ਕਮਿਊਨਿਸਟ ਇਨਕਲਾਬੀਆਂ ਅਤੇ ਫਿਰਕੂ ਜਨੂੰਨੀਆਂ ਦੀ ਦੁਸ਼ਮਣੀ ਕਿਉ?
ਕਮਿਊਨਿਸਟ ਇਨਕਲਾਬੀਆਂ ਨੇ ਹਰ ਵੰਨਗੀ ਦੀ ਫ਼ਿਰਕਾਪ੍ਰਸਤੀ ਦਾ ਹਮੇਸ਼ਾ ਡਟਵਾਂ ਵਿਰੋਧ ਕੀਤਾ ਹੈ । ਅੱਜ ਭਾਜਪਾ ਦੇ ਫ਼ਿਰਕੂ ਫਾਸ਼ੀ ਹਮਲੇ ਖ਼ਿਲਾਫ਼ ਜੂਝਦੇ ਲੋਕਾਂ ਦੀਆਂ ਮੂਹਰਲੀਆਂ ਸਫ਼ਾਂ ’ਚ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਹਨ। ਹਿੰਦੂਤਵੀ ਫ਼ਿਰਕਾਪ੍ਰਸਤਾਂ ਨੂੰ ਲੋਕਾਂ ’ਚ ਨਸ਼ਰ ਕਰਨ ’ਚ ਕਮਿਊਨਿਸਟ ਇਨਕਲਾਬੀ ਮੋਹਰੀ ਭੂਮਿਕਾ ਨਿਭਾ ਰਹੇ ਹਨ। ਪੰਜਾਬ ਅੰਦਰ ਵੀ ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ’ਚ ਕਮਿਊਨਿਸਟ ਇਨਕਲਾਬੀਆਂ ਨੇ ਹਰ ਤਰ੍ਹਾਂ ਦੀ ਫ਼ਿਰਕਾਪ੍ਰਸਤਾ ਦਾ ਵਿਰੋਧ ਕੀਤਾ ਸੀ ਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ। ਦਰਜ਼ਨਾਂ ਕਮਿਊਨਿਸਟ ਇਨਕਲਾਬੀ ਕਾਰਕੁੰਨ ਤੇ ਆਗੂ ਫ਼ਿਰਕੂ ਸਿੱਖ ਜਨੂੰਨੀਆਂ ਵੱਲੋਂ ਸ਼ਹੀਦ ਕੀਤੇ ਗਏ ਸ਼ਨ। ਏਥੇ ਪੇਸ਼ ਕੀਤੀ ਜਾ ਰਹੀ ਲਿਖਤ ਚਾਰ ਦਹਾਕੇ ਪੁਰਾਣੀ ਹੈ ਜਿਹੜੀ ਪੰਜਾਬ ਅੰਦਰਲੀ ਫ਼ਿਰਕੂ ਫਾਸਿਸ਼ਟ ਖਾਲਿਸਤਾਨੀ ਧਿਰ ਦੇ ਹਵਾਲੇ ਨਾਲ ਫ਼ਿਰਕਾਪ੍ਰਸਤਾਂ ਤੇ ਕਮਿਊਨਿਸਟ ਇਨਕਲਾਬੀਆਂ ਦੇ ਟਕਰਾਅ ਦੇ ਮੂਲ ਤੱਤ ਅਤੇ ਕਾਰਨਾਂ ’ਤੇ ਰੌਸ਼ਨੀ ਪਾਉਦੀ ਹੈ। ਇਹ ਇਨਕਲਾਬੀ ਮੈਗਜ਼ੀਨ ਜਫ਼ਰਨਾਮਾ ਦੇ ਮਈ 1984 ਦੇ ਅੰਕ ’ਚੋਂ ਲਈ ਗਈ ਹੈ। - ਸੰਪਾਦਕ
