ਠੇਕਾ ਮੁਲਾਜ਼ਮਾਂ ਦਾ ਸੰਘਰਸ਼:
ਮੁੱਢਲੀ ਤੇ ਅਹਿਮ ਪ੍ਰਾਪਤੀ- ਪੱਕੇ ਰੁਜ਼ਗਾਰ ਲਈ ਸੰਘਰਸ਼ ਜਾਰੀ
-ਪੱਤਰ ਪ੍ਰੇਰਕ
ਠੇਕਾ ਮੁਲਾਜ਼ਮਾਂ ਦੇ ਲਗਾਤਾਰ ਸੰਘਰਸ਼ ਦੀ ਬਦੌਲਤ ਆਊਟਸੋਰਸਡ ਮੁਲਾਜ਼ਮਾਂ ਨੂੰ ਵਿਭਾਗਾਂ 'ਚ ਕੰਟਰੈਕਟ 'ਤੇ ਰੱਖਣ ਦੇ ਨਵੇਂ ਕਾਨੂੰਨ ਬਣਨ ਦੀ ਮੁੱਢਲੀ ਤੇ ਅਹਿਮ ਪ੍ਰਾਪਤੀ
-- ਰਹਿੰਦੀਆਂ ਕੈਟਾਗਰੀਆਂ ਨੂੰ ਨਵੇਂ ਐਕਟ ਵਿੱਚ ਸ਼ਾਮਿਲ ਕਰਵਾਉਣ ਤੇ ਪੱਕੇ ਰੁਜ਼ਗਾਰ ਦੀ ਗਾਰੰਟੀ ਤੇ ਨਿੱਜੀਕਰਨ ਖਿਲਾਫ਼ ਸੰਘਰਸ਼ ਜਾਰੀ।
ਪਿਛਲੇ ਅਰਸੇ ਤੋਂ ਵੱਖ- ਵੱਖ ਸਰਕਾਰੀ ਅਦਾਰਿਆਂ ਵਿੱਚ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਦੇ ਆ ਰਹੇ ਠੇਕਾ ਮੁਲਾਜ਼ਮਾਂ ਨੇ ਆਪੋ ਆਪਣੇ ਪੱਧਰ 'ਤੇ ਵੀ ਵਿਭਾਗੀ ਮੰਗਾਂ ਸਬੰਧੀ ਮੈਨੇਜਮੈਂਟਾਂ ਤੇ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਵਿੱਢੇ ਹੋਏ ਹਨ । ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਸਾਮਰਾਜੀ ਦਿਸ਼ਾ-ਨਿਰਦੇਸ਼ਤ ਨਿੱਜੀਕਰਨ ਦੀਆਂ ਨੀਤੀਆਂ ਖਿਲਾਫ ਸਾਂਝੇ ਤੌਰ 'ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਵਿਭਾਗਾਂ ਦੇ ਪੰਚਾਇਤੀਕਰਨ-ਨਿੱਜੀਕਰਨ ਖਿਲਾਫ਼ , ਰੱਤ-ਨਿਚੋੜੂ ਠੇਕਾ ਭਰਤੀ ਨੂੰ ਬੰਦ ਕਰਵਾਉਣ, ਵਰ੍ਹਿਆਂ ਤੋਂ ਕੰਮ ਕਰਦੇ ਠੇਕਾ ਮੁਲਾਜ਼ਮਾਂ , ਆਊਟਸੋਰਸਡ/ਇਨਲਿਸਟਮੈਂਟ ਮੁਲਾਜ਼ਮਾਂ ਨੂੰ ਪਿੱਤਰੀ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕਰਨ , 1948 ਦੇ ਕਿਰਤ ਕਾਨੂੰਨਾਂ ਤੇ 15 ਵੀਂ ਲੇਬਰ ਕਾਨਫਰੰਸ ਮੁਤਾਬਕ ਗੁਜਾਰੇਯੋਗ ਤਨਖਾਹਾਂ ਤੇ ਸਹੂਲਤਾਂ ਲਾਗੂ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਇਸ ਤੋਂ ਬਿਨਾਂ ਸਰਕਾਰੀ ਵਿਭਾਗਾਂ ਵਿੱਚ ਹੋਰਨਾਂ ਠੇਕਾ ਮੁਲਾਜ਼ਮਾਂ, ਆਊਟਸੋਰਸਡ ਮੁਲਾਜ਼ਮ ਜਥੇਬੰਦੀਆਂ ਨੇ ਵੀ ਆਪੋ-ਆਪਣੇ ਪੱਧਰ 'ਤੇ ਸੰਘਰਸ਼ ਕੀਤੇ ਹਨ । ਪਰੰਤੂ ਭਗਵੰਤ ਮਾਨ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ , ਠੇਕਾ ਭਰਤੀ ਦੀ ਥਾਂ ਪੱਕੇ ਰੁਜ਼ਗਾਰ ਦੀ ਗਾਰੰਟੀ ਕਰਨ ਦੇ ਚੋਣ ਵਾਅਦਿਆਂ ਤੋਂ ਭੱਜ ਕੇ ਕਾਰਪੋਰੇਟਾਂ ਦੀ ਸੇਵਾ ਹਿੱਤ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰ ਰਹੀ ਹੈ। ਸੰਘਰਸ਼ ਕਰਦੇ ਠੇਕਾ ਮੁਲਾਜ਼ਮਾਂ ਤੇ ਸੰਘਰਸ਼ਸ਼ੀਲ ਤਬਕਿਆਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਦੇ ਰਾਹ ਪਈ ਹੋਈ ਹੈ। ਪਰੰਤੂ ਇਸਦੇ ਬਾਵਜੂਦ ਠੇਕਾ ਮੁਲਾਜ਼ਮਾਂ ਦੇ ਲਗਾਤਾਰ ਸੰਘਰਸ਼ ਦੇ ਬਲਬੂਤੇ ਪਹਿਲਾਂ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਿਹਾਰ ਸਿੰਘ ਦੀ ਲੀਡਰਸ਼ਿਪ ਨਾਲ ਸਮਝੌਤਾ ਕਰਕੇ ਪਾਵਰਕਾਮ ਦੀ ਬੋਰਡ ਮੈਨੇਜਮੈਂਟ ਤੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਇੱਕ ਪਾਲਿਸੀ ਬਣਾਉਣੀ ਪਈ, ਜਿਸ ਤਹਿਤ ਘਾਤਕ ਕੰਮ ਹਾਲਤਾਂ 'ਚ ਕੰਮ ਕਰਦੇ ਆਊਟਸੋਰਸਡ ਮੁਲਾਜ਼ਮਾਂ, ਜੋ ਤਿੰਨ ਸਾਲ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਨ ਨੂੰ ਯੋਗਤਾ, ਟਰੇਨਿੰਗ ਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਮਹਿਕਮੇ 'ਚ ਕੰਟਰੈਕਟ 'ਤੇ ਰੱਖਣ ਠੇਕੇਦਾਰ / ਕੰਪਨੀਆਂ ਨੂੰ ਬਾਹਰ ਕਰਕੇ ਉਸ ਦਾ 15-20 % ਮੁਨਾਫਾ ਮੁਲਾਜ਼ਮਾਂ ਨੂੰ ਦੇਣ ਨਾਲ ਤਨਖਾਹਾਂ ਦੁੱਗਣੀਆਂ ਤੇ ਪ੍ਰਾਵੀਡੈਂਟ ਫੰਡ, ਈ.ਐਸ.ਆਈ.,ਮਹਿੰਗਾਈ ਭੱਤੇ ਆਦਿ ਸਹੂਲਤਾਂ ਲਾਗੂ ਕਰਵਾਉਣ ਦਾ ਸਮਝੌਤਾ ਕਰਨਾ ਪੈ ਗਿਆ। ਇਸ ਤਹਿਤ ਪੰਜਾਬ ਸਰਕਾਰ ਨੇ ਚੋਣ ਮੁਹਿੰਮ ਦਾ ਹੱਥਾ ਬਣਾਉਣ ਲਈ 65 ਹਜ਼ਾਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਇਸ਼ਤਿਹਾਰ ਤੇ ਬੋਰਡ ਲਾ ਕੇ ਵਾਅਵਾ ਵਾਅਵਾ ਖੱਟਣ ਦੀ ਕੋਸ਼ਿਸ਼ ਕੀਤੀ। ਇਸ ਪਾਲਿਸੀ ਨੂੰ ਜਿਥੇ ਸੀ.ਐਚ.