ਲਾਦੇਨ ਦੀ ਹੱਤਿਆ ਅਤੇ ਅਮਰੀਕੀ ਸਾਮਰਾਜੀਏ
ਪਤਲੀ ਹਾਲਤ 'ਤੇ ''ਵਧਾਈਆਂ'' ਦਾ ਪਰਦਾ
ਦਹਾਕੇ ਤੋਂ ਵੱਧ ਅਰਸੇ ਦੀ ਤਰਸੇਵੇਂ ਭਰੀ ਤਲਾਸ਼ ਪਿੱਛੋਂ ਅਖੀਰ ਅਮਰੀਕੀ ਸਾਮਰਾਜੀਏ ਓਸਾਮਾ-ਬਿਨ-ਲਾਦੇਨ ਨੂੰ ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਵਿੱਚ ਮਾਰ-ਮੁਕਾਉਣ ਵਿੱਚ ਸਫਲ ਹੋ ਗਏ ਹਨ। ਅੱਖ ਦੀ ਰੜਕ ਬਣੇ ਓਸਾਮਾ ਬਿਨ ਲਾਦੇਨ ਨੂੰ ਅਮਰੀਕੀ ਸਾਮਰਾਜੀਆਂ ਨੇ ਦੁਨੀਆਂ ਦਾ ਸਭ ਤੋਂ ਖਤਰਨਾਕ ਵਿਅਕਤੀ ਗਰਦਾਨਿਆ ਹੋਇਆ ਸੀ। ਕੋਈ ਵੇਲਾ ਸੀ, ਜਦੋਂ ਅਮਰੀਕੀ ਸਾਮਰਾਜੀਏ ਉਸ ਨਾਲ ਲਾਡ ਲਡਾਉਂਦੇ ਰਹੇ ਸਨ। ਉਸਨੂੰ ਏਸ਼ੀਆਈ ਖਿੱਤੇ ਵਿੱਚ ਸਾਮਰਾਜੀ ਸੋਵੀਅਤ ਯੂਨੀਅਨ ਖਿਲਾਫ ਅਮਰੀਕੀ ਸਾਮਰਾਜੀ ਯੁੱਧਨੀਤੀ ਦੇ ਹਥਿਆਰ ਵਜੋਂ ਵਰਤਦੇ ਰਹੇ ਸਨ। ਕੱਟੜ ਇਸਲਾਮੀ ਮੂਲਵਾਦ ਦਾ ਝੰਡਾ ਓਸਾਮਾ ਨੇ ਉਦੋਂ ਵੀ ਚੁੱਕਿਆ ਹੋਇਆ ਸੀ। ਪਰ ਜਿੰਨਾ ਚਿਰ ਇਹ ਝੰਡਾ ਅਮਰੀਕੀ ਸਾਮਰਾਜੀਆਂ ਦੀ ਛਤਰਛਾਇਆ ਹੇਠ, ਉਹਨਾਂ ਦੀ ਸ਼ਰਨ ਵਿੱਚ, ਉਹਨਾਂ ਦੇ ਹਿੱਤਾਂ ਲਈ ਲਹਿਰਾਉਂਦਾ ਰਿਹਾ, ਓਸਾਮਾ ਦੀ ਗਿਣਤੀ 'ਸੰਸਾਰ ਕਮਿਊਨਿਜ਼ਮ'' ਦੇ ਖਤਰੇ ਖਿਲਾਫ ਸਿਰ ਤਲੀ 'ਤੇ ਧਰ ਕੇ ਜੂਝ ਰਹੇ ''ਜਾਂਬਾਜ਼ ਹਥਿਆਰਬੰਦ ਸੂਰਮਿਆਂ'' ਵਿੱਚ ਹੁੰਦੀ ਰਹੀ।
ਵਧ ਰਹੇ ਡਰੋਨ ਹਮਲੇ:
ਵਹਿਸ਼ੀ ਅਤੇ ਡਰਾਕਲ ਅਮਰੀਕੀ ਸਾਮਰਾਜ ਦਾ ਹਥਿਆਰ
—ਡਾ. ਜਗਮੋਹਨ ਸਿੰਘ