ਕਾ: ਸੁਖਰਾਜ ਖਦਰ ਦੇ ਕਤਲ ਰਾਹੀਂ ਖਾਲਿਸਤਾਨੀ ਫਾਸ਼ੀ ਗਰੋਹ ਆਪਣੇ ਲੋਕ ਦੁਸ਼ਮਣ ਨੀਚ ਕਾਰਿਆਂ ’ਚ ਹੋਰ ਅੱਗੇ ਵੱਧ ਆਏ ਹਨ। ਮਿਹਨਤਕਸ਼ ਲੋਕਾਂ ਦੇ ਹਿੱਤਾਂ ਲਈ ਸਭ ਤੋਂ ਅੱਗੇ ਹੋ ਕੇ ਜੂਝਣ ਵਾਲੇ ਕਮਿਊਨਿਸਟ . ਇਨਕਲਾਬੀਆਂ ’ਤੇ ਵਧਵਾਂ ਵਾਰ ਕਰਕੇ ਉਨ੍ਹਾਂ ਨੇ ਮਿਹਨਤਕਸ਼ ਲੋਕਾਂ ਪ੍ਰਤੀ ਆਪਣੀ ਦੁਸ਼ਮਣੀ ਹੋਰ ਨੰਗੀ ਕਰ ਦਿੱਤੀ ਹੈ। ਪਹਿਲਾਂ ਹੀ ਉਹਨਾਂ ਵਲੋਂ ਕਮਿਊਨਿਸਟ ਇਨਕਲਾਬੀ ਪਰਚਿਆਂ ਦੇ ਸੰਪਾਦਕਾਂ ਅਤੇ ਕਮਿਊਨਿਸਟ ਕਰਿੰਦਿਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਗੱਲ ਛੁਪੀ ਨਹੀਂ ਕਿ ਖਾਲਿਸਤਾਨੀ ਫਾਸ਼ੀ ਗਰੋਹ ਕਮਿਊਨਿਸਟ ਸ਼ਬਦ ਨਾਲ ਜੁੜੀ ਹਰ ਸ਼ੈਅ ਦਾ ਤੁਖਮ ਮਿਟਾਉਣ ਦਾ ਇਰਾਦਾ ਰੱਖਦੇ ਹਨ। ਆਪਣੇ ਆਪ ਨੂੰ ਕਮਿਊਨਿਸਟ ਕਹਾਉਂਦੀ ਹਰ ਜਥੇਬੰਦੀ ਤੇ ਉਸਦੇ ਕਾਰਕੁੰਨ ਇਨ੍ਹਾਂ ਫਾਸ਼ੀ ਗਰੋਹਾਂ ਦੀ “ਹਿੱਟ ਲਿਸਟ” ’ਤੇ ਹਨ। ਅੱਜ ਉਨ੍ਹਾਂ ਵਲੋਂ ਧਾਰਮਿਕ ਘੱਟ ਗਿਣਤੀਆਂ ਖਿਲਾਫ ਵਿੱਢੇ ਜਹਾਦ ਨੇ ਦੇਰ ਸਵੇਰ ਲਾਜ਼ਮੀ ਸਭਨਾਂ ਅਗਾਂਹਵਧੂ ਸ਼ਕਤੀਆਂ ਖਿਲਾਫ ਅੰਨ੍ਹੇ ਜਹਾਦ ਦੀ ਸ਼ਕਲ ਧਾਰਨੀ ਹੈ ਅਤੇ ਇਸ ਜਿਹਾਦ ਦਾ ਸਭ ਤੋਂ ਚੁਣਵਾਂ ਨਿਸ਼ਾਨਾ ਕਮਿਊਨਿਸਟ ਇਨਕਲਾਬੀਆਂ ਨੇ ਬਣਨਾ ਹੈ।
ਸਾਧਾਰਨ ਲੋਕਾਂ ’ਚ ਕਮਿਊਨਿਸਟ ਇਨਕਲਾਬੀਆਂ ਖਿਲਾਫ ਅੰਨ੍ਹੀ ਨਫ਼ਰਤ ਭੜਕਾਉਣ ਲਈ ਇਹ ਫਾਸ਼ੀ ਗਰੋਹ ਇਸ ਗੁਮਰਾਹਕਰੂ ਪ੍ਰਚਾਰ ਦੀ ਵਰਤੋਂ ਕਰਦੇ ਹਨ ਕਿ ਕਮਿਊਨਿਸਟ ਇਨਕਲਾਬੀ ਕਿਉਂਕਿ ਨਾਸਤਕ ਹਨ - ਇਸ ਕਰਕੇ ਉਨ੍ਹਾਂ ਕੋਲੋਂ ਸਿੱਖ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਖ਼ਤਰਾ ਹੈ। ਸਾਧਾਰਣ ਸਿੱਖ ਜਨਤਾ ਦੇ ਜਜ਼ਬਿਆਂ ਨੂੰ ਉਹ ਇਹ ਕਹਿਕੇ ਕਮਿਊਨਿਸਟ ਖ਼ਿਲਾਫ਼ ਭੜਕਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਇਨ੍ਹਾਂ ਦਾ ਮਕਸਦ ਤਾਂ ਧਰਮ ਦਾ ਨਾਮੋ ਨਿਸ਼ਾਨ ਮਿਟਾਉਣਾ ਹੈ। ਇਹ ਗੁਰਦੁਆਰਿਆਂ ’ਚ ਲਾਲ ਝੰਡੇ ਗੱਡ ਦੇਣਗੇੇੇੇ - ਉਥੇ ਆਪਣਾ ਦਫਤਰ ਬਣਾਉਣਗੇੇੇੇੇੇ। ਜੇ ਇਨ੍ਹਾਂ ਦਾ ਰਾਜ ਆ ਗਿਆ ਤਾਂ ਇਹ ਧਰਮ ਦੇ ਪ੍ਰਚਾਰ ’ਤੇ ਪਾਬੰਦੀ ਲਾ ਦੇਣਗੇ। ਲੋਕਾਂ ਨੂੰ ਪੂਜਾ ਪਾਠ ਨਹੀਂ ਕਰਨ ਦੇਣਗੇੇੇੇੇੇ, ਆਦਿਕ।
ਇਸ ਪ੍ਰਚਾਰ ਰਾਹੀਂ ਉਹ ਇਹ ਭੁਲੇਖਾ ਖੜਾ ਕਰਦੇ ਹਨ ਜਿਵੇਂ ਰੌਲਾ ਇਹ ਹੈ ਕਿ ਕਮਿਊਨਿਸਟ ਧੱਕੇ ਨਾਲ ਲੋਕਾਂ ਨੂੰ ਧਰਮ ਮੰਨਣੋਂ ਰੋਕਣਾ ਚਾਹੰੁਦੇ ਹਨ ਅਤੇ “ਧਰਮ ਦੀ ਰਾਖੀ” ਖਾਤਰ ਕਮਿਊਨਿਸਟਾਂ ਦਾ ਖਾਤਮਾ ਕਰਨਾ ਜ਼ਰੂਰੀ ਹੈ। ਅਸਲ ਵਿਚ ਇਹ ਉਨ੍ਹਾਂ ਵਲੋਂ ਆਪਣੀਆਂ ਕਾਲੀਆਂ ਕਰਤੂਤਾਂ ਨੂੰ ਢੱਕਣ ਖਾਤਰ ਕੀਤਾ ਜਾ ਰਿਹਾ ਦੰਭੀ ਪ੍ਰਚਾਰ ਹੈ।
ਆਪਣੇ ਨਾਸਤਕ ਵਿਚਾਰਾਂ ਦੇ ਬਾਵਜੂਦ ਕਮਿਊਨਿਸਟ ਇਨਕਲਾਬੀਆਂ ਨੇ ਕਦੇ ਵੀ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ ਜਿਹੜੀ ਕਿਸੇ ਵੀ ਧਰਮ ਦੇ ਲੋਕਾਂ ਨੂੰ ਆਪਣਾ ਧਰਮ ਮੰਨਣੋਂ ਵਰਜਦੀ ਹੋਵੇ ਜਾਂ ਕਿਸੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਲਾਉਂਦੀ ਹੋਵੇ। ਕਮਿਊਨਿਟ ਇਨਕਲਾਬੀਆਂ ਨੇ ਕਦੇ ਕਿਸੇ ਗੁਰਦੁਆਰੇ ਅੱਗੇ ਸਿਗਰਟਾਂ ਦੀਆਂ ਡੱਬੀਆਂ ਨਹੀਂ ਸੁੱਟੀਆਂ, ਕਿਸੇ ਮੰਦਰ ’ਚ ਗਊ ਦੀਆਂ ਪੁਛਾਂ ਵੱਢਕੇ ਨਹੀਂ ਸੁੱਟੀਆਂ, ਕਿਸੇ ਮਸੀਤ ’ਚ ਸੂਰ ਦਾ ਮਾਸ ਨਹੀਂ ਸੁੱਟਿਆ। ਕਮਿਊਨਿਸਟ ਇਨਕਲਾਬੀਆਂ ਨੇ ਕਦੇ ਕਿਸੇ ਧਰਮ ਜਾਂ ਫ਼ਿਰਕੇ ਦੇ ਲੋਕਾਂ ’ਤੇ ਇਸ ਕਰਕੇ ਹਮਲੇ ਨਹੀਂ ਕੀਤੇ ਕਿ ਉਹ ਕਿਸੇ ਧਰਮ ਨੂੰ ਮੰਨਦੇ ਹਨ। ਉਨ੍ਹਾਂ ਨੇ ਕਦੇ ਕਿਸੇ ਦੇ ਗੁਰਦੁਆਰੇ ਜਾਂ ਮੰਦਰ ਜਾਣ ਜਾਂ ਪੂਜਾ ਪਾਠ ਕਰਨ ’ਚ ਕੋਈ ਵਿਘਨ ਨਹੀਂ ਪਾਇਆ। ਉਨ੍ਹਾਂ ਨੇ ਕਦੇ ਕਿਸੇ ਫ਼ਿਰਕੇ ਦੇ ਧਾਰਮਿਕ ਅਸਥਾਨ ਜਬਰੀ ਬੰਦ ਨਹੀਂ ਕੀਤੇ।
