Monday, July 12, 2021

ਜੇਲ੍ਹੀਂ ਡੱਕੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਤੇ ਬੁੱਧੀਜੀਵੀਆਂ ਦੀ ਰਿਹਾਈ ਲਈ ਸਾਂਝੀ ਸੁਲੱਖਣੀ ਆਵਾਜ਼

 

ਜੇਲ੍ਹੀਂ ਡੱਕੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਤੇ ਬੁੱਧੀਜੀਵੀਆਂ ਦੀ ਰਿਹਾਈ ਲਈ ਸਾਂਝੀ ਸੁਲੱਖਣੀ ਆਵਾਜ਼

ਅਮੋਲਕ ਸਿੰਘ

          ਮੁਲਕ ਭਰ ਚ ਸਰਗਰਮ ਜਮਹੂਰੀ ਹੱਕਾਂ ਦੀਆਂ ਜਥੰਬੰਦੀਆਂ ਦੀ ਤਾਲਮੇਲ ਕਮੇਟੀ ਵੱਲੋਂ ਜੂਨ ਮਹੀਨੇ ਪੰਦਰਵਾੜਾ ਮੁਹਿੰਮ ਲਾਮਬੰਦ ਕਰਕੇ ਬੁੱਧੀਜੀਵੀਆਂ ਦੀ ਰਿਹਾਈ ਲਈ ਉਠਾਈ ਆਵਾਜ਼ ਨੂੰ ਸਾਨਦਾਰ ਹੁੰਗਾਰਾ ਮਿਲਿਆ ਹੈ।

          ਸੋਸ਼ਲ ਮੀਡੀਆ ਤੇ ਸਮੇਂ ਸਮੇਂ ਕਿਸੇ ਨਾ ਕਿਸੇ ਵਿਧੀ ਚ ਉਠਦੀ ਅਤੇ ਕਾਨੂੰਨੀ ਹੱਕ ਜਿਤਲਾਈ ਕਰਦੀ ਆਵਾਜ਼ ਇਸ ਪੰਦਰਵਾੜੇ ਦੌਰਾਨ ਉਹਨਾਂ ਵਿਧਾਵਾਂ, ਮਾਧਿਅਮਾਂ ਤੋਂ ਪਾਰ ਜਾ ਕੇ ਜਨਤਕ ਸਰਗਰਮੀ ਦੇ ਉਤਸ਼ਾਹਤ ਝਲਕਾਰੇ ਪੇਸ਼ ਕਰਨ ਚ ਸਫ਼ਲ ਹੋ ਨਿਬੜੀ ਹੈ।

          ਬੁੱਧੀਜੀਵੀਆਂ, ਸਾਹਿਤਕਾਰਾਂ, ਲੇਖਕਾਂ, ਵਕੀਲਾਂ, ਕਵੀਆਂ, ਰੰਗ ਕਰਮੀਆਂ, ਸਮਾਜਕ ਅਤੇ ਜਮਹੂਰੀ ਕਾਮਿਆਂ ਦੀ ਰਿਹਾਈ ਲਈ ਉੱਠੀ ਆਵਾਜ਼ ਹੁਣ ਇਹਨਾਂ ਖੇਤਰਾਂ ਨਾਲ ਸੰਬੰਧਤ ਸੰਸਥਾਵਾਂ/ਵਿਅਕਤੀਆਂ ਤੱਕ ਸੀਮਤ ਨਾ ਰਹਿਕੇ ਇਸ ਵਿੱਚ ਸਮਾਜ ਦੇ ਹੋਰਨਾਂ ਤਬਕਿਆਂ ਦੀ ਪ੍ਰਤੀਨਿਧਤਾ ਕਰਦੀਆਂ ਜਥੇਬੰਦੀਆਂ ਤੇ ਇਨਸਾਫ਼ ਪਸੰਦ ਵਿਅਕਤੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।

          ਇਸ ਸਰਗਰਮੀ ਵਿੱਚ ਮਜ਼ਦੂਰਾਂ ਕਿਸਾਨਾਂ ਦਾ ਵਿਸ਼ੇਸ਼ ਕਰਕੇ ਪੰਜਾਬ ਅੰਦਰ ਪੂਰੇ ਧੜੱਲੇ ਨਾਲ ਮੋਹਰਲੀ ਕਤਾਰ ਵਿੱਚ ਆਉਣਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਜਿਕਰਯੋਗ ਹੈ ਕਿ ਕੌਮੀ ਸੱਦੇ ਤਹਿਤ ਪੰਜਾਬ ਅੰਦਰ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ 5 ਜੂਨ ਤੋਂ 20 ਜੂਨ 2021 ਤੱਕ ਪੰਦਰਵਾੜਾ ਮੁਹਿੰਮ ਦੇ ਉਲੀਕੇ ਪ੍ਰੋਗਰਾਮਾਂ ਵਿੱਚ ਜਮਹੂਰੀ ਤਰਕਸ਼ੀਲ, ਸਮਾਜਕ, ਸਾਹਿਤਕ/ਸੱਭਿਆਚਾਰਕ, ਪੱਤਰਕਾਰ ਅਤੇ ਵਕੀਲ ਭਾਈਚਾਰੇ ਨਾਲ ਹੋਰਨਾਂ ਕਮਾਊ ਤਬਕਿਆਂ ਉਚੇਚੇ ਤੌਰ ਤੇ ਕਿਸਾਨਾਂ ਮਜ਼ਦੂਰਾਂ ਨੇ ਪ੍ਰਭਾਵਸ਼ਾਲੀ ਮੁਹਿੰਮ ਲਾਮਬੰਦ ਕੀਤੀ।

          ਇਸਤੋਂ ਅਗਲਾ ਅਤੇ ਉਚੇਰਾ ਕਦਮ ਪੁੱਟਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਦਿੱਲੀ ਮੋਰਚੇ, ਪੰਜਾਬ ਅੰਦਰ ਥਾਉਂ ਥਾਈਂ ਚੱਲ ਰਹੇ ਮੋਰਚਿਆਂ, ਜਿਲਾ ਹੈੱਡਕੁਆਰਟਰਾਂ, ਤਹਿਸੀਲਾਂ ਅਤੇ ਸਥਾਨਕ ਪੱਧਰਾਂ ਤੱਕ ਢੁਕਵੀਆਂ ਵਿਧੀਆਂ ਰਾਹੀਂ ਆਪਣੀ ਜਥੇਬੰਦੀ ਵੱਲੋਂ ਵੀ ਮੁਹਿੰਮ ਲਾਮਬੰਦ ਕਰਕੇ ਬੁੱਧੀਜੀਵੀਆਂ ਦੀ ਰਿਹਾਈ ਲਈ ਵਿਚਾਰ ਚਰਚਾ, ਰੈਲੀਆਂ, ਰੋਹ ਭਰਪੂਰ ਵਿਖਾਵਿਆਂ ਦੀ ਲਾ-ਮਿਸਾਲ ਸਰਗਰਮੀ ਕੀਤੀ। ਕਿਸਾਨ ਜਥੇਬੰਦੀ, ਜਮਹੂਰੀ ਅਧਿਕਾਰ ਸਭਾ ਦੀ ਪੰਦਰਵਾੜੀ ਮੁਹਿੰਮ ਚ ਵੱਡੀ ਗਿਣਤੀ ਚ ਸ਼ਾਮਲ ਤਾਂ ਹੋਈ ਹੀ ਆਪਣੀ ਜਥੇਬੰਦੀ ਦੀ ਸਰਗਰਮੀ ਵਿੱਚ ਵੀ ਹੋਰਨਾਂ ਲੋਕ-ਹਿੱਸਿਆਂ ਦੇ ਪ੍ਰਤੀਨਿਧਾਂ ਨੂੰ ਆਪਣੇ ਵਿਚਾਰ ਰੱਖਣ ਅਤੇ ਸ਼ਮੂਲੀਅਤ ਕਰਨ ਦਾ ਪੂਰਾ ਮੌਕਾ ਦਿੱਤਾ।

          ਇਸ ਹੌਂਸਲਾ ਵਧੂ ਸਰਗਰਮੀ ਦੇ ਫੌਰੀ ਅਤੇ ਮੁੱਲਵਾਨ ਨਤੀਜੇ, ਜਿੱਥੇ ਜਮਹੂਰੀ ਲਹਿਰ ਨੂੰ ਨਵੀਂ ਊਰਜਾ, ਵਿਸ਼ਾਲਤਾ, ਉਚਾਈ ਅਤੇ ਵੇਗ ਦੇਣਗੇ ਉੱਚੇ ਸਮੁੱਚੀ ਜਨਤਕ ਜਮਹੂਰੀ ਇਨਕਲਾਬੀ ਲਹਿਰ ਅੰਦਰ ਸਾਂਝ-ਗਲਵੱਕੜੀ, ਨਜ਼ਰੀਏ ਅਤੇ ਆਪੋ ਆਪਣੀ ਤਬਕਾਤੀ ਮੁੱਦਿਆਂ/ਮਸਲਿਆਂ ਤੋਂ ਉੱਪਰ ਉੱਠਕੇ ਸੋਚਣ, ਸਹਿਯੋਗ ਕਰਨ ਵੱਲ ਵੀ ਨਵੀਂ ਪੁਲਾਂਘ ਭਰਨਗੇ

          ਸਾਹਿਤਕ/ਸੱਭਿਆਚਾਰਕ, ਬੌਧਿਕ, ਸਮਾਜਕ ਅਤੇ ਜਮਹੂਰੀ ਖੇਤਰਾਂ ਵਿੱਚ ਸਲਾਮ ਕਰਨ ਯੋਗ ਯੋਗਦਾਨ ਪਾ ਰਹੇ ਵਿਦਵਾਨਾਂ, ਸੂਝਵਾਨ ਕਾਮਿਆਂ ਅਤੇ ਸੋਚਣ-ਵਿਚਾਰਨ ਦੀ ਪੱਧਰ ਤੇ ਮਹੱਤਵਪੂਰਣ ਭੂਮਿਕਾ ਅਦਾ ਕਰ ਰਹੇ ਇਸ ਰੌਸ਼ਨ ਦਿਮਾਗ ਹਿੱਸੇ ਨੂੰ ਟੁਕੜੇ ਟੁਕੜੇ ਗੈਂਗ, ਦੇਸ਼-ਧ੍ਰੋਹੀ, ਹਿੰਸਕ ਟੋਲੇ, ਅੰਦੋਲਨਜੀਵੀ ਆਦਿ ਨਾਵਾਂ ਨਾਲ ਮਾਰਕ ਕਰਕੇ ਹੱਲਾ ਬੋਲ ਰਹੀ ਫਿਰਕੂ ਫਾਸ਼ੀ ਮੋਦੀ ਹਕੂਮਤ ਨੂੰ ਇਸ ਮਿਸਾਲੀ ਸਰਗਰਮੀ ਮੌਕੇ ਪੈ ਗਈ। ਵਿਚਾਰ-ਚਰਚਾਵਾਂ, ਨਾਹਰਿਆਂ, ਮਾਟੋਆਂ, ਤਖਤੀਆਂ, ਬੈਨਰਾਂ ਨਾਲ ਲੈਸ ਬੁੱਧੀਜੀਵੀਆਂ, ਮਜਦੂਰਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ ਦੇ ਕਾਫ਼ਲੇ ਇਹ ਸੁਨੇਹਾ ਦੇਣ ਚ ਸਫਲ ਰਹੇ ਕਿ ਜੇਲ੍ਹੀਂ ਡੱਕੇ ਬੁੱਧੀਜੀਵੀ ਸਮਾਜ ਅੰਦਰ ਹਰ ਤਰ੍ਹਾਂ ਦੀ ਆਰਥਕ, ਸਮਾਜਕ ਨਾ ਬਰਾਬਰੀ, ਅਨਿਆਂ, ਜਾਤ-ਪਾਤ, ਬੇਰੁਜ਼ਗਾਰੀ, ਰਿਸ਼ਵਤਖੋਰੀ ਬਦੇਸ਼ੀ ਦੇਸ਼ੀ ਲੁੱਟ-ਖੋਹ, ਦਾਬਾ ਅਤੇ ਵਿਤਕਰਾ ਜੜ੍ਹੋਂ ਖਤਮ ਕਰਨ ਲਈ ਜੂਝ ਰਹੇ ਹਨ। ਉਹ ਲੋਕਾਂ ਦੀ ਪੁੱਗਤ ਵਾਲੇ ਰਾਜ ਅਤੇ ਸਮਾਜ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਵਿਚਾਰ ਦਾ ਵੀ ਸੰਚਾਰ ਹੋਇਆ ਕਿ ਉਹ ਦੱਬੇ-ਕੁਚਲੇ ਲੋਕਾਂ ਲਈ ਤਾਂ ਚੇਤਨਾ ਅਤੇ ਸੰਗਰਾਮ ਦੇ ਮਘਦੇ ਸੂਰਜ ਹਨ ਹੀ ਸਗੋਂ ਇਸਤੋਂ ਵੀ ਕਿਤੇ ਵਧ ਕੇ ਉਹ ਮੁਲਕ ਦੀ ਜਮਹੂਰੀ ਇਨਕਲਾਬੀ ਲਹਿਰ ਦੇ ਖੁਦ-ਬ-ਖੁਦ ਵੀ ਅਹਿਮ ਥੰਮ੍ਹ ਹਨ। ਲੋਕ ਚੇਤਨਾ ਵਿੱਚ ਇਸ ਸਰਗਰਮੀ ਨੇ ਇਸ ਕਦਰ ਦਸਤਕ ਦਿੱਤੀ ਕਿ ਮਿਹਨਤਕਸ਼ ਲੋਕ-ਹਿੱਸੇ ਇੱਕ ਦੂਜੇ ਨੂੰ ਇੱਕੋ ਵਡੇਰੇ ਸਾਂਝੇ ਪਰਿਵਾਰ ਵਜੋਂ ਗਲਵਕੜੀ ਚ ਲੈਣ ਲਈ ਬਾਹਵਾਂ ਫੈਲਾਉਣ ਲੱਗੇ। ਇਸ ਸਰਗਰਮੀ ਨੇ ਜਿੱਥੇ  ਮੋਦੀ ਹਕੂਮਤ, ਆਰ.ਐਸ.ਐਸ., ਇਹਨਾਂ ਪੱਖੀ ਕਾਤਲੀ ਗੁੰਡਾਂ-ਗ੍ਰੋਹਾਂ ਮੂੰਹੋਂ ਉਗਲੀ ਜਾਂਦੀ ਫਿਰਕੂ ਅੱਗ ਨੂੰ ਕਾਬੂ ਕੀਤਾ ਉੱਥੇ ਗੋਦੀ ਮੀਡੀਆ ਦੀਆਂ ਜੀਭਾਂ ਵੀ ਠਾਕੀਆਂ ਗਈਆਂ।

          ਲੰਮਾਂ ਦਮ ਰੱਖਕੇ, ਸਥਾਨਕ ਪੱਧਰੀ ਮੀਟਿੰਗਾਂ ਅਤੇ ਸਿੱਖਿਆ ਮੀਟਿੰਗਾਂ ਨੇ ਹੋਰਨਾਂ ਪੱਖਾਂ ਦੇ ਨਾਲ ਨਾਲ ਇਹ ਭੂਮਿਕਾ ਅਦਾ ਕੀਤੀ ਕਿ ਲੋਕ, ਬੁੱਧੀਜੀਵੀਆਂ ਦੇ ਰਿਹਾਈ ਦੇ ਮੁੱਦੇ ਨੂੰ ਆਪਣਾ ਮਸਲਾ ਸਮਝ ਕੇ ਸਰਗਰਮੀ ਦੇ ਪਿੜ ਵਿੱਚ ਨਿਤਰੇ।

10 ਦਸੰਬਰ 2020 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਨਗਰ ਦੀ ਸਟੇਜ ਉੱਪਰ ਜਦੋਂ ਬੁੱਧੀਜੀਵੀਆਂ ਦੀ ਰਿਹਾਈ ਦਾ ਮੁੱਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬੁਲੰਦ ਕੀਤਾ ਉਸ ਵੇਲੇ ਮੋਦੀ ਹਕੂਮਤ ਨੇ ਯੂਨੀਅਨ ਖਿਲਾਫ ਲੋਕ-ਰਾਏ ਖੜ੍ਹੀ ਕਰਨ ਲਈ ਅੱਡੀ ਚੋਟੀ ਦਾ ਜੋਰ ਲਾਇਆ ਗਿਆ। ਦੇਸ਼-ਬਦੇਸ਼ ਅੰਦਰ ਇਹ ਵਿਚਾਰ ਚਰਚਾ ਛਿੜੀ ਕਿ ਕਿਸਾਨ ਅੰਦੋਲਨ ਮੌਕੇ ਕੌਮਾਂਤਰੀ ਮਨੁੱਖੀ ਅਧਿਕਾਰ ਮਨਾਉਣਾ ਅਤੇ ਬੁੱਧੀਜੀਵੀਆਂ ਦੀ ਰਿਹਾਈ ਦੀ ਆਵਾਜ਼ ਬੁਲੰਦ ਕਰਨਾ ਗਲਤ ਕਿਵੇਂ ਹੈ? ਤਾਜਾ ਸਰਗਰਮੀ ਨੇ ਜਮਹੂਰੀ ਚੇਤਨਾ ਦਾ ਨਵਾਂ ਵਰਕਾ ਲਿਖਿਆ।

ਮੋਦੀ ਹਕੂਮਤ ਨੂੰ ਭਾਵੇਂ ਇਸ ਆਵਾਜ਼ ਤੋਂ ਸੱਤੀਂ ਕੱਪੜੀਂ ਅੱਗ ਲੱਗ ਗਈ ਪਰ ਉਹ ਭੱਠੀ ਦੇ ਦਾਣਿਆਂ ਵਾਂਗ ਭੁੜਕਦੀ ਰਹਿ ਗਈ। ਕਿਸਾਨ ਜਥੇਬੰਦੀ ਨੇ ਕਿਸਾਨਾਂ ਅਤੇ ਬੁੱਧੀਜੀਵੀਆਂ ਦੀ ਰਿਹਾਈ ਦੇ ਮੁੱਦੇ ਨੂੰ ਇੱਕ ਦੂਜੇ  ਦੇ ਗਲ ਲੱਗ ਮਿਲਣ ਦਾ ਵਾਤਾਵਰਣ ਸਿਰਜਿਆ। ਦੇਸ਼ ਵਿਦੇਸ਼ ਚੋ ਹਮਾਇਤੀ ਹੁੰਗਾਰਾ ਮਿਲਿਆ। ਕੁੱਝ ਹਿੱਸਿਆਂ ਦੀ ਫਿਕਰਮੰਦੀ ਅਤੇ ਸਰੋਕਾਰ ਵੀ ਸਮਝ ਆਉਣ ਵਾਲਾ ਸੀ ਜੋ ਥੋੜ੍ਹੇ ਅਰਸੇ ਵਿੱਚ ਹੀ ਉਹਨਾਂ ਦੀ ਸਹੀ ਸਮਝ ਦਾ ਹਿੱਸਾ ਬਣ ਗਿਆ।

ਸੱਤ ਮਹੀਨਿਆਂ ਦੇ ਹੀ ਸੰਗਰਾਮੀ ਸਫਰ ਨੇ ਬੁੱਧੀਜੀਵੀਆਂ ਦੇ ਰਿਹਾਈ ਦੇ ਮਸਲੇ ਲਈ ਜਚਣਹਾਰ, ਜਾਇਜ, ਹੱਕੀ ਅਤੇ ਜਮਹੂਰੀ ਥਾਂ ਮੱਲਣ ਦੀ ਪ੍ਰਾਪਤੀ ਹਾਸਲ ਕਰ ਲਈ। ਇਸ ਮੁੱਦੇ ਨੂੰ ਚੁਫੇਰਿਉਂ ਮਿਲੇ ਭਰਵੇਂ ਹੁੰਗਾਰੇ ਦੀਆਂ ਝਲਕੀਆਂ ਦਰਸਾਉਂਦੀਆਂ ਹਨ ਕਿ ਸਮਾਜ ਅੰਦਰ ਜਮਹੂਰੀ ਕਦਰਾਂ-ਕੀਮਤਾਂ ਦਾ ਨਾੜੂਆ ਕੱਟਣ ਲਈ ਮੋਦੀ ਹਕੂਮਤ ਵੱਲੋਂ ਮਾਰੇ ਜਾਂਦੇ ਹੱਥ ਪੈਰ, ਉਸਦੀਆਂ ਲੋਕ ਵਿਰੋਧੀ ਨੀਤੀਆਂ ਦੇ ਪੈਰਾਂ ਹੇਠੋਂ ਆਏ ਦਿਨ ਜ਼ਮੀਨ ਹੀ ਖਿੱਚ ਰਹੇ ਹਨ। ਹਕੂਮਤ ਨੂੰ ਆਪਣੀ ਤਾਕਤ ਦਾ ਚੜ੍ਹਿਆ ਗਰੂਰ ਹਕੀਕਤਾਂ ਸਾਹਵੇਂ ਸਿਰ ਪਰਨੇ ਡਿਗਦਾ ਹੈ।

ਗਦਰੀ ਗੁਲਾਬ ਕੌਰ ਨਗਰ, ਬਹਾਦਰਗੜ ਟਿੱਕਰੀ ਬਾਰਡਰ ਦੀ ਸਟੇਜ ਤੇ 13 ਜੂਨ 2021 ਨੂੰ ਜੋਰਦਾਰ ਮੀਂਹ ਝੱਖੜ ਦੇ ਬਾਵਜੂਦ ਲੋਕਾਂ ਦੇ ਬੁਲੰਦ ਹੌਂਸਲੇ ਦੀ ਜਗਦੀ ਮਿਸ਼ਾਲ ਹੋ ਨਿੱਬੜਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਆਯੋਜਤ ਸਮਾਗਮ, ਜਮਹੂਰੀ ਹੱਕਾਂ ਦੀਆਂ ਮੁਲਕ ਵਿਆਪੀ ਜਥੇਬੰਦੀ ਦੀ ਕੌਆਰਡੀਨੇਸ਼ਨ, ਜਮਹੂਰੀ ਅਧਿਕਾਰ ਸਭਾ ਪੰਜਾਬ, ਪ੍ਰਗਤੀਸ਼ੀਲ ਲੇਖਕ ਸੰਘ, ਨਾਮਵਰ ਵਿਦਵਾਨਾਂ, ਲੇਖਕਾਂ, ਕਵੀਆਂ ਤੋਂ ਇਲਾਵਾ ਔਰਤ, ਕਿਸਾਨ, ਨੌਜਵਾਨ, ਵਿਦਿਆਰਥੀ ਜਥੇਬੰਦੀਆਂ ਨੇ ਇਸ ਸਮਾਗਮਾਂ ਦੀ ਸਫਲਤਾ ਲਈ ਯੋਗਦਾਨ ਪਾਇਆ। ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੀ ਟੀਮ ਚੇਤਨਾ ਕਲਾ ਕੇਂਦਰ ਬਰਨਾਲਾ ਦੇ ਕਲਾਕਾਰਾਂ ਨੇ ਵਿਸ਼ੇ ਨਾਲ ਢੁਕਵਾਂ ਐਕਸ਼ਨ ਗੀਤ ਪੇਸ਼ ਕੀਤਾ।         

ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਪ੍ਰਕਾਸ਼ਿਤ ਬੁੱਧੀਜੀਵੀਆਂ ਦੀ ਆਵਾਜ਼ ਦਾ ਪ੍ਰਤੀਨਿਧ ਕੈਲੰਡਰ ਜਾਰੀ ਕੀਤਾ ਗਿਆ।

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ਤਹਿਤ ਉਸਦੀ ਅਗਵਾਈ ਚ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਜਲੰਧਰ (ਜਮਹੂਰੀ ਅਧਿਕਾਰ ਸਭਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਾਂਝਾ), ਲੁਧਿਆਣਾ, ਜਗਰਾਉਂ, ਬਠਿੰਡਾ, ਫਰੀਦਕੋਟ, ਬਰਨਾਲਾ, ਸੰਗਰੂਰ, ਪਟਿਆਲਾ ਅਤੇ ਸਿਰਸਾ ਵਿੱਚ ਜਮਹੂਰੀ ਅਧਿਕਾਰ ਸਭਾ ਹਰਿਆਣਾ ਵੱਲੋਂ ਸਮਾਗਮ ਹੋਏ।

