Monday, February 2, 2026

ਮੋਦੀ ਹਕੂਮਤ ਦੇ ਤਾਜ਼ਾ ਲੋਕ ਦੋਖੀ ਕਦਮਾਂ ਦਾ ਹੱਲਾ ਇੱਕਜੁੱਟ ਲੋਕ ਟਾਕਰਾ ਉਸਾਰਨ ਦੀ ਲੋੜ

 ਮੋਦੀ ਹਕੂਮਤ ਦੇ ਤਾਜ਼ਾ ਲੋਕ ਦੋਖੀ ਕਦਮਾਂ ਦਾ ਹੱਲਾ
   ਇੱਕਜੁੱਟ ਲੋਕ ਟਾਕਰਾ ਉਸਾਰਨ ਦੀ ਲੋੜ



 ਮੋਦੀ ਸਰਕਾਰ ਨੇ ਪਾਰਲੀਮੈਂਟ ਸੈਸ਼ਨ ਵਿੱਚ ਇੱਕ ਵਾਰ ਫਿਰ ਸਾਮਰਾਜੀਆਂ ਤੇ ਮੁਲਕ ਦੇ ਵੱਡੇ ਸਰਮਾਏਦਾਰਾਂ ਦੇ ਕਾਰੋਬਾਰਾਂ ਖਾਤਰ ਕਾਨੂੰਨਾਂ 'ਚ ਤਬਦੀਲੀਆਂ ਦੀ ਹਨੇਰੀ ਲਿਆ ਰੱਖੀ ਹੈ। ਬਿਜਲੀ ਸੋਧ ਬਿਲ 2025 ਤਾਂ ਅਜੇ ਪੇਸ਼ ਹੋਣਾ ਹੈ, ਉਸ ਤੋਂ ਪਹਿਲਾਂ ਮਗਨਰੇਗਾ ਵਾਲਾ ਕਾਨੂੰਨ ਤਬਦੀਲ ਕਰਕੇ ਰੁਜ਼ਗਾਰ ਦੀ ਇਸ ਘੱਟੋ ਘੱਟ ਸਰਕਾਰੀ ਜ਼ਿੰਮੇਵਾਰੀ ਨੂੰ ਖੋਰਨ ਤੇ ਸਮੇਟਣ ਦਾ ਰਾਹ ਫੜ ਲਿਆ ਹੈ। ਪਰਮਾਣੂ ਖੇਤਰ ਅੰਦਰ ਮੁਲਕ ਦੇ ਵੱਡੇ ਸਰਮਾਏਦਾਰਾਂ ਤੇ ਸਾਮਰਾਜੀ ਕੰਪਨੀਆਂ ਨੂੰ ਊਰਜਾ ਪਲਾਂਟ ਲਾਉਣ ਦੀਆਂ ਛੋਟਾਂ ਦੇਣ ਵਾਲਾ ਨਵਾਂ SHANTI ਨਾਂ ਦਾ ਕਾਨੂੰਨ ਵੀ ਲੈ ਆਂਦਾ ਹੈ। ਅਮਰੀਕਾ ਨਾਲ ਦੇਸ਼ ਧ੍ਰੋਹੀ ਵਪਾਰ ਸਮਝੌਤੇ 'ਤੇ ਸਹੀ ਪਾਉਣ ਦੀ ਤਿਆਰੀ ਹੈ ਅਤੇ ਇਹ ਬਿਨਾਂ ਪਾਰਲੀਮੈਂਟ ਦੀ ਪ੍ਰਵਾਨਗੀ ਤੋਂ ਹੀ ਸਿਰੇ ਚਾੜ੍ਹੀ ਜਾਣੀ ਹੈ। ਬੀਜ ਬਿਲ  ਤੇ ਬੀਮਾ ਖੇਤਰ ਅੰਦਰ 100% ਵਿਦੇਸ਼ੀ ਨਿਵੇਸ਼ ਨੂੰ ਪ੍ਰਵਾਨਗੀ ਸਮੇਤ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਲਈ ਖੁੱਲ੍ਹਾਂ ਦੇ ਹੋਰ ਵੀ ਕਿੰਨੇ ਹੀ ਤਰ੍ਹਾਂ ਦੇ ਨਵੇਂ ਕਦਮ ਸਾਹਮਣੇ ਆ ਰਹੇ ਹਨ। ਪਾਰਲੀਮੈਂਟ 'ਚ ਲਿਆਂਦੇ ਜਾ ਰਹੇ ਇਹ ਨਵੇਂ ਕਾਨੂੰਨ ਵਿਰੋਧੀ ਪਾਰਲੀਮੈਂਟਰੀ ਧਿਰਾਂ ਦੇ ਰਸਮੀ ਵਿਰੋਧ ਦਰਮਿਆਨ ਧੜਾਧੜ ਪਾਸ ਕੀਤੇ ਜਾ ਰਹੇ ਹਨ। ਮੋਦੀ ਸਰਕਾਰ ਵੱਲੋਂ 2014 ਤੋਂ ਹੁਣ ਤੱਕ 1577 ਕਾਨੂੰਨ ਤਬਦੀਲ ਕੀਤੇ ਗਏ ਹਨ ਜਾਂ ਰੱਦ ਕੀਤੇ ਗਏ ਹਨ। ਇਹਨਾਂ ਨਵੇਂ ਕਦਮਾਂ ਤੇ ਕਾਨੂੰਨਾਂ ਦੀ ਭਰਮਾਰ ਏਨੀ ਜ਼ਿਆਦਾ ਹੈ ਕਿ ਲੋਕਾਂ ਲਈ ਤਾਂ ਇਹਨਾਂ ਦੀ ਜਾਣਕਾਰੀ ਲੈਣਾ ਔਖਾ ਕਾਰਜ ਹੈ ਹੀ, ਇਥੋਂ ਤੱਕ ਕੇ ਵਿਰੋਧੀ ਪਾਰਟੀਆਂ ਦੇ ਐਮ.ਪੀਜ਼. ਨੂੰ ਵੀ ਇਹਨਾਂ ਨੂੰ ਪੜ੍ਹਨਾ ਵਾਚਣਾ ਮੁਸ਼ਕਲ ਹੋ ਰਿਹਾ ਹੈ। ਸਰਕਾਰਾਂ ਕੋਲ ਤਾਂ ਇਹਨਾਂ ਕਾਰਜਾਂ ਲਈ  ਹਜ਼ਾਰਾਂ ਉੱਚ ਪੱਧਰੇ ਅਧਿਕਾਰੀਆਂ ਦੀਆਂ ਝੋਕੀਆਂ ਹੋਈਆਂ ਕਿੰਨੀਆਂ ਹੀ ਟੀਮਾਂ ਹਨ ਜਦ ਕਿ ਲੋਕਾਂ ਕੋਲ ਤਾਂ ਅਜੇ ਆਪਣੇ ਬੁੱਧੀਜੀਵੀਆਂ ਦੀ ਗਿਣਤੀ ਵੀ ਸੀਮਤ ਹੈ। ਲੋਕ ਪੱਖੀ ਸ਼ਕਤੀਆਂ ਲਈ ਤਾਂ ਤੇਜ਼ੀ ਨਾਲ ਆ ਰਹੇ ਇਹਨਾਂ ਕਦਮਾਂ ਤੇ ਕਾਨੂੰਨਾਂ ਦਾ ਅਧਿਐਨ ਵੀ ਇੱਕ ਵੱਡਾ ਕਾਰਜ ਬਣ ਜਾਂਦਾ ਹੈ। ਇਸ ਲਈ ਇਹ ਹਾਲਤ ਲੋਕਾਂ ਦੀ ਲਹਿਰ ਨਾਲ ਜੁੜੇ ਬੁੱਧੀਜੀਵੀਆਂ ਨੂੰ ਲੋਕਾਂ ਮੂਹਰੇ ਕਾਨੂੰਨਾਂ ਦੀ ਸੱਚਾਈ ਉਘਾੜਨ ਦੇ ਇਸ ਕਾਰਜ ਵਿੱਚ ਹੱਥ ਵਟਾਈ ਲਈ ਅੱਗੇ ਆਉਣ ਦਾ ਸਵਾਲ ਵੀ ਪਾਉਂਦੀ ਹੈ। 

        ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਨਿੱਜੀਕਰਨ ਦੇ ਇਸੇ ਰਾਹ 'ਤੇ ਚਲਦਿਆਂ ਜਨਤਕ ਜਾਇਦਾਦਾਂ ਵੇਚਣ ਤੋਂ ਲੈ ਕੇ ਸਰਕਾਰੀ ਹਸਪਤਾਲਾਂ , ਸਰਕਾਰੀ ਟਰਾਂਸਪੋਰਟ ਤੇ ਹੋਰ ਖੇਤਰਾਂ ਅੰਦਰ ਕਾਰੋਬਾਰੀ ਕੰਪਨੀਆਂ ਦੇ ਦਾਖ਼ਲੇ ਦੇ ਕਦਮ ਲੈ ਰਹੀ ਹੈ। ਆਪਣੇ ਵਿੱਤ ਦੇ ਹਿਸਾਬ ਸਾਮਰਾਜੀਆਂ ਤੇ ਦਲਾਲ ਸਰਮਾਏਦਾਰਾਂ ਦੀ ਸੇਵਾ ਕਰਨ ਪੱਖੋਂ ਇਹ ਹਕੂਮਤ ਮੋਦੀ ਸਰਕਾਰ ਤੋਂ ਪਿੱਛੇ ਨਹੀਂ ਹੈ। ਮੋਦੀ ਸਰਕਾਰ ਇਹ ਹੱਲਾ ਹਿੰਦੂਤਵੀ ਰਾਜ ਬਣਾਉਣ ਦੇ ਨਾਂ ਹੇਠ ਕਰ ਰਹੀ ਹੈ ਤਾਂ ਪੰਜਾਬ ਸਰਕਾਰ ਦਾ ਇਹਨਾਂ ਹੀ ਨੀਤੀਆਂ ਦਾ ਹਮਲਾ ਰੰਗਲਾ ਪੰਜਾਬ ਬਣਾਉਣ ਵਰਗੇ ਨਾਅਰਿਆਂ ਹੇਠ ਲਾਗੂ ਹੋ ਰਿਹਾ ਹੈ। 

       ਸਾਮਰਾਜੀ ਸੰਸਾਰੀਕਰਨ ਵਾਲੀਆਂ ਨੀਤੀਆਂ ਦੇ ਇਹਨਾਂ ਤਾਜ਼ਾ ਕਦਮਾਂ ਖ਼ਿਲਾਫ਼ ਪੰਜਾਬ ਅੰਦਰ ਵੱਖ ਵੱਖ ਵਰਗਾਂ ਦੀ ਰੋਸ ਆਵਾਜ਼ ਵੀ ਉੱਠ ਰਹੀ ਹੈ। ਇਹਨਾਂ 'ਚੋਂ ਕੁਝ ਕਦਮਾਂ ਖਿਲਾਫ਼ ਸੂਬੇ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਰੋਸ ਐਕਸ਼ਨ ਹੋ ਰਹੇ ਹਨ ਤੇ ਸਾਂਝੇ ਸੰਘਰਸ਼ ਐਕਸ਼ਨਾਂ ਦੇ ਅਗਲੇ ਐਲਾਨ ਵੀ ਹੋ ਰਹੇ ਹਨ। ਹਰ ਵਰਗ ਆਪੋ ਆਪਣੇ ਪੱਧਰ 'ਤੇ ਵੀ ਵਿਰੋਧ ਕਰ ਰਿਹਾ ਹੈ। ਇਹ ਹਮਲਾ ਸਧਾਰਨ ਰਫ਼ਤਾਰ ਵਾਲ਼ਾ ਨਹੀਂ ਹੈ। ਲੋਕਾਂ ਖਿਲਾਫ਼ ਇਸਦਾ ਹੂੰਝਾ ਤੇ ਤਿੱਖ ਬਹੁਤ ਵਿਆਪਕ ਹੈ। ਮੁਲਕ ਦੀਆਂ ਹਾਕਮ ਜਮਾਤਾਂ ਦੀ ਦਹਾਕਿਆਂ ਤੋਂ ਤੁਰੀ ਆ ਰਹੀ ਵਿਉਂਤ ਤੇ ਇਹਨਾਂ ਦੇ ਸਾਮਰਾਜੀ ਆਕਾਵਾਂ ਦੀਆਂ ਨਜ਼ਰਾਂ 'ਚ ਧੜੱਲੇਦਾਰ ਕਦਮ ਚੱਕਣ ਪੱਖੋਂ ਪੈ ਰਹੀ ਪਿਛੇਤ ਇਸ ਤੇਜ ਰਫ਼ਤਾਰੀ ਦੀ ਇੱਕ ਵਜ੍ਹਾ ਬਣੀ ਹੋਈ ਹੈ। ਸੰਸਾਰ ਸਾਮਰਾਜੀ ਤਾਕਤਾਂ ਦਾ ਆਪਣਾ ਦਿਨੋਂ ਦਿਨ ਡੂੰਘਾ ਹੋ ਰਿਹਾ ਸੰਕਟ ਪਛੜੇ ਮੁਲਕਾਂ ਦੇ ਕਿਰਤੀ ਲੋਕਾਂ 'ਤੇ ਲੱਦਣ ਦੀ ਤੱਦੀ ਵੀ ਇਕ ਹੋਰ ਵਜ੍ਹਾ ਬਣੀ ਹੋਈ ਹੈ। ਹਿੰਦੂਤਵੀ ਫਿਰਕੂ ਸ਼ਾਵਨਵਾਦ ਅਤੇ ਫਿਰਕੂ ਰਾਸ਼ਟਰਵਾਦ ਦੇ ਫਾਸ਼ੀ ਹੱਲੇ ਦੇ ਜ਼ੋਰ ਨਾਲ ਇਹ ਤੇਜ਼ ਰਫਤਾਰ ਕਾਇਮ ਰੱਖੀ ਜਾ ਰਹੀ ਹੈ। ਜੰਗਲੀ ਖੇਤਰਾਂ ਅੰਦਰ ਆਦਿਵਾਸੀਆਂ ਦੀ ਟਾਕਰਾ ਲਹਿਰ ਤੇ ਮਾਓਵਾਦੀ ਇਨਕਲਾਬੀਆਂ 'ਤੇ ਵੱਡੀ ਸੱਟ ਮਾਰਨ ਮਗਰੋਂ ਕੇਂਦਰੀ ਹਕੂਮਤ ਸਾਮਰਾਜੀਆਂ ਤੇ ਮੁਲਕ ਦੇ ਵੱਡੇ ਸਰਮਾਏਦਾਰਾਂ ਦੀ ਵਿੱਤੀ ਪੂੰਜੀ ਨੂੰ ਮਨ-ਚਾਹੀਆਂ ਖੁੱਲ੍ਹਾਂ ਖੇਡਣ ਦਾ ਰਾਹ ਜ਼ਿਆਦਾ ਭਰੋਸੇ ਨਾਲ ਪੱਧਰਾ ਕਰਨ ਦੇ ਕਦਮ ਲੈ ਰਹੀ ਹੈ। ਆਦਿਵਾਸੀ ਖੇਤਰਾਂ ਵਿੱਚ ਲੋਕ ਟਾਕਰੇ ਨੂੰ ਕੁਚਲਣ ਦੇ ਜਾਬਰ ਹੱਲੇ ਰਾਹੀਂ ਅਤੇ ਮੁਲਕ ਭਰ ਦੇ ਬੁੱਧੀਜੀਵੀਆਂ ਤੇ ਜਮਹੂਰੀ ਆਵਾਜ਼ਾਂ ਦੀ ਜ਼ੁਬਾਨਬੰਦੀ ਦੇ ਕਦਮਾਂ ਰਾਹੀਂ ਮੋਦੀ ਸਰਕਾਰ ਸੰਸਾਰ ਕਾਰਪੋਰੇਟ ਪੂੰਜੀ ਦੀ ਚਹੇਤੀ ਬਣ ਕੇ ਉਭਰ ਰਹੀ ਹੈ। 

