ਪਾਸ਼ ਹੰਸ ਰਾਜ ਯਾਦਗਾਰ 'ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਵਿਰੁੱਧ ਸੰਘਰਸ਼ ਜਾਰੀ ਸਰਪੰਚ ਅਤੇ ਉਸਦੀ ਢਾਣੀ 'ਤੇ ਪਰਚਾ ਦਰਜ
-ਵਿਸ਼ੇਸ਼ ਪੱਤਰਕਾਰ
ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਉਸਦੇ ਦੋਸਤ ਹੰਸਰਾਜ ਦੀ ਯਾਦ ਵਿੱਚ ਬਣੇ ਯਾਦਗਾਰੀ ਕੰਪਲੈਕਸ ( ਤਲਵੰਡੀ ਸਲੇਮ) 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਵਿਰੁੱਧ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਸੰਘਰਸ਼ ਜਾਰੀ ਹੈ। ਕਿਸਾਨਾਂ, ਮਜ਼ਦੂਰਾਂ , ਲੇਖਕਾਂ/ ਬੁੱਧੀਜੀਵੀਆਂ , ਤਰਕਸ਼ੀਲਾਂ ਅਤੇ ਹੋਰਨਾਂ ਇਨਸਾਫ਼ ਪਸੰਦ ਜਮਹੂਰੀ ਹਿੱਸਿਆਂ ਵਲੋਂ ਸਾਂਝੇ ਤੌਰ 'ਤੇ ਲੜੇ ਜਾ ਰਹੇ ਸੰਘਰਸ਼ ਦੀ ਬਦੌਲਤ ਹੀ 11 ਅਕਤੂਬਰ ਨੂੰ ਪੁਲੀਸ ਵਲੋਂ ਸਰਪੰਚ ਅਤੇ ਉਸਦੀ ਢਾਣੀ 'ਤੇ ਐੱਸਸੀ ਐੱਸਟੀ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ, ਪਰ ਅਜੇ ਤੱਕ ਪੁਲਸ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਇਸ ਢਾਣੀ ਦੀ ਗ੍ਰਿਫ਼ਤਾਰੀ ਨਾ ਹੋਣਾ ' ਚਿੱਟੇ ਦਿਨ ਵਾਂਗ ਸਾਫ਼' ਹੈ ਕਿ ਅਜਿਹਾ ਮੌਜੂਦਾ ਸਰਕਾਰ ਦੀ ਸ਼ਹਿ ਕਰਕੇ ਹੈ।
ਯਾਦ ਰਹੇ ਕਿ ਪਿੰਡ ਤਲਵੰਡੀ ਸਲੇਮ ਦੇ ਸਰਪੰਚ ਅਤੇ ਉਸਦੇ ਕੁਝ ਹਮਾਇਤੀਆਂ ਵੱਲੋਂ 2 ਅਗਸਤ ਨੂੰ ਯਾਦਗਾਰੀ ਕੰਪਲੈਕਸ ਦੇ ਤਾਲੇ ਤੋੜ ਕੇ, ਓਪਨ ਜਿਮ ਸਥਾਪਤ ਕਰਨ ਰਾਹੀਂ ਯਾਦਗਾਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਅਸਲ ਵਿਚ ਸਰਪੰਚ ਵਲੋਂ ਕੀਤੀ ਗਈ ਇਹ ਹਿਮਾਕਤ ਦੇ ਪਿੱਛੇ ਆਮ ਆਦਮੀ ਪਾਰਟੀ ਦੀ ਸਥਾਨਕ ਵਿਧਾਇਕਾ ਹੈ, ਇਸ ਵਿਧਾਇਕਾ ਦਾ ਪੂਰਾ ਤਾਣ ਲੱਗਿਆ ਹੋਇਆ ਹੈ ਕਿ ਇਲਾਕੇ ਅੰਦਰ, ਇਨਕਲਾਬੀ ਨਿਸ਼ਠਾ ਦੇ ਚਿੰਨ੍ਹ ,ਇਸ ਯਾਦਗਾਰ ਨੂੰ ਖ਼ਤਮ ਕੀਤਾ ਜਾਵੇ, ਕਿਉਂ ਜੁ ਹਰ ਸਾਲ ਇਥੇ ਹੁੰਦੀ ਸ਼ਹੀਦੀ ਕਾਨਫਰੰਸ ਮੌਕੇ, ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸੁਪਨਿਆਂ ਦੀ ਅਸਲ ਆਜ਼ਾਦੀ ਲਿਆਉਣ ਦੇ ਅਹਿਦ ਹੁੰਦੇ ਹਨ ਅਤੇ ਹਾਕਮ ਜਮਾਤੀ ਲੋਟੂ ਤੰਤਰ ਦਾ ਪਰਦਾ ਚਾਕ ਕੀਤਾ ਜਾਂਦਾ ਹੈ,ਇਸ ਇਲਾਕੇ ਅੰਦਰ ਪੂਰਾ ਮਾਰਚ ਮਹੀਨਾ ਇਨਕਲਾਬੀ ਸਰਗਰਮੀ ਦਾ ਮਹੀਨਾ ਹੁੰਦਾ ਹੈ, ਮਜ਼ਦੂਰ, ਕਿਸਾਨ, ਮੁਲਾਜ਼ਮ, ਤਰਕਸ਼ੀਲ ਸਭੈ ਇਸ ਸਰਗਰਮੀ ਦਾ ਹਿੱਸਾ ਬਣਦੇ ਹਨ ਪਰ ਸਭਨਾਂ ਵੋਟ ਵਟੋਰੂ ਪਾਰਟੀਆਂ ਅਤੇ ਫਿਰਕੂ ਤਾਕਤਾਂ ਨੂੰ ਇਹ ਇਨਕਲਾਬੀ ਸਰਗਰਮੀ ਚੁਭਦੀ ਹੈ, ਇਸੇ ਕਰਕੇ ਇਲਾਕੇ ਦੀ ਵਿਧਾਇਕਾ ਨੇ ਸਰਪੰਚ ਅਤੇ ਉਸਦੀ ਢਾਣੀ ਨੂੰ ਸਿਸ਼ਕੇਰ ਕੇ ਕੰਪਲੈਕਸ 'ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੀ ਇਸ ਪਿੱਛੇ ਕੰਮ ਕਰਦੀ ਮਨਸ਼ਾ ਸਾਫ਼ ਜ਼ਾਹਰ ਹੋਈ ਹੈ ਕਿ ਇਹ ਲਾਣਾ ਯਾਦਗਾਰ ਨੂੰ ਮਿਟਾਉਣਾ ਚਾਹੁੰਦਾ ਹੈ। ਸਰਕਾਰ ਦੀ ਸ਼ਹਿ ਹੋਣ ਕਰਕੇ ਹੀ ਸਰਪੰਚ ਅਤੇ ਉਸਦੀ ਢਾਣੀ ਨੇ ਇਸ ਸਾਰੇ ਸੰਘਰਸ਼ ਦੀ ਅਗਵਾਈ ਕਰ ਰਹੇ ਸਾਥੀ ਹਰਮੇਸ਼ ਮਾਲੜੀ ਅਤੇ ਉਸਦੇ ਸਾਥੀਆਂ 'ਤੇ ਨਾ ਕੇ ਹਮਲਾ ਕਰਕੇ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਬਲਕਿ ਉਸਨੂੰ ਜ਼ਾਤੀ ਸੂਚਕ ਸ਼ਬਦ ਬੋਲ ਕੇ ਜਨਤਕ ਤੌਰ 'ਤੇ ਅਪਮਾਨਤ ਕੀਤਾ, ਜਿਸ ਖ਼ਿਲਾਫ਼ ਪੂਰੇ ਪੰਜਾਬ ਦੀਆਂ ਲਗਪਗ ਸਭਨਾਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਵਿਰੋਧ ਜਤਾਇਆ, ਯਾਦਗਾਰ ਨੂੰ ਸਰਕਾਰ ਵਲੋਂ ਮਾਨਤਾ ਦਿਵਾਉਣ ਦੇ ਨਾਲ ਨਾਲ ਸਰਪੰਚ ਅਤੇ ਉਸਦੀ ਢਾਣੀ ਖਿਲਾਫ ਐੱਸਸੀ ਐੱਸਟੀ ਐਕਟ ਤਹਿਤ ਕੇਸ ਦਰਜ ਕਰਵਾਉਣ ਲਈ 9 ਅਕਤੂਬਰ ਨੂੰ ਡੀਐਸਪੀ ਨਕੋਦਰ ਦੇ ਦਫ਼ਤਰ ਅੱਗੇ ਅਤੇ 14 ਅਕਤੂਬਰ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ( ਸੰਧਵਾਂ, ਫਰੀਦਕੋਟ ) ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਧਰਨੇ ਲਾਕੇ ਮੰਗ ਕੀਤੀ ਹੈ ਕਿ "ਪਾਸ਼ ਹੰਸ ਰਾਜ ਦੀ ਯਾਦਗਾਰ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਬੰਦ ਕਰੋ"