ਇਸਤੋਂ ਇਲਾਵਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਰਗਰਮ ਅਨੇਕਾਂ ਕਿਸਾਨ ਮੋਰਚਿਆਂ ਅਤੇ ਸਰਗਰਮੀਆਂ ਸਮੇਂ ਬੁੱਧੀਜੀਵੀਆਂ ਦੀ ਗ੍ਰਿਫਤਾਰੀ ਪਿੱਛੇ ਕੰਮ ਕਰਦੇ ਕਾਰਨਾਂ ਅਤੇ ਤਹਿਤ ਰਿਹਾਈ ਮੰਗ ਨਾਲ ਜੁੜੇ ਪੱਖਾਂ ਤੇ ਆਵਾਜ਼ ਉੱਠੀ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਡੀ ਗਿਣਤੀ ਚ ਕਾਫਲੇ, ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਸਮਾਗਮਾਂ ਚ ਸਾਮਲ ਹੋਏ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਖੁਦ ਵੀ ਇਸ ਪੰਦਰਵਾੜੇ ਨੂੰ ਭਰਵਾਂ ਹੁੰਗਾਰਾ ਭਰਦਿਆਂ ਇਸਤੋਂ ਇਲਾਵਾ ਆਪਣੇ ਤੌਰ ਤੇ ਵੀ ਲਾ-ਮਿਸ਼ਾਲ ਸਰਗਰਮੀ ਕੀਤੀ।

ਬਠਿੰਡਾ, ਬਰਨਾਲਾ. ਮਾਨਸਾ. ਸੰਗਰੂਰ. ਮੁਕਤਸਰ, ਫਰੀਦਕੋਟ ਵਿਖੇ ਵੱਡੀ ਗਿਣਤੀ ਚ ਇੱਕਠ ਹੋਏ ਮਰਦਾਂ-ਔਰਤਾਂ ਨੇ ਪਹਿਲਾਂ ਵਿਚਾਰ ਚਰਚਾ ਕੀਤੀ। ਉਪਰੰਤ ਸਾਰੇ ਸ਼ਹਿਰਾਂ ਵਿੱਚ ਪ੍ਰਭਾਵਸ਼ਾਲੀ ਵਿਖਾਵੇ ਕੀਤੇ। ਇਹਨਾਂ ਵਿੱਚ ਵੱਖ-ਵੱਖ ਮਿਹਨਤਕਸ਼ ਤਬਕਿਆਂ ਦੇ ਪ੍ਰਤੀਨਿਧਾਂ  ਨੇ ਵੀ ਵਿਚਾਰ ਸਾਂਝੇ ਕੀਤੇ। ਮੁਹਾਲੀ ਅਤੇ ਚੰਡੀਗੜ੍ਹ ਵਿੱਚ ਵੀ ਬੁੱਧੀਜੀਵੀਆਂ ਰੰਗ ਕਰਮੀਆਂ ਨੇ ਮਿਲਕੇ ਰੋਸ ਵਿਖਾਵੇ ਕੀਤੇ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬੁੱਧੀਜੀਵੀਆਂ ਦੇ ਰਿਹਾਈ ਦੇ ਮੁੱਦੇ ਤੱਕ ਹੀ ਸੀਮਤ ਨਾ ਰਹਿਕੇ ਇਸ ਸਰਗਰਮੀ ਦੇ ਸਬੱਬ ਨਾਲ ਮੁਲਕ ਅੰਦਰ ਸੰਵਿਧਾਨ, ਕਾਨੂੰਨ, ਜਮਹੂਰੀਅਤ, ਆਜਾਦੀ, ਵਿਚਾਰਾਂ ਦੀ ਆਜਾਦੀ, ਇਨਸਾਫ , ਜਮਹੂਰੀ ਹੱਕਾਂ, ‘ਵਿਸਵ ਗੁਰੂ’ ਆਦਿ ਦਾਅਵਿਆਂ ਦੀ ਹਕੀਕਤ ਲੋਕਾਂ ਤੱਕ ਲਿਜਾਣ ਲਈ ਸਿਰਤੋੜ ਯਤਨ ਕੀਤੇ।

ਯੂਨੀਅਨ ਨੇ ਸਰਗਰਮੀਆਂ ਨੂੰ ਰਿਹਾਈ ਦੀ ਮੰਗ ਦੇ ਇੱਕ ਨੁਕਾਰੀ ਨੁਕਤੇ ਤੱਕ ਸੀਮਤ ਨਾਂ ਰਹਿ ਕੇ ਜੋਰਦਾਰ ਆਵਾਜ ਉਠਾਈ ਕਿ ਲੇਖਕਾਂ, ਕਵੀਆਂ, ਰੰਗ ਕਰਮੀਆਂ, ਬੁੱਧੀਜੀਵੀਆਂ, ਪੱਤਰਕਾਰਾਂ, ਸਮਾਜਕ ਅਤੇ ਜਮਹੂਰੀ ਕਾਮਿਆਂ ਸਿਰ ਮੜ੍ਹੇ ਝੂਠੇ ਕੇਸ ਰੱਦ ਕਰੋਭੀਮਾ ਕੋਰੇਗਾਉਂ ਦੇ ਹਵਾਲੇ ਨਾਲ ਮੜ੍ਹੇ ਦੋਸ਼ਾਂ ਵਾਲੇ ਹਿੱਸੇ ਤੱਕ ਸੀਮਤ ਰਹਿਣ ਦੀ ਬਜਾਏ ਦੇਸ਼ ਭਰ ਚ ਸਮੇਂ ਸਮੇਂ ਲੋਕ ਹਿੱਤਾਂ ਦੀ ਗੱਲ ਕਰਨ ਵਾਲੇ ਬੁੱਧੀਜੀਵੀ ਕਾਮਿਆਂ ਨੂੰ ਬਿਨਾਂ ਸਰਤ ਰਿਹਾ ਕਰਕੇ ਕੇਸ ਰੱਦ ਕੀਤੇ ਜਾਣ। ਕੌਮੀ ਸੁਰੱਖਿਆ ਐਕਟ, ਯੂ.ਏ.ਪੀ.ਏ., ਦੇਸ਼-ਧ੍ਰੋਹ ਦੀਆਂ ਧਰਾਵਾਂ ਅਤੇ ਹੋਰ ਕਾਲੇ ਕਾਨੂੰਨ ਖਤਮ ਕੀਤੇ ਜਾਣ। ਖੇਤੀ ਕਾਨੂੰਨ ਰੱਦ ਕੀਤੇ ਜਾਣ, ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਕੀਤੀ ਜਾਵੇ। ਚਾਰੇ ਲੇਬਰ ਕੋਡ ਰੱਦ ਕੀਤੇ ਜਾਣ।

ਤਿੰਨ ਵਰ੍ਹੇ ਬੀਤ ਗਏ ਜਦੋ 6 ਜੂਨ 2018 ਨੂੰ ਭੀਮਾ ਕੋਰੇਗਾਉਂ ਕੇਸ ਵਿੱਚ ਬੁੱਧੀਜੀਵੀਆਂ ਅਤੇ ਮਨੁੱਖੀ ਹੱਕਾਂ ਦਾ ਪਰਚਮ ਲਹਿਰਾਉਣ ਵਾਲਿਆਂ ਦੀ ਪਹਿਲੀ ਗ੍ਰਿਫਤਾਰੀ ਹੋਈ। ਹੁਣ 16 ਤੋਂ ਵੱਧ ਬੁੱਧੀਜੀਵੀ ਮੁੰਬਈ ਦੀਆਂ ਜੇਲ੍ਹਾਂ ਵਿੱਚ ਡੱਕੇ ਹੋਏ ਹਨ।

ਨਾਮਵਰ ਕਵੀ ਵਰਵਰਾ ਰਾਉ ਗੰਭੀਰ ਬਿਮਾਰੀਆਂ ਨਾਲ ਜੇਲ੍ਹ ਅੰਦਰ ਜਿੰਦਗੀ ਮੌਤ ਦੀ ਲੜਾਈ ਲੜਦੇ ਰਹੇ ਹਨ। ਉਹਨਾਂ ਨੂੰ ਹੁਣ ਆ ਕੇ ਜਮਾਨਤ ਮਿਲੀ ਹੈ। ਇਹਨਾਂ ਵਿੱਚੋਂ 13 ਮਰਦ ਵਿਦਵਾਨ ਤਾਲੋਜਾ ਜੇਲ੍ਹ ਅਤੇ 3 ਔਰਤ ਵਿਦਵਾਨ ਬਾਈਕੁਲਾ ਜੇਲ੍ਹ ਚ ਬੰਦ ਹਨ। ਇਹਨਾਂ ਉੱਪਰ ਮਨਘੜਤ ਦੋਸ ਮੜ੍ਹੇ ਗਏ ਹਨ ਕਿ 1 ਜਨਵਰੀ 2018 ਨੂੰ ਜਿਲ੍ਹੇ ਦੇ ਪਿੰਡ ਭੀਮਾ ਕੋਰੇਗਾਉਂ ਜਿੱਥੇ 200 ਸਾਲ ਪਹਿਲਾਂ ਲੜੀ ਜੰਗ ਵਿੱਚ ਦਲਿਤ ਮਹਾਰ ਸਿਪਾਹੀਆਂ ਨੇ ਪੇਸ਼ਵਾਵਾਂ ਦੀ ਫੌਜ ਨੂੰ ਹਰਾਇਆ ਸੀਇਸਦੀ ਵਰ੍ਹੇਗੰਡ ਮੌਕੇ ਹੋਈ ਹਿੰਸਾ ਦੀ ਸਾਜਿਸ਼ ਇਹਨਾਂ ਬੁੱਧੀਜੀਵੀਆਂ ਨੇ ਰਚੀ। ਦੋਸ਼ਾਂ ਦਾ ਅਧਾਰ ਕੰਪਿਊਟਰਾਂ ਵਿੱਚੋਂ ਮਿਲੀ ਜਿਸ ਸਮੱਗਰੀ ਨੂੰ ਬਣਾਇਆ ਗਿਆ, ਅਮਰੀਕਨ ਸੁਤੰਤਰ ਪੇਸ਼ੇਵਰ ਫਰਮ ਅਰਸੇਨਲ ਕੰਸਲਟਿੰਗ ਨੇ ਪੁਸ਼ਟੀ ਕੀਤੀ ਹੈ  ਕਿ ਇਹਨਾਂ ਬੁੱਧੀਜੀਵੀ ਕਾਮਿਆਂ ਦੇ ਕੰਪਿਊਟਰਾਂ ਨਾਲ ਛੇੜ ਛਾੜ ਕੀਤੀ ਗਈ ਹੈ। ਜਾਹਲੀ ਈਮੇਲਾਂ ਕੰਪਿਊਟਰਾਂ ਵਿੱਚ ਦਾਖਲ ਕੀਤੀਆਂ ਹਨ। ਇਹਨਾਂ ਨੂੰ ਅਧਾਰ ਬਣਾ ਕੇ ਇਹਨਾਂ ਦੇਸ਼-ਧ੍ਰੋਹ ਵਰਗੀਆਂ ਸੰਗੀਨ ਧਾਰਾਵਾਂ ਮੜ ਕੇ ਜਮਾਨਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਹਨ

ਤਿੰਨ ਵਰ੍ਹੇ ਤੋਂ ਬਿਨਾਂ ਮੁਕੱਦਮਾ ਚਲਾਏ ਉਹਨਾਂ ਨੂੰ ਜੇਲ੍ਹਾਂ ਦੀਆਂ ਕਾਲ ਕੋਠੜੀਆਂ  ਵਿੱਚ ਜਾਨ-ਲੇਵਾ ਹਾਲਤਾਂ ਵਿੱਚ ਡੱਕ ਰੱਖਿਆ ਹੈਸਰਕਾਰ ਨੂੰ ਇਹ ਵੀ ਪਤਾ ਹੈ ਕਿ ਇਹ ਮਨਘੜਤ ਕਹਾਣੀਆਂ ਅਦਾਲਤਾਂ ਅੱਗੇ ਟਿਕ ਨਹੀਂ ਸਕਣਗੀਆਂ। ਇਸ ਲਈ ਜਾਬਰਾਨਾ ਹੱਥ ਕੰਢੇ ਅਪਣਆਉਂਦੇ ਹੋਏ ਬਿਨਾਂ ਮੁਕੱਦਮਾ ਚਲਾਏ ਹੀ ਡੱਕ ਰੱਖਿਆ ਹੈ। ਕੋਈ ਗੰਭੀਰ ਬਿਮਾਰੀ ਤੋਂ ਪੀੜਤ ਹੈ। ਕੋਈ 80-85 ਵਰ੍ਹਿਆਂ ਦੇ 90% ਸਰੀਰਕ  ਹੰਢਾ ਰਿਹਾ ਹੈ, ਵੀਲ ਚੇਅਰ ਤੇ ਹੈ ਉਹਨਾਂ ਨੂੰ ਅੰਡਾਸ਼ੈਲ ਵਿੱਚ ਦਮ ਘੁੱਟਵੈ ਮਾਹੌਲ ਵਿੱਚ ਰੱਖਿਆ ਜਾ ਰਿਹਾ ਹੈ। ਬਜੁਰਗ ਸਟੇਨ ਸਵਾਮੀ ਜੋ ਪਾਰਕਿਨਸਨ ਦੀ ਖਤਰਨਾਕ ਬਿਮਾਰੀ ਦਾ ਸ਼ਿਕਾਰ ਹੈ ਉਸਨੂੰ ਇਲਾਜ ਵਾਸਤੇ ਵੀ ਜਮਾਨਤ ਨਹੀਂ ਦਿੱਤੀ ਜਾ ਰਹੀ। ਦਿੱਲੀ ਯੂਨੀਵਰਸਿਟੀ ਦਾ ਪ੍ਰੋ. ਹੈਨੀ ਬਾਬੂ ਜੇਲ ਵਿੱਚ ਬਲੈਕ ਫੰਗਸ ਨਾਲ ਜੂਝ ਰਿਹਾ ਹੈ। ਉਸਨੂੰ ਆਪਣੀ ਅੱਖ ਸਾਫ ਕਰਨ ਜੋਗਾ ਵੀ ਪਾਣੀ ਦੇਣ ਤੋਂ ਕੋਰਾ ਜਵਾਬ ਦਿੱਤਾ ਜਾ ਰਿਹਾ ਹੈ।

ਨਤਾਸ਼ਾ ਨਰਵਾਲ, ਦੇਵਾਂਗਨਾ ਕਲਿਤਾ ਅਤੇ ਆਸਿਫ਼ ਇਕਬਾਲ ਤਨਹਾ ਨੂੰ ਦਿੱਲੀ ਹਾਈਕੋਰਟ ਵੱਲੋਂ ਜਮਾਨਤ ਮਿਲ ਗਈ। ਪੈਰ ਜੁੱਤੀ ਪਾਏ ਬਿਨ ਭਾਜਪਾ ਦੇ ਇਸ਼ਾਰਿਆਂ ਤੇ ਦਿੱਲੀ ਪੁਲਸ ਜਮਾਨਤ ਰੱਦ ਕਰਾਉਣ ਲਈ ਸੁਪਰੀਮ ਕੋਰਟ ਦੇ ਦਰਵਾਜੇ ਖੜਕਾਉਣ  ਲੱਗੀ। ਸੁਪਰੀਮ ਕੋਰਟ ਨੇ ਭਾਵੇਂ ਜਮਾਨਤ ਉੱਤੇ ਰੋਕ ਤਾਂ ਨਹੀਂ ਲਾਈ ਪਰ ਹਾਈਕੋਰਟ ਦੇ ਫੈਂਸਲੇ ਨੂੰ ਹੋਰਨਾਂ ਬੁੱਧੀਜੀਵੀਆਂ ਦੀ ਜਮਾਨਤ/ਰਿਹਾਈ ਲਈ ਹਵਾਲੇ ਵਜੋਂ ਪੇਸ਼ ਕਰਨ ਤੇ ਰੋਕ ਜ਼ਰੂਰ ਠੋਕ ਦਿੱਤੀ।

ਕਾਨੂੰਨੀ ਅਤੇ ਜਨਤਕ ਜਦੋਜਹਿਦ ਦੇ ਦੋਵੇਂ ਮੋਰਚਿਆਂ ਤੇ ਮੋਦੀ ਹਕੂਮਤ ਬੇਪਰਦ ਹੋਈ ਹੈ।                          ਇਸ ਘਟਨਾ ਕਰਮ ਮੌਕੇ ਸਮਾਜ ਦੇ ਬੁਨਿਆਦੀ ਕਿਰਤੀ ਕਿਸਾਨ ਹਿੱਸਿਆਂ ਵੱਲੋਂ ਹਕੂਮਤੀ ਫਿਰਕੂ ਫਾਸ਼ੀ ਦਹਿਸ਼ਤਗਰਦੀ ਨੂੰ ਲੰਗਾਰ ਕਰਦਿਆਂ ਸਰਗਰਮੀ ਕਰਨਾ ਇੱਕ ਵੱਖਰਾ ਵਰਤਾਰਾ ਹੈ।

           ਨਤਾਸ਼ਾ ਦੇਵਗਾਨਾ ਤੇ ਆਸਿਫ਼ ਦਾ ਜੇਲ੍ਹ ਚੋਂ ਨਿਕਲਦੇ ਸਾਰ ਅਕਾਸ਼ ਗੁੰਜਾਊ    ਨਾਹਰਿਆਂ ਅਤੇ ਕੌਮੀ ਮਹਿਬੂਬ ਸ਼ਹੀਦ ਭਗਤ ਸਿੰਘ ਦੇ ਬੋਲ ਗੁੰਜਾਉਣਾ ਕਿ:

                     ‘ਵਕਤ ਆਨੇ ਬਤਾ ਦੇਂਗੇ ਤੁਝੇ  ਔ ਆਸਮਾਂ’

                      ਹਮ ਅਭੀ ਸੇ ਕਿਆ ਬਤਾਏਂ, ਕਿਆ ਹਮਾਰੇ ਦਿਲ ਮੇਂ ਹੈ”

           ਇੱਕ ਵਾਰ ਫਿਰ ਇਤਿਹਾਸਕ ਪ੍ਰਮਾਣ ਦਰੜਾਉਂਦਾ ਹੈ ਕਿ ਜੋਰ ਜਬਰ ਖਿਲਾਫ਼ ਜੂਝਦੀ ਹੱਕ, ਸੱਚ, ਇਨਸਾਫ ਦੀ ਆਵਾਜ ਨੂੰ ਦਬਾਇਆ ਨਹੀਂ ਜਾ ਸਕਦਾ।              

 ਰਾਜ ਮਸ਼ੀਨਰੀ ਦੇ ਵੱਖ-ਵੱਖ ਅੰਗ ਸਗੋਂ ਲੋਕਾਂ ਦੇ ਮੁੱਢਲੇ ਮਾਨਵੀ ਜਮਹੂਰੀ ਹੱਕਾਂ ਨੂੰ ਵੀ ਕੁਚਲਣ ਦਾ ਸੰਦ ਬਣਕੇ ਕੰਮ ਕਰ ਰਹੇ ਹਨ। ਇੱਕ ਨਿੱਕੀ ਜਿਹੀ ਝਲਕ ਹੀ ਇਸ ਵਹਿਸ਼ੀ ਰਾਜ ਦੇ ਜਬਾੜੇ ਨਸ਼ਰ ਕਰ ਦਿੰਦੀ ਹੈ। ਆਦਿਵਾਸੀ ਖੇਤਰ ਤੋਂ 1000 ਕਿਲੋਮੀਟਰ ਪੈਦਲ ਚੱਲਕੇ ਇੱਕ ਕਾਮਾ ਸੁਧਾ ਭਾਰਦਵਾਜ ਦੀ ਮੁਲਾਕਾਤ ਲਈ ਆਉਂਦਾ ਹੈ। ਉਹ ਬਿਆਨ ਦੇ ਕੇ ਸੱਚ ਝੂਠ ਦਾ ਨਿਤਾਰਾ ਕਰਕੇ ਰੱਖ ਦਿੰਦਾ ਹੈ। ਉਹ ਦੱਸਦਾ ਹੈ ਕਿ “ਮੈਂ ਸੀਮੈਂਟ ਫੈਕਟਰੀ ਏ.ਸੀ.ਸੀ. ਵਿੱਚ ਕੰਮ ਕਰਦਾ ਸੀ। ਵਕੀਲ ਸੁਧਾ ਭਾਰਦਵਾਜ ਨੇ ਸਾਡੇ ਹੱਕ ਦੀ ਜਨਤਕ ਅਤੇ ਕਾਨੂੰਨੀ ਲੜਾਈ ਲੜੀ ਅੱਜ ਅਸੀਂ 28000 ਰੁਪਇਆ ਲੈ ਰਹੇ ਹਾਂ। ਸੁਧਾ ਭਾਰਦਵਾਜ ਦਾ ਇਹੋ ਦੋਸ਼ ਹੈ ਕਿ ਉਹ ਮਜ਼ਦੂਰਾਂ, ਆਦਿਵਾਸੀਆਂ ਦੀ ਬਾਂਹ ਫੜਦੀ ਹੈ। ਇਨਸਾਫ਼ ਲਈ ਲੜਦੀ ਹੈ।

        ਪੰਦਰਵਾੜਾ ਮੁਹਿੰਮ ਵਿੱਚ ਸ਼ਾਨਦਾਰ ਪੱਖ ਉੱਘੜਕੇ ਸਾਹਮਣੇ ਆਇਆ ਕਿ ਬੁੱਧੀਜੀਵੀਆਂ ਦੀ ਰਿਹਾਈ ਤੱਕ ਸੀਮਤ ਨਾ ਰਹਿਣ ਦੀ ਬਜਾਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਲੋਕ-ਵਿਰੋਧੀ ਕਾਲੇ ਕਾਨੂੰਨ ਕੂੜੇਦਾਨ ਵਿੱਚ ਸੁੱਟਣ ਦੇ ਮੁੱਦੇ ਨੂੰ ਮਹੱਤਤਾ ਦਿੱਤੀ। ਸਰਗਰਮੀ ਚ ਇਹ ਵਿਸ਼ੇਸ਼ ਧਿਆਨ ਰੱਖਿਆ ਗਿਆ ਕਿ ਜਮਹੂਰੀ ਹੱਕਾਂ ਦੀ ਲੜਾਈ ਚ ਰਿਹਾਈ ਦਾ ਮੁੱਦਾ ਹੋਣਾ ਇੱਕ ਗੱਲ ਹੈ ਅਸਲ ਗੱਲ ਇਹ ਹੈ ਕਿ ਉਹ ਸਾਰੇ ਕਾਲੇ ਕਾਨੂੰਨ ਮੂਲੋਂ ਖਤਮ ਕਰਾਉਣ ਲਈ ਜੱਦੋਜਹਿਦ ਤੇਜ਼ ਕੀਤੀ ਜਾਵੇ ਜਿਹੜੇ ਵੀ ਲੋਕਾਂ ਦੀ ਜੁਬਾਨਬੰਦੀ ਕਰਦੇ ਹਨ। ਇਹ ਪੱਖ ਵੀ ਉਭਾਰਿਆ ਗਿਆ ਕਿ ਐਨ.ਪੀ.ਆਰ.,ਐਨ.ਸੀ.ਆਰ. ਆਦਿਵਾਸੀਆਂ, ਕਸਮੀਰੀ ਲੋਕਾਂ ਦੇ ਜਮਹੂਰੀ ਹੱਕਾਂ ਸਭ ਬਾਰੇ ਆਵਾਜ਼ ਉਠਾਉਣ ਦੀ ਲੋੜ ਹੈ। ਖੇਤੀ ਅਤੇ ਕਿਰਤ ਕਾਨੂੰਨਾਂ, ਸਿਹਤ, ਬਿਜਲੀ, ਪਾਣੀ, ਰੁਜ਼ਗਾਰ, ਮਹਿੰਗਾਈ, ਮੁਢਲੀਆਂ ਜੀਵਨ ਲੋੜਾਂ ਦੀ ਜੱਦੋਜਹਿਦ ਸਭ ਮੌਕੇ ਜਮਹੂਰੀ ਹੱਕਾਂ ਪ੍ਰਤੀ ਚੇਤਨਾ, ਲਾਮਬੰਦੀ ਅਤੇ ਸਾਂਝੇ ਸੰਘਰਸ਼ ਦੇ ਵਿਲੱਖਣ ਵਰਤਾਰੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਦਿਸ਼ਾ ਵੱਲ ਸੁਲੱਖਣੇ ਵਰਤਾਰੇ ਦੀਆਂ ਉਤਸਾਹੀ ਝਲਕਾਂ ਸਾਹਮਣੇ ਆਈਆਂ ਹਨ।       

