ਕਿਸਾਨ ਆਗੂ ਦੀ ਖੁਦਕੁਸ਼ੀ ਦੇ ਦੋਸ਼ੀ ਆੜ੍ਹਤੀਆਂਨੂੰ ਬਚਾ
ਰਹੀ
ਕਾਂਗਰਸ ਹਕੂਮਤ ਤੇ
ਪੁਲਸ ਖਿਲਾਫ਼ ਭੜਕਿਆ ਕਿਸਾਨਾਂ ਦਾ ਰੋਹ
ਭਾਰਤੀ ਕਿਸਾਨ
ਯੂਨੀਅਨ (ਏਕਤਾ ਉਗਰਾਹਾਂ) ਜ਼ਿਲ੍ਹਾ ਬਠਿੰਡਾ ਦੇ ਬਲਾਕ ਨਥਾਣਾ ਦੇ ਪ੍ਰਧਾਨ ਮਨਜੀਤ ਸਿੰਘ ਭੁੱਚੋ
ਖੁਰਦ ਵੱਲੋਂ 26 ਜਨਵਰੀ 2019 ਨੂੰ ਕੋਈ ਜ਼ਹਿਰਲੀ ਚੀਜ਼ ਨਿਗਲ ਲਈ ਸੀ ਅਤੇ ਕਈ ਦਿਨ ਚੱਲੇ ਇਲਾਜ ਉਪਰੰਤ 8 ਫਰਵਰੀ ਨੂੰ ਉਸ ਦੀ ਮੌਤ ਹੋ ਗਈ ਸੀ। ਉਸ ਵੱਲੋਂ 25 ਜਨਵਰੀ ਨੂੰ ਹੀ ਪੁਲਸ ਚੌਂਕੀ ਭੁੱਚੋ ਮੰਡੀ ਵਿਖੇ ਇੱਕ ਦਰਖਾਸਤ ਦੇ ਕੇ ਆੜ੍ਹਤੀਏ ਅਸ਼ੋਕ ਕੁਮਾਰ
ਤੇ ਸੁਜੀਤ ਕੁਮਾਰ ਵੱਲੋਂ ਉਸ ਨਾਲ 18-20 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਕੁੱਟਮਾਰ ਕਰਨ ਦੀ
ਸ਼ਿਕਾਇਤ ਕੀਤੀ ਗਈ ਸੀ। ਪ੍ਰੰਤੂ ਮਨਜੀਤ ਸਿੰਘ ਦੀ ਮੌਤ ਤੋਂ ਤੁਰੰਤ ਬਾਅਦ ਪਰਿਵਾਰ ਅਤੇ ਕਿਸਾਨ
ਜਥੇਬੰਦੀ ਦੇ ਆਗੂਆਂ ਵੱਲੋਂ ਆੜ੍ਹਤੀਆਂਖਿਲਾਫ਼ ਕਾਰਵਾਈ ਕਰਾਉਣ ਦੀ ਬਜਾਏ ਮਸਲੇ ਦੀ ਜਾਂਚ ਪੜਤਾਲ
ਤੋਂ ਬਾਅਦ ਹੀ ਕੋਈ ਕਦਮ ਚੁੱਕਣ ਦਾ ਫੈਸਲਾ ਲਿਆ ਗਿਆ ਸੀ। ਇਸ ਫੈਸਲੇ ਦੀ ਵਜ੍ਹਾ ਇਹ ਸੀ ਕਿ
ਪਰਿਵਾਰ ਸਮੇਤ ਜਥੇਬੰਦੀ ਆਗੂ ਇਸ ਗੱਲ ਬਾਰੇ ਤੱਥਾਂ ਸਹਿਤ ਪੂਰੀ ਤਰ੍ਹਾਂ ਸਪੱਸ਼ਟ ਹੋਣਾ ਚਾਹੁੰਦੇ
ਸਨ ਕਿ ਮਨਜੀਤ ਸਿੰਘ ਵਰਗੇ ਛੋਟੇ ਕਿਸਾਨ ਕੋਲ ਆੜ੍ਹਤੀਆਂਕੋਲ ਅਮਾਨਤ ਵਜੋਂ ਰੱਖਣ ਲਈ ਭਲਾ ਐਨੇ