ਇਹਦੇ ਉਲਟ ਇਹ ਸਾਰਾ ਕੁੱਝ ਤਾਂ ਖਾਲਸਤਾਨੀ ਗਰੋਹ, ਸੰਤ ਭਿੰਡਰਾਂਵਾਲਾ ਤੇ ਹੋਰਨਾਂ ਧਰਮਾਂ ਦੇ ਜਨੂੰਨੀ ਗਰੋਹ ਕਰਦੇ ਹਨ। ਇਹ ਸੰਤ ਭਿੰਡਰਾਂਵਾਲਾ ਹੀ ਹੈ ਜਿਹੜਾ ਸ਼ਰੇਆਮ ਹਿੰਦੂਆਂ ਦੇ ਕਤਲ ਕਰਨ ਦੇ ਸੱਦੇ ਦਿੰਦਾ ਹੈ। ਇਹ ਖਾਲਿਸਤਾਨੀ ਗਰੋਹ ਹੀ ਹਨ ਜਿਹੜੇ ਬੇਗੁਨਾਹ ਹਿੰਦੂਆਂ ਨੂੰ ਬੱਸਾਂ ’ਚੋਂ ਲਾਹ ਕੇ ਕਤਲ ਕਰਦੇ ਹਨ ਜਿਹੜੇ ਉਹਨਾਂ ਦੇ ਧਾਰਮਿਕ ਇਕੱਠਾਂ ਤੇ ਮੰਦਰਾਂ ’ਚ ਬੰਬ ਸੁੱਟਦੇ ਹਨ। ਇਹੀ ਗਰੋਹ ਹਨ ਜਿਹੜੇ “ਧੋਤੀ ਟੋਪੀ ਜਮਨਾ ਪਾਰ” ਦੇ ਨਾਹਰੇ ਲਾਉਂਦੇ ਹਨ। ਇਹੀ ਗਰੋਹ ਹਨ ਜਿਹੜੇ ਪੰਜਾਬ ’ਚ ਨਿਰੰਕਾਰੀਆਂ ਦੇ ਭਵਨਾਂ ਨੂੰ ਸੀਲ ਕਰਦੇ ਹਨ ਜਾਂ ਫਿਰ ਇਹ ਹਿੰਦੂ-ਜਨੂੰਨੀ ਅਨਸਰ ਹਨ ਜਿਨ੍ਹਾਂ ਨੇ ਹਰਿਆਣੇ ’ਚ ਗੁਰਦੁਆਰੇ ਸਾੜੇ ਹਨ ਅਤੇ ਬੇਗੁਨਾਹ ਸਿੱਖਾਂ ਦੇ ਕਤਲ ਕੀਤੇ ਹਨ। ਕਮਿਊਨਿਸਟ ਇਨਕਲਾਬੀ ਤਾਂ ਹਮੇਸ਼ਾ ਕਿਸੇ ਵੱਲੋਂ ਵੀ ਕਿਸੇ ਥਾਂ ਵੀ ਹੋਈਆਂ ਅਜਿਹੀਆਂ ਕਾਰਵਾਈਆਂ ਦਾ ਡੱਟਵਾਂ ਵਿਰੋਧ ਕਰਦੇ ਹਨ।
ਆਪਣੇ ਨਾਸਤਿਕ ਵਿਚਾਰਾਂ ਦੇ ਬਾਵਜੂਦ ਕਮਿਊਨਿਸਟ ਇਨਕਲਾਬੀ ਹਮੇਸ਼ਾ ਇਸ ਗੱਲ ਦੇ ਮੁਦਈ ਹਨ ਕਿ ਜਿਹੜੇ ਮਰਜੀ ਧਰਮ ਨੂੰ ਮੰਨਣਾ ਜਾਂ ਕਿਸੇ ਧਰਮ ਨੂੰ ਨਾ ਮੰਨਣਾ ਹਰ ਕਿਸੇ ਦਾ ਹੱਕ ਹੈ। ਉਹ ਕਿਸੇ ਧਰਮ ਨੂੰ ਮੰਨਣ ਕਰਕੇ ਲੋਕਾਂ ਨਾਲ ਹੋਣ ਵਾਲੇ ਹਰ ਧੱਕੇ ਅਤੇ ਵਿਤਕਰੇ ਦਾ ਡਟਵਾਂ ਵਿਰੋਧ ਕਰਦੇ ਹਨ। ਜਿਥੇ ਵੀ ਕਿਸੇ ਦੀ ਧਾਰਮਿਕ ਆਜ਼ਾਦੀ ਨੂੰ ਕੁਚਲਿਆ ਜਾਂਦਾ ਹੈ, ਕਮਿਊਨਿਸਟ ਇਸ ਖ਼ਿਲਾਫ਼ ਆਵਾਜ਼ ਉਠਾਉਂਦੇਹਨ। ਉਹਨਾਂ ਲਈ ਇਸ ਗੱਲ ਦਾ ਵਖਰੇਵਾਂ ਨਹੀਂ ਹੈ ਕਿ ਕੌਣ ਕੀਹਦੇ ਧਰਮ ਨੂੰ ਦਬਾਅ ਰਿਹਾ ਹੈ। ਪੰਜਾਬ ਅੰਦਰ ਕਿਉਂਕਿ ਖਾਲਿਸਤਾਨੀ ਗਰੋਹ ਨਿਰੰਕਾਰੀਆਂ ਅਤੇ ਹਿੰਦੂਆਂ ਨੂੰ ਜਬਰੀ ਆਪਣਾ ਧਰਮ ਮੰਨਣ ਤੋਂ ਰੋਕਣਾ ਚਾਹੰੁਦੇ ਹਨ, ਧਰਮ ਦੇ ਆਧਾਰ ’ਤੇ ਉਹਨਾਂ ਨਾਲ ਧੱਕੇਸ਼ਾਹੀ ਅਤੇ ਵਿਤਕਰਾ ਕਰਦੇ ਹਨ, ਉਹ ਖਾਲਸਤਾਨ ਦੇ ਫੱਟੇ ਹੇਠ ਐਸਾ ਰਾਜ ਕਾਇਮ ਕਰਨ ਦਾ ਨਾਅਰਾ ਲਾਉਂਦੇ ਹਨ ਜਿਥੇ ਹੋਰਨਾਂ ਧਰਮਾਂ ਦੇ ਲੋਕਾਂ ਨਾਲ ਵਿਤਕਰਾ ਅਤੇ ਧੱਕਾ ਹੋਣਾ ਹੈ। ਇਸ ਕਰਕੇ ਕਮਿਊਨਿਸਟ ਇਨਕਲਾਬੀ ਉਹਨਾਂ ਦਾ ਵਿਰੋਧ ਕਰਦੇ ਹਨ। ਜੇ ਹਰਿਆਣੇ ’ਚ ਜਾਂ ਕਿਤੇ ਹੋਰ ਸਿੱਖ ਜਨਤਾ ਦੀ ਧਾਰਮਿਕ ਆਜ਼ਾਦੀ ਨੂੰ ਕੁਚਲਿਆ ਜਾਂਦਾ ਹੈ ਤਾਂ ਕਮਿਊਨਿਸਟ ਇਨਕਲਾਬੀ ਇਸਦਾ ਵੀ ਵਿਰੋਧ ਕਰਦੇ ਹਨ। ਬਿਨਾਂ ਕਿਸੇ ਭੇਦ ਭਾਵ ਦੇ ਕਮਿਊਨਿਸਟ ਇਨਕਲਾਬੀ ਇਹ ਸਪਸ਼ਟ ਐਲਾਨ ਕਰਦੇ ਹਨ ਕਿ ਕਿਸੇ ਨੂੰ ਵੀ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਜੈਨ, ਬੁੱਧ ਜਾਂ ਹੋਰ ਕਿਸੇ ਵੀ ਧਰਮ ਨੂੰ ਅਪਣਾਉਣ ਦਾ ਅਤੇ ਉਸ ਮੁਤਾਬਿਕ ਧਾਰਮਿਕ ਸਰਗਰਮੀਆਂ ਕਰਨ ਦਾ ਹੱਕ ਹੈ ਜੇ ਉਹ ਕਿਸੇ ਹੋਰ ਦੀ ਆਜ਼ਾਦੀ ਨਾ ਖੋਂਹਦੀਆਂ ਹੋਣ।
ਕਮਿਊਨਿਸਟ ਇਨਕਲਾਬੀ ਸਭਨਾਂ ਮਿਹਨਤਕਸ਼ ਦੱਬੇ ਕੁਚਲੇ ਲੋਕਾਂ ਦੇ ਹੱਕੀ ਸੰਗਰਾਮਾਂ ਦੀ ਮੱਦਦ ਕਰਦੇ ਹਨ ਅਤੇ ਇਹਨਾਂ ’ਚ ਮੂਹਰੇ ਹੋ ਕੇ ਲੜਦੇ ਹਨ। ਅਜਿਹਾ ਕਰਨ ਸਮੇਂ ਉਹ ਲੋਕਾਂ ’ਤੇ ਆਪਣਾ ਧਰਮ ਤਿਆਗ ਦੇਣ ਦੀ ਸ਼ਰਤ ਨਹੀਂ ਮੜ੍ਹਦੇ। ਧੋਤੀਆਂ ਪਾਉਣ ਵਾਲੇ ਅਤੇ ਹਿੰਦੂ ਧਰਮ ਨੂੰ ਮੰਨਣ ਵਾਲੇ ਨਕਸਲਬਾੜੀ ਦੇ ਕਿਸਾਨ ਹੋਣ ਜਾਂ ਚਾਦਰਾ ਪਾਉਣ ਵਾਲੇ ਤੇ ਸਿੱਖ ਧਰਮ ਨੂੰ ਮੰਨਣ ਵਾਲੇ ਪੈਪਸੂ ਦੇ ਕਿਸਾਨ, ਕਮਿਊਨਿਸਟ ਇਨਕਲਾਬੀ ਸਭਨਾਂ ਦੇ ਹੱਕੀ ਸੰਘਰਸ਼ ’ਚ ਮੂਹਰੇ ਹੋ ਕੇ ਲੜਦੇ ਆਏ ਹਨ। ਵੀਅਤਨਾਮ ਦੀ ਕੌਮੀ ਮੁਕਤੀ ਦੀ ਲੜਾਈ ’ਚ ਉਹ ਬੁੱਧ ਧਰਮ ਨੂੰ ਮੰਨਣ ਵਾਲਿਆਂ ਨਾਲ ਰਲਕੇ ਜੂਝੇ ਹਨ। ਫਲਸਤੀਨ ਤੇ ਈਰਾਨ ’ਚ ਉਹ ਇਸਲਾਮ ਧਰਮ ’ਚ ਵਿਸ਼ਵਾਸ ਰੱਖਣ ਵਾਲੀਆਂ ਖਰੀਆਂ ਸਾਮਰਾਜ ਵਿਰੋਧੀ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਜੂਝੇ ਹਨ। ਉਹ ਨਾਗਾਲੈਂਡ, ਮੀਜ਼ੋਰਮ ਵਰਗੇ ਇਲਾਕਿਆਂ ’ਚ ਆਪਾ ਨਿਰਣੇ ਦੇ ਹੱਕ ਲਈ ਲੜਦੇ ਲੋਕਾਂ ਦੇ ਨਿਧੜਕ ਹਮਾਇਤੀ ਹਨ - ਇਹਦੇ ਬਾਵਜੂਦ ਕਿ ਉਹਨਾਂ ਦੀ ਕਾਫ਼ੀ ਗਿਣਤੀ ਈਸਾਈ ਧਰਮ ਨੂੰ ਮੰਨਦੀ ਹੈ।
ਕਮਿਊਨਿਸਟ ਇਨਕਲਾਬੀਆਂ ਦਾ ਨਾਸਤਕ ਹੋਣਾ ਕਦੇ ਵੀ ਲੋਕਾਂ ਦੇ ਹੱਕੀ ਸੰਗਰਾਮਾਂ ਨਾਲ ਟਕਰਾ ’ਚ ਨਹੀਂ ਆਇਆ।
ਸੋ ਕਮਿਊਨਿਸਟ ਇਨਕਲਾਬੀਆਂ ਦਾ ਖਾਲਿਸਤਾਨੀ ਗਰੋਹਾਂ ਨਾਲ ਭੇੜ ਇਸ ਕਰਕੇ ਨਹੀਂ ਕਿ ਉਹ ਸਿੱਖ ਧਰਮ ਨੂੰ ਮੰਨਦੇ ਹਨ ਅਤੇ ਕਮਿਊਨਿਸਟ ਨਾਸਤਕ ਹਨ। ਇਹ ਲੋੜ ਤਾਂ ਇਸ ਕਰਕੇ ਹੈ ਕਿ ਖਾਲਸਤਾਨੀਏ ਲੋਕਾਂ ਦੇ ਹਿੱਤਾਂ ਦਾ ਵਿਰੋਧ ਕਰਨ ਵਾਲੀ ਫਾਸ਼ਿਸ਼ਟ ਤਾਕਤ ਹਨ। ਜਦੋਂ ਕਿ ਕਮਿਊਨਿਸਟ ਇਨਕਲਾਬੀ ਸਭਨਾਂ ਮਿਹਨਤਕਸ਼ ਤੇ ਦੱਬੇ ਕੁਚਲੇ ਲੋਕਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੇ ਹਨ।