         ਇਸ ਵੇਲੇ ਪੰਜਾਬ ਅੰਦਰ ਇਹਨਾਂ ਨਵੇਂ ਕਦਮਾਂ ਖਿਲਾਫ਼ ਪ੍ਰਗਟ ਹੋ ਰਹੇ ਰੋਸ ਨੂੰ ਹੋਰ ਉਚੇਰੇ ਪੱਧਰ 'ਤੇ ਲਿਜਾਣ ਅਤੇ ਇੱਕਜੁਟ ਸੰਘਰਸ਼ ਆਵਾਜ਼ ਵਿੱਚ ਬਦਲਣ ਲਈ ਗੰਭੀਰ ਯਤਨ ਜੁਟਾਉਣ ਦੀ ਲੋੜ ਹੈ। ਇਹਨਾਂ ਕਦਮਾਂ ਪਿਛਲੀਆਂ ਨੀਤੀਆਂ ਦੀ ਸਾਂਝੀ ਤੰਦ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦੀ ਲੋੜ ਹੈ। ਇਸ ਸਮੁੱਚੇ ਹਮਲੇ ਨੂੰ ਇਕ ਦੂਜੇ ਨਾਲ ਜੁੜਦੀਆਂ ਤੰਦਾਂ ਵਾਲੇ ਬਹੁ-ਪਰਤੀ ਹਮਲੇ ਵਜੋਂ ਲੋਕਾਂ ਸਾਹਮਣੇ ਪੇਸ਼ ਕਰਨ ਦੀ ਲੋੜ ਹੈ। ਲੋਕਾਂ ਦੇ ਰੋਸ ਨੂੰ ਇਹਨਾਂ ਅੰਸ਼ਿਕ ਇਜ਼ਹਾਰਾਂ ਤੋਂ ਅੱਗੇ ਨਿੱਜੀਕਰਨ,  ਵਪਾਰੀਕਰਨ , ਉਦਾਰੀਕਰਨ ਦੀਆਂ ਨੀਤੀਆਂ ਵੱਲ ਸੇਧਤ ਕਰਨ ਦੀ ਲੋੜ ਹੈ। ਇਹਨੂੰ ਨੀਤੀਆਂ ਨੂੰ ਲਾਗੂ ਕਰਨ ਦੀ ਵਜ੍ਹਾ ਬਣਦੇ ਤੇ ਤਾਕਤ ਦਿੰਦੇ ਸਾਮਰਾਜੀ ਦਾਬੇ ਤੇ ਚੋਰ ਗੁਲਾਮੀ ਦੀ ਅਸਲੀਅਤ ਨੂੰ ਲੋਕਾਂ ਸਾਹਮਣੇ ਉਘਾੜਨ ਦੀ ਲੋੜ ਹੈ। ਸਾਮਰਾਜੀਆਂ ਤੇ ਵੱਡੇ ਸਰਮਾਏਦਾਰਾਂ, ਜਗੀਰਦਾਰਾਂ ਦੇ ਹਿਤਾਂ ਦੀ ਪੁੱਗਤ ਵਾਲੇ ਮੌਜੂਦਾ ਲੋਕ ਦੋਖੀ ਰਾਜ ਨੂੰ ਲੋਕਾਂ 'ਤੇ ਕਹਿਰ ਵਰਸਾਉਣ ਵਾਲੇ ਰਾਜ ਵਜੋਂ ਪੇਸ਼ ਕਰਨ ਦੀ ਲੋੜ ਹੈ।

ਲੋਕਾਂ ਨੂੰ ਇਹ ਦਰਸਾਉਣ ਦੀ ਲੋੜ ਹੈ ਕਿ ਇਕੱਲੇ ਇਕੱਲੇ ਕਦਮ ਜਾਂ ਕਾਨੂੰਨ ਨੂੰ ਰੱਦ ਕਰਾਉਣ ਦੀ ਮੰਗ ਤੱਕ ਸੀਮਤ ਲਾਮਬੰਦੀ ਇਸ ਭਿਆਨਕ ਹੱਲੇ ਦਾ ਜਵਾਬ ਨਹੀਂ ਬਣ ਸਕਦੀ। ਇਹ ਬਹੁਤ ਊਣੀ ਨਿੱਬੜਦੀ ਹੈ। ਇਸ ਦਾ ਅਸਰਦਾਰ ਜਵਾਬ ਦੇਣ ਲਈ ਸਾਰੇ ਕਿਰਤੀ ਵਰਗਾਂ ਤੇ ਦਬਾਈਆਂ ਜਮਾਤਾਂ ਦਾ ਸਾਂਝਾ ਟਾਕਰਾ ਲੋੜੀਂਦਾ ਹੈ। ਇਹ ਸਾਂਝਾ ਟਾਕਰਾ ਲੋਕਾਂ ਦੀ ਤਾਕਤ 'ਚ ਸਿਰਫ਼ ਮਿਕਦਾਰੀ ਵਾਧਾ ਹੀ ਨਹੀਂ ਬਣਦਾ ਸਗੋਂ ਇਹ ਲੋਕਾਂ ਦੇ ਵਿਰੋਧ ਦੀ ਸਿਫ਼ਤ ਵੀ ਬਦਲ ਦਿੰਦਾ ਹੈ। ਇਹ ਸਾਂਝਾ ਉੱਦਮ ਲੋਕਾਂ ਦੀ ਟਾਕਰਾ ਲਹਿਰ ਨੂੰ ਹੋਰ ਉਚੇਰੇ ਪੱਧਰਾਂ 'ਤੇ ਲੈ ਜਾਂਦਾ ਹੈ ਅਤੇ ਅਤੇ ਆਖਰ ਨੂੰ ਲੋਕ ਪੱਖੀ ਸਿਆਸੀ ਤਬਦੀਲੀ ਵੱਲ ਜਾਣ ਦਾ ਰਾਹ ਬਣਾਉਂਦਾ ਹੈ। ਇਸ ਦੇ ਨਾਲ ਹੀ ਪਿਛਲੇ ਦਹਾਕਿਆਂ ਦੌਰਾਨ ਦੇਸ਼ ਭਰ ਅੰਦਰ ਲੋਕਾਂ ਵੱਲੋਂ ਇਹਨਾਂ ਨੀਤੀਆਂ ਖਿਲਾਫ਼ ਹੋਏ ਟਾਕਰਾ ਸੰਘਰਸ਼ਾਂ ਦਾ ਮਹੱਤਵ ਵੀ ਉਭਾਰਨ ਦੀ ਲੋੜ ਹੈ। ਲੋਕਾਂ ਦੇ ਇਹਨਾਂ ਟਾਕਰਾ ਸੰਘਰਸ਼ਾਂ ਵੱਲੋਂ ਨੀਤੀਆਂ ਲਾਗੂ ਹੋਣ ਦੇ ਅਮਲ ਵਿੱਚ ਖੜ੍ਹੇ ਕੀਤੇ ਅੜਿੱਕਿਆਂ ਨੂੰ ਲੋਕਾਂ ਦੇ ਸੰਘਰਸ਼ਾਂ ਦੀਆਂ ਪ੍ਰਾਪਤੀਆਂ ਵਜੋਂ ਉਭਾਰਨ ਅਤੇ ਮੁਲਕ ਦੇ ਹੁਕਮਰਾਨਾਂ ਦੀਆਂ ਲੁਟੇਰੀਆਂ ਵਿਉਂਤਾਂ 'ਚ ਵਿਘਨ ਪਾਉਣ ਵਾਲੀ ਲੋਕ ਸਰਗਰਮੀ ਵਜੋਂ ਉਭਾਰਨ ਦੀ ਲੋੜ ਹੈ। ਆਦਿਵਾਸੀ ਖੇਤਰਾਂ ਅੰਦਰ ਸਾਮਰਾਜੀ ਬਹੁਕੌਮੀ ਕੰਪਨੀਆਂ ਦੇ ਡੱਕੇ ਹੋਏ ਖਾਣਾਂ ਤੇ ਹੋਰ ਪ੍ਰੋਜੈਕਟਾਂ ਤੋਂ ਲੈ ਕੇ ਕਿੰਨੇ ਹੀ ਸਰਕਾਰੀ ਅਦਾਰਿਆਂ ਤੇ ਸਰਕਾਰੀ ਖੇਤੀ ਮੰਡੀ ਨੂੰ ਬਚਾਉਣ ਲਈ ਹੋਏ ਸੰਘਰਸ਼ਾਂ ਤੱਕ ਦੇ ਵਿਸ਼ਾਲ ਟਾਕਰਾ ਕੈਨਵਸ ਦੀਆਂ ਪ੍ਰਾਪਤੀਆਂ ਤੇ ਸੀਮਤਾਈਆਂ ਦੇ ਤਜਰਬੇ ਨੂੰ ਲੋਕਾਂ ਮੂਹਰੇ ਪੇਸ਼ ਕਰਨ ਦੀ ਲੋੜ ਹੈ।

       ਸਾਮਰਾਜੀ ਸੰਸਾਰੀਕਰਨ ਦੇ ਇਸ ਹੱਲੇ ਖ਼ਿਲਾਫ਼ ਅਸਰਦਾਰ ਲੋਕ ਟਾਕਰਾ ਲਹਿਰ ਦੀ ਉਸਾਰੀ ਕਰਨ ਲਈ ਇਹਨਾਂ ਆ ਰਹੇ ਕਦਮਾਂ ਦੇ ਵਿਰੋਧ ਤੱਕ ਸੀਮਿਤ ਰਹਿਣ ਦਾ ਹੀ ਸਵਾਲ ਨਹੀਂ ਹੈ ਸਗੋਂ ਇਹਨਾਂ ਕਦਮਾਂ ਦੇ ਮੁਕਾਬਲੇ ਲੋਕਾਂ ਦੀ ਜ਼ਿੰਦਗੀ ਅੰਦਰ ਹਕੀਕੀ ਰਾਹਤ ਤੇ ਬੇਹਤਰੀ ਦਾ ਸਾਧਨ ਬਣਨ ਵਾਲੇ ਬਦਲਵੇਂ ਕਦਮਾਂ ਵਾਲਾ ਪ੍ਰੋਗਰਾਮ ਲੋੜੀਂਦਾ ਹੈ। ਜਿਸ ਅਖੌਤੀ ਵਿਕਾਸ ਮਾਡਲ ਦੇ ਤਹਿਤ ਇਹ ਕਦਮ ਚੱਕੇ ਜਾ ਰਹੇ ਹਨ, ਉਸ ਮਾਡਲ ਨੂੰ ਸਮੁੱਚੇ ਤੌਰ 'ਤੇ ਚੁਣੌਤੀ ਦੇਣ ਦਾ ਸਵਾਲ ਹੈ ਅਤੇ ਉਸ ਮਾਡਲ ਦੇ ਮੁਕਾਬਲੇ ਬਦਲਵੇਂ ਲੋਕ ਪੱਖੀ ਅਤੇ ਮੁਲਕ ਦੇ ਸੋਮਿਆਂ 'ਤੇ ਨਿਰਭਰ ਵਿਕਾਸ ਮਾਡਲ ਨੂੰ ਉਭਾਰਨ ਦਾ ਸਵਾਲ ਹੈ। ਪੰਜਾਬ ਨੂੰ ਵਿਦੇਸ਼ੀ ਪੂੰਜੀ ਨਿਵੇਸ਼ ਲਈ ਲੁਭਾਉਣੀ ਜਗ੍ਹਾ ਵਜੋਂ ਪੇਸ਼ ਕਰਨ ਦੇ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਦੇ ਸਾਂਝੇ ਨਾਅਰੇ 'ਤੇ ਸੱਟ ਮਾਰਨ ਦੀ ਲੋੜ ਹੈ। ਵਿਦੇਸ਼ੀ ਤੇ ਵੱਡੇ ਸਰਮਾਏਦਾਰਾਂ ਦੀ ਪੂੰਜੀ ਪੰਜਾਬ ਅੰਦਰ ਲਵਾਉਣ ਲਈ ਲਿਲਕੜੀਆਂ ਕੱਢਦੇ ਫਿਰਦੇ ਪੰਜਾਬ ਦੇ ਸਿਆਸਤਦਾਨਾਂ ਨੂੰ ਪੰਜਾਬ ਦੋਖੀ ਸਿਆਸਤਦਾਨਾਂ ਵਜੋਂ ਦਰਸਾਉਣ ਦੀ ਲੋੜ ਹੈ ਤੇ ਇਸੇ ਪੂੰਜੀ ਨਿਵੇਸ਼ ਨੂੰ ਪੰਜਾਬ ਦੇ ਉਜਾੜੇ ਤੇ ਤਬਾਹੀ ਦੇ ਕਾਰਨ ਵਜੋਂ ਦਿਖਾਉਣ ਦੀ ਲੋੜ ਹੈ। ਪੂੰਜੀ ਨਿਵੇਸ਼ ਦੀ ਇਸ ਤ੍ਰਿਸ਼ਨਾ 'ਤੇ ਲੋਕਾਂ ਵੱਲੋਂ ਸਿਆਸੀ ਹਮਲਾ ਬੋਲਣ ਦੀ ਲੋੜ ਹੈ।

      ਲੋਕ ਆਪੋ ਆਪਣੇ ਪੱਧਰਾਂ 'ਤੇ ਆਪਣੀ ਹਾਸਲ ਜਥੇਬੰਦਕ ਤਾਕਤ ਅਨੁਸਾਰ ਇਹਨਾਂ ਕਦਮਾਂ ਦੇ ਖਿਲਾਫ਼ ਵਿਰੋਧ ਵਿੱਚ ਨਿੱਤਰ ਰਹੇ ਹਨ ਪਰ ਇਨਕਲਾਬੀ ਸ਼ਕਤੀਆਂ ਦਾ ਕਾਰਜ ਇਹ ਬਣਦਾ ਹੈ ਕਿ ਉਹ ਇਸ ਖਿੰਡਵੇਂ ਤੇ ਟੁੱਟਵੇਂ ਰੋਸ ਹੁੰਗਾਰਿਆਂ ਨੂੰ ਇੱਕਜੁੱਟ ਵਿਰੋਧ ਲਹਿਰ ਵਿੱਚ ਬਦਲਣ ਲਈ ਯਤਨ ਜਟਾਉਣ। ਲੋਕਾਂ ਦੀਆਂ ਜਥੇਬੰਦੀਆਂ ਦੇ ਮੌਜੂਦਾ ਪੱਧਰ ਅਤੇ ਆਪਸੀ ਸਾਂਝ ਦੀ ਹਕੀਕਤ ਤੋਂ ਸ਼ੁਰੂ ਕਰਦਿਆਂ ਤਾਲਮੇਲ ਤੇ ਸਹਿਯੋਗ ਰਾਹੀਂ ਸਾਂਝੇ ਸੰਘਰਸ਼ ਉਸਾਰਨ ਵੱਲ ਅੱਗੇ ਵਧਣ ਦੀ ਪਹੁੰਚ ਉਭਾਰਨ ਦੀ ਲੋੜ ਹੈ। ਇਨਕਲਾਬੀ ਸ਼ਕਤੀਆਂ ਇਸ ਨਵੇਂ ਹੱਲੇ ਦੇ ਮੁਕਾਬਲੇ ਜੋਕਾਂ ਖਿਲਾਫ਼ ਲੋਕਾਂ ਦੇ ਹਮਲੇ ਦਾ ਬਦਲਵਾਂ ਪ੍ਰੋਗਰਾਮ ਲੋਕਾਂ ਸਾਹਮਣੇ ਪੇਸ਼ ਕਰਨ ਤੇ ਇਸਦੀ ਪ੍ਰਾਪਤੀ ਲਈ ਲਮਕਵੇਂ ਜਨਤਕ ਖਾੜਕੂ ਸੰਘਰਸ਼ਾਂ ਦਾ ਰਾਹ ਬੁਲੰਦ ਕਰਨ। ਅਸਰਦਾਰ ਟਾਕਰੇ ਵਾਲੇ ਲੋਕ ਘੋਲ ਕੇਂਦਰਾਂ ਦੀ ਉਸਾਰੀ ਦਾ ਮਾਰਗ ਲੋਕਾਂ ਸਾਹਮਣੇ ਉਭਾਰਨ। ਮੌਜੂਦਾ ਲੋਕ ਸੰਘਰਸ਼ਾਂ ਨੂੰ ਉਸ ਰਾਹ 'ਤੇ ਅੱਗੇ ਵਧਾਉਣ ਲਈ ਲੋਕਾਂ ਦੀ ਚੇਤਨਾ ਤੇ ਜਥੇਬੰਦਕ ਤਾਕਤ ਦੇ ਮੌਜੂਦ ਖੱਪਿਆਂ ਨੂੰ ਭਰਨ ਲਈ ਯਤਨਸ਼ੀਲ ਹੋਣ। ਨਵੇਂ ਹਮਲੇ ਦੇ ਇਹਨਾਂ ਕਦਮਾਂ ਖਿਲਾਫ਼ ਲੋਕ ਸੰਘਰਸ਼ ਦੀ ਸਰਗਰਮੀ 'ਤੇ ਇਸ ਬਦਲਵੇਂ ਸਿਆਸੀ ਪ੍ਰੋਗਰਾਮ ਅਤੇ ਲਮਕਵੇਂ ਖਾੜਕੂ ਸੰਘਰਸ਼ਾਂ ਦੀ ਇਨਕਲਾਬੀ ਸਿਆਸਤ ਦੀ ਮੋਹਰਛਾਪ ਜਰੂਰੀ ਹੈ। ਇਸ ਇਨਕਲਾਬੀ ਸਿਆਸਤ ਦੀ ਸੇਧ ਤੋਂ ਬਿਨਾਂ ਲੋਕਾਂ ਦੀ ਇਹ ਟਾਕਰਾ ਸਰਗਰਮੀ ਮੁੜ ਮੁੜ ਉਨ੍ਹਾਂ ਹੀ ਰੋਸ ਪ੍ਰਗਟਾਵੇ ਦੀਆਂ ਘੁੰਮਣ ਘੇਰੀਆਂ ਵਿੱਚ ਫਸੀ ਰਹਿਣ ਲਈ ਸਰਾਪੀ ਰਹੇਗੀ। ਜ਼ਿਆਦਾ ਤੋਂ ਜ਼ਿਆਦਾ ਕਿਸੇ ਨਵੇਂ ਕਦਮ ਨੂੰ ਰੱਦ ਕਰਵਾ ਲੈਣ ਤਕ ਸੀਮਤ ਰਹੇਗੀ। ਲੋਕਾਂ ਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਰੱਦ ਕਰਾਏ ਕਦਮ ਫਿਰ ਕਿਸੇ ਨਵੇਂ ਕਾਨੂੰਨ ਦੀ ਸ਼ਕਲ ਧਾਰ ਕੇ ਆ ਜਾਂਦੇ ਹਨ ਜਿਵੇਂ ਖੇਤੀ ਕਾਨੂੰਨਾਂ ਰਾਹੀਂ ਸਰਕਾਰੀ ਮੰਡੀ ਦੇ ਖਾਤਮੇ ਦੇ ਕਦਮ ਪਿਛਲੇ ਸਾਲ ਨਵੀਂ ਖੇਤੀ ਮਾਰਕੀਟਿੰਗ ਨੀਤੀ ਦਾ ਰੂਪ ਧਾਰ ਕੇ ਆਏ ਹੋਏ ਹਨ। 

   ਸਮਾਜ ਅੰਦਰ ਇਨਕਲਾਬੀ ਸਿਆਸੀ ਤਬਦੀਲੀ ਲਈ ਜੂਝਦੀਆਂ ਤਾਕਤਾਂ ਨੂੰ ਇਸ ਹੋ ਰਹੀ ਲੋਕ ਲਾਮਬੰਦੀ ਦਰਮਿਆਨ ਇਹ ਕਾਰਜ ਵੀ ਓਟਣਾ ਚਾਹੀਦਾ ਹੈ। ਇਹ ਇਨਕਲਾਬੀ ਸਿਆਸੀ ਸੇਧ ਹੀ ਇਹਨਾਂ ਫੌਰੀ ਹਮਲਾਵਰ ਕਦਮਾਂ ਖ਼ਿਲਾਫ਼ ਹੋ ਰਹੇ ਰੋਜ਼-ਮਰ੍ਹਾ ਦੇ ਸੰਘਰਸ਼ਾਂ ਨੂੰ ਅਸਰਦਾਰ ਲੋਕ ਟਾਕਰੇ ਵਿੱਚ ਤੇ ਉਸ ਤੋਂ ਅੱਗੇ ਲੋਕ ਮੁਕਤੀ ਦੇ ਮਿਸ਼ਨ ਤੱਕ ਪੁੱਜਣ ਵਾਲੇ ਸੰਘਰਸ਼ਾਂ 'ਚ ਤਬਦੀਲ ਕਰ ਸਕਦੀ ਹੈ। 

                         --0--                                            (18/12/2025)

ਖਪਤਕਾਰ ਹਿਤਾਂ ਨੂੰ ਦਾਅ 'ਤੇ ਲਾਉਂਦਾ ਜਨ ਵਿਸ਼ਵਾਸ ਬਿੱਲ

 ਖਪਤਕਾਰ ਹਿਤਾਂ ਨੂੰ ਦਾਅ 'ਤੇ ਲਾਉਂਦਾ ਜਨ ਵਿਸ਼ਵਾਸ ਬਿੱਲ

ਸ਼ੀਰੀਂ 



ਦੇਸ਼ ਵਿੱਚ ਲਾਗੂ ਕਈ ਕਾਨੂੰਨਾਂ ਅੰਦਰ ਇੱਕੋ ਝਟਕੇ ਨਾਲ ਸੋਧਾਂ ਕਰਨ ਵਾਲੇ ਜਨ ਵਿਸ਼ਵਾਸ ਬਿੱਲ ਦਾ ਪਹਿਲਾ ਪੜਾਅ ਮੁਕੰਮਲ ਹੋ ਚੁੱਕਾ ਹੈ ਅਤੇ ਇਹਨੀਂ ਦਿਨੀਂ ਇਸਦੇ ਦੂਜੇ ਪੜਾਅ ਨੂੰ ਲਾਗੂ ਕਰਨ ਦੀ ਕਵਾਇਦ ਚੱਲ ਰਹੀ ਹੈ। ਸਾਡੇ ਦੇਸ਼ ਅੰਦਰ ਪਿਛਲੇ ਕਈ ਦਹਾਕਿਆਂ ਤੋਂ ਇਹ ਰਿਵਾਇਤ ਸਥਾਪਿਤ ਹੋ ਚੁੱਕੀ ਹੈ ਕਿ ਲੋਕਾਂ ਦੇ ਹਿੱਤਾਂ ਦੇ ਐਨ ਉਲਟ ਭੁਗਤਦੇ ਕਦਮਾਂ ਅਤੇ ਕਾਨੂੰਨਾਂ ਨੂੰ ਵੀ ਬੇਹੱਦ ਲੁਭਾਉਣੇ ਅਤੇ ਆਪਣੇ ਅਰਥਾਂ ਦੇ ਐਨ ਉਲਟ ਲਕਬਾਂ ਨਾਲ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਜਿਵੇਂ ਲੋਕਾਂ ਨੂੰ ਦੇਸ਼ ਦੇ ਕੁਦਰਤੀ ਸੋਮਿਆਂ, ਸਰਕਾਰੀ ਅਦਾਰਿਆਂ ਅਤੇ ਜਨਤਕ ਜਾਇਦਾਦ ਤੋਂ ਬੇਦਖ਼ਲ ਕਰਕੇ ਇਹਨਾਂ ਨੂੰ ਦੇਸੀ ਵਿਦੇਸ਼ੀ ਕਾਰਪੋਰੇਟਾਂ ਨੂੰ ਸੌਂਪ ਦੇਣ ਦੇ ਕਦਮਾਂ ਨੂੰ ਆਰਥਿਕ ਸੁਧਾਰ ਕਿਹਾ ਜਾਂਦਾ ਹੈ। ਜਿਹਨਾਂ ਖੇਤੀ ਕਾਨੂੰਨਾਂ ਰਾਹੀਂ ਖੇਤੀ ਖੇਤਰ ਨੂੰ ਸਾਮਰਾਜੀ ਲੁੱਟ ਲਈ ਮੁਕੰਮਲ ਤੌਰ ਤੇ ਖੋਹਲਿਆ ਜਾਣਾ ਸੀ, ਉਹਨਾਂ ਦੇ ਨਾਵਾਂ ਅੰਦਰ ਵੀ ਤਰੱਕੀ,ਸ਼ਕਤੀਕਰਨ, ਸਹੂਲਤ,ਰੱਖਿਆ ਵਰਗੇ ਸ਼ਬਦ ਮੌਜੂਦ ਸਨ। ਹੁਣ ਪੜਾਅਵਾਰ ਲਾਗੂ ਕੀਤਾ ਜਾ ਰਿਹਾ ਜਨ ਵਿਸ਼ਵਾਸ ਕਾਨੂੰਨ ਵੀ ਹਕੀਕਤ ਵਿੱਚ ਲੋਕ ਹਿਤਾਂ ਨਾਲ ਵਿਸ਼ਵਾਸਘਾਤ ਕਰਦਾ ਕਾਨੂੰਨ ਹੈ। ਇਹ ਅਨੇਕਾਂ ਕਾਨੂੰਨਾਂ ਅੰਦਰ ਮੌਜੂਦ ਲੋਕ ਪੱਖੀ ਧਾਰਾਵਾਂ ਨੂੰ ਖੋਰਦਾ ਹੈ ਅਤੇ ਕਾਰਪੋਰੇਟਾਂ ਨੂੰ ਘਪਲੇ,ਹੇਰਾਫੇਰੀਆਂ, ਠੱਗੀਆਂ ਕਰਨ ਦੀ ਮੌਜ ਦਿੰਦਾ ਹੈ।