ਪੈਸੇ ਕਿੱਥੋਂ ਆਏ?ਆਖਰ ਕਈ ਮਹੀਨੇ ਲੰਮੀ ਅਤੇ ਵੱਖ-ਵੱਖ ਪੱਖਾਂ ਤੋਂ ਕੀਤੀ ਜਾਂਚ ਪੜਤਾਲ ਦੌਰਾਨ ਕਈ ਅਹਿਮ ਤੱਥ ਸਾਹਮਣੇ ਆ ਗਏ ਜੋ ਮਨਜੀਤ ਸਿੰਘ ਵੱਲੋਂ ਆੜ੍ਹਤੀਆਂਦੁਆਰਾ ਉਸ ਨਾਲ 18-20 ਲੱਖ ਰੁਪਏ ਦੀ ਠੱਗੀ ਮਾਰਨ ਦੇ ਲਾਏ ਦੋਸ਼ਾਂ ਦੀ ਪੁਸ਼ਟੀ ਕਰਦੇ ਸਨ। ਇਹਨਾਂ ਵਿੱਚ ਇੱਕ ਅਹਿਮ ਪੱਖ ਮਨਜੀਤ ਸਿੰਘ ਦੁਆਰਾ ਪਿਛਲੇ ਕੁੱਝ ਸਮੇਂ 'ਚ ਹੀ ਲੱਗਭੱਗ 45 ਲੱਖ ਰੁਪਏ ਦੀ ਜ਼ਮੀਨ ਵੇਚੇ ਜਾਣ ਵਾਲਾ ਸਾਹਮਣੇ ਆਇਆ ਜਿਸ ਬਾਰੇ ਪਰਿਵਾਰ ਅਤੇ ਜਥੇਬੰਦੀ ਦੇ ਆਗੂਆਂ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਇਹਨਾਂ ਸਾਰੇ ਤੱਥਾਂ ਅਤੇ ਦਸਤਾਵੇਜ਼ੀ ਸਬੂਤਾਂ ਸਮੇਤ ਕਿਸਾਨ ਆਗੂਆਂ ਵੱਲੋਂ 8 ਜੂਨ 2019 ਨੂੰ ਇੱਕ ਡੈਪੂਟੇਸ਼ਨ ਐਸ.ਐਸ.ਪੀ. ਬਠਿੰਡਾ ਨੂੰ ਮਿਲਕੇ ਆੜ੍ਹਤੀਆਂਖਿਲਾਫ਼ ਮਨਜੀਤ ਸਿੰਘ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਅਤੇ ਉਸ ਨਾਲ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਐਸ.ਐਸ.ਪੀ. ਵੱਲੋਂ ਥੋੜ੍ਹੀ ਬਹੁਤੀ ਨਾਂਹ ਨੁੱਕਰ ਤੋਂ ਬਾਅਦ ਪਰਚਾ ਦਰਜ ਕਰਨ ਦੀ ਮੰਗ ਪ੍ਰਵਾਨ ਕਰ ਲਈ ਗਈ ਅਤੇ ਸਬੰਧਤ ਥਾਣੇ ਨੂੰ ਵੀ ਇਸ ਵਾਰੇ ਹਦਾਇਤ ਕਰ ਦਿੱਤੀ ਗਈ, ਪਰ ਪੁਲਸ ਥਾਣਾ ਕੈਂਟ ਅੰਦਰ ਬਿਆਨ ਲਿਖਦੇ-ਲਿਖਦੇ ਹੀ ਆੜ੍ਹਤੀਆਂ-ਪੁਲਸ-ਸਿਆਸੀ ਗੱਠਜੋੜ ਹਰਕਤ ਵਿੱਚ ਆ ਗਿਆ ਅਤੇ ਐਸ.