ਬੁੱਧੀਜੀਵੀਆਂ ਦੀ ਰਿਹਾਈ ਲਈ ਸਰਗਰਮੀ

11 ਜੂਨ ਨੂੰ ਕਈ ਸਾਰੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਮਿਲ ਕੇ ਇੱਕ online ਮੀਟਿੰਗ ਜਿਸ ਵਿਚ ਮੁਲਕ ਵਿਚ ਵੱਖ ਵੱਖ ਥਾਵਾਂ ਤੋਂ BK16 ਦੇ ਪਰਿਵਾਰਾਂ ਨੇ ਹਿੱਸਾ ਲਿਆ।  ਪੰਜ ਘੰਟੇ ਚੱਲੀ ਇਸ ਮੀਟਿੰਗ ਵਿਚ ਜੇਲ੍ਹਾਂ ਵਿਚ ਕੈਦ 16 ਬੁਧੀਜੀਵੀਆਂ ਦੇ ਵਿਚਾਰ, ਕਾਰਜ ਖੇਤਰ, ਅਤੇ ਉਨ੍ਹਾਂ 'ਤੇ ਪਾਏ ਝੂਠੇ ਕੇਸਾਂ ਦੀ ਸਚਾਈ ਬਿਆਨੀ ਗਈ।  16 ਪਰਿਵਾਰਾਂ ਤੋਂ ਜੁੜੇ ਸਾਰੇ ਸਾਥੀਆਂ ਨੇ ਆਪਣੀ ਗੱਲ ਰੱਖੀਭੀਮਾ ਕੋਰੇਗਾਓਂ ਕੇਸ ਕੀ ਹੈ ਇਸ ਬਾਰੇ ਇਕ ਛੋਟੀ ਫਿਲਮ ਦਿਖਾਈ ਗਈ, ਕੈਦ ਕੀਤੇ ਸਾਥੀਆਂ ਬਾਰੇ ਅਤੇ ਉਨ੍ਹਾਂ ਦੀਆਂ ਆਪਣੀਆਂ ਤਕਰੀਰਾਂ, ਅਤੇ ਗੀਤਾਂ ਦੀਆ ਵੀਡੀਓ ਵੀ ਸਾਂਝੀਆਂ ਕੀਤੀਆਂ ਗਈਆਂ। BK 16 'ਤੇ ਇੱਕ ਕਿਤਾਬ 'ਸਲਾਖੋਂ ਮੇਂ ਕੈਦ ਆਵਾਜ਼ੇ' ਰਿਲੀਜ਼ ਕੀਤੀ ਗਈ। 

 

12 ਜੂਨ ਨੂੰ BK 16 ਦੀ ਰਿਹਾਈ ਲਈ ਵਿੱਢੀ ਅੰਤਰਰਾਸ਼ਟਰੀ ਮੁਹਿੰਮ ਨੇ G -7 ਦੇਸ਼ਾਂ ਦੀ ਚਲ ਰਹੀ ਮੀਟਿੰਗ - ਜਿਸ ਵਿਚ ਭਾਰਤ ਨੂੰ ਵੀ ਸੱਦਾ ਸੀ - ਦੇ ਦੌਰਾਨ, ਯੂਰੋਪੀ ਦੇਸ਼ਾਂ ਦੀਆਂ ਰਾਜਧਾਨੀਆਂ ਅਤੇ ਦੂਜੇ ਸ਼ਹਿਰਾਂ ਵਿਚ ਮੁਜ਼ਾਹਰੇ ਰੱਖੇ। ਇਹ ਮੁਜ਼ਾਹਰੇ ਜਰਮਨੀ, ਸਵਿਟਜ਼ਰਲੈੰਡ, ਅਤੇ ਇੰਗਲੈਂਡ ਦੇ ਸ਼ਹਿਰਾਂ ਵਿਚ ਹੋਏ। ਇਨ੍ਹਾਂ ਦਾ ਮਕਸਦ ਯੂਰਪ ਦੀਆਂ ਸਰਕਾਰਾਂ ਉੱਤੇ ਦਬਾਅ ਪਾਉਣਾ ਅਤੇ ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਖੌਟਾ ਪਾਈ ਭਾਰਤੀ ਫਾਸ਼ੀਵਾਦੀ ਹਕੂਮਤ ਦਾ ਅਸਲੀ ਚੇਹਰਾ ਆਮ ਲੋਕਾਂ ਸਾਹਮਣੇ ਬੇਨਕਾਬ ਕਰਨਾ ਸੀ।

 

ਇਸ ਪੰਦਰਵਾੜੇ ਦੌਰਾਨ ਬਹੁਤ ਸਾਰੇ ਸ਼ਹਿਰਾਂ ਵਿਚ UAPA, Sedition ਅਤੇ ਹੋਰ ਨਿਵਾਰਕ ਨਜ਼ਰਬੰਦੀ (preventive ਡਿਟੈਂਸ਼ਨ) ਕਾਨੂੰਨਾਂ ਬਾਰੇ ਕਈ ਗੋਸ਼ਟੀਆਂ ਰੱਖੀਆਂ ਗਈਆਂ ਜਿਨ੍ਹਾਂ ਵਿਚ ਇਨ੍ਹਾਂ ਕਾਨੂੰਨਾਂ ਦਾ ਇਤਿਹਾਸ, ਮੌਜੂਦਾ ਸਰਕਾਰ ਵਲੋਂ ਇਨ੍ਹਾਂ ਦੀ ਅੰਨ੍ਹੀ ਵਰਤੋਂ ਅਤੇ ਮੁਲਕ ਅੰਦਰ ਖੌਫ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ ਅਤੇ ਆਮ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ, ਆਪਣੀ ਬੋਲਣ, ਸੋਚਣ ਅਤੇ ਜਬਰ ਖਿਲਾਫ ਲੜਨ ਦੀ ਆਜ਼ਾਦੀ ਦੀ ਰਿਵਾਇਤ ਕਾਇਮ ਰੱਖਣ ਲਈ ਡਟੇ ਰਹਿਣ ਲਈ ਪ੍ਰੇਰਤ ਕੀਤਾ ਗਿਆ।

ਕਈ ਹੋਰ ਸ਼ਹਿਰਾਂ ਰਾਏਪੁਰ, ਭਿਲਾਈ ਬਿਲਾਸਪੁਰ ਵਿਚ ਰੈਲੀਆਂ ਕੱਢੀਆਂ ਗਈਆਂ ਅਤੇ ਬੰਦ ਬੁਧੀਜੀਵੀਆਂ ਦੀ ਰਿਹਾਈ ਦੀ ਮੰਗ ਲਈ ਲੋਕਾਂ ਨੂੰ ਲਾਮਬੰਦ ਕੀਤਾ ਗਿਆ।  

         

                                                                                                                       

                                      

 

 

 

ਮੀਂਹ/ ਤੂਫਾਨ/ ਜਜ਼ਬਾ/ ਪ੍ਰਤੀਬੱਧਤਾ

 

ਮੀਂਹ/ ਤੂਫਾਨ/ ਜਜ਼ਬਾ/ ਪ੍ਰਤੀਬੱਧਤਾ

                ਜੇਲ੍ਹਾਂ 'ਚ ਡੱਕੇ ਬੁੱਧੀਜੀਵੀਆਂ ਕਲਾਕਾਰਾਂ ਨਾਲ ਹੋ ਰਹੇ ਸਰਾਸਰ ਧੱਕੇ ਤੇ ਅਣਮਨੁੱਖੀ ਵਿਵਹਾਰ ਖਿਲਾਫ਼ ਰੋਹ ਦੀ ਗੂੰਜ ਪੈਦਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬੀਬੀ ਗੁਲਾਬ ਕੌਰ ਸਟੇਜ 'ਤੇ ਸਮਾਗਮ ਉਲੀਕਿਆ ਗਿਆ ..ਅਸੀਂ ਜਿਵੇਂ ਹੀ ਪਹੁੰਚ ਕੇ ਸ਼ੁਰੂਆਤ ਕਰਨ ਲਗੇ ਤਾਂ ਜ਼ੋਰਦਾਰ ਮੀਂਹ ਤੂਫਾਨ ਆ ਗਿਆ ..ਮਿੰਟਾਂ ਵਿਚ ਚਾਰੇ ਪਾਸੇ ਪਾਣੀ ਪਾਣੀ ਹੋ ਗਿਆ. ਸਟੇਜ ਅਤੇ ਪੰਡਾਲ ਅਸਤ ਵਿਅਸਤ ਹੋ ਗਿਆ..ਪਰ..

                ਜਿਨ੍ਹਾਂ ਦੀ ਰਿਹਾਈ ਲਈ ਮੰਗ ਕਰ ਰਹੇ ਸਾਂ, ਉਨ੍ਹਾਂ ਵਿੱਚੋਂ ਕਬੀਰ ਮੰਚ ਦੇ ਕੁਝ ਕਲਾਕਾਰ ਵੀ ਹਨ  ..ਉਨ੍ਹਾਂ ਗ੍ਰਿਫ਼ਤਾਰ ਹੋਏ ਕਲਾਕਾਰਾਂ ਵਿਚੋਂ ਇਕ ਕਲਾਕਾਰ ਦੀ ਪਤਨੀ ਸੀਤਲ ਸਾਠੇ ਜਦੋਂ ਸਟੇਜ ਤੋਂ ਗੀਤ ਗਾਉਂਦੀ ਹੈ ਤਾਂ ਉਸ ਦਾ  ਸਾਢੇ ਤਿੰਨ ਸਾਲਾ ਬੱਚਾ ਖੱਬੇ ਪਾਸੇ ਢੋਲਕੀ ਵਾਲੇ ਦੇ ਕੋਲ ਬੈਠਾ ਸਭ ਦੇਖ ਰਿਹਾ ਹੁੰਦਾ ਹੈ ..ਸੀਤਲ ਸਾਠੇ ਸਟੇਜ ਤੋਂ ਲਰਜ਼ਦੇ ਬੋਲ ਉੱਚੇ ਕਰਦੀ ਹੈ

    ਸਾਡੇ ਬੱਚੇ

    ਅਸੀਂ ਤੈਨੂੰ ਤੂਫਾਨ ਵਿਚ ਜਨਮ ਦਿੱਤਾ ਹੈ

    ਅਸੀਂ ਫਟੇ ਹੋਏ ਅੰਬਰ ਵਿੱਚ ਤੇਰੇ ਲਈ ਝੂਲਾ ਟੰਗਿਆ ਹੈ !!

              ਐਨੇ ਸਿਰੜੀ ਕਲਮਕਾਰਾਂ ਕਲਾਕਾਰ ਤੇ ਬੁੱਧੀਜੀਵੀਆਂ  ਨੂੰ ਸਮਰਪਿਤ ਪ੍ਰੋਗਰਾਮ ਫਿਰ ਮੀਂਹ ਤੂਫਾਨ ਨਾਲ ਕਿਵੇਂ ਰੁਕ ਸਕਦਾ ਸੀ ..ਝੱਟ ਪੱਟ  ਨਾਅਰੇ ਗੂੰਜਣ ਲੱਗ ਪਏ ਤੇ ਮੀਂਹ ਦੀਆਂ ਕਣੀਆਂ ਦੇ ਦੌਰਾਨ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ... ਤੂਫ਼ਾਨ ਦੀ ਹਾਰ ਹੋਈ ... ਮੀਂਹ ਘਟ ਗਿਆ ਤੇ ਪ੍ਰੋਗਰਾਮ ਬੇਰੋਕ ਟੋਕ ਜਾਰੀ ਰਿਹਾ! 

             ਹਾਂਅ....ਅਸੀਂ ਫਟੇ ਹੋਏ ਅੰਬਰਾਂ ਵਿਚ ਝੂਲਾ ਟੰਗਣ ਵਾਲੇ ਹਾਂ ....ਤੂਫ਼ਾਨਾਂ ਵਿਚ ਝੂਲਾ ਟੰਗਣਾ ਸੌਖਾ ਤਾਂ ਨਹੀਂ ਹੁੰਦਾ! ਪਰ ਕਿਸੇ ਨੂੰ ਤਾਂ ਟੰਗਣਾ ਪਏਗਾ,  ਤਾਂ ਕਿ ਆਉਣ ਵਾਲੀ ਨਸਲ ਲਈ ਜ਼ਿੰਦਗੀ  ਸਿਰਫ਼ ਸਜ਼ਾ ਬਣ ਕੇ ਨਾ ਰਹਿ ਜਾਵੇ ..ਜ਼ਿੰਦਗੀ ਮਾਨਣ ਯੋਗ ਬਣੇ..  ਤੇ ਸਭ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਹੱਕ ਮਿਲੇ! 

        ਅੱਜ  ਇਹ ਆਵਾਜ਼ ਬੁਲੰਦ ਕਰਨ ਵਾਲੇ ਸਿਰਫ਼ ਕਲਮਕਾਰ ਤੇ ਕਲਾਕਾਰ ਨਹੀਂ ਸਨ.. ਮਿਹਨਤਕਸ਼ ਕਿਰਤੀ ਲੋਕ ਸਨ ,ਜੋ ਦੁੱਗਣੇ ਜੋਸ਼ ਨਾਲ ਆਵਾਜ਼ ਬੁਲੰਦ ਕਰ ਰਹੇ ਸਨ ! ਇਹ ਗਲਵੱਕੜੀ  ਇਸੇ ਤਰ੍ਹਾਂ ਬਣੀ ਰਹੇਗੀ..ਤੇ ਇਕ ਦਿਨ ਪਿੰਜਰਾ ਟੁੱਟੇਗਾ!!

       ਸਲਾਮ ਕਿਰਤੀ ਲੋਕਾਂ ਨੂੰ ,ਜਿਹਨਾਂ ਨੇ ਸਾਨੂੰ ਅਪਣਾਇਆ !!! ਹੁਣ ਅਸੀਂ ਅਲੱਗ ਲੋਕ ਨਹੀਂ ..ਇਹਨਾਂ ਦਾ ਹਿੱਸਾ ਹਾਂ ..ਲੋਕ ਕਲਾਕਾਰ ਦੀ ਪ੍ਰੀਭਾਸ਼ਾ ਹੁਣ ਸਪਸ਼ਟ ਹੋ ਰਹੀ ਹੈ..ਜ਼ਿੰਦਾਬਾਦ ਪਿਆਰਿਓ!!

   ਲੋਕਾਂ ਦਾ ਕਲਾਕਾਰ

   ਸਾਹਿਬ  ਸਿੰਘ

ਮਜ਼ਦੂਰ ਜਥੇਬੰਦੀਆਂ ਲਾਉਣਗੀਆਂ ਪਟਿਆਲਾ 'ਚ ਮੋਰਚਾ

 
ਮਜ਼ਦੂਰ ਜਥੇਬੰਦੀਆਂ ਲਾਉਣਗੀਆਂ ਪਟਿਆਲਾ 'ਚ ਮੋਰਚਾ
* ਚੇਤਨਾ ਤੇ ਲਾਮਬੰਦੀ ਮੁਹਿੰਮ ਤਹਿਤ ਪਿੰਡਾਂ 'ਚ ਕੀਤੇ ਜਾਣਗੇ ਰੋਸ ਮੁਜ਼ਾਹਰੇ
* ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਇਕੱਠ ਕਰਕੇ  ਦਿੱਤੇ ਜਾਣਗੇ ਯਾਦ ਪੱਤਰ

 

ਚੰਡੀਗੜ੍ਹ, 25 ਜੂਨ-- ਕਿਰਤ ਕਾਨੂੰਨਾਂ 'ਚ ਕੀਤੀਆਂ ਸੋਧਾਂ ਅਤੇ ਖੇਤੀ ਕਾਨੂੰਨਾਂ ਦੀ ਵਾਪਸੀ, ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਅਤੇ ਬਿਜਲੀ ਬਿੱਲਾਂ ਦੇ ਖੜ੍ਹੇ ਬਕਾਏ ਖ਼ਤਮ ਕਰਨ,ਕੌ-ਅਪਰੇਟਿਵ ਸੁਸਾਇਟੀਆਂ 'ਚ ਬੇਜ਼ਮੀਨੇ ਮਜ਼ਦੂਰਾਂ ਦੇ ਬਿਨਾਂ ਸ਼ਰਤ ਹਿੱਸੇ ਪੁਆਉਣ,ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਤੇ ਮਕਾਨ ਉਸਾਰੀ ਲਈ ਗਰਾਂਟ ਦੇਣ,ਪੱਕੇ ਰੁਜ਼ਗਾਰ ਦੀ ਗਰੰਟੀ ਅਤੇ ਦਲਿਤਾਂ 'ਤੇ ਜ਼ਬਰ ਬੰਦ ਕਰਨ ਆਦਿ ਭਖ਼ਦੀਆਂ ਮੰਗਾਂ ਨੂੰ ਲੈ ਕੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 9 ਅਗਸਤ ਤੋਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਤਿੰਨ ਰੋਜ਼ਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ। ਇਹ ਫ਼ੈਸਲਾ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਮਹੀਂਪਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ। ਇਹ ਜਾਣਕਾਰੀ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਤਰਫੋਂ ਬਿਆਨ ਜਾਰੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਟਿਆਲਾ ਮੋਰਚੇ ਤੋਂ ਪਹਿਲਾਂ 10 ਤੋਂ 14ਜੁਲਾਈ ਤੱਕ ਜ਼ਿਲ੍ਹਾ ਪੱਧਰੀ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ 15 ਤੋ 25 ਜੁਲਾਈ ਤੱਕ ਕਾਂਗਰਸ ਸਰਕਾਰ ਵੱਲੋਂ ਮਜ਼ਦੂਰਾਂ ਨਾਲ਼ ਕੀਤੇ ਵਾਅਦਿਆਂ ਤੋਂ ਭੱਜਣ ਵਿਰੁੱਧ ਪਿੰਡ ਪੱਧਰੇ ਵਿਸ਼ਾਲ ਰੋਸ ਮੁਜ਼ਾਹਰੇ ਕਰਕੇ 27,28 ਤੇ 29 ਜੁਲਾਈ ਨੂੰ ਹੁਕਮਰਾਨ ਕਾਂਗਰਸ ਸਰਕਾਰ ਦੇ ਵਿਧਾਇਕਾਂ, ਮੰਤਰੀਆਂ ਤੇ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਇਕੱਠ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਇਸ ਮੀਟਿੰਗ  ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ , ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਤੇ ਸੁਖਪਾਲ ਸਿੰਘ ਖਿਆਲੀ ਵਾਲਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਤੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਬਬਲੀ ਅਟਵਾਲ ਤੇ ਜਨਰਲ ਸਕੱਤਰ ਬਲਵੰਤ ਸਿੰਘ ਮਖੂ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਮੱਖਣ ਸਿੰਘ ਰਾਮਗੜ੍ਹ ਤੋਂ ਇਲਾਵਾ ਮਜ਼ਦੂਰ ਆਗੂ ਬਲਦੇਵ ਸਿੰਘ ਨੂਰਪੁਰੀ ਤੇ ਪਰਮਜੀਤ ਸਿੰਘ ਮੌਜੂਦ ਸਨ। ਇਸ ਤੋਂ ਇਲਾਵਾ ਸਾਂਝੇ ਮੋਰਚੇ 'ਚ ਸ਼ਾਮਲ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਲਜ਼ਾਰ ਗੌਰੀਆ ਵੱਲੋਂ ਵੀ ਇਸ ਸੱਦੇ ਨਾਲ ਸਹਿਮਤੀ ਪ੍ਰਗਟਾਈ ਗਈ।

ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਜਿੱਥੇ ਮੋਦੀ ਸਰਕਾਰ ਵਲੋਂ ਕਿਰਤ ਕਾਨੂੰਨਾਂ 'ਚ ਸੋਧਾਂ ਕਰਨ ਅਤੇ ਖੇਤੀ ਕਾਨੂੰਨ ਲਿਆਉਣ ਰਾਹੀਂ ਮਜ਼ਦੂਰਾਂ ਦਾ ਰੁਜ਼ਗਾਰ ਉਜਾੜਨ ਅਤੇ ਖਾਧ ਖੁਰਾਕ ਉਤੇ ਕਾਰਪੋਰੇਟ ਘਰਾਣਿਆਂ ਦੇ ਗਲਬੇ ਰਾਹੀਂ ਕਿਰਤੀ ਲੋਕਾਂ ਨੂੰ ਭੁੱਖਮਰੀ ਦੇ ਜੁਬ੍ਹਾੜਿਆਂ 'ਚ ਹੋਰ ਵਧੇਰੇ ਧੱਕਣ ਤੇ ਕਿਸਾਨਾਂ ਦੀਆਂ ਜ਼ਮੀਨਾਂ ਸਮੇਤ ਪੰਚਾਇਤੀ ਤੇ ਸ਼ਾਮਲਾਟ ਜ਼ਮੀਨਾਂ ਹਥਿਆਉਣ ਦੇ ਕਦਮ ਚੁੱਕਣ ਰਾਹੀਂ ਲੋਕ ਦੋਖੀ ਆਰਥਿਕ ਸੁਧਾਰਾਂ ਦੀ ਧੁੱਸ ਨੂੰ ਅੱਡੀ ਲਾਈ ਗਈ ਉਥੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵੀ ਪੇਂਡੂ ਤੇ ਖੇਤ ਮਜ਼ਦੂਰਾਂ ਦੀ ਹਾਲਤ ਹੋਰ  ਦੁੱਭਰ ਕਰਨ ਵਾਲੇ ਕਦਮ ਚੁੱਕੇ ਜਾ ਰਹੇ ਹਨ। ਉਹਨਾ ਦੋਸ਼ ਲਾਇਆ ਕਿ ਕੈਪਟਨ ਸਰਕਾਰ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਦੇਣ,ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦੇਣ,ਘਰ - ਘਰ ਨੌਕਰੀ ਦੇਣ ਵਰਗੇ ਚੋਣ ਵਾਅਦੇ ਪੂਰੇ ਕਰਨ ਤੋਂ ਭੱਜ ਗ ਹੈ ਅਤੇ ਮਨਰੇਗਾ ਤਹਿਤ ਬਣਦਾ ਰੁਜ਼ਗਾਰ ਵੀ ਨਹੀਂ ਦੇ ਰਹੀ। ਉਹਨਾਂ ਆਖਿਆ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਦੀ ਬਦੌਲਤ ਪੇਂਡੂ ਤੇ ਖੇਤ ਮਜ਼ਦੂਰਾਂ ਦਾ ਰੁਜ਼ਗਾਰ ਲਗਾਤਾਰ ਖੁਰ ਰਿਹਾ ਹੈ, ਖੁਰਾਕੀ ਵਸਤਾਂ ਸਮੇਤ ਸਭਨਾਂ ਵਸਤਾਂ ਦੀ ਮਹਿੰਗਾਈ ਵਧ ਰਹੀ ਅਤੇ ਵਿਖਾਵੇ ਮਾਤਰ ਮਜ਼ਦੂਰ ਭਲਾਈ ਸਕੀਮਾਂ ਛਾਂਗੀਆਂ ਜਾ ਰਹੀਆਂ ਹਨ। ਜਿਸਦੇ ਸਿੱਟੇ ਵਜੋਂ ਕਰਜ਼ੇ ਅਤੇ ਆਰਥਿਕ ਤੰਗੀਆ ਦੇ ਝੰਬੇ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਮਜ਼ਦੂਰ ਆਗੂ ਸੇਵੇਵਾਲਾ ਨੇ ਦੱਸਿਆ ਕਿ ਪਟਿਆਲਾ ਮੋਰਚੇ ਦੌਰਾਨ ਉਪਰੋਕਤ ਮੰਗਾਂ ਤੋਂ ਇਲਾਵਾ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਸਸਤੇ ਭਾਅ ਠੇਕੇ 'ਤੇ ਦੇਣ ਦੀ ਗਰੰਟੀ ਕਰਨ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਘਰੇਲੂ ਤੇ ਰਸੋਈ ਵਰਤੋਂ ਦੀਆਂ ਵਸਤਾਂ ਸਸਤੇ ਭਾਅ ਤੇ ਦੇਣ ਤੇ ਚੋਣ ਵਾਅਦੇ ਮੁਤਾਬਕ ਵਿਧਵਾ ਬੁਢਾਪਾ ਤੇ ਅੰਗਹੀਣ ਪੈਨਸ਼ਨ 2500 ਰੁਪਏ ਮਹੀਨਾ ਕਰਨ ਅਤੇ ਮਜ਼ਦੂਰ ਘਰਾਂ ਚੋਂ ਪੁੱਟੇ ਮੀਟਰ ਬਿਨਾਂ ਸ਼ਰਤ ਲਾਉਣ ਅਤੇ ਖੇਤੀ ਮੋਟਰਾਂ ਦੀ ਤਰ੍ਹਾਂ ਮਜ਼ਦੂਰਾਂ ਦੇ ਸਾਰੇ ਘਰੇਲੂ ਬਿਜਲੀ ਬਿੱਲ ਮੁਆਫ ਕਰਨ ਦੀ ਮੰਗ ਵੀ ਕੀਤੀ ਜਾਵੇਗੀ।