ਬੀ. ਕਾਮਿਆਂ ਦੀ ਜਥੇਬੰਦੀ ਨੇ ਲਾਗੂ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ, ਉਥੇ ਪਾਵਰਕਾਮ 'ਚ ਕੰਮ ਕਰਦੀਆਂ ਹੋਰਨਾਂ ਆਊਟਸੋਰਸਡ ਮੁਲਾਜ਼ਮ ਜਥੇਬੰਦੀਆਂ ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨੇ ਵੀ ਇਸ ਪਾਲਿਸੀ ਨੂੰ ਸਭਨਾਂ ਸਰਕਾਰੀ ਅਦਾਰਿਆਂ ਦੇ ਠੇਕਾ ਭਰਤੀ, ਆਊਟਸੋਰਸਡ/ਇਨਲਿਸਟਮੈਂਟ ਮੁਲਾਜ਼ਮਾਂ 'ਤੇ ਲਾਗੂ ਕਰਵਾਉਣ ਲਈ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਵੱਖ -ਵੱਖ ਸਰਕਾਰੀ ਅਦਾਰਿਆਂ ਦੀ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਥਰਮਲ ਪਲਾਂਟਾਂ ਰੋਪੜ , ਲਹਿਰਾ , ਗੋਇੰਦਵਾਲ ( ਤਰਨਤਾਰਨ) , ਪੀ ਐਸ ਪੀ ਸੀ ਐਲ ਐਂਡ ਪੀ ਐਸ ਟੀ ਸੀ ਐਲ ਕੰਟਰੈਕਚੂਅਲ ਵਰਕਰਜ਼ ਯੂਨੀਅਨ ਪੰਜਾਬ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ, ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ( ਰਜਿ ਨੰ 31) , ਵੇਰਕਾ ਮਿਲਕ ਪਲਾਂਟ ਤੇ ਕੈਟਲ ਫੀਡ ਆਊਟਸੋਰਸਡ ਮੁਲਾਜ਼ਮ ਯੂਨੀਅਨ ਪੰਜਾਬ, ਫਰਦ ਕੇਂਦਰ ਐਸੋਸੀਏਸ਼ਨ ਪੰਜਾਬ, ਮਾਰਕਫੈਡ, ਵੇਅਰਹਾਊਸ, ਕੋ-ਆਪਰੇਟਿਵ ਸੁਸਾਇਟੀ, ਸਕਿਊਰਿਟੀ ਗੰਨਮੈਨ ਆਦਿ 14 ਦੇ ਕਰੀਬ ਜਥੇਬੰਦੀਆਂ ਵਲੋਂ ਆਪੋ-ਆਪਣੀ ਜਥੇਬੰਦਕ ਤੇ ਘੋਲ ਲੜਨ ਦੀ ਸਮਰੱਥਾ ਮੁਤਾਬਕ ਆਪੋ ਆਪਣੇ ਵਿਭਾਗਾਂ ਦਫਤਰਾਂ, ਵਿਭਾਗੀ ਹੈੱਡ ਕੁਆਟਰਾਂ ਤੇ ਮੰਤਰੀਆਂ ਦੇ ਬੂਹੇ ਅੱਗੇ ਲਗਾਤਾਰ ਕੰਮ ਜਾਮ / ਹੜਤਾਲਾਂ ਕਰਕੇ , ਪਰਿਵਾਰਾਂ - ਬੱਚਿਆਂ ਸਮੇਤ ਦਿਨ ਰਾਤ ਦੇ ਪੱਕੇ ਮੋਰਚੇ, ਸ਼ਹਿਰਾਂ ਵਿੱਚ ਧਰਨੇ-ਮੁਜ਼ਾਹਰੇ ਚੱਲਦੇ ਰਹੇ। ਲਗਾਤਾਰ ਚੱਲਦੇ ਘੋਲਾਂ ਦੌਰਾਨ ਕਾਰਪੋਰੇਟ ਜਾਗੀਰਦਾਰ ਤੇ ਸਾਮਰਾਜੀ ਡਕੈਤਾਂ ਤੇ ਇਹਨਾਂ ਦੀਆਂ ਰਖੇਲ ਸਰਕਾਰਾਂ ਦੀਆਂ ਲੋਕ-ਦੁਸ਼ਮਣ ਨੀਤੀਆਂ ਖਿਲਾਫ਼ ਖਰੀ ਭਾਵਨਾ ਨਾਲ ਜੂਝਣ ਵਾਲੀਆਂ ਪੰਜਾਬ ਦੀਆਂ ਖਰੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵਲੋਂ ਜਿਥੇ ਭਰਵੀਂ ਸ਼ਮੂਲੀਅਤ ਕੀਤੀ, ਉਥੇ ਆਰਥਿਕ ਮਦਦ ਵੀ ਕੀਤੀ ਗਈ। ਇਹਨਾਂ ਲੰਮੇ ਤੇ ਤਿੱਖੇ ਸੰਘਰਸ਼ਾਂ ਦੀ ਬਦੌਲਤ ਵਿਭਾਗਾਂ ਦੇ ਅਧਿਕਾਰੀਆਂ, ਮੰਤਰੀਆਂ ਨਾਲ ਮੰਗਾਂ ਸਬੰਧੀ ਗੱਲਬਾਤ ਚੱਲਦੀ ਰਹੀ। ਪਰੰਤੂ ਸਰਕਾਰ ਵਲੋਂ ਲਗਾਤਾਰ ਫੁੱਟ-ਪਾਊ ਟਾਲ ਮਟੋਲ ਨੀਤੀ ਅਪਣਾਉਂਦੇ ਹੋਏ ਕਿਹਾ ਕਿ ਸਾਰੇ ਆਊਟਸੋਰਸਡ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਨਵਾਂ ਕਾਨੂੰਨ ਲੈ ਕੇ ਆਵਾਂਗੇ।
ਪੰਜਾਬ ਸਰਕਾਰ ਵਲੋਂ 10 ਅਗੱਸਤ ਨੂੰ ਜੋ ਵਿਧਾਨ ਸਭਾ ਵਿੱਚ ਨਵਾਂ ਬਿੱਲ "ਪੰਜਾਬ ਸਟੇਟ ਆਊਟਸੋਰਸਡ ਪਰਸਨਲ ਟਰਾਂਜਿਸਨ ਟੂ ਕੰਟਰੈਕਚੂਅਲ ਐਂਗੇਜਮੈਂਟ ਬਿੱਲ 2026" ਲੈ ਕੇ ਆਈ ,ਇਹ ਵੀ ਠੇਕਾ ਮੁਲਾਜ਼ਮਾਂ ਨਾਲ ਧੋਖਾ ਕੀਤਾ। ਇਸ ਵਿੱਚ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਜਾਂ ਨੌਕਰੀ ਪੱਕੀ ਕਰਨ ਦੀ ਗਾਰੰਟੀ ਤਾਂ ਕੀ ਕਰਨੀ , ਸਗੋਂ ਪਹਿਲਾਂ ਐਲਾਨੇ 65 ਹਜਾਰ ਠੇਕਾ ਮੁਲਾਜ਼ਮਾਂ ਨੂੰ ਮਹਿਕਮੇ 'ਚ ਕੰਟਰੈਕਟ 'ਤੇ ਰੱਖਣ ਦੀ ਗਾਰੰਟੀ ਤੋਂ ਵੀ ਭੱਜ ਕੇ ਸਿਰਫ਼ 28 ਹਜਾਰ ਆਊਟਸੋਰਸਡ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਕੰਟਰੈਕਟ 'ਤੇ ਅਨੇਕਾਂ ਸ਼ਰਤਾਂ ਪੂਰੀਆਂ ਕਰਨ 'ਤੇ ਰੱਖਣ ਲਈ ਬਿੱਲ ਲਿਆਂਦਾ ਹੈ, ਤਾਂ ਕਿ ਕਾਰਪੋਰੇਟ ਘਰਾਣਿਆਂ ਦੀ ਸੇਵਾ ਕੀਤੀ ਜਾਵੇ। ਇਸ ਵਿੱਚ ਵੀ ਸਰਕਾਰੀ ਵਿਭਾਗਾਂ ਦੀਆਂ ਬਹੁਤ ਸਾਰੀਆਂ ਕੈਟਾਗਰੀਆਂ ਜਾਣ -ਬੁੱਝ ਕੇ ਇਸ ਨਵੇਂ ਐਕਟ ਵਿੱਚ ਸ਼ਾਮਿਲ ਨਹੀਂ ਕੀਤੀਆਂ । ਇਸੇ ਕਰਕੇ ਕੱਲੇ ਕੱਲੇ ਸੰਘਰਸ਼ ਲੜ ਰਹੀਆਂ ਕਈ ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਅਮਲੀ ਤਜੱਰਬੇ ਤੋਂ ਸਿੱਖਦਿਆਂ ਨੋਟ ਕੀਤਾ ਕਿ ਰੈਗੂਲਰ ਕੀਤੇ ਜਾਣ ਦਾ ਰਾਹ, ਸਿਰੇ ਦਾ ਗੁੰਝਲਦਾਰ ਤੇ ਲਮਕਾਊ ਰਾਹ ਹੈ। ਇਹ ਸਮੂਹ ਠੇਕਾ ਮੁਲਾਜ਼ਮਾਂ ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਲੜੇ ਜਾ ਰਹੇ ਨਿਰੰਤਰ ਘੋਲ ਦੇ ਸਿਆਸੀ ਹਰਜ਼ੇ ਦੇ ਸੇਕ ਤੋਂ ਬਚਣ ਦਾ ਰਾਹ ਹੈ ਅਤੇ ਇਸ ਅਮਲ ਨੂੰ ਲਟਕਾ ਕੇ ਵੇਲਾ ਟਪਾਉਣ ਦਾ ਹੀ ਰਾਹ ਹੈ। ਇਸ ਕਰਕੇ ਫੌਰੀ ਤੌਰ 'ਤੇ ਐਕਟ ਦੇ ਘੇਰੇ ਵਿੱਚ ਆਉਣ ਵਾਲੇ ਆਊਟਸੋਰਸਡ ਮੁਲਾਜ਼ਮਾਂ ਨੂੰ ਆਫਰ ਲੈਟਰ ਜਾਰੀ ਕਰਵਾਉਣ, ਨਿਯੁਕਤੀ ਪੱਤਰ ਜਾਰੀ ਕਰਵਾਉਣ ਤੇ ਬਾਹਰ ਰੱਖੀਆਂ ਸਭਨਾਂ ਕੈਟਾਗਰੀਆਂ ਨੂੰ ਨਵੇਂ ਐਕਟ ਵਿੱਚ ਸ਼ਾਮਿਲ ਕਰਵਾਉਣ ਲਈ ਤੇ ਸਰਕਾਰ ਵਲੋਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਦੰਭ ਨੂੰ ਨੰਗਾ ਕਰਨ ਤੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਹਿੱਤ ਲਏ ਜਾ ਰਹੇ ਲੋਕ ਦੋਖੀ ਕਦਮਾਂ ਤੇ ਨਿੱਜੀਕਰਨ , ਬਿਜਲੀ ਬਿੱਲ 2025 , ਕਿਰਤ ਕੋਡਾਂ ਦੇ ਸੱਜਰੇ ਹਮਲਿਆਂ ਖਿਲਾਫ਼ ਅਤੇ ਸਾਂਝੇ ਘੋਲਾਂ ਨੂੰ ਤੇਜ਼ ਕਰਨ ਦੇ ਘੋਲ ਐਕਸ਼ਨ ਕੀਤੇ ਜਾ ਰਹੇ ਹਨ। ਇਹਨਾਂ ਵਿੱਚ ਠੇਕਾ ਮੁਲਾਜ਼ਮ ਮੋਰਚਾ ਨਾਲ ਰੋਡਵੇਜ਼ ਪਨਬਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ, ਪਾਵਰਕਾਮ ਮੀਟਰ ਰੀਡਰ ਯੂਨੀਅਨ ( ਆਜਾਦ) , ਖੇਤੀ ਬਾੜੀ ਵਿਕਾਸ ਐਸੋਸੀਏਸ਼ਨ ਵਰਗੀਆਂ ਜਥੇਬੰਦੀਆਂ ਵੱਲੋਂ ਵੀ ਸਾਂਝੇ ਤੌਰ 'ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜਬਾ ਦਫ਼ਤਰ, ਦਾਣਾ ਮੰਡੀ ਵਿਖੇ ਅਕਤੂਬਰ ਮਹੀਨੇ ਤੋਂ ਪਿੰਡਾਂ ਅੰਦਰ ਰੋਸ-ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮਜ਼ਦੂਰਾਂ-ਕਿਸਾਨਾਂ, ਮੁਲਾਜ਼ਮਾਂ ਤੇ ਮਿਹਨਤਕਸ਼ ਲੋਕਾਂ ਦੇ ਸਾਂਝੇ ਮੁੱਦਿਆਂ ਨੂੰ ਉਭਾਰ ਕੇ ਵੋਟ ਪਾਰਟੀਆਂ ਤੇ ਇਹਨਾਂ ਦੀਆਂ ਰੰਗ- ਬਰੰਗੀਆਂ ਸੂਬਾਈ ਤੇ ਕੇਂਦਰੀ ਸਰਕਾਰਾਂ ਤੋਂ ਝਾਕ ਛੱਡਕੇ ਸਾਂਝੇ ਸੰਘਰਸ਼ ਦੇ ਅਖਾੜੇ ਮਘਾਉਣ ਦਾ ਸੱਦਾ ਵੀ ਦਿੱਤਾ ਜਾ ਰਿਹਾ ਹੈ।
--0–