ਐਚ.ਓ. ਪਰਚਾ ਦਰਜ ਕਰਨ ਤੋਂ ਮੁੱਕਰ ਗਈ। ਪੁਲਸ ਦੇ ਇਸ ਰੱਵਈਏ ਖਿਲਾਫ਼ ਕਿਸਾਨ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਬਠਿੰਡਾ ਵੱਲੋਂ 9 ਜੂਨ ਤੋਂ 11 ਜੂਨ ਤੱਕ ਪੁਲਸ ਥਾਣਾ ਕੈਂਟ ਬਠਿੰਡਾ ਅੱਗੇ ਦਿਨ-ਰਾਤ ਦਾ ਧਰਨਾ ਦਿੱਤਾ ਗਿਆ ਅਤੇ 12 ਜੂਨ ਤੋਂ 14 ਜੂਨ ਤੱਕ ਤਿੰਨ ਦਿਨ ਨੇੜਲੇ ਜ਼ਿਲ੍ਹਿਆਂ ਦੀ ਮੱਦਦ ਨਾਲ ਥਾਣੇ ਦਾ ਘਿਰਾਓ ਕੀਤਾ ਗਿਆ। ਦੂਜੇ ਪਾਸੇ ਜ਼ਿਲ੍ਹੇ ਦੇ ਐਸ.ਐਸ.ਪੀ. ਦੇ ਇਸ਼ਾਰੇ 'ਤੇ ਅਤੇ ਹਲਕੇ ਦੇ ਕਾਂਗਰਸੀ ਵਿਧਾਇਕ ਪ੍ਰੀਤਮ ਕੋਟਭਾਈ ਦੀ ਹਮਾਇਤ ਨਾਲ ਆੜ੍ਹਤੀਆਂ ਵੱਲੋਂ ਵੀ ਭੁੱਚੋ ਮੰਡੀ ਪੁਲਸ ਚੌਂਕੀ ਅੱਗੇ ਕਿਸਾਨ ਜਥੇਬੰਦੀ ਖਿਲਾਫ਼ ਧਰਨਾ ਦੇ ਕੇ ਮੰਡੀ ਬੰਦ ਕਰਾਉਣ ਦੇ ਅਸਫ਼ਲ ਯਤਨ ਵੀ ਕੀਤੇ ਗਏ। ਆਖਰ ਕਿਸਾਨ ਤਾਕਤ ਅੱਗੇ ਇੱਕ ਵਾਰ ਆੜ੍ਹਤੀ-ਪੁਲਸ-ਸਿਆਸੀ ਗੱਠਜੋੜ ਨੂੰ ਝੁਕਣਾ ਪਿਆ। ਅਤੇ ਪੁਲਸ ਨੂੰ ਆੜ੍ਹਤੀਆਂਖਿਲਾਫ਼ ਕਿਸਾਨ ਆਗੂ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ ਕਰਨ ਦਾ ਕੌੜਾ ਅੱਕ ਚੱਬਣਾ ਪਿਆ।
ਆੜ੍ਹਤੀਆਂਖਿਲਾਫ਼ ਪਰਚਾ ਦਰਜ ਕਰਨ ਦੇ ਬਾਵਜੂਦ ਜਦੋਂ ਪੁਲੀਸ ਵੱਲੋਂ ਉਹਨਾ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀ ਵੱਲੋਂ 28 ਜੂਨ ਤੋਂ 1 ਜੁਲਾਈ ਤੱਕ ਥਾਣੇ ਅੱਗੇ ਮੁੜ ਮੋਰਚਾ ਲਾ ਦਿੱਤਾ ਗਿਆ। ਪਰ ਜਿਵੇਂ ਪੁਲਸ ਅਧਿਕਾਰੀਆਂ ਵੱਲੋਂ ਇਸ ਕੇਸ ਸਬੰਧੀ ਜਥੇਬੰਦੀ ਦੁਆਰਾ ਪੇਸ਼ ਕੀਤੇ ਗਏ ਤੱਥਾਂ ਸਬੂਤਾਂ ਨੂੰ ਨੰਗੇ ਚਿੱਟੇ ਤੇ ਝੂਠੇ ਸਬੂਤਾਂ ਦੇ ਰਾਹੀਂ ਰੱਦ ਕਰਨ ਦੇ ਯਤਨ ਕੀਤੇ ਗਏ ਇਸ ਤੋਂ ਸਾਫ਼ ਹੋ ਗਿਆ ਸੀ ਕਿ ਪੁਲਸ ਨਾ ਸਿਰਫ਼ ਆੜ੍ਹਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਹੀ ਇਨਕਾਰੀ ਹੈ ਸਗੋਂ ਪੜਤਾਲ ਦੇ ਨਾਂਅ 'ਤੇ ਉਹਨਾਂ 'ਤੇ ਦਰਜ ਕੀਤਾ ਪਰਚਾ ਹੀ ਰੱਦ ਕਰਨਾ ਚਾਹੁੰਦੀ ਹੈ। ਦੂਜੇ ਪਾਸੇ ਪੁਲਸ ਵੱਲੋਂ ਕਿਸਾਨਾਂ ਦੇ ਸਖਤ ਐਕਸ਼ਨ ਨਾਲ ਨਜਿੱਠਣ ਲਈ ਹਮਲਾਵਰ ਸੰਕੇਤ ਵੀ ਦਿੱਤੇ ਗਏ ਸਨ। ਇਹਨਾਂ ਪੱਖਾਂ ਨੂੰ ਮੁੱਖ ਰੱਖਦੇ ਹੋਏ ਸੂਬਾ ਕਮੇਟੀ ਵੱਲੋਂ ਇਸ ਮੁੱਦੇ ਨੂੰ ਆਪਣੇ ਹੱਥ ਲੈ ਕੇ ਵਿਸ਼ਾਲ ਕਿਸਾਨ ਤਾਕਤ ਦੇ ਜ਼ੋਰ ਫੈਸਲਾਕੁੰਨ ਘੋਲ ਲੜਨ ਦਾ ਐਲਾਨ ਕਰਕੇ ਥਾਣੇ ਅੱਗੇ ਜ਼ਿਲ੍ਹੇ ਵੱਲੋਂ ਚਲਦਾ ਮੋਰਚਾ ਮੁਲਤਵੀ ਕਰ ਦਿੱਤਾ ਗਿਆ।
ਸੂਬਾ ਕਮੇਟੀ ਵੱਲੋਂ ਇਸ ਮੁੱਦੇ 'ਤੇ ਆੜ੍ਹਤੀ-ਪੁਲਸ ਪ੍ਰਸ਼ਾਸਨ ਤੇ ਕਾਂਗਰਸ ਹਕੂਮਤ ਦੇ ਗੱਠਜੋੜ ਵੱਲੋਂ ਕਿਸਾਨ ਜਥੇਬੰਦੀ ਤੇ ਕਿਸਾਨ ਲਹਿਰ ਨੂੰ ਦਿੱਤੀ ਜਾ ਰਹੀ ਚਣੌਤੀ ਵਜੋਂ ਲੈਂਦਿਆਂ 26 ਜੁਲਾਈ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਚਣੌਤੀ ਕਬੂਲ ਰੈਲੀ ਕਰਨ ਉਪਰੰਤ ਫੈਸਲਾਕੁੰਨ ਐਕਸ਼ਨ ਕਰਨ ਦਾ ਸੱਦਾ ਦਿੱਤਾ ਗਿਆ। ਇਸ ਸੱਦੇ ਨੂੰ ਕਿਸਾਨ ਜਨਤਾ ਵੱਲੋਂ ਜਬਰਦਸਤ ਹੁੰਗਾਰਾ ਭਰਿਆ ਗਿਆ।
ਕਿਸਾਨ ਜਥੇਬੰਦੀ ਵੱਲੋਂ ਇਸ ਸੱਦੇ ਦੀ ਸਫ਼ਲਤਾ ਲਈ ਜਿੱਥੇ ਇਸ ਮਸਲੇ ਨਾਲ ਜੁੜੇ ਵੱਖ-ਵੱਖ ਤੱਥਾਂ ਤੇ ਪੱਖਾਂ ਨੂੰ ਉਭਾਰਦਾ ''ਚਣੌਤੀ ਕਬੂਲ ਕਰੋ'' ਦੇ ਸਿਰਲੇਖ ਹੇਠ ਵੱਡੀ ਗਿਣਤੀ 'ਚ ਹੱਥ ਪਰਚਾ ਜਾਰੀ ਕਰਕੇ ਵੰਡਿਆ ਗਿਆ ਉੱਥੇ ਵੱਖ-ਵੱਖ ਜ਼ਿਲ੍ਹਿਆਂ ਦੇ 2000 ਤੋਂ ਵਧੇਰੇ ਸਰਗਰਮ ਆਗੂ ਵਰਕਰਾਂ ਦੀਆਂ ਸਿੱਖਿਆਦਾਇਕ ਮੀਟਿੰਗਾਂ ਵੀ ਜਥੇਬੰਦ ਕੀਤੀਆਂ ਗਈਆਂ। ਹੱਥ ਪਰਚੇ ਤੇ ਮੀਟਿੰਗਾਂ ਦੌਰਾਨ ਜਿਹਨਾਂ ਪੱਖਾਂ ਨੂੰ ਉਭਾਰਕੇ ਕਿਸਾਨ ਜਨਤਾ ਦੇ ਪੱਲੇ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਦਾ ਸਾਰ ਤੱਤ ਇਹ ਬਣਦਾ ਹੈ : ਪਹਿਲੀ ਗੱਲ, ਘਟਨਾ ਵਾਪਰਨ ਸਮੇਂ ਹੀ ਤੁਰੰਤ ਆੜ੍ਹਤੀਆਂ 'ਤੇ ਪਰਚਾ ਦਰਜ ਕਰਾਉਣ ਦੀ ਥਾਂ ਪੜਤਾਲ ਕਰਨ ਦਾ ਫੈਸਲਾ ਜਥੇਬੰਦੀ ਦੀ ਕਮਜ਼ੋਰੀ ਦੀ ਨਹੀਂ ਸਗੋਂ ਨਿੱਗਰ ਰਵਾਇਤਾਂ ਤੇ ਤਕੜਾਈ ਦਾ ਨਮੂਨਾ ਹੈ। ਦੂਜੀ ਗੱਲ, ਸਭਨਾਂ ਤੱਥਾਂ ਤੇ ਸਬੂਤਾਂ ਦੇ ਬਾਵਜੂਦ ਪਹਿਲਾਂ ਪੁਲਸ ਵੱਲੋਂ ਪਰਚਾ ਦਰਜ ਕਰਨ ਦੀ ਮੰਗ ਮੰਨ ਕੇ ਮੁੱਕਰ ਜਾਣਾ, ਫਿਰ ਪਰਚਾ ਦਰਜਾ ਕਰਨ ਦੇ ਬਾਵਜੂਦ ਆੜ੍ਹਤੀਆਂ ਨੂੰ ਗ੍ਰਿਫਤਾਰ ਨਾ ਕਰਨਾ ਅਤੇ ਹੁਣ ਪੜਤਾਲ ਦੇ ਬਹਾਨੇ ਪਰਚਾ ਰੱਦ ਕਰਨ ਦੇ ਕੀਤੇ ਜਾ ਰਹੇ ਯਤਨ ਹਕੂਮਤ ਤੇ ਪੁਲਸ ਸਮੇਤ ਸਮੁੱਚੀ ਰਾਜ ਮਸ਼ਨੀਰੀ ਦੀ ਸੂਦਖੋਰਾਂ ਤੇ ਆੜ੍ਹਤੀਏ ਵਰਗ ਨਾਲ ਜਮਾਤੀ ਸਾਂਝ ਅਤੇ ਕਿਸਾਨ ਜਮਾਤ ਨਾਲ ਜਮਾਤੀ ਦੁਸ਼ਮਣੀ ਦਾ ਹੀ ਸਿੱਟਾ ਹੈ। ਇਸ ਪੱਖ ਨੂੰ ਸੂਦਖੋਰਾਂ ਤੇ ਆੜ੍ਹਤੀਆਂ ਖਿਲਾਫ਼ ਚੱਲੇ ਵੱਖ-ਵੱਖ ਘੋਲਾਂ ਸਮੇਂ ਹਕੂਮਤਾਂ ਤੇ ਪੁਲਸ ਵੱਲੋਂ ਡਟ ਕੇ ਆੜ੍ਹਤੀਆਂ ਨਾਲ ਖੜ੍ਹਨ ਅਤੇ ਕਿਸਾਨਾਂ 'ਤੇ ਜਬਰ ਢਾਹੁਣ ਦੇ ਤਜਰਬੇ ਨਾਲ ਵੀ ਜੋੜਿਆ ਗਿਆ। ਤੀਜੀ ਗੱਲ, ਇਸ ਘੋਲ ਮੁੱਦੇ ਨੂੰ ਸੂਦਖੋਰ ਆੜ੍ਹਤੀਆਂ ਦੀ ਲੁੱਟ, ਦਾਬੇ ਤੇ ਧੋਖਾਧੜੀਆਂ ਨੂੰ ਨੱਥ ਪਾਉਣ ਦੀ ਚੱਲ ਰਹੀ ਜੱਦੋਜਹਿਦ ਦੇ ਅੰਗ ਵਜੋਂ ਲੈਦਿਆਂ ਜਾਨ ਹੂਲਵੇਂ ਘੋਲਾਂ ਦੇ ਜ਼ੋਰ ਕਿਸਾਨ ਖੁਦਕੁਸ਼ੀਆਂ ਦੇ ਦੋਸ਼ੀ ਆੜ੍ਹਤੀਆਂ ਤੇ ਸੂਦਖੋਰਾਂ ਖਿਲਾਫ਼ ਮੁਕੱਦਮੇ ਦਰਜ ਕਰਨ ਦੀ ਪਿਰਤ ਪਾਉਣ ਸਮੇਤ ਹਾਸਲ ਕੀਤੀਆਂ ਹੋਰ ਪ੍ਰਾਪਤੀਆਂ ਨੂੰ ਅੱਗੇ ਵਧਾਉਣ ਵਾਲੀ ਲੜਾਈ ਦੇ ਅਹਿਮ ਅੰਗ ਵਜੋਂ ਉਭਾਰਿਆ ਗਿਆ। ਦੂਜੇ ਪਾਸੇ ਇਸ ਮੁੱਦੇ 'ਤੇ ਆੜ੍ਹਤੀਆਂ ਨੂੰ ਬਚਾ ਰਹੀ ਅਤੇ ਕਿਸਾਨ ਜਥੇਬੰਦੀਆਂ ਨੂੰ ਚਣੌਤੀ ਦੇ ਰਹੀ ਕਾਂਗਰਸ ਹਕੂਮਤ ਤੇ ਪੁਲਸ ਵੱਲੋਂ ਅਪਣਾਏ ਜਾ ਰਹੇ ਕੋਝੇ ਹੱਥ ਕੰਡਿਆਂ ਨੂੰ ਕਿਸਾਨਾਂ ਦੁਆਰਾ ਲੜਕੇ ਹਾਸਲ ਕੀਤੀਆਂ ਜਿੱਤਾਂ ਨੂੰ ਖੋਰਨ ਅਤੇ ਕਿਸਾਨ ਜਥੇਬੰਦੀ ਨੂੰ ਖੋਰਾ ਲਾਉਣ ਦੇ ਯਤਨਾਂ ਵਜੋਂ ਉਭਾਰਿਆ ਗਿਆ। ਇਉਂ ਇਸ ਮਸਲੇ ਨੂੰ ''ਸਹੇ ਦੇ ਨਹੀਂ ਪਹੇ ਦੇ'' ਮਸਲੇ ਵਜੋਂ ਉਭਾਰਦਿਆਂ ਵਿਸ਼ਾਲ ਲਾਮਬੰਦੀ ਤੇ ਉਚੇਰੀ ਮਾਨਸਿਕ ਤਿਆਰੀ ਦੀ ਲੋੜ 'ਤੇ ਜੋਰ ਦਿੱਤਾ ਗਿਆ।
