ਗਾਜ਼ਾ 'ਚ ਜੰਗਬੰਦੀ ਸਮਝੌਤਾ:
ਗਾਜ਼ਾ 'ਚ ਜੰਗਬੰਦੀ ਸਮਝੌਤਾ:
ਅਮਰੀਕੀ ਇਜ਼ਰਾਇਲੀ ਮਨਸੂਬੇ ਨਾਕਾਮ, ਫ਼ਲਸਤੀਨੀ ਲੋਕ ਟਾਕਰਾ ਕਾਇਮ
10 ਅਕਤੂਬਰ ਨੂੰ ਇਜ਼ਰਾਇਲ ਤੇ ਹਮਾਸ ਵਿਚਕਾਰ ਜੰਗਬੰਦੀ ਦਾ ਸਮਝੌਤਾ ਸਿਰੇ ਚੜ੍ਹਿਆ ਸੀ। ਪਰ ਤੀਜੇ ਹਫਤੇ 'ਚ ਆ ਕੇ, ਇਜ਼ਰਾਇਲ ਨੇ ਮੁੜ ਗਾਜ਼ਾ 'ਤੇ ਹੱਲਾ ਬੋਲ ਕੇ ਸੌ ਤੋ ਉੱਪਰ ਫਲਸਤੀਨੀ ਕਤਲ ਕਰ ਦਿੱਤੇ ਹਨ ਅਤੇ ਮਗਰੋਂ ਬਹੁਤ ਹੀ ਸਹਿਜਤਾ ਨਾਲ ਐਲਾਨ ਕਰ ਦਿੱਤਾ ਕਿ ਜੰਗਬੰਦੀ ਮੁੜ ਤੋਂ ਲਾਗੂ ਹੋ ਗਈ ਹੈ ਜਿਵੇਂ ਉਸ ਕੋਲ ਕਦੋਂ ਵੀ ਹਮਲਾ ਕਰਨ ਤੇ ਰੋਕਣ ਦੀਆਂ ਤਾਕਤਾਂ ਹਨ। ਇਜ਼ਰਾਇਲ ਦੇ ਇਸ ਵਿਹਾਰ ਨੇ ਦੁਨੀਆਂ ਭਰ 'ਚ ਇਨਸਾਫ਼ਪਸੰਦ ਲੋਕਾਂ ਦੇ ਇਹਨਾਂ ਤੌਖਲਿਆਂ ਨੂੰ ਸਹੀ ਸਾਬਤ ਕੀਤਾ ਹੈ ਕਿ ਇਜ਼ਰਾਇਲ ਲਈ ਜੰਗਬੰਦੀ ਸਿਰਫ਼ ਇਜ਼ਰਾਇਲ ਦੇ ਬੰਦੀ ਬਣਾਏ ਲੋਕਾਂ ਨੂੰ ਛੁਡਾਉਣ ਤੱਕ ਸੀਮਤ ਮਕਸਦ ਲਈ ਹੈ ਤੇ ਇਹ ਫਿਰ ਕਦੋਂ ਵੀ ਹਮਲਾ ਕਰ ਸਕਦਾ ਹੈ। ਇਜ਼ਰਾਇਲ ਦੇ ਜਾਬਰ ਕਿਰਦਾਰ ਅਨੁਸਾਰ ਇਹ ਤੌਖਲੇ ਸਹੀ ਹਨ ਤੇ ਉਹੋ ਕੁੱਝ ਹੋ ਰਿਹਾ ਹੈ। ਇਜ਼ਰਾਇਲ ਦੇ ਜਾਬਰ ਤੇ ਕਬਜ਼ਾਧਾਰੀ ਮਨਸੂਬਿਆਂ ਅਨੁਸਾਰ ਇਸ ਜੰਗਬੰਦੀ ਸਮਝੌਤੇ 'ਤੇ ਪਹਿਲੇ ਦਿਨ ਤੋਂ ਹੀ ਟੁੱਟ ਜਾਣ ਦੇ ਬੱਦਲ ਮੰਡਰਾ ਰਹੇ ਹਨ। ਰਾਹਤ ਸਮੱਗਰੀ ਪਹੁੰਚਾਉਣ ਦੇ ਰਾਹਾਂ 'ਚ ਵੀ ਇਜ਼ਰਾਇਲੀ ਫ਼ੌਜ ਵੱਲੋਂ ਅੜਿੱਕੇ ਡਾਹੁਣ ਦੀਆਂ ਖਬਰਾਂ ਆ ਰਹੀਆਂ ਹਨ। ਇਹ ਸਮਝੌਤਾ ਕਿੰਨੇ ਦਿਨ ਕਾਇਮ ਰਹੇਗਾ, ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ।
ਇਜ਼ਰਾਇਲ ਤੇ ਹਮਾਸ ਵਿਚਕਾਰ ਟਰੰਪ ਦੀ ਵਿਚੋਲਗੀ ਨਾਲ ਕੀਤਾ ਗਿਆ ਇਹ ਜੰਗਬੰਦੀ ਦਾ ਸਮਝੌਤਾ ਦੋ ਸਾਲਾਂ ਦੀ ਇਸ ਜੰਗ 'ਚ ਇੱਕ ਵੱਡਾ ਮੋੜ ਹੈ। ਟਰੰਪ ਚਾਹੇ ਆਪਣੇ ਤਰੀਕੇ ਅਨੁਸਾਰ ਕੋਈ ਵੀ ਦਾਅਵਾ ਕਰੇ ਪਰ ਅਮਲੀ ਪੱਧਰ 'ਤੇ ਇਹ ਸਮਝੌਤਾ ਇੱਕ ਵਾਰ ਰੋਜ਼ਾਨਾ ਹੋ ਰਹੇ ਫ਼ੌਜੀ ਹੱਲਿਆਂ ਨੂੰ ਰੋਕਣ ਦਾ ਹੀ ਹੈ ਤੇ ਵਕਤੀ ਤੌਰ 'ਤੇ ਸ਼ਾਤੀ ਕਾਇਮ ਕੀਤੇ ਜਾਣ ਦਾ ਜ਼ਰੀਆ ਹੀ ਹੈ। ਸਥਾਈ ਅਮਨ ਤਾਂ ਇਜ਼ਰਾਇਲੀ ਕਬਜ਼ੇ ਦੇ ਖਾਤਮੇ ਅਤੇ ਫਲਸਤੀਨੀ ਕੌਮ ਨੂੰ ਮੁੜ-ਵਤਨ ਮਿਲਣ ਨਾਲ ਹੀ ਹੋ ਸਕਦਾ ਹੈ। ਨਿਹੱਕੇ ਇਜ਼ਰਾਇਲੀ ਕਬਜ਼ੇ ਦੇ ਚੱਲਦਿਆਂ ਤੇ ਫਲਸਤੀਨੀ ਲੋਕਾਂ ਦੇ ਉਜਾੜੇ ਦੇ ਰਹਿੰਦਿਆਂ ਇਸ ਖਿੱਤੇ 'ਚ ਅਮਨ ਸੰਭਵ ਨਹੀਂ ਹੈ। ਅਮਰੀਕੀ ਸਾਮਰਾਜੀਆਂ ਤੇ ਹੋਰਨਾਂ ਸੰਗੀ ਸਾਮਰਾਜੀ ਮੁਲਕਾਂ ਦੇ ਲੁਟੇਰੇ ਹਿੱਤਾਂ ਦੀ ਹਵਸ ਇਸ ਖਿੱਤੇ ਦੇ ਲੋਕਾਂ ਨੂੰ ਨਰਕੀ ਜ਼ਿੰਦਗੀ 'ਚ ਡੋਬਣ ਦਾ ਕਾਰਨ ਬਣੀ ਹੋਈ ਹੈ।
