੇ ਸਾਹਮਣੇ ਆ ਚੁੱਕਾ ਹੈ। ਮਾਨਸਾ ਜ਼ਿਲ੍ਹੇ ਵਿੱਚ ਬੁਢਲਾਡਾ ਬਲਾਕ ਦੇ ਪਿੰਡ ਗੋਬਿੰਦਪੁਰਾ, ਜਲਵੇੜੀ, ਸਿਰਸੀਵਾਲਾ ਤੇ ਬਰੇਟਾ ਵਿਖੇ 925 ਏਕੜ, ਮੁਕਤਸਰ ਜ਼ਿਲ੍ਹੇ ਵਿੱਚ ਗਿੱਦੜਬਾਹਾ ਬਲਾਕ ਦੇ ਪਿੰਡ ਥੇਹੜ੍ਹੀ, ਘੱਗਾ ਤੇ ਬਬਾਣੀਆਂ ਵਿਖੇ 2004 ਏਕੜ ਅਤੇ 100 ਏਕੜ ਦੇ ਕਰੀਬ ਮਜ਼ਦੂਰ ਬਸਤੀ ਵਾਲੀ ਜਗਾ ਤੇ ਬਠਿੰਡਾ ਜ਼ਿਲ੍ਹੇ ਦੇ ਕੋਟ ਸ਼ਮੀਰ ਨਾਲ ਲੱਗਦੇ ਪਿੰਡਾਂ 'ਚ 1200 ਏਕੜ ਦੇ ਕਰੀਬ ਜ਼ਮੀਨ ਥਰਮਲ ਪਲਾਟਾਂ ਲਈ ਐਕਵਾਇਰ ਕਰਨ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਕਬਜ਼ਾ ਲੈਣ ਦੀ ਕਾਰਵਾਈ ਵੱਲ ਵਧਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਠਿੰਡਾ ਦੇ ਹੀ ਰਾਮਾਮੰਡੀ ਅਤੇ ਰਿਫਾਇਨਰੀ ਦੇ ਘੇਰੇ 'ਚ ਪੈਂਦੇ 41 ਪਿੰਡਾਂ ਦੀ 1 ਲੱਖ 37 ਹਜ਼ਾਰ 500 ਏਕੜ ਜ਼ਮੀਨ ਸਨਅੱਤੀ ਜ਼ੋਨ ਲਈ ਐਲਾਨ ਕੀਤੀ ਜਾ ਚੁੱਕੀ ਹੈ।
ਜਬਰੀ ਜ਼ਮੀਨਾਂ ਖੋਹਣ ਦੇ ਇਸ ਸਰਕਾਰੀ ਹੱਲੇ ਨੇ ਜਿਥੇ ਇਸਦੀ ਮਾਰ ਹੇਠ ਆਏ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਬਿਪਤਾ ਖੜ੍ਹੀ ਕਰ ਦਿੱਤੀ ਹੈ, ਉਥੇ ਉਹਨਾਂ 'ਚ ਰੋਸ ਤੇ ਗੁੱਸੇ ਨੂੰ ਜਨਮ ਦੇ ਕੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣ ਲਈ ਵੀ ਮਜਬੂਰ ਕਰ ਦਿੱਤਾ ਹੈ। ਜ਼ਿਲ੍ਹਾ ਬਠਿੰਡਾ ਦੇ 41 ਪਿੰਡਾਂ ਦੀ ਜ਼ਮੀਨ ਨੂੰ ਸਨਅੱਤੀ ਜ਼ੋਨ ਐਲਾਨੇ ਜਾਣ ਅਤੇ ਇਸਦਾ ਮਾਸਟਰ ਪਲਾਨ ਤਿਆਰ ਹੋ ਕੇ, ਬਣ ਚੁੱਕੇ ਨਕਸ਼ਿਆਂ ਦੀਆਂ ਖਬਰਾਂ ਆਉਣ ਨਾਲ ਪਿੰਡਾਂ ਵਿੱਚ ਹਾਹਾਕਾਰ ਮੱਚ ਗਈ। ਉਜਾੜੇ ਦੀ ਚਿੰਤਾ ਲੋਕਾਂ ਦੀ ਨੀਂਦ ਹਰਾਮ ਕਰਨ ਲੱਗੀ।
‘ਟਾਕਰੇ ਦਾ ਝੰਡਾ ਬੁਲੰਦ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਕਮੇਟੀ ਨੇ ਇਹਨਾਂ ਪਿੰਡਾਂ ਦੇ ਲੋਕਾਂ ਦੀ ਸਾਰ ਲੈਣ ਲਈ ਵਿਸ਼ੇਸ਼ ਦਿਲਚਸਪੀ ਦਿਖਾਈ। ਜ਼ਿਲ੍ਹਾ ਕਮੇਟੀ ਵੱਲੋਂ ਵਿਸ਼ੇਸ਼ ਪ੍ਰਬੰਧ ਕਰਕੇ ਪਿੰਡ ਪਿੰਡ ਯੂਨੀਅਨ ਵਰਕਰਾਂ ਦੀਆਂ ਟੀਮਾਂ ਭੇਜੀਆਂ ਗਈਆਂ, ਜਿਹਨਾਂ ਨੇ ਪਿੰਡਾਂ ਦੇ ਲੋਕਾਂ ਦੀਆਂ ਮੀਟਿੰਗਾਂ ਕਰਵਾ ਕੇ ਉਹਨਾਂ ਦੀਆਂ ਗੱਲਾਂ ਸੁਣੀਆਂ ਅਤੇ ਰਿਪੋਰਟਾਂ ਇਕੱਠੀਆਂ ਕੀਤੀਆਂ। ਸਾਰੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੇ ਜ਼ਮੀਨਾਂ ਦੇਣ ਤੋਂ ਇਨਕਾਰ ਕਰਦੇ ਹੋਏ, ਜ਼ਮੀਨਾਂ ਦੀ ਰਾਖੀ ਲਈ ਲੜਨ ਦੇ ਇਰਾਦੇ ਪ੍ਰਗਟਾਏ। ਇਸ 'ਤੇ ਸਭਨਾਂ ਪਿੰਡਾਂ ਵਿੱਚ ਕਮੇਟੀਆਂ ਦਾ ਗਠਨ ਕੀਤਾ ਗਿਆ ਅਤੇ ਇਲਾਕੇ ਵਿੱਚ ਝੰਡਾ ਮਾਰਚ ਕੀਤਾ ਗਿਆ।
ਪਿੰਡ ਪਿੰਡ ਹੋ ਰਹੀ ਜਨਤਕ ਲਾਮਬੰਦੀ ਤੋਂ ਬੁਖਲਾ ਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸਨੇ ਇਲਾਕੇ ਵਿੱਚ ਅਫਵਾਹਾਂ ਫੈਲਾਈਆਂ ਕਿ ਯੂਨੀਅਨ ਵਾਲੇ ਐਵੇਂ ਲੋਕਾਂ ਨੂੰ ਭੜਕਾ ਰਹੇ ਹਨ। ਪਰ ਉਸਦੇ ਇਹਨਾਂ ਹੱਥਕੰਡਿਆਂ ਨੂੰ ਫਲ ਨਾ ਪਿਆ।
ਇਸ ਦੌਰਾਨ ਹੀ ਜ਼ਮੀਨਾਂ ਬਚਾਉਣ ਦੇ ਇਸ ਸੰਘਰਸ਼ ਨੂੰ ਸਾਂਝੇ ਤੌਰ 'ਤੇ ਲੜਨ ਦਾ ਫੈਸਲਾ ਹੋ ਗਿਆ। ਸਿੱਟੇ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਸਾਂਝੇ ਤੌਰ 'ਤੇ ਪੱਕਾ ਕਲਾਂ ਪਿੰਡ ਵਿਖੇ ਇੱਕ ਵਿਸ਼ਾਲ ਕਿਸਾਨ ਕਾਨਫਰੰਸ ਕੀਤੀ ਗਈ। 26 ਮਾਰਚ ਨੂੰ ਹੋਈ ਇਸ ਕਾਨਫਰੰਸ ਵਿੱਚ 2000 ਦੇ ਕਰੀਬ ਕਿਸਾਨ ਮਰਦਾਂ ਔਰਤਾਂ ਸ਼ਾਮਲ ਹੋਏ।
ਕਿਸਾਨਾਂ ਦੇ ਵਧ ਰਹੇ ਰੋਸ ਨੂੰ ਭਾਂਪਦਿਆਂ ਮੁੱਖ ਮੰਤਰੀ ਤੇ ਉੱਪ-ਮੁੱਖ ਮੰਤਰੀ ਨੂੰ ਕਿਸਾਨਾਂ ਨਾਲ ਛਲਾਵੇ ਦੀ ਖੇਡ 'ਤੇ ਉੱਤਰਦੇ ਹੋਏ ਇਹ ਬਿਆਨ ਦੇਣ ਲਈ ਮਜਬੂਰ ਹੋਣਾ ਪਿਆ ਕਿ ਸਨਅੱਤੀ ਜ਼ੋਨ ਲਈ ਸਰਕਾਰ ਜ਼ਮੀਨ ਐਕਵਾਇਰ ਨਹੀਂ ਕਰੇਗੀ। ਮੁੱਖ ਮੰਤਰੀ ਦੇ ਕਹਿਣ ਦਾ ਅਰਥ ਇਹ ਹੈ ਕਿ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਵਿੱਚ ਸਰਕਾਰ ਵੱਖ ਵੱਖ ਢੰਗਾਂ ਰਾਹੀਂ ਗੁੱਝੇ ਰੂਪ ਵਿੱਚ ਰੋਲ ਨਿਭਾਵੇਗੀ ਅਤੇ ਪਰਦੇ ਦੇ ਪਿੱਛੇ ਰਹਿਣ ਦੀ ਕੋਸ਼ਿਸ਼ ਕਰੇਗੀ, ਜ਼ਾਹਰਾ ਤੌਰ 'ਤੇ ਆਹਮੋ-ਸਾਹਮਣੇ ਸਨਅੱਤੀ ਘਰਾਣੇ ਅਤੇ ਕਿਸਾਨਾਂ ਦੇ ਵਾਰਤਾਲਾਪ ਹੋਣਗੇ।
ਜ਼ਿਲ੍ਹਾ ਮਾਨਸਾ ਦੇ ਬੁਢਲਾਡਾ ਬਲਾਕ ਵਿੱਚ ਪ੍ਰਾਈਵੇਟ ਕੰਪਨੀ ਲਈ ਜ਼ਮੀਨ ਐਕਵਾਇਰ ਕਰਨ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਅਗਵਾਈ ਵਿੱਚ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾ ਰਿਹਾ ਹੈ। ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਬਾਅਦ ਪਿੰਡਾਂ ਦੇ ਕਿਸਾਨਾਂ ਵੱਲੋਂ ਐਸ.ਡੀ.ਐਮ. ਦਫਤਰ ਅੱਗੇ ਧਰਨਾ ਦਿੱਤਾ ਗਿਆ। ਕੁੱਝ ਦਿਨਾਂ ਬਾਅਦ ਐਸ.ਡੀ.ਐਮ. ਦਫਤਰ ਦਾ ਘੇਰਾਓ ਕੀਤਾ ਗਿਆ ਅਤੇ ਬਰੇਟਾ ਤੇ ਬੁਢਲਾਡਾ ਵਿਖੇ ਟਰੈਫਿਕ ਜਾਮ ਕੀਤੇ ਗਏ। ਤਹਿਸੀਲਦਾਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ ਕਿ ਲੋਕ ਜ਼ਮੀਨ ਨਹੀਂ ਦੇਣਾ ਚਾਹੁੰਦੇ। ਪਰ ਇਸਦੇ ਦੇ ਬਾਵਜੂਦ ਜਦੋਂ ਕੁਝ ਕੁ ਛੋਟੇ ਕਿਸਾਨਾਂ ਨੂੰ ਚੈੱਕ ਵੰਡ ਕੇ ਸੰਘਰਸ਼ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਢਾਈ-ਤਿੰਨ ਸੌ ਦੇ ਕਰੀਬ ਮਰਦ ਔਰਤਾਂ ਵੱਲੋਂ ਇਲਾਕੇ ਦੇ ਪਿੰਡਾਂ ਵਿੱਚ ਸਰਕਾਰ ਦੀ ਅਰਥੀ ਘੁਮਾ ਕੇ ਐਸ.ਡੀ.ਐਮ. ਦਫਤਰ ਅੱਗੇ ਸਾੜ ਕੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ।
ਇਸ 'ਤੇ ਪ੍ਰਸਾਸ਼ਨ ਵੱਲੋਂ ਲੋਕਾਂ ਵਿੱਚ ਦਹਿਸ਼ਤ ਪਾ ਕੇ ਉਹਨਾਂ ਨੂੰ ਚੁੱਪ ਕਰਵਾਉਣ ਦੇ ਮਕਸਦ ਨਾਲ ਗੋਬਿੰਦਪੁਰਾ ਪਿੰਡ ਵਿੱਚ ਪੁਲਸ ਦੀ ਭਾਰੀ ਨਫਰੀ ਨਾਲ ਮਾਰਚ ਕੀਤਾ ਗਿਆ, ਜਿਸ ਨੂੰ ਤੁਰੰਤ ਹਰਕਤ ਵਿੱਚ ਆਏ ਲੋਕਾਂ ਵੱਲੋਂ ਚਕਨਾਚੂਰ ਕੀਤਾ ਗਿਆ।
ਮੰਗਾਂ ਦੇ ਨਿਤਾਰੇ ਲਈ ਚਰਚਾ
ਅੱਜ ਕੱਲ੍ਹ ਜ਼ਮੀਨਾਂ ਦੇ ਰੇਟ ਵਧੇ ਹੋਣ ਕਰਕੇ ਗਿੱਦੜਬਾਹਾ ਇਲਾਕੇ ਦੇ ਲੋਕਾਂ ਨੂੰ ਸਰਕਾਰ ਵੱਲੋਂ ਪ੍ਰਤੀ ਕਿੱਲਾ ਦਿੱਤੇ ਜਾ ਰਹੇ 21-22 ਲੱਖ ਰੁਪਏ ਨਾਲ ਵੀ ਬਰਾਬਰ ਦੀ ਜ਼ਮੀਨ ਨਾ ਬਣਨ ਕਰਕੇ ਪਿੰਡ ਥੇਹੜੀ, ਘੱਗਾ ਤੇ ਬਬਾਣੀਆਂ ਦੇ ਕਿਸਾਨਾਂ ਵੱਲੋਂ ਪਿੰਡ ਦੇ ਬੱਸ ਅੱਡੇ 'ਤੇ ਲਗਾਤਾਰ ਧਰਨਾ ਸ਼ੁਰੂ ਕਰਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ। ਇਸ ਤੋਂ ਬਾਅਦ ਸੰਘਰਸ਼ ਕਮੇਟੀ ਵੱਲੋਂ ਬੀ.ਕੇ.ਯੂ. ਏਕਤਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੱਕ ਪਹੁੰਚ ਕੀਤੀ ਗਈ। ਦੋਹਾਂ ਜਥੇਬੰਦੀਆਂ ਵੱਲੋਂ ਕੀਤੀ ਜਾਂਚ ਪੜਤਾਲ ਉਪਰੰਤ ਇਹ ਤੱਥ ਉੱਭਰ ਕੇ ਸਾਹਮਣੇ ਆਏ ਕਿ ਕੁੱਲ 2004 ਏਕੜ ਜ਼ਮੀਨ ਵਿੱਚੋਂ 400 ਏਕੜ ਦੇ ਕਰੀਬ ਸੇਮ ਮਾਰੀ ਜ਼ਮੀਨ ਹੈ, ਜੋ ਉਪਜਾਊ ਨਹੀਂ ਹੈ। ਇਸ ਜ਼ਮੀਨ ਦੇ ਲੱਗਭੱਗ ਸਾਰੇ ਮਾਲਕ ਮਿੱਥੇ ਹੋਏ ਰੇਟ 'ਤੇ ਹੀ ਜ਼ਮੀਨ ਦੇਣ ਲਈ ਤਿਆਰ ਹਨ। ਪਰ ਉਪਜਾਊ ਜ਼ਮੀਨਾਂ ਦੇ ਮਾਲਕ ਇਸ ਲਈ ਰਾਜ਼ੀ ਨਹੀਂ ਹਨ। ਇਸ ਲਈ ਉਪਜਾਊ ਜ਼ਮੀਨਾਂ ਅਤੇ ਮਜ਼ਦੂਰ ਬਸਤੀ ਦੀਆਂ ਜ਼ਮੀਨਾਂ ਨੂੰ ਛੱਡ ਕੇ, ਸੇਮ ਮਾਰੀ ਜ਼ਮੀਨ ਥਰਮਲ ਲਈ ਐਕਵਾਇਰ ਕਰਨ ਦੀ ਮੰਗ ਅਨੁਸਾਰ ਨੋਟੀਫਿਕੇਸ਼ਨ ਵਿੱਚ ਸੋਧ ਕਰਵਾਉਣ ਦੀ ਮੰਗ ਰੱਖੀ ਜਾਵੇ ਅਤੇ ਜਿਸ ਕਿਸਾਨ ਦੀ ਜ਼ਮੀਨ ਥਰਮਲ ਵਿੱਚ ਜਾਂਦੀ ਹੈ, ਉਸ ਦੇ ਪ੍ਰਵਾਰ ਦੇ ਇੱਕ ਜੀਅ ਨੂੰ ਯੋਗਤਾ ਅਨੁਸਾਰ ਪੱਕੀ ਨੌਕਰੀ ਦਿੱਤੀ ਜਾਵੇ।
ਇਸ ਤੋਂ ਇਲਾਵਾ, ਇਹਨਾਂ ਪਿੰਡਾਂ ਦੇ ਖੇਤ ਮਜ਼ਦੂਰਾਂ ਨੂੰ ਪਹਿਲ ਦੇ ਅਧਾਰ 'ਤੇ ਰੁਜ਼ਗਾਰ ਦੇਣ ਵਰਗੀਆਂ ਮੰਗਾਂ ਦਾ ਨਿਤਾਰਾ ਕੀਤਾ ਗਿਆ। ਇਹਨਾਂ ਮੰਗਾਂ ਨੂੰ ਉਭਾਰਨ ਤੇ ਇਸ ਮੁੱਦੇ 'ਤੇ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕੰਨ੍ਹਾਂ ਲਾਉਣ ਦੇ ਫੈਸਲੇ ਨੂੰ ਉਭਾਰਨ ਲਈ 31 ਮਾਰਚ ਨੂੰ ਪਿੰਡ ਥੇਹੜੀ ਵਿਖੇ ਜ਼ਿਲ੍ਹਾ ਪੱਧਰੀ ਸਾਂਝੀ ਕਾਨਫਰੰਸ ਕੀਤੀ ਗਈ। ਦੋਹਾਂ ਜਥੇਬੰਦੀਆਂ ਅਤੇ ਸਥਾਨਕ ਸੰਘਰਸ਼ ਕਮੇਟੀ ਵੱਲੋਂ ਕੀਤੀ ਇਸ ਕਾਨਫਰੰਸ ਵਿੱਚ 1500 ਦੇ ਲੱਗਭੱਗ ਕਿਸਾਨ ਅਤੇ ਖੇਤ ਮਜ਼ਦੂਰ ਔਰਤਾਂ ਵੱਲੋਂ ਹਿੱਸਾ ਲਿਆ ਗਿਆ। ਕਾਨਫਰੰਸ ਤੋਂ ਬਾਅਦ ਪਿੰਡ ਵਿੱਚ ਮੁਜਾਹਰਾ ਕੀਤਾ ਗਿਆ। ਲੋਕਾਂ ਨੂੰ ਕਾਨਫਰੰਸ ਵਿੱਚ ਆਉ੍ਹਣੋ ਰੋਕਣ ਲਈ ਮੁਕਤਸਰ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਤੋਂ ਬੁਲਾਈ ਭਾਰੀ ਪੁਲਸ ਫੋਰਸ ਵੱਲੋਂ ਥੇਹੜੀ ਵਿੱਚ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਗਈ।
ਕਾਨਫਰੰਸ ਤੋਂ ਬਾਅਦ ਇਲਾਕੇ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ਗਿਆ। ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਅਕਾਲੀ ਜਥੇਦਾਰਾਂ ਵੱਲੋਂ ਲੋਕਾਂ ਵਿੱਚ ਫੁੱਟ ਪਾ ਕੇ ਘੋਲ ਨੂੰ ਸਾਬੋਤਾਜ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਮਕਸਦ ਨਾਲ ਸੇਮ ਮਾਰੀ ਜ਼ਮੀਨ ਦੇ ਮਾਲਕ ਕੁੱਝ ਕਿਸਾਨਾਂ ਨੂੰ ਵਰਗਲਾ ਕੇ ਧਰਨਾ ਲੁਆਇਆ ਗਿਆ ਅਤੇ ਅਖਬਾਰਾਂ ਰਾਹੀਂ ਇਹ ਗੱਲ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਕਿ ਸਾਰੇ ਹੀ ਕਿਸਾਨ ਥਰਮਲ ਲਈ ਆਪਣੀਆਂ ਜ਼ਮੀਨਾਂ ਦੇਣ ਲਈ ਤਿਆਰ ਹਨ।
ਇਸੇ ਦੌਰਾਨ ਥਰਮਲ ਲਾਉਣ ਵਾਲੀ ਕੰਪਨੀ ਦੇ ਕਰਮਚਾਰੀਆਂ ਨੇ ਜਦ ਧੱਕੇ ਨਾਲ ਕਿਸਾਨਾਂ ਦੀਆਂ ਜਮੀਨਾਂ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਤਾਂ ਇਕੱਠੇ ਹੋਏ ਲੋਕਾਂ ਨੇ ਉਹਨਾਂ ਨੂੰ ਰੋਕ ਦਿੱਤਾ। ਇਸ 'ਤੇ ਜਦ ਉਹਨਾਂ ਨੇ ਗਿੱਦੜਬਾਹਾ ਥਾਣੇ ਕਿਸਾਨਾਂ ਦੀ ਸ਼ਕਾਇਤ ਕੀਤੀ ਤਾਂ ਸੌ ਸਵਾ ਸੌ s s ਕਿਸਾਨ ਥਾਣੇ ਜਾ ਪੁਜੇ ਅਤੇ ਪੁਲਸ ਨੂੰ ਸ਼ਿਕਾਇਤ ਵਾਲੀ ਦਰਖਾਸਤ ਰੱਦ ਕਰਨ ਲਈ ਮਜਬੂਰ ਕੀਤਾ।
ਜ਼ਮੀਨਾਂ ਜਬਰੀ ਐਕਵਾਇਰ ਕਰਨ ਵਿਰੁੱਧ ਤਿੰਨ ਥਾਵਾਂ 'ਤੇ ਚੱਲੀ ਮੁਹਿੰਮ ਦੌਰਾਨ ਕੀਤੀਆਂ ਮੀਟਿੰਗਾਂ, ਕਾਨਫਰੰਸਾਂ, ਧਰਨੇ ਘੇਰਾਓ ਅਤੇ ਟਰੈਫਿਕ ਜਾਮਾਂ ਸਮੇਂ ਕੀਤੇ ਪ੍ਰਚਾਰ ਦੇ ਜਿਹਨਾਂ ਨੁਕਤਿਆਂ ਨੂੰ ਉਭਾਰਿਆ ਗਿਆ, ਉਹਨਾਂ ਦਾ ਸਾਰ ਤੱਤ ਇਸ ਤਰ੍ਹਾਂ ਹੈ- ਪਹਿਲਾਂ ਕਰਜ਼ੇ ਅਤੇ ਗਰੀਬੀ ਦੇ ਭੰਨੇ ਕਿਸਾਨਾਂ ਤੇ ਮਜ਼ੂਦਰਾਂ ਨੂੰ ਇਸ ਹਾਲਤ ਵਿੱਚੋਂ ਬਾਹਰ ਕੱਢਣ ਲਈ ਜਮੀਨਾਂ ਦੀ ਸਹੀ ਵੰਡ ਕਰਕੇ ਖੁੱਸੀਆਂ ਜ਼ਮੀਨਾਂ ਦੀ ਮੁੜ ਵਾਪਸੀ ਕੀਤੀ ਜਾਵੇ, ਨਹੀਂ ਤਾਂ ਇਸਦਾ ਸਿੱਟਾ ਸਰਕਾਰ ਵੱਲੋਂ ਜਬਰੀ ਜ਼ਮੀਨਾਂ ਐਕਵਾਇਰ ਕਰਨ ਰਾਹੀਂ ਕਿਸਾਨਾਂ ਨੂੰ ਹੋਰ ਖੁਦਕੁਸ਼ੀਆਂ ਦੇ ਰਾਹ ਧੱਕਣ ਵਿੱਚ ਨਿਕਲੇਗਾ। ਕਿਸਾਨਾਂ ਕੋਲੋਂ ਜਬਰੀ ਜ਼ਮੀਨਾਂ ਐਕਵਾਇਰ ਕਰਨ ਦਾ ਮੁੱਦਾ ਟੁੱਟਵਾਂ ਇਕਹਿਰਾ ਨਹੀਂ, ਸਗੋਂ ਇਹ ਸਰਕਾਰ ਦੀ ਉਸੇ ਨੀਤੀ ਦਾ ਹਿੱਸਾ ਹੈ ਜੀਹਦੇ ਤਹਿਤ ਸਰਕਾਰੀ ਮਹਿਕਮੇ ਪ੍ਰਾਈਵੇਟ ਕੀਤਾ ਜਾ ਰਹੇ ਹਨ, ਸਬਸਿਡੀਆਂ ਬੰਦ ਕੀਤੀਆਂ ਜਾ ਰਹੀਆਂ ਹਨ ਅਤੇ ਪੱਕੇ ਰੁਜ਼ਗਾਰ ਦੀ ਥਾਂ ਠੇਕਾ ਭਰਤੀ ਦੀ ਨੀਤੀ ਅਪਣਾਈ ਹੋਈ ਹੈ। ਜਿਵੇਂ ਥਰਮਲ ਉਸਾਰ ਕੇ ਬਿਜਲੀ ਪੈਦਾ ਕਰਨ ਦੇ ਨਾਂ 'ਤੇ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ, ਅਸਲ ਵਿੱਚ ਇਸਦਾ ਮਨੋਰਥ ਸੱਚੀਮੁੱਚੀਂ ਬਿਜਲੀ ਪੈਦਾਵਾਰ ਵਧਾਉਣਾ ਨਹੀਂ ਹੈ। ਜੇਕਰ ਬਿਜਲੀ ਹੀ ਪੈਦਾ ਕਰਨੀ ਹੋਵੇ ਤਾਂ ਥਰਮਲਾਂ ਦੀ ਥਾਂ ਪਣ-ਬਿਜਲੀ ਪਰਜੈਕਟਾਂ, ਸੂਰਜੀ ਊਰਜਾ ਤੇ ਪੌਣ-ਊਰਜਾ ਵਰਗੇ ਸਰੋਤਾਂ ਰਾਹੀਂ ਨਾ ਸਿਰਫ ਬਿਜਲੀ ਦੀ ਅਥਾਹ ਪੈਦਾਵਾਰ ਕੀਤੀ ਜਾ ਸਕਦੀ ਹੈ ਬਲਕਿ ਇਹ ਸਸਤੀ ਵੀ ਹੋਵੇਗੀ। ਜਥੇਬੰਦ ਤਾਕਤ ਤੇ ਭੇੜੂ ਘੋਲਾਂ ਰਾਹੀਂ ਸਰਕਾਰ ਦੇ ਇਹਨਾਂ ਫੈਸਲਿਆਂ ਨੂੰ ਬਦਲ ਸਕਣ ਦੀ ਹਕੀਕੀ ਹਾਲਤ 'ਤੇ ਵੀ ਝਾਤ ਪੁਆਈ ਗਈ, ਇਸ ਖਾਤਰ ਕਿਸਾਨਾਂ ਮਜ਼ਦੂਰਾਂ ਦੀ ਸਾਂਝ ਤੇ ਘੋਲ ਮੋਰਚੇ ਵਿੱਚ ਔਰਤਾਂ ਅਤੇ ਨੌਜਵਾਨਾਂ ਦੀ ਭਰਤੀ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਗਿਆ।
ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਜ਼ਮੀਨਾਂ ਐਕਵਾਇਰ ਨਾ ਕਰਨ ਦੇ ਦਾਅਵੇ ਕਰਨ ਵਾਲੀ ਬਾਦਲ ਸਰਕਾਰ ਵੱਲੋਂ ਕਿਸਾਨਾਂ ਦੇ ਭਾਰੀ ਵਿਰੋਧ ਅਤੇ ਚੋਣਾਂ ਨੇੜੇ ਹੋਣ ਕਰਕੇ ਭਾਰੀ ਸਿਆਸੀ ਕੀਮਤ ਚੁਕਾਉਣ ਦੇ ਪ੍ਰਤੱਖ ਦਿਸਦੇ ਖਤਰੇ ਦੇ ਬਾਵਜੂਦ, ਜ਼ਮੀਨਾਂ 'ਤੇ ਜਬਰੀ ਕਬਜ਼ੇ ਕਰਨ ਵੱਲ ਜਿਵੇਂ ਤੇਜੀ ਨਾਲ ਕਦਮ ਲਏ ਜਾ ਰਹੇ ਹਨ, ਉਹ ਇਸੇ ਗੱਲ ਦੇ ਸੰਕੇਤ ਕਰਦੇ ਹਨ ਕਿ ਹਾਕਮ ਜਮਾਤਾਂ ਵੱਲੋਂ ਆਰਥਿਕ ਸੁਧਾਰਾਂ ਨੂੰ ਲਾਗੁ ਕਰਨ ਲਈ ਕਾਫੀ ਹੱਦ ਤੱਕ ਸਿਆਸੀ ਹਰਜੇ ਝੱਲਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਇਸ ਲਈ ਅਜਿਹੇ ਹਮਲੇ ਨੂੰ ਹਾਕਮਾਂ ਲਈ ਵਿਆਪਕ ਸਿਰਦਰਦੀ ਖੜ੍ਹੀ ਕਰਨ ਵਾਲੀ ਵਿਸ਼ਾਲ ਤੇ ਭੇੜੂ ਕਿਸਾਨ ਲਹਿਰ ਦੇ ਬਲਬੂਤੇ ਹੀ ਠੱਲ੍ਹ ਪਾਈ ਜਾ ਸਕਦੀ ਹੈ।
ਨੌਜਵਾਨ ਭਾਰਤ ਸਭਾ ਦੀ ਸਥਾਪਨਾ
ਜਾਗੋ ਨੌਜੁਆਨ ਕਾਨਫਰੰਸ ਨੂੰ ਉਤਸ਼ਾਹੀ ਹੁੰਗਾਰਾ
—ਇੱਕ ਸਾਬਕਾ ਨੌਜੁਆਨ ਆਗੂ
6 ਮਾਰਚ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਵਿਖੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਨਵੈਨਸ਼ਨ ਕੀਤੀਗਈ, ਜਿਸ ਵਿੱਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ 200 ਦੇ ਲੱਗਭੱਗ ਨੌਜਵਾਨ ਸਰਗਰਮਾਂ ਨੇ ਹਿੱਸਾ ਲਿਆ। ਸਥਾਪਨਾ ਕਨਵੈਨਸ਼ਨ ਵਿੱਚ ਮੌਜੂਦਾ ਸਿਆਸੀ ਸਮਾਜਕ ਹਾਲਤ 'ਤੇ ਗੰਭੀਰ ਚਰਚਾ ਕਰਦੇ ਹੋਏ ਨੌਜਵਾਨ ਭਾਰਤ ਸਭਾ ਦੀ ਸੂਬਾ ਜਥੇਬੰਦਕ ਕਮੇਟੀ ਦੀ ਚੋਣ ਕੀਤੀ ਗਈ। ਸੂਬਾ ਜਥੇਬੰਦਕ ਕਮੇਟੀ ਦਾ ਐਲਾਨ ਕਰਦੇ ਹੋਏ, ਸੂਬਾ ਜਥੇਬੰਦਕ ਸਕੱਤਰ ਨੇ ਐਲਾਨ ਕੀਤਾ ਕਿ ਮੌਜੂਦਾ ਨੌਜਵਾਨ ਭਾਰਤ ਸਭਾ ਸੱਤਰਵਿਆਂ ਦੇ ਦਹਾਕੇ ਦੀ ਨੌਜਵਾਨ ਭਾਰਤ ਸਭਾ ਦੀ ਵਿਰਾਸਤ ਨੂੰ ਅੱਗੇ ਤੋਰਨ ਅਤੇ ''ਸੰਕਟ ਮੂੰਹ ਆਈ ਕੌਮ ਲਈ ਕਲਿਆਣ ਦਾ ਰਾਹ'' ਤੋਂ ਪਰੇਰਨਾ ਲੈਣ ਦਾ ਯਤਨ ਹੋਵੇਗਾ। ਜਥੇਬੰਦ ਸਕੱਤਰ ਵੱਲੋਂ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ 'ਤੇ ਰਾਮਪੁਰਾ ਜ਼ਿਲ੍ਹਾ ਬਠਿੰਡਾ ਵਿਖੇ ਜਾਗੋ ਕਾਨਫਰੰਸ ਕਰਨ ਦਾ ਐਲਾਨ ਵੀ ਕੀਤਾ ਗਿਆ।
ਨੌਜਵਾਨ ਭਾਰਤ ਸਭਾ ਦੀ ਤਿਆਰੀ ਕਮੇਟੀ ਨੇ ਫਰਵਰੀ ਮਹੀਨੇ ਸ਼ਹੀਦ ਸਾਧੂ ਸਿੰਘ ਤਖਤੁਪੁਰਾ (ਜਿਸਨੇ ਆਪਣੇ ਇਨਕਲਾਬੀ ਜੀਵਨ ਦੀ ਸ਼ੁਰੂਆਤ ਸੱਤਰਵਿਆਂ ਦੇ ਵਰ੍ਹਿਆਂ ਦੌਰਾਨ ਮੋਗਾ ਇਲਾਕੇ ਵਿੱਚ ਨੌਜਵਾਨ ਭਾਰਤ ਸਭਾ ਜਥੇਬੰਦ ਕਰਨ ਰਾਹੀਂ ਕੀਤੀ ਸੀ ਅਤੇ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸੁਬਾਈ ਟੀਮ ਦਾ ਇੱਕ ਮਹੱਤਵਪੂਰਨ ਮੈਂਬਰ ਸੀ, ਜਿਸ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਜ਼ਮੀਨੀ ਮਸਲਿਆਂ 'ਤੇ ਕਿਸਾਨਾਂ ਨੂੰ ਜਥੇਬੰਦ ਕਰਦਿਆਂ ਅਕਾਲੀ ਦਲ (ਬਾਦਲ) ਦੇ ਇਲਾਕੇ ਦੇ ਲੀਡਰ ਅਤੇ ਭੋਇੰ-ਮਾਫੀਆ ਗਰੋਹ ਦੇ ਸਰਗਣੇ ਬੀਰ ਸਿੰਘ ਲੋਪੋਕੇ ਦੇ ਗੁੰਡਿਆਂ ਨੇ ਪਿਛਲੇ ਸਾਲ ਸ਼ਹੀਦ ਕਰ ਦਿੱਤਾ ਸੀ) ਦੀ ਪਹਿਲੀ ਬਰਸੀ ਦੀ ਤਿਆਰੀ ਵਿੱਚ ਸਰਗਰਮ ਰੋਲ ਨਿਭਾ ਕੇ ਸ਼ਰਧਾਂਜਲੀ ਸਮਾਗਮ ਵਿੱਚ ਬਸੰਤੀ ਪੱਗਾਂ ਬੰਨ੍ਹ ਕੇ ਸ਼ਾਮਲ ਹੋਏ 100 ਨੌਜਵਾਨਾਂ ਦੇ ਜਥੇ ਤੋਂ ਇਲਾਵਾ ਵੱਖ ਵੱਖ ਇਲਾਕਿਆਂ ਤੋਂ ਨੌਜਵਾਨਾਂ ਨੂੰ ਸ਼ਾਮਲ ਕਰਵਾ ਕੇ ਅਤੇ ਸ਼ਰਧਾਂਜਲੀ ਸਮਾਗਮ ਦੌਰਾਨ ਭਰਪੁਰ ਚੌਕਸੀ ਨਾਲ ਵਾਲੰਟੀਅਰ ਅਤੇ ਪ੍ਰਬੰਧਕੀ ਡਿਊਟੀਆਂ ਨਿਭਾ ਕੇ ਸ਼ਹੀਦ ਸਾਥੀ ਨੂੰ ਸਿਜਦਾ ਕੀਤਾ।
ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ 23 ਮਾਰਚ ਨੂੰ ਰਾਮਪੁਰੇ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ 'ਜਾਗੋ ਨੌਜਵਾਨ ਕਾਨਫਰੰਸ' ਦੇ ਦਿੱਤੇ ਸੱਦੇ ਅਨੁਸਾਰ, ਨੌਜਵਾਨਾਂ ਤੱਕ ਪਹੁੰਚ ਕਰਨ ਲਈ ਜਾਗੋ ਨੌਜਵਾਨ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਸ਼ਹੀਦਾਂ ਦੇ ਇਨਕਲਾਬੀ ਆਦਰਸ਼ਾਂ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਂਦਿਆਂ ਇਹਨਾਂ ਆਦਰਸ਼ਾਂ ਨੂੰ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ। ਹਰ ਤਰ੍ਹਾਂ ਦੀ ਬਰਾਬਰੀ ਭਰਿਆ ਸਮਾਜ ਉਸਾਰਨ ਦਾ ਸ਼ਹੀਦਾਂ ਦਾ ਸੁਪਨਾ ਪੂਰਾ ਕਰਨ ਲਈ ਨੌਜਵਾਨਾਂ ਨੂੰ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ ਗਿਆ। ਖਾਸ ਤੌਰ 'ਤੇ ਦੋ ਮਸਲਿਆਂ ਨੂੰ ਉਭਾਰਿਆ ਗਿਆ। ਪਹਿਲਾ, ਸਭਨਾਂ ਲਈ ਰੁਜ਼ਗਾਰ ਗਾਰੰਟੀ ਅਤੇ ਬੇਰੁਜ਼ਗਾਰੀ ਭੱਤੇ ਦੀ ਮੰਗ ਅਤੇ ਦੂਜਾ, ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਾਜ਼ਾ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਦਾ ਮਸਲਾ। ਰੁਜ਼ਗਾਰ ਪ੍ਰਾਪਤੀ ਲਈ ਚੱਲਦੇ ਸੰਘਰਸ਼ਾਂ ਨੂੰ ਬੇਰੁਜ਼ਗਾਰੀ ਵਿਰੋਧੀ ਵਿਸ਼ਾਲ ਨੌਜਵਾਨ ਲਹਿਰ ਵਿੱਚ ਬਦਲਣ ਦਾ ਸੱਦਾ ਦਿੱਤਾ ਗਿਆ। ਰੁਜ਼ਗਾਰ ਦਾ ਉਜਾੜਾ ਕਰਨ ਵਾਲੀਆਂ ਸਾਮਰਾਜੀ ਨੀਤੀਆਂ ਖਿਲਾਫ ਸੰਘਰਸ਼ਾਂ ਨੂੰ ਸੇਧਤ ਕਰਨ ਦੀ ਲੋੜ ਉਭਾਰੀ ਗਈ।
