ਪ੍ਰਤੀਬੱਧ ਦੇ ਸੰਪਾਦਕ ਵੱਲੋਂ ਗੈਰ-ਸੰਜੀਦਗੀ ਦਾ ਨਿਸ਼ੰਗ ਇਕਬਾਲ
ਸੰਪਾਦਕ ਪ੍ਰਤੀਬੱਧ ਦਾ ਕਹਿਣਾ ਹੈ: “ਆਵਦੇ ਤਾਜੇ ਲੇਖ ਚ 'ਸੁਰਖ਼ ਲੀਹ' ਦੇ ਸੰਪਾਦਕ ਨੇ ਭਾਰਤ ’ਚ ਕੌਮੀ ਸਵਾਲ ਅਤੇ "ਪੰਜਾਬੀ ਕੌਮੀਅਤ ਦੇ ਮਸਲਿਆਂ" ਬਾਰੇ ਆਵਦੀਆਂ ਪੁਰਾਣੀਆਂ ਲਿਖਤਾਂ ਦਾ ਜਿਕਰ ਕੀਤਾ ਹੈ। ਇਹ ਲਿਖਤਾਂ ਸਾਨੂੰ ਉਪਲਭਧ ਨਹੀਂ ਸਨ/ ਹਨ। 'ਸੁਰਖ਼ ਲੀਹ' ਦੀਆਂ ਕੌਮੀ ਮਸਲੇ ਉੱਪਰ ਹਾਲ ਫਿਲਹਾਲ ਦੀਆਂ ਲਿਖਤਾਂ ਖਾਸ ਕਰਕੇ ਬੀਤੇ ਚਾਰ ਪੰਜ ਸਾਲਾਂ ਦੀਆਂ ਇਸ ਪਰਚੇ ਦੇ ਦੂਸਰੇ ਸੰਪਾਦਕ ਦੀਆਂ ਪੋਸਟਾਂ ਤੋਂ ਸਾਡਾ ਇਹ ਪ੍ਰਭਾਵ ਬਣਿਆ ਸੀ ਕਿ ' ਪੰਜਾਬ ਦਾ ਕੌਮੀ ਮਸਲਾ ਜਾਂ ਪੰਜਾਬੀ ਕੌਮ ਦੇ ਮਸਲਿਆਂ ਨੂੰ ਸੁਰਖ਼ ਲੀਹ ਵਾਲ਼ੇ ਸਾਥੀ ਚਿਮਟੇ ਨਾਲ਼ ਵੀ ਛੂਹਣ ਨੂੰ ਤਿਆਰ ਨਹੀਂ ਹਨ।' ‘'ਸੁਰਖ਼ ਲੀਹ” ਦੇ ਸੰਪਾਦਕ ਦੁਆਰਾ ਸਾਡੇ ਉਪਰੋਕਤ ਪ੍ਰਭਾਵ ਦੇ ਖੰਡਣ ਲਈ ਲਿਖੇ ਤਾਜੇ ਲੇਖ ਨੇ ਇਹਨਾਂ ਸਾਥੀਆਂ ਬਾਰੇ ਬਣੇ ਸਾਡੇ ਉਪਰੋਕਤ ਪ੍ਰਭਾਵ ਨੂੰ ਹੋਰ ਵੀ ਪੱਕਾ ਕਰ ਦਿੱਤਾ ਹੈ, ਇਸ ਪ੍ਰਭਾਵ ਨੂੰ ਰਾਏ ’ਚ ਬਦਲ ਦਿੱਤਾ ਹੈ।”
ਉਪਰੋਕਤ ਹਵਾਲਾ ਪ੍ਰਤੀਬੱਧ ਦੇ ਆਉਣ ਵਾਲੇ ਅੰਕ ’ਚ ਪ੍ਰਕਾਸ਼ਤ ਹੋ ਰਹੇ ਲੇਖ ’ਚੋਂ ਇਸਦੇ ਸੰਪਾਦਕ ਵੱਲੋਂ ਫੇਸਬੁੱਕ ਦੀ ਵਾਲ ’ਤੇ ਉਭਾਰਿਆ ਗਿਆ ਹੈ।ਹਵਾਲਾ ਇਸ ਗੱਲ ਦੇ ਅਣਚਾਹੇ ਐਲਾਨੀਆ ਇਕਬਾਲ ਸਮਾਨ ਹੈ ਕਿ ਪ੍ਰਤੀਬੱਧ ਦੇ ਸੰਪਾਦਕ ਵੱਲੋਂ ਸੁਰਖ਼ ਲੀਹ ਬਾਰੇ ਦਿੱਤਾ ਗਿਆ ਫਤਵਾ ਨਿਰੇ ਪ੍ਰਭਾਵ ’ਤੇ ਆਧਾਰਤ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸੰਪਾਦਕ ਪ੍ਰਭਾਵ ਆਧਾਰਤ ਕਲਮ-ਘਸਾਈ ਨੂੰ ਵਿਚਾਰਾਂ ਦੀ ਬਹਿਸ ਦੇ ਬਰਾਬਰ ਦਾ ਦਰਜਾ ਦਿੰਦਾ ਹੈ ਅਤੇ ਅਜਿਹਾ ਕਰਦਿਆਂ ਕੋਈ ਝਿਜਕ ਵੀ ਮਹਿਸੂਸ ਨਹੀਂ ਕਰਦਾ। ਉਹ ਤਾਂ ਸਗੋਂ ਹੁੱਬ ਕੇ ਇਹ ਕਹਿਣ ਤੱਕ ਜਾਂਦਾ ਹੈ: “ਸਾਡਾ ਇਹ ਪ੍ਰਭਾਵ ਬਣਿਆ ਸੀ ਕਿ 'ਪੰਜਾਬ ਦਾ ਕੌਮੀ ਮਸਲਾ ਜਾਂ ਪੰਜਾਬੀ ਕੌਮ ਦੇ ਮਸਲਿਆਂ ਨੂੰ ਸੁਰਖ਼ ਲੀਹ ਵਾਲ਼ੇ ਸਾਥੀ ਚਿਮਟੇ ਨਾਲ਼ ਵੀ ਛੂਹਣ ਨੂੰ ਤਿਆਰ ਨਹੀਂ ਹਨ।'” ਇਸਤੋਂ ਅੱਗੇ ਉਹ ਇਹ ਵੀ ਇਕਬਾਲ ਕਰ ਲੈਂਦਾ ਹੈ ਕਿ ਸੁਰਖ਼ ਲੀਹ ਦੇ ਸੰਪਾਦਕ ਦਾ ਲੇਖ ਉਸ ਦੀ ਕਿਸੇ ਸੋਚੀ ਵਿਚਾਰੀ ਰਾਏ ਦੇ ਖੰਡਨ ਲਈ ਨਹੀਂ ਸਗੋਂ ਨਿਰੇ “ਪ੍ਰਭਾਵ ਦੇ ਖੰਡਨ” ਲਈ ਹੀ ਲਿਖਿਆ ਗਿਆ ਹੈ। ਇਉਂ ਸਾਥੀ ਸੰਪਾਦਕ ਤਰਕਸ਼ੀਲ ਗਿਆਨ ਦੀ ਬਜਾਏ ਪ੍ਰਭਾਵ-ਮੁਖੀ ਗਿਆਨ ਦੁਆਲੇ ਬਹਿਸਾਂ ਦੇ ਗਲਤ ਅਤੇ ਗੈਰ-ਸੰਜੀਦਾ ਅਮਲ ਨੂੰ ਮਾਨਤਾ ਦੇਣ ਤੱਕ ਜਾ ਪਹੁੰਚਦਾ ਹੈ। ਸੰਪਾਦਕ ਦਾ ਕਹਿਣਾ ਹੈ ਕਿ ਚੱਲੀ ਬਹਿਸ ਦੇ ਨਤੀਜੇ ਵਜੋਂ ਹੁਣ ਉਸਦਾ ਪ੍ਰਭਾਵ “ਹੋਰ ਵੀ ਪੱਕਾ” ਹੋ ਗਿਆ ਹੈ ਅਤੇ “ਰਾਏ” ’ਚ ਬਦਲ ਗਿਆ ਹੈ। ਕੀ ਇਹ ਅਜੀਬ ਨਹੀਂ ਕਿ ਸਾਡਾ ਇਹ ਸੰਪਾਦਕ ਸਾਥੀ ਪ੍ਰਭਾਵ ਦੇ ਅਧਾਰ ‘ਤੇ ਹੀ ਫਤਵਾ ਦੇ ਕੇ ਬਹਿਸ ਕਰਦਾ ਆ ਰਿਹਾ ਹੈ! ਓਹ ਵੀ ਇਹ ਦੱਸੇ ਬਗੈਰ ਕਿ ਉਸਦੇ ਬਿਆਨੇ ਅਨੁਸਾਰ ਇਹ “ਪ੍ਰਭਾਵ” ਵੀ “ਦੂਸਰੇ ਸੰਪਾਦਕ” ਦੀ ਕਿਹੜੀ ਪੋਸਟ ਤੋਂ ਕਿਵੇਂ ਪਿਆ|
ਸਾਥੀ ਸੰਪਾਦਕ ਲਗਭਗ ਉਸ ਕੱਚਘਰੜ ਕਥਾਕਾਰ ਦਾ ਬਿਆਨੀਆ ਗ੍ਰਹਿਣ ਕਰ ਲੈਂਦਾ ਹੈ ਜੋ ਸੰਗਤਾਂ ਨੂੰ ਇਓਂ ਸੰਬੋਧਤ ਹੁੰਦਾ ਹੈ:
“ ਭਲਾ ਜਿਹਾ ਵੇਲਾ ਸੀ,ਪਤਾ ਨੀ ਕਿਹੜੀ ਪਾਤਸ਼ਾਹੀ ਸੀ,ਗੁਰੂਆਂ ਨੇ ਐਸਾ ਕੌਤਕ ਰਚਿਆ ਕਿ ਸੰਗਤਾਂ ਨਿਹਾਲ ਹੋ ਉਠੀਆਂ”! ਸੰਪਾਦਕ ਦੇ ਖੁਦ ਦੱਸਣ ਮੁਤਾਬਕ ਹੀ ਉਸਦੇ ਸਬੰਧ ‘ਚ ਵੀ ਇਹੋ ਵਾਪਰਿਆ ਹੈ| ਅਜੇ ਤੱਕ ਤਾਂ ਕੋਈ ਨਹੀਂ ਜਾਣਦਾ ਕਿ ਕਿਸ “ਭਲੇ ਜਿਹੇ ਵੇਲੇ”, “ਕਿਹੜੇ” ਅੰਕ ਦੀ, “ਕਿਹੜੀ” ਲਿਖਤ ‘ਚੋਂ ਸੰਪਾਦਕ ਨੂੰ “ਐਸਾ” ਪ੍ਰਭਾਵ ਗ੍ਰਹਿਣ ਹੋ ਗਿਆ ਕਿ ਉਸਨੇ ਨਿਹਾਲ ਹੋਕੇ ਇਸਨੂੰ ਨਾ ਸਿਰਫ “ਰਾਏ” ਵਜੋਂ ਸਗੋਂ ਸਿੱਕੇਬੰਦ ਫਤਵੇ ਵਜੋਂ ਵਰਤਾਉਣਾ ਸ਼ੁਰੂ ਕਰ ਦਿੱਤਾ| “ਖੁਮਾਰੀ” ਇੰਨੀ ਚੜ੍ਹੀ ਕਿ ਉਸਨੇ ਆਪਣੇ ਅਜੀਬ ਸੰਕਲਪ ਅਨੁਸਾਰ ਵੀ ਇਸ ਪ੍ਰਭਾਵ ਦੇ “ਪੱਕਾ” ਹੋਣ ਦੀ ਇੰਤਜ਼ਾਰ ਨਾ ਕੀਤੀ|
“ਅਜੀਬ” ਸੰਕਲਪ ਦੀ ਗੱਲ ਅਸੀਂ ਤਾਂ ਕੀਤੀ ਹੈ ਕਿਓਂਕਿ ਉਸ ਦੇ ਹਵਾਲੇ ’ਚ ਸੰਕਲਪਾਂ ਦਾ ਗੰਧਾਲਾ ਵੀ ਧਿਆਨ ਦੇਣ ਯੋਗ ਹੈ। ਉਹ ਸੁਤੇ ਸਿਧ ਹੀ ਪ੍ਰਭਾਵ ਅਤੇ ਰਾਏ ਦੇ ਵਖਰੇਵੇਂ ਸਬੰਧੀ ਘੁਚਲ-ਵਿੱਦਿਆ ਦਾ ਸੰਚਾਰ ਕਰੀ ਜਾ ਰਿਹਾ ਹੈ| ਉਹ “ਪੱਕਾ ਪ੍ਰਭਾਵ” ਵਰਗਾ ਅਜੀਬ ਲਕਬ ਵਰਤਦਾ ਹੈ ਅਤੇ ਇਸਨੂੰ “ਰਾਏ” ਦੇ ਬਰਾਬਰ ਦਾ ਦਰਜਾ ਦਿੰਦਾ ਹੈ|
ਇਓਂ ਸਾਥੀ ਸੰਪਾਦਕ ਮਾਰਕਸਵਾਦੀ ਗਿਆਨ-ਸਿਧਾਂਤ ਤੋਂ ਆਪਣੀ ਮਾਨਸਿਕ ਆਜ਼ਾਦੀ ਦਾ ਸੰਕੋਚ ਰਹਿਤ ਪ੍ਰਗਟਾਵਾ ਕਰਦਾ ਹੈ| ਪ੍ਰਭਾਵਮੁਖੀ ਗਿਆਨ (Perceptual Knowledge) ਅਤੇ ਤਰਕਸ਼ੀਲ ਗਿਆਨ(Rational Knowledge) ਦਰਮਿਆਨ ਲਕੀਰ ਨੂੰ ਮੇਸਣ ਦਾ ਝੁਕਾਅ ਪ੍ਰਗਟ ਕਰਦਾ ਹੈ|
ਪ੍ਰਭਾਵਮੁਖੀ ਗਿਆਨ ‘ਤੇ ਟੇਕ ਰੱਖਣ ਦੀ ਇਹ ਪ੍ਰਵਿਰਤੀ ਕਿਸੇ ਨਿਰਣੇ ਲਈ ਲੋੜੀਦੀ ਜ਼ਰੂਰੀ ਜਾਣਕਾਰੀ ਨੂੰ ਵਾਚਣ ਅਤੇ ਹਾਸਲ ਕਰਨ ਪ੍ਰਤੀ ਉਸਦੇ ਅੱਤ ਸਰਸਰੀ ਰਵੱਈਏ ਦੀ ਵਜ੍ਹਾ ਹੈ|
ਇਸ ਰਵੱਈਏ ਦਾ ਨਤੀਜਾ ਇਹ ਹੈ ਕਿ ਸਾਥੀ ਸੰਪਾਦਕ ਦੇ ਦਾਅਵਿਆਂ ਅਤੇ ਫਤਵਿਆਂ ਦਾ ਕੱਚ ਨਸ਼ਰ ਹੋ ਜਾਣ ਪਿੱਛੋਂ ਉਸਨੂੰ ਲੰਗੜੇ ਬਹਾਨਿਆਂ ਦੇ ਲੜ ਲੱਗਣਾ ਪੈ ਰਿਹਾ ਹੈ ਅਤੇ ਝੂਠ ਬੋਲਣ ਤੱਕ ਨੀਵਾਂ ਉੱਤਰਨਾ ਪੈ ਰਿਹਾ ਹੈ|
ਉਸਦਾ ਕਹਿਣਾ ਹੈ ਕਿ ਅਸੀਂ ਆਪਣੇ ਲੇਖ ‘ਚ ਸਾਡੀਆਂ ਜਿਨ੍ਹਾਂ ਲਿਖ਼ਤਾਂ ਦਾ ਜਿਕਰ ਕੀਤਾ ਹੈ, ਓਹ “ਪੁਰਾਣੀਆਂ” ਹਨ| ਇਹ ਪ੍ਰਤੱਖ ਤੌਰ ‘ਤੇ ਲੰਗੜਾ ਬਹਾਨਾ ਹੈ| ਸੰਪਾਦਕ ਨੇ ਆਪਣੇ ਵੱਲੋਂ ਪੰਜਾਬ ਦੇ ਕੌਮੀ ਮਸਲੇ ਨੂੰ ਪੰਜ ਨੁਕਤਿਆਂ ‘ਚ “ਸੂਤਰਬੱਧ” ਕਰਦਿਆਂ ਦਾਅਵਾ ਕੀਤਾ ਸੀ ਕਿ ਅਸੀਂ “ਕਦੇ” ਵੀ ਇੰਨ੍ਹਾ ਮਸਲਿਆਂ ‘ਤੇ ਆਵਾਜ਼ ਨਹੀਂ ਉਠਾਈ,”ਕਦੇ” ਵੀ ਇੰਨ੍ਹਾ ਮਸਲਿਆਂ ‘ਤੇ ਆਪਣੀਂ ਸਮਝ ਦੀ ਵਿਆਖਿਆ ਨਹੀਂ ਕੀਤੀ ਅਤੇ “ਕਦੇ” ਵੀ ਕੌਮੀ ਮਸਲੇ ਨੂੰ “ਸੂਤਰਬੱਧ” ਨਹੀਂ ਕੀਤਾ|
ਕੀ ਇਹ ਹਾਸੋਹੀਣੀਂ ਪੁਜੀਸ਼ਨ ਨਹੀਂ? ਸਾਡੀਆਂ ਲਿਖ਼ਤਾਂ ਜਿੰਨੀਆਂ ਮਰਜ਼ੀ “ਪੁਰਾਣੀਆਂ” ਹੋਣ, ਓਹ ਕਦੇ ਨਾ ਕਦੇ ਤਾਂ ਲਿਖੀਆਂ ਹੀ ਗਈਆਂ ਹਨ! ਪਰ ਸਾਡੇ ਸੰਪਾਦਕ ਦੇ ਦੱਸਣ ਅਨੁਸਾਰ ਉਸਨੇ ਇੰਨ੍ਹਾ ਲਿਖ਼ਤਾਂ ਦੇ ਕਦੇ ਵੀ ਦਰਸ਼ਨ ਤੱਕ ਨਹੀਂ ਕੀਤੇ| ਕਿਓਂਕਿ ਇਹ ਉਸਨੂੰ “ਉਬਲਬਧ” ਹੀ ਨਹੀਂ ਹਨ! ਕੀ ਅਸੀਂ ਇਸ ਗੱਲ ਦੀ ਸਵੈ-ਪੜਚੋਲ ਕਰੀਏ ਕਿ ਅਸੀਂ ਇਹ ਲਿਖ਼ਤਾਂ ਖੁਦ ਉਸਦੇ ਸੰਪਾਦਕੀ ਟੇਬਲ ‘ਤੇ ਲਿਜਾ ਕੇ ਨਹੀਂ ਧਰੀਆਂ?!