ਇਸ ਮੀਟਿੰਗ ਦੀ ਸ਼ੁਰੂਆਤ ਪਿਛਲੇ ਸਮੇਂ ਦੌਰਾਨ ਵਿਛੜੇ ਸਾਥੀਆਂ ਤੇ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ।ਇਸ ਮੌਕੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਦੇ ਬਜਟ ਨੂੰ ਐਸ ਸੀ/ਐਸ ਟੀ ਵਰਗਾਂ ਤੇ ਜਾਤਾਂ 'ਚ ਵੰਡਣ ਵਾਲੇ ਫੈਸਲੇ ਦੀ ਨਿਖੇਧੀ ਕਰਦਿਆਂ ਇਸਨੂੰ ਤੁਰੰਤ ਵਾਪਸ ਲੈਣ ਦਾ ਮਤਾ ਵੀ ਪਾਸ ਕੀਤਾ ਗਿਆ।

ਪ੍ਰੈੱਸ ਬਿਆਨ

 

ਠੇਕਾ ਮੁਲਾਜਮਾਂ ਨੇ ਵਿੱਤ ਮੰਤਰੀ ਦਾ ਦਫ਼ਤਰ ਘੇਰਿਆ*

 

* ਠੇਕਾ ਮੁਲਾਜਮਾਂ ਨੇ ਵਿੱਤ ਮੰਤਰੀ ਦਾ ਦਫ਼ਤਰ ਘੇਰਿਆ*
 

ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਪੱਕਾ ਕਰੇ ਕੈਪਟਨ ਸਰਕਾਰ:-ਮੋਰਚਾ ਆਗੂ
 

19 ਜੂਨ (ਬਠਿੰਡਾ) ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਠਿੰਡਾ ਸਥਿਤ ਦਫ਼ਤਰ ਸਾਹਮਣੇ ਦੋ-ਰੋਜ਼ਾ ਧਰਨਾ ਸ਼ੁਰੂ ਕਰਨ ਉਪਰੰਤ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਵਰਿੰਦਰ ਸਿੰਘ ਬੀਬੀਵਾਲਾ,ਜਗਸੀਰ ਸਿੰਘ ਭੰਗੂ,ਰੇਸ਼ਮ ਸਿੰਘ ਗਿੱਲ,ਸੇਵਕ ਸਿੰਘ ਦੰਦੀਵਾਲ,ਰਾਜੇਸ਼ ਕੁਮਾਰ,ਸੰਦੀਪ ਖਾਨ,ਖੁਸ਼ਦੀਪ ਸਿੰਘ ਨੇ ਠੇਕਾ ਮੁਲਾਜਮਾਂ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਅਤੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਤ੍ਰਾਸਦੀ ਇਹ ਹੈ ਕਿ ਕੈਪਟਨ ਸਰਕਾਰ ਨੇ ਆਪਣੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜ਼ਕਾਲ ਵਿੱਚ ਮੰਤਰੀਆਂ,ਵਧਾਇਕਾਂ ਦੇ ਬੱਚਿਆਂ ਨੂੰ ਤਾਂ ਪੱਕੀ ਨੌਕਰੀ ਦੇ ਦਿੱਤੀ ਹੈ ਪਰ ਸਮੂਹ ਵਿਭਾਗਾਂ ਵਿੱਚ ਪਿਛਲੇ 15-20 ਸਾਲਾਂ ਤੋਂ ਲਗਾਤਾਰ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪਿ ਰਹੇ ਠੇਕਾ ਮੁਲਾਜਮਾਂ ਨੂੰ ਪੱਕਾ ਨਹੀਂ ਕੀਤਾ ਅਤੇ ਕੈਪਟਨ ਸਰਕਾਰ ਖਜ਼ਾਨਾ ਖਾਲੀ ਹੋਣ ਅਤੇ ਕਾਨੂੰਨੀ ਅੜਚਨਾਂ ਦਾ ਬਹਾਨਾ ਬਣਾਕੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਲਗਾਤਾਰ ਤੋਂ ਭੱਜ ਰਹੀ ਹੈ ਅਤੇ ਕੇਂਦਰ ਸਰਕਾਰ ਦੀਆਂ

ਕਾਰੋਪਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਦੇ ਹੋਏ ਸਮੂਹ ਸਰਕਾਰੀ ਵਿਭਾਗਾਂ ਤੇ ਨਿੱਜੀਕਰਨ ਦਾ ਹੱਲਾ ਵਿੱਢਿਆ ਹੋਇਆ ਹੈ ਅਤੇ ਇੱਕ ਲੱਖ ਸਰਕਾਰੀ ਨੌਕਰੀਆਂ ਦੇਣ ਦੀ ਗੱਲ ਕਰਨ ਵਾਲੀ ਕੈਪਟਨ ਸਰਕਾਰ ਨੇ ਸਮੂਹ ਵਿਭਾਗਾਂ ਵਿੱਚੋਂ ਪੁਨਰਗਠਨ ਦੇ ਨਾਮ 'ਤੇ ਇੱਕ ਲੱਖ ਦੇ ਕਰੀਬ ਅਸਾਮੀਆਂ ਦਾ ਖਾਤਮਾ ਕਰ ਦਿੱਤਾ ਹੈ ਅਤੇ ਠੇਕਾ ਮੁਲਾਜਮਾਂ ਨੂੰ ਪੱਕਾ ਕਰਨ ਦੇ ਮਸਲੇ 'ਤੇ ਰ੍ਹਾਂ-ਰ੍ਹਾਂ ਦੇ ਬਹਾਨੇ ਬਣਾਕੇ ਆਪਣੇ ਕਾਰਜ਼ਕਾਲ ਦਾ ਬਾਕੀ ਰਹਿੰਦਾ ਸਮਾਂ ਲੰਘਾ ਰਹੀ ਹੈ ਅਤੇ ਮੋਰਚੇ ਦੇ ਬੈਨਰ ਹੇਠ ਠੇਕਾ ਮੁਲਾਜਮਾਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਸੰਘਰਸ਼ਾਂ ਉਪਰੰਤ ਦਿੱਤੀਆਂ ਲਿਖਤੀ ਮੀਟਿੰਗਾਂ ਕਰਨ ਤੋਂ ਸਰਕਾਰ ਲਗਾਤਾਰ ਭੱਜ ਰਹੀ ਹੈ ਜਿਸ ਦੇ ਵਿਰੋਧ ਵਜੋਂ "ਠੇਕਾ ਮੁਲਾਜ਼ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਠੇਕਾ ਮੁਲਾਜ਼ਮਾਂ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਠਿੰਡਾ ਸਥਿਤ ਦਫ਼ਤਰ ਸਾਹਮਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਦੋ-ਰੋਜ਼ਾ ਧਰਨਾ ਸ਼ੁਰੂ ਕੀਤਾ ਗਿਆ ਹੈ ਮੋਰਚੇ ਦੇ ਸੂਬਾਈ ਆਗੂਆਂ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਉਹਨਾਂ ਦੇ ਪਿਤਰੀ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ,ਸਮੂਹ ਵਿਭਾਗਾਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਰੱਦ ਕੀਤੀ ਜਾਵੇ,ਠੇਕਾ ਮੁਲਾਜ਼ਮਾਂ ਦੀਆਂ ਛਾਂਟੀਆਂ ਬੰਦ ਕੀਤੀਆਂ ਜਾਣ,ਨਵੇਂ ਖੇਤੀ ਅਤੇ ਕਿਰਤ ਕਾਨੂੰਨਾਂ ਸਮੇਤ ਸਮੂਹ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ,ਇਸ ਸਮੇਂ ਬੀਕੇਯੂ ਏਕਤਾ ਉਗਰਾਹਾਂ ਤੋਂ ਮੋਠੂ ਸਿੰਘ ਕੋਟੜਾ ਅਤੇ ਬਲਜੀਤ ਸਿੰਘ ਪੂਹਲਾ,ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਸੂਬਾ ਪ੍ਰਧਾਨ ਜੋਰਾ ਸਿੰਘ ਨਸ਼ਰਾਲੀ,ਟੀ.ਐੱਸ.ਯੂ.(ਭੰਗਲ) ਤੋਂ ਸਤਿੰਦਰ ਸਿੰਘ ਸੋਨੀ,ਡੀ.ਟੀ ਐੱਫ.ਤੋਂ ਮਾ.ਰੇਸ਼ਮ ਸਿੰਘ ਖੇਮੂਆਣਾ,ਪੀ.ਆਰ.ਟੀ.ਸੀ.ਯੂਨੀਅਨ ਤੋਂ ਸੁਖਪਾਲ ਸਿੰਘ,ਟ੍ਰਾਂਸਕੋ ਅਤੇ ਪਾਵਰਕਾਮ ਵਰਕਰਜ਼ ਯੂਨੀਅਨ ਆਜ਼ਾਦ ਤੋਂ ਤਲਵਿੰਦਰ ਸਿੰਘ ਕਾਲੇਕੇ ਆਦਿ ਆਗੂਆਂ ਨੇ ਸਮੂਹ ਵਿਭਾਗਾਂ ਦੀਆਂ ਠੇਕਾ ਮੁਲਾਜਮ ਜਥੇਬੰਦੀਆਂ ਨੂੰ ਮੋਰਚੇ ਦੇ ਬੈਨਰ ਕੀਤੇ ਜਾ ਰਹੇ ਸਾਂਝੇ ਸੰਘਰਸ਼ਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ

ਜਾਰੀ ਕਰਤਾ:- ਜਗਸੀਰ ਸਿੰਘ ਭੰਗੂ 94172-00934

10 ਜੁਲਾਈ ਨੂੰ ਪੰਜਾਬ ਦੇ ਨੈਸ਼ਨਲ ਹਾਈਵੇ ਜਾਮ ਕਰਨਗੇ ਠੇਕਾ ਮੁਲਾਜ਼ਮ

 