ਟਰੰਪ ਵੱਲੋਂ ਪੇਸ਼ ਕੀਤੀ ਗਈ 20 ਨੁਕਾਤੀ ਜੰਗਬੰਦੀ ਤੇ ਸ਼ਾਂਤੀ ਤਜਵੀਜ਼ ਦੇ ਮੁੱਖ ਤੌਰ 'ਤੇ ਦੋ ਖੇਤਰ ਸਨ। ਇੱਕ ਖੇਤਰ ਫੌਰੀ ਤੌਰ 'ਤੇ ਹਮਲਾ ਰੋਕਣ, ਦੋਹਾਂ ਪਾਸਿਆਂ ਤੋਂ ਬੰਦੀ ਰਿਹਾਅ ਕਰਨ ਤੇ ਇਸ ਨਾਲ ਜੁੜੀਆਂ ਸ਼ਰਤਾਂ ਲਾਗੂ ਕਰਨ ਦਾ ਸੀ। ਜਦਕਿ ਦੂਸਰਾ ਖੇਤਰ ਇੱਕ ਤਰ੍ਹਾਂ ਨਾਲ ਗਾਜ਼ਾ 'ਤੇ ਇਜ਼ਰਾਇਲੀ ਕਬਜ਼ਾ ਕਰਵਾਉਣ, ਫ਼ਲਸਤੀਨੀ ਟਾਕਰਾ ਤਿਆਗਣ ਤੇ ਇਜ਼ਰਾਇਲੀ ਮਨਸੂਬੇ ਪੂਰੇ ਕਰਵਾਉਣ ਦਾ ਸੀ। ਟਰੰਪ ਤੇ ਟੋਨੀ ਬਲੇਅਰ ਦੀ ਪ੍ਰਧਾਨਗੀ 'ਚ ਗਾਜ਼ਾ ਦਾ ਕੰਟਰੋਲ ਕਾਇਮ ਕਰਨ ਦੀ ਵਿਉਂਤ ਤੱਤ 'ਚ ਇਜ਼ਰਾਇਲੀ ਕਬਜ਼ੇ ਨੂੰ ਪੱਕਾ ਕਰਨ ਅਤੇ ਵਧਾਰਾ ਕਰਨ ਦੀ ਹੀ ਵਿਉਂਤ ਸੀ। ਏਸ ਲਈ ਹੀ ਇਸ ਵਿਉਂਤ 'ਚ ਹਮਾਸ ਨੂੰ ਹਥਿਆਰ ਸੁੱਟਣ, ਹਥਿਆਰਬੰਦ ਢਾਂਚਾ ਤੋੜਨ, ਸੁਰੰਗਾਂ ਦਾ ਨੈੱਟਵਰਕ ਤੋੜਨ, ਗਾਜ਼ਾਂ 'ਚੋਂ ਸਾਸ਼ਨ ਛੱਡਣ ਵਰਗੀਆਂ ਸ਼ਰਤਾਂ ਰੱਖੀਆਂ ਗਈਆਂ ਸਨ। ਇਸਦਾ ਉਦੇਸ਼ ਹਮਾਸ ਤੇ ਹਥਿਆਰਬੰਦ ਟਾਕਰਾ ਸ਼ਕਤੀਆਂ ਤੋਂ ਗਾਜ਼ਾ ਨੂੰ ਵਿਰਵਾ ਕਰਨਾ ਸੀ। ਜਿਵੇਂ ਕਿ ਉਮੀਦ ਸੀ ਹਮਾਸ ਤੇ ਬਾਕੀ ਫ਼ਲਸਤੀਨੀ ਟਾਕਰਾ ਸ਼ਕਤੀਆਂ ਨੇ ਮਗਰਲੇ ਹਿੱਸੇ ਬਾਰੇ ਅਜੇ ਤੱਕ ਤਾਂ ਕੋਈ ਸਹਿਮਤੀ ਨਹੀਂ ਦਿੱਤੀ ਹੈ। ਹੋਏ ਸਮਝੌਤੇ 'ਚ ਫ਼ੌਜੀ ਅਪ੍ਰੇਸ਼ਨ ਰੋਕਣ, ਇਜ਼ਰਾਇਲੀ ਫ਼ੌਜਾਂ ਨੂੰ ਸਹਿਮਤੀ ਵਾਲੀ ਲਾਈਨ ਤੱਕ ਵਾਪਸ ਹਟਣ, ਏਡ ਦੀ ਸਪਲਾਈ ਯਕੀਨੀ ਕਰਨ ਤੇ ਦੋਹਾਂ ਪਾਸੇ ਤੋਂ ਬੰਦੀਆਂ ਤੇ ਕੈਦੀਆਂ ਨੂੰ ਰਿਹਾਅ ਕਰਨ 'ਤੇ ਸਹਿਮਤੀ ਬਣੀ ਹੈ। ਮਗਰੋਂ ਦੋਹਾਂ ਪਾਸਿਆਂ ਤੋਂ ਕੈਦੀ ਛੱਡੇ ਗਏ ਹਨ। ਇਜ਼ਰਾਇਲੀ ਫ਼ੌਜ ਨੇ ਕਿੱਥੋਂ ਤੱਕ ਪਿੱਛੇ ਹਟਣਾ ਹੈ, ਇਸ ਬਾਰੇ ਵੀ ਕੋਈ ਸਪੱਸ਼ਟ ਤੈਅਸ਼ੁਦਾ ਗੱਲ ਅਜੇ ਸਾਹਮਣੇ ਨਹੀਂ ਆਈ ਹੈ। ਇਸਦੀ ਮੁਕੰਮਲ ਵਾਪਸੀ ਦਾ ਵੀ ਕੋਈ ਜ਼ਿਕਰ ਨਹੀਂ ਹੈ। ਚਾਹੇ ਸ਼ਾਂਤੀ ਕਾਨਫਰੰਸ ਤੋਂ ਮਗਰੋਂ ਜਾਰੀ ਇੱਕ ਬਿਆਨ 'ਚ 1967 ਦੀ ਸਥਿਤੀ ਦੇ ਅਧਾਰ 'ਤੇ ਇਸ ਆਜ਼ਾਦ ਤੇ ਪ੍ਰਭੂਸੱਤਾ ਸੰਪੰਨ ਫ਼ਲਸਤੀਨੀ ਰਾਜ ਦੀ ਗੱਲ ਵੀ ਕੀਤੀ ਗਈ ਹੈ ਪਰ ਇਹ ਬਹੁਤਾ ਸਪੱਸ਼ਟ ਨਹੀਂ ਹੈ। ਇਸ ਖਿੱਤੇ ਨੂੰ ਦਹਿਸ਼ਤਗਰਦ ਮੁਕਤ ਖਿੱਤਾ ਬਣਾਉਣ ਦੀਆਂ ਗੱਲਾਂ ਵੀ ਕੀਤੀਆਂ ਗਈਆਂ ਹਨ। ਇਸ ਤੋਂ ਬਿਨਾਂ ਫ਼ਲਸਤੀਨੀ ਕਮੇਟੀ ਬਾਰੇ, ਬਣਾਏ ਜਾਣ ਵਾਲੇ ਬੋਰਡ ਬਾਰੇ ਤੇ ਹੋਰ ਕਈ ਮੁੱਦਿਆਂ ਬਾਰੇ ਨਾ ਸਪੱਸ਼ਟ ਤੈਅ-ਸ਼ੁਦਾ ਗੱਲਾਂ ਹਨ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸਮਾਂ ਸੀਮਾ ਹੈ। ਇਹਨਾਂ ਗੱਲਾਂ ਦਾ ਸਮਝੌਤੇ ਅੰਦਰ ਅਜੇ ਤਾਂ ਬਹੁਤ ਮਹੱਤਵਪੂਰਨ ਸਥਾਨ ਦਿਖਾਈ ਨਹੀਂ ਦੇ ਰਿਹਾ। ਇਹਨਾਂ ਦੀ ਹੋਣੀ ਅਗਲੇ ਹਾਲਾਤਾਂ ਨਾਲ ਬੱਝੀ ਹੋਈ ਜ਼ਿਆਦਾ ਜਾਪਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਗਾਜ਼ਾ 'ਤੇ ਟਰੰਪ ਦਾ ਸਾਸ਼ਨ ਕਾਇਮ ਕਰਨ ਤੇ ਫ਼ਲਸਤੀਨੀ ਟਾਕਰਾ ਛੱਡ ਕੇ ਇਜ਼ਰਾਇਲੀ ਦਾਬਾ ਪ੍ਰਵਾਨ ਕਰਨ ਦੀਆਂ ਬਾਕੀ ਗੱਲਾਂ ਬਾਰੇ ਹਮਾਸ ਤੇ ਉਸ ਨਾਲ ਰਲ ਕੇ ਚੱਲ ਰਹੀਆਂ ਫਲਸਤੀਨੀ ਟਾਕਰਾ ਸ਼ਕਤੀਆਂ ਨੇ ਕਿਸੇ ਤਰ੍ਹਾਂ ਵੀ ਝੁਕਣ ਤੋਂ ਇਨਕਾਰ ਕਰਦਿਆਂ ਸੰਘਰਸ਼ ਕਰਨ ਦਾ ਆਪਣਾ ਹੱਕ ਸਲਾਮਤ ਰੱਖਿਆ ਹੈ। ਸਮਝੌਤਾ ਵਾਰਤਾ ਅਮਲ ਦੌਰਾਨ ਹਮਾਸ ਵੱਲੋਂ ਆਏ ਬਿਆਨਾਂ ਤੇ ਪੈਂਤੜਿਆਂ ਤੋਂ ਇਹ ਸਪੱਸ਼ਟ ਜਾਹਰ ਹੈ ਕਿ ਉਸਨੇ ਹਥਿਆਰਬੰਦ ਤਾਕਤਾਂ ਨੂੰ ਹਥਿਆਰ ਰਹਿਤ ਕਰਨ ਦੇ ਕੋਈ ਵੀ ਕਦਮ ਨਹੀਂ ਲਏ ਹਨ। ਅਮਰੀਕਾ ਵੱਲੋਂ ਸਮਝੌਤਾ ਕਰਵਾਉਣ ਦਾ ਕਾਰਨ ਇਹ ਹੈ ਕਿ ਅਮਰੀਕਾ ਨੂੰ ਇਜ਼ਰਾਇਲ ਕਾਰਨ ਅਰਬ ਜਗਤ 'ਚ ਵਧ ਰਹੇ ਨਿਖੇੜੇ ਕਾਰਨ ਇਹ ਜੰਗ ਇੱਕ ਵਾਰ ਰੁਕਵਾਉਣ ਲਈ ਇਜ਼ਰਾਇਲ 'ਤੇ ਦਬਾਅ ਪਾਉਣਾ ਪਿਆ ਹੈ। ਟਰੰਪ ਇਸ ਜੰਗਬੰਦੀ ਨੂੰ ਇਉਂ ਪੇਸ਼ ਕਰ ਰਿਹਾ ਹੈ ਜਿਵੇਂ ਉਸਨੇ ਸੰਸਾਰ ਤੇ ਗਾਜ਼ਾ ਦੇ ਲੋਕਾਂ 'ਤੇ ਕੋਈ ਪਰ-ਉਪਕਾਰ ਦਾ ਕੰਮ ਕੀਤਾ ਹੈ ਜਦ ਕਿ ਦੋ ਸਾਲਾਂ ਤੋਂ ਹੋਈ ਤਬਾਹੀ ਤੇ ਮੁਨੱਖਤਾ ਦਾ ਘਾਣ ਅਮਰੀਕੀ ਸਾਮਰਾਜੀ ਛਤਰਛਾਇਆ ਹੇਠ ਹੀ ਹੋਇਆ ਹੈ।
ਇਸ ਜੰਗ 'ਤੇ ਹੁਣ ਤੱਕ ਝਾਤ ਮਾਰਿਆਂ ਦੇਖਿਆ ਜਾ ਸਕਦਾ ਹੈ ਕਿ ਦੋ ਸਾਲ ਤੋਂ ਇਜ਼ਰਾਇਲ ਦੇ ਭਿਆਨਕ ਹਮਲੇ ਦੀ ਮਾਰ 'ਚ ਰਹਿ ਕੇ ਵੀ ਹਮਾਸ ਦੀ ਟਾਕਰਾ ਸ਼ਕਤੀ ਨੂੰ ਕੁਚਲਿਆ ਤੇ ਤਬਾਹ ਨਹੀਂ ਕੀਤਾ ਜਾ ਸਕਿਆ ਹੈ। ਚਾਹੇ ਉਸਨੂੰ ਆਪਣੀ ਲੀਡਰਸ਼ਿਪ ਤੇ ਜੁਝਾਰ ਲੜਾਕਿਆਂ ਦੀ ਭਾਰੀ ਗਿਣਤੀ ਇਸ ਜੰਗ 'ਚ ਗਵਾਉਣੀ ਪਈ ਹੈ ਪਰ ਅਜੇ ਵੀ ਉਸਦੀ ਫ਼ੌਜੀ ਸਮਰੱਥਾ ਕਾਇਮ ਹੈ। ਚਾਹੇ ਇਸ ਬਾਰੇ ਵੱਖ-ਵੱਖ ਅੰਦਾਜ਼ੇ ਹਨ। ਇਜ਼ਰਾਇਲੀ ਅੰਦਾਜ਼ੇ ਅਨੁਸਾਰ 8900 ਲੜਾਕੇ ਮਾਰੇ ਗਏ ਹਨ। ਪਰ ਅਮਰੀਕਾ ਖੁਫ਼ੀਆ ਵਿਭਾਗ ਦਾ ਇਹ ਅੰਦਾਜ਼ਾ ਵੀ ਹੈ ਕਿ ਇਸ ਅਰਸੇ 'ਚ 150000 ਲੜਾਕਿਆਂ ਦੀ ਨਵੀਂ ਭਰਤੀ ਵੀ ਹੋਈ ਹੈ। ਏਥੋਂ ਤੱਕ ਕਿ 2025 ਦੀ ਬਸੰਤ ਮਗਰੋਂ ਹਮਾਸ ਦੇ ਹਮਲਿਆਂ 'ਚ ਤੇਜ਼ੀ ਆਈ ਸੀ ਤੇ ਇਜ਼ਰਾਇਲੀ ਫ਼ੌਜਾਂ ਦਾ ਕਈ ਥਾਈਂ ਨੁਕਸਾਨ ਕੀਤਾ ਗਿਆ ਸੀ। ਚੋਟੀ ਲੀਡਰਸ਼ਿਪ ਤੇ ਕਮਾਂਡਰਾਂ ਦੀਆਂ ਵੱਡੀਆਂ ਕੁਰਬਾਨੀਆਂ ਮਗਰੋਂ ਵੀ ਹਮਾਸ ਵੱਲੋਂ ਬਕਾਇਦਾ ਗੱਲਬਾਤ ਦੇ ਗੇੜ ਸਫਲਤਾਪੂਰਵਕ ਚਲਾਏ ਗਏ ਹਨ ਤੇ ਮਗਰੋਂ ਬਕਾਇਦਾ ਢੰਗ ਨਾਲ ਇਜ਼ਰਾਇਲੀ ਬੰਦੀਆਂ ਦੀਆਂ ਰਿਹਾਈਆਂ ਕੀਤੀਆਂ ਗਈਆਂ। ਇਸ ਸਭ ਕੁੱਝ ਨੂੰ ਬਕਾਇਦਗੀ ਨਾਲ ਜਥੇਬੰਦ ਕੀਤਾ ਗਿਆ ਹੈ। ਇਜ਼ਰਾਇਲੀ ਰਾਜ ਨਾਲ ਬਰਾਬਰ ਦੀ ਸ਼ਕਤੀ ਵਜੋਂ ਖੜ੍ਹ ਕੇ ਗੱਲ ਕੀਤੀ ਗਈ ਹੈ। ਸਮਝੌਤਾ ਵਾਰਤਾ ਦਾ ਅਮਲ ਤੇ ਮਗਰੋਂ ਉਸਨੂੰ ਲਾਗੂ ਕਰਨ ਦੇ ਅਮਲ ਰਾਹੀਂ ਇਹ ਦਿਖਾਈ ਦਿੱਤਾ ਹੈ ਕਿ ਹਮਾਸ ਸਮੇਤ ਫ਼ਲਸਤੀਨੀ ਟਾਕਰਾ ਸ਼ਕਤੀਆਂ ਦੀ ਸਮਰੱਥਾ ਦਾ ਦਮ-ਖਮ ਅਜੇ ਵੀ ਕਾਇਮ ਹੈ। ਇਸ ਦਮਖਮ ਤੇ ਸਮਰੱਥਾ ਦਾ ਝਲਕਾਰਾ ਦਰਸਾਉਂਦਾ ਹੈ ਕਿ ਇਜ਼ਰਾਇਲ ਤੇ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਦੋ ਸਾਲ ਤੋਂ ਆਪਣੇ ਅਤਿ-ਆਧੁਨਿਕ ਹਥਿਆਰਾਂ ਨਾਲ ਸਾਰਾ ਟਿੱਲ ਲਾ ਕੇ ਵੀ ਹਮਾਸ ਤੇ ਹੋਰ ਫ਼ਲਸਤੀਨੀ ਟਾਕਰਾ ਸ਼ਕਤੀਆਂ ਨੂੰ ਕੁਚਲ ਨਹੀਂ ਸਕੇ ਹਨ ਅਤੇ ਆਪਣੇ ਐਲਾਨੇ ਗਏ ਮੰਤਵ ਪੂਰੇ ਕਰਨ 'ਚ ਨਾਕਾਮ ਰਹਿ ਰਹੇ ਹਨ। ਹਮਾਸ ਸਮੇਤ ਫ਼ਲਸਤੀਨੀ ਟਾਕਰਾ ਸ਼ਕਤੀਆਂ ਦੀ ਜਿੱਤ ਏਸੇ 'ਚ ਹੈ ਕਿ ਉਹ ਅਜੇ ਵੀ ਕਾਇਮ ਹਨ, ਫ਼ਲਸਤੀਨੀ ਲੋਕਾਂ 'ਚ ਮਕਬੂਲ ਹਨ ਤੇ ਟਾਕਰਾ ਜਥੇਬੰਦ ਕਰਨ ਦੀ ਤਾਕਤ ਰੱਖਦੀਆਂ ਹਨ।
ਹਮਾਸ ਤੇ ਹੋਰ ਫ਼ਲਸਤੀਨੀ ਟਾਕਰਾ ਸ਼ਕਤੀਆਂ ਜਿਵੇਂ ਪਾਪੂਲਰ ਫਰੰਟ ਫਾਰ ਲਿਬਰੇਸ਼ਨ ਆਫ ਫ਼ਲਸਤੀਨ ਆਦਿ ਵੱਲੋਂ ਹੋਏ ਸਾਂਝੇ ਟਾਕਰੇ 'ਚ ਦੂਜੇ ਪਾਸੇ ਸੰਸਾਰ ਦੀ ਸਾਮਰਾਜੀ ਮਹਾਂਸ਼ਕਤੀ ਅਤੇ ਸਿਰੇ ਦੀ ਹਥਿਆਰਬੰਦ ਤਾਕਤ ਵਾਲਾ ਇਜ਼ਰਾਇਲ ਸੀ। ਦੋਹਾਂ ਦੀ ਫ਼ੌਜੀ ਤਾਕਤ 'ਚ ਜ਼ਮੀਨ ਅਸਮਾਨ ਦਾ ਅੰਤਰ ਸੀ। ਇਹ ਟਾਕਰਾ ਸਿਦਕ ਦੀ ਮਿਸਾਲ ਪੱਖੋਂ ਤੇ ਲੋਕਾਂ 'ਤੇ ਟੇਕ ਰੱਖ ਕੇ ਇੱਕ ਛੋਟੀ ਤਾਕਤ ਵੱਲੋਂ ਗੁਰੀਲਾ ਯੁੱਧ ਢੰਗਾਂ ਦੀ ਵਰਤੋਂ ਕਰਨ ਪੱਖੋਂ ਵੀ ਨਿਵੇਕਲਾ ਹੈ। ਇਥੋਂ ਤੱਕ ਕਿ ਹਮਾਸ ਤੇ ਦੂਸਰੀਆਂ ਟਾਕਰਾ ਜਥੇਬੰਦੀਆਂ ਵੱਲੋਂ ਇਜ਼ਰਾਇਲ ਦੇ ਅਣ-ਚੱਲੇ ਹਥਿਆਰਾਂ ਨੂੰ ਹੀ ਮੋੜਵੇਂ ਤੌਰ 'ਤੇ ਵਰਤਿਆ ਗਿਆ ਹੈ। ਬਹੁਤ ਵੱਡੇ ਪੈਮਾਨੇ 'ਤੇ ਸੁੱਟੇ ਗਏ ਬਾਰੂਦੀ ਹਥਿਆਰਾਂ 'ਚੋਂ ਅਣ-ਚੱਲੇ ਹਥਿਆਰਾਂ ਦੀ ਗਿਣਤੀ ਵੀ ਕਾਫੀ ਵੱਡੀ ਬਣਦੀ ਹੈ। ਇਹਨਾਂ ਨੂੰ ਹਮਾਸ ਵੱਲੋਂ ਵੱਡੇ ਪੱਧਰ 'ਤੇ ਇਕੱਠਾ ਕੀਤਾ ਗਿਆ ਹੈ। ਅਮਰੀਕੀ ਅੰਦਾਜ਼ੇ ਅਨੁਸਾਰ ਇਹ ਅਣਚੱਲੇ 30,000 ਬਾਰੂਦੀ ਹਥਿਆਰ ਰ ਹਨ। ਇਹ ਸੈਂਕੜੇ ਟਨ ਬਰੂਦ ਹੈ ਜੋ ਹਮਾਸ ਨੇ ਇਕੱਠਾ ਕੀਤਾ ਹੈ ਤੇ ਫਿਰ ਉਸਨੂੰ ਰਾਕਟ ਬਣਾਉਣ ਲਈ ਵਰਤਿਆ ਹੈ।
ਹਮਾਸ ਵੱਲੋਂ ਗਾਜ਼ਾ ਪੱਟੀ ਅੰਦਰ ਸੁਰੰਗਾਂ ਦਾ ਇੱਕ ਬਹੁਤ ਵੱਡਾ ਤਾਣਾ ਬਾਣਾ ਉਸਾਰਿਆ ਗਿਆ ਹੈ ਜੋ ਇਜ਼ਰਾਇਲੀ ਫ਼ੌਜਾਂ ਲਈ ਅਬੁੱਝ- ਬੁਝਾਰਤ ਬਣਿਆ ਰਿਹਾ ਹੈ। ਇਜ਼ਰਾਇਲੀ ਫ਼ੌਜਾਂ ਅਨੁਸਾਰ ਦਸੰਬਰ 2023 'ਚ ਇਹ ਤਾਣਾ ਬਾਣਾ 250 ਮੀਲ ਲੰਮਾ ਸੀ ਜੋ ਕਿ ਜਨਵਰੀ 2024 'ਚ 350-450 ਮੀਲ ਕਰ ਲਿਆ ਗਿਆ। ਜਦਕਿ ਗਾਜ਼ਾ ਦੀ ਇੱਕ ਸਿਰੇ ਤੋਂ ਦੂਜੇ ਤੱਕ ਵੱਧ ਤੋਂ ਲੰਬਾਈ 25 ਮੀਲ ਹੈ। ਲਗਭਗ 5700 ਅਜਿਹੀਆਂ ਥਾਵਾਂ ਹਨ ਜਿੱਥੋਂ ਸੁਰੰਗਾਂ ਦੇ ਮੂੰਹ ਨਿਕਲਦੇ ਹਨ। ਇਹ ਤਾਣੇ ਬਾਣੇ ਬਾਰੇ ਇਜ਼ਰਾਇਲ ਜ਼ਿਆਦਾ ਜਾਣਕਾਰੀ ਹਾਸਿਲ ਨਹੀਂ ਕਰ ਸਕਿਆ ਹੈ। ਇਹ ਕਿਹਾ ਜਾ ਰਿਹਾ ਹੈ ਜਿਵੇਂ ਜ਼ਮੀਨ ਹੇਠਾਂ ਹੀ ਨਵਾਂ ਸ਼ਹਿਰ ਵਸਾਇਆ ਪਿਆ ਹੋਵੇ। ਹਾਲਾਂਕਿ ਇਜ਼ਰਾਇਲੀ ਫ਼ੌਜ ਦੁਨੀਆਂ ਦੀ ਅਸਧਾਰਨ ਫ਼ੌਜ ਹੈ ਜਿਸਦਾ ਨਵੀਆਂ ਤਕਨੀਕਾਂ ਖੋਜਣ ਤੇ ਦੁਸ਼ਮਣ ਦੇ ਰੱਖਿਆ ਢਾਂਚਿਆਂ ਨੂੰ ਤਬਾਹ ਕਰਨ ਦੇ ਤੋੜ ਲੱਭਣ ਲਈ ਉਸਾਰਿਆ ਗਿਆ ਵੱਡਾ ਤਾਣਾ ਬਾਣਾ ਹੈ। ਇਹ ਸੰਸਾਰ 'ਚ ਇਸ ਪੱਖੋਂ ਸਭ ਤੋਂ ਮੋਹਰੀ ਫ਼ੌਜ ਹੈ ਪਰ ਉਹ ਇਹਨਾਂ ਸੁਰੰਗਾਂ ਦਾ ਤੋੜ ਲੱਭਣ 'ਚ ਨਾਕਾਮ ਰਹੀ ਹੈ। ਹਮਾਸ ਲੜਾਕੇ ਇਹਨਾਂ ਰਾਹੀਂ ਆਪਣੀਆਂ ਪੁਜੀਸ਼ਨਾਂ ਬਦਲਦੇ ਹਨ ਤੇ ਕਈ ਛੁਪਣ ਥਾਵਾਂ ਤਾਂ 230 ਫੁੱਟ ਤੱਕ ਵੀ ਡੂੰਘੀਆਂ ਹਨ। ਇਹਨਾਂ ਨੂੰ ਤਬਾਹ ਕਰਨ ਲਈ ਇਜ਼ਰਾਇਲ ਨੇ ਹਜ਼ਾਰਾਂ –ਪੌਂਡ ਬਾਰੂਦ ਸੁੱਟਿਆ ਹੈ ਪਰ ਨਾਕਾਮ ਨਿਬੜਿਆ ਹੈ। ਇਹਨਾਂ ਸੁਰੰਗਾਂ 'ਚ ਫ਼ੌਜਾਂ ਭੇਜਣਾ ਵੀ ਬਹੁਤ ਰਿਸਕੀ ਹੈ। ਸ਼ੁਰੂਆਤ 'ਚ ਹੀ ਹੇਠਾਂ ਭੇਜੇ ਗਏ ਕੁੱਝ ਇਜ਼ਰਾਇਲੀ ਫ਼ੌਜੀ ਮਾਰ ਮੁਕਾਏ ਗਏ ਸਨ। ਇਜ਼ਰਾਇਲੀ ਫ਼ੌਜ ਦਾ ਇੱਕ ਸਪੈਸ਼ਲ ਯੂਨਿਟ ਇਹਨਾਂ ਸੁਰੰਗ ਵਿਰੋਧ ਕਾਰਵਾਈ 'ਚ 42 ਕੁੱਤੇ ਤੇ 3 ਸਿਪਾਹੀ ਗਵਾ ਬੈਠਾ ਸੀ। ਇਉਂ ਹੀ ਕਈ ਵਾਰ ਇਹਨਾਂ ਅੰਦਰ ਪਾਣੀ ਵੀ ਭਰਿਆ ਗਿਆ ਪਰ ਨਤੀਜੇ ਨਹੀਂ ਮਿਲੇ। ਇਹ ਸਰੁੰਗ ਢਾਂਚੇ ਅਜਿਹੇ ਹਨ ਜਿੰਨ੍ਹਾਂ 'ਚੋਂ ਕਈ ਇੱਕ ਦੂਜੇ ਨਾਲ ਜੁੜੇ ਹੋਏ ਹਨ ਤੇ ਕਈ ਵੱਖਰੇ-ਵੱਖਰੇ ਹਨ।