ਮੁਹਿੰਮ ਦੌਰਾਨ, ਮੀਟਿੰਗਾਂ, ਰੈਲੀਆਂ, ਜਾਗੋ ਮਾਰਚਾਂ, ਪ੍ਰਭਾਤ ਫੇਰੀਆਂ ਆਦਿ ਦੀ ਲੜੀ ਚੱਲੀ ਹੈ। 7000 ਕੰਧ ਪੋਸਟਰ 20000 ਹੱਥ ਪਰਚਾ ਵੰਡਿਆ ਗਿਆ। ਕੁਝ ਕੁ ਪਿੰਡਾਂ ਵਿੱਚ ਨੌਜਵਾਨ ਕੁੜੀਆਂ ਦੀਆਂ ਮੀਟਿੰਗਾਂ ਹੋਈਆਂ। ਮੁਹਿੰਮ ਦੌਰਾਨ ਆਗੂ ਟੀਮਾਂ ਨੂੰ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
23 ਮਾਰਚ ਦੀ ਕਾਨਫਰੰਸ ਜਾਗੋ ਨੌਜਵਾਨ ਮੁਹਿੰਮ ਦਾ ਸਿਖਰ ਸੀ, ਜੀਹਦੇ ਤਹਿਤ ਹਜ਼ਾਰਾਂ ਨੌਜਵਾਨਾਂ ਨੂੰ ਸ਼ਹੀਦਾਂ ਦੇ ਦਰਸਾਏ ਇਨਕਲਾਬੀ ਮਾਰਗ 'ਤੇ ਚੱਲ ਕੇ ਆਪਣਾ ਤੇ ਕੌਮ ਦਾ ਭਵਿੱਖ ਸਿਰਜਣ ਦਾ ਸੱਦਾ ਦਿੱਤਾ ਗਿਆ।
ਸਮਾਗਮ ਦਾ ਪੰਡਾਲ ਸ਼ਹੀਦਾਂ ਦੀਆਂ ਤਸਵੀਰਾਂ, ਨਾਅਰਿਆਂ ਅਤੇ ਬੈਨਰਾਂ ਨਾਲ ਸਜਿਆ ਹੋਇਆ ਸੀ। ਪੰਜਾਬ ਦੇ 9 ਜ਼ਿਲ੍ਹਿਆਂ 'ਚੋਂ 2500 ਦੇ ਲੱਗਭੱਗ ਨੌਜਵਾਨ ਪੁੱਜੇ। ਕੁੜੀਆਂ ਦੀ ਗਿਣਤੀ ਪੌਣੇ ਦੋ ਸੈ ਦੇ ਕਰੀਬ ਸੀ। ਬਸੰਤੀ ਪੱਗਾਂ ਵਿੱਚ ਸਜੇ ਨੌਜਵਾਨਾਂ ਦੇ ਕਾਫਲਿਆਂ ਦੀ ਦਿੱਖ ਨਿਵੇਕਲੀ ਸੀ। ਇਨਕਲਾਬੀ ਗੀਤ ਤੇ ਕੋਰੀਓਗ੍ਰਾਫੀ ਉਪਰੰਤ ਸ਼ਹੀਦਾਂ ਦੀਆਂ ਫੋਟੋਆਂ 'ਤੇ ਸੂਬਾ ਜਥੇਬੰਦਕ ਕਮੇਟੀ ਵੱਲੋਂ ਨਾਅਰਿਆਂ ਦੀ ਗੂੰਜ ਵਿੱਚ ਫੁੱਲ ਭੇਟ ਕੀਤੇ ਗਏ।
ਪੰਜਾਬ ਅਸੈਂਬਲੀ ਵੱਲੋਂ ਮੜ੍ਹੇ ਗਏ ਨਵੇਂ ਕਾਲੇ ਕਾਨੂੰਨਾਂ ਖਿਲਾਫ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਵਿੱਚ ਸ਼ਾਮਲ ਹੋ ਕੇ, ਨੌਜਵਾਨ ਭਾਰਤ ਸਭਾ, ਪੰਜਾਬ ਸਰਕਾਰ ਵੱਲੋਂ ਆਪਣੇ ਜਾਬਰ ਹਥਿਆਰਾਂ ਨੂੰ ਤਿੱਖੇ ਕਰਨ ਖਿਲਾਫ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵਿੱਚ ਸ਼ਰੀਕ ਹੋਈ ਹੈ ਅਤੇ 4 ਅਪ੍ਰੈਲ ਨੂੰ ਲੁਧਿਆਣੇ ਸੂਬਾਈ ਵਿਸ਼ਾਲ ਰੈਲੀ ਵਿਚ ਸ਼ਮੂਲੀਅਤ ਕੀਤੀ ਹੈ।
ਕਾਨਫਰੰਸ ਦੇ ਜੋਸ਼ੀਲੇ ਨੌਜਵਾਨ ਇਕੱਠ ਵੱਲੋਂ, ''ਜ਼ੰਜੀਰ ਤੋਂ ਤਕਦੀਰ ਵੱਲ'' ਚੇਤੰਨ ਅਤੇ ਸਾਬਤ ਕਦਮਾਂ ਨੂੰ ਅੱਗੇ ਵਧਾਉਣ ਦੇ ਕੀਤੇ ਅਹਿਦ ਨੇ ਸੱਤਰਵਿਆਂ ਦੇ ਦਹਾਕੇ ਵਿੱਚ ਪੰਜਾਬ ਦੀ ਜੁਆਨੀ ਦੀ ਜੁਬਾਨ 'ਤੇ ਮਚਲਦੇ ਅਤੇ ਮੱਥਿਆਂ 'ਤੇ ਲਿਸ਼ਕਦੇ, ਹਾਕਮਾਂ ਨੂੰ ਚੁਣੌਤੀ ਦਿੰਦੇ ਨਾਅਰੇ- ''ਅਸੀਂ ਜਿਉਂਦੇ ਅਸੀਂ ਜਾਗਦੇ'' ਦੀ ਯਾਦ ਤਾਜ਼ਾ ਕਰਾ ਦਿੱਤੀ ਹੈ। ਸੂਬਾ ਜਥੇਬੰਦਕ ਸਕੱਤਰ ਪਵੇਲ ਨੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਸੰਸਾਰ ਦੇ ਨੌਜਵਾਨਾਂ ਦੀਆਂ ਹੱਕੀ ਲਹਿਰਾਂ ਨਾਲ ਕਦਮਤਾਲ ਕਰਦਿਆਂ, ਮੁਲਕ ਵਿੱਚੋਂ ਸਾਮਰਾਜੀਆਂ ਦੇ ਦੇਸੀ ਲੁਟੇਰਿਆਂ ਦੀ ਲੁੱਟ-ਖਸੁੱਟ ਖਿਲਾਫ ਜਥੇਬੰਦ ਹੋਣ ਅਤੇ ਲੋਕ ਸੰਗਰਾਮਾਂ ਵਿੱਚ ਕੁੱਦਣ ਦਾ ਸੱਦਾ ਦਿੱਤਾ। ਸੂਬਾ ਕਮੇਟੀ ਮੈਂਬਰ ਮਨਪ੍ਰੀਤ ਸਿੰਘ 23 ਮਾਰਚ ਦੇ ਸ਼ਹੀਦਾਂ ਦੇ ਇਨਕਲਾਬੀ ਆਦਰਸ਼ਾਂ ਬਾਰੇ ਗੱਲ ਕੀਤੀ। ਅਖੀਰ ਵਿੱਚ ਸ਼ਹਿਰ ਵਿੱਚ ਸ਼ਹੀਦ ਭਗਤ ਸਿੰਘ ਦੇ ਬੁੱਤ ਤੱਕ ਮਾਰਚ ਕੀਤਾ। ਸ਼ਹਿਰ ਵਾਸੀਆਂ ਲਈ ਅਨੁਸਾਸ਼ਤ ਨੌਜਵਾਨਾਂ ਦਾ ਇਕੱਠ ਹੈਰਾਨ ਕਰਨ ਵਾਲਾ ਸੀ।
*****
ਮਈ ਦਿਨ ਸਮਾਗਮਾਂ 'ਚ ਇਨਕਲਾਬੀ ਸਰੋਕਾਰਾਂ ਦੀ ਗੂੰਜ
ਲੁਧਿਆਣਾ : ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਨਾਂ ਹੇਠ ਕੰਮ ਕਰਦੀਆਂ ਸਨਅੱਤੀ ਮਜ਼ਦੂਰਾਂ ਦੀਆਂ ਦੋ ਜਥੇਬੰਦੀਆਂ ਅਤੇ ਲੋਕ ਏਕਤਾ ਸੰਗਠਨ ਨਾਂ ਦੀ ਇੱਕ ਜਥੇਬੰਦੀ ਵੱਲੋਂ ਹੌਜ਼ਰੀ ਵਰਕਰਜ਼ ਯੂਨੀਅਨ, ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ (ਆਜ਼ਾਦ), ਮਹਾਂ ਸਭਾ ਲੁਧਿਆਣਾ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸਹਿਯੋਗ ਨਾਲ ਗਿੱਲ ਰੋਡ ਸਥਿੱਤ ਲੇਬਰ ਦਫਤਰ ਵਿਖੇ ਮਈ ਦਿਨ ਰੈਲੀ ਕੀਤੀ ਗਈ।
ਮਈ ਦਿਵਸ ਦੀ ਤਿਆਰੀ ਵਜੋਂ ਪਹਿਲਾਂ ਇੱਕ ਜਨਤਕ ਪ੍ਰਚਾਰ ਮੁਹਿੰਮ ਚਲਾਈ ਗਈ, ਜਿਸਦੀ ਸ਼ੁਰੂਆਤ ਮਜ਼ਦੂਰ ਮੁਹੱਲਿਆਂ ਅਤੇ ਬਸਤੀਆਂ ਵਿੱਚ 1000 ਦੀ ਗਿਣਤੀ ਵਿੱਚ ਇੱਕ ਵੱਡਾ ਕੰਧ ਪੋਸਟਰ ਲਗਾਉਣ ਰਾਹੀਂ ਕੀਤੀ ਗਈ। ਪੋਸਟਰ ਵਿੱਚ ਦੇਸ਼ ਵਿੱਚ ਵੱਡੀ ਪੱਧਰ 'ਤੇ ਫੈਲੇ ਮੰਦਵਾੜੇ ਕਰਕੇ ਤਾਲਾਬੰਦੀਆਂ, ਛਾਂਟੀਆਂ, ਬੇਰੁਜ਼ਗਾਰੀ ਅਤੇ ਵੱਧ ਫੁੱਲ ਰਹੀ ਭ੍ਰਿਸ਼ਟਾਚਾਰੀ, ਭੁੱਖਮਰੀ ਤੇ ਬਿਮਾਰੀਆਂ ਲਈ ਸਾਮਰਾਜੀਆਂ ਵੱਲੋਂ ਮੜ੍ਹੀਆਂ ਨਵੀਆਂ ਆਰਥਿਕ ਨੀਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ। ਦੇਸ਼ ਦੇ ਹਾਕਮਾਂ ਦੀ ਸਾਮਰਾਜੀਆਂ ਨਾਲ ਮਿਲੀ ਭੁਗਤ ਨੂੰ ਉਭਾਰਿਆ ਗਿਆ, ਜਿਹੜੇ ਵੱਡੀ ਪੱਧਰ 'ਤੇ ਲੋਕ ਵਿਰੋਧ ਦੇ ਬਾਵਜੂਦ ਛੋਟੇ ਕਾਰੋਬਾਰ, ਖੇਤੀ ਅਤੇ ਦੇਸ਼ ਦੇ ਹੋਰ ਮਾਲ ਖਜ਼ਾਨੇ, ਤਾਕਤ ਦੇ ਜ਼ੋਰ ਬਦੇਸ਼ੀ ਲੁਟੇਰਿਆਂ ਮੂਹਰੇ ਪਰੋਸ ਰਹੇ ਹਨ। ਇਹਨਾਂ ਲੋਕ-ਮਾਰੂ ਤੇ ਕੌਮ-ਵਿਰੋਧੀ ਨੀਤੀਆਂ ਦੇ ਖਿਲਾਫ ਸੰਘਰਸ਼ਸ਼ੀਲ ਮਜ਼ਦੂਰਾਂ, ਕਿਸਾਨਾਂ, ਛੋਟੇ ਕਾਰੋਬਾਰੀਆਂ ਨੌਜਵਾਨਾਂ ਆਦਿ ਸਮਾਜ ਦੇ ਵੱਖ ਵੱਖ ਤਬਕਿਆਂ ਨਾਲ ਸਾਂਝਾਂ ਪਾਉਣ, ਗਰੀਨ ਹੰਟ ਅਪਰੇਸ਼ਨ ਅਤੇ ਵੱਖ ਵੱਖ ਨਾਵਾਂ ਹੇਠ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਲੋਕਾਂ 'ਤੇ ਮੜ੍ਹੇ ਜਾ ਰਹੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਅਤੇ ਕੁੱਲ ਮਿਲਾ ਕੇ ਦੇਸ਼ ਦੇ ਅੰਦਰ ਅਤੇ ਬਾਹਰ ਸਭਨਾਂ ਲੋਕ-ਪੱਖੀ ਤੇ ਸਾਮਰਾਜ ਵਿਰੋਧੀ ਜਨਤਕ ਉਭਾਰਾਂ, ਮੁਹਿੰਮਾਂ ਅਤੇ ਅੰਦੋਲਨਾਂ ਨਾਲ ਯਕਯਹਿਤੀ ਪੈਦਾ ਕਰਨ ਦਾ ਸੰਦੇਸ਼ ਦਿੱਤਾ ਗਿਆ।
ਵੱਖ ਵੱਖ ਮਜ਼ਦੂਰ ਵਿਹੜਿਆਂ ਅਤੇ ਫੈਕਟਰੀਆਂ ਵਿੱਚ ਛੋਟੀਆਂ ਵੱਡੀਆਂ ਮੀਟਿੰਗਾਂ ਤੋਂ ਇਲਾਵਾ 24 ਅਪ੍ਰੈਲ ਨੂੰ ਤਿੰਨ ਦਰਜਨ ਮਜ਼ਦੂਰਾਂ ਨੇ ਹੱਥਾਂ ਵਿੱਚ ਲਾਲ ਫਰੇਰੇ ਅਤੇ ਵੱਖ ਵੱਖ ਮਜ਼ਦੂਰ ਪੱਖੀ ਅਤੇ ਸਰਕਾਰ ਦੀਆਂ ਮਾਰੂ ਨੀਤੀਆਂ-ਕਦਮਾਂ ਨੂੰ ਉਭਾਰਦੇ ਅਤੇ ਸਾਮਰਾਜ ਵਿਰੋਧੀ ਨਾਹਰਿਆਂ ਵਾਲੇ ਮਾਟੋ ਤੇ ਬੈਨਰ ਲੈ ਕੇ ਮਜ਼ਦੂਰ ਬਸਤੀਆਂ ਵਿੱਚ ਇੱਕ ਪ੍ਰਭਾਵਸ਼ਾਲੀ ਝੰਡਾ ਮਾਰਚ ਕੀਤਾ ਗਿਆ, ਜਿਸ ਦੌਰਾਨ ਦੋ ਅਲੱਗ ਅਲੱਗ ਥਾਵਾਂ 'ਤੇ ਭਰਵੀਆਂ ਮਜ਼ਦੂਰ ਰੈਲੀਆਂ ਕੀਤੀਆਂ ਗਈਆਂ, ਜਿਹਨਾਂ ਵਿੱਚ ਲੱਗਭੱਗ ਢਾਈ ਢਾਈ ਸੌ ਮਜ਼ਦੂਰ ਸ਼ਾਮਲ ਹੋਏ।
4 ਅਪ੍ਰੈਲ ਨੂੰ ਲੁਧਿਆਣੇ ਵਿੱਚ ਪੰਜਾਬ ਅਸੈਂਬਲੀ ਵੱਲੋਂ ਮੜ੍ਹੇ ਤਾਜ਼ਾ ਕਾਲੇ ਕਾਨੂੰਨਾਂ ਦੇ ਖਿਲਾਫ ਪੰਜਾਬ ਦੀਆਂ ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਕੀਤੀ ਵੱਡੀ ਸੂਬਾਈ ਰੈਲੀ ਵਿੱਚ ਸ਼ਮੂਲੀਅਤ ਤੋਂ ਮਗਰਲੇ ਦਿਨਾਂ ਵਿੱਚ ਚਲਾਈ ਦੋ ਹਫਤੇ ਦੀ ਮਈ ਦਿਨ ਤਿਆਰੀ ਮੁਹਿੰਮ ਦੌਰਾਨ 4000 ਹੱਥ ਪਰਚਾ ਹਿੰਦੀ ਵਿੱਚ ਛਪਵਾ ਕੇ ਮਜ਼ਦੂਰਾਂ ਵਿੱਚ ਵੰਡਿਆ ਗਿਆ।
ਪਹਿਲੀ ਮਈ ਨੂੰ ਸਵੇਰੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਗਿੱਲ ਰੋਡ ਸਥਿੱਤ ਦਫਤਰ 'ਤੇ ਅਤੇ ਐਫ.ਸੀ.ਆਈ. ਐਂਡ ਫੂਡ ਏਜੰਸੀਜ਼ ਪੱਲੇਦਾਰ ਯੂਨੀਅਨ (ਆਜ਼ਾਦ) ਗਿੱਲ ਰੋਡ ਦਫਤਰ 'ਤੇ, ਦੋਹਾਂ ਮਜ਼ਦੂਰ ਜਥੇਬੰਦੀਆਂ ਨਾਲ ਜੁੜੇ ਵਰਕਰਾਂ ਨੇ ਸਾਂਝੇ ਤੌਰ 'ਤੇ ਲਾਲ ਝੰਡੇ ਲਹਿਰਾਏ ਅਤੇ ਮਈ ਦਿਨ ਦੇ ਅਮਰ ਸ਼ਹੀਦਾਂ ਨੂੰ ਸੁਰਖ਼ ਸ਼ਰਧਾਂਜਲੀ ਅਰਪਤ ਕਰਦਿਆਂ ਅਸਮਾਨ ਗੁੰਜਾਊ ਨਾਹਰੇ ਲਾਏ, ''ਦੁਨੀਆਂ ਭਰ ਦੇ ਮਜ਼ਦੂਰੋ ਤੇ ਮਿਹਨਤਕਸ਼ੋ ਇੱਕ ਹੋ ਜਾਓ।'' ''ਮਈ ਦਿਨ ਦੇ ਸ਼ਹੀਦਾਂ ਨੂੰ ਲਾਲ ਸਲਾਮ! ਸਾਮਰਾਜਵਾਦ-ਮੁਰਦਾਬਾਦ!!
