Showing posts with label ਜੈਸਮੀਨ ਨੂੰ ਕਿਉਂ ਮਰਨਾ ਪਿਆ. Show all posts
Showing posts with label ਜੈਸਮੀਨ ਨੂੰ ਕਿਉਂ ਮਰਨਾ ਪਿਆ. Show all posts

Thursday, November 26, 2026

ਜੈਸਮੀਨ ਨੂੰ ਕਿਉਂ ਮਰਨਾ ਪਿਆ

 ਜੈਸਮੀਨ ਨੂੰ ਕਿਉਂ ਮਰਨਾ ਪਿਆ

-ਡਾ. ਨਵਸ਼ਰਨ

    ਅਸੀਂ ਅੱਜ ਆਪਣੇ ਦਿਲਾਂ ਵਿੱਚ ਦੁੱਖ ਅਤੇ ਕਈ ਸਾਰੇ ਸਵਾਲਾਂ ਦੇ ਨਾਲ ਇਕੱਠੇ ਹੋਏ ਹਾਂ।  ਅਸੀਂ ਇੱਕ ਹੋਣਹਾਰ ਧੀਅ ਦੀ ਜ਼ਿੰਦਗੀ ਨੂੰ ਅਧਵਾਟਿਓਂ ਖਤਮ ਹੋਣ ਦੇ ਗਵਾਹ ਬਣੇ ਹੋਣ ਤੇ ਅਤਿਅੰਤ ਦੁਖੀ ਹਾਂ। ਕੋਈ ਵੀ ਸ਼ਬਦ ਜੈਸਮੀਨ ਦੀ ਗੈਰਹਾਜ਼ਰੀ ਨੂੰ ਪੂਰਾ ਨਹੀਂ ਕਰ ਸਕਦਾ। ਦੁੱਖ ਦਾ ਕੋਈ ਪ੍ਰਗਟਾਵਾ ਉਸ ਨੂੰ ਵਾਪਸ ਨਹੀਂ ਲਿਆ ਸਕਦਾ।  

ਜੈਸਮੀਨ ਨੂੰ ਕਿਉਂ ਮਰਨਾ ਪਿਆ? ਇੱਕ ਮਾਂ ਜਿਸਦਾ ਅੱਠ ਮਹੀਨਿਆਂ ਦਾ ਬੱਚਾ ਹੁਣ ਉਸ ਤੋਂ ਬਿਨਾਂ ਵੱਡਾ ਹੋਵੇਗਾ,  ਉਹ ਬੱਚਾ ਸਾਨੂੰ ਪੁੱਛ ਸਕਦਾ ਹੈ: "ਜਦੋਂ ਮੇਰੀ ਮਾਂ ਨੂੰ ਮੱਦਦ ਦੀ ਲੋੜ ਸੀ ਤਾਂ ਤੁਸੀਂ ਕਿੱਥੇ ਸੀ? ਤੁਸੀਂ ਉਸ ਨੂੰ ਸੁਰੱਖਿਅਤ ਰੱਖਣ ਲਈ ਕੀ ਕੀਤਾ?" 

ਸਾਨੂੰ ਇਨ੍ਹਾਂ ਸਵਾਲਾਂ ਦਾ ਸਾਹਮਣਾ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ - ਨਾ ਸਿਰਫ ਹੰਝੂਆਂ ਨਾਲ, ਬਲਕਿ ਇਮਾਨਦਾਰੀ ਨਾਲ। ਇਸ ਲਈ ਇਹ ਇਕੱਠ ਸਮੂਹਿਕ ਦੁੱਖ ਅਤੇ ਗੁੱਸੇ ਦੇ ਪ੍ਰਗਟਾਵੇ ਤੋਂ ਵੱਧ ਹੈ। ਇਹ ਹਿਸਾਬ ਦਾ ਪਲ ਵੀ ਹੈ। ਸਾਨੂੰ ਆਪਣੇ ਪਰਿਵਾਰਾਂ, ਆਪਣੇ ਸਮਾਜ ਅਤੇ ਆਪਣੇ ਆਪ ਨੂੰ ਡੂੰਘਾਈ ਨਾਲ ਵੇਖਣਾ ਚਾਹੀਦਾ ਹੈ। ਅਸੀਂ ਚੁੱਪ ਚੁਪੀਤੇ ਕੀ ਕੁਝ ਸਵੀਕਾਰ ਕਰ ਚੁੱਕੇ ਹਾਂ? ਅਸੀਂ ਵਿਆਹ ਦੇ ਨਾਮ 'ਤੇ ਕੀ ਕੁਝ ਅਣਦੇਖਿਆ ਕਰਦੇ ਹਾਂ? ਅਸੀਂ ਪਰਿਵਾਰਕ ਸਨਮਾਨ ਦੇ ਨਾਮ 'ਤੇ ਕੀ ਕੁਝ ਜਜ਼ਬ ਕਰ ਜਾਂਦੇ ਹਾਂ? ਅਤੇ ਸਾਡੀ ਚੁੱਪ ਦੀ ਕੀਮਤ ਕੌਣ ਅਦਾ ਕਰਦਾ ਹੈ? 