ਇਸ ਤਰ੍ਹਾਂ ਇੱਕ ਪਾਸੇ ਤਾਂ ਕਿਸਾਨ ਜਥੇਬੰਦੀ ਵੱਲੋਂ ਜ਼ੋਰਦਾਰ, ਬੱਝਵੇਂ, ਸਿੱਖਿਆਦਾਇਕ ਤੇ ਉਭਾਰੂ ਪ੍ਰਚਾਰ ਨੇ ਵਿਸ਼ਾਲ ਕਿਸਾਨ ਜਨਤਾ ਨੂੰ ਹਰਕਤ ਵਿੱਚ ਲੈ ਆਂਦਾ। ਦੂਜੇ ਪਾਸੇ, ਜ਼ਿਲ੍ਹੇ ਦੇ ਐਸ.ਐਸ.ਪੀ. ਵੱਲੋਂ ਸਭਨਾਂ ਤੱਥਾਂ ਸਬੂਤਾਂ ਨੂੰ ਨਜ਼ਰਅੰਦਾਜ਼ ਕਰਕੇ ਅਤੇ ਕਿਸਾਨ ਆਗੂਆਂ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਉਹਨਾਂ ਨੂੰ ਹਨੇਰੇ 'ਚ ਰੱਖਕੇ ਚੋਰੀ ਛਿਪੇ 22 ਜੁਲਾਈ ਨੂੰ ਪਰਚਾ ਕੈਂਸਲ ਕਰਕੇ ਰਿਪੋਰਟ ਅਦਾਲਤ 'ਚ ਪੇਸ਼ ਕਰਨ ਦੀ ਕਾਰਵਾਈ ਨੇ ਕਿਸਾਨ ਆਗੂਆਂ ਤੇ ਕਿਸਾਨਾਂ ਦੇ ਰੋਹ ਨੂੰ ਹੋਰ ਵੀ ਜਰਬਾਂ ਦੇ ਦਿੱਤੀਆਂ। 24 ਜੁਲਾਈ ਦੀ ਸ਼ਾਮ ਨੂੰ ਐਸ.ਐਸ.ਪੀ. ਦੀ ਇਸ ਕਰਤੂਤ ਦਾ ਪਤਾ ਲੱਗਦਿਆਂ ਹੀ ਕਿਸਾਨ ਆਗੂਆਂ ਵੱਲੋਂ 26 ਜੁਲਾਈ ਦੀ ਬਠਿੰਡਾ ਵਿਖੇ ਚਣੌਤੀ ਕਬੂਲ ਰੈਲੀ ਨੂੰ ਸਖਤ ਰੋਸ ਪ੍ਰਦਰਸ਼ਨ 'ਚ ਤਬਦੀਲ ਕਰਨ ਦਾ ਐਲਾਨ ਕਰ ਦਿੱਤਾ ਗਿਆ। ਸਿੱਟੇ ਵਜੋਂ 26 ਜੁਲਾਈ ਨੂੰ ਰੋਹ ਨਾਲ ਭਰੇ 10-12 ਹਜ਼ਾਰ ਕਿਸਾਨ ਮਰਦ ਔਰਤਾਂ ਵੱਲੋਂ ਬਠਿੰਡਾ ਨੇੜੇ ਭੁੱਚੋ ਖੁਰਦ ਵਿਖੇ ਬਠਿੰਡਾ-ਚੰਡੀਗੜ੍ਹਜੀ.ਟੀ. ਰੋਡ ਨੂੰ ਮੁਕੰਮਲ ਜਾਮ ਕਰ ਦਿੱਤਾ ਗਿਆ।