ਲੇਬਰ ਦਫਤਰ ਵਿਖੇ ਸਾਂਝੀ ਰੈਲੀ ਨੂੰ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ- ਹਰਜਿੰਦਰ ਸਿੰਘ, ਵਿਜੈ ਨਰਾਇਣ, ਰਮੇਸ਼ ਕੁਮਾਰ ਤੋਂ ਇਲਾਵਾ ਗੱਲਰ ਚੌਹਾਨ ਅਤੇ ਜਮਹੂਰੀ ਅਧਿਕਾਰ ਸਭਾ ਦੇ ਡਾ. ਸਤੀਸ਼ ਸਚਦੇਵਾ ਨੇ ਸੰਬੋਧਨ ਕੀਤਾ। ਵੱਖ ਵੱਖ ਬੁਲਾਰਿਆਂ ਵੱਲੋਂ ਸਾਮਰਾਜੀ ਬਹੁਕੌਮੀ ਕੰਪਨੀਆਂ ਨਾਲ ਮਿਲ ਜੁਲ ਕੇ ਦੇਸ਼ ਦੇ ਹਾਕਮਾਂ ਵੱਲੋਂ ਦੇਸ਼ ਦੇ ਮਾਲ ਖਜ਼ਾਨਿਆਂ ਦੀ ਅੰਤਾਂ ਦੀ ਵਧਾਈ ਲੁੱਟ-ਖਸੁੱਟ, ਮਜ਼ਦੂਰਾਂ ਕਿਸਾਨਾਂ ਦੇ ਰੁਜ਼ਾਗਰ ਦੇ ਧੜਾਧੜ ਕੀਤੇ ਜਾ ਰਹੇ ਉਜਾੜੇ ਅਤੇ ਲੋਕ ਵਿਰੋਧ ਨੂੰ ਕੁਚਲਣ ਲਈ ਮੜ੍ਹੇ ਜਾ ਰਹੇ ਕਾਲੇ ਕਾਨੂੰਨਾਂ ਅਤੇ ਹੋਰ ਜਾਬਰ ਹੱਥਕੰਡਿਆਂ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਈ ਗਈ। ਸਰਕਾਰ ਦੇ ਇਹਨਾਂ ਧੱਕੜ ਤੇ ਲੋਕ-ਵਿਰੋਧੀ ਕਦਮਾਂ ਨੂੰ ਠੱਲ੍ਹ ਪਾਉਣ ਲਈ ਮਜ਼ਦੂਰਾਂ ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਇੱਕਜੁੱਟ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ। ਰੈਲੀ ਵਿੱਚ ਜੁੜੇ ਮਜ਼ਦੂਰ ਮਰਦ ਔਰਤਾਂ ਤੇ ਹੋਰਨਾਂ ਲੋਕਾਂ ਨੇ ਰੋਹ ਭਰਪੂਰ ਨਾਹਰਿਆਂ ਨਾਲ ਆਗੂਆਂ ਦੇ ਭਾਸ਼ਣਾਂ ਨੂੰ ਆਪਣੇ ਸਮਰਥਨ ਦਾ ਪ੍ਰਗਟਾਵਾ ਕੀਤਾ।
ਮਜ਼ਦੂਰ ਪਰਿਵਾਰਾਂ ਦੇ ਬੱਚਿਆਂ ਵੱਲੋਂ ਨਾਟਕ- ''ਉਹ ਸੁਭਾ ਕਦੋਂ ਆਵੇਗੀ'' ਅਤੇ ਨੌਜਵਾਨ ਗਰੁੱਪ ਵੱਲੋਂ 'ਭਗਤ ਸਿੰਘ'' ਪੇਸ਼ ਕਰਕੇ ਮਿਹਨਤਕਸ਼ ਲੋਕਾਂ ਨਾਲ ਜੁੜੇ ਆਪਣੇ ਨਾਜ਼ਕ ਇਨਕਲਾਬੀ ਜਜ਼ਬਿਆਂ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ। ਵਰ੍ਹਿਆਂ ਤੋਂ ਆਪਣੇ ਮਨ ਅੰਦਰ ਮਜ਼ਦੂਰ ਜਮਾਤ ਪ੍ਰਤੀ ਹਮਦਰਦੀ ਭਰੀਆਂ ਭਾਵਨਾਵਾਂ ਨੂੰ ਪਾਲਦੀ ਆ ਰਹੀ ਭੈਣ ਅਵਤਾਰ ਕੌਰ ਵੱਲੋਂ ਮਜ਼ਦੂਰਾਂ ਦਾ ਗੀਤ ਪੇਸ਼ ਕੀਤਾ ਗਿਆ। ਅੰਤ ਸਾਮਰਾਜ ਵਿਰੋਧੀ ਤੇ ਮਜ਼ਦੂਰ ਪੱਖੀ ਨਾਹਰੇ ਗੁੰਜਾਉਂਦੇ ਹੋਏ ਰੈਲੀ ਸਮਾਪਤ ਕੀਤੀ ਗਈ।
ਬਠਿੰਡਾ : ਵੱਖ ਵੱਖ ਬੇਰੁਜ਼ਗਾਰ ਅਧਿਆਪਕ ਵਰਗਾਂ ਦੀਆਂ ਜਥੇਬੰਦੀਆਂ, ਡੀ.ਟੀ.ਐਫ., ਟੀ.ਐਸ.ਯੂ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਕੌਮਾਂਤਰੀ ਮਜ਼ਦੂਰ ਦਿਹਾੜੇ- ਪਹਿਲੀ ਮਈ ਨੂੰ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਮਕਸਦ ਨਾਲ, ਮਈ ਦਿਨ ਤਿਆਰੀ ਕਮੇਟੀ ਦਾ ਗਠਨ ਕੀਤਾ ਗਿਆ।
ਇੱਕ ਮੀਟਿੰਗ ਕਰਕੇ ਮਈ ਦਿਨ ਦੇ ਇਤਿਹਾਸ ਨੂੰ ਯਾਦ ਕਰਦਿਆਂ, ਇਸ ਦਿਨ 'ਤੇ ਉਭਾਰੀ ਜਾਣ ਵਾਲੀ ਸਾਂਝੀ ਸਮਝ ਦੇ ਨੁਕਤੇ ਤਹਿ ਕੀਤੇ ਗਏ। ਮਈ ਦਿਨ 8 ਘੰਟੇ ਦੀ ਕੰਮ ਦਿਹਾੜੀ ਦੇ ਠੋਸ ਮਸਲੇ ਨੂੰ ਲੈ ਕੇ ਸਰਮਾਏਦਾਰੀ ਲੁੱਟ ਦੇ ਖਿਲਾਫ ਲੁਟੇਰੇ ਸਰਮਾਏਦਾਰੀ ਪ੍ਰਬੰਧ (ਅੱਜ ਸਾਮਰਾਜੀ ਪ੍ਰਬੰਧ) ਦੇ ਖਿਲਾਫ, ਇਸ ਲੁਟੇਰੇ ਪ੍ਰਬੰਧ ਨੂੰ ਜੜ੍ਹੋਂ ਪੁੱਟਣ ਲਈ ਅਤੇ ਮਜ਼ਦੂਰ ਜਮਾਤ ਦੀ ਅਗਵਾਈ ਵਾਲੇ ਲੁੱਟ ਰਹਿਤ ਸਮਾਜ ਸਿਰਜਣ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦਾ ਦਿਨ ਹੈ।
ਮਈ ਦਿਨ ਨਾ ਛੁੱਟੀ ਮਨਾਉਣ ਦਾ ਦਿਨ ਹੈ, ਨਾ ਹੀ ਨਿਗੂਣੀਆਂ ਮੰਗਾਂ ਮੰਨਵਾਉਣ ਦਾ ਦਿਨ ਹੈ। ਸਗੋਂ ਮਈ ਦਿਨ ਵੱਖ ਵੱਖ ਪੱਧਰਾਂ 'ਤੇ ਚੱਲ ਰਹੀਆਂ ਮਜ਼ਦੂਰ ਤੇ ਮਿਹਨਤਕਸ਼ ਲੋਕਾਂ ਦੀਆਂ ਹੱਕੀ ਲਹਿਰਾਂ ਨੂੰ ਅੱਗੇ ਵਧਾਉਣ ਤੇ ਮੰਜ਼ਿਲ ਵੱਲ ਵਧਣ ਦਾ ਦਿਨ ਹੈ।
ਅੱਜ ਦੀਆਂ ਹਾਲਤਾਂ ਵਿਚੱ ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਸੁਧਾਰਾਂ ਦੇ ਨਾਂ ਹੇਠ ਮੜ੍ਹੀਆਂ ਜਾ ਰਹੀਆਂ ਨਿੱਜੀਕਰਨ, ਵਪਾਰੀਕਰਨ ਤੇ ਸੰਸਾਰੀਕਰਨ ਦੀਆਂ ਲੋਕ-ਵਿਰੋਧੀ ਤੇ ਕੌਮ ਵਿਰੋਧੀ ਨੀਤੀਆਂ ਸਾਮਾਰਜੀ ਦੇਖ-ਰੇਖ ਹੇਠ ਦੇਸੀ ਬਦੇਸ਼ੀ ਕਾਰਪੋਰੇਸ਼ਨਾਂ ਨੂੰ ਪਰੋਸੇ ਜਾ ਰਹੇ ਦੇਸ਼ ਦੇ ਮਾਲ ਖਜ਼ਾਨੇ, ਵੱਡੀ ਪੱਧਰ 'ਤੇ ਕੀਤਾ ਜਾ ਰਿਹਾ ਦੇਸ਼ ਦੇ ਮਜ਼ਦੂਰਾਂ ਤੇ ਕਿਸਾਨਾਂ ਦਾ ਉਜਾੜਾ ਅਤੇ ਇਹਨਾਂ ਦੇ ਵਿਰੋਧ ਵਿੱਚ ਥਾਂ ਥਾਂ ਉੱਠ ਰਹੀਆਂ ਹੱਕੀ ਲੋਕ ਆਵਾਜ਼ਾਂ ਨੂੰ ਕੁਚਲਣ ਲਈ ਮੜ੍ਹੇ ਜਾ ਰਹੇ ਵੱਖ ਵੱਖ ਕਾਲੇ ਕਾਨੂੰਨਾਂ ਅਤੇ ਹੋਰ ਜਾਬਰ ਹੱਥਕੰਡਿਆਂ ਖਿਲਾਫ ਆਵਾਜ਼ ਉਠਾਉਣ ਅਤੇ ਇਹਨਾਂ ਦੇ ਖਿਲਾਫ ਮਜ਼ਦੂਰਾਂ, ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਦੀ ਸਾਂਝੀ ਇੱਕਜੁੱਟ ਲਹਿਰ ਉਸਾਰਨ ਦੇ ਰਾਹ ਅੱਗੇ ਵਧਣ ਦੇ ਪ੍ਰਣ ਕਰਨ ਦਾ ਦਿਨ ਹੈ।
ਏਸ ਸਮਝ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਆਪੋ ਆਪਣੇ ਥਾਈਂ ਜਨਤਕ ਮੀਟਿੰਗਾਂ ਕਰਵਾਈਆਂ ਗਈਆਂ। ਪਹਿਲੀ ਮਈ ਨੂੰ ਆਪੋ ਆਪਣੇ ਥਾਈਂ ਦਫਤਰਾਂ 'ਤੇ ਝੰਡੇ ਲਹਿਰਾ ਕੇ, ਰੈਲੀਆਂ ਕਰਨ ਉਪਰੰਤ ਟੀਚਰ ਹੋਮ ਦੇ ਹਾਲ ਵਿੱਚ 150 ਬਿਜਲੀ ਕਾਮਿਆਂ, ਅਧਿਆਪਕਾਂ, ਵੱਖ ਵੱਖ ਵਰਗਾਂ ਦੇ ਬੇਰੁਜ਼ਗਾਰ ਅਧਿਆਪਕਾਂ, ਨੌਜਵਾਨਾਂ ਅਤੇ ਮਿਉਂਸਪਲ ਕਾਮਿਆਂ 'ਚੋਂ ਪਹੁੰਚੇ ਕੁਝ ਸਾਥੀਆਂ ਨੇ ਸਾਂਝੀ ਰੈਲੀ ਕੀਤਾ, ਜਿਸ ਨੂੰ ਸਾਬਕਾ ਟਰੇਡ ਯੂਨੀਅਨ ਆਗੂ ਐਨ.ਕੇ. ਜੀਤ ਨੇ ਸੰਬੋਧਨ ਕੀਤਾ। ਰੈਲੀ ਦੀ ਸ਼ੁਰੁਆਤ ਸਟੇਜ 'ਤੇ ਰੱਖੀਆਂ ਮਈ ਦਿਨ ਦੇ ਸ਼ਹੀਦਾਂ ਦੀਆਂ ਫੋਟੋਆਂ ਦੇ ਰੂ-ਬ-ਰੂ ਹੋ ਕੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਰਾਹੀਂ ਕੀਤੀ ਗਈ।
ਸ੍ਰੀ ਐਨ.ਕੇ. ਜੀਤ ਨੇ ਆਪਣੇ ਭਾਸ਼ਣ ਵਿੱਚ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੇਸ਼ ਦੇ ਹਾਕਮਾਂ ਵੱਲੋਂ ''ਸੁਧਾਰਾਂ' ਦੇ ਨਾਂ ਹੇਠ ਕਾਰਪੋਰੇਟ ਹਿੱਸਿਆਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਸੁਆਲ ਨੂੰ ਉਭਾਰਿਆ ਅਤੇ ਸਰਕਾਰ ਵੱਲੋਂ ਮੜ੍ਹੇ ਕਾਲੇ ਕਾਨੂੰਨਾਂ, ਗਰੀਨ ਹੰਟ ਅਪਰੇਸ਼ਨ, ਡਾ. ਬਿਨਾਇਕ ਸੈਨ ਨੂੰ ਕੀਤੀ ਉਮਰ ਕੈਦ ਵਰਗੇ ਲੋਕ-ਵਿਰੋਧੀ ਕੋਝੇ ਹੱਥਕੰਡਿਆਂ ਦਾ ਪਰਦਾਫਾਸ਼ ਕੀਤਾ। ਮੁਲਾਜ਼ਮਾਂ ਵੱਲੋਂ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀਆਂ ਸਹੂਲਤਾਂ ਜੋ ਅੱਜ ਖੋਹੀਆਂ ਜਾ ਰਹੀਆਂ ਹਨ ਦੇ ਖਿਲਾਫ ਉੱਠਣ ਦੀ ਲੋੜ ਉਭਾਰੀ ਗਈ। ਅਰਬ ਜਗਤ ਅਤੇ ਯੂਰਪ ਦੇ ਵੱਖ ਵੱਖ ਦੇਸ਼ਾਂ ਵਿੱਚ ਉੱਠੇ ਹੱਕੀ ਲੋਕ ਉਭਾਰਾਂ ਨਾਲ ਯਕਯਹਿਤੀ ਦਾ ਪ੍ਰਗਟਾਵਾ ਕੀਤਾ ਗਿਆ। ਅੰਤ ਇਨਕਲਾਬੀ ਨਾਹਰਿਆਂ ਨਾਲ ਰੈਲੀ ਸਮਾਪਤ ਕੀਤੀ ਗਈ।
ਚਾਨਣ ਦਾ ਛੱਟਾ :
ਪਲਸ ਮੰਚ ਦਾ ਮਈ ਦਿਨ ਮੇਲਾ
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਪਿਛਲੇ 27 ਵਰ੍ਹਿਆਂ ਤੋਂ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਸਮਰਪਤ ਮਨਾਈ ਗਈ ਨਾਟਕਾਂ ਅਤੇ ਗੀਤਾਂ ਭਰੀ ਰਾਤ ਲੋਕ-ਪੱਖੀ, ਇਨਕਲਾਬੀ ਸਭਿਆਚਾਰ ਦਾ ਬਦਲ ਉਭਾਰਨ ਦਾ ਹੋਕਾ ਦੇਣ ਵਿੱਚ ਸਫਲ ਰਹੀ।
ਸਮਾਗਮ ਦਾ ਆਗਾਜ਼ ਕਵੀ ਦਰਬਾਰ ਨਾਲ ਹੋਇਆ। ਸੱਭਿਆਚਾਰਕ ਰਾਤ ਦਾ ਮੰਚ ਸੰਚਾਲਨ ਕਰਦਿਆਂ ਕੰਵਲਜੀਤ ਖੰਨਾ ਨੇ ਖਚਾਖਚ ਭਰੇ ਪੰਡਾਲ ਵਿੱਚ ਜੁੜੇ ਲੋਕਾਂ ਨੂੰ ਬਿਮਾਰ ਸਭਿਆਚਾਰ ਖਿਲਾਫ ਮੁਹਿੰਮ ਵਿੱਚ ਇੱਕਜੁੱਟ ਹੋ ਜਾਣ ਦਾ ਸੱਦਾ ਦਿੱਤਾ।
ਨਾਟਕਾਂ ਦੀ ਲੜੀ 'ਚ 'ਵਿੱਥ', 'ਵੰਗਾਰ', ਇਹਨਾਂ ਜਖ਼ਮਾਂ ਦਾ ਕੀ ਕਰੀਏ' ਅਤੇ 'ਰਾਹਤ' ਨਾਟਕ ਖੇਡੇ ਗਏ। ਇਹਨਾਂ ਨਾਟਕਾਂ ਨੇ ਅੰਤਰ-ਜਾਤੀ ਵਿਆਹ ਦੇ ਹੱਕ ਨੂੰ ਬੁਲੰਦ ਕੀਤਾ, ਇਤਿਹਾਸ ਦੇ ਅਮੁੱਲੇ ਸਫਿਆਂ ਤੋਂ ਸਿੱਖਦਿਆਂ ਅਜੋਕੇ ਨਿਜ਼ਾਮ ਨੂੰ ਬਦਲ ਕੇ ਅਮਰ ਸ਼ਹੀਦਾਂ ਦੇ ਸੁਪਨਿਆਂ ਦਾ ਨਿਜ਼ਾਮ ਸਿਰਜਣ ਦਾ ਸੱਦਾ ਦਿੱਤਾ। ਨਸ਼ਿਆਂ ਕਾਰਨ ਜਖ਼ਮੀ ਹੋਏ ਸਮਾਜ ਨੂੰ ਤੰਦਰੁਸਤ ਕਿਵੇਂ ਕਰੀਏ ਅਤੇ ਰਾਹਤ ਵੰਡਣ ਦੇ ਖੇਖਣ ਦਾ ਪਾਜ਼ ਉਘੇੜਿਆ।