ਪਰ ਨਹੀਂ, ਉਸਨੂੰ ਤਾਂ ਇਨ੍ਹਾਂ ਲਿਖ਼ਤਾਂ ਨੂੰ ਪੜ੍ਹਨ ਦੀ ਨਾ ਕਦੇ ਪਹਿਲਾਂ ਕੋਈ ਇਛਾ ਜਾਂ ਜ਼ਰੂਰਤ ਸੀ, ਨਾ ਹੁਣ ਕੋਈ ਇੱਛਾ ਜਾਂ ਜ਼ਰੂਰਤ ਹੈ! ਤਾਂ ਵੀ ਉਸਨੂੰ ਪੱਕਾ ਪਤਾ ਹੈ ਕਿ ਅਸੀਂ ਕਦੇ ਵੀ ਇੰਨ੍ਹਾਂ ਮਸਲਿਆਂ ਬਾਰੇ ਨਾ ਕਦੇ ਆਵਾਜ਼ ਉਠਾਈ ਹੈ,ਨਾ ਵਿਆਖਿਆ ਕੀਤੀ ਹੈ ਅਤੇ ਨਾ ਹੀ “ਸੂਤਰਬੱਧ” ਕੀਤਾ ਹੈ! ਉਸ ਮੁਤਾਬਕ ਅਸੀਂ ਤਾਂ ਇੰਨ੍ਹਾਂ ਮਸਲਿਆਂ ਨੂੰ “ਚਿਮਟੇ ਨਾਲ” ਵੀ ਨਹੀਂ ਛੋਹਿਆ!!
ਸੰਪਾਦਕ ਨੂੰ ਇਹ ਪੱਕਾ ਪਤਾ ਕਿਵੇਂ ਲੱਗਿਆ? ਕੀ ਇਹ ਕਿਸੇ “ਧੁਰ ਕੀ ਬਾਣੀ” ਦੀ ਮਿਹਰਬਾਨੀ ਹੈ? ਜਾਂ ਕਿਸੇ “ਇਲਹਾਮ” ਦੀ ਗੈਬੀ-ਸ਼ਕਤੀ ਦਾ ਕ੍ਰਿਸ਼ਮਾ ਹੈ?
ਪਰ ਮਾਮਲਾ ਇੰਨਾ ਹੀ ਨਹੀਂ ਹੈ| ਸੰਪਾਦਕ ਦਾ “ਲਿਖਤਾਂ ਉਬਲਬਧ ਨਹੀਂ ਸਨ/ਹਨ” ਦਾ ਦਾਅਵਾ ਨਾ ਸਿਰਫ ਗਲ੍ਹਤ ਹੈ , ਸਗੋਂ ਝੂਠਾ ਵੀ ਹੈ|
ਆਪਣੇ ਝੂਠੇ ਦਾਅਵੇ ਨੂੰ ਬਲ ਬਖਸ਼ਣ ਲਈ ਓਹ ਇਹ ਗੱਲ ਉਭਾਰਦਾ ਹੈ ਕਿ ਇਹ ਲਿਖ਼ਤਾਂ “ਪੁਰਾਣੀਆਂ” ਹਨ| ਓਹ ਪ੍ਰਭਾਵ ਦਿੰਦਾ ਹੈ,ਜਿਵੇੰ ਇਹ “ਪੁਰਾਣੀਆਂ” ਲਿਖ਼ਤਾਂ ਹੁਣ ਕਿਤੇ ਗਾਇਬ ਹੋ ਚੁੱਕੀਆਂ ਹੋਣ| ਜਿਵੇੰ ਇਨ੍ਹਾਂ ਨੂੰ ਅਧਾਰ ਬਣਾਉਣਾ ਅਸੰਭਵ ਗਿਆ ਹੋਵੇ!