ਹਿੰਸਾ ਦੀ ਜ਼ਿੰਮੇਵਾਰੀ ਉਸ ਵਿਅਕਤੀ ਦੀ ਹੈ ਜੋ ਇਸ ਨੂੰ ਕਰਦਾ ਹੈ। ਹਿੰਸਕ ਪਤੀ ਤੇ ਪਰਿਵਾਰ ਕੋਲ ਕੋਈ ਬਹਾਨਾ ਨਹੀਂ ਅਤੇ ਨਾਂ ਹੀ ਮਾਫ਼ੀ ਹੈ, ਉਨ੍ਹਾਂ ਨੂੰ ਕਾਨੂੰਨਨ ਦੰਡ ਮਿਲਣਾ ਚਾਹੀਦਾ ਹੈ ਤੇ ਇਹ ਜ਼ਿੰਮੇਦਾਰੀ ਸਟੇਟ ਦੀ ਹੈ ਕੀ ਉਹ ਇੱਕ ਨਾਗਰਿਕ ਦੀ ਹੱਤਿਆ ਦੀ ਨਿਰਪੱਖ ਜਾਂਚ ਹੋਵੇ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ। ਪਰ ਸਾਡੀ ਜ਼ਿੰਮੇਵਾਰੀ ਕਾਨੂੰਨੀ ਜਵਾਬਦੇਹੀ ਦੀ ਮੰਗ ਕਰਨ ਨਾਲ ਖਤਮ ਨਹੀਂ ਹੁੰਦੀ।  ਸਾਨੂੰ ਉਸ ਰਵੱਈਏ ਦਾ ਵੀ ਸਾਹਮਣਾ ਕਰਨਾ ਪੈਣਾ ਹੈ ਜੋ ਇੱਕ ਪਤੀ ਨੂੰ ਆਪਣੀ ਪਤਨੀ ਤੇ ਪੂਰਣ ਅਧਿਕਾਰ ਦਾ ਹੱਕ ਦੇ ਦਿੰਦਾ ਹੈ।  ਔਰਤ ਨੂੰ ਇੱਕ ਵਿਅਕਤੀ ਜਿਸ ਨੂੰ ਸਨਮਾਨ, ਆਜ਼ਾਦੀ ਅਤੇ ਸੁਰੱਖਿਆ ਦੇ ਬਰਾਬਰ ਅਧਿਕਾਰ ਹਨ ਦੀ ਬਜਾਏ ਕਿਸੇ ਦੀ ਮਲਕੀਅਤ ਬਣਾ ਕੇ ਰੱਖ ਦਿੰਦਾ ਹੈ। ਸਾਡੀ ਕਿਹੀ ਮਜ਼ਬੂਰੀ ਹੈ ਕਿ ਅਸੀਂ ਇਸ ਵਿਚਾਰ ਨੂੰ ਕਾਇਮ ਰੱਖੀਏ ਕਿ ਵਿਆਹ ਦੇ ਅੰਦਰ ਜੋ ਵਾਪਰਦਾ ਹੈ ਉਹ ਹੋਰ ਕਿਸੇ ਦੀ ਚਿੰਤਾ ਤੋਂ ਬਾਹਰ ਹੈ; ਕਿ ਇੱਕ ਔਰਤ ਤੇ ਹੁੰਦੀ ਹਿੰਸਾ, ਜਿਸ ਨੂੰ ਅਸੀ ਘਰੇਲੂ ਹਿੰਸਾ ਕਹਿੰਦੇ ਹਾਂ, ਪਰਵਾਰ ਦਾ ਘਰੇਲੂ ਮਾਮਲਾ ਹੈ ਜਿਸ ਵੱਲ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। 