ਆਖਰ ਕਿਸਾਨ ਜਨਤਾ ਦੇ ਰੋਹ ਅੱਗੇ ਝੁਕਦਿਆਂ ਆਈ.ਜੀ. ਬਠਿੰਡਾ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਪਰਿਵਾਰ ਵੱਲੋਂ ਮੁੜ ਪੜਤਾਲ ਦੀ ਅਰਜ਼ੀ ਦੇਣ ਉਪਰੰਤ ਇੱਕ ਮਹੀਨੇ ਦੇ ਅੰਦਰ-ਅੰਦਰ ਪੁਲੀਸ ਵੱਲੋਂ ਅਦਾਲਤ 'ਚ ਪੇਸ਼ ਕੀਤੀ ਕੈਂਸਲੇਸ਼ਨ ਰਿਪੋਰਟ ਵਾਪਸ ਲੈ ਕੇ ਜਥੇਬੰਦੀ ਤੇ ਪਰਿਵਾਰ ਦੀ ਤਸੱਲੀ ਮੁਤਾਬਕ ਮੁੜ ਪੜਤਾਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਸਬੰਧੀ ਕਿਸਾਨ ਆਗੂਆਂ ਵੱਲੋਂ ਕਾਨੂੰਨੀ ਮਾਹਰਾਂ ਨਾਲ ਸਲਾਹ ਕਰਨ ਉਪਰੰਤ ਅਤੇ ਪੁਲਸ ਅਧਿਕਾਰੀਆਂ ਵੱਲੋਂ ਅਦਾਲਤ 'ਚ ਪੇਸ਼ ਕੀਤੀ ਰਿਪੋਰਟ ਵਾਪਸ ਲੈ ਕੇ ਮੁੜ ਪੜਤਾਲ ਕਰਨ ਦਾ ਭਰੇ ਇਕੱਠ 'ਚ ਐਲਾਨ ਕਰਨ ਤੋਂ ਬਾਅਦ ਦੇਰ ਸ਼ਾਮ ਸੜਕ ਜਾਮ ਚੁੱਕ ਦਿੱਤਾ ਗਿਆ। ਅਤੇ ਨਾਲ ਹੀ ਵਾਅਦਾ ਪੂਰਾ ਨਾ ਹੋਣ ਦੀ ਸੂਰਤ 'ਚ ਮੁੜ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ। ਭਾਵੇਂ ਇਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗਾਂ ਦਾ ਤਾਂ ਕਾਫ਼ੀ ਅਮਲ ਚਲਾਇਆ ਗਿਆ, ਪਰ ਠੋਸ ਕਾਰਵਾਈ ਤੋਂ ਅਜੇ ਵੀ ਪੁਲਸ ਦੀ ਟਾਲ-ਮਟੋਲ ਦੇ ਸੰਕੇਤ ਹੀ ਮਿਲ ਰਹੇ ਹਨ। ਜਿਸ ਕਾਰਨ ਕਿਸਾਨ ਜਥੇਬੰਦੀ ਨੂੰ ਹੋਰ ਐਕਸ਼ਨ ਕਰਨ ਲਈ ਤਿਆਰ ਰਹਿਣ ਦੀ ਜਰੂਰਤ ਉਭਰਦੀ ਹੈ।
No comments:
Post a Comment