Showing posts with label ਪਰਿਵਾਰਾਂ ਬਾਰੇ ਬਣੀ ਰਵਾਇਤੀ ਸਮਝ ਖਿਲਾਫ਼ ਜੱਦੋਜਹਿਦ ਦੀ ਲੋੜ. Show all posts
Showing posts with label ਪਰਿਵਾਰਾਂ ਬਾਰੇ ਬਣੀ ਰਵਾਇਤੀ ਸਮਝ ਖਿਲਾਫ਼ ਜੱਦੋਜਹਿਦ ਦੀ ਲੋੜ. Show all posts

Thursday, November 26, 2026

ਪਰਿਵਾਰਾਂ ਬਾਰੇ ਬਣੀ ਰਵਾਇਤੀ ਸਮਝ ਖਿਲਾਫ਼ ਜੱਦੋਜਹਿਦ ਦੀ ਲੋੜ



 ਪਰਿਵਾਰਾਂ ਬਾਰੇ ਬਣੀ ਰਵਾਇਤੀ ਸਮਝ ਖਿਲਾਫ਼ ਜੱਦੋਜਹਿਦ ਦੀ ਲੋੜ

-ਸਵਰਾਜਬੀਰ

ਪੰਜਾਬ ਦੀ ਧੀ ਜਾਸਮੀਨ ਦਾ ਸੈਕਰਾਮੈਂਟੋ ਅਮਰੀਕਾ ਵਿਚ ਬੇਰਹਿਮੀ ਨਾਲ ਕੀਤਾ ਗਿਆ ਕਤਲ, ਉਸਦੇ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ, ਉਸ ਨੂੰ ਜਾਣਨ ਵਾਲਿਆਂ ਤੇ ਸਾਡੇ ਸਾਰਿਆਂ ਲਈ ਅਪਾਰ ਦੁੱਖ ਦਾ ਸਮਾਂ ਹੈ। ਇਹ ਕਤਲ ਅਜਿਹਾ ਕਰੂਰ ਕਾਰਾ ਹੈ ਜਿਹੜਾ ਸਮਾਜਕ ਰਿਸ਼ਤਿਆਂ ਵਿਚ ਸਾਡੇ ਵਿਸ਼ਵਾਸ ਦੀਆਂ ਜੜ੍ਹਾਂ ਨੂੰ ਹਿਲਾਉਂਦਾ ਤੇ ਸਾਡੇ ਸਾਹਮਣੇ ਕਈ ਸਵਾਲ ਖੜ੍ਹੇ ਕਰਦਾ ਹੈ। ਇਹ ਸਵਾਲ ਖੜ੍ਹੇ ਕਰਦਾ ਹੈ ਕਿ ਅਜਿਹਾ ਕਿਉਂ ਹੋਇਆ, ਕਿਉਂ ਅਸੀਂ ਸਮੇਂ ਸਿਰ ਆਪਣੀ ਧੀ ਦੀ ਮਦਦ ਨਾ ਕਰ ਸਕੇ, ਅਸੀਂ ਉਸ ਨੂੰ ਬਚਾ ਕਿਉਂ ਨਾ ਸਕੇ। ਇਹ ਇਕ ਅਜਿਹੀ ਦਿਲ ਕੰਬਾਊ ਘਟਨਾ ਹੈ ਜਿਸ ਦੇ ਨਿਸ਼ਾਨ ਉਸ ਦੇ ਪਰਿਵਾਰ, ਰਿਸ਼ਤੇਦਾਰਾਂ, ਸਹੇਲੀਆਂ ਤੇ ਹੋਰ ਜਾਣਨ ਵਾਲਿਆਂ ਦੇ ਦਿਲਾਂ 'ਤੇ ਹਮੇਸ਼ਾ ਉਕਰੇ ਰਹਿਣੇ ਹਨ; ਇਹ ਮਿਟਣੇ ਨਹੀਂ। ਪਰਿਵਾਰ ਨੇ ਇਸ ਦੁੱਖ ਨੂੰ ਹੋਰ ਜੀਊਣਾ ਹੈ।