ਪਲਸ ਮੰਚ ਦੇ ਬੁਲਾਰੇ ਅਮੋਲਕ ਸਿੰਘ ਨੇ ਮਿਹਨਤਸ਼ ਲੋਕਾਂ, ਉਹਨਾਂ ਦੀ ਮੁਕਤੀ ਲਈ ਜੂਝਦੇ ਸੰਗਰਾਮੀਆਂ ਅਤੇ ਕਲਮਕਾਰਾਂ ਨੂੰ ਆਪੋ ਆਪਣੇ ਮੋਰਚੇ ਅਤੇ ਸਾਂਝੇ ਕਾਰਜ ਵਜੋਂ ਸੂਹੀ ਸਵੇਰ ਲਿਆਉਣ ਲਈ ਅੱਗੇ ਵਧਣ ਦਾ ਸੱਦਾ ਦਿੱਤਾ।
ਆਰਟ ਸੈਂਟਰ ਸਮਰਾਲਾ, ਲੋਕ ਸੰਗੀਤ ਮੰਡਲੀ ਭਦੌੜ, ਨਵਚਿੰਤਨ ਕਲਾ ਮੰਚ ਬਿਆਨ ਤੋਂ ਇਲਾਵਾ ਅੰਮ੍ਰਿਤਪਾਲ ਬਠਿੰਡਾ, ਵਿਕਟਰ ਅਤੇ ਗੁਰਮੀਤ ਜੱਜ ਨੇ ਗੀਤ-ਸੰਗੀਤ ਦਾ ਰੰਗ ਭਰਿਆ।
ਪੰਜਾਬ ਦੇ ਜਾਣੇ ਪਛਾਣੇ ਰਕੰਗ ਕਰਮੀ ਕਰਾਂਤੀਪਾਲ (ਨਵਚਿੰਤਨ ਕਲਾ ਮੰਚ ਭਿਆਸ) ਦੇ ਰੰਗ ਮੰਚ ਲਈ ਪਾਏ ਯੋਗਦਾਨ 'ਤੇ ਸਨਮਾਨ ਕੀਤਾ ਗਿਆ।
ਨਾਹਰ ਔਜਲਾ (ਕਨੇਡਾ) ਦਾ ਨਾਟ-ਸੰਗ੍ਰਹਿ 'ਡਾਲਰਾਂ ਦੀ ਦੌੜ', ਦਿਲਦੀਪ ਪ੍ਰਕਾਸ਼ਨ ਵੱਲੋਂ 'ਮਘਦੇ ਸੂਰਜਾਂ ਦੀ ਲੋਅ', ਕਾਮਰੇਡ ਮਾਓ-ਜ਼ੇ-ਤੁੰਗ ਦੀ ਅਮਰ ਰਚਨਾ 41 ਸਾਲ ਬਾਅਦ ਦੁਬਾਰਾ ਰਲੀਜ਼ ਕੀਤੀ ਗਈ 'ਲਾਲ ਕਿਤਾਬ'। ਪੰਜਾਬ ਭਵਨ ਦੇ ਖੁੱਲ੍ਹੇ ਲਾਅਨ 'ਚ ਪੰਜਾਬ ਭਰ 'ਚੋਂ ਆਏ ਦਰਸ਼ਖਾਂ ਨੇ ਲੱਗੀਆਂ ਪੁਸਤਕ ਪ੍ਰਦਰਸ਼ਨੀਆਂ ਤੋਂ ਹਜ਼ਾਰਾਂ ਰੁਪਏ ਦਾ ਅਗਾਂਹਵਧੂ ਸਾਹਿਤ ਖਰੀਦਿਆ। ਸਵੇਰੇ ਸੂਰਜ ਦੀ ਲੋਅ ਦੇ ਨਾਲ ਹੀ ਜਮਾਤੀ ਚੇਤਨਾ ਦੀ ਲੋਅ ਵੰਡਦਾ ਰਾਤ ਭਰ ਦਾ ਨਾਟਕ ਤੇ ਗੀਤ ਸੰਗੀਤ ਮੇਲਾ ਆਪਣੇ ਸਫਲ ਅੰਜਾਮ 'ਤੇ ਪਹੁੰਚਿਆ।
ਮਿਉਂਸਪਲ ਕਾਮਿਆਂ ਦਾ ਘੋਲ— ਕੁਝ ਹਾਂਦਰੂ ਪੱਖ
—ਸੁਰਖ਼ ਰੇਖਾ ਨਿਊਜ਼ ਸਰਵਿਸ
ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ, ਸੂਬੇ ਦੇ ਮਿਊਂਸਪਲ ਕਾਮਿਆਂ ਵੱਲੋਂ 7 ਮਾਰਚ ਤੋਂ 21 ਮਾਰਚ ਤੱਕ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਕੰਮ-ਛੋੜ ਹੜਤਾਲ ਕੀਤੀ ਗਈ ਹੈ। ਐਕਸ਼ਨ ਕਮੇਟੀ ਵੱਲੋਂ ਉਭਾਰੀਆਂ ਗਈਆਂ ਕੁੱਝ ਮਹੱਤਵਪੂਰਨ ਮੰਗਾਂ ਇਸ ਪ੍ਰਕਾਰ ਹਨ; ਕੱਚੇ ਕਾਮੇ ਪੱਕੇ ਕੀਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕਰਕੇ ਨਵੀਂ ਭਰਤੀ ਕੀਤੀ ਜਾਵੇ, ਦਰਜਾ ਤਿੰਨ ਤੇ ਦਰਜਾ ਚਾਰ ਮੁਲਾਜ਼ਮਾਂ ਦੀ ਤਨਖਾਹ ਵਧਾਈ ਜਾਵੇ, ਪੇ-ਕਮਿਸ਼ਨ ਦਾ 43 ਮਹੀਨੇ ਦਾ ਬਕਾਇਾ ਤੁਰੰਤ ਦਿੱਤਾ ਜਾਵੇ, ਸਫਾਈ ਕਰਮੀਆਂ ਨੂੰ ਕੰਮ ਦੌਰਾਨ ਦਸਤਾਨੇ, ਮਾਸਕ ਅਤੇ ਆਈ ਕਵਰ ਦਿੱਤੇ ਜਾਣ, ਰਿਟਾਇਰਡ ਮੁਲਾਜ਼ਮਾਂ ਨੂੰ ਸਮੇਂ ਸਿਰ ਪੈਨਸ਼ਨ ਦਿੱਤੀ ਜਾਵੇ, ਮਿਉਂਸਪਲ ਕਾਮਿਆਂ ਦਾ ਵੱਖਰਾ ਪੈਨਸ਼ਨ ਸੈੱਲ ਬਣਾਇਆ ਜਾਵੇ।
ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਢੰਗਾਂ ਰਾਹੀਂ ਸਰਕਾਰ ਨੂੰ ਆਪਣੀਆਂ ਇਹਨਾਂ ਮੰਗਾਂ ਬਾਰੇ ਵਾਰ ਵਾਰ ਸੂਚਿਤ ਕਰਨ ਦੇ ਬਾਵਜੂਦ ਜਦ ਉਸਨੇ ਭੋਰਾ-ਭਰ ਵੀ ਗੌਰ ਨਾ ਕੀਤਾ ਤਾਂ ਅੰਤ ਮਿਉਂਸਪਲ ਕਾਮੇ ਅਣਮਿਥੇ ਸਮੇਂ ਦੀ ਹੜਤਾਲ 'ਤੇ ਚਲੇ ਗਏ, ਜਿਸ ਵਿੱਚ 3 ਨਗਰ ਨਿਗਮਾਂ ਸਮੇਤ ਸੂਬੇ ਦੀਆਂ 136 ਨਗਰ ਕੌਂਸਲਾਂ ਦੇ ਕਾਮੇ ਸ਼ਾਮਲ ਹੋਏ। ਦੋ ਹਫਤੇ ਰਹੀ ਇਸ ਹੜਤਾਲ ਦੌਰਾਨ ਅਨੇਕਾਂ ਸ਼ਹਿਰਾਂ ਤੇ ਕਸਬਿਆਂ ਅੰਦਰ ਰੈਲੀਆਂ, ਮੁਜਾਹਰਿਆਂ, ਅਰਥੀ ਸਾੜ ਮੁਜਾਹਰਿਆਂ, ਧਰਨਿਆਂ ਅਤੇ ਜਾਮਾਂ ਦਾ ਤਾਂਤਾ ਬੱਝਿਆ ਰਿਹਾ, ਜਿਹਨਾਂ ਵਿੱਚ ਹਰੇਕ ਥਾਂ ਸੈਂਕੜੇ ਕਾਮਿਆਂ ਤੋਂ ਇਲਾਵਾ ਵੱਖ ਸ਼ਹਿਰਾਂ/ਨਗਰਾਂ ਵਿੱਚ ਵੱਖ ਵੱਖ ਭਰਾਤਰੀ ਜਥੇਬੰਦੀਆਂ ਪੈਰਾ ਮੈਡੀਕਲ ਸਟਾਫ ਯੂਨੀਅਨ, ਟੈਕਨੀਕਲ ਸਰਵਿਸਜ਼ ਯੂਨੀਅਨ, ਪਾਵਰ-ਕੌਮ ਇੰਪਲਾਈਜ਼ ਯੂਨੀਅਨ ਆਦਿ ਨੇ ਵੀ ਉਹਨਾਂ ਦੀਆਂ ਵੱਖ ਵੱਖ ਸਰਗਰਮੀਆਂ ਅਤੇ ਘੋਲ ਐਕਸ਼ਨਾਂ 'ਚ ਸ਼ਾਮਲ ਹੋ ਕੇ ਸਹਿਯੋਗੀ ਰੋਲ ਨਿਭਾਇਆ।
ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਸ਼ਹਿਰੀਆਂ ਨੇ ਅਨੇਕਾਂ ਸ਼ਹਿਰਾਂ /ਨਗਰਾਂ ਵਿੱਚ ਆਪੋ ਆਪਣੇ ਢੰਗਾਂ ਨਾਲ ਵਿਸ਼ੇਸ਼ ਕਰਕੇ ਗਰੀਬ ਸਫਾਈ ਸੇਵਕਾਂ ਦੇ ਘੋਲ ਨਾਲ ਡੂੰਘੇ ਸਰੋਕਾਰ ਅਤੇ ਯਕਯਹਿਤੀ ਦਾ ਪ੍ਰਗਟਾਵਾ ਕੀਤਾ। ਉਹ ਗਲੀਆਂ। ਬਾਜ਼ਾਰਾਂ ਵਿੱਚ ਇਕੱਠੇ ਹੋ ਰਹੇ ਕੂੜੇ ਦੇ ਢੇਰਾਂ, ਵਧ ਰਹੀ ਗੰਦਗੀ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਕਰਕੇ ਖਿਲਰੇ ਗੰਦੇ ਪਾਣੀ ਦੀਆਂ ਆ ਰਹੀਆਂ ਮੁਸ਼ਕਲਾਂ ਨੂੰ ਆਪਣੇ ਪੱਧਰ 'ਤੇ ਹੱਲ ਕਰਨ ਲਈ ਅੱਗੇ ਆਏ। ਉਹਨਾਂ ਨੇ ਵੱਖ ਵੱਖ ਸ਼ਹਿਰਾਂ ਵਿੱਚ ਅਧਿਕਾਰੀਆਂ ਨੂੰ ਮਿਲ ਕੇ ਸਰਕਾਰ ਅਤੇ ਪ੍ਰਸਾਸ਼ਨ ਨੂੰ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਧਾਰਨ ਕੀਤੇ ਗੈਰ-ਜੁੰਮੇਵਾਰਾਨਾ ਰਵੱਈਏ ਕਰਕੇ ਕੋਸਿਆ, ਪੱਤਰਕਾਰਾਂ ਕੋਲ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਅਤੇ ਹੜਤਾਲੀ ਕਾਮਿਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨ ਲਈ ਦਬਾਅ ਪਾਇਆ। ਕੁੱਝ ਸ਼ਹਿਰਾਂ 'ਚ ਉਹ ਹੜਤਾਲੀ ਸਫਾਈ ਸੇਵਕਾਂ ਨੂੰ ਅਜਿਹੇ ਸੁਝਾਅ ਦੇਣ ਤੱਕ ਗਏ ਕਿ ਸੰਘਰਸ਼ ਦੌਰਾਨ ਪਬਲਿਕ ਦੀ ਸਹੂਲਤ ਦਾ ਧਿਆਨ ਰੱਖਿਆ ਜਾਵੇ ਅਤੇ ਸੰਘਰਸ਼ ਦਾ ਕੋਈ ਅਜਿਹਾ ਢੰਗ ਅਪਣਾਇਆ ਜਾਵੇ ਜਿਸ ਨਾਲ ਮੰਤਰੀਆਂ ਅਤੇ ਨੇਤਾਵਾਂ ਨੂੰ ਕੁਝ ਸੇਕ ਲੱਗੇ। ਪਰ ਕਿਸੇ ਵੀ ਸਿਆਸੀ ਪਾਰਟੀ ਨੇ ਮਿਉਂਸਪਲ ਕਾਮਿਆਂ ਦੇ ਘੋਲ ਪ੍ਰਤੀ ਹਾਅ ਦਾ ਨਾਅਰਾ ਨਹੀਂ ਮਾਰਿਆ।
ਇਸ ਹੜਤਾਲ ਦੌਰਾਨ ਸਭਨੀਂ ਥਾਈਂ ਵੱਖ ਵੱਖ ਜਨਤਕ ਐਕਸ਼ਨਾਂ ਵਿੱਚ ਦਰਜਾ ਚਾਰ ਕਾਮਿਆਂ ਅਤੇ ਸਫਾਈ ਸੇਵਕਾਂ ਦੀ ਵੱਧ ਚੜ੍ਹ ਕੇ ਸ਼ਮੂਲੀਅਤ ਹੁੰਦੀ ਰਹੀ ਹੈ। ਇਹ ਕਹਿਣਾ ਵੀ ਅਤਕਥਨੀ ਨਹੀਂ ਹੋਵੇਗੀ ਕਿ ਮਿਉਂਸਪਲ ਕਾਮਿਆਂ ਦੇ ਇਹੱਹਿੱਸੇ ਪੂਰੀ ਹੜਤਾਲ ਦੌਰਾਨ ਘੋਲ ਦੀ ਗੁਲੀ ਬਣਦੇ ਹੋਏ ਘੋਲ ਦੀਆਂ ਮੰਗਾਂ ਮਨਾਉਣ ਲਈ ਸਰਕਾਰ ਤੇ ਪ੍ਰਸਾਸ਼ਨ 'ਤੇ ਤਿੱਖਾ ਦਬਾਅ ਪਾਉਣ ਵਿੱਚ ਮੋਹਰੀ ਰਹੇ ਹਨ ਅਤੇ ਇਹ ਗਰੀਬ ਸਫਾਈ ਸੇਵਕ ਆਮ ਸ਼ਹਿਰੀਆਂ, ਸਮਾਜ ਸੇਵੀ ਹਿੱਸਿਆਂ ਸਮੇਤ ਹੋਰਨਾਂ ਵਰਗਾਂ ਦੇ ਕਾਮਾ-ਨੁਮਾ ਮੁਲਾਜ਼ਮਾਂ ਦੀ ਹਮਦਰਦੀ ਦੇ ਪਾਤਰ ਬਣੇ ਰਹੇ ਹਨ।
ਨੀਵੇਂ ਪੱਧਰ 'ਤੇ ਚੱਲ ਰਹੀ ਟਰੇਡ ਯੂਨੀਅਨ ਲਹਿਰ ਕਿਸੇ ਇੱਕ ਤਬਕੇ ਦੇ ਸੰਘਰਸ਼ ਕਰਕੇ (ਛੋਟੇ ਛੋਟੇ ਆਪਸੀ ਤਬਕਾਤੀ ਵਿਰੋਧ-ਟਕਰਾਵਾਂ ਦੀ ਅਣਉਚਿੱਤ ਹੈਸੀਅਤ ਕਰਕੇ) ਹੋਰਨਾਂ ਸਮਾਜਿਕ ਹਿੱਸਿਆਂ ਲਈ ਪੈਦਾ ਹੋਈ ਸਮੱਸਿਆ ਉਹਨਾਂ ਅੰਦਰ ਭੜਕਾਹਟ ਪੈਦਾ ਕਰ ਸਕਦੀ ਹੁੰਦੀ ਹੈ। ਵਧੇਰੇ ਲੰਮਾ ਸਮਾਂ ਪਿੱਛੇ ਜਾ ਕੇ ਦੇਖੀਏ ਤਾਂ ਵੱਖ ਵੱਖ ਸਰਕਾਰਾਂ ਅਜਿਹੀ ਹਾਲਤ ਵਿੱਚ ਉਹਨਾਂ ਹਿੱਸਿਆਂ ਨੂੰ ਭੜਕਾ ਕੇ ਘੋਲ ਦੀ ਫੂਕ ਕੱਢਣ ਲਈ ਵਰਤਦੀਆਂ ਵੀ ਰਹੀਆਂ ਹਨ। ਅਕਾਲੀ-ਭਾਜਪਾ ਸਰਕਾਰ ਨੂੰ ਵੀ ਸ਼ਾਇਦ ਇਹ ਆਸ ਹੋਵੇ ਕਿ ਸ਼ਹਿਰਾਂ ਅਤੇ ਨਗਰਾਂ 'ਚ ਗੰਦਗੀ ਦੇ ਲੱਗੇ ਢੇਰਾਂ ਤੋਂ ਦੁਖੀ ਹੋਏ ਲੋਕ ਸਫਾਈ ਸੇਵਕਾਂ ਦੇ ਖਿਲਾਫ ਉੱਠ ਪੈਣਗੇ ਅਤੇ ਹੜਤਾਲ ਠੁੱਸ ਹੋ ਕੇ ਰਹਿ ਜਾਵੇਗੀ। ਅਜਿਹੇ ਸੰਭਾਵੀ ਖਤਰੇ ਨੂੰ ਅਗਾਊਂ ਭਾਂਪ ਕੇ ਸਫਾਈ ਸੇਵਕ ਆਪਣੀ ਹੜਤਾਲ ਦੌਰਾਨ ਲਗਾਤਾਰ ਵਾਰ ਵਾਰ ਅਣਮਿਥੇ ਸਮੇਂ ਲਈ ਹੜਤਾਲ 'ਤੇ ਜਾਣ ਦੀ ਆਪਣੀ ਮਜਬੂਰੀ ਨੂੰ ਰੈਲੀਆਂ, ਮੁਜਾਹਰਿਆਂ ਵਿੱਚ ਉਭਾਰਦੇ ਹੋਏ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਪ੍ਰਤੀ ਸਰੋਕਾਰ ਦਿਖਾਉਂਦੇ ਰਹੇ ਹਨ। ਲੋਕਾਂ ਦੀਆਂ ਮੁਸ਼ਕਲਾਂ ਪ੍ਰਤੀ ਦਿਖਾਏ ਇਸ ਸਰੋਕਾਰ ਅਤੇ ਮੋੜਵੇਂ ਰੂਪ ਵਿੱਚ ਲੋਕਾਂ ਵੱਲੋਂ ਘੋਲ ਪ੍ਰਤੀ ਦਿਖਾਏ ਸਰੋਕਾਰ ਨੇ ਉਲਟਾ ਸਰਕਾਰ ਦੀਆਂ ਗਿਣਤੀਆਂ-ਮਿਣਤੀਆਂ ਨੂੰ ਠੁੱਸ ਕਰਕੇ ਰੱਖ ਦਿੱਤਾ।