ਇੱਕ ਅਜਿੱਤ ਫ਼ੌਜੀ ਤਾਕਤ ਵਜੋਂ ਪੇਸ਼ ਹੁੰਦੀ ਆ ਰਹੀ ਇਜ਼ਰਾਇਲੀ ਫ਼ੌਜ ਵੱਖ-ਵੱਖ ਇਲਾਕਿਆਂ 'ਤੇ ਜਿੱਤ ਦਰਜ ਕਰਕੇ ਵੀ ਬੇਵੱਸ ਹੁੰਦੀ ਰਹੀ ਹੈ ਕਿਉਂਕਿ ਉਹ ਮਗਰੋਂ ਉੱਥੇ ਕਬਜ਼ਾ ਬਰਕਰਾਰ ਨਹੀਂ ਰੱਖ ਸਕਦੀ। ਇਜ਼ਰਾਇਲੀ ਫ਼ੌਜ ਦੀਆਂ ਆਪਣੀਆਂ ਰਿਪੋਰਟਾਂ ਇਜ਼ਰਾਇਲੀ ਪ੍ਰੈਸ 'ਚ ਨਸ਼ਰ ਹੋ ਰਹੀਆਂ ਹਨ ਕਿ ਉਹ ਹੰਭੀ ਥੱਕੀ ਹੋਈ ਮਹਿਸੂਸ ਕਰ ਰਹੀ ਹੈ। 60,000 ਰਿਜਰਵ ਬਲਾਂ ਨੂੰ ਜੰਗ 'ਚ ਝੋਕਣ ਨੂੰ ਲੈ ਕੇ ਫ਼ੌਜ ਮੁਖੀ ਨੇ ਮਨ੍ਹਾ ਕੀਤਾ ਹੈ ਤੇ ਨੇਤਨਯਾਹੂ ਦੀ ਵਿਉਂਤ ਨੂੰ ਰੱਦ ਕੀਤਾ ਸੀ। ਇਸ ਭਿਆਨਕ ਹਮਲੇ ਰਾਹੀਂ ਇਜ਼ਰਾਇਲ ਦੀ ਨੀਤੀ ਹਮਾਸ ਨੂੰ ਲੋਕਾਂ 'ਚੋਂ ਨਿਖੇੜਨ ਦੀ ਸੀ ਪਰ ਉਹ ਅਜਿਹਾ ਕਰ ਸਕਣ 'ਚ ਨਾਕਾਮ ਰਿਹਾ ਹੈ, ਹਮਾਸ ਦੇ ਅਧਾਰ ਦਾ ਹੋਰ ਪਸਾਰਾ ਹੋਇਆ ਹੈ। ਉਸਦੀ ਮਕਬੂਲੀਅਤ ਹੋਰ ਵਧੀ ਹੈ। ਜਿਸਦਾ ਚੋਟੀ ਦਾ ਆਗੂ ਲੋਕਾਂ ਦਰਮਿਆਨ ਲੜਦਾ ਮਰਿਆ ਹੈ ਤਾਂ ਉਸਨੂੰ ਨਿਖੇੜਨਾ ਸੌਖਾ ਨਹੀਂ ਹੈ। ਜੰਗ 'ਚ ਹਮਾਸ ਤੇ ਸਹਿਯੋਗੀ ਲੜਾਕੂ ਸ਼ਕਤੀਆਂ ਨੇ ਗੁਰੀਲਾ ਯੁੱਧ ਕਲਾ ਦੇ ਢੰਗਾਂ ਦੀ ਵਰਤੋਂ ਕੀਤੀ ਹੈ। ਉਹਨਾਂ ਨੇ ਇਜ਼ਰਾਇਲੀ ਫ਼ੌਜ 'ਤੇ ਸਿੱਧਾ ਹਮਲਾ ਕਰਨ ਤੋਂ ਟਾਲਾ ਵੱਟਿਆ ਹੈ। ਆਪਣੇ ਆਪ ਨੂੰ ਸੁਰੱਖਿਅਤ ਰੱਖ ਕੇ ਵਾਰ ਕਰਨ ਤੇ ਫਿਰ ਗਾਇਬ ਹੋ ਜਾਣ ਦੀ ਨੀਤੀ ਅਪਣਾਈ ਗਈ ਹੈ। ਇਹ ਨੀਤੀ ਲੋਕਾਂ 'ਤੇ ਟੇਕ ਰੱਖ ਕੇ ਲੜੀ ਜਾ ਰਹੀ ਜੰਗ 'ਚ ਹੀ ਅਪਣਾਈ ਜਾ ਸਕਦੀ ਹੈ।
ਫ਼ੌਜੀ ਸਮਰੱਥਾ ਪੱਖੋਂ ਹਮਾਸ ਦੀ ਜਿੱਤ ਏਸੇ 'ਚ ਹੈ ਕਿ ਉਸਦੀ ਫ਼ੌਜੀ ਸਮਰੱਥਾ ਨੂੰ ਕੁਚਲਿਆ ਨਹੀਂ ਜਾ ਸਕਿਆ ਹੈ। ਉਸਨੇ ਹਥਿਆਰ ਨਹੀਂ ਸੁੱਟੇ ਹਨ। ਹਾਲਾਂਕਿ ਹਮਾਸ ਦੀਆਂ ਸਹਿਯੋਗੀ ਸ਼ਕਤੀਆਂ ਨੂੰ ਏਸੇ ਅਰਸੇ 'ਚ ਭਾਰੀ ਸੱਟਾਂ ਪਈਆਂ ਹਨ। ਲਿਬਨਾਨ 'ਚ ਹਿਜਬੁੱਲਾ 'ਤੇ ਕੀਤੇ ਗਏ ਭਾਰੀ ਹਮਲਿਆਂ ਨੇ ਉਸਦਾ ਭਾਰੀ ਨੁਕਸਾਨ ਕੀਤਾ ਹੈ। ਸੀਰੀਆ 'ਚੋਂ ਅਸਦ ਹਕੂਮਤ ਉਲਟ ਜਾਣ ਨੇ ਵੀ ਹਮਾਸ ਤੇ ਹਮਾਇਤੀ ਜਥੇਬੰਦੀਆਂ ਲਈ ਸਿੱਧੀ ਹਮਾਇਤੋਂ ਵਿਰਵੀ ਸਥਿਤੀ ਬਣਾ ਦਿੱਤੀ ਹੈ ਪਰ ਇਸਦੇ ਬਾਵਜੂਦ ਹਮਾਸ ਤੇ ਫ਼ਲਸਤੀਨੀ ਟਾਕਰਾ ਸ਼ਕਤੀਆਂ ਡਟੀਆਂ ਰਹਿ ਰਹੀਆਂ ਹਨ। ਸਿਆਸੀ ਪੱਖੋਂ ਤਾਂ ਫਲਸਤੀਨੀ ਲੋਕਾਂ 'ਤੇ ਹਮਾਸ ਦਾ ਹੱਥ ਉੱਪਰ ਦੀ ਰਿਹਾ ਹੈ। ਇਜ਼ਰਾਇਲ ਤੇ ਅਮਰੀਕਾ ਦੁਨੀਆਂ ਭਰ 'ਚ ਨਿਖੇੜੇ ਹਨ। ਆਖਿਰ ਨੂੰ ਜੰਗਬੰਦੀ ਕਰਨ 'ਤੇ ਆਏ ਹਨ। ਉਹ ਆਪਣੇ ਮਿੱਥੇ ਫ਼ੌਜੀ ਟੀਚੇ ਹਾਸਿਲ ਕਰਨ 'ਚ ਅਸਫਲ ਰਹੇ ਹਨ। ਫ਼ਲਸਤੀਨ ਦਾ ਮਸਲਾ ਦੁਨੀਆਂ ਭਰ ਦੇ ਮੰਚ 'ਤੇ ਮੁੜ ਲਿਆ ਖੜ੍ਹਾਇਆ ਗਿਆ ਹੈ। ਕਈ ਸਾਮਰਾਜੀ ਤੇ ਪੂੰਜੀਵਾਦੀ ਪੱਛਮੀ ਮੁਲਕਾਂ ਨੂੰ ਵੀ ਫ਼ਲਸਤੀਨ ਨੂੰ ਰਸਮੀ ਮਾਨਤਾ ਦੇਣ ਦੇ ਐਲਾਨ ਕਰਨੇ ਪਏ ਹਨ। ਦੁਨੀਆਂ ਭਰ ਦੇ ਲੋਕਾਂ ਨੇ ਫ਼ਲਸਤੀਨੀ ਲੋਕਾਂ ਦੇ ਹੱਕ 'ਚ ਆਵਾਜ਼ ਉਠਾਈ ਹੈ। ਅਰਬ ਜਗਤ ਦੇ ਲੋਕ ਆਪਣੀਆਂ ਸਾਮਰਾਜਵਾਦ ਵਿਰੋਧੀ ਮੁਕਤੀ ਉਮੰਗਾਂ ਦਾ ਇਜ਼ਹਾਰ ਹਮਾਸ ਤੇ ਫ਼ਲਸਤੀਨੀ ਲੋਕਾਂ ਦੇ ਟਾਕਰੇ ਰਾਹੀਂ ਦੇਖਦੇ ਹਨ। ਅਜੋਕੇ ਦੌਰ ਅੰਦਰ ਫ਼ਲਸਤੀਨੀ ਟਾਕਰਾ ਸੰਸਾਰ ਦੇ ਦੱਬੇ ਕੁਚਲੇ ਲੋਕਾਂ ਤੇ ਦਬਾਈਆਂ ਕੌਮਾਂ ਦੇ ਸਾਮਰਾਜਵਾਦ ਵਿਰੋਧੀ ਸੰਗਰਾਮਾਂ ਦੀ ਨੋਕ ਬਣਿਆ ਹੋਇਆ ਹੈ।
ਹਮਾਸ ਤੇ ਹੋਰ ਫ਼ਲਸਤੀਨੀ ਟਾਕਰਾ ਸ਼ਕਤੀਆਂ ਇਸ ਕਰਕੇ ਇਉਂ ਜੂਝ ਸਕੀਆਂ ਹਨ ਕਿਉਂਕਿ ਇਹ ਲੋਕਾਂ 'ਚ ਡੂੰਘੀਆਂ ਉੱਤਰੀਆਂ ਹੋਈਆਂ ਹਨ। ਗੂੜ੍ਹੀ ਤਰ੍ਹਾਂ ਲੋਕਾਂ ਨਾਲ ਜੁੜੀਆਂ ਹੋਈਆਂ ਹਨ। ਇਹ ਸ਼ਕਤੀਆਂ ਉਹਨਾਂ ਲੋਕਾਂ ਦੀਆਂ ਸ਼ਕਤੀਆਂ ਵਜੋਂ ਜੂਝ ਰਹੀਆਂ ਹਨ ਜਿੰਨ੍ਹਾਂ ਦੀ ਹੋਂਦ ਹੀ ਹੁਣ ਜੂਝਣ ਨਾਲ ਬੱਝੀ ਹੋਈ ਹੈ। ਜਿਨ੍ਹਾਂ ਲਈ ਜੂਝਣ ਬਿਨਾਂ ਕੋਈ ਰਾਹ ਨਹੀਂ ਹੈ। ਇਹ ਕੌਮੀ ਟਾਕਰਾ ਵਤਨ ਪ੍ਰਾਪਤੀ ਲਈ ਹੈ, ਸ਼ਾਂਤੀ ਨਾਲ ਰਹਿਣ ਜਿਉਣ ਲਈ ਹੈ। ਇਹਨਾਂ ਲਈ ਆਤਮ ਸਮਰਪਣ ਦਾ ਅਰਥ ਹੋਰ ਉਜਾੜਾ ਤੇ ਤਬਾਹੀ ਹੈ ਤੇ ਜੂਝਣ ਦਾ ਅਰਥ ਆਪਣੀ ਧਰਤੀ 'ਤੇ ਵਸਣ ਜਿਉਣ ਦਾ ਹੱਕ ਹੈ। ਵਕਤੀ ਪਛਾੜਾਂ ਹੋਣਾ ਵੱਖਰੀ ਗੱਲ ਹੈ ਪਰ ਹਮਾਸ ਤੇ ਫ਼ਲਸਤੀਨੀ ਲੋਕ ਇਹ ਜੰਗ ਨਹੀਂ ਹਾਰ ਸਕਦੇ ਕਿਉਂਕਿ ਇਹ ਇਨਸਾਫ਼ ਦੀ ਜੰਗ ਹੈ, ਇਹ ਆਜ਼ਾਦੀ ਦੀ ਜੰਗ ਹੈ, ਇਹ ਮਾਣ ਸਨਮਾਨ ਨਾਲ ਜਿਉਣ ਦੇ ਹੱਕ ਦੀ ਜੰਗ ਹੈ। ਲੋਕਾਂ ਅੰਦਰੋਂ ਇਹ ਤਾਂਘ ਮੁਕਾਈ ਨਹੀਂ ਜਾ ਸਕਦੀ ਤੇ ਇਹ ਤਾਂਘ ਅਜਿਹੇ ਮਿਸਾਲੀ ਟਾਕਰੇ ਨੂੰ ਥੰਮ੍ਹਣ ਨਹੀਂ ਦਿੰਦੀ।
(31 ਅਕਤੂਬਰ,2025)
