ਸਿਆਸੀ ਸਰਗਰਮੀ ਦੀ ਵਜਾਹ ਕਰਕੇ ਹਰਭਿੰਦਰ ਜਲਾਲ 'ਤੇ ਤਸ਼ੱਦਦ
ਰਿਹਾਈ ਲਈ ਆਵਾਜ਼ ਉੱਚੀ ਕਰੋ
3 ਮਈ ਨੂੰ ਪੰਜਾਬ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਅਹਿਮ ਕਾਰਕੁੰਨ ਹਰਭਿੰਦਰ ਜਲਾਲ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਪ੍ਰਾਪਤ ਸੂਚਨਾਵਾਂ ਅਨੁਸਾਰ ਉਹਨਾਂ ਦੀ ਗ੍ਰਿਫਤਾਰੀ ਚੰਡੀਗੜ੍ਹ ਜਾ ਰਹੀ ਬੱਸ ਦੀ ਘੇਰਾਬੰਦੀ ਕਰਕੇ ਕੀਤੀ ਗਈ। ਸ੍ਰੀ ਹਰਭਿੰਦਰ ਜਲਾਲ ਕਮਿਊਨਿਸਟ ਇਨਕਲਾਬੀ ਪਰਚੇ ਚਮਕਦਾ ਲਾਲ ਤਾਰਾ ਦੇ ਸੰਪਾਦਕ ਰਹੇ ਹਨ। ਕਿਸੇ ਸਮੇਂ ਉਹ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਰਗਰਮ ਕਾਰਕੁੰਨ ਰਹੇ ਹਨ। ਲੰਮੇ ਅਰਸੇ ਤੋਂ ਉਹ ਕਮਿਊਨਿਸਟ ਲਹਿਰ ਅੰਦਰ ਆਪਣੀ ਸਰਗਰਮੀ ਰਾਹੀਂ ਯੋਗਦਾਨ ਪਾਉਂਦੇ ਆ ਰਹੇ ਹਨ। ਉਹਨਾਂ ਦੀ ਜੀਵਨ ਸਾਥਣ ਸੁਖਵਿੰਦਰ ਕੌਰ ਵੀ ਇਨਕਲਾਬੀ ਜਮਹੂਰੀ ਲਹਿਰ ਦੀ ਸਰਗਰਮ ਕਾਰਕੁੰਨ ਹੈ। ਕਾਮਰੇਡ ਜਲਾਲ ਦੀ ਗ੍ਰਿਫਤਾਰੀ ਪਿੱਛੋਂ ਚਾਰ ਅਤੇ ਪੰਜ ਮਈ ਨੂੰ ਰਾਮਪੁਰਾ 'ਚ ਉਹਨਾਂ ਦੇ ਘਰ ਛਾਪੇ ਮਾਰੇ ਗਏ। ਪੁਲਸ ਉਹਨਾਂ ਦੇ ਘਰ 'ਚੋਂ ਇਨਕਲਾਬੀ ਸਾਹਿਤ ਦੀਆਂ ਕਿਤਾਬਾਂ ਚੁੱਕ ਕੇ ਲੈ ਗਈ। ਕਈ ਗੁਆਂਢੀ ਘਰਾਂ 'ਤੇ ਵੀ ਛਾਪੇ ਮਾਰੇ ਗਏ।
ਗ੍ਰਿਫਤਾਰੀ ਤੋਂ ਦੋ ਦਿਨ ਬਾਅਦ ਉਹਨਾਂ ਨੂੰ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਸ ਵੱਲੋਂ ਉਹਨਾਂ ਖਿਲਾਫ ਪਿਸਤੌਲ ਦੀ ਬਰਾਮਦਗੀ ਦਾ ਝੂਠਾ ਕੇਸ ਦਰਜ ਕਰ ਲਿਆ ਗਿਆ। ਕਾਮਰੇਡ ਜਲਾਲ ਵੱਲੋਂ ਪਿਸਤੌਲ ਦੇ ਦੋਸ਼ ਨੂੰ ਜ਼ੋਰ ਨਾਲ ਰੱਦ ਕੀਤਾ ਗਿਆ ਅਤੇ ਅਦਾਲਤ ਵਿੱਚ ਨਾਅਰੇ ਲਾਏ ਗਏ। ਅਦਾਲਤ ਨੇ ਉਹਨਾਂ ਖਿਲਾਫ ਪੰਜ ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ। ਐਡਵੋਕੇਟ ਐਨ.ਕੇ. ਜੀਤ ਵੱਲੋਂ ਸਾਡੇ ਦਫਤਰ ਨੂੰ ਦਿੱਤੀ ਜਾਣਕਾਰੀ ਅਨੁਸਾਰ ਸਾਥੀ ਜਲਾਲ ਨੂੰ ਪੁਲ ਹਿਰਾਸਤ ਵਿੱਚ ਬਿਜਲੀ ਦੇ ਝਟਕੇ ਦਿੱਤੇ ਜਾ ਰਹੇ ਹਨ ਅਤੇ ਕੁਰਸੀਆਂ ਲਾਈਆਂ ਜਾ ਰਹੀਆਂ ਹਨ। ਪੁਲਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਹ ਸੀ.ਪੀ.ਆਈ.(ਮਾਓਵਾਦੀ) ਦੀ ਪੰਜਾਬ ਇਕਾਈ ਦੇ ਸਕੱਤਰ ਹਨ। ਅਖਬਾਰਾਂ ਵਿੱਚ ਛਪੇ ਪੁਲਸ ਦੇ ਬਿਆਨਾਂ ਵਿੱਚ ਇਹ ਮੰਨਿਆ ਗਿਆ ਹੈ ਕਿ ਸ੍ਰੀ ਜਲਾਲ ਖਿਲਾਫ ਗ੍ਰਿਫਤਾਰੀ ਤੋਂ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਸੀ। ਸਪਸ਼ਟ ਹੈ ਕਿ ਸ੍ਰੀ ਜਲਾਲ ਨੂੰ ਸਿਰਫ ਉਹਨਾਂ ਦੇ ਵਿਚਾਰਾਂ ਦੇ ਅਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪਿਸਤੌਲ ਦਾ ਝੂਠਾ ਕੇਸ ਪਾ ਕੇ ਤਸ਼ੱਦਦ ਦਾ ਬਹਾਨਾ ਬਣਾਇਆ ਗਿਆ ਹੈ। ਪੁਲਸ ਦੇ ਬਿਆਨਾਂ ਅਤੇ ਸਰਗਰਮੀਆਂ ਤੋਂ ਸੰਕੇਤ ਮਿਲਦੇ ਹਨ ਕਿ ਉਹ ਆਉਂਦੇ ਦਿਨਾਂ 'ਚ ਇਨਕਲਾਬੀ ਲਹਿਰ ਦੇ ਹੋਰਨਾਂ ਕਾਰਕੁੰਨਾਂ ਨੂੰ ਵੀ ਤਸ਼ੱਦਦ ਦਾ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ। ਪਤਾ ਲੱਗਿਆ ਹੈ ਕਿ ਪੁਲਸ ਕਾਮਰੇਡ ਜਲਾਲ ਦੀ ਜੀਵਨ ਸਾਥਣ ਸੁਖਵਿੰਦਰ ਕੌਰ ਦੀ ਵੀ ਤਲਾਸ਼ ਕਰ ਰਹੀ ਹੈ।
