ਖੁੱਡੀਆਂ ਪਿੰਡ ’ਚ ਨੌਜਵਾਨਾਂ ਵੱਲੋਂ ਲੋਕ ਪੱਖੀ ਨਾਟਕ ਸਮਾਗਮ
ਲੋਕ ਪੱਖੀ ਅਤੇ ਉਸਾਰੂ ਸਰਗਰਮੀਆਂ ਨੂੰ ਪ੍ਰਫੁਲਤ ਕਰਨ ਅਤੇ ਲੱਚਰ ਸੱਭਿਆਚਾਰ ਦੇ ਬਦਲ ਵਜੋਂ ਲੋਕ ਸੱਭਿਆਚਾਰ ਨੂੰ ਉਭਾਰਨ ਦੇ ਉਪਰਾਲੇ ਵਜੋਂ ਨੌਜਵਾਨ ਭਾਰਤ ਸਭਾ ਇਕਾਈ ਲੰਬੀ ਵਲੋਂ ਦੂਸਰਾ ਲੋਕ ਪੱਖੀ ਨਾਟਕ ਮੇਲਾ ਪਿੰਡ ਖੁੱਡੀਆਂ ਵਿਖੇ 28 ਜਨਵਰੀ 2018 ਨੂੰ ਕਰਵਾਇਆ ਗਿਆ।
ਨੌਜਵਾਨ ਭਾਰਤ ਸਭਾ ਵੱਲੋਂ ਪਹਿਲਾਂ ਇਲਾਕਾ ਪੱਧਰੀ ਮੀਟਿੰਗ ਵਿੱਚ ਪ੍ਰੋਗਰਾਮ ਦੀ ਵਿਉਂਤਬੰਦੀ ਤੈਅ ਕੀਤੀ ਗਈ। ਇਲਾਕੇ ਦੀਆਂ ਹੋਰ ਜਨਤਕ ਜਥੇਬੰਦੀਆਂ ਨੂੰ ਵੀ ਉਲੀਕੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਲੋੜੀਂਦੇ ਸਹਿਯੋਗ ਦੀ ਮੰਗ ਵੀ ਕੀਤੀ ਗਈ। ਪਿੰਡ ਖੁੱਡੀਆਂ ਵਿੱਚ ਪਿੰਡ ਪੱਧਰੀ ਮੀਟਿੰਗ ਕਰਕੇ ਨੌਜਵਾਨ ਵਰਗ ਨੂੰ ਮੌਜੂਦਾ ਦੌਰ ਦੀਆਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਹੋਰ ਸਮਾਜਿਕ ਤਬਕਿਆਂ ਦੀਆਂ ਚੁਣੌਤੀਆਂ ਬਾਰੇ ਜਾਣੰੂ ਕਰਵਾਇਆ ਗਿਆ। ਸਮਾਜਿਕ, ਸੱਭਿਆਚਾਰਕ, ਰਾਜਨੀਤਕ, ਅਤੇ ਆਰਥਿਕ ਮੌਜੂਦਾ ਪ੍ਰਣਾਲੀ ਅਤੇ ਇਸਦੇ ਬਦਲਵੇਂ ਉਸਾਰੂ ਰੂਪ ਬਾਰੇ ਗੱਲ ਕਰਕੇ ਨੌਜਵਾਨਾਂ ਨੂੰ ਨਾਟਕ ਮੇਲੇ ਦੀ ਮਹੱਤਤਾ ਦਰਸਾਈ ਗਈ।
ਪਿੰਡ ਵਿਚੋਂ ਕਿਸਾਨਾਂ, ਮਜ਼ਦੂਰਾਂ, ਮੁਲਾਜਮਾਂ, ਤੋਂ ਨਾਟਕ ਮੇਲੇ ਲਈ ਆਰਥਿਕ ਸਹਿਯੋਗ ਦੀ ਮੰਗ ਕੀਤੀ ਗਈ ਅਤੇ ਉਹਨਾਂ ਨੂੰ ਘਰ ਘਰ ਜ਼ਾ ਕੇ ਨਾਟਕ ਮੇਲੇ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦਾ ਸੁਨੇਹਾਂ ਲਗਾਇਆ ਗਿਆ। ਇਸ ਵਿਚ ਔਰਤ ਵਰਗ ਨੂੰ ਵਿਸ਼ੇਸ਼ ਸੱਦਾ ਲਗਾਇਆ ਗਿਆ। ਪਿੰਡ ਦੀ ਕੋਈ ਵੀ ਦੇਹਲੀ ਸੁਨੇਹੇ ਅਤੇ ਫੰਡ ਤੋਂ ਬਿਨਾਂ ਨਾ ਰਹਿ ਜਾਵੇ, ਇਸ ਦਾ ਧਿਆਨ ਰੱਖਿਆ ਗਿਆ।
ਨਾਟਕ ਮੇਲੇ ਦੇ ਪੋਸਟਰ ਰਾਹੀਂ ਨੇੜਲੇ 16 ਪਿੰਡਾਂ ਵਿਚ, ਜਿੱਥੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦਾ ਘੇਰਾ ਮੌਜੂਦ ਹੈ, ਸੁਨੇਹੇਂ ਲਗਾਏ ਗਏ।