ਪ੍ਰਸਾਸ਼ਨ ਵੱਲੋਂ ਵੱਖ ਵੱਖ ਸ਼ਹਿਰਾਂ 'ਚ ਹੜਤਾਲ ਨੂੰ ਫੇਲ੍ਹ ਕਰਨ ਲਈ ਵਰਤੇ ਗਏ ਹੱਥਕੰਡੇ ਸਫਾਈ ਕਾਮਿਆਂ ਦੇ ਤਿੱਖੇ ਵਿਰੋਧ ਮੂਹਰੇ ਟਿਕ ਨਾ ਸਕੇ। ਅੰਤ ਪ੍ਰਸਾਸ਼ਨ ਨੂੰ ਸਭਨੀਂ ਥਾਈਂ ਮਜਬੂਰੀ ਵੱਸ ਪਿੱਛੇ ਹਟਣਾ ਪਿਆ। ਇਸੇ ਦੌਰਾਨ ਮਿਉਂਸਪਲ ਕਾਮਿਆਂ ਦੇ ਆਗੂਆਂ ਨੇ ਪਾਰਟ ਟਾਈਮ ਕਾਮਿਆਂ ਨੂੰ ਕਈ ਸ਼ਰਤਾਂ ਲਾ ਕੇ ਪੱਕਾ ਕਰਨ ਦੀ ਤਜਵੀਜ਼ ਨੂੰ ਉਹਨਾਂ ਨਾਲ ਮਜ਼ਾਕ ਆਖ ਕੇ ਰੱਦ ਕਰ ਦਿੱਤਾ। 14 ਮਾਰਚ ਨੂੰ ਮਨੋਰੰਜਨ ਕਾਲੀਆ ਵੱਲੋਂ ਆਗੂਆਂ ਨਾਲ ਕੀਤੀ, ਬੇਸਿੱਟਾ ਰਹੀ ਮੀਟਿੰਗ ਨੂੰ ਉਹਨਾਂ ਨੇ ਸੰਘਰਸ਼ ਨੂੰ ਭਟਕਾਉਣ ਦੀ ਇੱਕ ਕੋਸ਼ਿਸ਼ ਵਜੋਂ ਲਿਆ ਅਤੇ ਅਜਿਹੇ ਹੱਥਕੰਡਿਆਂ ਤੋਂ ਸੁਚੇਤ ਰਹਿਣ ਦੇ ਐਲਾਨ ਕੀਤੇ।
ਅੰਤ 21 ਮਾਰਚ ਨੂੰ ਸਥਾਨਕ ਸਵੈ-ਸਾਸ਼ਨ ਮੰਤਰੀ ਮਨੋਰੰਜਨ ਕਾਲੀਆ ਨੇ ਸੰਘਰਸ਼ ਕਮੇਟੀ ਨਾਲ ਸਮਝੌਤਾ ਕਰਕੇ ਮੁਹੱਲਾ ਸਫਾਈ ਕਮੇਟੀਆਂ ਅਧੀਨ ਕੰਮ ਕਰਦੇ ਸਫਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਪੱਕਾ ਕਰਨ, ਠੇਕੇ 'ਤੇ 10 ਸਾਲ ਜਾਂ ਇਸ ਤੋਂ ਵਧੇਰੇ ਸਮੇਂ ਤੋਂ ਕੰਮ ਕਰਦੇ ਕਲਰਕਾਂ ਨੂੰ ਪੱਕਾ ਕਰਨ ਅਤੇ ਠੇਕੇ 'ਤੇ ਕੰਮ ਕਰਦੇ ਕਿਸੇ ਵੀ ਕੰਮ ਲਈ ਨਿਰਧਾਰਤ ਦਿਹਾੜੀ ਰੇਟ 'ਤੇ ਅਦਾਇਗੀ ਕਰਨ ਅਤੇ ਹੜਤਾਲ ਦੇ ਸਮੇਂ ਨੂੰ ਛੁੱਟੀ ਵਜੋਂ ਪ੍ਰਵਾਨ ਕਰਨ ਵਰਗੀਆਂ ਮੰਗਾਂ ਨੂੰ ਪ੍ਰਵਾਨ ਕਰ ਲਿਆ। ਸਰਕਾਰ ਨੇ ਬਾਕੀ ਰਹਿੰਦੀਆਂ ਮੰਗਾਂ 'ਤੇ ਛੇਤੀ ਵਿਚਾਰ ਕਰਨ ਦਾ ਭਰੋਸਾ ਦਿਤਾ ਹੈ।
ਭਾਵੇਂ ਮੰਤਰੀ ਨੇ ਐਕਸ਼ਨ ਕਮੇਟੀ ਵੱਲੋਂ ਇਤਰਾਜ਼ ਕਰਨ 'ਤੇ ਸਮਝੌਤੇ ਦੀ ਲਿਖਤੀ ਚਿੱਠੀ ਵਿਚੋਂ ਇਤਰਾਜ਼ਯੋਗ ਸ਼ਬਦ ਕਿ ''ਮੰਗਾਂ ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਕ ਮੰਨੀਆਂ ਜਾਣਗੀਆਂ'', ਕੱਢ ਦਿੱਤੇ ਹਨ, ਪਰ ਸਫਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਪੱਕੇ ਕਰਨ ਲਈ ਸਬੰਧਤ ਨਗਰ ਕੌਂਸਲਾਂ ਤੋਂ ਮਤੇ ਮੰਗਵਾਉਣ ਪਿੱਛੇ ਸਰਕਾਰ ਦਾ ਮਕਸਦ ਉਸ ''ਪਾਲਿਸੀ'' ਨੂੰ ਲਾਗੂ ਕਰਨ ਦਾ ਹੀ ਹੈ, ਜਿਸ ਮੁਤਾਬਕ ਇਹਨਾਂ ਕਰਮੀਆਂ ਦੇ ਨਵੀਆਂ ਆਰਥਿਕ ਨੀਤੀਆਂ ਨੂੰ ਲਾਗੂ ਕਰਦੇ ਹੋਏ ਪੱਕੇ ਹੋਣ ਨਾਲ ਪੈਣ ਵਾਲੇ ਆਰਥਿਕ ਬੋਝ ਨੂੰ ਸਰਕਾਰ ਦੀ ਬਜਾਏ ਨਗਰ ਕੌਂਸਲਾਂ 'ਤੇ ਪਾਇਆ ਜਾਣਾ ਹੈ। ਇਹ ਲੋਕ ਭਲਾਈ ਦੇ ਕਾਰਜਾਂ ਤੋਂ ਕਦਮ-ਬਾ-ਕਦਮ ਪੈਰ ਪਿੱਛੇ ਖਿੱਚਣ ਦਾ ਮਾਮਲਾ ਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸਰਕਾਰ ਸਫਾਈ ਸੇਵਕਾਂ ਨੂੰ ਛੱਡ ਕੇ, ਬਾਕੀ ਮੰਗਾਂ ਖਾਸ ਕਰਕੇ ਕਲਰਕਾਂ ਨੂੰ ਰੈਗੂਲਰ ਕਰਨ ਦੀਆਂ ਮੰਗਾਂ ਤੋਂ ਪਿੱਛੇ ਹਟ ਰਹੀ ਹੈ। ਮਿਉਂਸਪਲ ਕਾਮੇ ਦੁਬਾਰਾ ਘੋਲ ਲੜਨ ਦੇ ਰੌਂਅ 'ਚ ਹਨ।
ਸ਼ਰਾਬ-ਮਾਫੀਏ ਦੀ ਸੇਵਾ ਲਈ ਸੇਲਬਰਾਹ 'ਚ ਪੁਲਸ ਕਹਿਰ
—ਰਿਪੋਰਟਰ
ਜਬਰਦਸਤੀ ਸ਼ਰਾਬ ਦਾ ਠੇਕਾ ਖੋਲ੍ਹਣ ਸਬੰਧੀ ਸੇਲਬਰਾਹ ਪਿੰਡ ਦੀਆਂ ਘਟਨਾਵਾਂ ਦੇ ਦਿਖਾ ਦਿੱਤਾ ਹੈ ਕਿ ਸੂਬੇ ਅੰਦਰ ਸ਼ਰਾਬ ਦੀ ਵੱਧ ਤੋਂ ਵੱਧ ਵਿੱਕਰੀ ਦੇ ਬੰਦੋਬਸਤ ਕਰਨੇ ਸਰਕਾਰ ਦੀ ਆਬਕਾਰੀ ਨੀਤੀ ਦਾ ਸੁਆਲ ਹੀ ਨਹੀਂ ਹੈ, ਸਗੋਂ ਡਾਂਗਾਂ ਨਾਲ ਲੋਕਾਂ ਦੀਆਂ ਢੂਈਆਂ ਭੰਨ ਕੇ ਵੀ ਸਰਕਾਰ ਨੇ ਸ਼ਰਾਬ ਤੋਂ ਕਮਾਈ ਕਰਨ ਦੀ ਠਾਣੀ ਹੋਈ ਹੈ।
2 ਮਈ ਦੀ ਸਵੇਰ ਨੂੰ ਮੂੰਹ ਹਨੇਰੇ ਤਿੰਨ ਪੁਲਸੀ ਐਸ.ਪੀਜ਼ ਦੀ ਅਗਵਾਈ ਵਿੱਚ ਬਠਿੰਡਾ, ਫਰੀਦਕੋਟ ਅਤੇ ਮੋਗਾ ਜ਼ਿਲ੍ਹਿਆਂ ਦੀ ਪੁਲਸ ਦੀ ਭਾਰੀ ਨਫਰੀ ਨੇ ਪਿੰਡ ਦੇ ਸੁੱਤੇ ਪਏ ਲੋਕਾਂ, ਖਾਸ ਕਰਕੇ ਮਜ਼ਦੂਰ ਵਿਹੜੇ 'ਤੇ ਜਬਰਦਸਤ ਧਾਵਾ ਬੋਲ ਦਿੱਤਾ। ਅੰਨ੍ਹਾਂ ਤਾਂਡਵ ਨਾਚ ਨੱਚਦਿਆਂ ਪੁਲਸ ਨੇ ਬੱਚਿਆਂ, ਬੁੱਢਿਆਂ ਅਤੇ ਔਰਤਾਂ ਸਮੇਤ ਲਾ-ਵਾਢਿਉਂ ਹੱਥ ਆਏ ਹਰ ਵਿਅਕਤੀ ਨੂੰ ਕੁਟਾਪਾ ਚਾੜ੍ਹਿਆ। ਮਰੀਜਾਂ, ਗਰਭਵਤੀ ਔਰਤਾਂ ਅਤੇ ਬਾਹਰੋਂ ਆਏ ਮਹਿਮਾਨਾਂ ਤੱਕ ਨੂੰ ਵੀ ਬਖਸ਼ਿਆ ਨਾ ਗਿਆ। ਘਰਾਂ ਦੀ, ਘਰਾਂ ਦੇ ਸਮਾਨ ਦੀ ਭੰਨ-ਤੋੜ ਕੀਤੀ ਗਈ) ਕਣਕ, ਦਾਲਾਂ ਅਤੇ ਹੋਰ ਰਾਸ਼ਨ ਵਸਤਾਂ ਨੂੰ ਖੇਹ-ਖਰਾਬ ਕੀਤਾ ਗਿਆ। ਪਸ਼ੂ-ਡੰਗਰਾਂ ਨੂੰ ਖੋਲ੍ਹ ਕੇ ਡਾਂਗਾਂ ਮਾਰ ਮਾਰ ਘਰਾਂ ਤੋਂ ਭਜਾ ਦਿੱਤਾ ਗਿਆ। ਵਿਹੜੇ ਦਾ ਕੋਈ ਵੀ ਘਰ ਇਸ ਖਰੂਦੀ ਹਮਲੇ ਤੋਂ ਬਚ ਨਾ ਸਕਿਆ। ਅੰਤ 40 ਔਰਤਾਂ ਸਮੇਤ ਸਵਾ ਸੌ ਦੇ ਲੱਗਭੱਗ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮਗਰੋਂ ਇਹਨਾਂ ਵਿਚੋਂ ਦੋ ਦਰਜਨ ਦੇ ਕਰੀਬ ਮਰਦ ਔਰਤਾਂ 'ਤੇ ਧਾਰਾ 307 ਦੇ ਸੰਗੀਨ ਕੇਸ ਮੜ੍ਹ ਕੇ ਬਾਕੀਆਂ ਨੂੰ ਛੱਡ ਦਿੱਤਾ ਗਿਆ। ਐਨੇ ਖਰੂਦੀ ਅਤੇ ਜ਼ਾਲਮ ਹਮਲੇ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਐਸ.ਐਸ.ਪੀ. ਦਾ ਪ੍ਰਤੀਕਰਮ ਸੀ ਕਿ ਪੁਲਸ ਨੇ ਕੋਈ ਵਧੀਕੀ ਨਹੀਂ ਕੀਤੀ।
ਸੇਲਬਰਾਹ ਪਿੰਡ ਦੇ ਠੇਕੇ ਦਾ ਮਸਲਾ ਚਿਰ ਪੁਰਾਣਾ ਮਸਲਾ ਹੈ। ਇਹ ਤੁਰੰਤ-ਪੈਰ ਖੜ੍ਹਾ ਹੋਇਆ ਮਸਲਾ ਨਹੀਂ ਹੈ, ਜਿਵੇਂ ਕਿ ਪੁਲਸ ਪ੍ਰਸਾਸ਼ਨ ਵੱਲੋਂ ਇਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਬਕਾਰੀ ਵਿਭਾਗ ਦੇ ਰਿਕਾਰਡ ਅਨੁਸਾਰ ਤਾਂ ਲੰਘੇ ਵਰ੍ਹੇ ਤੱਕ ਸੇਲਬਰਾਹ ਵਿੱਚ ਸ਼ਰਾਬ ਦਾ ਕੋਈ ਠੇਕਾ ਹੈ ਹੀ ਨਹੀਂ। ਪਰ ਅਮਲੀ ਤੌਰ 'ਤੇ ਨਾਲ ਲੱਗਦੇ ਹਰਨਾਮ ਸਿੰਘ ਵਾਲਾ ਪਿੰਡ ਦੇ ਠੇਕੇ ਦੀ ਬਰਾਂਚ ਕਹਿ ਕੇ ਸੇਲਬਰਾਹ ਵਿੱਚ ਸ਼ਰਾਬ ਦਾ ਠੇਕਾ ਚੱਲਦਾ ਰਿਹਾ ਹੈ। ਇਸ ਤੋਂ ਇਲਾਵਾ ਹਾਕਮ ਅਕਾਲੀ ਪਾਰਟੀ ਦੇ ਇਲਾਕੇ ਦੇ ਲੀਡਰਾਂ ਦੀ ਸਰਪ੍ਰਸਤੀ ਪ੍ਰਾਪਤ ਮਜ਼ਦੂਰ ਵਿਹੜੇ ਦਾ ਹੀ ਇੱਕ ਵਿਅਕਤੀ ਅਲੱਗ ਸ਼ਰਾਬ ਦੀ ਵਿੱਕਰੀ ਕਰਦਾ ਰਿਹਾ ਹੈ। ਇਹੀ ਉਹ ਵਿਅਕਤੀ ਹੈ, ਜਿਸ ਨਾਲ 30 ਅਪ੍ਰੈਲ ਨੂੰ ਲੋਕਾਂ ਦੇ ਹੋਏ ਤਕਰਾਰ ਤੋਂ ਬਾਅਦ, ਉਸ ਦੇ ਬੁਲਾਉਣ 'ਤੇ, ਪੁਲਸ ਪਾਰਟੀ ਸੇਲਬਰਾਹ ਪਿੰਡ ਪਹੁੰਚੀ ਸੀ। ਇਸ ਤਰ੍ਹਾਂ ਪਿੰਡ ਵਿੱਚ ਦੋ ਠੇਕੇ ਚੱਲਦੇ ਰਹੇ ਹਨ। ਦੋਵੇਂ ਹੀ ਠੇਕੇ ਸਰਕਾਰ ਦੇ ਆਪਣੇ ਨਿਯਮਾਂ ਦੀ ਘੋਰ ਉਲੰਘਣਾ ਹੈ ਅਤੇ ਇੱਕ ਨਜਾਇਜ਼ ਕਾਰਵਾਈ ਬਣਦੀ ਹੈ।
ਪਿੰਡ ਦੇ, ਖਾਸ ਕਰਕੇ ਮਜ਼ਦੂਰ ਵਿਹੜੇ ਦੇ ਲੋਕ ਆਬਾਦੀ ਦੇ ਐਨ ਵਿਚਕਾਰ ਚੱਲਦੇ ਸ਼ਰਾਬ ਦੇ ਇਸ ਧੰਦੇ ਦਾ ਵਿਰੋਧ ਕਰਦੇ ਆ ਰਹੇ ਸਨ। ਉਹਨਾਂ ਨੇ ਇਸ ਦੇ ਖਿਲਾਫ ਜ਼ਿਲ੍ਹਾ ਅਧਿਕਾਰੀਆਂ ਕੋਲ ਪਹੁੰਚ ਵੀ ਕੀਤੀ ਸੀ। ਪਿੰਡ ਦੀ ਪੰਚਾਇਤ ਨੇ ਮਤਾ ਪਾਸ ਕਰਕੇ ਆਬਕਾਰੀ ਵਿਭਾਗ ਨੂੰ ਪਿੰਡ ਵਿੱਚ ਠੇਕਾ ਨਾ ਰੱਖਣ ਬਾਰੇ ਬੇਨਤੀ ਵੀ ਕੀਤੀ ਸੀ। ਆਬਕਾਰੀ ਵਿਭਾਗ ਨੇ ਪੰਚਾਇਤ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਲ੍ਹਾ ਪ੍ਰਸਾਸ਼ਨ ਨੇ ਵੀ ਕੋਈ ਉੱਤਾ ਨਾ ਵਾਚਿਆ। ਇਸ ਤੋਂ ਇਲਾਵਾ, ਸੇਲਬਰਾਹ ਪਿੰਡ ਦਹਾਕਿਆਂ ਤੋਂ ਹੀ ਵੱਖ ਵੱਖ ਪਾਰਲੀਮਾਨੀ ਵੋਟ ਪਾਰਟੀਆਂ ਦੀ ਕੁੱਕੜ ਲੜਾਈ ਵਾਲਾ ਪਿੰਡ ਰਿਹਾ ਹੈ। ਅੱਜ ਏਸ ਮਸਲੇ ਵਿੱਚ ਵੀ ਦੋਵੇ ਹਾਕਮ ਪਾਰਟੀਆਂ- ਅਕਾਲੀ ਦਲ ਅਤੇ ਕਾਂਗਰਸ- ਦੀ ਆਪਸੀ ਖਹਿਬਾਜ਼ੀ ਅਤੇ ਇੱਕ ਦੂਜੀ ਨੂੰ ਠਿੱਬੀ ਲਾਉਣ ਦੀਆਂ ਅੰਦਰਖਾਤੇ ਚੱਲਦੀਆਂ ਖੇਡਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹਨਾਂ ਦਿਨਾਂ ਵਿੱਚ ਤਿੱਖੇ ਰੂਪ ਵਿੱਚ ਉੱਭਰ ਕੇ ਪੇਸ਼ ਹੋਏ ਸੇਲਬਰਾਹ ਪਿੰਡ ਦੇ ਇਸ ਮਸਲੇ ਦੀ ਪਿੱਠ-ਭੂਮੀ ਵਿੱਚ ਕੰਮ ਕਰਦੇ ਇਹਨਾਂ ਪੱਖਾਂ ਨੂੰ ਗਿਣਤੀ ਵਿੱਚ ਰੱਖੇ ਬਗੈਰ ਪਿੰਡ ਦੇ ਮਜ਼ਦੂਰ ਪਰਿਵਾਰਾਂ ਦੀ ਸੰਤੁਸ਼ਟੀ ਕਰਾਉਂਦਾ ਸਹੀ ਹੱਲ ਨਹੀਂ ਕੀਤਾ ਜਾ ਸਕਦਾ। ਪਰ ਪੁਲਸ ਪ੍ਰਸਾਸ਼ਨ ਏਸ ਪ੍ਰਸੰਗ ਵਿੱਚ ਇਸ ਮਸਲੇ ਨੂੰ ਹੱਥ ਪਾਉਂਦਾ ਨਜ਼ਰ ਨਹੀਂ ਆ ਰਿਹਾ।
ਇਸਦੇ ਉਲਟ, ਸਿਤਮਜ਼ਰੀਫ਼ੀ ਇਹ ਹੈ ਕਿ ਇਸ ਸਾਰੀ ਹਾਲਤ ਦਾ ਖਮਿਆਜਾ ਗਰੀਬ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ, ਜਿਸ ਲਈ ਉਹ ਅਕਸਰ ਬਿਲਕੁਲ ਹੀ ਕਸੂਰਵਾਰ ਨਹੀਂ ਹੁੰਦੇ, ਜਾਂ ਉਹਨਾਂ ਦਾ ਨਾ-ਮਾਤਰ ਕਸੂਰ ਹੀ ਹੁੰਦਾ ਹੈ ਅਤੇ ਉਹ ਵੀ ਮਾੜੀ-ਮੋਟੀ ਪੁਲਸੀ ਕੁੱਟਮਾਰ ਜਾਂ ਸਾਧਾਰਨ ਪੁਲਸੀ ਕੇਸਾਂ ਦੇ ਰੂਪ ਵਿੱਚ ਨਹੀਂ ਸਗੋਂ ਪੁਲਸੀ ਕੁੱਟਮਾਰ ਰਾਹੀਂ ਲੱਤਾਂ-ਬਾਹਾਂ ਤੋੜਨ ਤੇ ਤੁਰਨੋਂ-ਫਿਰਨੋਂ ਆਹਰੀ ਕਰਨ, ਇਰਾਦਾ ਕਤਲ ਵਰਗੇ ਸੰਗੀਨ ਕੇਸ, ਘਰਾਂ ਦੇ ਸਮਾਨ ਦੀ ਤੋੜ ਭੰਨ ਆਦਿ ਅਣਮਨੁੱਖੀ ਤੇ ਜ਼ਾਲਮਾਨਾ ਕਹਿਰ ਦੇ ਰੂਪ ਵਿੱਚ ਝੱਲਣਾ ਪੈਂਦਾ ਹੈ, ਜਿਸ ਦੇ ਇਹਨਾਂ ਗਰੀਬ ਪਰਵਾਰਾਂ ਨੂੰ ਦੂਰ ਰਸ ਗੰਭੀਰ ਆਰਥਿਕ ਸਿੱਟੇ ਭੁਗਤਣੇ ਪੈਂਦੇ ਹਨ। ਇਸ ਦਾ ਇੱਕੋ ਇੱਕ ਕਾਰਣ ਇਹ ਹੈ ਕਿ ਅਜਿਹੇ ਸਮਾਜਿਕ ਮਸਲਿਆਂ ਵਿੱਚ (ਜਿਹੜੇ ਭਾਵੇਂ ਕਿੰਨੇ ਵੀ ਜਾਇਜ਼ ਵਾਜਬ ਹੋਣ) ਗਰੀਬ ਤੇ ਤਾਕਤ ਵਿਹੂਣੇ ਲੋਕਾਂ ਦਾ ਮੱਥਾ ਆਰਥਿਕ ਤੇ ਸਿਆਸੀ ਤਾਕਤ ਦੇ ਮਾਲਕ ਡਾਢਿਆਂ ਨਾਲ, ਜਾਂ ਉਹਨਾਂ ਤੋਂ ਲਏ ਉਧਾਰੇ ਸਾਹਾਂ ਦੇ ਸਿਰ 'ਤੇ ਪਲ ਰਹੇ ਚੰਦ ਕੁ ਅੱਥਰਿਆਂ ਨਾਲ ਲੱਗਿਆ ਹੁੰਦਾ ਹੈ। ਗਰੀਬ ਲੋਕਾਂ ਨਾਲ ਸਬੰਧਤ ਅਨੇਕਾਂ ਸਮਾਜਕ ਮਸਲਿਆਂ ਵਿੱਚ ਪੁਲਸ ਵੱਲੋਂ ਰਚੇ ਜਾਂਦੇ ਅਜਿਹੇ ਨਾਟਕਾਂ ਦਾ ਇੱਕੋ ਇੱਕ ਮਕਸਦ ਇਹ ਹੈ ਕਿ ਇਹ ਗਰੀਬ ਲੋਕ ਅਗਾਂਹ ਨੂੰ ਇਹਨਾਂ ਡਾਢਿਆਂ ਮੂਹਰੇ ਅੱਖ ਚੁੱਕ ਕੇ ਦੇਖ ਨਾ ਸਕਣ, ਚੁੱਪਚਾਪ ਇਹਨਾਂ ਦੇ ਦਾਬੇ ਵਿੱਚ ਰਹਿਣ, ਇਹਨਾਂ ਦੀ ਚਾਕਰੀ ਕਰਦੇ ਰਹਿਣ ਅਤੇ ਇਹਨਾਂ ਦੀਆਂ ਮਨਮਾਨੀਆਂ ਨੂੰ ਸੱਤ-ਵਚਨ ਸਮਝ ਕੇ ਮੰਨਦੇ ਰਹਿਣ, ਇਸ ਤੋਂ ਵੀ ਅਗਾਂਹ, ਸਗੋਂ ਇਹਨਾਂ ਦੀਆਂ ਨਾ-ਜਾਇਜ਼ ਕਾਰਵਾਈਆਂ ਵਿੱਚ ਸਹਾਈ ਹੁੰਦੇ ਰਹਿਣ।
ਕਿਸਾਨਾਂ ਮਜ਼ਦੂਰਾਂ ਦੀਆਂ, ਸਿਰਫ ਤੇ ਸਿਰਫ, ਆਪਣੀਆਂ ਹੀ ਜਮਹੂਰੀ ਜਨਤਕ ਜਥੇਬੰਦੀਆਂ ਹਨ, ਜਿਹੜੀਆਂ ਮੁਸੀਬਤਾਂ ਵਿੱਚ ਫਸੇ ਗਰੀਬ ਲੋਕਾਂ ਦੀ ਬਾਂਹ ਫੜਦੀਆਂ ਹਨ। 2 ਮਈ ਦੀ ਘਟਨਾ ਤੋਂ ਅਗਲੇ ਹੀ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਦੀਆਂ ਉਗਰਾਹਾਂ ਅਤੇ ਡਕੌਂਦਾ ਧਿਰਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਖੇਤ ਮਜ਼ਦੂਰ ਯੂਨੀਅਨ ਆਦਿ ਜਥੇਬੰਦੀਆਂ ਦੇ ਮੁੱਖ ਆਗੂਆਂ ਨੇ ਸੇਲਬਰਾਹ ਪਿੰਡ ਦੇ ਲੋਕਾਂ ਨੂੰ ਮਿਲ ਕੇ ਘਟਨਾ ਦੇ ਤੱਥ ਇਕੱਠੇ ਕੀਤੇ ਹਨ। 4 ਮਈ ਨੂੰ ਬਠਿੰਡੇ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲ ਕੇ ਇਹਨਾਂ ਆਗੂਆਂ ਨੇ (ਪ੍ਰਸਾਸ਼ਨ ਵੱਲੋਂ ਕੀਤੀ ਜਾਣ ਵਾਲੀ ਜਾਂਚ-ਪੜਤਾਲ 'ਤੇ ਪੱਖਪਾਤੀ ਹੋਣ ਦੇ ਖਤਰੇ ਕਰਕੇ ਬੇ-ਵਿਸ਼ਵਾਸ਼ੀ ਜ਼ਾਹਰ ਕਰਦੇ ਹੋਏ) ਮੰਗ ਕੀਤੀ ਹੈ ਕਿ ਸੇਲਬਰਾਹ ਵਿੱਚ ਪੁਲਸ ਵੱਲੋਂ ਕੀਤੀ ਵਧੀਕੀ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਅਤੇ ਬੇਕਸੂਰ ਲੋਕਾਂ ਨੂੰ ਰਿਹਾਅ ਕੀਤਾ ਜਾਵੇ।
ਬਾਅਦ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਇਹਨਾਂ ਆਗੂਆਂ ਨੇ ਪੁਲਸ ਵੱਲੋਂ ਲੋਕਾਂ ਦੇ ਘਰਾਂ ਦੇ ਸਮਾਨ ਦੀ ਕੀਤੀ ਭੰਨ-ਤੋੜ, ਹਿਰਾਸਤ ਵਿੱਚ ਲਏ ਮਰਦ-ਔਰਤਾਂ ਅਤੇ ਦੋ ਦਰਜਨ ਦੇ ਕਰੀਬ ਲੋਕਾਂ 'ਤੇ ਮੜ੍ਹੇ ਝੂਠੇ ਸੰਗੀਨ ਕੇਸਾਂ ਦੇ ਵੇਰਵੇ ਨਸ਼ਰ ਕੀਤੇ ਅਤੇ ਢੁੱਕਵੇਂ ਮੁਆਵਜੇ ਦੀ ਮੰਗ ਨੂੰ ਉਭਾਰਿਆ। ਪ੍ਰੈੱਸ ਕਾਨਫਰੰਸ ਵਿੱਚ ਆਗੂਆਂ ਨੇ ਐਲਾਨ ਕੀਤਾ ਕਿ ਉਹ ਪੁਲਸ ਵੱਲੋਂ ਲੋਕਾਂ 'ਤੇ ਢਾਹੇ ਜ਼ੁਲਮ ਖਿਲਾਫ ਜਨਤਕ ਮੁਹਿੰਮ ਸ਼ੁਰੂ ਕਰਨਗੇ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਟੀਮ ਵੱਲੋਂ ਸੇਲਬਹਾਰ ਵਾਸੀਆਂ ਨਾਲ ਗੱਲਬਾਤ ਕਰਨ ਉਪਰੰਤ ਜਾਰੀ ਕੀਤੀ ਰਿਪੋਰਟ ਵਿੱਚ ਦੋਸ਼ ਲਾਏ ਹਨ ਕਿ ''ਸੱਤਾਧਾਰੀ ਆਗੂਆਂ ਦੇ ਸ਼ਰਾਬ ਦੇ ਕਥਿਤ ਨਜਾਇਜ਼ ਧੰਦੇ ਨੂੰ ਜਾਰੀ ਰੱਖਣ ਲਈ ਹੀ ਪੁਲਸ ਪ੍ਰਸਾਸ਼ਨ ਨੇ ਪਿੰਡ ਦੇ ਦਲਿਤਾਂ ਅਤੇ ਗਰੀਬਾਂ ਉਪਰ ਕਹਿਰ ਢਾਇਆ ਹੈ ਅਤੇ ਪੁਲਸ ਕੇਸ ਦਰਜ ਕੀਤੇ ਹਨ।''
ਲੋਕ ਮੋਰਚਾ ਪੰਜਾਬ ਦੀ ਬਠਿੰਡਾ ਇਕਾਈ ਵੱਲੋਂ ਫੈਸਲਾ ਕਰਕੇ ਸੇਲਬਰਾਹ ਪਿੰਡ ਦੇ ਇਨਸਾਫਪਸੰਦ ਵਿਅਕਤੀਆਂ ਨੂੰ ਮਿਲ ਕੇ ਗ੍ਰਿਫਤਾਰ ਵਿਅਕਤੀਆਂ ਦੀ ਕਾਨੂੰਨੀ ਅਤੇ ਹੋਰ ਲੋੜੀਂਦੀ ਮੱਦਦ ਕਰਨ ਅਤੇ ਪਿੰਡ 'ਚੋਂ ਨਜਾਇਜ਼ ਠੇਕੇ ਚੁਕਵਾਉਣ ਲਈ ਜਨਤਕ ਲਾਮਬੰਦੀ ਰਾਹੀਂ ਢੁਕਵੇਂ ਪ੍ਰਬੰਧ ਕਰਨ ਲਈ ਅੱਗੇ ਆਉਣ ਦੀ ਸਲਾਹ ਦਿੱਤੀ ਗਈ ਹੈ।
ਇਸੇ ਦੌਰਾਨ ਆਬਕਾਰੀ ਤੇ ਕਰ ਅਫਸਰ ਆਰ.ਐਸ. ਰੋਮਾਣਾ ਨੇ ਕਿਹਾ ਹੈ ਕਿ ''ਸਾਲ 2011-12 ਲਈ ਪਿੰਡ ਸੇਲਬਰਾਹ ਲਈ ਸ਼ਰਾਬ ਦਾ ਠੇਕਾ ਪ੍ਰਵਾਨ ਹੋ ਚੁੱਕਿਆ ਹੈ.. ..ਸ਼ਰਾਬ ਦਾ ਠੇਕਾ ਜ਼ਰੂਰ ਖੁੱਲ੍ਹੇਗਾ.. ..ਸਰਕਾਰ ਨੂੰ ਆਮਦਨ ਹੋਣੀ ਹੈ, ਜਿਸ ਕਰੇ ਠੇਕਾ ਤਾਂ ਖੋਲ੍ਹਿਆ ਹੀ ਜਾਵੇਗਾ।''
ਜ਼ਿਲ੍ਹਾ ਪੁਲਸ ਅਲੱਗ ਇਸ ਘਟਨਾ ਦੀ ਮੂਲ ਵਜਾਹ ਬਣੇ ਪਹਿਲੂਆਂ ਦੀ ਜਾਂਚ-ਪੜਤਾਲ ਵਿੱਚ ਪੈਣ ਦੀ ਬਜਾਏ, ਇਸ ਨੂੰ ਮਾਓਵਾਦੀ ਹਿੰਸਾ ਕਰਾਰ ਦੇ ਕੇ ਪਿੰਡ ਦੇ ਗਰੀਬ ਮਜ਼ਦੂਰਾਂ 'ਤੇ ਹੋਰ ਅੰਨ੍ਹਾਂ ਜਬਰ ਢਾਹੁਣ ਦੇ ਮਨਸੂਬੇ ਪਾਲ ਰਹੀ ਹੈ ਅਤੇ ਨਾਮਣਾ ਖੱਟਣ ਦੀਆਂ ਤਿਆਰੀਆਂ ਵੱਟ ਰਹੀ ਹੈ।
ਮਜ਼ਦੂਰਾਂ, ਕਿਸਾਨਾਂ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਰਲ-ਮਿਲ ਕੇ ਚਲਾਈ ਮੁਹਿੰਮ ਅਤੇ ਲੋਕਾਂ ਦੀ ਵਿਸ਼ਾਲ ਲਾਮਬੰਦੀ ਹੀ ਅਧਿਕਾਰੀਆਂ ਦੀਆਂ ਧੱਕੜ ਤੇ ਪੱਖਪਾਤੀ ਕਾਰਵਾਈਆਂ ਅਤੇ ਪੁਲਸ ਦੇ ਚੰਦਰੇ ਮਨਸੂਬਿਆਂ ਨੂੰ ਠੱਲ੍ਹ ਪਾ ਸਕਦੀਆਂ ਹਨ।
ਗਰੇਟਰ ਨੋਇਡਾ 'ਚ ਪੁਲਸ-ਕਿਸਾਨ ਟੱਕਰ
ਵਿਸਫੋਟਕ ਹਾਲਤ ਦਾ ਸੰਕੇਤ
ਵਿਕਾਸ ਦੇ ਨਾਂ 'ਤੇ ਕਿਸਾਨਾਂ ਤੋਂ ਜਬਰਦਸਤੀ ਜ਼ਮੀਨਾਂ ਹਥਿਆਉਣ ਦਾ ਅਮਲ ਪੁਰੇ ਜ਼ੋਰ ਨਾਲ ਚੱਲ ਰਿਹਾ ਹੈ। ਧੱਕੇ ਨਾਲ ਕੀਤੇ ਜਾ ਰਹੇ ਇਸ ਉਜਾੜੇ ਦੇ ਖਿਲਾਫ ਕਿਸਾਨਾਂ ਦੇ ਵਿਰੋਧ ਅਤੇ ਅੱਗੋਂ ਪੁਲਸੀ ਜਬਰ ਨਾਲ ਇਸ ਵਿਰੋਧ ਨੂੰ ਕੁਚਲਣ ਦਾ ਅਮਲ ਦਿਨੋਂ ਦਿਨ ਤੇਜ਼ ਹੋ ਰਿਹਾ ਹੈ। ਸਿੱਟੇ ਵਜੋਂ ਮੁਲਕ ਵਿੱਚ ਹਾਲਤ ਵਿਸਫੋਟਕ ਬਣਦੀ ਜਾ ਰਹੀ ਹੈ।
ਇਹਨਾਂ ਦਿਨਾਂ ਦੀ ਤਾਜ਼ਾ ਰਿਪੋਰਟ ਪੱਛਮੀ ਯੂ.ਪੀ. ਦੀ ਹੈ, ਜਿਥੇ ਗਰੇਟਰ ਨੋਇਡਾ ਤੋਂ ਆਗਰਾ ਤੱਕ ਐਕਸਪ੍ਰੈਸ ਵੇਅ (ਸ਼ਾਹ ਮਾਰਗ) ਉਸਾਰਨ ਲਈ ਕਿਸਾਨਾਂ ਤੋਂ ਨਿਗੂਣੀਆਂ ਜਿਹੀਆਂ ਕੀਮਤਾਂ 'ਤੇ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਨੋਇਡਾ, ਅਲੀਗੜ੍ਹ, ਆਗਰਾ ਦੇ ਆਸ-ਪਾਸ ਦੇ ਪਿੰਡਾਂ ਦੇ ਹਜ਼ਾਰਾਂ ਕਿਸਾਨ ਇਸ ਧੱਕੇਸ਼ਾਹੀ ਦਾ ਵਿਰੋਧ ਕਰ ਰਹੇ ਹਨ। ਥਾਂ ਥਾਂ ਪੁਲਸ ਨਾਲ ਜਬਰਦਸਤ ਝੜੱਪਾਂ ਹੋ ਰਹੀਆਂ ਹਨ। ਕਿਸਾਨਾਂ 'ਤੇ ਲਾਠੀਆਂ, ਗੋਲੀਆਂ ਵਰ੍ਹਾਈਆਂ ਜਾ ਰਹੀਆਂ ਹਨ। ਗਰੇਟਰ ਨੋਇਡਾ 'ਚ ਹੋਈ ਤਾਜ਼ਾ ਪੁਲਸ-ਕਿਸਾਨ ਝੜੱਪ ਦੌਰਾਨ ਦੋ ਕਿਸਾਨਾਂ ਅਤੇ ਦੋ ਪੁਲਸੀਆਂ ਦੇ ਮਾਰੇ ਜਾਣ ਦੀ ਖਬਰ ਛਪੀ ਹੈ। ਕਿਸਾਨ ਰੋਹ ਹੋਰ ਵੱਡੇ ਘੇਰੇ ਵਿੱਚ ਫੈਲ ਰਿਹਾ ਹੈ ਅਤੇ ਸ਼ਾਹ ਮਾਰਗ ਦੇ ਆਸਪਾਸ ਦੇ ਪਿੰਡਾਂ ਦੀ ਪੂਰੀ ਪੱਟੀ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਹੈ। ਰੋਹ ਵਿੱਚ ਆਏ ਕਿਸਾਨਾਂ ਨੇ ਇਸ ਸ਼ਾਹਮਾਰਗ ਨੂੰ ਉਸਾਰਨ ਵਾਲੀ ਜੇ.ਪੀ. ਕੰਪਨੀ ਦੇ ਦਫਤਰ ਨੂੰ ਅੱਗ ਲਾ ਦਿੱਤੀ। ਹੋਰ ਅਨੇਕਾਂ ਥਾਵਾਂ 'ਤੇ ਸਾੜ-ਫੂਕ ਦੀਆਂ ਖਬਰਾਂ ਆਈਆਂ ਹਨ। ਸਰਕਾਰ ਵੱਲੋਂ ਕਿਸਾਨ ਘੋਲ ਦੀ ਅਗਵਾਈ ਕਰ ਰਹੇ 6 ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਇਨਾਮਾਂ ਦਾ ਐਲਾਨ ਕੀਤਾ ਹੈ।
ਜ਼ਮੀਨ ਬਚਾ ਲੈ
-ਪ੍ਰਸ਼ੋਤਮ ਪੱਤੋ
ਏਕਾ ਕਰਕੇ ਕਿਰਤੀਆ ਜ਼ਮੀਨ ਬਚਾ ਲੈ,
ਭੁੱਖੇ ਮਰਦੇ ਸੀਰੀ ਨੂੰ ਹੁਣ ਗਲ਼ ਨਾ' ਲਾ ਲੈ।
ਖੇਤ ਵਿੱਚ ਡੁੱਲ੍ਹਦਾ ਮੁੜ੍ਹਕਾ ਕਿਸੇ ਕੰਮ ਨਾ ਆਵੇ,
ਕੋਠੇ ਜਿੱਡੀ ਧੀ ਦਾ ਝੋਰਾ ਵੱਢ ਵੱਢ ਖਾਵੇ।
ਰਹਿਮ-ਕਰਮ 'ਤੇ ਰਹਿਣ ਦਾ ਖਹਿੜਾ ਛੁਡਵਾ ਲੈ-
ਭੁੱਖ ਮਰਦੇ ਸੀਰੀ ਨੂੰ.. .. . . ..
