Wednesday, January 11, 2023

ਲਤੀਫ਼ਪੁਰਾ ਦੇ ਉਜਾੜੇ ਖ਼ਿਲਾਫ਼ ਲੋਕ ਪੱਖੀ ਜਥੇਬੰਦੀਆਂ ਵੱਲੋਂ ਰੋਸ ਵਿਖਾਵਾ

 ਲਤੀਫ਼ਪੁਰਾ ਦੇ ਉਜਾੜੇ ਖ਼ਿਲਾਫ਼ ਲੋਕ ਪੱਖੀ ਜਥੇਬੰਦੀਆਂ ਵੱਲੋਂ ਰੋਸ ਵਿਖਾਵਾ

ਲਤੀਫ਼ਪੁਰ (ਜਲੰਧਰ) ਵਿਖੇ ਬੁਲਡੋਜਰ ਚਲਾਕੇ ਲੋਕਾਂ ਨੂੰ ਉਜਾੜਨ ਵਿਰੁੱਧ ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਲੰਧਰ, ਹੁਸ਼ਿਆਰਪੁਰ, ਤਰਕਸ਼ੀਲ ਸੁਸਾਇਟੀ (ਪੰਜਾਬ ) ਦੋਆਬਾ ਰਿਜਨ, ਜਮਹੂਰੀ ਅਧਿਕਾਰ ਸਭਾ (ਪੰਜਾਬ) ਜਲੰਧਰ, ਪੰਜਾਬ ਲੋਕ ਸੱਭਿਆਚਾਰਕ ਮੰਚ( ਪਲਸ ਮੰਚ) ਸੰਯੁਕਤ ਕਿਸਾਨ ਮੋਰਚਾ ਚੱਬੇਵਾਲ-ਮਹਿਲਪੁਰ, ਵੇਰਕਾ ਮਿਲਕ ਪਲਾਂਟ ਕਾਮੇਂ ਜਲੰਧਰ ਆਦਿ ਜਥੇਬੰਦੀਆਂ ਦੇ ਕਾਰਕੁਨਾਂ , ਲਤੀਫ਼ ਪੁਰਾ ਦੇ ਉਜਾੜਾ ਪੀੜਤ ਪਰਿਵਾਰਾਂ, ਜਮਹੂਰੀ ਸਖਸੀਅਤਾਂ ਨੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠੇ ਹੋਕੇ ਰੈਲੀ ਕਰਨ ਉਪਰੰਤ ਡੀ.ਸੀ.  ਦਫਤਰ ਤੱਕ ਰੋਹ ਭਰਪੂਰ ਰੋਸ ਪ੍ਰਦਰਸ਼ਨ ਕੀਤਾ।

ਮੁਖ ਮੰਤਰੀ ਦੇ ਨਾਂਅ ਭੇਜੇ ਮੰਗ ਪੱਤਰ ਵਿੱਚ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ, ਪੀੜਤਾਂ ਲਈ ਉਨ੍ਹਾਂ ਦੀ ਮੰਗ ਅਨੁਸਾਰ ਉਸੇ ਜਗ੍ਹਾ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ। ਸਰਕਾਰ ਲੋਕਾਂ ਨੂੰ ਘਰ ਬਣਾ ਕੇ ਦੇਵੇ। ਲੋਕਾਂ ਦੇ ਘਰੇਲੂ ਸਮਾਨ ਦੀ ਸਾਰੀ ਭਰਪਾਈ ਕਰੇ। ਲੋਕਾਂ ਦੇ ਰਹਿਣ ਦਾ ਫੌਰੀ ਆਰਜੀ ਪ੍ਰਬੰਧ ਕੀਤਾ ਜਾਵੇ ਅਤੇ ਔਰਤਾਂ/ਲੋਕਾਂ ਨੂੰ ਅਪਸ਼ਬਦ ਬੋਲਣ ਵਾਲੇ ਪੁਲਿਸ ਅਧਿਕਾਰੀ ਜਸਕਰਨਜੀਤ ਸਿੰਘ ਤੇਜਾ ਨੂੰ ਨੌਕਰੀਓ ਬਰਖਾਸਤ ਕਰਕੇ ਸਖਤ ਕਾਰਵਾਈ ਕੀਤੀ ਜਾਵੇ । 

ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਇਕੱਠ ਵਿੱਚ ਆ ਕੇ ਮੰਗ ਪੱਤਰ ਪ੍ਰਾਪਤ ਕਰਦਿਆਂ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਡਿਪਟੀ ਕਮਿਸ਼ਨਰ ਰਾਹੀਂ ਤੁਰੰਤ ਇਹ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਦਾ ਕਰਨਗੇ।

ਜਥੇਬੰਦੀਆਂ ਨੇ ਜੀਰਾ ਫੈਕਟਰੀ ਅੱਗੇ ਬੈਠੇ ਲੋਕਾਂ ਨੂੰ ਜਬਰੀ ਉਠਾਉਣ, ਲਾਠੀਚਾਰਜ ਕਰਨ ਅਤੇ ਕੇਸ ਦਰਜ ਕਰਨ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ । ਇਸ ਮੌਕੇ ਬੋਲਦੇ ਹੋਏ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਿੱਤ ਸਕੱਤਰ ਹਰਮੇਸ਼ ਮਾਲੜੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਚਰਨ ਸਿੰਘ ਚਾਹਿਲ, ਤਰਕਸ਼ੀਲ ਆਗੂ ਸੁਖਵਿੰਦਰ ਬਾਗਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹੁਸ਼ਿਆਰਪੁਰ ਦੇ ਆਗੂ ਰਾਜਿੰਦਰ ਸਿੰਘ, ਸੰਯੁਕਤ ਕਿਸਾਨ ਮੋਰਚਾ ਚੱਬੇਵਾਲ ਮਾਹਿਲਪੁਰ ਦੇ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ, ਜਮਹੂਰੀ ਅਧਿਕਾਰ ਸਭਾ ਜਲੰਧਰ ਦੇ ਸਕੱਤਰ ਡਾ. ਮੰਗਤ ਰਾਏ, ਹਰਪਾਲ ਸਿੰਘ ਬਿੱਟਾ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਰਵੱਈਆ ਲੋਕਾਂ ਨੂੰ ਪੁਲਿਸ ਬਲ ਦੇ ਜੋਰ ਦਬਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਲਤੀਫ਼ਪੁਰਾ ਅਤੇ ਜੀਰਾ ਫੈਕਟਰੀ ਅੱਗੇ ਲੱਗੇ ਧਰਨੇ ਨੂੰ ਉਠਾਉਣ ਲਈ ਸਰਕਾਰ ਨੇ ਜੋ ਜਾਬਰ ਤਰੀਕਾ ਅਪਣਾਇਆ ਹੈ ਉਹ ਸਿੱਧ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਪੱਖੀ ਹੈ। ਉਹਨਾਂ ਕਿਹਾ ਕਿ ਲਤੀਫ਼ਪੁਰ ਦੇ ਲੋਕਾਂ ਦੇ ਉਜਾੜੇ ਦੀ ਲੜਾਈ ਹੁਣ ਲੋਕਾਂ ਦੀ ਲੜਾਈ ਬਣ ਗਈ ਸਰਕਾਰ ਨੂੰ ਇਹ “ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ’’।