ਸਾਮਰਾਜੀ ਸ਼ਕਤੀਆਂ ਵੱਲੋਂ ਧਰਤੀ 'ਤੇ ਛੇੜੀਆਂ ਅਨੇਕਾਂ ਛੋਟੀਆਂ ਵੱਡੀਆਂ ਜੰਗਾਂ ਨੇ ਹਮੇਸ਼ਾ ਮਨੁੱਖੀ ਜਾਨਾਂ ਦੀ ਦੱਬ ਕੇ ਬਰਬਾਦੀ ਕੀਤੀ ਹੈ। ਸਾਮਰਾਜ ਆਪਣੇ ਕਿਰਦਾਰ ਪੱਖੋਂ ਜੰਗਬਾਜ਼ ਹੈ ਅਤੇ ਮਨੁੱਖਤਾ ਦਾ ਜਮਾਂਦਰੂ ਦੁਸ਼ਮਣ ਹੈ। ਕਿਸੇ ਵੇਲੇ ਇਹ ਗੁਰਜ ਬਰਤਾਨਵੀ ਅਤੇ ਜਰਮਨ ਸਾਮਰਾਜ ਕੋਲ ਸੀ। ਅੱਜ ਕੱਲ੍ਹ ਇਹ ਅਮਰੀਕਨ ਸਾਮਰਾਜ ਨੇ ਚੁੱਕੀ ਹੋਈ ਹੈ। ਹਿਟਲਰ ਦੇ ਗੈਸ ਚੈਂਬਰ ਅਤੇ ਹੀਰੋਸ਼ੀਮਾ, ਨਾਗਾਸਾਕੀ ਵਿੱਚ ਅਮਰੀਕਾ ਵੱਲੋਂ ਸੁੱਟੇ ਐਟਮ ਬੰਬਾਂ ਦੀਆਂ ਹੌਲਨਾਕ ਘਟਨਾਵਾਂ ਅਤੇ ਇਹਨਾਂ ਵੱਲੋਂ ਨਿਗਲੀਆਂ ਅਣਗਿਣਤ ਮਨੁੱਖੀ ਜਾਨਾਂ ਦੀਆਂ ਦਿਲ ਕੰਬਾਊ ਯਾਦਾਂ, ਸੰਸਾਰ ਦੇ ਲੋਕਾਂ ਦੇ ਦਿਲਾਂ-ਮਨਾਂ 'ਚੋਂ ਕਦੇ ਨਿੱਕਲ ਨਹੀਂ ਸਕਦੀਆਂ ਅਤੇ ਸੰਸਾਰ ਇਤਿਹਾਸ 'ਚੋਂ ਅਲੋਪ ਨਹੀਂ ਹੋ ਸਕਦੀਆਂ।
ਮਨਪ੍ਰੀਤ ਦੀ ਜਮਾਤੀ ਖਸਲਤ :
''ਤਾਇਆ ਜੀ'' ਦਾ ਭਤੀਜਾ!
ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਮਨਪ੍ਰੀਤ ਬਾਦਲ ਜਦੋਂ ਆਪਣੀ ਅਤੇ ਸੁਖਬੀਰ ਬਾਦਲ ਦੀ ਤੁਲਨਾ ਕਰਦਾ ਹੈ ਤਾਂ ਇਹੋ ਸੋਚਦਾ ਹੈ ਕਿ ਉਸ ਵਿੱਚ ਇਸ ਝੁੱਡੂ ਦੇ ਮੁਕਾਬਲੇ ਰਾਜ ਭਾਗ ਚਲਾਉਣ ਦੀ ਕਿਤੇ ਵੱਧ ਸਮਰੱਥਾ ਹੈ। ਉਹ ਆਪਣੇ ਆਪ ਨੂੰ ਅਜਿਹੇ ਕਾਬਲ ਬੰਦਿਆਂ ਵਿੱਚ ਸ਼ੁਮਾਰ ਕਰਦਾ ਹੈ ਜਿਹੜੇ ਸੰਸਾਰੀਕਰਨ ਅਤੇ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਨ ਦੇ ਮੌਜੂਦਾ ਦੌਰ ਵਿੱਚ ਸਿਆਸੀ ਪਾਰਟੀਆਂ ਨੂੰ ਵਿਸ਼ੇਸ਼ ਕਰਕੇ ਲੋੜੀਦੇ ਹਨ। ਜਿਹੜੇ ਆਪਣੇ ਗੁਣਾਂ ਕਰਕੇ ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਦੀਆਂ ਨਜ਼ਰਾਂ 'ਚ ਛੇਤੀ ਪ੍ਰਵਾਨ ਚੜ੍ਹ ਸਕਦੇ ਹਨ। ਉਹ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਰਗਿਆਂ ਦੀ ਵੰਨਗੀ ਵਿੱਚ ਗਿਣਦਾ ਹੈ। ਇਸ ਕਰਕੇ ਉਹ ਸੋਚਦਾ ਹੈ ਕਿ ਬਾਦਲਾਂ ਦੇ ਖਾਨਦਾਨ 'ਚੋਂ ਪ੍ਰਕਾਸ਼ ਸਿੰਘ ਬਾਦਲ ਤੋਂ ਮਗਰੋਂ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਰਾਜਮਾਨ ਹੋਣ ਲਈ ਯੋਗ ਵਿਅਕਤੀ ਉਹੀ ਹੈ। ਅਕਾਲੀ ਦਲ ਰਾਹੀਂ ਸਿਆਸਤ ਵਿੱਚ ਉੱਭਰਨ ਖਾਤਰ ਉਸਨੇ ''ਤਾਇਆ ਜੀ'' ਦੀ ਸਰਪ੍ਰਸਤੀ ਹੇਠ ਸੁਭਾਵਿਕ ਖਾਨਦਾਨੀ ਰੂਟ ਦੀ ਚੋਣ ਕੀਤੀ ਅਤੇ ਆਪਣੇ ਆਪ ਨੂੰ ਸਥਾਪਤ ਕਰਨਾ ਸ਼ੁਰੂ ਕੀਤਾ। ਪਰ ''ਤਾਇਆ ਜੀ'' ਆਖਰ ''ਤਾਇਆ ਜੀ'' ਹੀ ਹਨ। ''ਬਾਪੂ ਜੀ'' ਨਹੀਂ ਸਨ! ਉਹਨਾਂ ਨੇ ਆਪਣੇ ਜਿਉਂਦੇ ਜੀਅ ਸੁਖਬੀਰ ਬਾਦਲ ਨੂੰ ਭਵਿੱਖ ਦੇ ਮੁੱਖ ਮੰਤਰੀ ਵਜੋਂ ਸਥਾਪਤ ਕਰਨ 'ਤੇ ਜ਼ੋਰ ਲਾ ਦਿੱਤਾ। ਅਕਾਲੀ ਦਲ ਦੀ ਪ੍ਰਧਾਨਗੀ ਉਸ ਨੂੰ ਸੰਭਾਲ ਦਿੱਤੀ ਗਈ ਅਤੇ ਡਿਪਟੀ ਮੁੱਖ ਮੰਤਰੀ ਬਣ ਕੇ ਉਹ ਲੱਗਭੱਗ ਮੁੱਖ ਮੰਤਰੀ ਦੇ ਅੰਦਾਜ਼ 'ਚ ਵਿਚਰਨ ਲੱਗ ਪਿਆ। ਆਪਣੇ ਪਰ ਕੱਟੇ ਜਾ ਰਹੇ ਵੇਖ ਕੇ ਮਨਪ੍ਰੀਤ ਬਾਦਲ ਲਈ ਸਿਆਸਤ ਦੇ ਖੇਤਰ ਵਿੱਚ ''ਤਾਇਆ ਜੀ'' ਦਾ ਸ਼ਰੀਕ ਬਣ ਕੇ ਉੱਭਰਨ ਦੀ ਜ਼ਰੂਰਤ ਉੱਭਰੀ। ਉਸ ਨੇ ਖਜ਼ਾਨਾ ਮੰਤਰੀ ਦੇ ਅਹੁਦੇ ਦੀ ਵਰਤੋਂ ਕਰਦਿਆਂ, ਆਪਣੇ 'ਨਿਵੇਕਲੇ' ਪੈਂਤੜੇ ਦੀ ਨੁਹਾਰ ਘੜੀ। ਉਹ ਲੋਕ-ਲੁਭਾਊ ਸਿਆਸਤ (ਪਾਪੂਲਿਜ਼ਮ) ਦੇ ਡਟਵੇਂ ਵਿਰੋਧੀ ਵਜੋਂ ਪੇਸ਼ ਹੋਇਆ। ਉਸਨੇ ਵੱਡੇ ਸਰਮਾਏਦਾਰਾਂ ਅਤੇ ਸਾਮਰਾਜੀ ਸੰਸਥਾਵਾਂ ਨੂੰ ਸੰਕੇਤ ਦੇਣੇ ਸ਼ੁਰੂ ਕੀਤੇ ਕਿ ਉਹ ਵੱਡੇ ਲੁਟੇਰਿਆਂ ਦੇ ਹਿੱਤਾਂ ਨੂੰ ਵੋਟ ਗਿਣਤੀਆਂ-ਮਿਣਤੀਆਂ ਦੇ ਪ੍ਰਛਾਵੇਂ ਤੋਂ ਬਚਾਅ ਕੇ ਰੱਖਣ ਦਾ ਮੁਦੱਈ ਹੈ। ਪੰਜਾਬ ਦੇ ਕਰਜ਼ੇ ਦੀ ਮੁਆਫੀ ਦਾ ਮੁੱਦਾ ਉਠਾ ਕੇ ਉਸ ਨੇ ਇੱਕ ਤੀਰ ਨਾਲ ਦੋ ਸ਼ਿਕਾਰ ਮਾਰਨੇ ਚਾਹੇ। ਲੋਕਾਂ 'ਚ ਪੰਜਾਬ ਦੇ ਹਿੱਤਾਂ ਦਾ ਸੂਝਵਾਨ ਅਤੇ ਸਫਲ ਰਖਵਾਲਾ ਬਣ ਕੇ ਪੇਸ਼ ਹੋਣ ਅਤੇ ਕਰਜ਼ਾ ਮੁਆਫੀ ਦੀ ਪ੍ਰਾਪਤੀ ਦੀ ਕਲਗੀ ਸਿਰ 'ਤੇ ਸਜਾਉਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਇਸ ਅੰਸ਼ਿਕ ਕਰਜ਼ਾ ਮੁਆਫੀ ਦੀਆਂ ਸ਼ਰਤਾਂ ਨੂੰ ਕਬੂਲ ਕਰਨ ਦੀ ਜ਼ੋਰਦਾਰ ਵਕਾਲਤ ਕਰਕੇ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਨ ਅਤੇ ਲੋਕਾਂ ਦੀ ਛਿੱਲ ਲਾਹੁਣ ਦਾ ਜ਼ੋਰਦਾਰ ਪੱਖੀ ਹੋਣ ਦਾ ਸੰਕੇਤ ਦਿੱਤਾ। ਉਸਨੇ ਸਬਸਿਡੀਆਂ ਦਾ ਭੋਗ ਪਾਉਣ ਦੀ ਵਕਾਲਤ ਕੀਤੀ, ਕਿਰਾਏ ਵਧਾ ਕੇ ਰੋਡਵੇਜ਼ ਦੇ ਅਖੌਤੀ ਘਾਟੇ ਪੁਰੇ ਕਰਨ ਦੀ ਵਕਾਲਤ ਕੀਤੀ। ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ ਕਢਵਾਉਣ ਦੇ ਅਧਿਕਾਰ ਨੂੰ ਛਾਂਗਣ ਦੀ ਸ਼ਰਤ ਕਬੂਲ ਕਰਨ ਦੀ ਵਕਾਲਤ ਕੀਤੀ। ਨਗਰ ਪਾਲਿਕਾਵਾਂ ਦੇ ਹਿਸਾਬ-ਕਿਤਾਬ ਦੀ ਕੇਂਦਰ ਵੱਲੋਂ ਆਡਿਟ ਨੂੰ ਪ੍ਰਵਾਨਗੀ ਦੇਣ ਦੀ ਵਕਾਲਤ ਕੀਤੀ ਤਾਂ ਜੋ ਇਹਨਾਂ ਵੱਲੋਂ ਨਵੀਆਂ ਆਰਥਿਕ ਨੀਤੀਆਂ ਦੇ ਦਾਇਰੇ ਵਿੱਚ ਰਹਿ ਕੇ ਲੋਕਾਂ 'ਤੇ ਵੱਧ ਤੋਂ ਵੱਧ ਭਾਰ ਲੱਦਣ ਦੀ ਜਾਮਨੀ ਹੋ ਸਕੇ।