      ਦੋ ਸਾਲ ਪਹਿਲਾਂ ਲਾਗੂ ਕੀਤੇ ਇਸ ਦੇ ਪਹਿਲੇ ਪੜਾਅ ਅੰਦਰ ਭਾਰਤ ਅੰਦਰ ਲਾਗੂ 42 ਕਾਨੂੰਨਾਂ ਦੀਆਂ 183 ਧਰਾਵਾਂ ਵਿਚਲੇ ਅਪਰਾਧਾਂ ਨੂੰ ਅਪਰਾਧ ਦੇ ਘੇਰੇ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸਦੀ ਮਾਰ ਹੇਠ ਆਉਣ ਵਾਲੇ ਕਾਨੂੰਨਾਂ ਵਿੱਚ ਹਵਾ ਪ੍ਰਦੂਸ਼ਣ ਬਚਾਅ ਅਤੇ ਕੰਟਰੋਲ ਐਕਟ, ਵਾਤਾਵਰਨ ਸੁਰੱਖਿਆ ਕਾਨੂੰਨ, ਲੀਗਲ ਮੈਟਰੋਲੋਜੀ ਐਕਟ, ਮੋਟਰ ਵਹੀਕਲ ਐਕਟ,ਡਰੱਗ ਐਂਡ ਕੋਸਮੈਟਿਕ ਐਕਟ, ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, ਫਾਰਮੇਸੀ ਐਕਟ, ਭਾਰਤੀ ਵਣ ਐਕਟ, ਇਨਫੋਰਮੇਸ਼ਨ ਟੈਕਨੋਲਜੀ ਐਕਟ ਵਰਗੇ ਅਨੇਕਾਂ ਮਹੱਤਵਪੂਰਨ ਕਾਨੂੰਨ ਸ਼ਾਮਿਲ ਸਨ। ਹੁਣ ਇਸ ਦੇ ਦੂਜੇ ਪੜਾਅ ਯਾਨੀ ਕਿ ਜਨ ਵਿਸ਼ਵਾਸ ਬਿੱਲ 2.0 ਰਾਹੀਂ ਇਹਨਾਂ ਕਾਨੂੰਨਾਂ ਅਤੇ ਧਰਾਵਾਂ ਦਾ ਘੇਰਾ ਹੋਰ ਵੀ ਵਧਾ ਦਿੱਤਾ ਗਿਆ ਹੈ। ਇਸ ਬਿੱਲ ਰਾਹੀਂ 17 ਕਾਨੂੰਨਾਂ ਅਤੇ 288 ਧਾਰਾਵਾਂ ਨੂੰ ਅਪਰਾਧ ਮੁਕਤ ਕੀਤੇ ਜਾਣਾ ਹੈ।

      ਹੋਰਨਾਂ ਕਾਨੂੰਨਾਂ ਦੀਆਂ ਸੋਧਾਂ ਦੇ ਲੋਕਾਂ ਉੱਤੇ ਪੈਣ ਵਾਲੇ ਮਾਰੂ ਅਸਰਾਂ ਦੇ ਨਾਲ ਨਾਲ ਲੀਗਲ ਮੈਟਰੋਲੌਜੀ ਐਕਟ 2009 ਵਿੱਚ ਹੋਣ ਵਾਲੀਆਂ ਸੋਧਾਂ ਵੀ ਗੰਭੀਰ ਅਸਰ ਪਾਉਣ ਵਾਲੀਆਂ ਸੋਧਾਂ ਹਨ ਅਤੇ ਖਪਤਕਾਰਾਂ ਵਜੋਂ ਲੋਕਾਂ ਦੇ ਹੱਕਾਂ ਉੱਤੇ ਵੱਡਾ ਹਮਲਾ ਬਣਦੀਆਂ ਹਨ। ਇਹ ਐਕਟ ਗਾਹਕ ਨੂੰ ਮਿਲਣ ਵਾਲੀ ਵਸਤੂ ਦੀ ਮਿਕਦਾਰ ਦੀ ਸੁਨਿਸ਼ਚਤਾ ਯਕੀਨੀ ਬਣਾਉਂਦਾ ਹੈ, ਬਾਜ਼ਾਰ ਵਿੱਚ ਪੈਕਿੰਗ ਦੇ ਰੂਪ ਵਿੱਚ ਮਿਲਣ ਵਾਲੀਆਂ ਵਸਤਾਂ ਸਬੰਧੀ ਖਪਤਕਾਰ ਨੂੰ ਲੋੜੀਂਦੀ ਜਾਣਕਾਰੀ ਦਿੱਤੇ ਜਾਣਾ ਯਕੀਨੀ ਬਣਾਉਂਦਾ ਹੈ ਅਤੇ ਮਾਪ ਅਤੇ ਤੋਲ ਨਾਲ ਸੰਬੰਧਿਤ ਉਪਕਰਨਾਂ ਦੇ ਮਿਆਰ ਨਿਰਧਾਰਿਤ ਕਰਦਾ ਹੈ। ਇਸ ਐਕਟ ਦੇ ਘੇਰੇ ਵਿੱਚ ਘਰਾਂ ਵਿੱਚ ਸਪਲਾਈ ਹੁੰਦੀ ਰਸੋਈ ਗੈਸ ਦੀ ਮਾਤਰਾ ਜਾਂ ਪੈਟਰੋਲ ਪੰਪਾਂ ਤੋਂ ਮਿਲਣ ਵਾਲੇ ਤੇਲ ਦੀ ਮਾਤਰਾ ਤੋਂ ਲੈ ਕੇ ਪੈਕਟਾਂ ਜਾਂ ਬੋਰੀਆਂ ਵਿੱਚ ਸਪਲਾਈ ਹੁੰਦੇ ਨਿੱਤ ਵਰਤੋਂ ਦੇ ਸਮਾਨ ਤੱਕ ਸਭ ਕੁਝ ਆਉਂਦਾ ਹੈ। ਸੁਨਿਆਰਿਆਂ ਵੱਲੋਂ ਵਰਤੇ ਜਾਂਦੇ ਕੰਡਿਆਂ ਤੋਂ ਲੈ ਕੇ ਗੁਦਾਮਾਂ ਦੇ ਧਰਮ ਕੰਡਿਆਂ ਤੱਕ ਤੋਲ ਦਾ ਸਹੀ ਹੋਣਾ ਇਸੇ ਐਕਟ ਰਾਹੀਂ ਸੁਨਿਸ਼ਚਿਤ ਕੀਤਾ ਜਾਂਦਾ ਹੈ। ਪਿੰਡਾਂ ਦੀਆਂ ਡੇਅਰੀਆਂ ਅਤੇ ਡਿੱਪੂਆਂ ਤੋਂ ਲੈ ਕੇ ਐਮੇਜੋਨ, ਫਲਿਪਕਾਰਟ ਵਰਗੇ ਆਨ ਲਾਈਨ ਪਲੇਟਫਾਰਮਾਂ ਦੇ ਗੈਰ-ਮਿਆਰੀ ਅਮਲ ਇਸ ਦੇ ਘੇਰੇ ਵਿੱਚ ਆਉਂਦੇ ਹਨ। ਮਠਿਆਈ ਸੰਗ ਤੁਲਦੇ ਗੱਤੇ ਦੇ ਡੱਬਿਆਂ ਤੋਂ ਲੈ ਕੇ ਮੰਡੀਆਂ ਵਿੱਚ ਕਣਕ ਦੇ ਗਲਤ ਹੁੰਦੇ ਤੋਲ ਤੱਕ ਇਸ ਐਕਟ ਦੀ ਵਰਤੋਂ ਹੁੰਦੀ ਹੈ। ਇਸ ਕਰਕੇ ਨਾ ਸਿਰਫ ਇਸ ਐਕਟ ਦੀਆਂ ਮੌਜੂਦਾ ਧਾਰਾਵਾਂ ਦਾ ਬਣੇ ਰਹਿਣਾ, ਸਗੋਂ ਹੋਰ ਵੱਧ ਮਜ਼ਬੂਤ ਹੋਣਾ ਖਪਤਕਾਰਾਂ ਦੀ ਸੁਰੱਖਿਆ ਪੱਖੋਂ ਬੇਹੱਦ ਜਰੂਰੀ ਹੈ।

      ਸਾਡੇ ਦੇਸ਼ ਅੰਦਰ ਖਪਤਕਾਰਾਂ ਦੇ ਹਿੱਤ ਪਹਿਲਾਂ ਹੀ ਰੁਲੇ ਹੋਏ ਹਨ ਅਤੇ ਉਹ ਬਹੁਪਰਤੀ ਲੁੱਟ ਦਾ ਸ਼ਿਕਾਰ ਹਨ। ਜਿਹੜੇ ਪਹਿਲੇ ਕਾਨੂੰਨ ਮੌਜੂਦ ਵੀ ਹਨ, ਉਹ ਉਹਨਾਂ ਦੀ ਸੁਰੱਖਿਆ ਪੱਖੋਂ ਬੇਹੱਦ ਕਮਜ਼ੋਰ ਹਨ। ਲੋੜ ਤਾਂ ਇਹਨਾਂ ਕਾਨੂੰਨਾਂ ਨੂੰ ਅਸਰਦਾਰ ਬਣਾਏ ਜਾਣ ਦੀ ਹੈ ਜਦੋਂ ਕਿ ਕਦਮ ਇਸ ਤੋਂ ਐਨ ਉਲਟ ਦਿਸ਼ਾ ਵਿੱਚ ਲਏ ਜਾ ਰਹੇ ਹਨ। ਪਹਿਲੇ ਲੀਗਲ ਮੈਟਰੋਲੋਜੀ ਐਕਟ ਅੰਦਰ ਮੌਜੂਦ ਧਾਰਾਵਾਂ ਵੀ ਖਪਤਕਾਰਾਂ ਦੀ ਸੁਰੱਖਿਆ ਦੀ  ਜਾਮਨੀ ਕਰਨ ਪੱਖੋਂ ਊਣੀਆਂ ਸਨ। ਪਰ ਕਾਰਪੋਰੇਟ ਮੁਨਾਫਿਆਂ ਅਤੇ ਗਲਤ ਕਾਰੋਬਾਰੀ ਅਮਲਾਂ ਉੱਤੇ ਮਾੜੀ ਮੋਟੀ ਲਗਾਮ ਲਗਾਉਂਦੀਆਂ ਧਾਰਾਵਾਂ ਵੀ ਹੁਣ ਸਰਕਾਰ ਨੂੰ ਬਰਦਾਸ਼ਤ ਨਹੀਂ ਹਨ, ਜਿਸ ਕਰਕੇ  ਜਨ ਵਿਸ਼ਵਾਸ ਬਿੱਲ ਰਾਹੀਂ ਇਹਨਾਂ ਨੂੰ ਬਹੁਤ ਵੱਡੀ ਪੱਧਰ ਉੱਤੇ ਖੋਰ ਦਿੱਤਾ ਗਿਆ ਹੈ। ਪਹਿਲੇ ਪੜਾਅ ਵਿੱਚ ਇਸ ਐਕਟ ਦੀਆਂ ਸੱਤ ਧਰਾਵਾਂ ਨੂੰ ਸਜ਼ਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਸੀ।ਹੁਣ ਦੂਜੇ ਪੜਾਅ ਵਿੱਚ ਹੋਰ ਮਹੱਤਵਪੂਰਨ ਧਾਰਾਵਾਂ ਨੂੰ ਖੋਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

       ਪਹਿਲੇ ਪੜਾਅ ਵਿੱਚ ਇਸ ਐਕਟ ਦੀਆਂ 25, 27, 28, 29, 31,34 ਅਤੇ 35 ਨੰਬਰ ਧਾਰਾਵਾਂ ਨੂੰ ਅਪਰਾਧ ਦੇ ਘੇਰੇ ਵਿੱਚੋਂ ਕੱਢਿਆ ਗਿਆ ਸੀ। ਇਹ ਧਰਾਵਾਂ ਮਾਪ ਤੋਲ ਅੰਦਰ ਗੈਰ ਮਿਆਰੀ ਖਰੀਦ ਵੇਚ ਅਤੇ ਗੈਰ ਮਿਆਰੀ ਉਪਕਰਨਾਂ ਦੀ ਵਰਤੋਂ ਨਾਲ ਸੰਬੰਧਿਤ ਸਨ। ਪਹਿਲਾਂ ਇਹਨਾਂ ਧਾਰਾਂਵਾਂ ਅਧੀਨ ਦੋ ਜਾਂ ਦੋ ਤੋਂ ਵਧੇਰੇ ਵਾਰੀ ਕੀਤੀ ਜਾ ਰਹੀ ਗਲਤੀ ਨੂੰ ਮੁਜ਼ਰਮਾਨਾ ਕੁਤਾਹੀ ਮੰਨਿਆ ਗਿਆ ਸੀ ਅਤੇ ਵਾਰ ਵਾਰ ਕੀਤੀ ਜਾ ਰਹੀ ਅਜਿਹੀ ਕੁਤਾਹੀ ਲਈ ਗ੍ਰਿਫ਼ਤਾਰੀ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਜਨ ਵਿਸ਼ਵਾਸ ਬਿਲ ਦੇ ਪਹਿਲੇ ਪੜਾਅ ਦੌਰਾਨ ਇਹ ਗ੍ਰਿਫ਼ਤਾਰੀ ਦੀ ਸਜ਼ਾ ਚੁੱਕ ਦਿੱਤੀ ਗਈ ਸੀ ਅਤੇ ਕੇਵਲ ਜੁਰਮਾਨੇ ਰਹਿਣ ਦਿੱਤੇ ਗਏ ਸਨ। ਜਿਸ ਦਾ ਅਰਥ ਇਹ ਬਣਦਾ ਹੈ ਕਿ ਕੁਝ ਹਜ਼ਾਰਾਂ ਦੇ ਜੁਰਮਾਨੇ ਭਰ ਕੇ  ਗੈਰ ਮਿਆਰੀ ਪ੍ਰੈਕਟਿਸ ਵਾਰ ਵਾਰ ਦੁਹਰਾਈ ਜਾ ਸਕਦੀ ਹੈ। ਅਸਲ ਵਿੱਚ ਵੱਡੀਆਂ ਕੰਪਨੀਆਂ ਲਈ ਕੁਝ ਹਜ਼ਾਰਾਂ ਦੇ ਜੁਰਮਾਨੇ ਭਰਨੇ ਕੋਈ ਵੱਡਾ ਮਸਲਾ ਨਹੀਂ ਬਣਦਾ। ਇਹ ਲਾਜ਼ਮੀ ਗ੍ਰਿਫਤਾਰੀ ਦੀ ਮਦ ਹੀ ਸੀ ਜੋ ਉਹਨਾਂ ਨੂੰ ਕਿਸੇ ਗਲਤੀ ਦੇ ਦੁਹਰਾਅ ਤੋਂ ਬਚਣ ਵਿੱਚ ਰੋਕ ਬਣਦੀ ਸੀ। ਹੁਣ ਇਹ ਮਦ ਖਤਮ ਕਰਕੇ ਕੰਪਨੀਆਂ ਨੂੰ ਖੁੱਲ੍ਹ ਖੇਡਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਪਹਿਲਾਂ ਵੀ ਵੱਖ ਵੱਖ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਇੰਸਪੈਕਟਰੀ ਰਾਜ ਖਤਮ ਕਰਨ ਦੇ ਨਾਂ ਹੇਠ, ਕਾਰੋਬਾਰਾਂ ਲਈ ਅਨੁਕੂਲ ਮਾਹੌਲ ਸਿਰਜਣ ਦੇ ਨਾਂ ਹੇਠ, ਕਾਰੋਬਾਰੀ ਰੁਕਾਵਟਾਂ ਚੱਕਣ ਦੇ ਨਾਂ ਹੇਠ ਕਾਰਪੋਰੇਟ ਹਿੱਤਾਂ ਵਿਚ ਲੇਬਰ ਕਾਨੂੰਨ ਵਰਗੇ ਕਈ ਕਾਨੂੰਨਾਂ ਨੂੰ ਕਮਜ਼ੋਰ ਕੀਤਾ ਗਿਆ ਹੈ। ਹੁਣ ਜਨ ਵਿਸ਼ਵਾਸ ਬਿੱਲ ਰਾਹੀਂ ਵੀ ਇਹੋ ਕੀਤਾ ਜਾ ਰਿਹਾ ਹੈ। ਸਗੋਂ ਇਸ ਦੇ ਦੂਜੇ ਪੜਾਅ ਅੰਦਰ ਤਾਂ ਜੁਰਮਾਨਿਆਂ ਤੋਂ ਵੀ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ।ਉਪਰੋਕਤ ਜ਼ਿਕਰ ਕੀਤੀਆਂ ਧਰਾਵਾਂ ਅੰਦਰ ਹੁਣ ਪਹਿਲੀ ਗਲਤੀ ਦੀ ਹਾਲਤ ਵਿੱਚ ਮਹਿਜ਼ ਚੇਤਾਵਨੀ ਦੇ ਕੇ ਛੱਡਣ ਦੀ ਸੋਧ ਕੀਤੀ ਜਾ ਰਹੀ ਹੈ। ਦੋ ਹੋਰਨਾਂ ਧਰਾਵਾਂ ਨੂੰ ਗੈਰ ਅਪਰਾਧਕ ਧਰਾਵਾਂ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ। ਇਹਨਾਂ ਵਿੱਚੋਂ ਇੱਕ ਧਾਰਾ 40 ਮਾਪ ਤੋਲ ਅਧਿਕਾਰੀ ਦੀ ਡਿਊਟੀ ਵਿੱਚ ਵਿਘਨ ਪਾਉਣੋਂ ਰੋਕਣ ਸਬੰਧੀ ਹੈ। ਪਹਿਲਾਂ ਇਸ ਧਾਰਾ ਵਿੱਚ  ਲੀਗਲ ਮੀਟਰੋਲੌਜੀ ਅਫਸਰ ਨੂੰ ਡਿਊਟੀ ਕਰਨ ਤੋਂ ਰੋਕਣ ਲਈ ਦੋ ਸਾਲਾਂ ਤੱਕ ਦੀ ਕੈਦ ਦੀ ਮਦ ਮੌਜੂਦ ਸੀ ਅਤੇ ਇਹ ਅਪਰਾਧ ਦੁਹਰਾਏ ਜਾਣ ਦੀ ਸੂਰਤ ਵਿੱਚ ਇਹ ਸਜ਼ਾ ਪੰਜ ਸਾਲਾਂ ਦੀ ਹੋ ਸਕਦੀ ਸੀ। ਹੁਣ ਨਵੀਂ ਸੋਧ ਮੁਤਾਬਕ ਇਸ ਸਜ਼ਾ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਡਿਊਟੀ ਕਰਨ ਤੋਂ ਰੋਕਣ ਦੀ ਕਾਰਵਾਈ ਨੂੰ ਮਹਿਜ ਜੁਰਮਾਨਾ ਭਰ ਕੇ ਨਿਬੇੜਨ ਤੱਕ ਸੁੰਗੇੜ ਦਿੱਤਾ ਗਿਆ ਹੈ। ਪਹਿਲਾਂ ਹੀ ਲੋੜੀਂਦੇ ਸਟਾਫ਼ ਅਤੇ ਸੁਰੱਖਿਆ ਤੋਂ ਬਿਨਾਂ ਕੰਮ ਕਰ ਰਹੇ ਲੀਗਲ ਮੈਟਰੋਲੋਜੀ ਅਧਿਕਾਰੀਆਂ ਲਈ ਇਸ ਸੋਧ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਨਾਲ ਹੀ ਇਸ ਦਾ ਅਰਥ ਇਹ ਵੀ ਬਣਦਾ ਹੈ ਕਿ ਇੱਕ ਵਾਰੀ ਚੈਕਿੰਗ ਦੌਰਾਨ ਅਧਿਕਾਰੀ ਨੂੰ ਰੋਕ ਦੇਣ ਸਦਕਾ ਕਿਸੇ ਗਲਤ ਪ੍ਰੈਕਟਿਸ ਲਈ ਮੌਕੇ ਉੱਤੇ ਫੜੇ ਜਾਣ ਤੋਂ ਬਚਿਆ ਜਾ ਸਕਦਾ ਹੈ, ਸਬੂਤ ਨਸ਼ਟ ਕਰਨ ਦਾ ਸਮਾਂ ਹਾਸਿਲ ਕੀਤਾ ਜਾ ਸਕਦਾ ਹੈ ਅਤੇ ਕੁਝ ਹਜ਼ਾਰਾਂ ਜੁਰਮਾਨਾ ਭਰ ਕੇ ਸਾਫ ਬਚਕੇ ਨਿਕਲਿਆ ਜਾ ਸਕਦਾ ਹੈ। 

      ਲੀਗਲ ਮੈਟਰੋਲੌਜੀ ਦਾ ਖੇਤਰ ਪਹਿਲਾਂ ਹੀ ਸੀਮਤ ਸਟਾਫ, ਕੰਗਾਲ ਢਾਂਚੇ ਅਤੇ ਨਾਂਹ ਦੇ ਬਰਾਬਰ ਸਹੂਲਤਾਂ ਸਦਕਾ ਖਪਤਕਾਰਾਂ ਦੀ ਸੁਰੱਖਿਆ ਪੱਖੋਂ ਬੇਹੱਦ ਊਣਾ ਨਿਬੜ ਰਿਹਾ ਹੈ। ਅਨੇਕਾਂ ਰਾਜਾਂ ਵਿੱਚ ਇਹ ਹਕੀਕੀ ਨਿਗਰਾਨੀ ਕਰਨ ਦੀ ਥਾਂ ਮਾਪ ਤੋਲ ਉਪਕਰਨਾਂ ਦੀਆਂ ਪੜਤਾਲ ਫੀਸਾਂ ਰਾਹੀਂ ਮਾਲੀਆ ਇਕੱਠਾ ਕਰਨ ਦਾ ਸਾਧਨ ਮਾਤਰ ਬਣ ਕੇ ਰਹਿ ਗਿਆ ਹੈ।ਸਰਕਾਰੀ ਮਨਜੂਰਸ਼ੁਦਾ ਟੈਸਟ ਕੇਂਦਰਾਂ ਦੇ ਨਾਂ ਹੇਠ ਇਸਦੀ ਵਾਗਡੋਰ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਦੀ ਕਵਾਇਦ ਵੀ ਚੱਲ ਰਹੀ ਹੈ ਜਿਸ ਦਾ ਅਰਥ ਗੈਰ ਮਿਆਰੀ ਪ੍ਰੈਕਟਿਸਾਂ ਦੇ ਹੋਰ ਵੀ ਵਿਆਪਕ ਹੋਣ ਵਿੱਚ ਨਿਕਲਣਾ ਹੈ। ਅਜਿਹੇ ਵਿੱਚ ਜਨ ਵਿਸ਼ਵਾਸ ਬਿੱਲ ਰਾਹੀਂ ਇਸ ਕਾਨੂੰਨ ਦੀਆਂ ਧਾਰਾਵਾਂ ਨੂੰ ਸਾਹਸੱਤਹੀਣ ਕਰਨ ਦਾ ਕਦਮ ਅਸਲ ਵਿੱਚ ਖਪਤਕਾਰ ਸੁਰੱਖਿਆ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇਣ ਦਾ ਕਦਮ ਬਣਦਾ ਹੈ।

ਪ੍ਰਮਾਣੂ ਊਰਜਾ ਦੇ ਖੇਤਰ 'ਚ 'ਸ਼ਾਂਤੀ' ਨਾਂ ਦਾ ਨਵਾਂ ਕਾਨੂੰਨ

 

 
ਪ੍ਰਮਾਣੂ ਊਰਜਾ ਦੇ ਖੇਤਰ 'ਚ 
'ਸ਼ਾਂਤੀ' ਨਾਂ ਦਾ ਨਵਾਂ ਕਾਨੂੰਨ


ਮੁਲਕ ਦੇ ਲੋਕਾਂ ਦੀਆਂ ਜ਼ਿੰਦਗੀਆਂ ਤੇ ਵਾਤਾਵਰਣ ਦਾਅ 'ਤੇ

ਸਾਮਰਾਜੀ ਚਾਕਰੀ ਦੀ ਨਿਸ਼ੰਗ ਪੇਸ਼ਕਾਰੀ



ਬੀਤੇ ਵਰ੍ਹੇ ਅਮਰੀਕਾ ਅਤੇ ਫਰਾਂਸ ਦੇ ਦੌਰੇ ਦੌਰਾਨ ਮੋਦੀ ਨੇ ਫਰਾਂਸੀਸੀ ਅਤੇ ਅਮਰੀਕੀ ਕੰਪਨੀਆਂ ਨੂੰ ਭਾਰਤ ਅੰਦਰ ਬਿਨਾਂ ਜਵਾਬਦੇਹੀ ਦੇ ਪ੍ਰਮਾਣੂ ਰਿਐਕਟਰ ਵੇਚਣ ਅਤੇ ਚਲਾਉਣ ਦੀ ਮਨਜ਼ੂਰੀ ਦੇਣ ਦਾ ਵਾਅਦਾ ਕੀਤਾ ਸੀ। ਹੁਣ ਇਸ ਵਾਅਦੇ ਨੂੰ ਪੂਰਾ ਕਰਦਿਆਂ ਮੋਦੀ ਹਕੂਮਤ ਵੱਲੋਂ 'ਸ਼ਾਂਤੀ' ਨਾਂ ਦਾ ਬਿੱਲ ਪਾਸ ਕਰ ਦਿੱਤਾ ਗਿਆ ਹੈ ਅਤੇ  ਭਾਰਤੀ ਲੋਕਾਂ ਦੀਆਂ ਜਾਨਾਂ, ਸਿਹਤਾਂ ਅਤੇ ਵਾਤਾਵਰਣ ਸੁਰੱਖਿਆ ਨੂੰ ਗੰਭੀਰ ਖਤਰੇ ਵਿੱਚ ਪਾ ਕੇ ਵੀ ਸਾਮਰਾਜੀ ਮਾਲਕਾਂ ਦੀ ਚਾਕਰੀ ਦੇ ਡੁੱਲ੍ਹ-ਡੁੱਲ੍ਹ ਪੈਂਦੇ ਜਜ਼ਬੇ ਦੀ ਗਵਾਹੀ ਦਿੱਤੀ ਗਈ ਹੈ। 
ਹੁਣ ਤੱਕ ਸਿਰਫ ਜਨਤਕ ਖੇਤਰ ਦੀਆਂ ਕੰਪਨੀਆਂ ਨਿਊਕਲੀਅਰ ਪਾਵਰ ਪਲਾਂਟ ਚਲਾਉਣ ਲਈ ਅਧਿਕਾਰਤ ਸਨ। ਹੁਣ ਇਸ ਬਿੱਲ ਰਾਹੀਂ ਪ੍ਰਾਈਵੇਟ ਕੰਪਨੀਆਂ ਨੂੰ ਸੰਵੇਦਨਸ਼ੀਲ ਪਰਮਾਣੂ ਊਰਜਾ ਦੇ ਖੇਤਰ ਵਿੱਚੋਂ ਬੇਥਾਹ ਕਮਾਈਆਂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਸਾਮਰਾਜੀ ਕੰਪਨੀਆਂ ਲਈ ਇਸ ਖੇਤਰ ਵਿੱਚੋਂ ਮੁਨਾਫੇ ਬਟੋਰਨ ਦਾ ਰਾਹ ਖੋਲ੍ਹ ਦਿੱਤਾ ਗਿਆ ਹੈ। ਇਸ ਬਿੱਲ ਰਾਹੀਂ  ਇਹ ਗਰੰਟੀ ਕਰ ਦਿੱਤੀ ਗਈ ਹੈ ਕਿ ਖਰਾਬ ਤਕਨੀਕ ਜਾਂ ਮਸ਼ੀਨਰੀ ਦੀ ਵਜ੍ਹਾ ਕਾਰਨ ਹੋਣ ਵਾਲੇ ਕਿਸੇ ਵੀ ਹਾਦਸੇ ਲਈ ਇਹ ਮਸ਼ੀਨਰੀ ਅਤੇ ਤਕਨੀਕ ਵੇਚਣ ਵਾਲੀਆਂ ਕੰਪਨੀਆਂ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾਵੇਗਾ। ਮੌਜੂਦਾ ਸਮੇਂ ਸੰਸਾਰ ਪੱਧਰ ਉੱਤੇ ਇਹ ਪ੍ਰਵਾਨਿਤ ਹੈ ਕਿ ਕਿਸੇ ਹਾਦਸੇ ਦੀ ਸੂਰਤ ਵਿੱਚ ਪਲਾਂਟ ਚਲਾਉਣ ਵਾਲੀ ਕੰਪਨੀ ਹੋਏ ਨੁਕਸਾਨ ਦੇ ਹਿਸਾਬ ਨਾਲ ਪੀੜ੍ਹਤਾਂ ਨੂੰ ਮੁਆਵਜ਼ਾ ਅਦਾ ਕਰੇਗੀ। ਇਹ ਮੁਆਵਜ਼ਾ ਤੁਰੰਤ, ਕਾਰਨਾਂ ਦੀ ਛਾਣਬੀਣ ਤੋਂ ਵੀ ਪਹਿਲਾਂ ਅਦਾ ਕੀਤੇ ਜਾਣਾ ਹੁੰਦਾ ਹੈ। ਜੇਕਰ ਛਾਣਬੀਣ ਉਪਰੰਤ ਪਲਾਂਟ ਚਲਾਉਣ ਵਾਲੀ ਕੰਪਨੀ ਇਹ ਸਥਾਪਤ ਕਰ ਸਕੇ ਕਿ ਹਾਦਸਾ ਮਸ਼ੀਨਰੀ ਚਲਾਉਣ ਵਿੱਚ ਕਿਸੇ ਗਲਤੀ ਕਾਰਨ ਨਹੀਂ ਸਗੋਂ ਨਾਕਸ ਮਸ਼ਨੀਰੀ ਜਾਂ ਤਕਨੀਕ ਕਾਰਨ ਹੋਇਆ ਹੈ ਤਾਂ ਉਹ ਮੁਆਵਜ਼ਾ ਦੇਣ ਦੀ ਜਿੰਮੇਵਾਰ ਮਸ਼ੀਨਰੀ ਅਤੇ ਤਕਨੀਕ ਵੇਚਣ ਵਾਲੀ ਕੰਪਨੀ ਬਣ ਜਾਂਦੀ ਹੈ। 2010 ਵਿੱਚ ਪਾਸ ਹੋਏ ਪ੍ਰਮਾਣੂ ਹਾਦਸਿਆਂ ਲਈ ਸਿਵਲ ਜਵਾਬਦੇਹੀ ਕਾਨੂੰਨ ਵਿੱਚ ਇਹ ਧਾਰਾ ਮੌਜੂਦ ਸੀ ਕਿ ਜੇਕਰ ਪ੍ਰਮਾਣੂ ਹਾਦਸਾ ਸਪਲਾਇਰਾਂ ਦੀ ਗਲਤੀ ਜਾਂ ਉਹਨਾਂ ਦੀ ਨੁਕਸਦਾਰ ਮਸ਼ੀਨਰੀ ਕਾਰਨ ਵਾਪਰਦਾ ਹੈ ਤਾਂ ਉਹ ਨੁਕਸਾਨ ਦੀ ਭਰਪਾਈ ਲਈ ਜਿੰਮੇਵਾਰ ਹੋਣਗੇ। 'ਸ਼ਾਂਤੀ' ਬਿੱਲ ਵਿੱਚੋਂ ਇਹ ਧਾਰਾ ਹਟਾ ਦਿੱਤੀ ਗਈ ਹੈ। ਇੱਥੋਂ ਤੱਕ ਕਿ 'ਸਪਲਾਇਰ' ਸ਼ਬਦ ਦਾ ਜ਼ਿਕਰ ਵੀ ਹਟਾ ਦਿੱਤਾ ਗਿਆ ਹੈ। ਸਾਮਰਾਜੀ ਕੰਪਨੀਆਂ ਦੀ ਪ੍ਰਮਾਣੂ ਤਕਨੀਕ ਅਤੇ ਮਸ਼ੀਨਰੀ ਦੇ ਖੇਤਰ ਵਿੱਚ ਮੁਕੰਮਲ ਅਜਾਰੇਦਾਰੀ ਹੈ ਅਤੇ ਅਮਰੀਕਾ ਅਤੇ ਫਰਾਂਸ ਦੀਆਂ ਕੰਪਨੀਆਂ ਇਸ ਖੇਤਰ ਦੀਆਂ ਧੜਵੈਲ ਕੰਪਨੀਆਂ ਹਨ। ਟਰੰਪ ਵਰਗਿਆਂ ਦੇ ਇਸ਼ਾਰੇ ਉੱਤੇ ਇਹਨਾਂ ਦੇ ਹਿੱਤ ਪੂਰਨ ਦਾ ਭਾਰਤੀ ਹਾਕਮਾਂ ਉੱਤੇ ਡਾਢਾ ਦਬਾਅ ਹੈ ਜਿਹੜਾ 'ਸ਼ਾਂਤੀ' ਬਿੱਲ ਲਿਆਉਣ ਦੀ ਅਸਲ ਵਜ੍ਹਾ ਬਣਿਆ ਹੈ। ਹੁਣ “ਸਪਲਾਇਰਾਂ” ਵਜੋਂ ਇਹ ਕੰਪਨੀਆਂ ਕਿਸੇ ਵੱਡੇ ਪ੍ਰਮਾਣੂ ਹਾਦਸੇ ਦੀ ਸੂਰਤ ਵਿੱਚ ਵੀ ਜਵਾਬਦੇਹੀ ਤੋਂ ਪੂਰਨ ਤੌਰ ਉੱਤੇ ਆਜ਼ਾਦ ਹਨ। 
ਜਿੱਥੋਂ ਤੱਕ ਪਲਾਂਟ ਚਲਾਉਣ ਵਾਲੀਆਂ ਕੰਪਨੀਆਂ ਦੀ ਜਵਾਬਦੇਹੀ ਤੈਅ ਕਰਨ ਦਾ ਸਵਾਲ ਹੈ,  ਉਹਨਾਂ ਲਈ ਵੀ ਲਗਭਗ ਛੂਟ ਵਾਲੀ ਹਾਲਤ ਹੀ ਹੈ। ਕਿਸੇ ਹਾਦਸੇ ਦੀ ਸੂਰਤ ਵਿੱਚ 3600 MW ਤੋਂ ਉੱਪਰ ਸਮਰੱਥਾ ਵਾਲੀਆਂ ਕੰਪਨੀਆਂ ਵੱਧ ਤੋਂ ਵੱਧ 3000 ਕਰੋੜ ਰੁਪਏ ਦੀਆਂ ਦੇਣਦਾਰ ਹੋਣਗੀਆਂ ਜਦੋਂ ਕਿ ਇਸ ਤੋਂ ਉੱਪਰਲੇ ਪੈਸੇ ਸਰਕਾਰ ਭਰੇਗੀ। ਹਕੀਕਤ ਇਹ ਹੈ ਕਿ ਅਜਿਹੇ ਹਾਦਸਿਆਂ ਵਿੱਚ ਹੋਣ ਵਾਲੇ ਨੁਕਸਾਨ ਕਈ ਲੱਖ ਕਰੋੜ ਤੱਕ ਜਾ ਅੱਪੜਦੇ ਹਨ। 2011 ਵਿੱਚ ਵਾਪਰੇ ਫੁਕੂਸ਼ੀਮਾ ਪ੍ਰਮਾਣੂ ਹਾਦਸੇ ਵਿੱਚ ਹੋਏ ਨੁਕਸਾਨ ਦਾ ਅੰਦਾਜ਼ਾ 20 ਲੱਖ ਕਰੋੜ ਦਾ ਸੀ ਅਤੇ ਦੋਹੇਂ ਚੇਰਨੋਬਿਲ ਪ੍ਰਮਾਣੂ ਹਾਦਸੇ ਵਿੱਚ ਇਹ 70 ਲੱਖ ਕਰੋੜ ਤੋਂ ਵੀ ਪਾਰ ਹੋ ਜਾਣ ਦੇ ਅਨੁਮਾਨ ਹਨ। ਇਸਦਾ ਮਤਲਬ ਹੈ ਕਿ ਲੱਖਾਂ ਕਰੋੜਾਂ ਦੇ ਨੁਕਸਾਨ ਵਿੱਚੋਂ ਕੰਪਨੀ ਸਿਰਫ 3000 ਕਰੋੜ ਰੁਪਏ ਦੇਵੇਗੀ ਅਤੇ ਬਾਕੀ ਨੁਕਸਾਨ ਆਮ ਲੋਕਾਂ ਦੇ ਸਿਰ 'ਤੇ ਪੂਰਾ ਕੀਤਾ ਜਾਵੇਗਾ। ਇਸ ਤੋਂ ਵੀ ਅੱਗੇ ਇਹ 3000 ਕਰੋੜ ਰੁਪਿਆ ਸਿਰਫ 3600 MW ਤੋਂ ਉੱਪਰ ਦੀ ਸਮਰੱਥਾ ਵਾਲੀਆਂ ਕੰਪਨੀਆਂ ਲਈ ਹੈ। ਇਸ ਤੋਂ ਘੱਟ ਸਮਰੱਥਾ ਵਾਲੇ ਪਲਾਂਟਾਂ ਲਈ ਤਾਂ ਇਹ ਰਕਮ ਹੋਰ ਵੀ ਨਿਗੂਣੀ ਹੈ। ਉਦਾਹਰਨ ਵਜੋਂ 150 MW ਤੱਕ ਦੇ ਪਲਾਂਟਾਂ ਲਈ ਇਹ ਰਕਮ ਮਹਿਜ 100 ਕਰੋੜ ਰੁਪਿਆ ਹੈ। ਜਦੋਂ ਕਿ ਹਕੀਕਤ ਇਹ ਹੈ ਕਿ ਭਾਵੇਂ ਪਲਾਂਟ ਦੀ ਸਮਰੱਥਾ ਘੱਟ ਵੀ ਹੋਵੇ, ਜਦੋਂ ਕੋਈ ਪ੍ਰਮਾਣੂ ਹਾਦਸਾ ਵਾਪਰਦਾ ਹੈ ਤਾਂ ਇਹ ਪ੍ਰਮਾਣੂ ਬੰਬ ਫਟਣ ਵਾਂਗ ਹੁੰਦਾ ਹੈ, ਜਿਸਦੀ ਮਾਰ ਬਹੁਤ ਦੂਰ ਦੇ ਖੇਤਰਾਂ ਤੱਕ ਅਤੇ ਕਈ-ਕਈ ਪੀੜ੍ਹੀਆਂ ਤੱਕ ਰਹਿੰਦੀ ਹੈ। ਇਸਦਾ ਅਰਥ ਹੈ ਹਾਦਸਾ ਵੀ ਲੋਕਾਂ ਨਾਲ ਅਤੇ ਹਾਦਸੇ ਦੀ ਭਰਪਾਈ ਦੀ ਜਿੰਮੇਵਾਰੀ ਵੀ ਲੋਕਾਂ ਸਿਰ। ਕੰਪਨੀਆਂ ਲਈ ਸਿਰਫ ਮੁਨਾਫ਼ੇ ਅਤੇ ਮੁਨਾਫ਼ੇ। 
