ਨੇਪਾਲੀ ਹਾਕਮਾਂ ਨੂੰ ਲੋਕ ਰੋਹ ਦੇ ਝਟਕੇ
ਸਤੰਬਰ ਮਹੀਨੇ ਨੇਪਾਲ ਨੇ ਨੌਜਵਾਨਾਂ ਦੇ ਰੋਸ ਉਭਾਰ ਦੇ ਝਟਕੇ ਝੱਲੇ ਹਨ ਤੇ ਇਹਨਾਂ ਝਟਕਿਆਂ ਕਾਰਨ ਉੱਥੋਂ ਗੱਠਜੋੜ ਦੀ ਹਕੂਮਤ ਉਲਟ ਗਈ ਹੈ। ਜੈਨ-ਜੀ ਨਾਂ ਦੇ ਨਵੇਂ ਲਕਬ ਨਾਲ ਸੰਬੋਧਨ ਕੀਤੀ ਜਾਂਦੀ ਨੌਜਵਾਨ ਪੀੜ੍ਹੀ ਦੀ ਜ਼ੋਰਦਾਰ ਹਿਲ ਜੁਲ ਨੇ ਇੱਕ ਵਾਰ ਤਾਂ ਨੇਪਾਲੀ ਹਕੂਮਤ ਅਤੇ ਸਭਨਾਂ ਹਾਕਮ ਜਮਾਤੀ ਸਿਆਸਤਦਾਨਾਂ ਦੇ ਸਾਹ ਸੂਤ ਦਿੱਤੇ। ਪਹਿਲਾਂ ਸ਼੍ਰੀ ਲੰਕਾ ਤੇ ਫਿਰ ਬੰਗਲਾਦੇਸ਼ 'ਚ, ਲੋਕਾਂ ਦੇ ਵੱਡੇ ਜਨਤਕ ਉਭਾਰਾਂ ਮੂਹਰੇ ਬੇਵਸ ਹੋਈਆਂ ਹਕੂਮਤਾਂ ਤੇ ਪ੍ਰਧਾਨ ਮੰਤਰੀ/ਰਾਸ਼ਟਰਪਤੀ ਤੱਕ ਨੂੰ ਮੁਲਕੋਂ ਭੱਜ ਕੇ ਬਚਣ ਦੀ ਪੈਦਾ ਹੋਈ ਹਾਲਤ ਹੁਣ ਨੇਪਾਲ 'ਚ ਪ੍ਰਗਟ ਹੋਈ ਹੈ। ਭਾਰਤ ਦੇ ਨਾਲ ਲਗਦੇ ਮੁਲਕਾਂ 'ਚ ਹੋ ਰਹੀ ਅਜਿਹੀ ਹਿਲ-ਜੁਲ ਤੇ ਝਟਕਿਆਂ ਨਾਲ ਉਲਟ ਰਹੀਆਂ ਹਕੂਮਤਾਂ ਦੀ ਹਾਲਤ ਨੇ ਸਾਡੇ ਮੁਲਕ ਦੇ ਲੋਕਾਂ ਤੇ ਹਾਕਮਾਂ ਦੇ ਵੀ ਸਰੋਕਾਰ ਤੇ ਫ਼ਿਕਰ ਜਗਾਏ। ਨੇਪਾਲ ਅੰਦਰ ਅਜਿਹੀ ਲੋਕ ਹਿਲ-ਜੁਲ ਬਾਰੇ ਦਿਲਚਸਪੀ ਸਾਡੇ ਮੁਲਕ ਦੇ ਸਿਰਫ਼ ਸਿਆਸੀ ਤੇ ਸਮਾਜਿਕ ਤੌਰ 'ਤੇ ਚੇਤਨ ਹਿੱਸੇ ਦੇ ਸਰੋਕਾਰਾਂ ਤੱਕ ਸੀਮਤ ਨਹੀਂ ਸੀ ਸਗੋਂ ਉਸ ਤੋਂ ਅੱਗੇ ਨੌਜਵਾਨਾਂ ਦੀਆਂ ਕਈ ਪਰਤਾਂ ਤੱਕ ਇਸ ਬਾਰੇ ਜਗਿਆਸਾ ਪੈਦਾ ਹੋਈ ਹੈ।
ਜਿਵੇਂ ਕਿ ਆਮ ਕਰਕੇ ਇਹ ਪ੍ਰਭਾਵ ਬਣਿਆ ਕਿ ਸੋਸ਼ਲ ਮੀਡੀਆ ਮੰਚਾਂ 'ਤੇ ਨੇਪਾਲੀ ਸੁਪਰੀਮ ਕੋਰਟ ਵੱਲੋਂ ਪਾਬੰਦੀਆਂ ਲਾਉਣ ਕਰਕੇ, ਨੌਜਵਾਨ ਰੋਹ ਭੜਕ ਉੱਠਿਆ ਸੀ ਅਤੇ ਨੌਜਵਾਨ ਸਰਕਾਰ ਨੂੰ ਪੈ ਨਿਕਲੇ। ਹਾਕਮ ਜਮਾਤੀ ਮੀਡੀਆ ਦੇ ਕਈ ਹਲਕਿਆਂ 'ਚ ਪੇਸ਼ਕਾਰੀ ਇਉਂ ਹੋਈ ਕਿ ਨਵੀਂ ਪੀੜ੍ਹੀ ਸੋਸ਼ਲ ਮੀਡੀਆਂ ਦੇ ਨਸ਼ੇ 'ਤੇ ਇਉਂ ਲੱਗ ਚੁੱਕੀ ਹੈ ਕਿ ਉਹ ਸੋਸ਼ਲ ਮੀਡੀਆ ਐਪਸ 'ਤੇ ਪਾਬੰਦੀਆਂ ਨੂੰ ਸਹਿਣ ਨਹੀਂ ਕਰ ਸਕੀ। ਪਰ ਲੋਕ ਰੋਹ ਦੇ ਫੁਟਾਰੇ ਬਾਰੇ ਇਹ ਸਤਹੀ ਤੇ ਅਧੂਰੀ ਪੇਸ਼ਕਾਰੀ ਹੈ। ਇਹ ਠੀਕ ਹੈ ਕਿ ਇਸ ਰੋਸ ਫੁਟਾਰੇ ਦਾ ਨੁਕਤਾ ਫੇਸਬੁੱਕ-ਵਟਸਐਪ ਸਮੇਤ ਕਈ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਐਪ ਨੂੰ ਚੱਲਣ ਤੋਂ ਰੋਕਣ ਦੇ ਫੁਰਮਾਨਾਂ ਕਾਰਨ ਬਣਿਆ। ਇਹਨਾਂ ਕੰਪਨੀਆਂ ਦੁਆਰਾ ਨੇਪਾਲੀ ਸਰਕਾਰ ਦੇ ਨਿਯਮਾਂ ਅਨੁਸਾਰ ਰਜਿਸਟਰੇਸ਼ਨ ਵਰਗੇ ਕਦਮਾਂ ਨੂੰ ਲਾਗੂ ਨਾ ਕਰਨਾ ਅਦਾਲਤ ਵੱਲੋਂ ਪਾਬੰਦੀ ਦਾ ਸਬੱਬ ਬਣਿਆ ਪਰ ਇਹ ਕਦਮ ਰੋਸ ਫੁਟਾਰੇ ਲਈ ਨੁਕਤਾ ਹੀ ਬਣੇ ਹਨ ਜਦਕਿ ਨੇਪਾਲ ਅੰਦਰ ਨੌਜਵਾਨਾਂ ਦੀ ਭਾਰੀ ਬੇ-ਰੁਜ਼ਗਾਰੀ ਤੇ ਮੰਦਹਾਲੀ ਜਮ੍ਹਾਂ ਹੁੰਦੇ ਗਏ ਗੁੱਸੇ ਦਾ ਕਾਰਨ ਬਣੀ ਹੈ। ਪਿਛਲੇ ਕੁੱਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਇਸ ਮੌਜੂਦਾ ਨਿਜ਼ਾਮ ਤੇ ਇਸਦੀਆਂ ਹਕੂਮਤਾਂ ਖ਼ਿਲਾਫ਼ ਨੌਜਵਾਨਾਂ ਦੇ ਰੋਸ ਤੇ ਬੇਚੈਨੀ ਦਾ ਪ੍ਰਗਟਾਵਾ ਹੋ ਰਿਹਾ ਸੀ। ਨੇਪਾਲ ਦੇ ਹਾਕਮ ਜਮਾਤੀ ਸਿਆਸਤਦਾਨਾਂ ਦੇ ਬੱਚਿਆਂ ਦੀ ਸ਼ਾਹੀ ਜ਼ਿੰਦਗੀ ਤੇ ਰਹਿਣ ਸਹਿਣ ਦੇ ਸ਼ਾਹੀ ਤੇ ਐਸ਼ਪ੍ਰਸਤ ਤਰੀਕਿਆਂ ਦੀਆਂ ਵੀਡੀਓਜ਼ ਤੇ ਫੋਟੋ ਵਾਇਰਲ ਹੋ ਰਹੀਆਂ ਸਨ ਤੇ ਇਹਨਾਂ ਨੂੰ ਨੈਪੋਕਿਡਜ਼ ਦੇ ਨਾਂ ਨਾਲ ਸੰਬੋਧਨ ਹੋਇਆ ਜਾ ਰਿਹਾ ਸੀ। ਇਸ ਦੇ ਹੈਸ਼ਟੈਗ ਚਲਾਏ ਜਾ ਰਹੇ ਸਨ। ਹਾਕਮ ਜਮਾਤੀ ਸਿਆਸਤਦਾਨਾਂ ਦੇ ਪਰਿਵਾਰਾਂ ਦਾ ਸ਼ਾਹੀ ਰਹਿਣ ਸਹਿਣ ਤੇ ਨੇਪਾਲ ਦੇ ਆਮ ਨੌਜਵਾਨਾਂ ਦੀ ਬੇਰੁਜ਼ਗਾਰੀ ਤੇ ਮੰਦਹਾਲੀ ਦੀ ਤੁਲਨਾ ਸੋਸ਼ਲ ਮੀਡੀਆ 'ਤੇ ਮੁਹਿੰਮਾਂ ਦਾ ਭਖਵਾਂ ਮੁੱਦਾ ਬਣੀ ਰਹੀ ਸੀ। ਇਸ ਮਾਹੌਲ ਅੰਦਰ ਸੋਸ਼ਲ ਮੀਡੀਆ ਮੰਚਾਂ 'ਤੇ ਪਾਬੰਦੀ ਨੇ ਬਲਦੀ 'ਤੇ ਤੇਲ ਦਾ ਕੰਮ ਕੀਤਾ ਅਤੇ ਨੌਜਵਾਨ ਰੋਹ ਭੜਕ ਉੱਠਿਆ, ਰਾਜਧਾਨੀ ਕਾਠਮੰਡੂ 'ਚ ਹਜ਼ਾਰਾਂ ਨੌਜਵਾਨ ਸੜਕਾਂ 'ਤੇ ਨਿਕਲ ਆਏ। ਇਹ ਰੋਸ ਸਿਰਫ਼ ਮੌਕੇ ਦੀ ਸਰਕਾਰ ਖ਼ਿਲਾਫ਼ ਹੀ ਸੇਧਤ ਨਹੀਂ ਸੀ ਸਗੋਂ ਇਹ ਸਭਨਾਂ ਹਾਕਮ ਜਮਾਤੀ ਪਾਰਟੀਆਂ ਤੇ ਸਿਆਸਤਦਾਨਾਂ ਖ਼ਿਲਾਫ਼ ਸੇਧਤ ਸੀ। ਗੱਠਜੋੜ ਹਕੂਮਤ ਦੇ ਹਿੱਸੇਦਾਰਾਂ ਤੋਂ ਲੈ ਕੇ ਸਾਰੀਆਂ ਪਾਰਟੀਆਂ ਦੇ ਲੀਡਰ ਇਸਦੇ ਨਿਸ਼ਾਨੇ 'ਤੇ ਆਏ।
ਇਹਨਾਂ ਰੋਸ ਮੁਜ਼ਾਹਰਿਆਂ ਨੂੰ ਕੁਚਲਣ ਲਈ ਓਲੀ ਸਰਕਾਰ ਨੇ ਪੁਲਿਸ ਨੂੰ ਗੋਲੀਆਂ ਚਲਾਉਣ ਦੇ ਅਧਿਕਾਰ ਦੇ ਦਿੱਤੇ। ਪੁਲਿਸ ਨੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਤੇ ਸਿੱਧੀਆਂ ਗੋਲੀਆਂ ਨਾਲ ਨੌਜਵਾਨਾਂ ਨੂੰ ਭੁੰਨ ਦਿੱਤਾ। ਪੁਲਿਸ ਦੇ ਇਸ ਜਾਬਰ ਹਿੰਸਕ ਹੱਲੇ 'ਚ 19 ਲੋਕ ਮਾਰੇ ਗਏ ਤਾਂ ਇਹ ਰੋਹ ਭੜਕਿਆ। ਲੋਕਾਂ ਨੇ ਹਕੂਮਤੀ ਸੱਤਾ ਦੇ ਚਿੰਨ੍ਹਾਂ ਨੂੰ ਆਪਣੇ ਰੋਹ ਦਾ ਨਿਸ਼ਾਨਾ ਬਣਾਇਆ। ਪਾਰਲੀਮੈਂਟ, ਸਰਕਾਰੀ ਸਕੱਤਰੇਤ ਤੇ ਸਿੰਘ ਦਰਬਾਰ ਨੂੰ ਅੱਗ ਲਗਾ ਦਿੱਤੀ ਗਈ। ਹਾਕਮ ਜਮਾਤੀ ਪਾਰਟੀਆਂ ਦੇ ਲੀਡਰਾਂ ਦੇ ਘਰਾਂ ਨੂੰ ਅਗਨ ਭੇਂਟ ਕੀਤਾ ਗਿਆ। ਇਹਨਾਂ ਲੀਡਰਾਂ ਨੂੰ ਫ਼ੌਜ ਨੇ ਘਰਾਂ ਤੋਂ ਬਚਾਅ ਕੇ ਬਾਹਰ ਕੱਢਿਆ ਤੇ ਮੁਲਕ ਦਾ ਕੰਟਰੋਲ ਆਪਣੇ ਹੱਥ 'ਚ ਲੈ ਲਿਆ। ਦੇਸ਼ 'ਚ ਕਰਫਿਊ ਲਾਗੂ ਕਰ ਦਿੱਤਾ। ਪ੍ਰਧਾਨ ਮੰਤਰੀ ਓਲੀ ਨੇ ਅਸਤੀਫ਼ਾ ਦੇ ਦਿੱਤਾ। ਸਰਕਾਰ ਭੰਗ ਕਰ ਦਿੱਤੀ ਗਈ। ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੀ ਸਾਬਕਾ ਜੱਜ ਸ਼ੁਸ਼ੀਲਾ ਕਾਰਕੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਅਤੇ ਫਿਰ ਸਾਬਕਾ ਅਫਸਰਸ਼ਾਹਾਂ ਨੂੰ ਲੈ ਕੇ ਕੈਬਨਿਟ ਦਾ ਗਠਨ ਕੀਤਾ ਗਿਆ। ਇਸ ਨੂੰ ਅੰਤਰਿਮ ਸਰਕਾਰ ਐਲਾਨਿਆ ਗਿਆ ਤੇ ਇਸਦੀ ਨਿਰਪੱਖ ਚੋਣਾਂ ਕਰਵਾਉਣ ਦੀ ਜਿੰਮੇਵਾਰੀ ਤੈਅ ਕਰਨ ਦਾ ਦਾਅਵਾ ਕੀਤਾ ਗਿਆ। ਇਉਂ ਲੋਕਾਂ ਦੇ ਅਜਿਹੇ ਜ਼ੋਰਦਾਰ ਰੋਸ ਫੁਟਾਰੇ ਮਗਰੋਂ ਨਵੀਂ ਬਣੀ ਅੰਤਰਿਮ ਸਰਕਾਰ ਕਿਸੇ ਨਵੇਂ ਰਾਜਨੀਤਿਕ ਏਜੰਡੇ ਜਾਂ ਬਦਲਵੇਂ ਪ੍ਰੋਗਰਾਮ ਦੁਆਲੇ ਨਹੀਂ ਬਣੀ ਸਗੋਂ ਲੋਕ ਰੋਹ ਕਾਰਨ ਪਹਿਲੀ ਵੱਲੋਂ ਅਸਤੀਫ਼ਾ ਦੇਣ ਤੇ ਭੰਗ ਹੋਣ ਮਗਰੋਂ ਹਾਕਮ ਜਮਾਤਾਂ ਦੇ ਸੰਕਟ ਨੂੰ ਨਜਿੱਠਣ ਦੇ ਕਾਰਜ ਵਜੋਂ ਹੀ ਹੋਂਦ 'ਚ ਆਈ ਹੈ। ਪਹਿਲੀਆਂ ਹਕੂਮਤਾਂ ਨਾਲੋਂ ਇਸਦਾ ਕੋਈ ਬੁਨਿਆਦੀ ਫ਼ਰਕ ਨਹੀਂ ਹੈ।
ਨੇਪਾਲ ਭਾਰਤ ਤੇ ਚੀਨ ਵਿਚਾਲੇ ਪੈਂਦਾ ਛੋਟਾ ਜਿਹਾ ਮੁਲਕ ਹੈ। ਇੱਥੇ ਵੀ ਸਦੀਆਂ ਤੋਂ ਪੁਰਾਣੀ ਰਾਜਾਸ਼ਾਹੀ ਤੁਰੀ ਆ ਰਹੀ ਸੀ। ਇਸ ਰਾਜਸ਼ਾਹੀ ਖ਼ਿਲਾਫ਼ ਲੋਕਾਂ ਦਾ ਵੱਡਾ ਅੰਦੋਲਨ ਹੋਇਆ ਤੇ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਇਸ ਅੰਦੋਲਨ ਦੀਆਂ ਮੂਹਰਲੀਆਂ ਸਫਾਂ 'ਚ ਸਨ। 2006 'ਚ ਆ ਕੇ ਇੱਥੇ ਰਾਜਾਸ਼ਾਹੀ ਦੀ ਸੱਤਾ ਦਾ ਖਾਤਮਾ ਹੋਇਆ ਤੇ ਪਾਰਲੀਮਾਨੀ ਜਮਹੂਰੀਅਤ ਦੀ ਕਾਇਮੀ ਦਾ ਦਾਅਵਾ ਕੀਤਾ ਗਿਆ। ਇਹ ਹਕੀਕੀ ਲੋਕ ਜਮਹੂਰੀਅਤ ਨਹੀਂ ਸੀ ਸਗੋਂ ਇੱਕ ਆਪਾਸ਼ਾਹ ਜਾਬਰ ਰਾਜ 'ਤੇ ਹੀ ਪਾਰਲੀਮਾਨੀ ਜਮਹੂਰੀਅਤ ਦਾ ਪਰਦਾ ਪਾਇਆ ਗਿਆ ਸੀ। ਚਾਹੇ ਰਾਜਾਸ਼ਾਹੀ ਦੀ ਪਹਿਲੀ ਹੈਸੀਅਤ ਖੁਰ ਗਈ ਸੀ ਤੇ ਇਸ ਪੱਖੋਂ ਇਹ ਇੱਕ ਹਾਂ-ਪੱਖੀ ਕਦਮ ਵਧਾਰਾ ਸੀ। ਪਰ ਮੁਲਕ ਅੰਦਰ ਜਗੀਰੂ ਤਾਕਤਾਂ ਤੇ ਸਾਮਰਾਜ ਦੇ ਦਲਾਲ ਹੁਕਮਰਾਨਾਂ ਦੀ ਹੀ ਸੱਤਾ ਬਣੀ ਸੀ। ਲੋਕਾਂ ਨੂੰ ਇਸ ਨਵੇਂ ਬਣੇ ਪਾਰਲੀਮਾਨੀ “ਜਮਹੂਰੀ ਰਾਜ” ਤੋਂ ਉਮੀਦਾਂ ਵੀ ਸਨ ਪਰ ਹੁਣ ਲਗਭਗ ਦੋ ਦਹਾਕਿਆਂ 'ਚ ਇਹ ਉਮੀਦਾਂ ਬੁਰੀ ਤਰ੍ਹਾਂ ਤਿੜਕ ਗਈਆਂ ਹਨ। ਹੁਣ ਤੱਕ ਬਦਲ-ਬਦਲ ਕੇ ਕੁਰਸੀ 'ਤੇ ਬੈਠਦੇ ਆਏ ਹੁਕਮਰਾਨਾਂ ਨੇ ਇਹਨਾਂ ਉਮੀਦਾਂ ਦਾ ਘਾਣ ਕੀਤਾ ਹੈ ਤੇ ਮੁਲਕ ਦੀਆਂ ਲੁਟੇਰੀਆਂ ਜਮਾਤਾਂ ਦੀ ਹੀ ਸੇਵਾ ਕੀਤੀ ਹੈ। ਇਸ ਸਾਰੇ ਅਰਸੇ 'ਚ ਮੁਲਕ ਡੂੰਘੇ ਆਰਥਿਕ ਸੰਕਟਾਂ 'ਚ ਧੱਸਦਾ ਤੁਰਿਆ ਗਿਆ ਹੈ ਤੇ ਬੇ-ਰੁਜ਼ਗਾਰੀ ਸਿਖਰਾਂ ਛੋਹ ਰਹੀ ਹੈ। ਇਹ ਸੰਕਟ ਹਾਕਮ ਜਮਾਤੀ ਸਿਆਸਤ ਦੇ ਸੰਕਟਾਂ 'ਚ ਬਦਲਦੇ ਆਏ ਹਨ ਤੇ ਏਸੇ ਕਰਕੇ ਕਿਸੇ ਪਾਰਟੀ ਨੂੰ ਵੀ ਸਪੱਸ਼ਟ ਬਹੁਮੱਤ ਨਹੀਂ ਮਿਲਦਾ ਰਿਹਾ। ਵਾਰ-ਵਾਰ ਸਰਕਾਰਾਂ ਬਦਲ ਜਾਂਦੀਆਂ ਰਹੀਆਂ ਹਨ ਤੇ ਇਸ ਸਾਰੇ ਦੌਰ 'ਚ ਗੱਠਜੋੜ ਸਰਕਾਰਾਂ ਹੀ ਬਣੀਆਂ ਹਨ। ਰਾਤੋ-ਰਾਤ ਨਵੇਂ ਪ੍ਰਧਾਨ ਮੰਤਰੀ ਬਦਲ-ਬਦਲ ਬਣਦੇ ਰਹੇ ਹਨ। ਇਹਨਾਂ ਮੌਕਾਪ੍ਰਸਤ ਗੱਠਜੋੜਾਂ ਨੇ ਤੇ ਭ੍ਰਿਸ਼ਟਾਚਾਰ ਦੇ ਵਿਆਪਕ ਅਮਲ ਨੇ ਬਹੁਤ ਤੇਜ਼ੀ ਨਾਲ ਇਹਨਾਂ ਪਾਰਲੀਮਾਨੀ ਪਾਰਟੀਆਂ ਨੂੰ ਲੋਕਾਂ 'ਚ ਲੁਟੇਰੇ ਸਿਆਸਤਦਾਨਾਂ ਵਜੋਂ ਨਸ਼ਰ ਕਰ ਦਿੱਤਾ। ਇਉਂ ਲੋਕਾਂ 'ਚ ਇਸ ਨਵੇਂ ਬਣੇ ਨਿਜ਼ਾਮ ਪ੍ਰਤੀ ਭਰਮ ਭੁਲੇਖੇ ਦੂਰ ਹੁੰਦੇ ਗਏ, ਇਸ ਨਿਜ਼ਾਮ 'ਚ ਸੱਤਾ ਮਾਨਣ ਵਾਲੇ ਸਿਆਸਤਦਾਨ ਲੋਕਾਂ ਦੇ ਨੱਕੋਂ ਬੁੱਲ੍ਹੋਂ ਲਹਿੰਦੇ ਗਏ ਤੇ ਲੋਕ ਮਨਾਂ 'ਚ ਖਾਸ ਕਰਕੇ ਨਵੀਂ ਨੌਜਵਾਨ ਪੀੜ੍ਹੀ ਦੇ ਮਨਾਂ 'ਚ ਰੋਸ ਤੇ ਬੇਚੈਨੀ ਜਮ੍ਹਾਂ ਹੁੰਦੀ ਗਈ ਜਿਸਦਾ ਸਤੰਬਰ ਮਹੀਨੇ 'ਚ ਆ ਕੇ ਤਿੱਖਾ ਇਜ਼ਹਾਰ ਹੋਇਆ।
ਨੇਪਾਲੀ ਰਾਜਾਸ਼ਾਹੀ ਦੀ ਚੌਧਰ ਦੇ ਖਾਤਮੇ ਮਗਰੋਂ ਦੇ ਇਹਨਾਂ ਦੋ ਦਹਾਕਿਆਂ ਦਾ ਵਰਤਾਰਾ ਇੱਕ ਵਿਸ਼ੇਸ਼ ਪਹਿਲੂ ਤੋਂ ਵੀ ਲੋਕਾਂ ਨਾਲ ਵਿਸਵਾਸ਼ਘਾਤ ਦਾ ਵਰਤਾਰਾ ਹੈ ਕਿਉਂਕਿ ਇਹਨਾਂ ਸਾਲਾਂ 'ਚ ਸਭਨਾਂ ਲੋਕ ਦੋਖੀ ਅਮਲਾਂ 'ਚ ਸ਼ਰੀਕ ਰਹੀਆਂ ਹਨ ਜਿਹੜੇ ਨਵੇਂ ਨੇਪਾਲੀ ਰਾਜ ਨੇ ਕੀਤੇ ਹਨ। ਰਵਾਇਤੀ ਕਿਸਮ ਦੀਆਂ ਸੋਧਵਾਦੀ ਪਾਰਟੀਆਂ ਤੇ ਕਮਿਊਨਿਸਟ ਨਾਮ ਹੇਠ ਕੰਮ ਕਰਦੀਆਂ ਹਾਕਮ ਜਮਾਤੀ ਪਾਰਟੀਆਂ ਦੇ ਨਾਲ ਕਿਸੇ ਵੇਲੇ ਕਮਿਊਨਿਸਟ ਇਨਕਲਾਬੀ ਪਾਰਟੀ ਵਜੋਂ ਉੱਭਰੀ ਸੀ.ਪੀ.ਆਈ. (ਮਾਓਵਾਦੀ) ਪਾਰਟੀ ਵੀ ਇਹਨਾਂ ਗੱਠਜੋੜਾਂ ਦੀਆਂ ਹਕੂਮਤਾਂ 'ਚ ਸ਼ਾਮਿਲ ਰਹੀ ਹੈ। ਪ੍ਰਚੰਡ ਵਜੋਂ ਜਾਣਿਆ ਜਾਂਦਾ ਪੁਸ਼ਪਾ ਕਮਲ ਦਾਹਲ ਤੇ ਬਾਬੂ ਰਾਮ ਭੱਟਾ ਰਾਏ ਵਰਗੇ ਆਗੂਆਂ ਦੀ ਅਗਵਾਈ 'ਚ 90ਵਿਆਂ ਦੇ ਦਹਾਕੇ ਦੀ ਸ਼ੁਰੂਆਤ ਵੇਲੇ ਰਵਾਇਤੀ ਕਮਿ: ਪਾਰਟੀ 'ਚੋਂ ਬਾਹਰ ਆਏ ਹਿੱਸੇ ਨੇ ਸੀ.