ਘਰੇਲੂ ਹਿੰਸਾ ਕੋਈ ਨਿੱਜੀ, ਘਰੇਲੂ ਮਾਮਲਾ ਨਹੀਂ ਹੈ। ਇਹ ਸਾਡਾ ਸਭ ਦਾ ਸਾਂਝਾ ਦੁਖਾਂਤ ਹੈ, ਸਾਡੇ ਭਾਈਚਾਰੇ, ਸਾਡੇ ਸਮਾਜ ਦਾ ਸਾਂਝਾ ਕੋਝਾ ਸੱਚ। 

ਇੱਕ ਔਰਤ ਨੂੰ ਸਮਾਜ ਵੱਲੋ ਉਸ ਦੇ ਦੁੱਖ ਤੇ ਹਿੰਸਾ ਨੂੰ ਗੰਭੀਰਤਾ ਨਾਲ ਲੈਣ ਲਈ ਮਰਨਾ ਹੀ ਕਿਓਂ ਪੈਂਦਾ ਹੈ? ਸਾਡੇ ਪ੍ਰੀਵਾਰ, ਭਾਈਚਾਰਾ, ਸਮਾਜ, ਔਰਤ ਕਿਸੇ ਅਟੱਲ ਦੁਖਾਂਤ ਤੋਂ ਬਗੈਰ ਉਸ ਦਾ ਯਕੀਨ ਕਿਓਂ ਨਹੀਂ ਕਰ ਸਕਦੇ? ਅਸੀਂ ਪ੍ਰੀਵਾਰ ਨੂੰ ਪਿਆਰ ਅਤੇ ਸੁਰੱਖਿਆ ਦੀ ਜਗ੍ਹਾ ਸਮਝਦੇ ਹਾਂ। ਸਾਡੇ ਕੋਲ ਇਹ ਕਹਿਣ ਦੀ ਹਿੰਮਤ ਹੋਣੀ ਚਾਹੀਦੀ ਹੈ ਕਿ ਪ੍ਰੀਵਾਰ ਡਰ, ਜ਼ਬਰਦਸਤੀ ਅਤੇ ਹਿੰਸਾ ਦੀ ਜਗ੍ਹਾ ਵੀ ਹੋ ਸਕਦੀ ਹੈ। ਜਦੋਂ ਕਿਸੇ ਔਰਤ ਦੀ ਮਿਹਨਤ ਨਾਲ ਕੀਤੀ ਕਮਾਈ ਉਸਦੇ ਸਹੁਰੇ ਪਰਵਾਰ ਵਲੋ ਉਸਦੀ ਸੁਰੱਖਿਆ ਨਾਲੋਂ ਵਧੇਰੇ ਮਹੱਤਵਪੂਰਣ ਹੋਵੇ, ਜਦੋਂ ਕਿਸੇ ਪਰਿਵਾਰ ਦੀ ਸਾਖ਼ ਅਤੇ ਭਾਈਚਾਰੇ ਦੀ ਸਥਿਰਤਾ ਦੀ ਦਿੱਖ ਔਰਤ ਦੀ ਮੱਦਦ ਲਈ ਪੁਕਾਰ ਨਾਲੋਂ ਵਧੇਰੇ ਮਹੱਤਵਪੂਰਣ ਹੋਵੇ, ਤਾਂ ਸਾਨੂੰ ਪੁੱਛਣਾ ਚਾਹੀਦਾ ਹੈ ਕਿ ਅਸੀਂ ਕਿਸ ਕਿਸਮ ਦੀ ਸਮਾਜਕ ਸਥਿਰਤਾ ਦਾ ਬਚਾਅ ਕਰ ਰਹੇ ਹਾਂ।  

        ਚੁੱਪ ਸ਼ਾਂਤੀ ਨਹੀਂ ਹੈ, ਸਹਿਣਸ਼ੀਲਤਾ ਸਹਿਮਤੀ ਨਹੀਂ ਹੈ, ਅਤੇ ਵਿਆਹ ਨੂੰ ਬਰਕਰਾਰ ਰੱਖਣਾ ਕੋਈ ਜਿੱਤ ਨਹੀਂ ਹੈ।  