ਇਹ ਪੂਰੀ ਤਰ੍ਹਾਂ ਗੁਮਰਾਹਕਰੂ ਪੇਸ਼ਕਾਰੀ ਹੈ| ਇਹ ਲਿਖ਼ਤਾਂ ਕਿਸੇ “ਸਰਸਾ” ਦੀ ਭੇਟ ਨਹੀਂ ਹੋਈਆਂ | ਇਨ੍ਹਾਂ ਲਿਖ਼ਤਾਂ ਦਾ ਚੋਖਾ ਹਿੱਸਾ ਪ੍ਰਤੀਬੱਧ ਦੇ ਜਨਮ ਤੋਂ ਮਗਰੋਂ ਪ੍ਰਕਾਸ਼ਤ ਜਾਂ ਦੁਬਾਰਾ ਪ੍ਰਕਾਸ਼ਤ ਹੋਇਆ ਹੈ| ਜਿਨ੍ਹਾਂ ਲਿਖ਼ਤਾਂ ਬਾਰੇ ਅਸੀਂ ਗੱਲ ਕੀਤੀ ਹੈ ਇੰਨ੍ਹਾ ‘ਚੋਂ ਕਾਫੀ ਤਾਂ ਨੇੜਲੇ ਬੀਤੇ ‘ਚ ਹੀ ਪ੍ਰਕਾਸ਼ਤ ਜਾਂ ਮੁੜ ਪ੍ਰਕਾਸ਼ਤ ਹੋਈਆਂ ਹਨ| ਮਿਸਾਲ ਵਜੋਂ ਦਰਿਆਈ ਪਾਣੀਆਂ ਦੇ ਸਵਾਲ ਬਾਰੇ ਜਸਪਾਲ ਜੱਸੀ ਦਾ ਲੇਖ 2023 ‘ਚ “ਨਵਾਂ ਜ਼ਮਾਨਾ” ਨੇ ਸੱਤ ਕਿਸ਼ਤਾਂ ‘ਚ ਛਾਪਿਆ ਅਤੇ ਇਸਨੂੰ ਸੁਰਖ ਲੀਹ ਪ੍ਰਕਾਸ਼ਨ ਵੱਲੋਂ ਵੀ ਜੁਲਾਈ 2023 ‘ਚ ਹੀ ਪ੍ਰਕਾਸ਼ਤ ਕੀਤਾ ਗਿਆ| ਉੱਤਰ ਪੂਰਬੀ ਰਾਜਾਂ ਦੀਆਂ ਕੌਮੀ ਲਹਿਰਾਂ ਬਾਰੇ ਲਿਖ਼ਤਾਂ ਦਾ ਕਿਤਾਬਚਾ ਅਗਸਤ 2023 ‘ਚ ਪ੍ਰਕਾਸ਼ਤ ਹੋਇਆ ਹੈ| “ਜੂਝ ਰਿਹਾ ਕਸ਼ਮੀਰ” ਸਿਰਲੇਖ ਹੇਠ ਕਸ਼ਮੀਰ ਲਿਖ਼ਤਾਂ ਦਾ ਸੰਗ੍ਰਹਿ ਪਹਿਲਾਂ ਅਕਤੂਬਰ 2016 ਅਤੇ ਫੇਰ ਸਤੰਬਰ 2019 ‘ਚ ਪ੍ਰਕਾਸ਼ਤ ਹੋਇਆ ਹੈ| ਇਹ ਕਿਤਾਬਚੇ ਜਨਤਕ ਸਮਾਗਮਾਂ ‘ਚ ਪ੍ਰਤੀਬੱਧ ਦੇ ਸਟਾਲਾਂ ਦੇ ਅਗਲ ਬਗਲ ‘ਚ ਲਗਦੀਆਂ ਸੁਰਖ ਲੀਹ ਦੀਆਂ ਸਟਾਲਾਂ ਤੇ ਕਿਸੇ ਵੀ ਲੋੜਬੰਦ ਲਈ ਉਬਲਬਧ ਰਹਿੰਦੇ ਹਨ| “ਮੁਕਤੀ ਸੰਗਰਾਮ” ਪ੍ਰਕਾਸ਼ਨ ਦੀਆਂ ਕੁਝ ਅਹਿਮ ਲਿਖ਼ਤਾਂ ਵੀ ਜਿਨ੍ਹਾਂ ਨਾਲ ਸਾਡੀ ਸਹਿਮਤੀ ਜਾਣੀ ਪਛਾਣੀ ਹੈ ਕਰੀਬ ਦੋ ਸਾਲ ਪਹਿਲਾਂ ਹੀ ਪ੍ਰਕਾਸ਼ਤ ਹੋਈਆਂ ਹਨ ਅਤੇ ਸਾਡੇ ਕੋਲੋਂ ਹਾਸਲ ਹੋ ਸਕਦੀਆਂ ਹਨ| ਨੇੜਲੇ ਬੀਤੇ ‘ਚ ਹੀ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਘੋਲ ਦੀ ਹਮਾਇਤ ‘ਚ ਸਰਗਰਮੀਆਂ ਬਾਰੇ ਟਿੱਪਣੀ ਸਾਹਿਤ ਰਿਪੋਰਟਾਂ ਵੀ ਸੁਰਖ ਲੀਹ ‘ਚ ਨੇੜਲੇ ਬੀਤੇ ‘ਚ ਹੀ ਪ੍ਰਕਾਸ਼ਤ ਹੋਈਆਂ ਹਨ |ਇਸਤੋਂ ਇਲਾਵਾ ਜੋ ‘ਪੁਰਾਣੇ’ ਕਿਤਾਬਚੇ ਜਾਂ ਪਰਚਿਆਂ ਦੇ ਅੰਕ ਵਿਕਰੀ ਲਈ ਹਾਸਲ ਨਹੀਂ ਹਨ,ਓਹ ਕਾਫੀ ਹੱਦ ਤੱਕ ਵੱਖ ਵੱਖ ਪਰਚਿਆਂ ਜਥੇਬੰਦੀਆਂ/ਪਲੇਟਫਾਰਮਾਂ/ਵਿਅਕਤੀਆਂ ਦੇ ਰਿਕਾਰਡ/ਲਾਇਬਰੇਰੀਆਂ ‘ਚ ਮੌਜੂਦ ਹਨ|ਇਨ੍ਹਾਂ ਦੀ ਵਰਤੋਂ ਕਰਨ ਅਤੇ ਹਾਸਲ ਕਰਨ ਲਈ ਲੋੜੀਦੀ ਖੇਚਲ ਦਾ ਸਵਾਲ ਪਹੁੰਚ ਅਤੇ ਰਵਈਏ ਦਾ ਸਵਾਲ ਹੈ l
ਠੋਸ ਮਿਸਾਲਾਂ ਦੀ ਚਰਚਾ ਅਸੀਂ ਲੰਮੀ ਨਹੀਂ ਕਰਨਾ ਚਾਹੁੰਦੇ | ਇਹ ਪ੍ਰਤੱਖ ਹੈ ਕਿ “ਉਪਲਬਧ ” ਹੋਣ ਦੇ ਮਾਮਲੇ ‘ਚ ਸੋਕੇ ਵਰਗੀ ਕੋਈ ਹਾਲਤ ਨਹੀਂ ਹੈ| ਸੋਕਾ ਤਾਂ ਸਚਾਈ ਦੇ ਰੂ-ਬ-ਰੂ ਹੋਣ ਦੀ ਸਾਥੀ ਸੰਪਾਦਕ ਦੀ ਜੁਰਅੱਤ ਅਤੇ ਇੱਛਾ ਨੂੰ ਪਿਆ ਹੋਇਆ ਹੈ|
ਇਸ ਪੱਖੋਂ ਸਾਡੀ ਲਿਖਤ ਦਾ ਮੰਤਵ ਪੂਰਾ ਹੋ ਚੁੱਕਿਆ ਹੈ| ਸਾਡੇ ਵੱਲੋਂ ਦਿੱਤੇ ਤੱਥ,ਹਵਾਲੇ,ਮਿਸਾਲਾਂ ਅਤੇ ਵੇਰਵੇ ਠੋਸ ਹਨ| ਇਹ ਸਾਬਤ ਕਰਦੇ ਹਨ ਕਿ ਉਸ ਵੱਲੋਂ ਬਿਆਨੇ ਪੰਜ ਮਸਲਿਆਂ ‘ਤੇ ਸਾਡੇ ਵਲੋਂ ਕਦੇ ਵੀ ਵਿਆਖਿਆ ਨਾ ਕਰਨ,ਸੂਤਰਬੱਧ ਨਾ ਕਰਨ, ਆਵਾਜ਼ ਨਾ ਉਠਾਉਣ ਅਤੇ ਚਿਮਟੇ ਨਾਲ ਵੀ ਨਾ ਛੋਹਣ ਦੀ ਉਸਦੀ ਪੇਸ਼ਕਾਰੀ ਲਾ-ਵਾਢਿਓਂ ਗਲ੍ਹਤ ਹੈ| ਇੰਨ੍ਹਾਂ ਠੋਸ ਵੇਰਵਿਆਂ ਦੇ ਮੂਲ ਸਰੋਤ ਉਪਲਬਧ ਨਾ ਹੋਣ ਦੀ ਕਹਾਣੀ ਇੰਨ੍ਹਾ ਦਾ ਸਾਹਮਣਾ ਕਰ ਸਕਣ ਅਤੇ ਇਨ੍ਹਾਂ ਨੂੰ ਝੁਠਲਾ ਸਕਣ ਦੇ ਮਾਮਲੇ ‘ਚ ਸੰਪਾਦਕ ਦੀ ਕਮਜ਼ੋਰੀ ‘ਚੋਂ ਘੜੀ ਗਈ ਹੈ|ਮੂਲ-ਸਰੋਤਾਂ ਵੱਲ ਮੂੰਹ ਕਰਨ ਤੋਂ ਸੰਪਾਦਕ ਦੀ ਨੰਗ-ਮੁਨੰਗੀ ਭਾਜੜ ਨੇ ਸਾਡੀ ਇਸ ਗੱਲ ‘ਤੇ ਮੋਹਰ ਲਾਉਣ ਦਾ ਕੰਮ ਕੀਤਾ ਹੈ ਕਿ ਓਹ ਲੋੜੀਦੀ ਜ਼ਰੂਰੀ ਜਾਣਕਾਰੀ ਹਾਸਲ ਕਰਨ ਤੋਂ ਬੇਪਰਵਾਹ ਹੋ ਕੇ ਫਤਵੇ ਜਾਰੀ ਕਰਦਾ ਹੈ ਅਤੇ ਗੈਰ-ਜੁੰਮੇਵਾਰੀ ਨਾਲ ਬਹਿਸ ਕਰਦਾ ਹੈ|ਇਓਂ ਖੁਦ ਹੀ ਆਪਣੀਂ ਪ੍ਰਵਿਰਤੀ ਦਾ ਅਸਲਾ ਉਧੇੜ ਦੇਣ ਲਈ ਅਸੀਂ ਸੰਪਾਦਕ ਸਾਥੀ ਦੇ ਧੰਨਵਾਦੀ ਹਾਂ!
