ਸੂਦਖੋਰ ਆੜ੍ਹਤੀਏ ਖ਼ਿਲਾਫ਼ ਬੀਕੇਯੂ ਉਗਰਾਹਾਂ ਵੱਲ ਘੋਲ ਜਾਰੀ
ਲੰਬੀ ਬਲਾਕ ਦੇ ਪਿੰਡ ਘੁਮਿਆਰਾ ਦੇ ਕਿਸਾਨ ਜਗਨੰਦਨ ਸਿੰਘ ਦੀ ਚਾਰ ਏਕੜ ਜ਼ਮੀਨ ਆੜ੍ਹਤੀਏ ਭਿੰਦੇ ਸੇਠੀ ਵਲੋਂ ਪੁਲਿਸ ਦੇ ਜੋਰ ਤੇ ਧੋਖੇ ਨਾਲ ਕਾਗਜੀ ਪੱਤਰੀ ਹੜੱਪਣ ਤੋਂ ਬਾਅਦ ਜ਼ਮੀਨ ਉੱਤੇ ਕਬਜੇ ਲਈ ਕੀਤੀ ਜੋਰ ਅਜਮਾਈ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਜਥੇਬੰਦਕ ਤਾਕਤ ਦੇ ਜੋਰ ਇੱਕ ਵਾਰ ਤਾਂ ਨਾਕਾਮ ਬਣਾ ਦਿੱਤੀ ਹੈ। ਝੋਨੇ ਦੀ ਫਸਲ ਕੱਟਣ ਤੋਂ ਬਾਅਦ ਮਾਲ ਵਿਭਾਗ ਵੱਲੋਂ ਕਿਸਾਨ ਨੂੰ ਨੋਟਿਸ ਭੇਜ ਕੇ 28 ਅਕਤੂਬਰ ਨੂੰ ਜ਼ਮੀਨ ’ਚ ਦਖਲ ਪਾਕੇ ਆੜਤੀਏ ਨੂੰ ਕਬਜਾ ਦੁਆਉਣ ਸਬੰਧੀ ਸੂਚਿਤ ਕੀਤਾ ਗਿਆ ਸੀ। ਭਾਵੇਂ ਕਈ ਵਰਿਆਂ ਤੋਂ ਪ੍ਰਸ਼ਾਸਨ ਵੱਲੋਂ ਅਜਿਹੇ ਨੋਟਿਸ ਭੇਜੇ ਜਾਂਦੇ ਰਹੇ ਹਨ ਅਤੇ ਕਿਸਾਨ ਜਥੇਬੰਦੀ ਵੱਲੋਂ ਵਿਰੋਧ ਉਪਰੰਤ ਪ੍ਰਸ਼ਾਸਨ ਬੇਰੰਗ ਮੁੜਦਾ ਰਿਹਾ ਪਰ ਇਸ ਵਾਰ ਪ੍ਰਸ਼ਾਸਨ ਦੀ ਵੱਡੀ ਤਿਆਰੀ ਦੀਆਂ ਕਨਸੋਆਂ ਤੋਂ ਇਹ ਅਹਿਸਾਸ ਹੋ ਗਿਆ ਸੀ ਕਿ ਇਸ ਵਾਰ ਪ੍ਰਸ਼ਾਸਨ ਥੋੜ੍ਹੇ ਕੀਤੇ ਮੁੜਨ ਵਾਲਾ ਨਹੀਂ। ਇਸ ਹਾਲਤ ’ਚ ਕਿਸਾਨ ਜਥੇਬੰਦੀ ਵੱਲੋਂ ਵੀ ਜ਼ਿਲ੍ਹੇ ਭਰ ’ਚੋਂ ਕਿਸਾਨ ਜਨਤਾ ਨੂੰ ਕਬਜੇ ਖ਼ਿਲਾਫ਼ ਪਹੁੰਚਣ ਦਾ ਸੱਦਾ ਦਿੱਤਾ ਗਿਆ। ਪਰ ਮਿਥੇ ਦਿਨ ’ਤੇ ਸਿਵਲ ਅਧਿਕਾਰੀ ਭਾਰੀ ਪੁਲਿਸ ਨਫਰੀ ਲੈ ਕੇ ਲਿਖਤੀ ਨੋਟਿਸ ’ਚ ਦਿੱਤੇ ਸਮੇਂ ਤੋਂ ਕਈ ਘੰਟੇ ਪਹਿਲਾਂ ਸਵੇਰੇ 8 ਵਜਦੇ ਨੂੰ ਹੀ ਆ ਧਮਕੇ। ਉਸ ਸਮੇਂ ਕਿਸਾਨਾਂ ਦੀ ਗਿਣਤੀ ਕਾਫੀ ਘੱਟ ਹੋਣ ਦੇ ਬਾਵਜੂਦ ਉਹਨਾਂ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ ਜਿਸ ਕਾਰਨ ਆੜ੍ਹਤੀਆ ਤੇ ਪ੍ਰਸ਼ਾਸਨ ਖੇਤ ’ਚ ਕੋਈ ਫਸਲ ਬੀਜਣੀ ਤਾਂ ਦੂਰ ਟਰੈਕਟਰ ਵੀ ਨਾ ਵਾੜ ਸਕੇ ਅਤੇ ਬੇਰੰਗ ਮੁੜਣ ਲਈ ਮਜ਼ਬੂਰ ਹੋ ਗਏ ਪਰ ਇਹ ਸੂਦਖੋਰਾਂ ਤੇ ਪ੍ਰਸ਼ਾਸਨ ਦੀ ਜੋਟੀ ਦਾ ਹੀ ਨੰਗਾ ਚਿੱਟਾ ਸਬੂਤ ਹੈ ਕਿ ਪ੍ਰਸ਼ਾਸਨ ਨੇ ਕਾਗਜਾਂ ’ਚ ਆੜਤੀਏ ਨੂੰ ਕਬਜਾ ਦੁਆਉਣ ਦੀ ਕਾਰਵਾਈ ਦਿਖਾ ਕੇ ਜ਼ਮੀਨ ਦੀ ਜਮਾਂਬੰਦੀ ਵੀ ਆੜਤੀਆਂ ਦੇ ਨਾ ਚਾੜ੍ਹ ਦਿੱਤੀ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਏਕਤਾ -ਉਗਰਾਹਾਂ ) ਦੀ ਅਗਵਾਈ ਹੇਠ ਸੈਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਆੜਤ੍ਹੀਏ ਦੀ ਢਾਣੀ ਨੂੰ ਖਦੇੜਣ ਉਪਰੰਤ ਖੇਤ ’ਚ ਵਿਸਾਲ ਰੈਲੀ ਕੀਤੀ ਗਈ ਤੇ ਪਿੰਡ ’ਚ ਮੁਜਾਹਰਾ ਕੀਤਾ ਗਿਆ ਅਤੇ ਜ਼ਮੀਨ ’ਚ ਪੱਕਾ ਮੋਰਚਾ ਲਾ ਦਿੱਤਾ ਗਿਆ ਜੋ ਅਜੇ ਤੱਕ ਵੀ ਜਾਰੀ ਹੈ।
ਇਸੇ ਦੌਰਾਨ ਕਿਸਾਨ ਜਥੇਬੰਦੀ ਵੱਲੋਂ ਆੜਤੀਏ ਦੀ ਨੰਗੀ ਚਿੱਟੀ ਧੱਕੇਸ਼ਾਹੀ ਨੂੰ ਉਭਾਰਦਾ ਹੋਇਆ ਇੱਕ ਹੱਥ ਪਰਚਾ ਵੱਡੀ ਗਿਣਤੀ ਵਿੱਚ ਛਾਪ ਕੇ ਇਲਾਕੇ ਅਤੇ ਜ਼ਿਲੇ ਦੇ ਪਿੰਡਾਂ ’ਚ ਵੰਡਿਆ ਗਿਆ। ਜਿਸ ਰਾਹੀਂ ਦਰਸਾਇਆ ਗਿਆ ਕਿ ਮੰਡੀ ਡੱਬਵਾਲੀ ਦੇ ਆੜ੍ਹਤੀਏ ਭਿੰਦੇ ਸੇਠੀ ਦੇ ਪਿੰਡ ਘੁਮਿਆਰਾ ਦੇ ਕਿਸਾਨ ਜਗਨੰਦਨ ਸਿੰਘ ਨੇ ਕਰੀਬ ਵੀਹ ਵਰ੍ਹੇ ਪਹਿਲਾਂ ਸੱਤ ਲੱਖ ਰੁਪਏ ਦੇਣੇ ਸਨ। ਆਪਣੇ ਇਸ ਕਰਜੇ ਦੀ ਇੱਕਮੁੱਠ ਉਗਰਾਹੀ ਲਈ ਆੜ੍ਹਤੀਏ ਵੱਲੋਂ ਕਿਸਾਨ ਜਗਨੰਦਨ ਸਿੰਘ ਨੂੰ ਡੱਬਵਾਲੀ ਥਾਣੇ ਗਿਰਫਤਾਰ ਕਰਵਾ ਕੇ ਅਤੇ ਡਰਾ ਧਮਕਾ ਕੇ ਖਾਲੀ ਕਾਗਜਾਂ ’ਤੇ ਆਸਟਾਮਾਂ ਉਤੇ ਦਸਤਖਤ ਕਰਵਾ ਲਏ ਸਨ। ਜਿਸ ਸਬੰਧੀ ਜਗਨੰਦਨ ਸਿੰਘ ਵੱਲੋਂ ਪੁਲੀਸ ਦੇ ਉੱਚ ਅਧਿਕਾਰੀਆਂ ਤੇ ਹਰਿਆਣਾ ਦੇ ਰਾਜਪਾਲ ਨੂੰ ਇਸ ਧੱਕੇਸਾਹੀ , ਕੁੱਟਮਾਰ ਅਤੇ ਖਾਲੀ ਕਾਗਜਾਂ ਤੇ ਆਸਟਾਮਾਂ ਆਦਿ ਉਤੇ ਜਬਰਦਸਤੀ ਦਸਤਖਤ ਕਰਾਉਣ ਸਬੰਧੀ ਭੇਜੀਆਂ ਗਈਆਂ ਲਿਖਤੀ ਸ਼ਿਕਾਇਤਾਂ ਵੀ ਭੇਜੀਆਂ ਗਈਆਂ ਸਨ। ਪਰ ਇਹਨਾਂ ਸ਼ਿਕਾਇਤਾਂ ਦਾ ਕੁੱਝ ਵੀ ਨਾ ਵੱਟਿਆ ਗਿਆ ਕਿਉਂਕਿ ਇਹਨਾਂ ਆੜਤੀਆਂ ਵੱਲੋਂ ਵੱਡੀ ਜਾਅਲਸਾਜੀ ਕਰਦਿਆਂ 5 ਏਕੜ ਜ਼ਮੀਨ ਦਾ ਜਬਰੀ ਇਕਰਨਾਮਾ ਆਪਣੇ ਨਾਮ ਲਿਖਣ ਦੀ ਥਾਂ ਆਪਣੇ ਚਹੇਤੇ ਤੇ ਦੋ ਨੰਬਰ ਦੇ ਧੰਦੇ ’ਚ ਭਾਈਵਾਲ ਗੁਰਦੇਵ ਸਿੰਘ ਬਾਂਡੀ ਦੇ ਨਾਮ ਲਿਖਿਆ ਗਿਆ ਸੀ। ਇਸ ਮਕਾਰੀ ਭਰੀ ਜਾਅਲਸਾਜੀ ਬਾਰੇ ਜਗਨੰਦਨ ਸਿੰਘ ਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਗੁਰਦੇਵ ਸਿੰਘ ਦੁਆਰਾ ਉਸਦੇ ਘਰ ਸੰਮਨ ਭੇਜ ਦਿੱਤੇ ਕਿ ਜ਼ਮੀਨ ਬੈਅ ਕਰਨ ਦੇ ਕੀਤੇ ਇਕਰਾਰ ਨਾਮੇ ਮੁਤਾਬਕ ਜਗਨੰਦਨ ਸਿੰਘ ਦੁਆਰਾ ਮਿਥੀ ਤਰੀਕ ’ਤੇ ਉਸਦੇ ਨਾਮ ਰਜਿਸਟਰੀ ਨਹੀਂ ਕਰਵਾਈ ਗਈ । ਭਾਵੇਂ ਕਿਸਾਨ ਜਗਨੰਦਨ ਸਿੰਘ ਵੱਲੋਂ ਇਸ ਇਕਰਾਰਨਾਮੇ ਤੇ ਕੇਸ ਨੂੰ ਰੱਦ ਕਰਾਉਣ ਲਈ ਗਿੱਦੜਬਾਹਾ ਅਦਾਲਤ ਤੋਂ ਲੈਕੇ ਦੇਸ ਦੀ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਗਈ, ਪਰ ਆੜਤੀਆਂ ਤੇ ਗੁਰਦੇਵ ਬਾਂਡੀ ਦੇ ਅੰਨ੍ਹੇ ਪੈਸੇ ਅਤੇ ਸਿਆਸੀ ਤੇ ਪ੍ਰਸ਼ਾਸਨਿਕ ਜੋਰ ਮੂਹਰੇ ਕਿਸਾਨ ਦੀ ਕੋਈ ਵਾਹ ਨਾ ਚੱਲੀ। ਅਤੇ ਅਦਾਲਤਾਂ ਵੱਲੋਂ ਸਭਨਾਂ ਸਬੂਤਾਂ ਨੂੰ ਨਜਰਅੰਦਾਜ ਕਰਕੇ ਚਾਰ ਏਕੜ ਜ਼ਮੀਨ ਗੁਰਦੇਵ ਸਿੰਘ ਦੇ ਨਾਮ ਕਰ ਦਿੱਤੀ। ਜਦੋਂ ਕਿ ਫੋਰੈਸਿਕ ਮਾਹਰਾਂ ਵੱਲੋਂ ਜਗਨੰਦਨ ਸਿੰਘ ਤੋਂ ਜਬਰਦਸਤੀ ਕਰਵਾਏ ਇਕਰਾਰਨਾਮੇ ’ਚ ਭੰਨ ਤੋੜ ਕਰਨ ਅਤੇ ਤਰੀਕਾਂ ਬਦਲਣ ਦੀ ਰਿਪੋਰਟ ਵੀ ਦੇ ਦਿੱਤੀ ਸੀ। ਜਗਨੰਦਨ ਸਿੰਘ ਮੁਤਾਬਕ ਜ਼ਮੀਨੀ ਰਿਕਾਰਡ ਨਾਲ ਕੀਤੀ ਭੰਨ ਤੋੜ ਸਬੰਧੀ ਤਾਂ ਮੌਕੇ ਦੇ ਪਟਵਾਰੀ ਵੱਲੋਂ ਵੀ ਬਿਆਨ ਦੇ ਦਿੱਤਾ ਸੀ ਕਿ ਇਹ ਭੰਨ ਤੋੜ ਤਾਂ ਉਹਦੇ ਵਲੋਂ ਆੜਤੀਆਂ ਤੇ ਗੁਰਦੇਵ ਬਾਂਡੀ ਦੇ ਦਬਾਅ ਹੇਠ ਆ ਕੇ ਹੀ ਕੀਤੀ ਗਈ ਹੈ। ਪਰ “ਕੌਣ ਕਹੇ ਕਿ ਰਾਣੀ ਅੱਗਾ ਢਕ’’ ਤੇ “ ਸਕਤੇ ਦਾ ਸੱਤੀ ਵੀਹੀਂ ਸੌ ’’ ਵਾਲੀ ਕਹਾਵਤ ਨੂੰ ਸੱਚ ਸਾਬਤ ਕਰਦਿਆਂ ਅਦਾਲਤਾਂ ਵੀ ਤਕੜਿਆਂ ਦੇ ਹੱਕ ’ਚ ਹੀ ਭੁਗਤ ਗਈਆਂ ਤੇ 5 ਏਕੜ ਦੀ ਥਾਂ 4 ਏਕੜ ਜ਼ਮੀਨ ਗੁਰਦੇਵ ਸਿੰਘ ਦੇ ਨਾਮ ਕਰ ਦਿੱਤੀ ਗਈ ।
