Showing posts with label ਸੰਘਰਸ਼ ਵੱਲ ਪੇਸ਼ਕਦਮੀ ਲਈ ਅਹੁਲ ਰਹੇ ਸਪੋਰਟਕਿੰਗ ਫੈਕਟਰੀ ਜੀਦਾ ਦੇ ਮਜ਼ਦੂਰ. Show all posts
Showing posts with label ਸੰਘਰਸ਼ ਵੱਲ ਪੇਸ਼ਕਦਮੀ ਲਈ ਅਹੁਲ ਰਹੇ ਸਪੋਰਟਕਿੰਗ ਫੈਕਟਰੀ ਜੀਦਾ ਦੇ ਮਜ਼ਦੂਰ. Show all posts

Thursday, November 26, 2026

ਸੰਘਰਸ਼ ਵੱਲ ਪੇਸ਼ਕਦਮੀ ਲਈ ਅਹੁਲ ਰਹੇ ਸਪੋਰਟਕਿੰਗ ਫੈਕਟਰੀ ਜੀਦਾ ਦੇ ਮਜ਼ਦੂਰ



 ਸੰਘਰਸ਼ ਵੱਲ ਪੇਸ਼ਕਦਮੀ ਲਈ ਅਹੁਲ ਰਹੇ 

ਸਪੋਰਟਕਿੰਗ ਫੈਕਟਰੀ ਜੀਦਾ ਦੇ ਮਜ਼ਦੂਰ

-ਪੱਤਰ ਪ੍ਰੇਰਕ

ਇਸੇ ਸਾਲ ਜਦੋਂ ਪੂਰੇ ਮੁਲਕ ਦੀਆਂ ਫੈਕਟਰੀਆਂ ਦੇ ਮਜ਼ਦੂਰ ਵੱਖ-ਵੱਖ ਥਾਵਾਂ 'ਤੇ ਜ਼ੋਰਦਾਰ ਸੰਘਰਸ਼ਾਂ ਦੇ ਰਾਹ 'ਤੇ ਸਨ ਉਦੋਂ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿੱਚ ਲੱਗੀ ਧਾਗਾ ਮਿੱਲ ਦੇ ਕਾਮਿਆਂ ਨੇ ਵੀ ਦੇਸ਼ ਭਰ ਦੇ ਮਜ਼ਦੂਰਾਂ ਨਾਲ ਆਪਣੀ ਆਵਾਜ਼ ਰਲਾਉਂਦਿਆਂ ਆਪਣੀ ਕਿਰਤ ਦੀ ਹੋ ਰਹੀ ਅੰਨ੍ਹੀ ਲੁੱਟ, ਸਿਰੇ ਦੇ ਦਾਬੇ ਦੇ ਮਾਹੌਲ ਦੇ ਖਿਲਾਫ਼ ਜ਼ੋਰਦਾਰ ਸੰਘਰਸ਼ ਕੀਤਾ ਸੀ। ਇਸ ਸੰਘਰਸ਼ ਦੌਰਾਨ ਇਲਾਕੇ 'ਚ ਸਰਗਰਮ ਵੱਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਫੈਕਟਰੀ ਕਾਮਿਆਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਸੀ। ਫੈਕਟਰੀ ਕਾਮਿਆਂ ਦੇ ਇਸ ਸੰਘਰਸ਼ ਦੌਰਾਨ ਫੈਕਟਰੀ ਮੈਨੇਜਮੈਂਟ ਵੱਲੋਂ ਕਈ ਗੱਲਾਂ ਮੰਨੀਆਂ ਗਈਆਂ ਸਨ। ਜਿੰਨ੍ਹਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ। ਸੰਘਰਸ਼ ਦੌਰਾਨ ਮੰਨੀਆਂ ਹੋਈਆਂ ਮੰਗਾਂ 'ਚੋਂ ਮੌਕੇ 'ਤੇ ਮਜ਼ਦੂਰਾਂ ਦੀ ਤਨਖਾਹ ਵਿੱਚ ਵਾਧਾ ਕਰਨਾ ਉਹਨਾਂ ਦੀ ਮਜ਼ਬੂਰੀ ਬਣਿਆ, ਫੈਕਟਰੀ ਦੇ ਅੰਦਰ ਦਾਬੇ ਵਾਲੇ ਮਾਹੌਲ ਤੋਂ ਮਜ਼ਦੂਰਾਂ ਨੂੰ ਕਿਸੇ ਹੱਦ ਤੱਕ ਰਾਹਤ ਮਿਲੀ, ਕੁੱਝ ਹੱਦ ਤੱਕ ਹੋਸਟਲ 'ਚ ਰਹਿਣ ਹਾਲਤਾਂ ਵਿੱਚ ਫਰਕ ਪਿਆ। ਫੈਕਟਰੀ ਦੇ ਅੰਦਰ ਮੈਨੇਜਮੈਂਟ ਦੇ ਜਿਹੜੇ ਅਧਿਕਾਰੀਆਂ ਨੂੰ ਮਿਲਣਾ, ਉਹਨਾਂ ਦਫਤਰਾਂ ਤੱਕ ਜਾਣਾ ਸੁਪਨੇ ਵਰਗਾ ਸੀ (ਸੰਘਰਸ਼ ਦੌਰਾਨ ਮੀਟਿੰਗਾਂ ਵਿੱਚ ਗਏ ਕਈ ਮਜ਼ਦੂਰ ਆਗੂਆਂ ਦਾ ਕਹਿਣਾ ਸੀ ਕਿ ਏਨੇ ਸਾਲਾਂ 'ਚ ਅਸੀਂ ਦਫ਼ਤਰ ਹੀ ਪਹਿਲੀ ਵਾਰ ਵੇਖਿਆ) ਉਹ ਮਿਲਣ ਲੱਗੇ। 

ਪਰ ਜਿਵੇਂ ਅਕਸਰ ਫੈਕਟਰੀ ਮਾਲਕ ਕਰਦੇ ਹਨ, ਸੰਘਰਸ਼ਾਂ ਵਾਲਾ ਲੜ ਥੋੜਾ ਢਿੱਲਾ ਪਿਆ ਨਹੀਂ ਤੇ ਮਾਲਕਾਂ ਨੇ ਆਪਣੀ ਲੁੱਟ ਦੇ ਕਦਮ ਅੱਗੇ ਵਧਾਉਣੇ ਸ਼ੁਰੂ ਕੀਤੇ ਨਹੀਂ। ਮਜ਼ਦੂਰਾਂ ਦੇ ਥੋੜ੍ਹਾ ਜਿਹਾ ਅਵੇਸਲੇ ਹੁੰਦੇ ਸਾਰ ਹੀ ਮੈਨੇਜਮੈਂਟ ਨੇ ਆਪਣੀਆਂ ਕਹੀਆਂ ਗੱਲਾਂ ਤੋਂ ਪੈਰ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ। ਸੰਘਰਸ਼ ਦੌਰਾਨ ਮੰਨੀ ਹੋਈ ਸਭ ਤੋਂ ਵੱਡੀ ਕਾਨੂੰਨਨ ਬਣਦੀ ਤਨਖਾਹ ਦੀ ਮੰਗ ਮੈਨੇਜਮੈਂਟ ਅਜੇ ਤੱਕ ਵੀ ਸੁਣਨ ਨੂੰ ਤਿਆਰ ਨਹੀਂ। ਸੰਘਰਸ਼ ਦੌਰਾਨ ਮਜ਼ਦੂਰ ਆਗੂਆਂ ਤੇ ਮੈਨੇਜਮੈਂਟ ਦੇ ਵਿਚਕਾਰ ਇਹ ਤੈਅ ਹੋਇਆ ਸੀ ਕਿ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਵਧਾਈਆਂ ਹੋਈਆਂ ਉਜ਼ਰਤਾਂ ਮਜ਼ਦੂਰਾਂ ਨੂੰ ਦਿੱਤੀਆਂ ਜਾਣਗੀਆਂ ਪਰ ਪਹਿਲੀ ਮਈ 2026 ਨੂੰ ਸਰਕਾਰ ਵੱਲੋਂ ਵਧੀਆਂ ਉਜ਼ਰਤਾਂ ਦਾ ਪੱਤਰ ਜਾਰੀ ਹੋਣ ਤੋਂ ਬਾਅਦ 7 ਮਹੀਨੇ ਬੀਤਣ ਦੇ ਬਾਵਜੂਦ ਵੀ ਮੈਨੇਜਮੈਂਟ ਨੇ ਇਸ ਬਾਰੇ ਚੁੱਪ ਵੱਟੀ ਹੋਈ ਹੈ। ਸੰਘਰਸ਼ ਦੌਰਾਨ ਇਹ ਤੈਅ ਹੋਇਆ ਸੀ ਕਿ ਓਵਰਟਾਈਮ ਦਾ ਮਿਹਨਤਾਨਾ ਦੁੱਗਣਾ ਦੇਣ ਬਾਰੇ ਛੇਤੀ ਫ਼ੈਸਲਾ ਲਿਆ ਜਾਵੇਗਾ ਪਰ ਅਜੇ ਤੱਕ ਦੁੱਗਣਾ ਤਾਂ ਕੀ ਪ੍ਰਤੀ ਘੰਟਾ ਤਨਖਾਹ ਦੇ ਬਰਾਬਰ ਵੀ ਨਸੀਬ ਨਹੀਂ ਹੋਇਆ। ਫੈਕਟਰੀ ਮਜ਼ਦੂਰਾਂ ਨੇ ਕਈ ਵਾਰ ਮੰਗ ਕੀਤੀ ਹੈ ਕਿ ਹਰੇਕ ਵਰਕਰ ਦੀ Unskilled, Semiskilled, Skilled, Highly Skilled ਮੁਤਾਬਕ ਕੈਟੇਗਰੀ ਦੱਸੀ ਜਾਵੇ ਤਾਂ ਜੋ ਹਰੇਕ ਮਜ਼ਦੂਰ ਆਪਣੀ ਸਹੀ ਤਨਖਾਹ ਦਾ ਜੋੜ-ਤੋੜ ਕਰ ਸਕੇ ਪਰ ਮੈਨੇਜਮੈਂਟ ਲਗਾਤਾਰ ਇਸ ਗੱਲ ਨੂੰ ਟਾਲਦੀ ਆ ਰਹੀ ਹੈ। ਕਿਉਂਕਿ ਵੱਡੀ ਗਿਣਤੀ ਮਜ਼ਦੂਰਾਂ ਨੂੰ ਉਹਨਾਂ ਦੀ ਬਣਦੀ ਕੈਟਾਗਰੀ ਤੋਂ ਹੇਠਲੀ ਕੈਟਾਗਰੀ 'ਚ ਰੱਖ ਕੇ ਘੱਟ ਤਨਖਾਹ ਦੇ ਕੇ ਵੱਡੀ ਲੁੱਟ ਕੀਤੀ ਜਾ ਰਹੀ ਹੈ। ਪੜਤਾਲ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ ਸਰਕਾਰ ਵੱਲੋਂ ਤੈਅ ਉਜ਼ਰਤਾਂ ਦੇ ਹਿਸਾਬ ਔਸਤਨ ਇੱਕ ਮਜ਼ਦੂਰ ਦੇ 1500 ਰੁਪਏ ਤੋਂ ਲੈ ਕੇ 4000 ਰੁਪਏ ਮਹੀਨਾ ਤੱਕ ਮਜ਼ਦੂਰਾਂ ਦੀਆਂ ਤਨਖਾਹਾਂ 'ਤੇ ਕੱਟ ਲਾਇਆ ਜਾ ਰਿਹਾ ਹੈ। ਜੋ ਕਿ ਮਈ ਮਹੀਨੇ ਤੋਂ ਲੈ ਕੇ ਹੁਣ ਤੱਕ 9000 ਰੁਪਏ ਤੋਂ ਲੈ ਕੇ 24000 ਰੁਪਏ ਤੱਕ ਇੱਕ ਮਜ਼ਦੂਰ ਦਾ ਬਣਦਾ ਹੈ। ਇਸ ਗੱਲ ਲਈ ਆਮ ਹੀ ਇਹ ਕੀਤਾ ਜਾਂਦਾ ਹੈ ਕਿ ਵਰਕਰਾਂ ਕੋਲ ਲੋੜੀਂਦੇ ਵੱਖ-ਵੱਖ ਖੇਤਰਾਂ ਜਿਵੇਂ ਆਈ.