ਮਿਤੀ 28 ਜਨਵਰੀ 2018 ਨੂੰ ਨਾਟਕ ਮੇਲੇ ਦਾ ਆਰੰਭ ਪਿੰਡ ਦੇ ਸਕੂਲਾਂ ਦੇ ਵਿਦਿਆਰਥੀਆਂ ਰਾਹੀਂ ਇਨਕਲਾਬੀ ਗੀਤ ਗਾ ਕੇ ਕੀਤਾ ਗਿਆ। ਚੇਤਨਾ ਕਲਾ ਕੇਂਦਰ ਬਰਨਾਲਾ ਦੀ ਟੀਮ ਵੱਲੋ ਨਾਟਕ ‘‘ਅਵੇਸਲੇ ਯੁੱਧਾਂ ਦੀ ਨਾਇਕਾ’’ ਅਤੇ ‘‘ਪੰਜਾਬ ਸਿਓਂ ਆਵਾਜ਼ਾਂ ਮਾਰਦਾ’’ ਖੇਡੇ ਗਏ। ਇਸ ਉਪਰੰਤ ਕੋਰਿਓਗ੍ਰਾਫੀਆਂ ਵੀ ਕੀਤੀਆਂ ਗਈਆਂ। ਭਾਰਤੀ ਕਿਸਾਨ ਯੂਨੀਅਨ ਏਕਤਾ(ਉ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਆਪਣੇ ਪੌਣੇ ਘੰਟੇ ਦੇ ਭਾਸ਼ਣ ਰਾਹੀਂ ਮੌਜੂਦਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਾਮਰਾਜੀ ਨੀਤੀਆਂ ਦਾ ਸਰਮਾਏਦਾਰੀ ਪੱਖੀ ਅਤੇ ਲੋਕ ਵਿਰੋਧੀ ਅਕਸ ਉਜਾਗਰ ਕੀਤਾ। ਉਹਨਾਂ ਨੇ ਲੋਕਾਂ ਨੂੰ ਲੋਕ ਏਕਤਾ ਦੀ ਸ਼ਕਤੀ ਨੂੰ ਸਮਝਦੇ ਹੋਏ ਖੁਦਕੁਸ਼ੀਆਂ ਦਾ ਰਾਹ ਛੱਡਕੇ ਏਕਾ ਉਸਾਰਨ ਦਾ ਹੋਕਾ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਕੁਲਦੀਪ ਸ਼ਰਮਾ ਨੇ ਨਿਭਾਈ। ਨਾਟਕ ਮੇਲੇ ਵਿਚ ਪਿੰਡ ਵਿੱਚੋਂ ਵੱਡੀ ਪੱਧਰ ’ਤੇ ਲੋਕ ਪਹੁੰਚੇ। ਇਸ ਮੌਕੇ ਇਲਾਕੇ ਦੇ ਪਿੰਡਾਂ ਵਿੱਚੋ 1000 ਦੇ ਕਰੀਬ ਇਕੱਠ ਵਿੱਚ ਔਰਤਾਂ, ਮਰਦ, ਬੱਚੇ, ਬਜ਼ੁਰਗ, ਕਿਸਾਨ, ਖੇਤ ਮਜ਼ਦੂਰ, ਵਿਦਿਆਰਥੀ, ਨੌਜਵਾਨ, ਅਤੇ ਮੁਲਾਜ਼ਮ ਪਹੁੰਚੇ। ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਉਸਾਰੂ ਸਾਹਿਤਕ ਪੁਸਤਕ ਪ੍ਰਦਰਸ਼ਨੀ ਲਗਾਈ ਗਈ, ਜਿਥੇ ਵੱਡੀ ਗਿਣਤੀ ਵਿੱਚ ਪੁਸਤਕਾਂ ਦੀ ਖਰੀਦ ਕੀਤੀ ਗਈ। ਪਿੰਡ ਵਿੱਚੋਂ ਨਾਟਕ ਮੇਲੇ ਵਿਚ ਸ਼ਾਮਿਲ ਵਿਦਿਆਰਥੀਆਂ ਨੂੰ ਇਨਾਮ ਵਜੋਂ ਪੁਸਤਕਾਂ ਦੇ ਕੇ ਉਤਸ਼ਾਹਤ ਕੀਤਾ ਗਿਆ। ਨਾਟਕ ਮੇਲੇ ਵਿਚ ਚਾਹ ਦਾ ਲੰਗਰ ਭਾਰਤੀ ਕਿਸਾਨ ਯੂਨੀਅਨ ਏਕਤਾ(ਉ) ਬਲਾਕ ਲੰਬੀ ਵੱਲੋਂ ਲਗਾਇਆ ਗਿਆ।
ਨੌਜਵਾਨ ਭਾਰਤ ਸਭਾ ਵੱਲੋਂ ਸਾਰੀਆਂ ਭਰਾਤਰੀ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ, ਖੇਤ ਮਜ਼ਦੂਰ ਯੂਨੀਅਨ, ਟੈਕਨੀਕਲ ਸਰਵਿਸਜ਼ ਯੂਨੀਅਨ, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਜ਼ ਯੂਨੀਅਨ ਆਦਿ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਅੰਤ ਵਿੱਚ ਪਿੰਡ ਖੁੱਡੀਆਂ ਦਾ ਦੂਸਰਾ ਲੋਕ ਪੱਖੀ ਨਾਟਕ ਮੇਲਾ ਲੋਕ ਏਕਤਾ ਦੀ ਅਹਿਮੀਅਤ ਨੂੰ ਦਰਸਾਉਣ ਅਤੇ ਸੰਘਰਸ਼ਾਂ ਰਾਹੀਂ ਆਪਣਾ ਭਵਿੱਖ ਸੰਵਾਰਨ ਦਾ ਹੋਕਾ ਦਿੰਦਾ ਸਮਾਪਤ ਹੋਇਆ।
No comments:
Post a Comment