ਇਤਿਹਾਸ ਦੇ ਪੰਨਿਆਂ ’ਚੋਂ......
ਅਮਰੀਕੀ ਫ਼ੌਜੀ ਪਾਇਲਾਟ ਦਾ ਇਕਬਾਲ: ‘‘ਸਾਡਾ ਵੀਅਤਨਾਮ ਵਿਚ ਕੀ ਕੰਮ!’’
ਵੀਅਤਨਾਮ ਦੀ ਅਮਰੀਕੀ ਸਾਮਰਾਜੀ ਹਮਲੇ ਖ਼ਿਲਾਫ਼ ਟਾਕਰਾ ਜੰਗ ਲੋਕਾਂ ਦੇ ਇਤਿਹਾਸ ਦੇ ਪੰਨਿਆਂ ’ਤੇ ਬਹਾਦਰੀ ਭਰੇ ਸ਼ਾਨਦਾਰ ਤੇ ਸਿਦਕੀ ਟਾਕਰੇ ਵਜੋਂ ਸੁਨਿਹਰੀ ਅੱਖਰਾਂ ’ਚ ਦਰਜ ਹੈ ਤੇ ਅਮਰੀਕੀ ਧੌਂਸ ਤੇ ਧੱਕੇ ਨੂੰ ਚਣੌਤੀ ਦਿੰਦੀਆਂ ਕੌਮਾਂ ਲਈ ਅੱਜ ਵੀ ਪ੍ਰੇਰਨਾ ਬਣਦੀ ਹੈ। ਇਸ ਜੰਗ ਦੌਰਾਨ 27 ਜਨਵਰੀ 1973 ਨੂੰ ਚਾਰ ਧਿਰਾਂ ਨੇ ਪੈਰਿਸ ’ਚ ਗੱਲਬਾਤ ਮਗਰੋਂ ਸਮਝੌਤੇ ’ਤੇ ਦਸਤਖਤ ਕੀਤੇ ਸਨ ਜਿਹੜੀ ਅਮਰੀਕੀ ਹਾਰ ਦਾ ਕਬੂਲੇ ਜਾਣਾ ਸੀ।
ਏਥੇ ਦਿੱਤੀ ਜਾ ਰਹੀ ਲਿਖਤ ਅਮਰੀਕੀ ਜੰਗਬਾਜਾ ਖ਼ਿਲਾਫ਼ ਜੂਝਦੇ ਵੀਅਤਨਾਮੀ ਲੋਕਾਂ ਦੇ ਸੁੱਚੇ ਮੁੱਚੇ ਮਾਨਵਤਾਵਾਦੀ ਵਿਹਾਰ ਦੀ ਮਿਸਾਲ ਹੈ ਜਿਹੜੀ ਅਮਰੀਕੀ ਫ਼ੌਜੀ ਪਾਇਲਾਟ ਦੀ ਆਪਣੀ ਜ਼ੁਬਾਨੀ ਹੈ ਕਿ ਵੀਅਤਨਾਮੀ ਲੋਕ ਜੰਗੀ ਕੈਦੀਆਂ ਨਾਲ ਕਿਵੇਂ ਪੇਸ਼ ਆਉਦੇ ਸਨ। ਜਦ ਕਿ ਅਮਰੀਕੀ ਸਾਮਰਾਜੀਆਂ ਵੱਲੋਂ ਦੁਨੀਆਂ ਭਰ ’ਚ ਜੰਗੀ ਕੈਦੀਆਂ ਨਾਲ ਅਣਮਨੁੱਖੀ ਸਲੂਕ ਦੀਆਂ ਅਨੇਕ ਕਹਾਣੀਆਂ ਪ੍ਰਚਲਿਤ ਹਨ। ਇਹ ਲਿਖਤ ਦੱਸਦੀ ਹੈ ਕਿ ਵੀਅਤਨਾਮੀ ਲੋਕਾਂ ਦਾ ਇਹ ਟਾਕਰਾ ਇਨਕਲਾਬੀ ਲੀਹਾਂ ’ਤੇ ਜਥੇਬੰਦ ਹੋਈ ਲੋਕ ਸ਼ਕਤੀ ਦਾ ਟਾਕਰਾ ਸੀ ਤੇ ਅਜਿਹਾ ਵਿਹਾਰ ਲੋਕਾਂ ਦੀ ਫ਼ੌਜ ਹੀ ਕਰ ਸਕਦੀ ਹੈ ਜਦ ਕਿ ਭਾੜੇ ਦੀਆਂ ਸਾਮਰਾਜੀ ਫ਼ੌਜਾਂ ਤੋਂ ਮਨੁੱਖੀ ਵਿਹਾਰ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ। - ਸੰਪਾਦਕ
ਜਦੋਂ ਅਮਰੀਕੀ ਉਡਾਰੂ ਉੱਤਰੀ ਵੀਅਤਨਾਮ ਉੱਤੇ ਬੰਬ ਸੁੱਟਣ ਲਈ ਭੇਜੇ ਜਾਂਦੇ ਹਨ ਤਾਂ ਉਹਨਾਂ ਦੇ ਦਿਲ ਵਿਚ ਕੁੱਝ ਅਜਿਹਾ ਪ੍ਰਭਾਵ ਬੜੀ ਤਕੜੀ ਤਰ੍ਹਾਂ ਬਿਠਾ ਦਿੱਤਾ ਜਾਂਦਾ ਹੈ ਕਿ ਜਿਹੜੇ ਨਿਸ਼ਾਨੇ ਉਹਨਾਂ ਨੂੰ ਬੰਬ ਸੁੱਟਣ ਲਈ ਦਿੱਤੇ ਗਏ ਹਨ, ਉਹ ਆਮ ਲੋਕਾਂ ਦਾ ਬਹੁਤਾ ਨੁਕਸਾਨ ਨਹੀਂ ਕਰਦੇ। ਇਹਦੇ ਨਾਲ ਹੀ ਉਹਨਾਂ ਨੂੰ ਦਿ੍ਰੜ੍ਹ ਕਰਵਾਇਆ ਜਾਂਦਾ ਹੈ ਕਿ ਉੱਤਰੀ ਵੀਅਤਨਾਮੀ ਲੋਕ ਜ਼ਾਲਮ ਕਸਾਈ ਹਨ।