ਟੀ.ਆਈ. ਜਾਂ ਡਿਗਰੀ/ਡਿਪਲੋਮੇ ਦੇ ਸਰਟੀਫਿਕੇਟ ਹੋਣ ਦੇ ਬਾਵਜੂਦ ਵੀ ਉਹ ਰਿਕਾਰਡ 'ਚ ਨਹੀਂ ਰੱਖੇ ਜਾਂਦੇ ਤਾਂ ਕਿ ਉਹਨਾਂ ਨੂੰ ਬਣਦੀ ਪੂਰੀ ਤਨਖਾਹ ਨਾ ਦੇਣੀ ਪਵੇ। ਮਜ਼ਦੂਰਾਂ ਦੇ ਪ੍ਰਾਵੀਡੈਂਟ ਫੰਡ ਵਿੱਚ ਫੈਕਟਰੀ ਵੱਲੋਂ ਪਾਇਆ ਜਾਣ ਵਾਲਾ ਹਿੱਸਾ ਵੀ ਮਜ਼ਦੂਰਾਂ ਦੀ ਤਨਖਾਹ 'ਚੋਂ ਕੱਟ ਲਿਆ ਜਾਂਦਾ ਹੈ। ਤਨਖਾਹ ਸਲਿੱਪਾਂ ਦੀ ਪਾਰਦਰਸ਼ਤਾ ਨੂੰ ਲੈ ਕੇ ਵੀ ਵਾਰ-ਵਾਰ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ। ਵਰਕਰਾਂ ਦਾ ਮੈਡੀਕਲ ਸਹੂਲਤਾਂ ਦਾ ਮਹੀਨਾਵਾਰ ਖਰਚਾ (ESI) ਵਧਾ ਦਿੱਤਾ ਗਿਆ ਹੈ। ਜਦੋਂ ਕਿ ਫੈਕਟਰੀ ਦੇ ਵਿੱਚ ਬਣੀ ਡਿਸਪੈਂਸਰੀ 'ਚ ਲੋੜੀਂਦੀਆਂ ਦਵਾਈਆਂ ਨਾਂ-ਮਾਤਰ ਹੀ ਹਨ। ਦੁਪਹਿਰ 2 ਵਜੇ ਤੋਂ ਬਾਅਦ ਡਿਸਪੈਂਸਰੀ ਬੰਦ ਰਹਿੰਦੀ ਹੈ ਜਦੋਂ ਕਿ ਵਰਕਰਾਂ ਦੀਆਂ ਸਿਫਟਾਂ 24 ਘੰਟੇ ਚੱਲਦੀਆਂ ਹਨ। ਬੱਸਾਂ ਦਾ ਕਿਰਾਇਆ ਵਧਾਇਆ ਗਿਆ ਹੈ। ਫੈਕਟਰੀ ਕਾਮਿਆਂ ਦੀ ਲੋੜੋਂ ਵੱਧ ਪੁੱਛ-ਪੜਤਾਲ ਕਰਨ, ਛੁੱਟੀ ਲੈਣ ਤੋਂ ਬਾਅਦ ਅਗਲੇ ਦਿਨ ਆਏ ਮਜ਼ਦੂਰ (ਖਾਸ ਕਰਕੇ ਔਰਤਾਂ) ਨੂੰ ਬਿਨਾਂ ਕੰਮ ਤੋਂ ਬਿਠਾ ਕੇ ਰੱਖਣ, ਮਜ਼ਦੂਰਾਂ ਦੀ ਭਰਤੀ ਨਾ ਕਰਨ ਰਾਹੀਂ ਮੈਨੇਜਮੈਂਟ ਸੰਘਰਸ਼ ਤੋਂ ਪਹਿਲਾਂ ਦਾਬੇ ਵਾਲੇ ਮਾਹੌਲ ਬਣਾ ਕੇ ਰੱਖਣ ਦੇ ਯਤਨ ਕਰ ਰਹੀ ਹੈ। 