ਅਸੀਂ ਉਸ ਸਭ ਕੁਝ ਦਾ ਅਨੁਮਾਨ ਨਹੀਂ ਲਗਾ ਸਕਦੇ ਕਿ ਜਸਮੀਨ ਹਿੰਸਕ ਹਾਲਾਤ ਤੋ ਕਿਓਂ ਬਾਹਰ ਨਹੀਂ ਨਿਕਲ ਸਕੀ। ਉਹ ਕਿਸ ਚੀਜ਼ ਤੋ ਡਰਦੀ ਸੀ ਜਾਂ ਕਿਸ ਕਿਸ ਚੀਜ਼ ਦਾ ਸਾਹਮਣਾ ਕਰ ਰਹੀ ਸੀ?  ਪਰ ਸਾਨੂੰ ਇਸ ਸਵਾਲ ਦਾ ਸਾਹਮਣਾ ਜ਼ਰੂਰ ਕਰਨਾ ਚਾਹੀਦਾ ਹੈ ਕਿ ਉਹ ਕਿਓਂ ਕਿਸੇ ਹੋਰ ਸਹਾਇਤਾ 'ਤੇ ਭਰੋਸਾ ਨਹੀਂ ਕਰ ਸਕੀ? ਉਚੇਰੀ ਸਿੱਖਿਆ ਅਤੇ ਮਿਹਨਤ ਦੀ ਨੌਕਰੀ ਵੀ ਉਸਦਾ ਭਰੋਸਾ ਕਿਉਂ ਨਹੀਂ ਬਣ ਸਕੀ? 

ਅੱਜ ਜੈਸਮੀਨ ਨੂੰ ਯਾਦ ਕਰਦੇ, ਸਾਨੂੰ ਉਸ ਹਿੰਸਾ 'ਤੇ ਡੂੰਘਾ ਗੁੱਸਾ ਹੈ ਜਿਸ ਨੇ ਉਸ ਨੂੰ ਸਾਡੇ ਤੋਂ ਖੋਹ ਲਿਆ। ਉਹ ਇੱਕ ਪਿਆਰੀ ਧੀ ਸੀ ਅਤੇ ਇੱਕ ਛੋਟੇ ਬੱਚੇ ਦੀ ਮਾਂ ਸੀ।  ਉਹ ਉਸ ਆਲੇ ਦੁਆਲੇ ਵਿੱਚ ਵੱਡੀ ਹੋਈ ਜਿੱਥੇ ਔਰਤਾਂ ਦੀ ਖੁਦਮੁਖਤਿਆਰੀ ਦੀ ਕਦਰ ਕੀਤੀ ਜਾਂਦੀ ਸੀ, ਉਸ ਨੇ ਮਿਹਨਤ ਨਾਲ ਨਰਸਿੰਗ ਦਾ ਪੇਸ਼ਾ ਇਖ਼ਤਿਆਰ ਕੀਤਾ ਅਤੇ ਨੌਕਰੀ ਲਈ।  ਉਸਨੇ ਆਪਣੇ ਸੁਪਨਿਆਂ ਅਤੇ ਉਮੀਦਾਂ ਨਾਲ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਕੀਤਾ।  ਅੱਜ, ਅਸੀਂ ਦੁਖੀ ਹਾਂ ਕਿਉਂਕਿ ਜੈਸਮੀਨ ਨੂੰ ਸਾਡੇ ਤੋ ਖੋਹ ਲਿਆ ਗਿਆ ਹੈ; ਅਸੀਂ ਗੁੱਸੇ ਹਾਂ ਕਿਉਂਕਿ ਜੈਸਮੀਨ ਅਜ ਵੀ ਇੱਥੇ ਹੋਣੀ ਚਾਹੀਦੀ ਸੀ।  ਜੈਸਮੀਨ ਸੁਰੱਖਿਆ, ਖੁਸ਼ੀ ਅਤੇ ਭਵਿੱਖ ਵਿੱਚ ਵਧਣ ਦੀ ਆਜ਼ਾਦੀ ਦੀ ਹੱਕਦਾਰ ਸੀ।  ਉਹ ਆਪਣੇ ਬੱਚੇ ਨੂੰ ਪਰਵਾਨ ਹੁੰਦੇ ਦੇਖ ਸਕਣ ਦੀ ਹੱਕਦਾਰ ਸੀ।  ਉਹ ਜੀਉਣ ਦੀ ਹੱਕਦਾਰ ਸੀ।  

ਅੱਜ ਇਮਾਨਦਾਰੀ ਨਾਲ ਇਸ ਇਕੱਠ ਨੂੰ ਇੱਕ ਵਚਨਬੱਧਤਾ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ: ਜਦੋਂ ਔਰਤਾਂ ਦੁਰਵਿਵਹਾਰ ਬਾਰੇ ਗੱਲ ਕਰਦੀਆਂ ਹਨ ਤਾਂ ਅਸੀਂ ਸੁਣਾਂਗੇ। ਅਸੀਂ ਉਨ੍ਹਾਂ ਨੂੰ ਵਿਆਹ ਨੂੰ ਸੁਰੱਖਿਅਤ ਰੱਖਣ ਜਾਂ ਆਪਣੀ ਸਾਖ਼ ਦੀ ਖਾਤਿਰ ਹਿੰਸਕ ਪਰਵਾਰਾਂ ਦੇ ਆਸਰੇ ਨਹੀਂ ਛੱਡ ਦੇਵਾਗੇ।  ਅਸੀਂ ਆਪਣੀਆਂ ਧੀਆਂ, ਭੈਣਾਂ ਅਤੇ ਦੋਸਤਾਂ ਦੇ ਨਾਲ ਖੜ੍ਹੇ ਹੋਵਾਂਗੇ - ਉਨ੍ਹਾਂ ਦੇ ਸਰਪ੍ਰਸਤਾਂ ਵਜੋਂ ਨਹੀਂ, ਬਲਕਿ ਉਨ੍ਹਾਂ ਦੀ ਆਜ਼ਾਦੀ ਅਤੇ ਸੁਰੱਖਿਆ ਦੇ ਮਜ਼ਬੂਤ ਸਮਰਥਕਾਂ ਵਜੋਂ।  ਅਸੀਂ ਆਪਣੇ ਘਰਾਂ ਨੂੰ ਅਜਿਹੀਆਂ ਥਾਵਾਂ ਬਣਾਵਾਂਗੇ ਜਿੱਥੇ ਸਾਡੀਆਂ ਧੀਆਂ ਨਮੋਸ਼ੀ, ਦੋਸ਼ ਜਾਂ ਸ਼ਰਤਾਂ ਤੋਂ ਬਿਨਾਂ ਪਨਾਹ ਲੈ ਸਕਣ।  ਜੇ ਕੋਈ ਔਰਤ ਕਹਿੰਦੀ ਹੈ, "ਮੈਨੂੰ ਡਰ ਹੈ," ਤਾਂ ਸਾਡਾ ਜਵਾਬ "ਐਡਜਸਟ ਕਰੋ" ਨਹੀਂ। ਸਾਡਾ ਜਵਾਬ ਹੋਵੇ - ਅਸੀਂ ਤੁਹਾਨੂੰ ਸੁਣ ਰਹੇ ਹਾਂ, ਤੁਸੀਂ ਇਕੱਲੇ ਨਹੀਂ, ਅਸੀਂ ਸੁਰੱਖਿਤ ਵਿਕਲਪ ਲੱਭਣ ਵਿੱਚ ਤੁਹਾਡੀ ਮਦਦ ਕਰਾਂਗੇ। ਅਸੀਂ ਜੈਸਮੀਨ ਨੂੰ ਵਾਪਸ ਨਹੀਂ ਲਿਆ ਸਕਦੇ। ਪਰ ਅਸੀਂ ਉਸ ਚੁੱਪ ਤੋਂ ਇਨਕਾਰ ਕਰ ਸਕਦੇ ਹਾਂ ਜੋ ਔਰਤਾਂ ਨੂੰ ਇਕੱਲਾ ਛੱਡ ਦਿੰਦੀ ਹੈ। 

ਅਸੀ ਇਕਰਾਰ ਕਰੀਏ ਤਾਂ ਜੋ ਸਾਡਾ ਦੁੱਖ ਹਿੰਮਤ ਬਣ ਜਾਵੇ, ਸਾਡਾ ਗੁੱਸਾ ਹੱਲ ਬਣ ਜਾਵੇ, ਅਤੇ ਸਾਡਾ ਪਿਆਰ ਸਾਡੀਆਂ ਧੀਆਂ ਲਈ ਬਿਨਾਂ ਕਿਸੇ ਸ਼ਰਤ ਦੀ ਸਹਾਇਤਾ ਬਣ ਜਾਵੇ ਜਿਸ ਦੀਆਂ ਉਹ ਹੱਕਦਾਰ ਹਨ।

    --0---