10 ਜੁਲਾਈ ਨੂੰ ਪੰਜਾਬ ਦੇ ਨੈਸ਼ਨਲ ਹਾਈਵੇ ਜਾਮ ਕਰਨਗੇ ਠੇਕਾ ਮੁਲਾਜ਼ਮ

29 ਜੂਨ(ਪਟਿਆਲਾ) ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੀ ਸੂਬਾ ਪੱਧਰੀ ਮੀਟਿੰਗ ਬਾਰਾਂਦਰੀ ਬਾਗ਼ ਵਿੱਚ ਪਟਿਆਲਾ ਵਿਖੇ ਹੋਈ,ਮੀਟਿੰਗ ਉਪਰੰਤ ਮੋਰਚੇ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ,ਜਗਰੂਪ ਸਿੰਘ ਲਹਿਰਾ,ਰੇਸ਼ਮ ਸਿੰਘ ਗਿੱਲ,ਵਰਿੰਦਰ ਸਿੰਘ ਬੀਬੀਵਾਲਾ,ਗੁਰਵਿੰਦਰ ਸਿੰਘ ਪੰਨੂੰ,ਸ਼ੇਰ ਸਿੰਘ ਲੌਂਗੋਵਾਲ,ਜਗਜੀਤ ਸਿੰਘ ਭਦੌੜ,ਰਾਜੇਸ਼ ਕੁਮਾਰ,ਰਾਏਸਾਹਿਬ ਸਿੰਘ ਸਿੱਧੂ ਆਦਿ ਨੇ ਮੀਟਿੰਗ ਵਿੱਚ ਜਿੱਥੇ ਪਿਛਲੇ ਸੰਘਰਸ਼ਾਂ ਦਾ ਰੀਵਿਊ ਕੀਤਾ ਗਿਆ ਉਥੇ ਭਵਿੱਖ ਲਈ ਹੋਰ ਵੱਧ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਗਿਆ ਜਿਸ ਦੀ ਪਹਿਲੀ ਕੜੀ ਵਜੋਂ ਕੈਪਟਨ  ਸਰਕਾਰ ਦੇ ਮੰਤਰੀਆਂ,ਅਕਾਲੀ ਭਾਜਪਾ ਗੱਠਜੋੜ ਵਿੱਚ ਸ਼ਾਮਿਲ ਰਹੇ ਸੁਖਬੀਰ ਸਿੰਘ ਬਾਦਲ ਮੌਜੂਦਾ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਦਾ ਪਿੰਡਾਂ ਵਿੱਚ ਆਉਣ ਤੇ ਕਾਲੇ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੇ ਪ੍ਰੋਗਰਾਮ ਨੂੰ ਹੋਰ ਵੱਧ ਜ਼ੋਰ-ਸ਼ੋਰ ਨਾਲ ਲਾਗੂ ਕੀਤਾ ਜਾਵੇਗਾ, ਉੱਥੇ ਹੀ 10 ਜੁਲਾਈ ਨੂੰ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਨੈਸ਼ਨਲ ਹਾਈਵੇ ਜਾਮ ਕਰਕੇ ਕੈਪਟਨ ਸਰਕਾਰ ਨੂੰ ਸਮੂਹ ਠੇਕਾ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ ਦੇ ਨਾਲ ਨਾਲ ਹੋਰ ਅਹਿਮ ਮੰਗਾਂ ਪ੍ਰਵਾਨ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ,ਆਗੂਆਂ ਨੇ ਇਸ ਸੰਘਰਸ਼ ਦੀ ਤਿਆਰੀ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦੀ ਸਫਲਤਾ ਲਈ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਤਿੰਨ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ,ਨੈਸ਼ਨਲ ਹਾਈਵੇ ਜਾਮ ਨਾਲ ਸੰਬੰਧਤ ਖੇਤਰਾਂ ਵਿੱਚ ਝੰਡਾ ਮਾਰਚ ਕਰ ਕੇ ਕਿਸਾਨਾਂ-ਮਜ਼ਦੂਰਾਂ ਨੂੰ ਨਿੱਜੀਕਰਨ ਦੀਆਂ ਨੀਤੀਆਂ ਅਤੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਸੰਘਰਸ਼ ਦੀਆਂ ਲੋੜਾਂ ਤੋਂ ਜਾਣੂੰ ਕਰਵਾਇਆ ਜਾਵੇਗਾ ਅਤੇ ਕਿਰਤੀ ਲੋਕਾਂ ਨੂੰ ਸੰਘਰਸ਼ ਵਿੱਚ ਹਰ ਕਿਸਮ ਦੇ ਸਹਿਯੋਗ ਦੀ ਮੰਗ ਕੀਤੀ ਜਾਵੇਗੀ,ਸੰਘਰਸ਼ ਵਿੱਚ ਸਮੂਹ ਕਾਮਿਆਂ ਦੇ ਪਰਿਵਾਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ,ਸੰਘਰਸ਼ ਦੀਆਂ ਲੋੜਾਂ ਦਾ ਜ਼ਿਕਰ ਕਰਦੇ ਹੋਏ ਆਗੂਆਂ ਵੱਲੋਂ ਦੱਸਿਆ ਗਿਆ ਕਿ ਅਸੀਂ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ 15-20 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਾਂ  ਸਾਡੀ ਮੰਗ ਹੈ ਕਿ ਸਾਨੂੰ ਸੰਬੰਧਤ ਵਿਭਾਗਾਂ ਚ ਰੈਗੂਲਰ ਕੀਤਾ ਜਾਵੇ।  ਜ਼ਿੰਦਗੀ ਜਿਊਣ ਦੀਆਂ ਲੋੜਾਂ ਮੁਤਾਬਿਕ ਤਨਖਾਹ ਨਿਸ਼ਚਿਤ ਕੀਤੀ ਜਾਵੇ,ਸੇਵਾ ਦੇ ਸਮੇਂ ਵਾਪਰਨ ਵਾਲੇ ਹਾਦਸਿਆਂ ਦੇ ਯੋਗ ਮੁਆਵਜ਼ੇ ਦੀ ਅਦਾਇਗੀ ਕੀਤੀ ਜਾਵੇ,ਸੇਵਾਵਾਂ ਦੇ ਖੇਤਰ ਜੋ ਪੰਜਾਬ ਦੇ ਮਿਹਨਤਕਸ਼ ਲੋਕਾਂ ਦੇ  ਖ਼ੂਨ ਪਸੀਨੇ ਦੀ ਕਮਾਈ ਨਾਲ ਉਸਾਰਿਆ ਗਿਆ,ਅੱਜ ਜਦੋਂ ਇਨ੍ਹਾਂ ਸੇਵਾਵਾਂ ਤੋਂ ਬਗ਼ੈਰ ਜ਼ਿੰਦਗੀ ਜਿਊਣਾ ਦੁਰਲੱਭ ਹੈ,ਸਰਕਾਰ ਇਨ੍ਹਾਂ ਸੇਵਾਵਾਂ ਦਾ ਨਿੱਜੀਕਰਨ ਕਰਕੇ ਧਨਾਢ ਕਾਰਪੋਰੇਟਰਾਂ ਹਵਾਲੇ  ਕਰ ਰਹੀ ਹੈ ਉਨ੍ਹਾਂ ਦੀਆਂ ਮੁਨਾਫ਼ੇ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਇਨ੍ਹਾਂ ਖੇਤਰਾਂ ਚ ਵਪਾਰ ਅਤੇ ਮੁਨਾਫ਼ੇ ਦੀਆਂ ਖੁੱਲ੍ਹਾਂ ਦਿੱਤੀਆਂ ਜਾ ਰਹੀਆਂ ਹਨ,  ਤਿੱਖੀ ਰੱਤ ਨਿਚੋੜ ਲਈ ਖੇਤੀ ਅਤੇ ਲੇਬਰ ਕਾਨੂੰਨ ਤਬਦੀਲ ਕਰ ਦਿੱਤੇ ਗਏ ਹਨ,ਪੰਜਾਬ ਸਰਕਾਰ ਜੋ ਘਰ-ਘਰ ਪੱਕਾ ਰੁਜ਼ਗਾਰ ਦੇਣ ਦੇ ਵਾਅਦੇ ਨਾਲ਼ ਗੱਦੀ 'ਤੇ ਬਿਰਾਜਮਾਨ ਹੋਈ ਸੀ,ਉਹ ਆਪਣੇ ਵਾਅਦਿਆਂ ਤੋਂ ਭੱਜ ਹੀ ਨਹੀਂ ਨਿਕਲੀ ਸਗੋਂ ਵਾਅਦੇ ਪੂਰੇ ਕਰਨ ਦੀ ਮੰਗ ਕਰਦੇ ਠੇਕਾ ਮੁਲਾਜ਼ਮਾਂ ਉੱਪਰ ਜਬਰ ਢਾਹਕੇ ਉਹਨ੍ਹਾਂ ਦੀ ਜ਼ੁਬਾਨ ਬੰਦ ਕਰਨ ਦੇ ਯਤਨ ਕਰ ਰਹੀ ਹੈ,ਗੱਲਬਾਤ ਰਾਹੀਂ ਮਸਲੇ ਹੱਲ ਕਰਨ ਤੋਂ ਭਗੌੜੀ ਹੋ ਚੁੱਕੀ ਹੈ,ਲਿਖਤੀ ਗੱਲਬਾਤ ਦਾ ਸਮਾਂ ਦੇ ਕੇ ਬਹਾਨਿਆਂ ਹੇਠ ਗੱਲਬਾਤ ਤੋਂ ਵੀ ਇਨਕਾਰੀ ਹੈ,ਜਿਸ ਲਈ ਸੰਘਰਸ਼ ਕਰਨਾ ਠੇਕਾ ਮੁਲਾਜ਼ਮਾਂ ਦਾ ਸ਼ੌਕ ਨਹੀਂ ਸਗੋਂ ਮਜ਼ਬੂਰੀ ਹੈ,ਆਗੂਆਂ ਵੱਲੋਂ ਸਮੂਹ ਠੇਕਾ ਮੁਲਾਜ਼ਮਾਂ ਨੂੰ ਇਕ ਜ਼ੋਰਦਾਰ ਅਪੀਲ ਚ ਕਿਹਾ ਗਿਆ ਕਿ ਉਹ ਅੱਜ ਤੋਂ ਹੀ ਕਮਰਕੱਸੇ ਕਰਕੇ ਸੰਘਰਸ਼ ਦੀ ਸਫਲਤਾ ਵਿੱਚ ਜੁਟ ਜਾਣ ਮੰਤਰੀਆਂ ਦੇ  ਪਿੰਡਾਂ ਚ ਆਉਣ 'ਤੇ ਵਿਰੋਧ ਪ੍ਰਦਰਸ਼ਨ ਕਰਕੇ ਉਨ੍ਹਾਂ ਨੂੰ ਮੰਗਾਂ ਪ੍ਰਵਾਨ ਕਰਨ ਲਈ ਮਜ਼ਬੂਰ ਕਰ ਦੇਣ,ਪੰਜਾਬ ਦੀਆਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਹੋਰ ਮਿਹਨਤਕਸ਼ ਲੋਕਾਂ ਨੂੰ ਇਕ ਜ਼ੋਰਦਾਰ ਅਪੀਲ 'ਚ ਕਿਹਾ ਗਿਆ ਹੈ ਕਿ ਸਾਡੇ  ਹਾਈ ਵੇਅ ਜਾਮ ਕਰਨ ਦੇ ਸੱਦੇ ਨਾਲ ਹੋ ਸਕਦਾ ਹੈ ਕਿ ਆਪ ਜੀ ਨੂੰ ਕੁੱਝ ਔਕੜਾਂ ਦਾ ਸਾਹਮਣਾ ਕਰਨਾ ਪਵੇ ਇਹ ਸਾਡਾ ਕੋਈ ਸ਼ੌਕ ਨਹੀਂ ਸਗੋਂ ਸਾਡੀ ਬਹੁਤ ਵੱਡੀ ਮਜ਼ਬੂਰੀ ਹੈ,ਇਸ ਲਈ ਅਸੀਂ ਆਪ ਜੀ ਪਾਸੋਂ ਖਿਮਾਂ ਚਾਹੁੰਦੇ ਹਾਂ,ਪਰ ਇਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ,ਜਿਸ ਨੇ ਕਾਰਪੋਰੇਟ ਸੇਵਾ ਲਈ ਇਹ ਹਾਲਤ ਪੈਦਾ ਕੀਤੀ ਹੈ।

ਜਾਰੀ ਕਰਤਾ:- ਵਰਿੰਦਰ ਸਿੰਘ ਮੋਮੀ 9814540157