   ਜ਼ਿਕਰਯੋਗ ਹੈ ਕਿ ਇਸ ਸਰਗਰਮੀ ਤੋਂ ਪਹਿਲਾਂ ਬਕਾਇਦਾ ਵਿਉਂਤਬੱਧ ਢੰਗ ਨਾਲ ਪੀੜਤ ਪਰਿਵਾਰਾਂ ਨਾਲ ਨੇੜਲਾ ਰਿਸ਼ਤਾ ਬਣਾ ਕੇ ਸਮੁੱਚੇ ਘਟਨਾਕ੍ਰਮ ਨੂੰ ਜਾਨਣ ਦਾ ਯਤਨ ਕੀਤਾ। ਦਸਤਾਵੇਜ ਇਕੱਠੇ ਕੀਤੇ। ਪੀੜਤ ਮਰਦ ਔਰਤਾਂ ਨਾਲ ਗੱਲਬਾਤ ਕਰਦਿਆਂ ਹਕੀਕਤ ਜਾਨਣ ਦਾ ਯਤਨ ਕੀਤਾ। ਇਹ ਸਾਫ਼ ਤੌਰ ’ਤੇ ਤੱਥ ਸਾਹਮਣੇ ਆਏ ਕਿ ਇਹ ਸਾਧਾਰਣ ਵਰਤਾਰਾ ਨਹੀਂ। ਪੰਜਾਬ ਦੀ ਵੰਡ ਸਮੇਂ ਦੇ ਝੰਬੇ, ਉਜਾੜਾ ਪੀੜਤ ਪਰਿਵਾਰਾਂ ਨੂੰ ਪੌਣੀ ਸਦੀ ਉਪਰੰਤ ਉਜਾੜਨਾ,  ਇੰਪਰੂਵਮੈਂਟ ਟ੍ਰਸਟ, ਪੁਲਸ ਸਿਵਲ ਪ੍ਰਸ਼ਾਸਨ ਅਤੇ ਉੱਚੀਆਂ ਹਵੇਲੀਆਂ ਵਾਲਿਆਂ ਦੀ ਮਿਲੀ ਭੁਗਤ ਦਾ ਕਾਰਾ ਹੈ।

ਮਾਨਵੀ, ਜਮਹੂਰੀ, ਕਾਨੂੰਨੀ ਅਤੇ ਇਖਲਾਕੀ ਹਰ ਪੱਖੋਂ ਇਹ ਲੋਕਾਂ ਉਪਰ ਨੰਗਾ ਚਿੱਟਾ ਧਾਵਾ ਹੈ।

ਇਹਨਾਂ ਜੱਥੇਬੰਦੀਆਂ ਨੇ ਇਹ ਵੀ ਦਿ੍ਰੜ ਨਿਸਚਾ ਕੀਤਾ ਕਿ ਪਲਾਂ ਛਿਣਾਂ ਵਿੱਚ ਉਜਾੜੇ, ਸਦਮੇ, ਭੁੱਖਮਰੀ ਅਤੇ ਕੰਗਾਲੀ ਮੂੰਹ ਧੱਕ ਦਿੱਤੇ ਗਏ ਲੋਕਾਂ ਦੀ ਕਾਨੂੰਨੀ, ਪਦਾਰਥਕ ਅਤੇ ਇਖਲਾਕੀ ਮੱਦਦ ਕਰਨਾ ਬੇਹਦ ਜਰੂਰੀ ਹੈ। ਇਹ ਵੀ ਵਿਚਾਰਿਆ ਗਿਆ ਕਿ ਇਹ ਲਾਮਬੰਦੀ ਹਰ ਵੰਨਗੀ ਦੇ ਫ਼ਿਰਕੂ ਫਾਸ਼ੀ ਧੜਿਆਂ ਨਾਲੋਂ ਸਪੱਸਟ ਨਿਖੇੜਾ ਕਰਕੇ ਕੀਤੀ ਜਾਵੇਗੀ।

 ਇਸ ਸਾਂਝੀ ਸਰਗਰਮੀ ਦਾ ਵਿਸ਼ੇਸ਼ ਲੱਛਣ ਹੈ ਕਿ ਇਹ ਹਾਕਮ ਜਮਾਤੀ, ਫ਼ਿਰਕੂ ਫਾਸ਼ੀ ਧੜਿਆਂ ਨੂੰ ਨੇੜੇ ਨਾ ਲਾਉਂਦਿਆਂ ਜਾਂ ਉਹਨਾਂ ਨਾਲ ਬਗਲਗੀਰ ਹੋਣ ਦੀ ਬਜਾਏ ਆਜ਼ਾਦਾਨਾ ਲੋਕ ਪੱਖੀ ਜਮਹੂਰੀ ਅਤੇ ਧਰਮ ਨਿਰਪੱਖ ਪੈਂਤੜੇ ਤੇ ਖੜ੍ਹਕੇ ਕੀਤੀ ਗਈ।

ਉਹਨਾਂ ਤੱਤਾਂ ਨੂੰ ਨੇੜੇ ਨਹੀਂ ਫਟਕਣ ਦਿੱਤਾ ਜਿਹੜੇ ਇਸ ਘਟਨਾ ਨੂੰ ਵੀ ਫਿਰਕੂ ਰੰਗਤ ਦੇਣ ਲਈ ਅੱਡੀ ਚੋਟੀ ਦਾ ਜੋਰ ਲਾਉਂਦੇ ਰਹੇ। ਲਤੀਫ਼ਪੁਰਾ ਦੇ ਪੀੜਤਾਂ ਦੇ ਸਾਹਮਣੇ, ਉਹਨਾਂ ਦੇ ਮਲਬਾ ਬਣੇ ਘਰਾਂ ਉਪਰ ਖੜ੍ਹਕੇ ਮਹਿਬੂਬ ਸਹੀਦ ਭਗਤ ਸਿੰਘ ਨੂੰ ਅੱਤਵਾਦੀ, ਕਾਤਲ ਗਰਦਾਨਦੇ ਰਹੇ। ਜਿਹੜੇ ਪੀੜਤਾਂ ਦੇ ਮੁੱਦੇ ਦੇ ਬਹਾਨੇ ਆਪਣਾ ਫ਼ਿਰਕੂ ਏਜੰਡਾ ਲਾਗੂ ਕਰਨ ਲਈ ਹਰ ਮੌਕੇ ਤਰਲੋ ਮੱਛੀ ਹੁੰਦੇ ਰਹਿੰਦੇ ਹਨ।

ਇਸ ਤਾਲ ਮੇਲਵੀਂ ਸਰਗਰਮੀ ਨਾਲ ਜੁੜੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੇ ਜਮਹੂਰੀ ਅਤੇ ਅਸੂਲੀ ਹਾਲਤ ਬਿਆਨੀ ਕਰਨ ਵਾਲੀਆਂ ਸੰਸਥਾਵਾਂ ਜਿਵੇਂ ਜਮਹੂਰੀ ਅਧਿਕਾਰ ਸਭਾ ਪੰਜਾਬ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ।

ਮਸਲੇ ਦੀ ਹੋਰ ਗਹਿਰੀ ਅਤੇ ਵਿਸਥਾਰਤ ਜਾਣਕਾਰੀ ਇਕੱਤਰ ਕਰਨ ਦਾ ਕੰਮ ਅਤੇ ਪੀੜਤਾਂ ਦੇ ਮੁੜ ਵਸੇਬੇ ਸਬੰਧੀ ਸਰਗਰਮੀ ਜਾਰੀ ਰੱਖਣ ਲਈ ਜੋਰਦਾਰ ਯਤਨ ਜੁਟਾਏ ਜਾ ਰਹੇ ਹਨ।

                ਇਸ ਸਰਗਰਮੀ ਦੇ ਨਾਲ ਨਾਲ ਹੀ ਲਤੀਫ਼ਪੁਰਾ ਮੁੜ-ਵਸੇਬਾ ਕਮੇਟੀ ਵੱਲੋਂ ਵੀ ਸੰਘਰਸ਼ ਸਰਗਰਮੀ ਕੀਤੀ ਜਾ ਰਹੀ ਹੈ ਜਿਸ ਵਿੱਚ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨਾਲ ਰਾਜਨੀਤਕ ਪਾਰਟੀ ਸ਼੍ਰੋਮਣੀ ਅਕੀਲੀ ਦਲ (ਅਮਿ੍ਰੰਤਸਰ) ਵੀ ਸ਼ਾਮਿਲ ਹੈ। ਇਸ ਕਮੇਟੀ ਵੱਲੋਂ ਪਹਿਲਾਂ 20 ਦਸੰਬਰ ਨੂੰ ਸ਼ਹਿਰ ’ਚ ਮੁਜ਼ਹਾਰਾ ਕੀਤਾ ਗਿਆ ਤੇ ਮਗਰੋਂ ਪੀ.ਏ.ਪੀ. ਚੌਂਕ ਜਾਮ ਕੀਤਾ ਗਿਆ। 

---੦--

-   

No comments:

Post a Comment