ਖਾਲਿਸਤਾਨੀ ਗਰੋਹ ਸਿੱਖ ਧਰਮ ਦੇ ਨਾਂਅ ਹੇਠ ਹਰ ਕਿਸਮ ਦੇ ਜਰਾਇਮ-ਪੇਸ਼ਾ ਲੱਠਮਾਰ ਅਨਸਰਾਂ ਨੂੰ ਕੱਠੇ ਕਰ ਰਹੇ ਹਨ। ਆਪਣੇ ਦਹਿਸ਼ਤੀ ਕਾਰਿਆਂ ਰਾਹੀਂ ਉਹ ਲੋਕਾਂ ’ਚ ਸਹਿਮ, ਹੀਣਤਾ ਤੇ ਬੇਵਸੀ ਦਾ ਅਹਿਸਾਸ ਪੈਦਾ ਕਰ ਰਹੇ ਹਨ। ਆਪਣੇ ਕੱਠ ਦੀ ਤਾਕਤ ’ਚੋਂ ਲੋਕਾਂ ਦੇ ਵਿਸ਼ਵਾਸ ਨੂੰ ਖੋਹ ਰਹੇ ਹਨ। ਲੋਕਾਂ ’ਚ ਨਿਤਾਣੇਪਣ ਦਾ ਅਹਿਸਾਸ ਪੈਦਾ ਕਰਕੇ ਉਹ ਲੁਟੇਰੀਆਂ ਜਮਾਤਾਂ ਅਤੇ ਉਹਨਾਂ ਦੇ ਰਾਜ ਦੀ ਸੇਵਾ ਕਰ ਰਹੇ ਹਨ - ਕਿਉਂਕਿ ਬੇਦਿਲੀ ਅਤੇ ਸਹਿਮ ’ਚ ਗਰੱਸੇ ਲੋਕ ਆਪਣੇ ਹੱਕਾਂ ਖਾਤਰ ਲੁਟੇਰੀਆਂ ਜਮਾਤਾਂ ਤੇ ਉਹਨਾਂ ਦੇ ਰਾਜ ਨਾਲ ਮੱਥਾ ਨਹੀਂ ਲਾ ਸਕਦੇ। ਹੁਣ ਤਕ ਦਾ ਖਾਲਿਸਤਾਨੀਆਂ ਦਾ ਅਮਲ ਦੱਸਦਾ ਹੈ ਕਿ ਉਹ ਆਪਣੀ ਰਜ਼ਾ ਬਗੈਰ ਕਿਤੇ ਪੱਤਾ ਨਹੀਂ ਝੁੱਲਣ ਦੇਣਾ ਚਾਹੁੰਦੇ। ਉਹਨਾਂ ਦਾ ਐਲਾਨ ਹੈ ਕਿ ਸਭਨਾਂ ਲੋਕਾਂ ਨੂੰ ਉਹਨਾਂ ਦੀ ਰਜ਼ਾ ਮੁਤਾਬਿਕ ਜਿਉਣਾ ਪਵੇਗਾ। ਉਹਨਾਂ ਨੇ ਪੰਜਾਬ ਦੇ ਦੋ ਲੱਖ ਵਿਦਿਆਰਥੀਆਂ ਕੋਲੋਂ ਧੱਕੇ ਨਾਲ ਉਨ੍ਹਾਂ ਦਾ ਇਮਤਿਹਾਨ ’ਚ ਬੈਠਣ ਦਾ ਹੱਕ ਖੋਹ ਲਿਆ ਹੈ। ਕਾਲਜਾਂ ’ਚ ਡਿਊਟੀਆਂ ਦੇਣ ਵਾਲੇ ਅਧਿਆਪਕ ਤੇ ਕਰਮਚਾਰੀਆਂ ਦੀਆਂ ਜਾਨਾਂ ਅੱਜ ਇਹਨਾਂ ਗਰੋਹਾਂ ਦੇ ਰਹਿਮ ’ਤੇ ਹਨ। ਸਾਧਾਰਣ ਲੋਕਾਂ ਦਾ ਬੱਸਾ ਤੇ ਗੱਡੀਆਂ ’ਚ ਸਫਰ ਕਰਨਾ ਤੇ ਸੁਰਖਿਅਤ ਘਰ ਵਾਪਸ ਪਰਤਨਾ ਜਾਂ ਪਰਤਣਾ ਇਹਨਾਂ ਦੀ ਰਜ਼ਾ ਤੇ ਨਿਰਭਰ ਹੈ। ਅੱਜ ਵਿਦਿਆਰਥੀ ਤੇ ਅਧਿਆਪਕ ਇਹਨਾਂ ਦਾ ਨਿਸ਼ਾਨਾਂ ਬਣੇ ਹਨ - ਕਲ੍ਹ ਨੂੰ ਇਹ ਮੁਲਾਜ਼ਮਾਂ, ਮਜ਼ਦੂਰਾਂ ਨੂੰ ਦਫਤਰਾਂ ’ਚ ਜਾਣੋਂ ਰੋਕ ਸਕਦੇ ਹਨ ਤੇ ਉਹਨਾਂ ਦਾ ਰੁਜ਼ਗਾਰ ਖੋਹ ਸਕਦੇ ਹਨ ਜਦੋਂ ਕਿ ਇਹਨਾਂ ਸਾਰੇ ਲੋਕਾਂ ਤੋਂ ਸਿੱਖ ਧਰਮ ਨੂੰ ਕੋਈ ਖਤਰਾ ਨਹੀਂ।