2011 ਦੇ ਫੁਕੂਸ਼ੀਮਾ ਪ੍ਰਮਾਣੂ ਹਾਦਸੇ ਤੋਂ ਬਾਅਦ ਜਨਤਕ ਦਬਾਅ ਹੇਠ ਸਰਕਾਰ ਨੂੰ ਇੱਕ 'ਆਜ਼ਾਦ ਪ੍ਰਮਾਣੂ ਨਿਗਰਾਨ ਅਥਾਰਿਟੀ' ਕਾਇਮ ਕਰਨ ਲਈ ਬਿੱਲ ਪੇਸ਼ ਕਰਨ ਪਿਆ ਸੀ। ਪਰ ਬਾਅਦ ਵਿੱਚ ਇਸ  ਬਿੱਲ ਸਬੰਧੀ ਚੁੱਪ ਧਾਰ ਲਈ ਗਈ। ਹੁਣ 'ਸ਼ਾਂਤੀ' ਬਿੱਲ ਅਧੀਨ 'ਪ੍ਰਮਾਣੂ ਊਰਜਾ ਨਿਗਰਾਨ ਬੋਰਡ' ਕਾਇਮ ਕੀਤਾ ਗਿਆ ਹੈ। ਇਸ ਬੋਰਡ ਦੇ ਸੱਤੇ ਮੈਂਬਰ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤੇ ਜਾਣੇ ਹਨ। ਇਸਨੇ ਪ੍ਰਮਾਣੂ ਊਰਜਾ ਵਿਭਾਗ ਅਧੀਨ ਲੱਗੇ ਪ੍ਰਮਾਣੂ ਪਲਾਂਟਾਂ ਦੀ ਨਿਗਰਾਨੀ ਕਰਨੀ ਹੈ ਜਦੋਂ ਕਿ ਇਹ ਆਪ ਇਸੇ ਵਿਭਾਗ ਦੇ ਅਧੀਨ ਹੈ। ਇਹਦੇ ਅਧੀਨ ਆਉਣ ਵਾਲੇ ਮਾਮਲਿਆਂ ਉੱਤੇ ਕੋਈ ਸਿਵਲ ਕੋਰਟ ਸੁਣਵਾਈ ਨਹੀਂ ਕਰ ਸਕਦੀ। ਯਾਨਿ ਕਿ ਜਿਸ ਦਬਾਅ ਅਧੀਨ ਇਹ ਕਾਨੂੰਨ ਲਿਆਂਦਾ ਗਿਆ ਹੈ ਉਸੇ ਦਬਾਅ ਅਧੀਨ ਇਹ ਬੋਰਡ ਪੈਮਾਨੇ ਤੈਅ ਕਰੇਗਾ, ਜਿਹਨਾਂ ਉੱਪਰ ਕਿੰਤੂ ਪ੍ਰੰਤੂ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੋਵੇਗਾ। ਕਿਸ ਵਿਕਿਰਨ ਪੱਧਰ ਨੂੰ ਕਾਮਿਆਂ ਅਤੇ ਆਮ ਲੋਕਾਂ ਲਈ ਸੁਰੱਖਿਅਤ ਮੰਨਣਾ ਹੈ, ਕਿਸੇ ਪੱਧਰ ਦਾ ਵਿਕਿਰਨ ਰਸਾਅ ਵਾਤਾਵਰਣ ਵਿੱਚ ਹੋ ਸਕਦਾ ਹੈ, ਕਿਹੋ ਜਿਹੇ ਸੁਰੱਖਿਆ ਮਾਪਦੰਡ ਤੈਅ ਕਰਨੇ ਹਨ, ਕੰਮ ਹਾਲਤਾਂ ਕਿਹੋ ਜਿਹੀਆਂ ਹੋ ਸਕਦੀਆਂ ਹਨ, ਪ੍ਰਮਾਣੂ ਕਚਰੇ ਦਾ ਕੀ ਕਰਨਾ ਹੈ, ਇੱਥੋਂ ਤੱਕ ਕਿ ਵਿਕਿਰਨਾਂ ਛੱਡ ਰਹੇ ਕਿਸ ਪ੍ਰਮਾਣੂ ਪਲਾਂਟ ਜਾਂ ਰੇਡੀਓ ਐਕਟਿਵ ਮਟੀਰੀਅਲ ਨੂੰ ਸੁਰੱਖਿਆ ਨਿਯਮਾਂ ਵਿੱਚ ਛੋਟ ਦੇਣੀ ਹੈ ਆਦਿ ਸਭ ਇਹ ਬੋਰਡ ਤੈਅ ਕਰੇਗਾ ਅਤੇ ਆਪਣੇ ਸਾਮਰਾਜੀ ਆਕਾਵਾਂ ਦੇ ਦਬਾਅ ਹੇਠ ਕੇਂਦਰ ਸਰਕਾਰ ਬੋਰਡ ਦੇ ਕਾਰਜ ਨੂੰ ਕੰਟਰੋਲ ਕਰੇਗੀ। 
ਭਾਰਤ ਅੰਦਰ ਮੌਜੂਦ ਕੁਦਰਤੀ ਹਵਾ ਊਰਜਾ, ਜਲ ਊਰਜਾ, ਸੂਰਜੀ ਊਰਜਾ ਦੀ ਵਰਤੋਂ ਨਾਲ ਦੇਸੀ ਤਕਨੀਕ ਉੱਤੇ ਅਧਾਰਿਤ ਊਰਜਾ ਉਤਪਾਦਨ ਸਰਕਾਰ ਦੇ ਏਜੰਡੇ ਉੱਤੇ ਨਹੀਂ ਹੈ। ਇੱਥੋਂ ਤੱਕ ਕਿ ਭਾਰਤ ਅੰਦਰ ਬਹੁਤਾਤ ਵਿੱਚ ਮੌਜੂਦ ਥੋਰੀਅਮ ਨੂੰ ਪ੍ਰਮਾਣੂ ਬਾਲਣ ਵਜੋਂ ਵਿਕਸਿਤ ਕਰਨ ਅਤੇ ਇਸ ਉੱਤੇ ਅਧਾਰਿਤ ਬਿਜਲੀ ਉਤਪਾਦਨ ਦਾ ਕੰਮ ਵੀ ਪਿੱਛੇ ਛੱਡਿਆ ਜਾ ਚੁੱਕਾ ਹੈ। ਨਿਰੋਲ ਵਿਦੇਸ਼ੀ ਤਕਨੀਕ, ਵਿਦੇਸ਼ੀ ਮਸ਼ੀਨਰੀ ਅਤੇ ਵਿਦੇਸ਼ੀ ਬਾਲਣ ਉੱਤੇ ਅਧਾਰਿਤ ਪ੍ਰਮਾਣੂ ਪਲਾਂਟ ਸਾਡੇ ਮੁਲਕ ਦੇ ਸੋਮਿਆਂ ਨਾਲੋਂ ਵੀ ਟੁੱਟੇ ਹੋਏ ਹਨ ਅਤੇ ਲੋੜਾਂ ਨਾਲੋਂ ਵੀ ਟੁੱਟੇ ਹੋਏ ਹਨ। ਊਰਜਾ ਖੇਤਰ ਵਿੱਚ ਵੱਡੀ ਪੁਲਾਂਘ ਪੁੱਟਣ ਦੇ ਨਾਂ ਹੇਠ ਹਕੀਕਤ ਵਿੱਚ ਸਾਮਰਾਜੀ ਮੁਨਾਫ਼ਿਆਂ ਦੀਆਂ ਲੋੜਾਂ ਅੱਗੇ ਝੁਕਿਆ ਗਿਆ ਹੈ ਅਤੇ ਬਹੁਤ ਵੱਡੇ ਦਰਾਮਦੀ ਖਰਚਿਆਂ ਦਾ ਬੋਝ ਲੋਕਾਂ ਉੱਤੇ ਪਾਇਆ ਗਿਆ ਹੈ।
ਪ੍ਰਮਾਣੂ ਊਰਜਾ ਦਾ ਖੇਤਰ ਕਿਸੇ ਵੀ ਆਮ ਊਰਜਾ ਉਤਪਾਦਨ ਖੇਤਰ ਤੋਂ ਬਹੁਤ ਵੱਖਰਾ ਹੈ। ਇਸ ਨਾਲ ਗੰਭੀਰ ਖਤਰੇ ਜੁੜੇ ਹੋਏ ਹਨ। ਅਨੇਕਾਂ ਦੇਸ਼ ਪ੍ਰਮਾਣੂ ਊਰਜਾ ਦੀ ਵਰਤੋਂ ਦੇ ਖ਼ਿਲਾਫ਼ ਕਾਨੂੰਨ ਪਾਸ ਕਰ ਚੁੱਕੇ ਹਨ ਜਾਂ ਫੈਸਲੇ ਲੈ ਚੁੱਕੇ ਹਨ। ਆਸਟਰੀਆ, ਡੈਨਮਾਰਕ, ਆਇਰਲੈਂਡ, ਨਿਊਜੀਲੈਂਡ, ਨਾਰਵੇ, ਪੁਰਤਗਾਲ, ਸਰਬੀਆ ਆਦਿ ਇਹਨਾਂ ਦੇਸ਼ਾਂ ਵਿੱਚ ਸ਼ੁਮਾਰ ਹਨ। ਕਿੰਨੇ ਹੀ ਦੇਸ਼ ਜਿਹੜੇ ਪਹਿਲਾਂ ਪ੍ਰਮਾਣੂ ਸ਼ਕਤੀ ਤੋਂ ਬਿਜਲੀ ਪੈਦਾ ਕਰਨ ਦੇ ਰਾਹ ਉੱਤੇ ਤੁਰ ਚੁੱਕੇ ਸਨ, ਉਹ ਬੀਤੇ ਦੇ ਪ੍ਰਮਾਣੂ ਹਾਦਸਿਆਂ ਤੋਂ ਸਿੱਖਦਿਆਂ ਇਸ ਰਾਹ ਤੋਂ ਪਿੱਛੇ ਮੁੜੇ ਹਨ। ਜਰਮਨੀ, ਇਟਲੀ, ਤਾਇਵਾਨ ਨੇ ਇੱਕ-ਇੱਕ ਕਰਕੇ ਆਪਣੇ ਪ੍ਰਮਾਣੂ ਪਲਾਂਟ ਬੰਦ ਕੀਤੇ ਹਨ। ਸਪੇਨ ਤੇ ਸਵਿੱਟਜਰਲੈਂਡ ਵਰਗੇ ਦੇਸ਼ ਅਜਿਹੇ ਪਲਾਂਟ ਬੰਦ ਕਰਨ ਦੇ ਰਾਹ ਉੱਤੇ ਤੁਰ ਰਹੇ ਹਨ। ਅਜਿਹੇ ਵਿੱਚ ਪ੍ਰਮਾਣੂ ਸਾਜੋ ਸਮਾਨ ਵੇਚਣ ਵਾਲੀਆਂ ਕੰਪਨੀਆਂ ਦੇ ਮੁਨਾਫ਼ਿਆਂ ਦਾ ਸਾਰਾ ਦਬਾਅ ਸਾਡੇ ਵਰਗੇ ਦੇਸ਼ਾਂ 'ਤੇ ਆ ਪਿਆ ਹੈ। ਜਿਹਨਾਂ ਦੀਆਂ ਹਕੂਮਤਾਂ ਸਾਮਰਾਜੀ ਦਬਾਅ ਅੱਗੇ ਪੂਰੀ ਤਰ੍ਹਾਂ ਗੋਡਿਆਂ ਭਾਰ ਹੋਈਆਂ ਪਈਆਂ ਹਨ। ਇੱਕ ਪਾਸੇ ਇਹ ਸਾਮਰਾਜੀ ਦਬਾਅ ਅੱਗੇ ਗੋਡਿਆਂ ਭਾਰ ਹਨ, ਦੂਜੇ ਪਾਸੇ ਇਸ ਵਿੱਚ ਇਹਨਾਂ ਦੇ ਆਪਣੇ ਹਿਤ ਵੀ ਸ਼ਾਮਿਲ ਹਨ। ਨਾ ਸਿਰਫ ਜਿਸ ਦਲਾਲ ਜਮਾਤ ਦੀ ਇਹ ਹਕੂਮਤ ਨੁਮਾਇੰਦਗੀ ਕਰਦੀ ਹੈ, ਉਸਨੇ ਵੀ ਇਹਨਾਂ ਪਲਾਂਟਾਂ ਅਤੇ ਦਰਾਮਦਾਂ 'ਚੋਂ ਕਮਾਈਆਂ ਕਰਨੀਆਂ ਹਨ। (ਟਾਟਾ ਅਤੇ ਨਵੀਨ ਜਿੰਦਲ ਗਰੁੱਪ ਇਸ ਪੱਖੋਂ ਸਭ ਤੋਂ ਪਹਿਲਾਂ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ) ਸਗੋਂ ਭਾਰਤੀ ਹਾਕਮਾਂ ਅੰਦਰ ਅਮਰੀਕਾ ਦੀ ਛਤਰਛਾਇਆ ਹੇਠ ਇੱਕ ਇਲਾਕਾਈ ਤਾਕਤ ਬਣਨ ਦੀਆਂ ਵੀ ਲਾਲਸਾਵਾਂ ਹਨ। ਇਹ ਦੱਖਣੀ ਏਸ਼ੀਆਂ ਦੇ ਇਸ ਖਿੱਤੇ ਵਿੱਚ ਅਮਰੀਕੀ ਥਾਣੇਦਾਰੀ ਹੇਠ ਹੌਲਦਾਰੀ ਕਰਨ ਦੀਆਂ ਲਾਲਸਾਵਾਂ ਹਨ ਅਤੇ ਇਸ ਪੱਖੋਂ ਪ੍ਰਮਾਣੂ ਸ਼ਕਤੀ ਵਜੋਂ ਉਭਰਨ ਧੁੱਸ ਵੀ ਹੈ। ਇਸ ਧੁੱਸ ਦਾ ਲੋਕਾਂ ਦੀਆਂ ਲੋੜਾਂ ਨਾਲ ਜਾਂ ਭਾਰਤ ਦੇ ਲੋਕਾਂ ਦੀ ਅਸਲ ਤਾਕਤ ਨਾਲ ਉੱਕਾ ਹੀ ਕੋਈ ਲੈਣਾ ਦੇਣਾ ਨਹੀਂ ਹੈ। 2008 ਵਿੱਚ ਵੀ ਜਦੋ ਮਨਮੋਹਨ ਸਿੰਘ ਸਰਕਾਰ ਨੇ ਵੱਡਾ ਸਿਆਸੀ ਜੋਖਮ ਉਠਾ ਕੇ ਵੀ ਭਾਰਤ ਅਮਰੀਕਾ ਪ੍ਰਮਾਣੂ ਸਮਝੌਤਾ ਕੀਤਾ ਸੀ ਤਾਂ ਉਸ ਵੇਲੇ ਵੀ ਅਮਰੀਕਾ ਦੇ ਲੰਬੀ ਦੂਰੀ ਦੇ ਸੰਗੀ ਵਜੋਂ ਰਸੂਖ ਕਾਇਮ ਕਰਨ ਦੀਆਂ ਲੋੜਾਂ ਸਨ ਅਤੇ ਖੇਤਰੀ ਪਸਾਰਵਾਦ ਦੀਆਂ ਲਾਲਸਾਵਾਂ ਵੀ ਸਨ। ਭਾਰਤੀ ਹਾਕਮ ਜਮਾਤਾਂ ਦੇ ਇਸੇ ਰਸੂਖ ਅਤੇ ਲਾਲਸਾ ਲਈ ਹੁਣ ਮੋਦੀ ਹਕੂਮਤ ਅਗਲੇਰੇ ਕਦਮ ਪੁੱਟ ਰਹੀ ਹੈ। 
ਭਾਰਤੀ ਲੋਕਾਂ ਦੇ ਹਿਤ ਤਾਂ ਮੰਗ ਕਰਦੇ ਹਨ ਕਿ ਅਮਰੀਕੀ ਗਲਬੇ ਸਮੇਤ ਹਰ ਕਿਸਮ ਦੇ ਸਾਮਰਾਜੀ ਗਲਬੇ ਵਿੱਚੋਂ ਪੂਰੀ ਤਰ੍ਹਾਂ ਬਾਹਰ ਆਇਆ ਜਾਵੇ। ਨਿਊਕਲੀਅਰ ਊਰਜਾ ਦੇ ਖੇਤਰ ਵਿੱਚ ਪਹਿਲਾਂ ਹੋ ਰਿਹਾ ਉਤਪਾਦਨ ਵੀ ਖਤਰਿਆਂ ਅਤੇ ਲੋੜਾਂ ਦੇ ਪ੍ਰਸੰਗ ਵਿੱਚ ਮੁੜ ਵਾਚਿਆ ਜਾਵੇ। ਨਿਊਕਲੀਅਰ ਖੇਤਰ ਅੰਦਰ ਭਾਰੀ ਦਰਾਮਦਾਂ ਬੰਦ ਕੀਤੀਆਂ ਜਾਣ ਅਤੇ ਦੇਸੀ ਸਰੋਤਾਂ ਦੇ ਵਿਕਾਸ ਲਈ ਪੂੰਜੀ ਖਰਚ ਕੇ ਖਤਰਾ ਰਹਿਤ ਅਤੇ ਸਸਤੀ ਊਰਜਾ ਹਾਸਲ ਕਰਨ ਲਈ ਆਤਮ ਨਿਰਭਰ ਹੋਇਆ ਜਾਵੇ। ਮੁਲਕ ਦੇ ਹਿਤਾਂ ਤੇ ਲੋੜਾਂ ਦੇ ਇਸ ਪ੍ਰਸੰਗ ਵਿੱਚ ਮੌਜੂਦਾ ਬਿੱਲ ਪੂਰੀ ਤਰ੍ਹਾਂ ਲੋਕ ਹਿਤਾਂ ਦੇ ਵਿਰੋਧੀ ਬਿੱਲ ਹੈ ਅਤੇ ਲੋਕਾਂ ਅੰਦਰ ਇਸਦੀ ਖਸਲਤ ਪ੍ਰਚਾਰੀ ਜਾਣੀ ਚਾਹੀਦੀ ਹੈ।  --0--