ਆੜ੍ਹਤੀਏ ਭਿੰਦੇ ਸੇਠੀ ਕੇ ਲਾਣੇ ਅਤੇ ਗੁਰਦੇਵ ਬਾਂਡੀ ਵੱਲੋਂ ਰਲ ਮਿਲ ਕੇ ਜਗਨੰਦਨ ਸਿੰਘ ਦੀ ਚਾਰ ਏਕੜ ਜ਼ਮੀਨ ਹਥਿਆਉਣ ਦਾ ਪਰਦਾਫਾਸ ਇਸ ਗੱਲ ਤੋਂ ਵੀ ਹੁੰਦਾ ਹੈ ਕਿ ਪਿਛੋਂ ਗੁਰਦੇਵ ਬਾਂਡੀ ਵੱਲੋਂ ਇਹੀ ਜ਼ਮੀਨ ਇੱਕ ਵਸੀਅਤ ਰਾਹੀਂ ਆੜਤੀਆਂ ਦੇ ਇੱਕ ਮੁੰਡੇ ਵੀਨਸ ਸੇਠੀ ਨੂੰ ਗਿਫਟ ਕਰ ਦਿੱਤੀ ਗਈ। ਅਤੇ ਹੁਣ ਆੜਤੀਏ ਨਿਆਈਂ ਵਾਲੀ ਇਸੇ ਜ਼ਮੀਨ ਦਾ ਕਬਜਾ ਲੈਣ ਲਈ ਤਰਲੋ ਮੱਛੀ ਹੋ ਰਹੇ ਆ। ਗੁਰਦੇਵ ਬਾਂਡੀ ਵੱਲੋਂ ਆੜਤੀਆਂ ਦੇ ਮੁੰਡੇ ਨੂੰ ਚਾਰ ਏਕੜ ਜ਼ਮੀਨ ਗਿਫਟ ਕਰਨ ਦੀ ਕਾਰਵਾਈ ਕਿਸੇ ਕਿਸਮ ਦਾ ਭੁਲੇਖਾ ਹੀ ਨਹੀਂ ਰਹਿਣ ਦਿੰਦੀ ਕਿ ਆੜਤੀਏ ਭਿੰਦੇ ਸੇਠੀ ਕੇ ਲਾਣੇ ਵਲੋਂ ਜਗਨੰਦਨ ਸਿੰਘ ਤੋਂ ਧੋਖੇ ਅਤੇ ਪੁਲਿਸ ਜਬਰ ਦੇ ਜੋਰ ਇਸ ਜ਼ਮੀਨ ਦਾ ਇਕਰਾਰਨਾਮਾ ਆਪਣੇ ਵਾਸਤੇ ਹੀ ਗੁਰਦੇਵ ਬਾਂਡੀ ਦੇ ਨਾਮ ਕਰਵਾਇਆ ਗਿਆ ਸੀ। ਇਸਤੋਂ ਇਲਾਵਾ ਆੜਤੀਏ ਵੱਲੋਂ ਕਿਸਾਨ ਨਾਲ 50 ਲੱਖ ਰੁਪਏ ’ਚ ਸਮਝੌਤਾ ਕਰਕੇ ਜ਼ਮੀਨ ਮੁੜ ਕਿਸਾਨ ਦੇ ਨਾਮ ਕਰਾਉਣ ਤੋਂ ਮੁੱਕਰਨ ਬਾਰੇ ਵੀ ਹੱਥ ਪਰਚੇ ’ਚ ਸਾਫ ਕਰਕੇ ਦਰਸਾਇਆ ਗਿਆ ਕਿ ਅਸਲ ’ਚ ਆੜਤੀਏ ਦੀ ਅੱਖ ਜ਼ਮੀਨ ਹਥਿਆਉਣ ਉਤੇ ਹੀ ਹੈ ਜਿਸਨੂੰ ਜਥੇਬੰਦ ਤਾਕਤ ਦੇ ਜੋਰ ਹੀ ਰੋਕਿਆ ਜਾ ਸਕਦਾ ਹੈ।
ਇਸ ਹੱਥ ਪਰਚੇ ਰਾਹੀਂ ਇਸ ਆੜਤੀਏ ਵੱਲੋਂ ਪਿੰਡ ਘੁਮਿਆਰਾ ਦੇ ਹੋਰ ਕਿਸਾਨਾਂ ਨੂੰ ਕਰਜੇ ਬਦਲੇ ਜ਼ਲੀਲ ਕਰਨ, ਪੁਲਿਸ ਕੋਲ ਗਿਰਫਤਾਰ ਕਰਵਾਉਣ ਅਤੇ ਕੁੱਝ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਜ਼ਮੀਨਾਂ ਹਥਿਆਉਣ ਦੀਆਂ ਘਟਨਾਵਾਂ ਦਾ ਪਰਦਾਫਾਸ਼ ਕੀਤਾ ਗਿਆ ਆਦਿ।