ਜੈਤਾਪੁਰ ਗੋਲੀ ਕਾਂਡ :
ਪ੍ਰਮਾਣੂੰ ਦਲਾਲਾਂ ਦੀ ਖੂਨੀ ਬੇਸ਼ਰਮੀ
18 ਅਪ੍ਰੈਲ ਨੂੰ ਮਹਾਂਰਾਸ਼ਟਰ ਸਰਕਾਰ ਨੇ ਰਤਨਾਗਿਰੀ ਜ਼ਿਲ੍ਹੇ 'ਚ ਜੈਤਾਪੁਰਾ ਵਿਖੇ ਪੁਰਅਮਨ ਮੁਜਾਹਰਾਕਾਰੀਆਂ 'ਤੇ ਫਾਇਰਿੰਗ ਕਰ ਦਿੱਤੀ। ਇਹ ਮੁਜਾਹਰਾਕਾਰੀ ਜੈਤਾਪੁਰ ਪ੍ਰਮਾਣੂੰ ਊਰਜਾ ਪਲਾਂਟ ਖਿਲਾਫ਼ ਰੋਸ ਪ੍ਰਗਟ ਕਰ ਰਹੇ ਸਨ। ਅੰਨ੍ਹੇਵਾਹ ਫਾਇਰਿੰਗ ਦੌਰਾਨ ਇੱਕ ਵਿਅਕਤੀ ਤਬਰੇਜਸਾਏਕਾਰ ਮਾਰਿਆ ਗਿਆ ਅਤੇ ਡੇਢ ਦਰਜ਼ਨ ਦੇ ਕਰੀਬ ਜਖ਼ਮੀ ਹੋ ਗਏ। ਫਾਇਰਿੰਗ ਤੋਂ ਪਿੱਛੋਂ ਪੁਲਸ ਲੋਕਾਂ ਦੇ ਘਰਾਂ 'ਤੇ ਟੁੱਟ ਪਈ। ਔਰਤਾਂ ਨੂੰ ਘਰਾਂ ਤੋਂ ਬਾਹਰ ਘੜੀਸਿਆ ਗਿਆ ਅਤੇ ਬੇਇੱਜਤ ਕੀਤਾ ਗਿਆ।
ਇਸ ਖੇਤਰ ਦੇ ਲੋਕ ਪਿਛਲੇ ਪੰਜ ਸਾਲਾਂ ਤੋਂ ਜੈਤਾਪੁਰ ਪ੍ਰਮਾਣੂੰ ਪਲਾਂਟ ਖਿਲਾਫ਼ ਸੰਘਰਸ਼ ਕਰਦੇ ਆ ਰਹੇ ਹਨ। ਮਛੇਰੇ ਅਤੇ ਕਿਸਾਨ ਇਸ ਸੰਘਰਸ਼ ਦੀ ਮੁੱਖ ਤਾਕਤ ਹਨ। ਇਸ ਪਲਾਂਟ ਦੇ ਨਤੀਜੇ ਵਜੋਂ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਉਜੜਨਾ ਹੈ ਅਤੇ ਰੋਟੀ-ਰੋਜ਼ੀ ਖੁੱਸਣੀ ਹੈ, ਜਿਵੇਂ ਮੁਲਕ ਦੇ ਹੋਰ ਕਿੰਨੇ ਹੀ ਹਿੱਸਿਆਂ ਵਿੱਚ ਵਾਪਰ ਰਿਹਾ ਹੈ। ਇਸ ਤੋਂ ਇਲਾਵਾ ਪ੍ਰਮਾਣੂੰ ਪਲਾਂਟਾਂ ਸਦਕਾ ਵਾਤਾਵਰਣ ਅਤੇ ਮਨੁੱਖੀ ਜੀਵਨ ਲਈ ਭਿਅੰਕਰ ਖਤਰਿਆਂ ਬਾਰੇ ਲੋਕਾਂ ਵਿੱਚ ਚਰਚਾ ਛਿੜੀ ਹੋਈ ਹੈ ਅਤੇ ਬੇਚੈਨੀ ਤੇ ਗੁੱਸਾ ਵਧਿਆ ਹੋਇਆ ਹੈ।
No comments:
Post a Comment