ਪਰ ਮਜ਼ਦੂਰ ਇਕੱਠੇ ਹੋ ਕੇ ਲੜੇ ਗਏ ਸੰਘਰਸ਼ ਦੇ ਕ੍ਰਿਸ਼ਮੇ ਵੇਖ ਚੁੱਕੇ ਹਨ। ਹੁਣ ਵੀ ਆਪਣੀਆਂ ਰਹਿੰਦੀਆਂ ਮੰਗਾਂ ਲਈ ਜਥੇਬੰਦ ਹੋ ਕੇ ਸੰਘਰਸ਼ ਕਰਨ ਲਈ ਅਹੁਲ ਰਹੇ ਹਨ। ਪਿਛਲੇ ਅਰਸੇ ਦੌਰਾਨ ਉਹਨਾਂ ਨੇ ਅਜਿਹੇ ਯਤਨ ਕੀਤੇ ਹਨ। ਮੈਨੇਜਮੈਂਟ ਨਾਲ ਕਈ ਵਾਰ ਗੱਲਬਾਤ ਕੀਤੀ ਹੈ। ਆਪਣੇ ਇਹਨਾਂ ਰਹਿੰਦੇ ਮੰਗਾਂ ਮਸਲਿਆਂ ਨੂੰ ਲੈ ਕੇ ਸਰਕਾਰੀ ਅਧਿਕਾਰੀਆਂ ਕੋਲ ਵੀ ਗਏ ਹਨ। ਲੇਬਰ ਇੰਸਪੈਕਟਰ ਨੂੰ ਮੰਗ ਪੱਤਰ ਵੀ ਦਿੱਤਾ ਹੈ। ਮੈਨੇਜਮੈਂਟ ਦੀ ਸ਼ਿਕਾਇਤ ਵੀ ਕੀਤੀ ਹੈ। ਲੇਬਰ ਇੰਸਪੈਕਟਰ ਦੀ ਹਾਜ਼ਰੀ 'ਚ ਫੈਕਟਰੀ ਦੇ ਅਧਿਕਾਰੀਆਂ ਨਾਲ ਗੱਲਬਾਤ ਦੇ ਕਈ ਗੇੜ੍ਹ ਚੱਲੇ ਹਨ। ਲਗਭਗ 4-5 ਮੀਟਿੰਗਾਂ ਹੋ ਚੁੱਕੀਆਂ ਹਨ। ਮੈਨੇਜਮੈਂਟ ਦੇ ਨੁਮਾਇੰਦੇ ਹਰ ਵਾਰ ਟਾਲਣ ਦੀ ਨੀਤ ਨਾਲ ਹੀ ਆਉਂਦੇ ਹਨ ਤੇ ਟਾਲ ਦਿੰਦੇ ਹਨ। ਲੇਬਰ ਇੰਸਪੈਕਟਰ ਗੱਲਾਂ 'ਚ ਤਾਂ ਇਹ ਪ੍ਰਭਾਵ ਦਿੰਦਾ ਹੈ ਕਿ ਉਹ ਮਜ਼ਦੂਰਾਂ ਦੇ ਪੱਖ 'ਚ ਹੈ ਪਰ ਭੁਗਤਦਾ ਮੈਨੇਜਮੈਂਟ ਦੇ ਹੱਕ 'ਚ ਹੈ। ਮਜ਼ਦੂਰ ਆਗੂਆਂ ਨੂੰ ਹਰ ਵਾਰ ਅਗਲੀ ਤਰੀਕ ਦੇ ਦਿੱਤੀ ਜਾਂਦੀ ਹੈ। ਕਦੇ ਮੈਨੇਜਮੈਂਟ ਦੇ ਨੁਮਾਇੰਦੇ ਆਉਂਦੇ ਹਨ ਕਦੇ ਨਹੀਂ ਆਉਂਦੇ। ਮੈਨੇਜਮੈਂਟ ਤੇ ਲੇਬਰ ਇੰਸਪੈਕਟਰ ਕਈ ਵਾਰ ਗੱਲ ਕਰਨ ਗਏ ਆਗੂਆਂ ਨੂੰ ਸ਼ਬਦਾਂ ਦੇ ਹੇਰ-ਫੇਰ ਨਾਲ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਫੈਕਟਰੀ ਬੰਦ ਹੋ ਜਾਣ 'ਤੇ ਰੁਜ਼ਗਾਰ ਖੁੱਸ ਜਾਣ ਦਾ ਡਰਾਵਾ ਦਿੰਦੇ ਹਨ। 

ਲੰਘੇ ਅਪ੍ਰੈਲ ਮਹੀਨ ਮੁਲਕ ਭਰ 'ਚ ਉੱਠ ਖੜ੍ਹੇ ਹੋਏ ਵੱਡੇ ਮਜ਼ਦੂਰ ਉਭਾਰ ਤੋਂ ਤ੍ਰਹਿੰਦਿਆਂ ਜਿੱਥੇ ਕੇਂਦਰ ਸਰਕਾਰ ਨੇ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜ਼ਰਤਾਂ 'ਚ ਵਾਧਾ ਕੀਤਾ ਉੱਥੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਕਿਰਤ ਵਿਭਾਗ ਨੇ ਵੀ ਪੰਜਾਬ ਅੰਦਰ ਉੱਠ ਰਹੇ ਮਜ਼ਦੂਰ ਉਭਾਰ ਦੇ ਲੱਗਣ ਵਾਲੇ ਸੇਕ ਨੂੰ ਭਾਂਪਦਿਆਂ ਮਈ ਮਹੀਨੇ ਤੋਂ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜ਼ਰਤਾਂ 'ਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਹੜਾ ਕਿ ਪਿਛਲੇ 14 ਸਾਲਾਂ ਤੋਂ ਰੁਕਿਆ ਹੋਇਆ ਸੀ। ਪਰ ਸਰਕਾਰ ਸਿਰਫ਼ ਨੋਟੀਫਿਕੇਸ਼ਨ ਜਾਰੀ ਕਰਕੇ ਕਾਨੂੰਨੀ ਤੌਰ 'ਤੇ ਬੁੱਤਾ ਸਾਰਨ 'ਤੇ ਲੱਗੀ ਹੋਈ ਹੈ। ਸਰਕਾਰ ਦੁਆਰਾ ਆਪਣੇ ਕਿਰਤ ਵਿਭਾਗ ਦੇ ਅਧਿਕਾਰੀਆਂ ਦੁਆਰਾ ਇਸ ਨੋਟੀਫਿਕੇਸ਼ਨ ਨੂੰ ਅਮਲੀ ਰੂਪ 'ਚ ਫੈਕਟਰੀ ਮਜ਼ਦੂਰਾਂ 'ਤੇ ਲਾਗੂ ਕਰਵਾਉਣ ਦੀ ਗੱਲ ਘੱਟੇ ਰੋਲੀ ਹੋਈ ਹੈ। 

ਮਜ਼ਦੂਰ ਆਗੂਆਂ ਨੂੰ ਹੁਣ ਤਸਵੀਰ ਹੋਰ ਸਾਫ਼ ਹੋਣ ਲੱਗੀ ਹੈ। ਉਹਨਾਂ ਦੀ ਲੁੱਟ 'ਚ ਫੈਕਟਰੀ ਮਾਲਕਾਂ, ਅਧਿਕਾਰੀਆਂ ਤੇ ਪ੍ਰਸ਼ਾਸਨ ਦਾ ਗੱਠਜੋੜ ਹੈ, ਇਸ ਗੱਲ ਦੀ ਹੁਣ ਮਜ਼ਦੂਰਾਂ 'ਚ ਚਰਚਾ ਚੱਲਦੀ ਹੈ। ਕੌਣ ਕਿਹੜੇ ਪਾਸੇ ਖੜ੍ਹਾ ਹੈ, ਉਹ ਇਸ ਗੱਲ ਦੀ ਪਛਾਣ ਕਰਨ ਲੱਗੇ ਹਨ। ਮਜ਼ਦੂਰ ਆਗੂਆਂ ਨੂੰ ਇਹ ਸਾਫ਼ ਹੋ ਰਹੀ ਹੈ ਕਿ ਸਿਰਫ਼ ਮੀਟਿੰਗਾਂ ਨਾਲ ਉਹਨਾਂ ਦੇ ਮੰਗਾਂ ਮਸਲਿਆਂ  ਦਾ ਹੱਲ ਨਹੀਂ ਹੋਣਾ। ਜਥੇਬੰਦਕ ਅਤੇ ਸੰਘਰਸ਼ ਸਰਗਰਮੀ ਦਾ ਹੀ ਮੈਨੇਜਮੈਂਟ ਅਤੇ ਫੈਕਟਰੀ ਮਾਲਕਾਂ 'ਤੇ ਦਬਾਅ ਵਧਣਾ ਹੈ। ਇਸੇ ਦਬਾਅ 'ਚੋਂ ਹੀ ਮੈਨੇਜਮੈਂਟ ਨੇ ਉਹਨਾਂ ਦੀਆਂ ਮੰਗਾਂ 'ਤੇ ਕੰਨ ਧਰਨੇ ਹਨ। ਮਜ਼ਦੂਰ ਇਸ ਗੱਲ ਲਈ ਅਹੁਲ ਵੀ ਰਹੇ ਹਨ। ਹੁਣ ਫਿਰ ਤੋਂ 18 ਨਵੰਬਰ ਨੂੰ ਲੇਬਰ ਇੰਸਪੈਕਟਰ ਤੇ ਮੈਨੇਜਮੈਂਟ ਨਾਲ ਮੀਟਿੰਗ ਤੈਅ ਹੋਈ ਹੈ। ਇਸ ਮੀਟਿੰਗ ਤੋਂ ਪਹਿਲਾਂ ਫੈਕਟਰੀ ਮਜ਼ਦੂਰਾਂ ਦੀ ਜਥੇਬੰਦੀ ਸਪੋਰਟਕਿੰਗ ਫੈਕਟਰੀ ਵਰਕਰ ਯੂਨੀਅਨ ਨੇ ਕਾਮਿਆਂ ਦੀ ਲੁੱਟ ਉਜਾਗਰ ਕਰਦਾ ਅਤੇ ਸੰਘਰਸ਼ ਦੀ ਲੋੜ ਉਭਾਰਦਾ ਲੀਫਲੈੱਟ ਵੱਖ-ਵੱਖ ਢੰਗਾਂ ਰਾਹੀਂ ਫੈਕਟਰੀ ਮਜ਼ਦੂਰਾਂ ਤੱਕ ਪਹੁੰਚਾਉਣ ਦੇ ਯਤਨ ਕੀਤੇ ਹਨ। ਪਿੰਡਾਂ ਵਿੱਚ ਫੈਕਟਰੀ ਮਜ਼ਦੂਰਾਂ ਦੀਆਂ ਮੀਟਿੰਗਾਂ ਕਰਨ ਬਾਰੇ ਵਿਉਂਤ ਬਣਾਈ ਹੈ। ਇਸ ਸਰਗਰਮੀ ਲਈ ਇਲਾਕੇ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਫੈਕਟਰੀ ਮਜ਼ਦੂਰਾਂ ਦੀ ਮੱਦਦ ਕਰ ਰਹੀਆਂ ਹਨ। ਕੁੱਝ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਚੱਲਿਆ ਵੀ ਹੈ ਜਿਸ ਵਿੱਚ ਫੈਕਟਰੀ ਵਰਕਰਾਂ ਨੇ ਸਰਗਰਮ ਸ਼ਮੂਲੀਅਤ ਕੀਤੀ ਹੈ। 

ਫੈਕਟਰੀ ਕਾਮਿਆਂ ਦੀ ਯੂਨੀਅਨ ਅਜੇ ਨਵੀਂ ਹੈ ਅਤੇ ਲੀਡਰਸ਼ਿਪ ਨੂੰ ਕਈ ਤਰ੍ਹਾਂ ਦੀਆਂ ਅੰਦਰੂਨੀ ਅਤੇ ਬਾਹਰੀ ਵੱਡੀਆਂ ਚੁਣੌਤੀਆਂ ਦਰਪੇਸ਼ ਹਨ। ਯੂਨੀਅਨ ਦੀ ਆਗੂ ਟੀਮ ਅਜੇ ਬਣਤਰ ਪੱਖੋਂ ਇੱਕ ਸਥਾਪਿਤ ਟੀਮ ਨਹੀਂ ਹੈ ਅਤੇ ਜਥੇਬੰਦੀ ਨੂੰ ਚਲਾਉਣ ਪੱਖੋਂ ਵੀ ਬੇਹੱਦ ਅਣਜਾਣ ਹੈ। ਮੈਨੇਜਮੈਂਟ ਨਾਲ ਰਿਸ਼ਤੇ ਦੀ ਪਛਾਣ, ਕਾਮਿਆਂ ਦੇ ਏਕੇ ਅਤੇ ਯੂਨੀਅਨ ਵਿੱਚ ਭਰੋਸਾ, ਮੈਨੇਜਮੈਂਟ ਦੀਆਂ ਚਾਲਾਂ ਬੁੱਝਣ ਦੀ ਯੋਗਤਾ, ਧੜੱਲੇ ਨਾਲ ਪੇਸ਼ਕਦਮੀ ਕਰਨ ਦੀ ਸਮਰੱਥਾ, ਫੈਕਟਰੀ ਕਾਮਿਆਂ ਨਾਲ ਜੁੜਨ ਅਤੇ ਉਹਨਾਂ ਨੂੰ ਨਾਲ ਜੋੜਣ ਦੀ ਯੋਗਤਾ ਆਦਿ ਪੱਖੋਂ ਇਸ ਨੂੰ ਚੇਤਨਾ ਦੇ ਪੱਧਰ 'ਤੇ ਸਿੱਖਣਾ ਅਜੇ ਬਾਕੀ ਹੈ। ਅਜਿਹੀ ਹਾਲਤ ਵਿੱਚ ਇਸਦਾ ਸਾਹਮਣਾ ਫੈਕਟਰੀ ਅੰਦਰ ਅੰਨ੍ਹੀ ਲੁੱਟ, ਸਖਤ ਕੰਮ ਹਾਲਤਾਂ, ਗੈਰ-ਜਥੇਬੰਦ ਕਾਮਾ ਤਾਕਤ ਅਤੇ ਪੂਰੀ ਤਰ੍ਹਾਂ ਜਥੇਬੰਦ ਮੈਨੇਜਮੈਂਟ-ਅਧਿਕਾਰੀ-ਪੁਲਿਸ ਗੱਠਜੋੜ ਨਾਲ ਹੈ। ਨਵੀਆਂ ਆਰਥਿਕ ਨੀਤੀਆਂ ਤਹਿਤ ਦੇਸ਼ ਅੰਦਰ ਹਾਕਮਾਂ ਦੀ ਧੁੱਸ ਇਹਨਾਂ ਹਾਲਤਾਂ ਨੂੰ ਨਾ ਸਿਰਫ਼ ਬਰਕਰਾਰ ਰੱਖਣ ਸਗੋਂ ਹੋਰ ਕਾਮਾ ਵਿਰੋਧੀ ਬਣਾਉਣ ਦੀ ਹੈ। ਅਜਿਹਾ ਮਾਹੌਲ ਮਜ਼ਦੂਰਾਂ ਦੇ ਜਥੇਬੰਦ ਅਤੇ ਹਰਕਤਸ਼ੀਲ ਹੋਣ ਦੀ ਲੋੜ ਵੀ ਤਿੱਖੀ ਕਰ ਰਿਹਾ ਹੈ ਅਤੇ ਜਥੇਬੰਦ ਹੋਣ ਖਿਲਾਫ਼ ਰੋਕਾਂ ਵੀ ਤਿੱਖੀਆਂ ਕਰ ਰਿਹਾ ਹੈ। ਅਜਿਹੇ ਮਾਹੌਲ ਵਿੱਚ ਹੀ ਇਸ ਯੂਨੀਅਨ ਨੇ ਹਰਕਤਸ਼ੀਲ ਹੋਣਾ ਹੈ। 

ਇਸ ਯੂਨੀਅਨ ਅਤੇ ਇਸ ਰਾਹੀਂ ਸਪੋਰਟਕਿੰਗ ਫੈਕਟਰੀ ਦੇ ਮਜ਼ਦੂਰਾਂ ਦੀ ਹਰਕਤਸ਼ੀਲਤਾ, ਮਜ਼ਦੂਰ ਵਰਗ ਦੀ ਹਰਕਤਸ਼ੀਲਤਾ ਦੇ ਅੰਗ ਵਜੋਂ ਕੁੱਲ ਲੋਕ ਲਹਿਰ ਲਈ ਮਹੱਤਵਪੂਰਨ ਹੈ। ਜਿਸਦੀ ਅੱਜ ਦੇ ਸਮੇਂ ਬੇਹੱਦ ਲੋੜ ਹੈ। ਇਸ ਲਈ ਲੋਕ ਹਿਤੈਸ਼ੀ ਕਾਰਕੁੰਨਾਂ ਅਤੇ ਜਨਤਕ ਜਥੇਬੰਦੀਆਂ ਦਾ ਇਸ ਨਾਲ ਸਰੋਕਾਰ ਜੁੜਨਾ ਅਤੇ ਉਹਨਾਂ ਵੱਲੋਂ ਕਿਸੇ ਵੀ ਰੂਪ ਵਿੱਚ ਇਸਦੀਆਂ ਸੰਘਰਸ਼ ਸਰਗਰਮੀਆਂ ਦੀ ਹਮਾਇਤ ਜੁਟਾਉਣਾ, ਇਸ ਯੂਨੀਅਨ ਦੇ ਕਾਰਕੁੰਨਾਂ ਦਾ ਚੇਤਨਾ ਪੱਧਰ ਉੱਪਰ ਚੁੱਕਣ ਵਿੱਚ ਮੱਦਦ ਕਰਨਾ ਅਤੇ ਹਰ ਪ੍ਰਕਾਰ ਦੀ ਮੱਦਦ ਲਈ ਅੱਗੇ ਆਉਣਾ ਇਸਦੀ ਸਰਗਰਮੀ ਅੰਦਰ ਲਾਂਘੇ ਭੰਨਣ ਵਿੱਚ ਮੱਦਦਗਾਰ ਹੋ ਸਕਦਾ ਹੈ।  

 --0--