ਪੀ.ਆਈ. (ਮਾਓਵਾਦੀ) ਦਾ ਗਠਨ ਕੀਤਾ ਸੀ। 96 'ਚ ਇਸ ਵੱਲੋਂ ਮੁਲਕ ਅੰਦਰ ਨਵ-ਜਮਹੂਰੀ ਇਨਕਲਾਬ ਕਰਨ ਖਾਤਰ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਗਿਆ ਸੀ ਤੇ ਇਹ ਸੰਘਰਸ਼ ਪੇਂਡੂ ਨੇਪਾਲ ਅੰਦਰ ਬਹੁਤ ਤੇਜ਼ੀ ਨਾਲ ਫੈਲਿਆ ਸੀ। ਪੇਂਡੂ ਖੇਤਰਾਂ 'ਚ ਜ਼ਮੀਨਾਂ ਦੀ ਮੁੜ-ਵੰਡ ਕੀਤੀ ਗਈ ਸੀ। ਪੇਂਡੂ ਖੇਤਰ 'ਚ ਅਧਾਰ ਇਲਾਕੇ ਕਾਇਮ ਕੀਤੇ ਗਏ ਸਨ ਤੇ ਮੁਲਕ ਅੰਦਰ ਇਨਕਲਾਬੀ ਲਹਿਰ ਲੋਕਾਂ ਦੀਆਂ ਉਮੀਦਾਂ ਦਾ ਮੀਨਾਰ ਬਣੀ ਹੋਈ ਸੀ। ਪਰ ਇਹ ਪਾਰਟੀ ਲੋਕ ਯੁੱਧ ਦੇ ਰਾਹ ਤੋਂ ਅਤੇ ਨਵ-ਜਮਹੂਰੀ ਇਨਕਲਾਬ ਦੇ ਰਾਹ ਤੋਂ ਭਟਕ ਗਈ ਅਤੇ ਆਖ਼ਿਰ ਨੂੰ ਪਾਰਲੀਮਾਨੀ ਦਲਦਲ 'ਚ ਧਸ ਗਈ। ਸੰਵਿਧਾਨਕ ਰਾਜਾਸ਼ਾਹੀ ਦੇ ਖਾਤਮੇ ਮਗਰੋਂ ਪਾਰਲੀਮਾਨੀ ਜਮਹੂਰੀਅਤ ਤੇ ਸੰਵਿਧਾਨ ਦੇ ਬੁਰਕੇ 'ਚ ਸਜਾਏ ਗਏ ਅਖੌਤੀ ਲੋਕਤੰਤਰ ਦੇ ਜਾਲ 'ਚ ਫਸ ਗਈ ਤੇ ਇਸ 'ਲੋਕਤੰਤਰ' ਦੀ ਕੁਰਸੀ 'ਤੇ ਸਜਣ ਲਈ ਮੌਕਾਪ੍ਰਸਤੀ ਦੀਆਂ ਸਭ ਹੱਦਾਂ ਪਾਰ ਕਰ ਗਈ। ਲੋਕਾਂ ਦੀਆਂ ਉਮੀਦਾਂ ਵਾਲੀ ਅਜਿਹੀ ਸ਼ਕਤੀ ਦਾ ਇਨਕਲਾਬ ਦੇ ਨਿਸ਼ਾਨੇ ਤੋਂ ਭਟਕ ਕੇ ਅਜਿਹੇ ਨਿਜ਼ਾਮ 'ਚ ਸਮਾ ਜਾਣ ਦਾ ਵਰਤਾਰਾ ਵੀ ਲੋਕਾਂ ਦੀ ਖਾਹਿਸ਼ਾਂ ਨੂੰ ਪਈ ਸੱਟ ਸੀ। ਹੁਣ ਇਸ ਨੌਜਵਾਨ ਉਭਾਰ ਮੌਕੇ ਇਸ ਪਾਰਟੀ ਦੀ ਲੀਡਰਸ਼ਿਪ ਵੀ ਲੋਕ ਰੋਹ ਦਾ ਨਿਸ਼ਾਨਾ ਬਣੀ। ਨੇਪਾਲੀ ਕਾਂਗਰਸ ਤੋਂ ਲੈ ਕੇ, ਪੁਰਾਣੀਆਂ ਰਵਾਇਤੀ ਕਮਿਊਨਿਸਟ ਪਾਰਟੀਆਂ ਤੇ ਸੀ.ਪੀ.ਆਈ. (ਮਾਓਵਾਦੀ) ਤੱਕ ਦੇ ਆਗੂ, ਇਹ ਲੋਕ ਰੋਹ ਦੇ ਸੇਕ 'ਚ ਲੂਹੇ ਗਏ।
ਪ੍ਰੈਸ 'ਚ ਇਹ ਚਰਚਾ ਵੀ ਕਾਫ਼ੀ ਉਭਰਵੇਂ ਤੌਰ 'ਤੇ ਹੋਈ ਹੈ ਕਿ ਇਸ ਰੋਸ-ਫੁਟਾਰੇ ਪਿੱਛੇ ਅਮਰੀਕੀ ਸਾਮਰਾਜੀਆਂ ਤੇ ਭਾਰਤੀ ਹਾਕਮਾਂ ਦੀ ਸਾਜਿਸ਼ ਹੈ ਤੇ ਚੀਨ ਪੱਖੀ ਹੋ ਰਹੀ ਨੇਪਾਲੀ ਹਕੂਮਤ ਨੂੰ ਉਲਟਾ ਕੇ, ਆਪਣੀ ਮਨਪਸੰਦ ਦੀ ਹਕੂਮਤ ਲਿਆਉਣ ਲਈ ਅਜਿਹਾ ਵਿਦਰੋਹ ਭੜਕਾਇਆ ਹੈ। ਇਸ ਪਿੱਛੇ ਨੇਪਾਲ ਅੰਦਰ ਸਰਗਰਮ ਐਨ.ਜੀ.