ਚੇਤੇ ਰਹੇ ਕਿ ਜਮਹੂਰੀ ਹੱਕਾਂ ਦੀ ਲਹਿਰ ਦੇ ਉੱਘੇ ਕਾਰਕੁੰਨ ਬਿਨਾਇਕ ਸੇਨ ਦੀ ਜਮਾਨਤ ਸਬੰਧੀ ਫੈਸਲਾ ਕਰਦਿਆਂ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਕਿਸੇ ਵਿਅਕਤੀ ਨੂੰ ਕਿਸੇ ਜਥੇਬੰਦੀ ਨਾਲ ਵਿਚਾਰਾਂ ਦੇ ਰਿਸ਼ਤੇ ਦੇ ਅਧਾਰ 'ਤੇ ਅਪਰਾਧੀ ਨਹੀਂ ਸਮਝਿਆ ਜਾ ਸਕਦਾ, ਜਿੰਨਾ ਚਿਰ ਉਸਨੇ ਕਿਸੇ ਹਿੰਸਕ ਕਾਰਵਾਈ ਵਿੱਚ ਹਿੱਸਾ ਨਾ ਲਿਆ ਹੋਵੇ। ਨਾ ਹੀ ਉਸ ਕੋਲੋਂ ਬਰਾਮਦ ਹੋਏ ਸਾਹਿਤ ਦੇ ਅਧਾਰ 'ਤੇ ਉਸ ਉੱਤੇ ਕੋਈ ਮੁਕੱਦਮਾ ਚਲਾਇਆ ਜਾ ਸਕਦਾ ਹੈ। ਚਾਹੇ ਇਹ ਸਾਹਿਤ ਕਿਸੇ ਪਾਬੰਦੀ ਸ਼ੁਦਾ ਜਥੇਬੰਦੀ ਨਾਲ ਸਬੰਧਤ ਵੀ ਕਿਉਂ ਨਾ ਹੋਵੇ। ਇਸ ਪ੍ਰਸੰਗ ਵਿੱਚ ਪੁਲਸ ਵੱਲੋਂ ਕਾਮਰੇਡ ਜਲਾਲ 'ਤੇ ਪਿਸਤੌਲ ਦਾ ਝੂਠਾ ਕੇਸ ਦਰਜ ਕਰਨਾ ਜ਼ਾਹਰ ਕਰਦਾ ਹੈ ਕਿ ਉਹ ਹਰ ਹਾਲਤ ਉਹਨਾਂ 'ਤੇ ਤਸ਼ੱਦਦ ਢਾਹੁਣ ਅਤੇ ਉਹਨਾਂ ਨੂੰ ਲੰਮੇ ਸਮੇਂ ਲਈ ਜੇਲ੍ਹ ਵਿੱਚ ਡੱਕਣ 'ਤੇ ਉਤਾਰੂ ਹੈ।
ਪੰਜਾਬ ਦੀਆਂ ਇਨਕਲਾਬੀ ਜਮਹੂਰੀ ਸ਼ਕਤੀਆਂ ਸਿਆਸੀ ਵਿਚਾਰਾਂ ਦੇ ਅਧਾਰ 'ਤੇ ਸਿਆਸੀ ਕਾਰਕੁੰਨਾਂ ਨੂੰ ਜਬਰ ਦਾ ਨਿਸ਼ਾਨਾ ਬਣਾਉਣ ਦੀ ਅੱਤਿਆਚਾਰੀ ਹਕੂਮਤੀ ਨੀਤੀ ਦਾ ਪਹਿਲਾਂ ਹੀ ਵਿਰੋਧ ਕਰਦੀਆਂ ਆ ਰਹੀਆਂ ਹਨ। ਉਹਨਾਂ ਵੱਲੋਂ ਸੀ.ਪੀ.ਆਈ.(ਮਾਓਵਾਦੀ) ਤੋਂ ਪਾਬੰਦੀ ਹਟਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਲੋੜ ਹੈ ਕਿ ਸਮੂਹ ਇਨਕਲਾਬੀ ਜਮਹੂਰੀ ਸ਼ਕਤੀਆਂ ਸ੍ਰੀ ਜਲਾਲ ਦੀ ਗ੍ਰਿਫਤਾਰੀ ਦਾ ਜ਼ੋਰਦਾਰ ਵਿਰੋਧ ਕਰਨ, ਉਹਨਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਝੂਠੇ ਕੇਸ ਵਾਪਸ ਲੈਣ ਦੀ ਮੰਗ ਕਰਨ।
—ਅਦਾਰਾ ਸੁਰਖ਼ ਰੇਖਾ
No comments:
Post a Comment