9 ਅਕਤੂਬਰ ਨੂੰ, "ਗਾਜ਼ਾ 'ਤੇ ਜੰਗ ਨੂੰ ਖਤਮ ਕਰਨ, ਇਸ ਤੋਂ ਕਬਜ਼ੇ ਨੂੰ ਵਾਪਸ ਲੈਣ, ਏਡ ਦਾ ਰਾਹ ਖੋਲ੍ਹਣ ਅਤੇ ਕੈਦੀਆਂ ਦੇ ਆਦਾਨ-ਪ੍ਰਦਾਨ" ਦਾ ਐਲਾਨ ਕਰਦੇ ਹੋਏ ਇੱਕ ਬਿਆਨ ਵਿੱਚ, ਹਮਾਸ ਨੇ ਜ਼ੋਰ ਦੇ ਕੇ ਕਿਹਾ:
ਅਸੀਂ ਠੋਕ ਕੇ ਕਹਿੰਦੇ ਹਾਂ ਕਿ ਸਾਡੇ ਲੋਕਾਂ ਦੀਆਂ ਕੁਰਬਾਨੀਆਂ ਵਿਅਰਥ ਨਹੀਂ ਜਾਣਗੀਆਂ, ਅਤੇ ਅਸੀਂ ਪ੍ਰਤਿਗਿੱਆ ਪ੍ਰਤੀ ਵਫ਼ਾਦਾਰ ਰਹਾਂਗੇ, ਅਤੇ ਆਜ਼ਾਦੀ, ਆਜ਼ਾਦੀ ਅਤੇ ਸਵੈ-ਨਿਰਣੇ ਦੀ ਪ੍ਰਾਪਤੀ ਤੱਕ ਆਪਣੇ ਲੋਕਾਂ ਦੇ ਰਾਸ਼ਟਰੀ ਅਧਿਕਾਰਾਂ ਨੂੰ ਨਹੀਂ ਤਿਆਗਾਂਗੇ...
ਹਮਲਾ ਸਮਾਪਤੀ ਸਮਝੌਤਾ ਇੱਕ ਕੌਮੀ ਪ੍ਰਾਪਤੀ ਹੈ, ਜਿਹੜੀ ਸਾਡੇ ਲੋਕਾਂ ਦੀ ਏਕਤਾ ਤੇ ਜਿਉਨਵਾਦੀ ਕਬਜ਼ੇ ਨਾਲ ਭਿੜਨ ਦੀ ਚੋਣ ਵਜੋਂ ਸਾਕਾਰ ਰੂਪ ਹੈ।
ਕਬਜ਼ਾ ਦੋ ਪੂਰੇ ਸਾਲਾਂ ਵਿੱਚ ਨਸਲਕੁਸ਼ੀ ਅਤੇ ਭੁੱਖਮਰੀ ਰਾਹੀਂ ਜੋ ਪ੍ਰਾਪਤ ਕਰਨ ਵਿੱਚ ਅਸਫ਼ਲ ਰਿਹਾ, ਉਹ ਗੱਲਬਾਤ ਰਾਹੀਂ ਵੀ ਪ੍ਰਾਪਤ ਕਰਨ ਵਿੱਚ ਸਫ਼ਲ ਨਹੀਂ ਹੋਇਆ।
ਪਾਪੂਲਰ ਫਰੰਟ ਫਾਰ ਦ ਲਿਬਰੇਸ਼ਨ ਆਫ਼ ਫ਼ਲਸਤੀਨ (PFLP) ਕਹਿੰਦਾ ਹੈ:
ਜੰਗਬੰਦੀ ਸਮਝੌਤਾ ਨਸਲਕੁਸ਼ੀ ਨੂੰ ਖਤਮ ਕਰਨ ਵੱਲ ਪਹਿਲਾ ਕਦਮ ਹੈ, ਅਤੇ ਸਾਡੇ ਲੋਕਾਂ ਦੀ ਦ੍ਰਿੜਤਾ ਅਤੇ ਉਨ੍ਹਾਂ ਦੇ ਬਹਾਦਰ ਵਿਰੋਧ ਨੇ ਜ਼ਾਇਓਨਿਸਟ ਯੁੱਧ ਮਸ਼ੀਨ ਨੂੰ ਤੋੜ ਦਿੱਤਾ ਅਤੇ ਸਮਝੌਤਾ ਲਾਗੂ ਕੀਤਾ...
ਅਸੀਂ ਵਿਦੇਸ਼ੀ ਸਰਪ੍ਰਸਤੀ ਨੂੰ ਰੱਦ ਕਰਦੇ ਹਾਂ ਅਤੇ ਪੁਸ਼ਟੀ ਕਰਦੇ ਹਾਂ ਕਿ ਗਾਜ਼ਾ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਫਲਸਤੀਨੀ ਹੋਣਾ ਚਾਹੀਦਾ ਹੈ, ਜਿਸ ਵਿੱਚ ਅਰਬ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੁਨਰ ਨਿਰਮਾਣ ਅਤੇ ਰਿਕਵਰੀ ਵਿੱਚ ਹਿੱਸੇਦਾਰੀ ਹੋਵੇ।
ਦੁਨੀਆ ਅੱਜ ਸਾਡੇ ਨਾਲ ਖੜ੍ਹੀ ਹੈ ਅਤੇ ਆਜ਼ਾਦੀ ਅਤੇ ਸਵੈ-ਨਿਰਣੇ ਦੇ ਸਾਡੇ ਅਧਿਕਾਰ ਦਾ ਸਮਰਥਨ ਕਰਦੀ ਹੈ। ਜੰਗਬੰਦੀ ਸਮਝੌਤੇ 'ਤੇ ਪਹੁੰਚਣ ਤੋਂ ਬਾਅਦ ਵੀ ਗਲੋਬਲ ਕਾਰਵਾਈ ਅਤੇ ਕਬਜ਼ੇ ਅਤੇ ਇਸਦੇ ਨੇਤਾਵਾਂ ਦੀ ਪੈਰਵੀ ਜਾਰੀ ਰੱਖਣੀ ਚਾਹੀਦੀ ਹੈ, ਤਾਂ ਜੋ ਕਬਜ਼ਾ ਹਟਾਏ ਜਾਣ ਤੱਕ ਫ਼ਲਸਤੀਨ ਦੁਨੀਆ ਦੀ ਜ਼ਮੀਰ ਵਿੱਚ ਜ਼ਿੰਦਾ ਰਹੇ।
( ਦੋਹਾਂ ਜਥੇਬੰਦੀਆਂ ਵੱਲੋਂ ਜਾਰੀ ਬਿਆਨਾਂ ਦੇ ਅੰਸ਼)
(ਅੰਗਰੇਜ਼ੀ ਤੋਂ ਅਨੁਵਾਦ)

No comments:
Post a Comment