ਪੰਜਾਬ ਦੀਆਂ ਦਰਜਨਾਂ ਜਨਤਕ ਜਮਹੂਰੀ ਜਥੇਬੰਦੀਆਂ, ਜਿਨ੍ਹਾਂ ਵਿਚ , ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ, ਪਾਸ਼ ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਨਕੋਦਰ, ਪੰਜਾਬ ਲੋਕ ਸੱਭਿਆਚਾਰਕ ਮੰਚ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ), ਕਿਰਤੀ ਕਿਸਾਨ ਯੂਨੀਅਨ, ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ , ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਕੇਂਦਰੀ ਪੰਜਾਬੀ ਲੇਖਕ ਸਭਾ, ਲੇਖਕ ਸਭਾ ਸੇਖੋਂ, ਪੰਜਾਬ ਸਟੂਡੈਂਟਸ ਯੂਨੀਅਨ , ਪ੍ਰਗਤੀਸ਼ੀਲ ਲੇਖਕ ਸੰਘ, ਜਮਹੂਰੀ ਅਧਿਕਾਰ ਸਭਾ ਪੰਜਾਬ, ਜਮਹੂਰੀ ਕਿਸਾਨ ਸਭਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ,ਆਦਿ ਜਥੇਬੰਦੀਆਂ ਦੇ ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਨੂੰ ਸ਼ਹੀਦੀ ਯਾਦਗਾਰ ਵਜੋਂ ਮਾਨਤਾ ਦੇਵੇ ਅਤੇ ਮਜ਼ਦੂਰ ਆਗੂ ਹਰਮੇਸ਼ ਮਾਲੜੀ ਅਤੇ ਸਾਥੀਆਂ 'ਤੇ ਹਮਲਾ ਕਰਨ ਅਤੇ ਜਾਤੀ ਸੂਚਕ ਸ਼ਬਦ ਬੋਲ ਕੇ ਅਪਮਾਨਤ ਕਰਨ ਵਾਲੇ ਤਲਵੰਡੀ ਸਲੇਮ ਦੇ ਸਰਪੰਚ ਅਤੇ ਉਸਦੀ ਢਾਣੀ ਖਿਲਾਫ਼ ਪਰਚਾ ਦਰਜ ਹੋਵੇ।
ਸੰਘਰਸ਼ਸ਼ੀਲ ਤਬਕਿਆਂ ਨੇ ਆਪੋ ਆਪਣੇ ਸੰਘਰਸ਼ਾਂ ਦੌਰਾਨ, ਮਤੇ ਪਾਏ ਹਨ ਅਤੇ ਇਸ ਸੰਘਰਸ਼ ਨਾਲ ਯਕਯਹਿਤੀ ਪ੍ਰਗਟਾਈ ਹੈ।
ਹਲਕਾ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਦੀ ਪੂਰਨ ਹਮਾਇਤ ਹੋਣ ਕਾਰਨ ਹੀ ਸਰਪੰਚ ਅਤੇ ਉਸਦੀ ਢਾਣੀ ਨੇ ਯਾਦਗਾਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।ਇਸ ਲਈ ਨਕੋਦਰ ਵਿਖੇ ਹੋਏ ਲਾਮਿਸਾਲ ਧਰਨੇ ਤੋਂ ਬਾਅਦ ਸ਼ਹਿਰ ਵਿੱਚ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ ਜੋ ਪੂਰੇ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੈ।
ਇਸ ਧਰਨੇ ਅਤੇ ਮੁਜ਼ਾਹਰੇ ਦੀ ਬਦੌਲਤ ਸਰਪਸਫ਼ਾਚ ਅਤੇ ਉਸਦੀ ਢਾਣੀ ਖਿਲਾਫ ਐੱਸਸੀ ਐੱਸਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ, ਪਰ ਅਜੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ। ਜਿਸ ਲਈ ਸੰਘਰਸ਼ ਜਾਰੀ ਹੈ।