ਇਹ ਦੁੱਖਦਾਈ ਘਟਨਾ ਸਾਨੂੰ ਪੰਜਾਬੀ ਸਮਾਜ ਦੇ ਉਸ ਭਿਅੰਕਰ ਵਰਤਾਰੇ ਦੇ ਸਾਹਮਣੇ ਖੜ੍ਹਿਆਂ ਕਰਦਾ ਹੈ ਜਿਸ ਨੂੰ ਸਾਡਾ ਸਮਾਜ ਕੁਦਰਤੀ ਵਰਤਾਰਾ ਸਮਝਦਾ ਹੈ ਕਿ ਪਤੀ ਆਪਣੀ ਪਤਨੀ ਨਾਲ ਦੁਰਵਿਵਹਾਰ ਕਰ ਸਕਦਾ ਹੈ, ਇਹ ਉਸ ਦਾ ਹੱਕ ਹੈ; ਪਰਿਵਾਰ ਵਿਚ ਪਤੀ ਦਾ ਦਰਜਾ ਉੱਚਾ ਹੈ ਤੇ ਪਤਨੀ ਦਾ ਨੀਵਾਂ । ਸਾਡੇ ਸਮਾਜ ਵਿਚ ਧੀਆਂ ਨੂੰ ਇਸ ਕਰੂਰ ਵਰਤਾਰੇ ਨੂੰ ਸਹਿਣਾ ਪੈਂਦਾ ਹੈ; ਅਸੀਂ ਉਨ੍ਹਾਂ ਨੂੰ ਇਹ ਸਿੱਖਿਆ ਦਿੰਦੇ ਹਾਂ ਕਿ ਉਹ ਅਪਮਾਨ ਤੇ ਬੇਇੱਜ਼ਤੀ ਨੂੰ ਸਹਿੰਦੀਆਂ ਹੋਈਆਂ ਵੀ ਆਪਣੇ ਵਿਆਹਾਂ ਨੂੰ ਬਚਾਈ ਰੱਖਣ; ਇਹ ਪਰਿਵਾਰਾਂ ਦੀ ਇੱਜ਼ਤ ਦਾ ਮਾਮਲਾ ਹੈ। ਅਸੀਂ ਸਾਰੇ ਅਜਿਹੀ ਸਮਝ ਤੇ ਇਸ ਦੀ ਸਮਾਜਕ ਪ੍ਰਵਾਨਗੀ ਲਈ ਜ਼ਿੰਮੇਵਾਰ ਹੈ।

ਇਹ ਸਾਡੀ ਅਜਿਹੀ ਸਮੂਹਿਕ ਸਮਝ ਹੀ ਸੀ ਜਿਸ ਕਾਰਨ ਜਾਸਮੀਨ ਨੂੰ ਅਜਿਹੇ ਰਿਸ਼ਤੇ ਨੂੰ ਜਿਉਣਾ ਪਿਆ ਜਿਸ ਵਿਚ ਅਪਮਾਨ ਤੇ ਨਿਰਾਦਰ ਦੇ ਨਾਲ ਨਾਲ ਹਿੰਸਾ ਵੀ ਸੀ, ਅਣਮਨੁੱਖੀ ਹਿੰਸਾ ਤੇ ਉਹ ਇਸ ਹਿੰਸਾ ਦਾ ਸ਼ਿਕਾਰ ਹੁੰਦੀ ਰਹੀ ਤੇ ਇਸ ਤਰ੍ਹਾਂ ਇਕ ਬੇਸ਼ਕੀਮਤੀ ਜ਼ਿੰਦਗੀ, ਜਿਸ ਨੂੰ ਜੀਊਣ ਤੇ ਆਪਣੇ ਬੱਚੇ ਨੂੰ ਪਿਆਰ ਕਰਨ ਦਾ ਪੂਰਾ ਹੱਕ ਸੀ, ਹਮੇਸ਼ਾ ਲਈ ਖ਼ਤਮ ਕਰ ਦਿੱਤੀ ਗਈ।

ਸਵਾਲ ਇਹ ਹੈ ਕਿ ਸਾਡੀਆਂ ਧੀਆਂ ਅਜਿਹੇ ਰਿਸ਼ਤਿਆਂ ਨੂੰ ਕਿਉਂ ਨਿਭਾਉਂਦੀਆਂ ਹਨ; ਕਿਉਂ ਉਹ ਏਨਾ ਮਾਨਸਿਕ ਦਬਾਅ, ਦੁੱਖ ਤੇ ਪੀੜ ਸਹਿੰਦੀਆਂ ਹਨ; ਪਰਿਵਾਰ ਦੀ ਇੱਜ਼ਤ ਬਾਰੇ ਬਣਾਈਆਂ ਸਾਡੀਆਂ ਮਾਨਤਾਵਾਂ ਦਾ ਬੋਝ ਢੋਂਦਿਆਂ ਢੋਂਦਿਆਂ ਉਨ੍ਹਾਂ ਨੂੰ ਆਪਣੀਆਂ ਜਾਨਾਂ ਕਿਉਂ ਗਵਾਉਣੀਆਂ ਪੈਂਦੀਆਂ ਹਨ? ਜਦੋਂ ਕੋਈ ਅਜਿਹੀ ਘਟਨਾ ਹੁੰਦੀ ਹੈ ਤਾਂ ਸਾਨੂੰ ਦੁੱਖ ਵੀ ਹੁੰਦਾ ਹੈ ਤੇ ਅਸੀਂ ਅਜਿਹੀ ਸਮਾਜਕ ਸਮਝ ਬਾਰੇ ਕੁਝ ਸੋਚਦੇ ਹਾਂ। ਸੋਚਦੇ ਤਾਂ ਹਾਂ, ਪਰ ਧੀਆਂ ਦੇ ਨਿੱਤ ਹੁੰਦੇ ਨਿਰਾਦਰ ਤੇ ਉਨ੍ਹਾਂ 'ਤੇ ਹੁੰਦੇ ਜ਼ੁਲਮ ਨੂੰ ਠੀਕ ਠਹਿਰਾਉਣ ਵਾਲੀ ਇਹ ਸਮਾਜਕ ਸਮਝ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ। ਇਹ ਸਮਝ ਸਾਡੀਆਂ ਧੀਆਂ ਦੀ ਬਲੀ ਲੈਂਦੀ ਹੈ।

ਇਹ ਦੁੱਖ ਕਿੰਨਾ ਵੱਡਾ ਹੈ; ਇਕ ਜਵਾਨ ਧੀ ਦਾ ਕਤਲ ਹੁੰਦਾ ਹੈ, ਕਤਲ ਪਤੀ ਕਰਦਾ ਹੈ ਜਿਸ 'ਤੇ ਪਰਿਵਾਰ ਤੇ ਸਮਾਜ ਨੇ ਵਿਸ਼ਵਾਸ ਕੀਤਾ ਸੀ; ਉਹ ਧੀ ਆਪਣੇ ਛੋਟੇ ਬੱਚੇ ਤੋਂ ਹਮੇਸ਼ਾ ਲਈ ਵਿਛੋੜ ਦਿੱਤੀ ਜਾਂਦੀ ਹੈ; ਉਸਦੀ ਹੋਂਦ ਮਿਟਾ ਦਿੱਤੀ ਗਈ ਹੈ; ਉਸਦੇ ਬੱਚੇ ਨੂੰ ਮਾਂ ਦਾ ਪਿਆਰ ਕਦੇ ਨਹੀਂ ਮਿਲਣਾ ਤੇ ਹੁਣ, ਪਰਿਵਾਰ ਉਸ ਬੱਚੇ ਨੂੰ ਹਾਸਲ ਕਰਨ ਦੀ ਲੜਾਈ ਲੜ ਰਿਹਾ ਹੈ।

ਜਦੋਂ ਅਸੀਂ ਜਾਸਮੀਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਇਕੱਠੇ ਹੋਏ ਹਾਂ ਤਾਂ ਸਾਨੂੰ ਇਨ੍ਹਾਂ ਸਵਾਲਾਂ ਦਾ ਸਾਹਮਣਾ ਕਰਨਾ ਪੈਣਾ ਹੈ। ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਜਿਥੇ ਅਸੀਂ ਜਾਸਮੀਨ ਲਈ ਇਨਸਾਫ਼ ਦੀ ਮੰਗ ਕਰੀਏ, ਉਥੇ ਇਸ ਮਹਾਂ-ਪ੍ਰਸ਼ਨ ਦਾ ਸਾਹਮਣਾ ਵੀ ਕਰੀਏ ਕਿ ਅਸੀਂ, ਜੋ ਆਪਣੇ ਆਪ ਨੂੰ ਗੁਰੂਆਂ, ਪੀਰਾਂ, ਫ਼ਕੀਰਾਂ ਦੇ ਵਾਰਿਸ ਕਹਿੰਦੇ ਹਾਂ, ਸਾਡੇ ਘਰਾਂ ਵਿਚ ਇਹ ਹਿੰਸਾ ਕਿਉਂ ਹੈ? ਅਸੀਂ ਇਸ ਹਿੰਸਾ ਨੂੰ ਸਵੀਕਾਰ ਕਿਉਂ ਕਰਦੇ ਹਾਂ? ਅਸੀਂ ਇਹ ਹਿੰਸਾ ਦਾ ਸਾਹਮਣਾ ਤੇ ਖ਼ਾਤਮਾ ਕਿਵੇਂ ਕਰਨਾ ਹੈ? ਕਿਵੇਂ ਅਸੀਂ ਪਰਿਵਾਰਾਂ ਦੀ ਅਖੌਤੀ ਇੱਜ਼ਤ ਨੂੰ ਬਚਾਈ ਰੱਖਣ ਵਾਲੀ ਇਸ ਸਮਝ ਤੋਂ ਬਾਹਰ ਨਿਕਲਣਾ ਤੇ ਆਪਣੀਆਂ ਧੀਆਂ, ਭੈਣਾਂ ਤੇ ਪਤਨੀਆਂ ਨੂੰ ਬਰਾਬਰ ਦੇ ਅਧਿਕਾਰ ਦੇਣੇ ਹਨ।

ਮੈਂ ਨਿੱਜੀ ਤੌਰ 'ਤੇ ਪਰਿਵਾਰ ਦੇ ਦੁੱਖ ਵਿਚ ਸ਼ਾਮਲ ਹਾਂ ਪਰ ਨਾਲ-ਨਾਲ ਸਾਨੂੰ ਸਾਰਿਆਂ ਨੂੰ ਜਾਸਮੀਨ ਨਾਲ ਹੋਏ ਅਨਿਆਂ ਵਿਰੁੱਧ ਰੋਹ ਭਰੀ ਆਵਾਜ਼ ਵੀ ਬਣਨਾ ਪਵੇਗਾ ਅਤੇ ਪਰਿਵਾਰਾਂ ਬਾਰੇ ਬਣੀ ਆਪਣੀ ਰਵਾਇਤੀ ਸਮਝ ਵਿਰੁੱਧ ਜਦੋਜਹਿਦ ਵੀ ਕਰਨੀ ਪਵੇਗੀ।     --0--