ਕੁਦਰਤੀ ਸੀ ਕਿ ਜਦੋਂ ਲੈਫਟੀਨੈਂਟ ਕਮਾਂਡਰ ਕੌਫੀ ਉੱਤਰੀ ਵੀਅਤਨਾਮ ਉੱਤੇ ਹਮਲਾ ਕਰਨ ਗਿਆ, ਉਹਦੇ ਵਿਚਾਰ ਵੀ ਇਹੋ ਸਨ। ਪਰ ਤਿੰਨ ਫਰਵਰੀ ਨੂੰ ਵਿਨ੍ਹ ਸ਼ਹਿਰ ਤੋਂ ਤੀਹ ਮੀਲ ਦੂਰ ਜਦੋਂ ਦੇਸ਼ਭਗਤ ਲੜਾਕਿਆਂ ਨੇ ਉਹਦਾ ਜਹਾਜ਼ ਸਿੱਟ ਕੇ ਉਹਨੂੰ ਗਿ੍ਰਫਤਾਰ ਕੀਤਾ, ਉਹਦੇ ਲਈ ਚਾਨਣ ਦੀ ਇਕ ਨਵੀਂ ਬਾਰੀ ਖੁੱਲ੍ਹ ਗਈ। ਉੱਤਰੀ ਵੀਅਤਨਾਮ ਦੀ ਅਸਲੀਅਤ ਨੇ, ਜਿਸ ਨਾਲ ਉਹਨੂੰ ਇਸ ਘਟਨਾ ਪਿੱਛੋਂ ਵਾਹ ਪਿਆ, ਉਹਦੇ ਬਣੇ ਵਿਸ਼ਵਾਸ਼ਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਅਤੇ ਉਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਜੋ ਕੁੱਝ ਉਹਨੇ ਆਪਣੀ ਸਰਕਾਰ ਤੋਂ ਸੁਣਿਆ ਸੀ, ਉਹ ਕੋਰਾ ਝੂਠ ਸੀ। ਉੱਤਰ ਦੇ ਲੋਕ, ਜਿਹਨਾਂ ਨੂੰ ਉਹਦੀ ਸਰਕਾਰ ਨੇ ਜ਼ਾਲਮ ਕਸਾਈ ਦੱਸਿਆ ਸੀ, ਬੇਹੱਦ ਮਨੁੱਖੀ ਸਨ ਅਤੇ ਉਹਨਾਂ ਦੇ ਆਪਣੇ ਬੰਬਾਂ ਦੇ ਨਿਸ਼ਾਨੇ ਬੜੀ ਅਣਮਨੁੱਖੀ ਤਬਾਹੀ ਦਾ ਕਾਰਨ ਸਨ। ਕੌਫੀ ਹੈਰਾਨ ਸੀ ਕਿ ਉਹ ਕਿੰਨੇ ਹਨੇਰੇ ਵਿਚ ਰਹਿ ਰਿਹਾ ਸੀ।
ਇਹਨਾਂ ਭਾਵਾਂ ਨੂੰ ਪ੍ਰਗਟ ਕਰਨ ਲਈ ਉਹਨੇ ਇਕ ਚਿੱਠੀ ਜੋ ਆਪਣੀ ਪਤਨੀ ਨੂੰ ਅਮਰੀਕਾ ਭੇਜੀ ਸੀ ਤੇ ਉਹਦੇ ਦਿਲ ਦੀ ਆਵਾਜ਼ ਸੀ, ਉਹਦਾ ਜ਼ਿਕਰ ਅਸੀਂ ਪਹਿਲਾਂ ਕਰ ਚੁੱਕੇ ਹਾਂ। ਇੱਥੇ ਅਸੀਂ ਕੌਫੀ ਦੀਆਂ ਬਰਟਰਾਂਡ ਰਸਲ ਸ਼ਾਤੀ ਸੰਸਥਾ ਦੇ ਡਾਇਰੈਕਟਰ ਰੈਲਫ ਸਕੋਇਨਮੈਨ ਨਾਲ ਹੋਈਆਂ ਗੱਲਾਂ ਦੇ ਵੇਰਵਾ ਦੇ ਰਹੇ ਹਾਂ। ਸਕੋਇਨਮੈਨ ਅਮਰੀਕੀ ਹੈ ਪਰ ਅਮਰੀਕੀ ਸਰਕਾਰ ਦੇ ਵਹਿਸ਼ੀਪੁਣੇ ਦਾ ਸਖ਼ਤ ਵਿਰੋਧੀ ਹੈ। ਉੱਤਰੀ ਵੀਅਤਨਾਮ ’ਚ ਫੜੇ ਉਡਾਰੂਆਂ ਤੋਂ ਉਹ ਅਸਲੀਅਤ ਜਾਨਣਾ ਚਾਹੁੰਦਾ ਸੀ। ਇਸ ਲਈ ਉਸ ਨੇ ਕੌਫੀ ਨੂੰ ਇਹ ਨਹੀਂ ਦੱਸਿਆ ਕਿ ਉਹ ਕੌਣ ਹੈ। ਕੇਵਲ ਇਹੋ ਆਖਿਆ ਸੀ ਕਿ ਉਹ ਉਹਦਾ ਇੱਕ ਅਮਰੀਕੀ ਭਾਈ ਹੈ। ਇਹ ਇਸ ਲਈ ਕੀਤਾ ਗਿਆ ਤਾਂ ਜੋ ਕੌਫੀ ਦੀਆਂ ਗੱਲਾਂ ਉੱਤੇ ਕੋਈ ਬਾਹਰੀ ਪ੍ਰਭਾਵ ਨਾ ਪਵੇ ਅਤੇ ਉਹ ਸੱਚੇ ਦਿਲੋਂ ਬੋਲੇ। ਪਿੱਛੋਂ ਸਕੋਇਨਮੈਨ ਨੇ ਆਪਣੇ ਮਿਸ਼ਨ ਦੇ ਹਰ ਪੱਖ ਬਾਰੇ ਦਸਦਿਆਂ ਉਹਨੂੰ ਉਸ ਮੁਲਾਕਾਤ ਬਾਰੇ ਚਿੱਠੀ ਲਿਖੀ। ਜਦੋਂ ਸਕੋਇਨਮੈਨ ਨੇ ਕੌਫੀ ਨੂੰ ਪੁੱਛਿਆ ਕਿ ਉਹਦੇ ਨਾਲ ਕਿਵੇਂ ਕਿਵੇਂ ਬੀਤੀ, ਉਹਨੇ ਦੱਸਣਾ ਸ਼ੁਰੂ ਕੀਤਾ :
ਜਦੋਂ ਮੇਰਾ ਜਹਾਜ਼ ਡੇਗ ਲਿਆ ਗਿਆ, ਉਸ ਵਿੱਚੋਂ ਛਾਲ ਮਾਰਦਿਆਂ ਮੇਰੀ ਬਾਂਹ ਟੁੱਟ ਗਈ। ਮੈਨੂੰ ਡਾਕਟਰੀ ਸਹਾਇਤ ਬੜੀ ਛੇਤੀ ਦਿੱਤੀ ਗਈ। ਮੈਂ ਇਕ ਦੁਰੇਡੀ ਥਾਂ ਲਾਹਿਆ ਗਿਆ ਸੀ। ਮੈਨੂੰ ਇਕ ਪਿੰਡ ਵਿਚ ਇਕ ਝੁੱਗੀ ਵਿਚ ਲਿਜਾਇਆ ਗਿਆ। ਉਥੇ ਮੇਰਾ ਇਲਾਜ ਕੀਤਾ ਗਿਆ। ਮੇਰੇ ਵੱਲ ਪੂਰਾ ਧਿਆਨ ਦਿੱਤਾ ਗਿਆ। ਉਹਨਾਂ ਨੇ ਓਨਾ ਸੁਖ ਦਿੱਤਾ ਜਿੰਨਾ ਸੰਭਵ ਸੀ। ਮੈਨੂੰ ਪੱਟੀਆਂ ਬੰਨ੍ਹੀਆਂ ਗਈਆਂ। ਦੋ ਘੰਟਿਆਂ ਦੇ ਅੰਦਰ ਅੰਦਰ ਮੈਨੂੰ ਚੌਲਾਂ ਦਾ ਗਰਮ ਗਰਮ ਭੋਜਨ ਦਿੱਤਾ ਗਿਆ। ਪਹਿਲਾਂ ਜਦੋਂ ਮੈਨੂੰ ਹੋਸ਼ ਆਈ ਸੀ ਤਾਂ ਮੈਂ ਦੇਖਿਆ ਸੀ ਕਿ ਮੇਰੇ ਲਈ ਲੋੜੀਂਦਾ ਸਭ ਕੁੱਝ ਕੀਤਾ ਜਾ ਚੁੱਕਿਆ ਸੀ। ਮੇਰਾ ਪੈਰਾਸ਼ੂਟ ਲਾਹ ਦਿੱਤਾ ਗਿਆ ਸੀ । ਪਾਣੀ ਵਿਚ ਤਰਨ ਵਾਲਾ ਮੇਰਾ ਲਿਬਾਸ ਫੁੱਲਿਆ ਹੋਇਆ ਸੀ। ਅਸੀਂ ਕਿਨਾਰੇ ਤੋਂ ਅੱਧਾ ਮੀਲ ਦੂਰ ਸੀ।
ਮੈਨੂੰ ਚੁੱਕਣ ਵਾਲੀਆਂ ਦੋਵੇਂ ਛੋਟੀਆਂ ਕਿਸ਼ਤੀਆਂ ਆਦਮੀਆਂ ਦੀਆਂ ਭਰੀਆਂ ਹੋਈਆਂ ਸਨ। ਸਾਡੇ ਵੱਲ ਆ ਰਹੀਆਂ ਕਿਸ਼ਤੀਆਂ ਨੂੰ ਉੱਪਰ ਉਡਦੇ ਜੈੱਟਾਂ ਨੇ ਨਿਸ਼ਾਨਾ ਬਣਾਇਆ। ਕਿਸ਼ਤੀਆਂ ਵਿਚਲੇ ਆਦਮੀ ਰਾਈਫਲਾਂ, ਪਿਸਤੌਲਾਂ ਤੇ ਮਸ਼ੀਨਗੰਨਾਂ ਨਾਲ ਲੈਸ ਸਨ। ਮੇਰੇ ਕਿਨਾਰੇ ਤੱਕ ਪੁੱਜਣ ਤੋਂ ਪਹਿਲਾਂ ਅਮਰੀਕੀ ਜਹਾਜ਼ਾਂ ਨੇ ਛੇ ਹੱਲੇ ਬੋਲੇ ਪਰ ਮੇਰੇ ਨਾਲ ਕੋਈ ਵੀ ਮਾੜਾ ਸਲੂਕ ਨਹੀਂ ਕੀਤਾ ਗਿਆ। ਸਾਡੇ ਜਹਾਜ਼ਾਂ ਦੀਆਂ ਝਪਟਾਂ ਨੇ ਉਹਨਾਂ ਦੇ ਮੇਰੇ ਪ੍ਰਤੀ ਰਵੱਈਏ ਉੱਤੇ ਕੋਈ ਅਸਰ ਨਾ ਪਾਇਆ। ਮੈਂ ਹੈਰਾਨ ਸੀ। ਮੈਨੂੰ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ। ਮੈਨੂੰ ਤਾਂ ਬਹੁਤ ਹੀ ਭੈੜੇ ਵਰਤਾਓ ਦੀ ਉਮੀਦ ਸੀ। ਮੈਂ ਤਿੰਨ ਫਰਵਰੀ ਦੀ ਆਥਣ ਤੱਕ ਉਸ ਪਿੰਡ ਵਿਚ ਰਿਹਾ।
ਤਿੰਨ ਫਰਵਰੀ ਨੂੰ ਅਸੀਂ ਉੱਤਰ-ਦੱਖਣੀ ਵੱਡੀ ਸੜਕ ਪੈ ਗਏ। ਫੌਜੀ ਕਾਰ ਮੈਨੂੰ ਲੈ ਕੇ ਵਿਨ੍ਹ ਜਾ ਰਹੀ ਸੀ। ਮੈਂ ਦੇਖਣਾ-ਜਾਨਣਾ ਸ਼ੁਰੂ ਕੀਤਾ ਕਿ ਇਹ ਇਲਾਕਾ ਬੰਬਾਰੀ ਦੇ ਸ਼ੁਰੂ ਤੋਂ ਲੈ ਕੇ ਲਗਾਤਾਰ ਬੇਰੋਕ ਨਿਸ਼ਾਨਾ ਬਣਿਆ ਹੋਇਆ ਹੈ। ਇਹਦਾ ਭਾਵ ਹੈ ਇੱਕ ਸਾਲ ਤੋਂ ਬਹੁਤਾ ਸਮਾਂ। ਇਉ ਇੱਕ ਸਾਲ ਤੋਂ ਵੱਧ ਸਮੇਂ ਤੋਂ ਲੈ ਕੇ ਉਹ ਸਾਡੇ ਬੰਬਾਂ ਤੋਂ ਛੁੱਟ ਕੁੱਝ ਨਹੀਂ ਜਾਣਦੇ ਤੇ ਫੇਰ ਵੀ ਉਹ ਮੈਨੂੰ ਕੋਈ ਵੈਰ ਨਹੀਂ ਸਨ ਦਿਖਾ ਰਹੇ। ਮੈਨੂੰ ਉਹਨਾਂ ਦਾ ਰਵੱਈਆ ਸਮਝ ਨਹੀਂ ਸੀ ਆ ਰਿਹਾ। ਮੈਂ ਬੌਂਦਲ ਗਿਆ। ਉਹਨਾਂ ਨੇ ਸਵਾਲ ਬੜੀ ਸਖਤੀ ਨਾਲ ਕੀਤੇ ਪਰ ਵਰਤਿਆ ਸਦਾ ਨਰਮੀ ਨਾਲ।
ਮੈਨੂੰ ਮੰਨਣਾ ਪਿਆ ਕਿ ਮੇਰੀ ਸਰਕਾਰ ਨੇ ਵੀਅਤਨਾਮ ਵਿਰੁੱਧ ਲੜਾਈ ਦਾ ਐਲਾਨ ਨਹੀਂ ਕੀਤਾ ਹੋਇਆ ਅਤੇ ਕਾਨੂੰਨ ਦੀ ਨਜ਼ਰ ਵਿਚ ਮੈਨੂੰ ਜੰਗੀ ਕੈਦੀ ਸਮਝੇ ਜਾਣ ਦਾ ਕੋਈ ਅਧਿਕਾਰ ਨਹੀਂ। ਮੈਨੂੰ ਦੱਸਿਆ ਗਿਆ ਕਿ ਮੈਂ ਇਕ ਅਪਰਾਧੀ ਹਾਂ ਅਤੇ ਸਾਧਾਰਨ ਪੇਂਡੂਆਂ ਵਿਰੁੱਧ ਕੀਤੇ ਹੋਏ ਮੇਰੇ ਅਪਰਾਧ ਅਜਿਹੇ ਹਨ ਜੋ ਉਹਨਾਂ ਨੂੰ ਚੁਕਦੇ ਹਨ ਕਿ ਉਹ ਮੇਰੇ ਵਿਰੁੱਧ ਮੁਕੱਦਮਾ ਚਲਾਉਣ ਤੇ ਮੈਨੂੰ ਗੋਲੀ ਮਾਰ ਦੇਣ। ਪੁੱਛ ਗਿੱਛ ਤੋਂ ਮੈਨੂੰ ਅਨੁਭਵ ਹੋਇਆ ਕਿ ਉਹ ਮੈਨੂੰ ਜਾਨੋਂ ਮਾਰ ਸਕਦੇ ਹਨ। ਉਹ ਇੱਕ ਸਾਲ ਤੋਂ ਲਗਾਤਾਰ ਬੰਬਾਂ ਦੇ ਸ਼ਿਕਾਰ ਸਨ। ਹਰ ਚੀਜ਼ ਨਿਸ਼ਾਨਾ ਬਣਾਈ ਜਾ ਰਹੀ ਸੀ। ਮੈਂ ਉਹਨਾਂ ਦਾ ਮੈਨੂੰ ਅਪਰਾਧੀ ਕਹਿਣਾ ਸੱਚੇ ਦਿਲੋਂ ਪ੍ਰਵਾਨ ਕਰ ਰਿਹਾ ਸੀ। ਦੂਜੀ ਥਾਂ ਮੈਨੂੰ ਤਿੰਨ ਦਿਨ ਰੱਖਿਆ ਗਿਆ। ਮੇਰੇ ਜ਼ਖਮਾਂ ਦਾ ਉਪਾਅ ਕੀਤਾ ਗਿਆ। ਮੈਨੂੰ ਖਾਣ ਪੀਣ ਸਭ ਕੁੱਝ ਠੀਕ ਦਿੱਤਾ ਗਿਆ।
ਕੋਈ ਆਦਮੀ ਜੋ ਅੰਗਰੇਜੀ ਜਾਂ ਫਰਾਂਸੀਸੀ ਜਾਣਦਾ ਹੁੰਦਾ, ਮੈਨੂੰ ਪੁੱਛਦਾ ਤੂੰ ਇੱਥੇ ਕਿਉ ਹੈਂ? ਤੂੰ ਵੀਅਤਨਾਮ ਵਿਚ ਕਿਉ ਆਇਆ ਹਂ? ਮੈਨੂੰ ਉਹਦੇ ਸਵਾਲਾਂ ਦਾ ਕੋਈ ਉੱਤਰ ਨਾ ਔੜਦਾ। ਜਿਸ ਗੱਲ ਨੇ ਮੈਨੂੰ ਸਭ ਤੋਂ ਬਹੁਤਾ ਪ੍ਰਭਾਵਤ ਕੀਤਾ, ਉਹ ਉਹਨਾਂ ਲੋਕਾਂ ਦੀ ਮੇਰੇ ਪ੍ਰਤੀ ਸਰਬਪੱਖੀ ਭਲਮਾਨਸੀ ਸੀ। ਭਲਮਾਨਸੀ ਠੀਕ ਸ਼ਬਦ ਹੈ। ਮੇਰੇ ਕੋਲ ਉਹਨਾਂ ਵਿਰੁੱਧ ਕਹਿਣ ਵਾਸਤੇ ਕੁੱਝ ਵੀ ਨਹੀਂ। ਆਮ ਲੋਕ ਜੋ ਜ਼ੁਲਮ ਸਾਡੇ ਹੱਥੋਂ ਸਹਿ ਰਹੇ ਹਨ, ਉਹ ਕੋਈ ਸਾਧਾਰਨ ਗੱਲ ਨਹੀਂ। ਮੇਰੀ ਰਾਇ ਵਿੱਚ ਇਹ ਸਾਡਾ ਇੱਕ-ਪਾਸੜ ਮੁਜ਼ਰਮਾਨਾ ਹਮਲਾ ਹੈ। ਮੈਨੂੰ ਸੱਚ ਕਹਿਣਾ ਪੈ ਰਿਹਾ ਹੈ ਕਿ ਮੈਂ ਵੀ ਇਸ ਇੱਕ-ਪਾਸੜ ਮੁਜ਼ਰਮਾਨਾ ਹਮਲੇ ਆਪਣਾ ਬੱਝਵਾਂ ਵਿਚ ਹਿੱਸਾ ਪਾਇਆ। ਉਹਨਾਂ ਦਾ ਮੇਰੇ ਲਈ ਸ਼ਬਦ ਅਪਰਾਧੀ ਵਰਤਣਾ ਬਿਲਕੁਲ ਵਾਜਬ ਸੀ। ਇਹ ਅਜਿਹਾ ਸੱਚ ਹੈ, ਜਿਸ ਤੋਂ ਮੈਂ ਮੁੱਕਰ ਨਹੀਂ ਸਕਦਾ।
ਦੋ ਗੱਲਾਂ ਮੈਨੂੰ ਬਿਲਕੁਲ ਸਪਸ਼ਟ ਹੋ ਗਈਆਂ। ਇੱਕ ਉਹਨਾਂ ਦਾ ਹੋ ਚੀ ਮਿਨ ਲਈ ਸੱਚਾ ਪਿਆਰ। ਜਦੋਂ ਉਹਨਾਂ ਦਾ ਨਾਂ ਜ਼ੁਬਾਨ ਉਤੇ ਆਉਦਾ, ਉਹਨਾਂ ਦੀਆਂ ਅੱਖਾਂ ਲਿਸ਼ਕ ਪੈਂਦੀਆਂ। ਬਿਲਕੁਲ ਸਪੱਸ਼ਟ ਸੀ ਕਿ ਉਹ ਉਹਨੂੰ ਸੱਚੇ ਦਿਲ ਤੋਂ ਪਿਆਰਦੇ ਤੇ ਸਤਿਕਾਰਦੇ ਸਨ। ਦੂਜੀ, ਉਹਨਾਂ ਦਾ ਹੈਰਾਨ ਕਰਨ ਵਾਲਾ ਤੇ ਇਕਸੁਰ ਦਿ੍ਰੜ ਇਰਾਦਾ ਕਿ ਉਹ ਬੰਬਾਂ ਅੱਗੇ ਝੁਕਣਗੇ ਨਹੀਂ। ਮੈਂ ਸਾਫ ਦੇਖਦਾ ਸੀ ਕਿ ਮੌਤਾਂ ਅਤੇ ਤਬਾਹੀ ਦਾ ਭਰਿਆ ਬੰਬਾਂ ਦਾ ਹਰੇਕ ਹਮਲਾ ਉਹਨਾਂ ਦੇ ਦਿਲਾਂ ਵਿਚ ਅਮਰੀਕਾ ਲਈ ਹੋਰ ਬਹੁਤੀ ਨਫ਼ਰਤ ਪੈਦਾ ਕਰ ਰਿਹਾ ਸੀ। ਜੇਲ੍ਹ ਵਿਚ ਉਹਨਾਂ ਨੇ ਮੈਨੂੰ ਸਵਾਲ ਵੀ ਪੁੱਛੇ ਅਤੇ ਵੀਤਨਾਮੀ ਲੜਾਈ ਦੇ ਅਸਲ ਨੁਕਤੇ ਤੇ ਵੀਤਨਾਮੀ ਲੋਕਾਂ ਦੀਆਂ ਭਾਵਨਾਵਾਂ ਮੈਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ।
ਇੱਥੇ ਜੀਵਨ ਸਾਦਾ ਹੈ ਪਰ ਜੀਵਨ ਰੱਜਿਆ-ਰੱਜਿਆ ਹੈ। ਸਫਾਈ ਵਧੀਆ ਹੈ। ਮੈਨੂੰ ਕਾਫੀ ਕੱਪੜੇ ਦਿੱਤੇ ਗਏ ਅਤੇ ਨਿੱਤ ਲੋੜ ਤੋਂ ਬਹੁਤਾ ਭੋਜਨ ਦਿੱਤਾ ਜਾਂਦਾ ਹੈ। ਉਹਨਾਂ ਵਿਚਾਰ ਵਟਾਂਦਰਿਆਂ ਤੋਂ ਛੁੱਟ, ਜੋ ਮੈਂ ਉਹਨਾਂ ਨਾਲ ਕੀਤੇ, ਮੈਨੂੰ ਬਹੁਤ ਸਾਰਾ ਸਾਹਿਤ ਵੀ ਦਿੱਤਾ ਗਿਆ। ਮੈਂ ਇਹ ਸਾਰਾ ਕੁੱਝ ਪੂਰੀ ਵਹਿਮੀ ਅਤੇ ਸ਼ੱਕੀ ਨਜ਼ਰ ਨਾਲ ਲਿਆ। ਇਹ ਦੱਖਣੀ ਵੀਤਨਾਮ ਬਾਰੇ, ਲੜਾਈ ਦੇ ਕਾਰਨਾਂ ਬਾਰੇ ਤੇ ਅਮਰੀਕਾ ਦੇ ਦਖ਼ਲ ਬਾਰੇ ਹੈ ਅਤੇ ਸੱਚੀ ਗੱਲ ਹੈ, ਹੁਣ ਮੈਂ ਇਸ ਸਾਰੀ ਕਹਾਣੀ ਦੇ ਸੱਚ ਤੋਂ ਸਿਰ ਨਹੀਂ ਫੇਰ ਸਕਦਾ। ਇਹ ਨਿਰਉੱਤਰ ਕਰਨ ਵਾਲੀ ਹੈ। ਮੇਰਾ ਵਿਸ਼ਵਾਸ਼ ਹੈ ਕਿ ਮੈਨੂੰ ਪਹਿਲੀ ਵਾਰੀ ਹੁਣ ਪਤਾ ਲੱਗਿਆ ਹੈ ਕਿ ਦੱਖਣੀ ਵੀਤਨਾਮ ਵਿਚ ਅਸੀਂ ਅਸਲ ਵਿਚ ਕੀਹਦੇ ਵਿਰੁੱਧ ਲੜ ਰਹੇ ਹਾਂ। ਮੈਂ ਉਸ ਮਕਰ ਨੂੰ ਜਾਣ ਗਿਆ ਹਾਂ ਜਿਸ ਅਧੀਨ ਮੈਨੂੰ ਲੜਨ ਭੇਜਿਆ ਗਿਆ।
ਇਹ ਅਸਲੀਅਤ ਹੈ ਕਿ ਤੁਸੀਂ ਇਸ ਨੂੰ ਇਹਨਾਂ ਦਾ ਮੇਰੇ ਉੱਤੇ ਚੜ੍ਹਿਆ ਹੋਇਆ ਰਾਜਸੀ ਪਾਹ ਨਹੀਂ ਕਹਿ ਸਕਦੇ। ਮੈਂ ਆਪਣੇ ਦੇਸ਼ ਵਿਚ ਕਿਸੇ ਲਾਇਬਰੇਰੀ ਵਿਚੋਂ ਵੀ ਇਹ ਲਾਹਨਤੀ ਗੱਲਾਂ ਆਪਣੇ ਆਪ ਜਾਣ ਸਕਦਾ ਸੀ ਜੇ ਮੈਨੂੰ ਸਿਰਫ ਸਮਾਂ ਮਿਲ ਗਿਆ ਹੁੰਦਾ। ਮੈਨੂੰ ਘਰੇ ਬੈਠਿਆਂ ਵੀ ਇਹ ਸਭ ਕੁੱਝ ਜਾਣ ਲੈਣਾ ਏਨਾ ਹੀ ਸੌਖਾ ਹੁੰਦਾ। ਜੇ ਮੈਂ ਇਸ ਲੜਾਈ ਵਿਚ ਹਿੱਸਾ ਲੈਣ ਆਇਆ ਸੀ ਤਾਂ ਉਹਨਾਂ ਆਮ ਕਾਰਨਾਂ, ਸਗੋਂ ਧੁੰਦਲੇ ਕਾਰਨਾਂ ਕਰਕੇ ਹੀ ਜੋ ਸਾਡੇ ਦੇਸ਼ ਵਿਚ ਪ੍ਰਚਾਰੇ ਜਾਂਦੇ ਹਨ-ਆਪਣੇ ਜੀਵਨ ਦੇ ਲੋਕਰਾਜੀ ਢੰਗ ਦੀ ਰਾਖੀ ਕਰਨ ਲਈ ਆਪਣੇ ਦੇਸ਼ ਦੇ ਹਮਾਇਤੀਆਂ ਨਾਲ ਕੀਤੇ ਸਮਝੌਤਿਆਂ ਦੀ ਪੂਰਤੀ ਲਈ ਅਤੇ ਕਮਿਊਨਿਜ਼ਮ ਨੂੰ ਰੋਕਣ ਲਈ। ਮੈਂ ਇੱਥੇ ਥੋੜ੍ਹੇ ਚਿਰ ਤੋਂ ਹੀ ਹਾਂ ਪਰ ਮੈਂ ਇਹ ਜਾਨਣ ਲਈ ਬਹੁਤ ਕੁੱਝ ਦੇਖ ਲਿਆ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਗੱਲ ਇੱਥੇ ਲਾਗੂ ਨਹੀਂ ਹੁੰਦੀ।
ਮੈਂ ਤੇ ਮੇਰੇ ਸਾਥੀ ਸਾਰੇ ਇੱਕੋ ਗੱਲ ਦੇ ਦੋਸ਼ੀ ਹਾਂ ਕਿ ਅਸੀਂ ਇਸ ਸਭ ਕੁੱਝ ਬਾਰੇ ਅਸਲੀਅਤ ਲੱਭਣ ਦੀ ਕੋਸ਼ਿਸ਼ ਕਦੀ ਵੀ ਨਹੀਂ ਸੀ ਕੀਤੀ। ਮੰਦੇ ਭਾਗਾਂ ਨੂੰ ਅਮਰੀਕੀ ਲੋਕਾਂ ਦੀ ਬਹੁਗਿਣਤੀ ਦਾ ਇਹੋ ਹਾਲ ਹੈ। ਐਨ ਦੋ ਫਰਵਰੀ ਤੱਕ ਮੈਂ ਜੰਗ ਵਿਰੋਧੀ ਪ੍ਰਦਰਸ਼ਨਾਂ ਨੂੰ ਅਸਹਿ ਸਮਝਦਾ ਸੀ। ਮੇਰੀ ਸਮਝ ਨਹੀਂ ਸੀ ਪੈਂਦਾ ਕਿ ਇਹ ਸ਼ੋਰ-ਸ਼ਰਾਬਾ ਆਖਰ ਹੈ ਕਾਹਦੇ ਲਈ! ਉਹ ਮੈਨੂੰ ਭੜਕਾਹਟੀਏ ਲਗਦੇ। ਮੈਂ ਕਦੇ ਨਾ ਸੋਚਿਆ ਕਿ ਉਹ ਕਹਿੰਦੇ ਕੀ ਹਨ। ਮੈੈਨੂੰ ਇਹ ਲੱਭਣ ਜਾਨਣ ਦਾ ਕਦੇ ਸਮਾਂ ਹੀ ਨਾ ਮਿਲਿਆ। ਹੁਣ ਮੈਂ ਬਹੁਤ ਹੀ ਤਿੱਖੀ ਤਰ੍ਹਾਂ ਮਹਿਸੂਸ ਕਰਦਾ ਹਾਂ ਕਿਉਕਿ ਮੈਨੂੰ ਆਪਣੇ ਦੇਸ਼ ਨਾਲ ਬਹੁਤ ਡੂੰਘਾ ਪਿਆਰ ਅਤੇ ਸਨੇਹ ਹੈ। ਸੱਚ-ਮੁੱਚ ਮੈਂ ਬਹੁਤ ਤਿੱਖੀ ਤਰ੍ਹਾਂ ਮਹਿਸੂਸ ਕਰ ਰਿਹਾ ਹਾਂ ਕਿ ਸਾਡਾ ਇੱਥੇ ਕੋਈ ਕੰਮ ਨਹੀਂ। ਅਸੀਂ ਅਜਿਹੇ ਹਾਲਾਤ ਵਿਚ ਉਲਝੇ ਹੋਏ ਹਾਂ ਜਿਨ੍ਹਾਂ ਵਿਚ ਉਲਝਣ ਦਾ ਸਾਨੂੰ ਕੋਈ ਹੱਕ ਨਹੀਂ।
ਮੈਨੂੰ ਪਤਾ ਹੈ ਕਿ ਜੋ ਕੁੱਝ ਮੈਂ ਪੜ੍ਹਿਆ ਹੈ, ਉਹ ਹੈਨੋਈ ਵਿਚ ਛਪਿਆ ਹੋਇਆ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ, ਮੈਂ ਇਸ ਬਾਰੇ ਪੂਰਾ ਸ਼ੱਕੀ ਸੀ। ਪਰ ਮੈਨੂੰ ਉਹ ਖਬਰਾਂ ਯਾਦ ਹਨ ਕਿ ਡੀਮ ਕਿਹੋ ਜਿਹਾ ਸੀ। ਤੇ ਅਸੀਂ ਮਖੌਲ ਕਰਿਆ ਕਰਦੇ ਸੀ ਕਿ ਦੱਖਣੀ ਵੀਤਨਾਮ ਵਿਚ ਕਿਵੇਂ ਹਰ ਰੋਜ਼ ਰਾਜਪਲਟਾ ਹੋ ਜਾਂਦਾ ਹੈ ਅਤੇ ਅਸੀਂ ਨਵੀਂ ਜੁੰਡਲੀ ਖੜ੍ਹੀ ਕਰ ਦਿੰਦੇ ਹਾਂ। ਮੈਨੂੰ ਨਹੀਂ ਪਤਾ ਕਿ ਕਿਸੇ ਨੇ ਇਸ ਗੱਲ ਦਾ ਅਰਥ ਸਮਝਣ ਦੀ ਲੰਮੀ ਨਜ਼ਰ ਮਾਰੀ ਹੋਵੇ।
ਅਸੀਂ ਉੱਤਰੀ ਵੀਤਨਾਮ ਵੱਲੋਂ ਦਿੱਤੀ ਜਾਂਦੀ ਸਹਾਇਤਾ ਬਾਰੇ ਏਨਾ ਰੌਲਾ ਪਾ ਛੱਡਿਆ ਹੈ ਜਿਵੇਂ ਉਹ ਬਿਲਕੁਲ ਓਪਰੇ ਲੋਕ ਹੋਣ, ਆਪਣੇ ਨਾਲ ਸਬੰਧ ਨਾ ਰਖਦੀ ਗੱਲ ’ਚ ਲੱਤ ਅੜ ਰਹੇ ਹੋਣ। ਪਰ ਅਸਲ ਵਿਚ ਉਹ ਚਾਹੁੰਦੇ ਕੀ ਹਨ-ਦੇਸ਼ ਦਾ ਮੁੜ ਕੇ ਇੱਕ ਹੋ ਜਾਣਾ। ਤੇ ਉਹ ਦੋ ਹਿੱਸਿਆਂ ਵਿਚ ਵੰਡੇ ਹੋਏ ਇੱਕੋ ਲੋਕ ਹਨ। ਮੁੜ-ਇਕਤਾ ਉਹਨਾਂ ਦਾ ਕੌਮੀ ਉਦੇਸ਼ ਹੈ। ਇਹ ਬਿਲਕੁਲ ਕਾਨੂੰਨੀ ਹੈ। ਮੇਰਾ ਵਿਚਾਰ ਹੈ ਕਿ ਅਸਲੀਅਤ ਤਾਂ ਇਹ ਹੈ ਕਿ ਉਹ ਦੱਖਣ ਵਾਲਿਆਂ ਦੀ ਜਿੰਨੀ ਵੱਧ ਤੋਂ ਵੱਧ ਸਹਾਇਤਾ ਕਰ ਸਕਦੇ ਹਨ, ਕਰਨ! ਉਹਨਾਂ ਦਾ ਇੱਕੋ ਸਾਂਝਾ ਉਦੇਸ਼ ਹੈ, ਦੇਸ਼ ਦੀ ਮੁੜ-ਇਕਤਾ ਅਤੇ ਆਜ਼ਾਦੀ। ਜੇ ਅਸੀਂ ਲੜਾਈ ਹੋਰ ਵਧਾਈ ਤਾਂ ਇਸ ਦਾ ਸਿੱਟਾ ਇਹ ਹੋਵੇਗਾ ਕਿ ਚੀਨ ਸਮੇਤ ਹੋਰ ਦੇਸ ਜੰਗ ਵਿਚ ਆ ਜੁਟਣਗੇ। ਜਿੰਦਗੀ ਦਾ ਨਾਸ ਬੇਹੱਦ ਹੋਵੇਗਾ ਅਤੇ ਮਨੁੱਖੀ ਕੁਰਬਾਨੀ ਅਥਾਹ ਹੋਵੇਗੀ।
ਸਭ ਕੁੱਝ ਜੋ ਮੈਂ ਪੜ੍ਹਿਆ ਹੈ ਅਤੇ ਸਭ ਕੁੱਝ ਜੋ ਮੈਂ ਤੁਹਾਨੂੰ ਦੱਸ ਰਿਹਾ ਹਾਂ, ਉਸ ਦਾ ਇੱਕੋ ਤੱਤ ਹੈ ਕਿ ਸਿੱਧੀ ਗੱਲ, ਸਾਡਾ ਇੱਥੇ ਹੋਣਾ ਇਨਸਾਫ ਦੀ ਗੱਲ ਨਹੀਂ। ਜੋ ਸਤਿਕਾਰ ਤੇ ਇੱਜ਼ਤ ਸਾਡੇ ਕੋਲ ਹੈ, ਉਹ ਅਸੀਂ ਕੁਰਬਾਨ ਕਰ ਰਹੇ ਹਾਂ।
ਸਾਨੂੰ ਜਨੇਵਾ ਸਮਝੌਤਿਆਂ ਦੀ ਇੱਜ਼ਤ ਤੇ ਪਾਲਣਾ ਕਰਨੀ ਚਾਹੀਦੀ ਹੈ। ਸਾਨੂੰ ਮੰਨਣਾ ਚਾਹੀਦਾ ਹੈ ਕਿ ਅਸੀਂ ਗਲਤੀ ਕੀਤੀ।
ਸਾਨੂੰ ਹੋ ਚੀ ਮਿਨ ਦਾ ਚਾਰ ਨੁਕਾਤੀਆ ਹੱਲ ਮੰਨ ਲੈਣਾ ਚਾਹੀਦਾ ਹੈ ਕਿਉਕਿ ਉਹ ਅਸਲ ਵਿਚ ਜਨੇਵਾ ਸੰਧੀ ਦੀ ਪੂਰਤੀ ਹੈ।
ਸਾਨੂੰ ਵੀਤਨਾਮ ਛੱਡ ਜਾਣਾ ਚਾਹੀਦਾ ਹੈ।
(2 ਅਕਤੂਬਰ, 1966)
( ਗੁਰਬਚਨ ਭੁੱਲਰ ਦੀ ਪੁਸਤਕ ‘ਸਾਕਾ ਵੀਅਤਨਾਮ’ ’ਚੋਂ)
No comments:
Post a Comment