ਓ. ਦੇ ਦਖ਼ਲ ਦੀ ਚਰਚਾ ਵੀ ਹੋਈ ਹੈ। ਉਹਨਾਂ ਵੱਲੋਂ ਪਿਛਲੇ ਸਮੇਂ 'ਚ ਸੋਸ਼ਲ ਮੀਡੀਆ 'ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਤੇ ਲੀਡਰਾਂ ਦੀ ਪਰਿਵਾਰਪ੍ਰਸਤੀ ਖ਼ਿਲਾਫ਼ ਚਲਾਈਆਂ ਮੁਹਿੰਮਾਂ ਨੂੰ ਵੀ ਇਸ ਮੌਜੂਦਾ ਉਭਾਰ ਨਾਲ ਜੋੜਿਆ ਜਾ ਰਿਹਾ ਹੈ। ਬਿਨਾਂ ਸ਼ੱਕ ਨੇਪਾਲ ਅੰਦਰ ਚੀਨੀ ਹਾਕਮ ਜਮਾਤਾਂ ਅਤੇ ਭਾਰਤੀ-ਅਮਰੀਕੀ ਹਾਕਮ ਜਮਾਤਾਂ ਦੇ ਪਸਾਰਵਾਦੀ ਤੇ ਸਾਮਰਾਜੀਆਂ ਦੇ ਹਿੱਤਾਂ ਦੇ ਮਨਸੂਬੇ ਦਖ਼ਲ ਦਿੰਦੇ ਆ ਰਹੇ ਹਨ ਤੇ ਨੇਪਾਲ ਇੱਕ ਸਾਮਰਾਜੀ ਲੁੱਟ ਦਾ ਸ਼ਿਕਾਰ ਮੁਲਕ ਹੈ। ਭਾਰਤੀ ਤੇ ਚੀਨੀ ਪਸਾਰਵਾਦੀ ਹਾਕਮਾਂ ਦੇ ਪ੍ਰਭਾਵ ਖਿੱਤੇ ਵਜੋਂ ਹੀ ਇਹਦੀ ਹੋਣੀ ਬਣੀ ਹੋਈ ਹੈ। ਨੇਪਾਲੀ ਹਾਕਮ ਜਮਾਤਾਂ ਕਦੇ ਇੱਕ ਥਾਂ ਦੂਜੇ ਪਾਸੇ ਤੇ ਆਮ ਕਰਕੇ ਦੋਹੇਂ ਪਾਸੇ ਹੀ ਤੁਲਦੀਆਂ ਆ ਰਹੀਆਂ ਹਨ। ਇੱਕ ਪਾਸੇ ਚੀਨ ਤੇ ਦੂਜੇ ਪਾਸੇ ਭਾਰਤੀ ਹਾਕਮ ਤੇ ਅਮਰੀਕੀ ਸਾਮਰਾਜੀਏ ਵੱਖ-ਵੱਖ ਢੰਗਾਂ ਨਾਲ ਦਖ਼ਲਅੰਦਾਜ਼ੀ ਕਰਦੇ ਰਹਿੰਦੇ ਹਨ। ਅਜਿਹਾ ਨਹੀਂ ਕਿ ਇਸ ਮੌਜੂਦਾ ਉਭਾਰ ਅੰਦਰ ਵੀ ਇਹਨਾਂ ਤਾਕਤਾਂ ਨੇ ਦਖ਼ਲ-ਅੰਦਾਜ਼ੀ ਕਰਨ ਤੇ ਆਪਣੇ ਹਿਤਾਂ ਅਨੁਸਾਰ ਵਰਤਣ ਦਾ ਯਤਨ ਨਹੀਂ ਕੀਤਾ ਹੋ ਸਕਦਾ ਪਰ ਅਜਿਹੇ ਰੋਹ ਫੁਟਾਰੇ ਲਈ ਬੁਨਿਆਦੀ ਕਾਰਨ ਲੋਕਾਂ ਦੇ ਆਰਥਿਕ ਸਮਾਜਿਕ ਸੰਕਟਾਂ 'ਚੋਂ ਉਪਜਿਆ ਰੋਹ ਤੇ ਬੇਚੈਨੀ ਹੈ ਅਤੇ ਮੌਜੂਦਾ ਸਿਆਸੀ ਨਿਜ਼ਾਮ ਤੇ ਇਸਦੀਆਂ ਹਕੂਮਤਾਂ ਤੋਂ ਬਦਜ਼ਨੀ ਦਾ ਇਜ਼ਹਾਰ ਹੈ। ਇਸ ਉਭਾਰ ਤੋਂ ਪਹਿਲਾਂ ਅਮਰੀਕਾ ਜਾਂ ਚੀਨ 'ਚੋਂ ਕਿਸੇ ਇੱਕ ਮੁਲਕ ਦੇ ਹਿੱਤਾਂ ਦੀਆਂ ਵਿਸ਼ੇਸ਼ ਜ਼ਰੂਰਤਾਂ ਅਨੁਸਾਰ ਨੇਪਾਲੀ ਹਕੂਮਤ ਨਾਲ ਕਿਸੇ ਤਰ੍ਹਾਂ ਦਾ ਟਕਰਾਅ ਵੀ ਅਜੇ ਤੱਕ ਦਿਖਾਈ ਨਹੀਂ ਦਿੱਤਾ ਸੀ। ਚਾਹੇ ਵੱਧ-ਘੱਟ ਝੁਕਾਅ ਦਾ ਵਰਤਾਰਾ ਇਹਨਾਂ ਸਰਕਾਰਾਂ ਦਾ ਆਮ ਲੱਛਣ ਈ ਹੈ। ਭਾਰਤ-ਅਮਰੀਕਾ ਤੇ ਚੀਨ ਵੱਲੋਂ ਇਸ ਘਟਨਾਕ੍ਰਮ ਮਗਰੋਂ ਜਾਰੀ ਹੋਏ ਬਿਆਨਾਂ 'ਚ ਵੀ ਕਿਸੇ ਇੱਕ ਧੜੇ ਦੇ ਹਿੱਤ ਪੂਰੇ ਜਾਣ ਜਾਂ ਦੂਸਰੇ ਦੇ ਨੁਕਸਾਨੇ ਜਾਣ ਦੇ ਫ਼ਿਕਰਾਂ ਜਾਂ ਤਸੱਲੀ ਦੀ ਝਲਕ ਨਹੀਂ ਮਿਲੀ। ਇਉਂ ਇਸ ਹਕੂਮਤ ਬਦਲੀ ਨੂੰ ਨਿਰੋਲ ਅਮਰੀਕੀ ਹਿੱਤਾਂ ਅਨੁਸਾਰ ਵਿਉਂਤ ਕਰਕੇ ਹੋਈ ਤਬਦੀਲੀ ਕਰਾਰ ਦੇਣਾ ਸੁਖਾਲਾ ਨਹੀਂ ਹੈ। ਇਹ ਤਾਂ ਹਕੀਕਤ ਹੈ ਕਿ ਵੱਖ-ਵੱਖ ਹਿਤਾਂ ਵਾਲੀਆਂ ਸ਼ਕਤੀਆਂ ਲੋਕ ਬੇਚੈਨੀ ਨੂੰ ਆਪਣੇ ਵਿਰੋਧੀ ਸਿਆਸੀ ਸ਼ਰੀਕਾਂ ਖ਼ਿਲਾਫ਼ ਭੁਗਤਾਉਣ ਲਈ ਸਾਜਿਸ਼ਾਂ ਵੀ ਕਰਦੀਆਂ ਹਨ ਤੇ ਵੱਖ-ਵੱਖ ਢੰਗਾਂ ਨਾਲ ਇਹਨਾਂ 'ਚ ਦਖ਼ਲਅੰਦਾਜ਼ੀ ਵੀ ਕਰਦੀਆਂ ਹਨ। ਆਪ ਮੁਹਾਰੇ ਰੋਸ ਫੁਟਾਰਿਆਂ 'ਚ ਅਜਿਹੀ ਦਖਲਅੰਦਾਜ਼ੀ ਸੁਖਾਲੀ ਵੀ ਹੁੰਦੀ ਹੈ ਕਿਉਂਕਿ ਇਸ ਆਪ ਮੁਹਾਰੇ ਤੇ ਕਿਸੇ ਠੋਸ ਜਮਾਤੀ ਮੁੱਦਿਆਂ ਤੋਂ ਸੱਖਣੇ ਰੋਸ ਪ੍ਰਗਟਾਵਿਆਂ ਨੂੰ ਕੋਈ ਵੀ ਮੋੜਾ ਦੇਣਾ ਮੁਕਾਬਲਤਨ ਸੌਖਾ ਹੁੰਦਾ ਹੈ।