ਕਮਿਊਨਿਸਟ ਇਨਕਲਾਬੀ ਤੇ ਸਾਰੀਆਂ ਅਗਾਂਹਵਧੂ ਸ਼ਕਤੀਆਂ ਕਿਸੇ ਵੱਲੋਂ ਵੀ ਲੋਕਾਂ ਨਾਲ ਹੁੰਦੇ ਇਸ ਧੱਕੇ ਦਾ ਵਿਰੋਧ ਕਰਦੇ ਹਨ। ਉਹ ਬਿਨਾਂ ਕਿਸੇ ਧਰਮ ਦੇ ਭੇਦ-ਭਾਵ ਦੇ ਸਭਨਾਂ ਲੋਕਾਂ ਨੂੰ ਆਪਣੇ ਹੱਕਾਂ ਖਾਤਰ ਜੂਝਣ ਲਈ ਜਥੇਬੰਦ ਕਰਦੇ ਹਨ। ਹਰ ਕਿਸਮ ਦੇ ਸਹਿਮ ਅਤੇ ਦਾਬੇ ਨੂੰ ਪਰ੍ਹਾਂ ਛੰਡਕੇ ਉਹ ਲੁਟੇਰੀਆਂ ਜਮਾਤਾਂ ਤੇ ਉਹਨਾਂ ਦੇ ਰਾਜ ਨਾਲ ਮੱਥਾ ਲਾਉਣ ਖਾਤਰ ਲੋਕਾਂ ਦਾ ਆਪਣੀ ਤਾਕਤ ’ਚ ਵਿਸ਼ਵਾਸ ਬਨਾਉਂਦੇ ਹਨ, ਉਹਨਾਂ ਨੂੰ ਅਣਖ ਅਤੇ ਗੈਰਤ ਨਾਲ ਜਿਉਣ ਦੀ ਚੇਟਕ ਲਾਉਂਦੇ ਹਨ। ਇਸ ਕਰਕੇ ਜਿਹੜਾ ਵੀ ਕੋਈ ਲੋਕਾਂ ’ਤੇ ਦਾਬਾ ਪਾ ਕੇ, ਸਭਨਾਂ ਨੂੰ ਲਾਦੂ ਕੱਢਣਾ ਚਾਹੰੁਦਾ ਹੈ, ਕਮਿਊਨਿਸਟ ਇਨਕਲਾਬੀ ਉਹਦੇ ਰਾਹ ਦਾ ਰੋੜਾ ਬਣਦੇ ਹਨ ਤੇ ਉਹਦੀਆਂ ਅੱਖਾਂ ’ਚ ਰੋੜ ਵਾਂਗ ਰੜਕਦੇ ਹਨ। ਇਸ ਕਰਕੇ ਕਮਿਊਨਿਸਟ ਇਨਕਲਾਬੀਆਂ ’ਤੇ ਹਮਲਾ ਕਰਨਾ ਲੋਕ ਦੁਸ਼ਮਣ ਖਾਲਿਸਤਾਨੀ ਗਰੋਹਾਂ ਦੀ ਡਾਢੀ ਲੋੜ ਬਣਦੀ ਹੈ।
ਖਾਲਿਸਤਾਨੀ ਗਰੋਹ ਇਸ ਤਿਆਰੀ ’ਚ ਹਨ ਕਿ ਸਾਧਾਰਣ ਜਨਤਾ ਨੂੰ ਆਪਣੀ ਰਜਾ ’ਚ ਲਿਆਉਣ ਪਿਛੋਂ ਉਹ ਕਮਿਊਨਿਸਟ ਇਨਕਲਾਬੀਆਂ ਅਤੇ ਸਭਨਾਂ ਅਗਾਂਹਵਧੂ ਤੇ ਇਨਕਲਾਬੀ ਸ਼ਕਤੀਆਂ ’ਤੇ ਭਰਵਾਂ ਹੱਲਾ ਬੋਲ ਸਕਣ ਅਤੇ ਇਉਂ ਮਿਹਨਤਕਸ਼ ਤੇ ਦੱਬੇ ਕੁਚਲੇ ਲੋਕਾਂ ਦੀ ਲਹਿਰ ਦਾ ਅੰਤ ਕਰ ਸਕਣ।
ਇਸ ਕਰਕੇ ਸਭਨਾਂ ਲੋਕਾਂ ਨੂੰ ਖਾਸ ਕਰਕੇ ਸਿੱਖ ਧਰਮ ਨੂੰ ਮੰਨਣ ਵਾਲੀ ਜਨਤਾ ਨੂੰ ਉਹਨਾਂ ਦੇ ਚੰਦਰੇ ਇਰਾਦੇ ਭਾਂਪਣੇ ਚਾਹੀਦੇ ਹਨ, ਉਹਨਾਂ ਦੇ ਕਮਿਊਨਿਸਟ ਵਿਰੋਧੀ ਜ਼ਹਿਰੀਲੇ ਪ੍ਰਚਾਰ ਤੋਂ ਚੌਕੰਨੇ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਚੰਦਰੇ ਇਰਾਦਿਆਂ ਨੂੰ ਮਿੱਟੀ ’ਚ ਮਿਲਾਉਣਾ ਚਾਹੀਦਾ ਹੈ।
- -0--
No comments:
Post a Comment