ਕਣਕਾਂ, ਝੋਨੇ ਬੀਜ ਕੇ ਨਾ ਕਰਜ਼ਾ ਲਹਿੰਦਾ,
ਬੋਹਲ ਸਿਰ੍ਹਾਣੇ ਆੜ੍ਹਤੀਆ ਮਾਲਕ ਬਣ ਬਹਿੰਦਾ।
ਤੈਨੂੰ ਦੇਣ ਨਸੀਹਤਾਂ ਬੱਸ ਰੱਬ ਧਿਆ ਲੈ-
ਭੁੱਖ ਮਰਦੇ ਸੀਰੀ ਨੂੰ.. .. . . ..
ਵਿਹਲੜ ਲੋਕਾਂ ਵਾਸਤੇ ਕਿਉਂ ਕਰੇ ਕਮਾਈਆਂ,
ਸੁਪਨੇ ਰਹਿਣ ਅਧੂਰੇ ਜੋ ਆਸਾਂ ਲਾਈਆਂ।
ਆ ਫਿਰ ਦੱਬੇ ਕੁਚਲੇ ਨੂੰ ਵੀ ਨਾਲ ਰਲਾ ਲੈ-
ਭੁੱਖ ਮਰਦੇ ਸੀਰੀ ਨੂੰ.. .. . . ..
ਇੱਕੋ ਰਾਹ ਸੰਘਰਸ਼ ਦਾ ਜੋ ਤੇਰਾ ਸਾਥੀ,
ਹੱਕ ਆਪਣੇ ਲੈਣ ਲਈ ਲੜਨੇ ਘੋਲ ਜਮਾਤੀ।
ਸਾਥੀ ਬਣਕੇ 'ਪੱਤੋ' ਦਾ ਲਹਿਰ 'ਚ ਹਿੱਸਾ ਪਾ ਲੈ-
ਭੁੱਖ ਮਰਦੇ ਸੀਰੀ ਨੂੰ.. .. . . ..
ਲੋਕ ਮੋਰਚਾ ਪੰਜਾਬ ਦਾ ਸੂਬਾਈ ਵਿਸ਼ੇਸ਼ ਅਜਲਾਸ
24 ਅਪ੍ਰੈਲ ਨੂੰ ਲੋਕ ਮੋਰਚਾ ਪੰਜਾਬ ਦਾ ਸੂਬਾਈ ਵਿਸ਼ੇਸ਼ ਅਜਲਾਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੋਇਆ, ਜਿਸ ਵਿੱਚ ਪੰਜਾਬ ਦੇ ਵੱਖ ਵੱਖ ਖੇਤਰਾਂ ਤੋਂ ਵਿਸ਼ੇਸ਼ ਪ੍ਰਤੀਨਿਧ ਸ਼ਾਮਲ ਹੋਏ। ਇਹ ਸੂਚਨਾ ਲੋਕ ਮੋਰਚਾ ਵੱਲੋਂ ਜਾਰੀ ਕੀਤੇ ਇੱਕ ਪ੍ਰੈਸ ਬਿਆਨ 'ਚ ਦਿੱਤੀ ਗਈ ਹੈ।
ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ ਆਦਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਇਨਕਲਾਬ ਜ਼ਿੰਦਾਬਾਦ! ਸਾਮਰਾਜਵਾਦ-ਮੁਰਦਾਬਾਦ! ਦੇ ਨਾਅਰਿਆਂ ਨਾਲ ਅਜਲਾਸ ਦਾ ਆਗਾਜ਼ ਹੋਇਆ।
ਪ੍ਰਧਾਨ ਸ੍ਰੀ ਐਨ.ਕੇ. ਜੀਤ ਨੇ ਸਰਗਰਮੀਆਂ ਦਾ ਖਾਕਾ ਪੇਸ਼ ਕੀਤਾ। ਜਨਰਲ ਸਕੱਤਰ ਅਮੋਲਕ ਸਿੰਘ ਨੇ ਅਜੋਕੀ ਹਾਲਤ ਅਤੇ ਅਗਲੇ ਸੇਧਕ ਕਾਰਜਾਂ ਦੀ ਲਿਖਤੀ ਰਿਪੋਰਟ ਪੇਸ਼ ਕੀਤੀ, ਜਿਸ ਉੱਪਰ ਵੱਖ ਵੱਖ ਪ੍ਰਤੀਨਿਧਾਂ ਨੇ ਗੰਭੀਰ ਵਿਚਾਰ-ਚਰਚਾ ਕੀਤੀ। ਲੋਕਾਂ ਉਪਰ ਮੜ੍ਹੀਆਂ ਦਾ ਰਹੀਆਂ ਨਵੀਆਂ ਨਿੱਜੀਕਰਨ, ਉਦਾਰੀਕਰਨ, ਵਿਸ਼ਵੀਕਰਨ ਦੀਆਂ ਨੀਤੀਆਂ ਦੇ ਨਤੀਜੇ ਵਜੋਂ ਕਾਰਪੋਰੇਟ ਘਰਾਣਿਆਂ ਦਾ ਵਿਕਾਸ ਅਤੇ ਬਹੁਗਿਣਤੀ ਲੋਕਾਂ ਦੇ ਕੀਤੇ ਜਾ ਰਹੇ ਵਿਨਾਸ਼ ਉਪਰ ਚਿੰਤਾ ਜ਼ਾਹਰ ਕੀਤੀ ਗਈ।
ਆਦਿਵਾਸੀ ਖੇਤਰਾਂ ਵਿੱਚ ਸਰਕਾਰੀ ਹਥਿਆਰਬੰਦ ਤਾਕਤਾਂ ਅਤੇ ਸਲਵਾ ਜੁਦਮ ਵਰਗੀਆਂ ਨਿੱਜੀ ਸੈਨਾਵਾਂ ਵੱਲੋਂ ਲੋਕਾਂ ਉਪਰ ਢਾਹੇ ਜਾ ਰਹੇ ਜ਼ੁਲਮਾਂ ਬਾਰੇ ਚਰਚਾ ਕੀਤੀ ਗਈ। ਪੰਜਾਬ ਅੰਦਰ ਵੀ ਖੰਨਾ-ਚਮਾਰਾ ਵਿੱਚ ਦੋ ਕਿਸਾਨਾਂ ਦੇ ਕਤਲ ਅਤੇ ਸਾਧੂ ਸਿੰਘ ਤਖਤੂਪੁਰਾ, ਪ੍ਰਿਥੀਪਾਲ ਸਿੰਘ ਉੱਪਰ ਹੋਏ ਕਾਤਲੀ ਹਮਲਿਆਂ ਤੋਂ ਜਮਹੂਰੀ ਇਨਕਲਾਬੀ ਲਹਿਰ ਨੂੰ ਖੜ੍ਹੇ ਹੋਏ ਖਤਰਿਆਂ ਤੋਂ ਸੁਚੇਤ ਰਹਿਣ ਦੇ ਨਾਲ ਨਾਲ ਜਮਹੂਰੀ ਇਨਕਲਾਬੀ ਲਹਿਰ ਦੇ ਜਨਤਕ ਅਧਾਰ ਨੂੰ ਮਜਬੂਤ ਕਰਨ ਅਤੇ ਸਵੈ-ਰਾਖੀ ਲਈ ਉੱਭਰੀ ਲੋੜ ਨੂੰ ਸੰਬੋਧਤ ਹੋਣ ਦੀ ਚਰਚਾ ਕੀਤੀ ਗਈ।
ਸਰਵਸੰਮਤੀ ਨਾਲ 5 ਮੈਂਬਰੀ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚੋਂ ਗੁਰਦਿਆਲ ਸਿੰਘ ਭੰਗਲ ਨੂੰ ਪ੍ਰਧਾਨ ਅਤੇ ਅਮੋਲਕ ਸਿੰਘ ਨੂੰ ਸਕੱਤਰ ਚੁਣਿਆ ਗਿਆ। ਸਾਬਕਾ ਪ੍ਰਧਾਨ ਸ੍ਰੀ ਐਨ.ਕੇ. ਜੀਤ ਨੂੰ ਸਲਾਹਕਾਰ ਰੱਖਣ ਤੋਂ ਇਲਾਵਾ ਸੂਬਾਈ ਟੀਮ ਦੀ ਸਹਾਇਤਾ ਲਈ ਦੋ ਸਹਿਯੋਗੀ ਮੈਂਬਰ ਲਏ ਗਏ।
ਅਜਲਾਸ ਵਿੱਚ ਪਾਸ ਕੀਤੇ ਵੱਖ ਵੱਖ ਮਤਿਆਂ ਰਾਹੀਂ ਅਰਬ ਜਗਤ ਵਿੱਚ ਉੱਠੇ ਲੋਕ ਉਭਾਰ ਦੀ ਜੈ-ਜੈਕਾਰ ਕੀਤੀ ਗਈ। ਜੰਮੂ ਕਸ਼ਮੀਰ ਤੇ ਉੱਤਰੀ ਪੂਰੀ ਖਿਤੇ ਦੀਆਂ ਲਹਿਰਾਂ ਦੀ ਹਮਾਇਤ ਅਤੇ 10 ਸਾਲਾਂ ਤੋਂ ਸੰਘਰਸ਼ ਕਰ ਰਹੀ ਇਰੋਮਾ ਸ਼ਰਮੀਲਾ ਦਾ ਸਮਰਥਨ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਮੜ੍ਹੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
...........................................................
ਸੁਰਖ਼ ਰੇਖਾ ਨੂੰ ਸਹਾਇਤਾ
-ਵਿਕਾਸ, ਪੁੱਤਰ ਨੀਲਮ-ਕਸਤੂਰੀ, ਦੇ ਜਨਮ ਦਿਨ 'ਤੇ 200-
-ਬਿੰਦਰ ਬਿੰਦੂ ਪੋਤਰੀ ਸ੍ਰੀ ਸ਼ਾਦੀ ਲਾਲ, ਮੈਡੀਸਿਟੀ ਹਸਪਤਾਲ ਦੀ ਪਹਿਲੀ ਤਨਖਾਹ 'ਚੋਂ 100-
-ਸੁਨੀਤਾ ਰਾਣੀ ਪਤਨੀ ਸ੍ਰੀ ਬਨਾਰਸੀ ਲਾਲ 200-
-ਪਿੰਕੀ ਪੋਤਰੀ ਸ਼ਾਦੀ ਲਾਲ 200-
-ਕ੍ਰਿਸ਼ਨ-ਸੁਨੀਤਾ, ਨਿਊ ਪ੍ਰੇਮ ਨਗਰ ਵੱਲੋਂ ਅਰਮਾਨ ਦੇ ਜਨਮ ਮੌਕੇ 350-
-ਨਵਲ ਕਿਸ਼ੋਰ ਇੰਨਸਪੈਕਟਰ ਪਟਿਆਲਾ ਵਿਖੇ ਸੇਵਾ ਮੁਕਤੀ 'ਤੇ 200-
-ਬਿਮਲ ਕਿਸ਼ੋਰ-ਸ਼ਮੀ ਗਗਨਦੀਪ ਕਲੋਨੀ ਲੁਧਿਆਣਾ ਵੱਲੋਂ ਰਿਤੀਕਾ-ਅੰਮ੍ਰਿਤ ਦੇ ਵਿਆਹ ਮੌਕੇ 500-
-ਭੂਰ ਪ੍ਰਕਾਸ਼-ਸੁਨੀਤਾ ਰਾਣੀ, ਗਗਨਦੀਪ ਕਲੋਨੀ ਲੁਧਿਆਣਾ ਵੱਲੋਂ ਰਸ਼ਮੀ ਦੀਪਕ ਦੇ ਵਿਆਹ ਮੌਕੇ 500-
-ਨਵਲ ਕਿਸ਼ੋਰ ਬਸੀ, ਵਿਜੈ ਬਸੀ ਪਟਿਆਲਾ ਵੱਲੋਂ ਵਰੁਣ ਸ਼ਾਲਿਨੀ ਦੇ ਵਿਆਹ ਮੌਕੇ 500-
-ਕੁਸ਼ੱਲਿਆ-ਮਹਿਲ ਸਿੰਘ, ਹਿੰਮਤਪੁਰਾ (ਕੈਥਲ) ਗੁਰਜੀਤ-ਜਗਜੀਤ ਦੇ ਵਿਆਹ ਮੌਕੇ 500-
-ਇੱਕ ਪਾਠਕ ਵੱਲੋਂ ਆਪਣੀ ਪਹਿਲੀ ਤਨਖਾਹ ਮੌਕੇ 500-
-ਤਰਸੇਮ ਲਾਲ ਫਿਲੌਰ ਵੱਲੋਂ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ 'ਚ 500-
-ਮਾਸਟਰ ਕ੍ਰਿਪਾਲ ਸਿੰਘ ਦੇ ਸ਼ਰਧਾਂਜਲੀ ਸਮਾਗਮ 'ਤੇ ਪਰਿਵਾਰ ਵੱਲੋਂ 500-
-ਇੱਕ ਪਾਠਕ ਬਠਿੰਡਾ ਤੋਂ 1000-
-ਇੱਕ ਪਾਠਕ, ਆਪਣੇ ਭਤੀਜੇ ਦੇ ਜਨਮ ਦਿਨ 'ਤੇ 300-
(ਅਦਾਰਾ ਸੁਰਖ਼ ਰੇਖਾ ਸਾਥੀਆਂ ਦਾ ਤਹਿ ਦਿਲੋਂ ਧੰਨਵਾਦੀ ਹੈ।)
No comments:
Post a Comment