Saturday, March 24, 2018

ਇਉਂ ਵੱਜਦਾ ਹੈ ਕਿਸਾਨਾਂ ਦੀ ਜੇਬ ’ਤੇ ਡਾਕਾ



ਨੀਰਵ ਮੋਦੀ ਤੇ ਉਸ ਦੇ ਮਾਮੇ ਮੇਹੁਲ ਚੌਕਸੀ ਵੱਲੋਂ ਪੰਜਾਬ ਨੈਸ਼ਨਲ ਬੈਂਕ ਨਾਲ ਮਾਰੀ 11,400 ਕਰੋੜ ਰੁਪਏ ਦੀ ਠੱਗੀ, ਜਿਹੜੀ ਸ਼ਾਇਦ ਵਧ ਕੇ 20,000 ਕਰੋੜ ਰੁਪਏ ਤੇ ਪੁੱਜ ਜਾਵੇ, ਪਿੱਛੋਂ ਰੋਜ਼ ਬੈਂਕਾਂ ਨਾਲ ਹੋਇਆ ਇੱਕ ਪਿੱਛੋਂ ਦੂਜਾ ਘੁਟਾਲਾ ਸਾਹਮਣੇ ਰਿਹਾ ਹੈ ਗੱਲ ਸਿਰਫ਼ ਘੁਟਾਲਿਆਂ ਦੀ ਹੀ ਨਹੀਂ, ਸਗੋਂ ਘੁਟਾਲੇਬਾਜ ਇਨਾਂ ਬੈਂਕਾਂ ਦੇ ਪ੍ਰਬੰਧਕਾਂ ਤੇ ਸਰਕਾਰ ਨੂੰ ਅੱਖਾਂ ਵੀ ਵਿਖਾ ਰਹੇ ਹਨ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਹਾਲਤ ਬਣੀ ਹੋਈ ਹੈ
ਭਾਵੇਂ ਕੇਂਦਰੀ ਸਰਕਾਰ ਦਾ ਵਿੱਤ ਮੰਤਰੀ ਅਰੁਣ ਜੇਤਲੀ ਨਿੱਤ-ਦਿਨ ਦਮਗਜੇ ਮਾਰ ਰਿਹਾ ਹੈ ਕਿ ਉਹ ਇਨਾਂ ਘਪਲੇਬਾਜਾਂ ਤੋਂ ਪਾਈ-ਪਾਈ ਵਸੂਲ ਕੇ ਰਹਿਣਗੇ, ਪਰ ਇਸ ਤੋਂ ਪਹਿਲਾਂ ਹੋਏ ਘੁਟਾਲਿਆਂ ਵਿੱਚ ਸ਼ਾਮਲ ਵਿਜੇ ਮਾਲਿਆ, ਜਤਿਨ ਮਹਿਤਾ, ਲਲਿਤ ਮੋਦੀ ਆਦਿ ਦੇ ਕੇਸਾਂ ਨੂੰ ਦੇਖਿਆ ਜਾਵੇ ਤਾਂ ਇਹ ਦਮਗਜੇ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜਨ ਤੋਂ ਵੱਧ ਕੁਝ ਵੀ ਨਹੀਂ ਹਨ ਅਸਲੀਅਤ ਇਹ ਹੈ ਕਿ ਕਾਰਪੋਰੇਟਾਂ ਪ੍ਰਤੀ ਸਰਕਾਰ ਦੀ ਪਹੁੰਚ ਹਮੇਸ਼ਾ ਲਿਹਾਜੂ ਰਹੀ ਹੈ ਹੁਣ ਵਾਲੀ ਤੇ ਪਿਛਲੀਆਂ ਸਭ ਸਰਕਾਰਾਂ ਨੇ ਸਦਾ ਕਾਰਪੋਰੇਟਾਂ ਦੇ ਘਪਲਿਆਂ ਦਾ ਬੋਝ ਆਮ ਲੋਕਾਂ ਉੱਤੇ ਪਾਇਆ ਹੈ
ਭਾਰਤ ਦੇ ਸਰਕਾਰੀ ਮਾਲਕੀ ਵਾਲੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਨੇ ਬਿਨਾਂ ਦੱਸਿਆਂ ਕਿਸਾਨਾਂ ਦੇ ਖਾਤਿਆਂ ਵਿੱਚੋਂ 990 ਕਰੋੜ ਰੁਪਏ ਕੱਟ ਲਏ ਹਨ ਇਹ ਰਕਮ ਕਿਸਾਨ ਕਰੈਡਿਟ ਕਾਰਡ ਪ੍ਰਾਪਤ ਕਿਸਾਨਾਂ ਦੇ ਖਾਤੇ ਵਿੱਚੋਂ ਕੱਟੀ ਗਈ ਹੈ ਇੱਕ ਕਰੋੜ ਕਰੈਡਿਟ ਕਾਰਡ ਧਾਰੀ ਕਿਸਾਨਾਂ ਵਿੱਚੋਂ ਹਰੇਕ ਦੇ ਖਾਤੇ ਵਿੱਚੋਂ 990 ਰੁਪਏ ਦੀ ਕਟੌਤੀ ਕੀਤੀ ਗਈ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਗਈ ਵੱਡੀ ਗਿਣਤੀ ਵਿੱਚ ਕਰੈਡਿਟ ਕਾਰਡ ਵਾਲੇ ਕਿਸਾਨਾਂ ਦੀ ਕਰੈਡਿਟ ਲਿਮਟ 20 ਤੋਂ 30 ਹਜ਼ਾਰ ਰੁਪਏ ਹੈ ਇਸ ਵਿੱਚੋਂ 990 ਰੁਪਏ ਦੀ ਕਟੌਤੀ ਇੱਕ ਵੱਡੀ ਰਕਮ ਹੈ ਇਸ ਕਟੌਤੀ ਸੰਬੰਧੀ ਬੈਂਕ ਨੇ ਹਾਸੋਹੀਣੀ ਦਲੀਲ ਦਿੱਤੀ ਹੈ ਉਸ ਨੇ ਕਿਹਾ ਹੈ ਕਿ ਇਹ ਪੈਸੇ ਕਿਸਾਨਾਂ ਨੂੰ ਮੌਸਮ ਤੇ ਫ਼ਸਲਾਂ ਸੰਬੰਧੀ ਜਾਣਕਾਰੀ ਮੁਹੱਈਆ ਕਰਾਉਣ ਲਈ ਕੱਟੇ ਗਏ ਹਨ ਅਸਲੀਅਤ ਇਹ ਹੈ ਕਿ ਕੇਂਦਰ ਸਰਕਾਰ, ਕੁਝ ਰਾਜ ਸਰਕਾਰਾਂ ਤੇ ਟੀ ਵੀ ਚੈਨਲਾਂ ਵੱਲੋਂ ਇਹੋ ਜਾਣਕਾਰੀ ਕਿਸਾਨਾਂ ਨੂੰ ਮੁਫ਼ਤ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ ਫਿਰ ਬਿਨਾਂ ਦੱਸੇ ਅਜਿਹੀ ਜਾਣਕਾਰੀ ਦੇਣ ਦੇ ਨਾਂਅ ਉੱਤੇ ਕਿਸਾਨਾਂ ਦੀ ਲੁੱਟ ਕਰਨ ਦਾ ਕੀ ਮਤਲਬ? ਇਸ ਤੋਂ ਪਹਿਲਾਂ ਵੀ ਬੈਂਕਾਂ ਨੇ ਘੱਟੋ-ਘੱਟ ਰਕਮ ਰੱਖਣ ਦੇ ਨਾਂਅ ਉੱਤੇ ਆਪਣੇ ਗ਼ਰੀਬ ਗਾਹਕਾਂ ਦੀ ਜੇਬ ਉੱਤੇ ਕੈਂਚੀ ਚਲਾ ਕੇ 3 ਹਜ਼ਾਰ ਕਰੋੜ ਤੋਂ ਵੱਧ ਰੁਪਏ ਆਪਣੇ ਖਾਤੇ ਵਿੱਚ ਪਾ ਲਏ ਸਨ ਇਹ ਵਰਤਾਰਾ ਲਗਾਤਾਰ ਚੱਲ ਰਿਹਾ ਹੈ ਤੇ ਸ਼ਾਇਦ ਚੱਲਦੇ ਵੀ ਰਹਿਣਾ ਹੈ ਅਸਲ ਵਿੱਚ ਇਹ ਸਭ ਕੁਝ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੀ ਇੱਕ ਝਲਕ ਮਾਤਰ ਹੈ ਗ਼ਰੀਬਾਂ ਦਾ ਖ਼ੂਨ ਨਿਚੋੜ ਕੇ ਧੰਨਾਂ-ਸੇਠਾਂ ਦੀਆਂ ਤਿਜੌਰੀਆਂ ਭਰਨੀਆਂ ਹੀ ਹਾਕਮਾਂ ਦਾ ਇੱਕੋ-ਇੱਕ ਨਿਸ਼ਾਨਾ ਹੈ ਸਭ ਦਾ ਸਾਥ, ਸਭ ਦਾ ਵਿਕਾਸ ਤਾਂ ਸਿਰਫ਼ ਜੁਮਲਾ ਹੈ ਇਸ ਸੱਚਾਈ ਨੂੰ ਜਿੰਨੀ ਛੇਤੀ ਜਨਤਾ-ਜਨਾਰਧਨ ਸਮਝ ਜਾਵੇਗੀ, ਓਨੀ ਛੇਤੀ ਹੀ ਉਹ ਆਪਣੀ ਹੋਣੀ ਦੀ ਆਪ ਮਾਲਕ ਬਣ ਸਕੇਗੀ
ਨਵਾਂ ਜ਼ਮਾਨਾ,

No comments:

Post a Comment