ਸੰਪਾਦਕ ਦਾ ਸ਼ਬਦੀ ਆਲ ਜੰਜਾਲ ਕੋਈ ਵੀ ਹੋਵੇ, ਸਾਡੇ ਵੱਲੋਂ ਕਦੇ ਵੀ ਆਪਣੀਆਂ ਪੁਜੀਸ਼ਨਾਂ ਨਾ ਬਿਆਨਣ, ਇਨ੍ਹਾਂ ਦੀ ਕਦੇ ਵੀ ਵਿਆਖਿਆ ਨਾ ਕਰਨ ਜਾਂ ਸੂਤਰਬੱਧ ਨਾ ਕਰਨ ਵਰਗੇ ਮੁੱਦਿਆਂ ਤੋਂ ਉਸਨੇ ਖੁਦ ਹੀ ਖਹਿੜਾ ਛੁਡਾਉਣ ਦਾ ਰੁਖ ਫੜ ਲਿਆ ਹੈ| ਅਗਲੇ ਅੰਕ ‘ਚ ਜਿਸ ਚਰਚਾ ਦਾ ਉਸਨੇ ਸੰਕੇਤ ਦਿੱਤਾ ਹੈ, ਓਹ ਸਾਡੀਆਂ ਪੁਜੀਸ਼ਨਾ ਦੀ ਗੈਰ-ਮੌਜੂਦਗੀ, ਵਿਆਖਿਆ ਦੀ ਗੈਰਹਾਜ਼ਰੀ ਜਾਂ ਸੂਤਰਬੱਧ ਬਿਆਨ ਦੀ ਅਣਹੋਂਦ ਨੂੰ ਸਾਬਤ ਕਰਨ ਲਈ ਨਹੀਂ ਹੈ| ਸਗੋਂ ਇਸ ਮੁੱਦੇ ਨੂੰ ਪਿੱਛੇ ਛੱਡਕੇ ਅੱਗੇ ਟਪੂਸੀ ਮਾਰਨ ਖਾਤਰ ਹੈ| ਇਹ ‘ਸਾਬਤ’ ਕਰਨ ਦੀ ਅਗਲੀ ਮਸ਼ਕ ਖਾਤਰ ਹੈ ਕਿ ਸਾਡੀਆਂ ਪੁਜੀਸ਼ਨਾ,ਇਨ੍ਹਾਂ ਦੀ ਵਿਆਖਿਆ ਜਾਂ ਇਨ੍ਹਾਂ ਦਾ ਸੂਤਰਬੱਧ ਸਰੂਪ ਕਿਵੇਂ ਗਲ੍ਹਤ ਹੈ! ਫੇਰ ਹੁਣ ਤੱਕ ਦੀ ਢੋਲ- ਖੜਕਾਈ ਦਾ ਕੀ ਬਣਿਆਂ?!
ਖੈਰ! ਸਾਡਾ ਕੰਮ ਹੋ ਗਿਆ ਹੈ| ਸੜੀ ਹੋਈ ਰੱਸੀ ਦਾ ਦ੍ਰਿਸ਼, ਵੇਖ ਸਕਣ ਵਾਲਿਆਂ ਦੇ ਸਾਹਮਣੇ ਹੈ| ਪਰ ਵੱਟ ਤਾਂ ਫੇਰ ਵੀ ਆਖਰ ਵੱਟ ਹੀ ਹੈ! ਇਸਨੇ ਆਪਣਾ ਰੰਗ ਵਿਖਾਉਣਾ ਜਾਰੀ ਰੱਖਣਾ ਹੈ|
ਢੋਲਢਮੱਕਾ -ਬੌਧਿਕਤਾ ਦੇ ਬੇ ਸੁਰੇ ਡੱਗੇ ਵੱਜਦੇ ਹੀ ਰਹਿਣੇ ਹਨ|
ਪਰ ਆਪਣਾ ਕੀਮਤੀ ਸਮਾਂ ਨਿਰੇ-ਪੁਰੇ ਰੱਸੀ ਦੇ ਵੱਟ ਲੇਖੇ ਲਾਉਣ ਦੀ ਸਾਡੀ ਇੱਛਾ ਨਹੀਂ ਹੈ| ਲੋੜ ਮੁਤਾਬਕ ਪ੍ਰਸੰਗ ਵੇਖਕੇ ਕਿਸੇ ਜਰੂਰੀ ਗੱਲ ਦਾ ਨੋਟਿਸ ਲਿਆ ਜਾ ਸਕਦਾ ਹੈ|
28 ਨਵੰਬਰ 2025

.jpg)