ਨੇਪਾਲ ਦੇ ਨੌਜਵਾਨਾਂ ਦਾ ਇਹ ਰੋਹ ਪ੍ਰਗਟਾਵਾ ਬਿਨਾਂ ਕਿਸੇ ਸਪਸ਼ਟ ਜਮਾਤੀ ਮੁੱਦਿਆਂ ਜਾਂ ਕਿਸੇ ਵੀ ਠੋਸ ਤਬਦੀਲੀ ਦੇ ਪ੍ਰੋਗਰਾਮ ਤੋਂ ਬਿਨਾਂ ਹੀ ਸੀ। ਇਹ ਸਿਰਫ਼ ਮੌਜੂਦਾ ਨਿਜ਼ਾਮ ਤੋਂ ਬੇਚੈਨੀ ਨੂੰ ਮਿਲਿਆ ਮੂੰਹਾਂ ਸੀ ਜਿਹੜਾ ਕਿ ਇੱਕ ਵਾਰ ਹਕੂਮਤ ਬਦਲ ਦੇਣ ਨਾਲ ਤੇ ਦੁਬਾਰਾ ਚੋਣਾਂ ਕਰਵਾਏ ਜਾਣ ਦੇ ਐਲਾਨ ਨਾਲ ਇੱਕ ਵਾਰ ਰੁਕ ਗਿਆ ਹੈ ਪਰ ਇਸਨੇ ਨੇਪਾਲੀ ਹਾਕਮ ਜਮਾਤਾਂ ਤੇ ਉਹਨਾਂ ਦੇ ਸਾਮਰਾਜੀ ਆਕਾਵਾਂ ਨੂੰ ਇੱਕ ਵਾਰ ਤਰੇਲੀਆਂ ਲਿਆ ਦਿੱਤੀਆਂ ਹਨ। ਲੁਟੇਰੇ ਨਿਜ਼ਾਮ ਤੋਂ ਸਿਰੇ ਲੱਗ ਚੁੱਕੀ ਬੇਚੈਨੀ ਦਿਖਾ ਦਿੱਤੀ ਹੈ। ਲੋਕਾਂ ਦੀ ਆਪਣੀ ਕਮਿਊਨਿਸਟ ਇਨਕਲਾਬੀ ਪਾਰਟੀ ਤੋਂ ਬਿਨਾਂ ਤੇ ਜਮਾਤੀ ਸਿਆਸੀ ਘੋਲਾਂ ਦੇ ਲਮਕਵੇਂ ਅਮਲ 'ਚੋਂ ਉਪਜੀ ਮਜ਼ਬੂਤ ਜਥੇਬੰਦ ਲੋਕ ਤਾਕਤ ਤੋਂ ਬਿਨਾਂ, ਅਜਿਹਾ ਰੋਸ ਫੁਟਾਰਾ ਨਾ ਸਿਰਫ਼ ਹਾਕਮ ਜਮਾਤਾਂ ਦੇ ਹੀ ਦੂਸਰੇ ਧੜਿਆਂ ਵੱਲੋਂ ਵਰਤੇ ਜਾਣ ਦੀਆਂ ਸੰਭਾਵਨਾਵਾਂ ਰੱਖਦਾ ਹੈ ਸਗੋਂ ਕਈ ਵਾਰ ਇਹ ਰਾਜ ਦੇ ਜਬਰ ਤੇ ਫਾਸ਼ੀ ਰੁਝਾਨਾਂ ਦੇ ਉੱਭਰ ਆਉਣ ਦਾ ਸਾਧਨ ਵੀ ਬਣ ਜਾਂਦਾ ਹੈ। ਹੁਣ ਵੀ ਇਸ ਮਾਹੌਲ ਦਰਮਿਆਨ ਨੇਪਾਲ ਅੰਦਰ ਰਾਜਾਸ਼ਾਹੀ ਦੀ ਮੁੜ-ਬਹਾਲੀ ਦੀ ਸੁਰ ਸੁਣਾਈ ਦਿੱਤੀ ਹੈ ਜਿਹੜੀ ਕਿ ਮੌਜੂਦਾ ਅਖੌਤੀ ਲੋਕਤੰਤਰ ਦੀ ਅਸਲੀਅਤ ਤੋਂ ਬਦਜ਼ਨ ਹੋਏ ਲੋਕਾਂ ਦੀ ਤਲਾਸ਼ ਨੂੰ ਘੋਰ ਪਿਛਾਖੜੀ ਹਾਕਮ ਧੜਿਆਂ ਦਾ ਹੁੰਗਾਰਾ ਬਣਦਾ ਹੈ। ਇਉਂ ਹੀ ਇਸ ਰੋਸ ਫੁਟਾਰੇ ਦੇ ਦਰਮਿਆਨ ਤੇ ਮਗਰੋਂ ਫ਼ੌਜ ਨੇ ਸਿੱਧੇ ਤੌਰ 'ਤੇ ਮੁਲਕ ਦੀ ਸਿਆਸਤ ਅੰਦਰ ਵਧੇਰੇ ਦਖ਼ਲ-ਅੰਦਾਜ਼ੀ ਕੀਤੀ ਹੈ ਤੇ ਉਸਦਾ ਦਖਲ ਵਧਿਆ ਹੈ। ਫ਼ੌਜ ਦੇ ਦਖ਼ਲ ਦਾ ਵਧਾਰਾ ਲੋਕਾਂ ਦੇ ਸਿਆਸੀ ਜਮਹੂਰੀ ਹਿਤਾਂ ਦੇ ਪੱਖ ਤੋਂ ਨਾਂਹ ਪੱਖੀ ਵਰਤਾਰਾ ਹੀ ਬਣਦਾ ਹੈ। ਇਉਂ ਇਹ ਰਾਜ ਦੀਆਂ ਅਧਿਕਾਰ ਸ਼ਕਤੀਆਂ ਦਾ ਵਧਾਰਾ ਬਣ ਜਾਂਦਾ ਹੈ।