ਇਲਾਕੇ ਤੇ ਜ਼ਿਲ੍ਹੇ ’ਚ ਆੜਤੀਏ ਦੀ ਨੰਗੀ ਚਿੱਟੀ ਧੱਕੇਸਾਹੀ ਖ਼ਿਲਾਫ਼ ਮੁਹਿੰਮ ਲਾਮਬੰਦ ਕਰਨ ਉਪਰੰਤ 12 ਨਵੰਬਰ ਨੂੰ ਜ਼ਮੀਨ ਵਿੱਚ ਕਣਕ ਬੀਜਣ ਦਾ ਜਨਤਕ ਐਲਾਨ ਸੂਬਾਈ ਆਗੂਆਂ ਦੀ ਹਾਜਰੀ ’ਚ ਕੀਤੀ ਜ਼ਿਲ੍ਹਾ ਪੱਧਰੀ ਵਧਵੀਂ ਮੀਟਿੰਗ ’ਚ ਕੀਤਾ ਗਿਆ। ਇਸ ਐਲਾਨ ਉਤੇ ਕਾਇਮ ਰਹਿੰਦਿਆਂ 12 ਨਵੰਬਰ ਨੂੰ ਪਿੰਡ, ਇਲਾਕੇ ਤੇ ਜ਼ਿਲ੍ਹੇ ਭਰ ’ਚੋਂ ਪੁੱਜੇ ਸੈਂਕੜੇ ਕਿਸਾਨਾਂ ਵੱਲੋਂ ਜ਼ਮੀਨ ਵਿੱਚ ਵਹਾਈ ਕਰਕੇ ਕਣਕ ਦੀ ਬਿਜਾਈ ਕੀਤੀ ਗਈ ਪਰ ਨਾ ਆੜਤੀਆਂ ਤੇ ਨਾ ਪ੍ਰਸ਼ਾਸਨ ਕਿਧਰੇ ਦਿਖਾਈ ਦਿੱਤਾ। ਬਿਨਾਂ ਸ਼ੱਕ ਕਿਸਾਨਾਂ ਵੱਲੋਂ ਖੇਤ ’ਚ ਬਿਜਾਈ ਕਰਕੇ ਇੱਕ ਵਾਰ ਜਿੱਤ ਦਾ ਪਰਚਮ ਲਹਿਰਾ ਦਿੱਤਾ ਗਿਆ ਪਰ ਜ਼ਮੀਨ ਦਾ ਕਾਗਜੀ ਪੱਤਰੀ ਕਬਜਾ ਅਜੇ ਵੀ ਆੜਤੀਏ ਦਾ ਹੀ ਹੋਣ ਕਾਰਨ ਲੜਾਈ ਮੁੱਕੀ ਨਹੀਂ ਸਗੋਂ ਕਣਕ ਦੀ ਕਟਾਈ ਸਮੇਂ ਫਿਰ ਜੋਰ ਅਜਮਾਈ ਹੋਣੀ ਤਹਿ ਹੈ। ਕਿਸਾਨ ਜਥੇਬੰਦੀ ਇਸ ਪੱਖੋਂ ਸੁਚੇਤ ਹੈ ਅਤੇ ਆੜਤੀਏ ਵੱਲੋਂ ਹੋਰਨਾਂ ਪਿੰਡਾਂ ਦੇ ਕਿਸਾਨਾਂ ਨਾਲ ਕੀਤੀਆਂ ਜਾਅਲਸਾਜੀਆਂ ਤੇ ਧੱਕੇ ਧੋੜਿਆਂ ਦੇ ਕੇਸ ਤਿਆਰ ਕਰਨ ਰਾਹੀਂ ਹੋਰ ਵਧੇਰੇ ਲਾਮਬੰਦੀ ਦੇ ਅਮਲ ’ਚ ਜੁਟੀ ਹੋਈ ਹੈ।
---੦---
No comments:
Post a Comment