ਚਾਹੇ ਅਜੇ ਹਾਲਤ ਪੂਰੀ ਤਰ੍ਹਾਂ ਨਿੱਤਰੀ ਹੋਈ ਨਹੀਂ ਹੈ ਤੇ ਅਗਲੀਆਂ ਚੋਣਾਂ 'ਚ ਹਾਕਮ ਜਮਾਤੀ ਪਾਰਟੀਆਂ ਦੀ ਸ਼ਮੂਲੀਅਤ ਦੇ ਤਰੀਕਿਆਂ ਬਾਰੇ ਪੂਰੀ ਸਪੱਸ਼ਟਤਾ ਨਹੀਂ ਹੈ ਪਰ ਇਹ ਸਪੱਸ਼ਟ ਹੈ ਕਿ ਇਸ ਮੌਜੂਦਾ ਘਟਨਾਕ੍ਰਮ ਮਗਰੋਂ ਹੋਂਦ 'ਚ ਆਈ ਨਵੀਂ ਸਰਕਾਰ ਉਸੇ ਪਹਿਲੇ ਨਿਜ਼ਾਮ ਤਹਿਤ ਬਣੀ ਹਕੂਮਤ ਹੈ ਤੇ ਨੇਪਾਲੀ ਲੋਕਾਂ ਨਾਲ ਰਿਸ਼ਤਾ ਉਹੀ ਹੈ ਜੋ ਪਹਿਲਾਂ ਦਾ ਸੀ। ਇਸਨੇ ਵੀ ਨੇਪਾਲ ਦੇ ਲੋਕਾਂ ਦਾ ਕੁੱਝ ਨਹੀਂ ਸੰਵਾਰਨਾ ਪਰ ਮਹੱਤਵਪੂਰਨ ਨੁਕਤਾ ਇਹ ਹੈ ਕਿ ਇਸ ਅਮਲ ਰਾਹੀਂ ਲੋਕਾਂ ਲਈ ਆਪਣੀ ਜ਼ਿੰਦਗੀ ਦੀ ਬੇਹਤਰੀ ਵਾਲਾ ਨਿਜ਼ਾਮ ਉਸਾਰਨ ਦਾ ਸਵਾਲ ਮੁੜ-ਏਜੰਡੇ 'ਤੇ ਆਵੇਗਾ ਤੇ ਉਸ ਲਈ ਤਲਾਸ਼ ਤੇਜ਼ ਹੋਵੇਗੀ। ਇਸ ਮਹਿਜ ਸਰਕਾਰ ਬਦਲੀ ਮਗਰੋਂ ਠੋਸ ਸਿਆਸੀ ਤਬਦੀਲੀ ਦਾ ਸਵਾਲ ਵੀ ਆਖ਼ਿਰ ਲੋਕਾਂ ਦੀ ਚੇਤਨਾ 'ਚ ਆਵੇਗਾ। ਏਸੇ ਰੋਹ ਤੇ ਬੇਚੈਨੀ 'ਚੋਂ ਹੀ ਅਗਲੇ ਲੋਕ ਸੰਘਰਸ਼ ਫੁੱਟਣਗੇ ਤੇ ਬੁਨਿਆਦੀ ਇਨਕਲਾਬੀ ਤਬਦੀਲੀ ਦੇ ਸੰਘਰਸ਼ਾਂ 'ਚ ਵਟਣਗੇ।
ਨੇਪਾਲ ਦੇ ਇਸ ਘਟਨਾਕ੍ਰਮ ਨੇ ਫਿਰ ਦਰਸਾਇਆ ਹੈ ਕਿ ਸਾਡੇ ਮੁਲਕ ਦੇ ਆਲੇ-ਦੁਆਲੇ ਦੇ ਮੁਲਕਾਂ 'ਚ ਲਗਾਤਾਰ ਜ਼ਾਹਰ ਹੋ ਰਹੀ ਲੋਕ ਬੇਚੈਨੀ ਲੋਕਾਂ ਦੀਆਂ ਆਗੂ ਇਨਕਲਾਬੀ ਸ਼ਕਤੀਆਂ ਵੱਲੋਂ ਉੱਚ ਪੱਧਰਾ ਤੇ ਬੇਚੈਨੀ ਦੇ ਹਾਣ ਦਾ ਹੁੰਗਾਰਾ ਮੰਗਦੀ ਹੈ ਪਰ ਸਾਡੇ ਮੁਲਕ ਸਮੇਤ ਇਹਨਾਂ ਸਭਨਾਂ ਮੁਲਕਾਂ 'ਚ ਹੀ ਕਮਿ:ਇਨ: ਪਾਰਟੀਆਂ ਦੇ ਖਿੰਡਾਅ ਤੇ ਕਮਜ਼ੋਰੀ ਦੀ ਹਾਲਤ ਅਜਿਹੇ ਰੋਸ ਫੁਟਾਰਿਆਂ ਨੂੰ ਵਰਤ ਕੇ ਇੱਕ ਜਾਂ ਦੂਜੇ ਹਾਕਮ ਧੜੇ ਵੱਲੋਂ ਗੱਦੀ 'ਤੇ ਬੈਠਣ ਦਾ ਸਬੱਬ ਬਣ ਜਾਂਦੀ ਹੈ। ਲੋਕਾਂ ਦੀ ਜਮਾਤੀ ਸਿਆਸੀ ਚੇਤਨਾ ਦੀ ਕਮਜ਼ੋਰੀ ਤੇ ਜਥੇਬੰਦ ਤਾਕਤ ਤੋਂ ਬਿਨਾਂ ਇਹ ਬੇਚੈਨੀ ਦੂਸਰੇ ਹਾਕਮ ਧੜਿਆਂ ਵੱਲੋਂ ਸੋਖਿਆਂ ਹੀ ਵਰਤ ਲਈ ਜਾਂਦੀ ਹੈ। ਸਾਡੇ ਆਪਣੇ ਮੁਲਕ ਅੰਦਰ ਵੀ ਅਜਿਹੀ ਹੀ ਬੇਚੈਨੀ ਤੇ ਰੋਸ ਜਮ੍ਹਾਂ ਹੋ ਰਿਹਾ ਪਰ ਇਸਨੂੰ ਇਨਕਲਾਬੀ ਰਾਹ 'ਤੇ ਵਗਾ ਸਕਣ ਵਾਲੀ ਇਨਕਲਾਬੀ ਪਾਰਟੀ ਦੀ ਘਾਟ ਬਹੁਤ ਰੜਕਵੀਂ ਹੈ। ਸਾਡੇ ਮੁਲਕ ਦੀਆਂ ਇਨਕਲਾਬੀ ਸ਼ਕਤੀਆਂ ਨੂੰ ਵੀ ਅਜਿਹੇ ਰੋਹ-ਫੁਟਾਰਿਆਂ ਦੀ ਅਗਵਾਈ ਲਈ ਤਿਆਰ ਹੋਣ ਦੀ ਜ਼ਰੂਰਤ ਹੈ ਤੇ ਇੱਕਜੁੱਟ ਕਮਿਊਨਿਸਟ ਇਨਕਲਾਬੀ ਪਾਰਟੀ 'ਚ ਜਥੇਬੰਦ ਹੋਣ ਰਾਹੀਂ ਲੋਕ ਰੋਹ ਦੀ ਅਗਵਾਈ ਕਰ ਸਕਣ ਦੀ ਸਮਰੱਥਾ ਵਿਕਸਿਤ ਕਰਨ ਦੀ ਲੋੜ ਹੈ। (1 ਨਵੰਬਰ 2025)
.jpg)
No comments:
Post a Comment