ਚੇਰਨੋਬਿਲ ਵਰਗਾ ਦੁਖਾਂਤ ਏਥੇ ਵੀ ਵਾਪਰ ਸਕਦਾ ਹੈ

 ਚੇਰਨੋਬਿਲ ਵਰਗਾ ਦੁਖਾਂਤ ਏਥੇ ਵੀ ਵਾਪਰ ਸਕਦਾ ਹੈ

     ਸੋਵੀਅਤ ਰੂਸ ਦੇ ਸ਼ਹਿਰ ਪ੍ਰਿਪਯਾਤ ਜੋ ਕਿ ਅੱਜਕੱਲ੍ਹ ਯੂਕਰੇਨ ਦਾ ਹਿੱਸਾ ਹੈ, ਵਿੱਚ ਲੱਗੇ ਚੇਰਨੋਬਿਲ ਪਰਮਾਣੂ ਪਲਾਂਟ ਅੰਦਰ 26 ਅਪ੍ਰੈਲ 1986 ਨੂੰ ਇੱਕ ਭਿਆਨਕ ਹਾਦਸਾ ਵਾਪਰਿਆ। ਹਾਦਸੇ ਦਾ ਮੁੱਖ ਕਾਰਨ ਪ੍ਰਮਾਣੂ ਰਿਐਕਟਰ ਦਾ ਨੁਕਸਦਾਰ ਡਿਜਾਇਨ ਸੀ। ਐਮਰਜੈਂਸੀ ਸੁਰੱਖਿਆ ਸਿਸਟਮ ਦੀ ਪਰਖ ਦੌਰਾਨ ਰਿਐਕਟਰ ਦੀ ਪ੍ਰਮਾਣੂ ਕਿਰਿਆ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਜਿਸ ਪ੍ਰਮਾਣੂ ਕਿਰਿਆਵਾਂ ਦੀ ਲੜੀ ਨਾਲ ਊਰਜਾ ਉਤਪਾਦਨ ਕੀਤਾ ਜਾਂਦਾ ਸੀ, ਉਹ ਆਪਮੁਹਾਰੀ ਚੱਲਣ ਲੱਗੀ। ਕਈ ਧਮਾਕੇ ਹੋਏ ਜਿਹਨਾਂ ਨਾਲ ਰਿਐਕਟਰ ਦਾ ਸਟੀਲ ਅਤੇ ਕੰਕਰੀਟ ਤੋਂ ਬਣਿਆ ਭਾਰੀ ਢੱਕਣ ਉੱਡ ਗਿਆ। ਵਾਤਾਵਰਣ ਵਿੱਚ ਵੱਡੇ ਪੱਧਰ ਉੱਤੇ ਰੇਡੀਓਐਕਟਿਵ ਤੱਤਾਂ ਦਾ ਰਿਸਾਅ ਹੋ ਗਿਆ। 30 ਕਿਲੋਮੀਟਰ ਦੇ ਘੇਰੇ ਵਿੱਚੋਂ ਪਹਿਲੇ ਦੋ ਦਿਨਾਂ ਵਿੱਚ 1,70000 ਲੋਕਾਂ ਨੂੰ ਕੱਢਣਾ ਪਿਆ ਜਿਹੜੇ ਮੁੜ ਕਦੇ ਆਪਣੇ ਘਰਾਂ ਵਿੱਚ ਨਾ ਵਸ ਸਕੇ। ਅਗਲੇ ਸਮੇਂ ਵਿੱਚ ਇਹ ਗਿਣਤੀ ਸਾਢੇ ਤਿੰਨ ਲੱਖ ਤੱਕ ਜਾ ਅੱਪੜੀ, ਇਹਨਾਂ ਲਈ ਬਾਅਦ ਵਿੱਚ ਵੱਖਰਾ ਸ਼ਹਿਰ ਵਸਾਇਆ ਗਿਆ। ਇਸ ਹਾਦਸੇ ਨਾਲ 1 ਲੱਖ ਵਰਗ ਕਿਲੋਮੀਟਰ ਜ਼ਮੀਨ ਜਹਿਰੀਲੀ ਹੋ ਗਈ। ਹਵਾ ਨੇ ਇਸ ਧਮਾਕੇ ਦੇ ਅਸਰ ਹਜ਼ਾਰਾਂ ਕਿ.ਮੀ. ਤੱਕ ਪਹੁੰਚਾ ਦਿੱਤੇ। ਰੂਸ, ਬੇਲਾਰੂਸ ਅਤੇ ਯੂਕਰੇਨ ਦੇ ਵੱਡੇ ਹਿੱਸੇ ਤਾਂ ਇਸਦੀ ਮਾਰ ਵਿੱਚ ਆਏ ਹੀ ਆਏ, ਯੂਰਪ ਦੇ ਦੂਜੇ ਦੇਸ਼ਾਂ ਨੇ ਵੀ ਇਸ ਹਾਦਸੇ ਦੇ ਨੁਕਸਾਨ ਝੱਲੇ। ਹਾਦਸੇ ਤੋਂ ਦੋ ਦਿਨ ਬਾਅਦ ਇਸ ਥਾਂ ਤੋਂ 1000 ਕਿ.ਮੀ. ਦੂਰ ਸਵੀਡਨ ਦੇ ਨਿਊਕਲੀਅਰ ਪਲਾਂਟ ਵਿੱਚ ਲੱਗੇ ਰੇਡੀਓਐਕਟਿਵ ਰਸਾਅ ਦੀ ਜਾਣਕਾਰੀ ਦੇਣ ਵਾਲੇ ਅਲਾਰਮ ਵੱਜਣ ਲੱਗੇ, ਜਿਹਨਾਂ ਦਾ ਕਾਰਨ ਚੇਰਨੋਬਿਲ ਦੀਆਂ ਨਿਊਕਲੀਅਰ ਕਿਰਨਾਂ ਸਨ। ਇਸ ਥਾਂ ਤੋਂ 1100 ਕਿ.ਮੀ. ਦੂਰ ਲੋਕਾਂ ਦੇ ਕੱਪੜਿਆਂ ਉੱਤੇ ਵੀ ਰੇਡੀਓਐਕਟਿਵ ਕਣ ਪਾਏ ਗਏ। 31 ਮਨੁੱਖੀ ਜਾਨਾਂ ਤਾਂ ਤੁਰੰਤ ਹੀ ਇਸ ਰਿਸਾਅ ਕਰਕੇ ਖਤਮ ਹੋ ਗਈਆਂ ਸਨ। ਹਜ਼ਾਰਾਂ ਹੋਰ ਜਾਨਾਂ ਅਤੇ ਪਸ਼ੂ ਇਹਨਾਂ ਕਿਰਨਾਂ ਕਰਕੇ ਅਗਲੇ ਵਰ੍ਹਿਆਂ ਅੰਦਰ ਅਤੇ ਅਗਲੀਆਂ ਪੀੜ੍ਹੀਆਂ ਤੱਕ ਮਰਦੇ ਰਹੇ ਜਾਂ ਕਿਰਨਾਂ ਦੀ ਵਜ੍ਹਾ ਕਰਕੇ ਹੋਣ ਵਰਗੀਆਂ ਕੈਂਸਰ, ਅਪੰਗਤਾ ਵਾਲੀਆਂ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਬਣੇ। ਰੇਡੀਏਸ਼ਨ ਦੀ ਮਾਰ ਹੇਠ ਆਉਣ ਵਾਲੀ ਆਬਾਦੀ ਵਿੱਚੋਂ 2025 ਤੱਕ 6000 ਬੱਚਿਆਂ ਨੂੰ ਇਕੱਲੇ ਥਾਇਰਾਇਡ ਕੈਂਸਰ ਦੇ ਹੀ ਸ਼ਿਕਾਰ ਪਾਇਆ ਗਿਆ। ਇਹਨਾਂ ਕਿਰਨਾਂ ਤੇ ਕਣਾਂ ਦਾ ਰਿਸਾਅ ਨਾਰਵੇ, ਸਵੀਡਨ, ਫਿਨਲੈਂਡ, ਇਟਲੀ ਆਦਿ ਦੇਸ਼ਾਂ ਤੱਕ ਵੀ ਗਿਆ। ਸਵੀਡਨ ਅਤੇ ਨਾਰਵੇ ਵਿੱਚ ਪੈਣ ਵਾਲੀਆਂ ਬਾਰਿਸ਼ਾਂ ਵਿੱਚ ਰੇਡੀਓ ਐਕਟਿਵ ਤੱਤ ਪਾਏ ਗਏ। ਘਟਨਾ ਤੋਂ ਅਗਲੇ ਦਿਨਾਂ ਵਿੱਚ ਬੱਦਲਾਂ ਤੋਂ ਸੀਡਿੰਗ ਪ੍ਰਕਿਰਿਆ ਰਾਹੀਂ ਮੀਂਹ ਪਵਾਇਆ ਗਿਆ ਤਾਂ ਕਿ ਇਹਨਾਂ ਬੱਦਲਾਂ ਨੂੰ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਵਰਨ੍ਹੋਂ ਰੋਕਿਆ ਜਾ ਸਕੇ। ਇਸ ਸੀਡਿੰਗ ਕਰਕੇ ਬੇਲਾਰੂਸ ਦੇ ਗੋਮਲ ਸ਼ਹਿਰ ਅੰਦਰ ਭਾਰੀ ਕਾਲੇ ਰੰਗ ਮੀਂਹ ਪਿਆ। ਅਧਿਐਨ ਦੱਸਦੇ ਹਨ ਕਿ ਇਸ ਰਿਸਾਅ ਕਾਰਨ 10 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ। ਇਸ ਦੌਰਾਨ 70 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਹਨਾਂ ਕਿਰਨਾਂ ਦੇ ਅਸਰ ਪਾਣੀ ਅਤੇ ਖਾਧ ਲੜੀ ਵਿੱਚ ਸ਼ਾਮਿਲ ਹੋਏ। ਬੱਚਿਆਂ ਵਿੱਚ ਦੁੱਧ ਦੇ ਰੇਡੀਓ ਐਕਟਿਵ ਹੋਣ ਕਾਰਨ ਥਾਇਰਾਇਡ ਕੈਂਸਰ ਦੇ ਵੱਡੇ ਮਾਮਲੇ ਸਾਹਮਣੇ ਆਏ। ਬਾਹਰ ਡਿੱਗਿਆ ਰੇਡੀਓਐਕਟਿਵ ਮਲਬਾ 7 ਵੱਖ-ਵੱਖ ਥਾਵਾਂ ਉੱਤੇ ਦੱਬਿਆ ਗਿਆ ਪਰ ਹਾਲੇ ਵੀ ਇਮਾਰਤ ਦੇ ਅੰਦਰ 200 ਟਨ ਰੇਡੀਓਐਕਟਿਵ ਲਾਵਾ ਮੌਜੂਦ ਹੈ, 16 ਟਨ ਥੋਰੀਅਮ ਅਤੇ ਪਲੂਟੋਨੀਅਮ ਮੌਜੂਦ ਹੈ ਅਤੇ ਲਗਭਗ 30 ਟਨ ਰੇਡੀਓਐਕਟਿਵ ਤੌਰ ਉੱਤੇ ਬੇਹੱਦ ਘਾਤਕ ਧੂੜ ਮੌਜੂਦ ਹੈ। ਘਟਨਾ ਤੋਂ ਬਾਅਦ ਇਸ ਸਾਰੇ ਰੇਡੀਓਐਕਟਿਵ ਮਟੀਰੀਅਲ ਨੂੰ ਵਾਤਾਵਰਣ ਨਾਲ ਸੰਪਰਕ ਵਿੱਚ ਆਉਣ ਤੋਂ ਰੋਕਣ ਲਈ ਸਟੀਲ ਅਤੇ ਕੰਕਰੀਟ ਦੀ ਬੰਦ ਚਾਰਦੀਵਾਰੀ ਖੜ੍ਹੀ ਕੀਤੀ ਗਈ ਸੀ। ਪਰ ਅਗਲੇ ਸਾਲਾਂ ਦੌਰਾਨ ਇਹ ਕਿਰਨਾਂ ਡੱਕਣ ਵਿੱਚ ਊਣੀ ਸਾਬਿਤ ਹੋਈ। 2018 ਵਿੱਚ ਇਸ ਦੁਆਲੇ ਇਕ ਹੋਰ ਇਮਾਰਤ ਖੜ੍ਹੀ ਕਰਨੀ ਪਈ। ਹੁਣ ਰੂਸ, ਯੂਕੇਰਨ ਜੰਗ ਦੌਰਾਨ ਲੰਘੀ ਫਰਵਰੀ ਵਿੱਚ ਇਸ ਉੱਤੇ ਡਿੱਗੀਆਂ ਮਿਜ਼ਾਇਲਾਂ ਕਾਰਨ ਇਸਦਾ ਸੁਰੱਖਿਆ ਕਵਚ ਵੀ ਨੁਕਸਾਨਿਆ ਗਿਆ ਹੈ ਅਤੇ ਵਿਗਿਆਨੀ ਕਹਿ ਰਹੇ ਹਨ ਹੁਣ ਇਹ ਸੁਰੱਖਿਆ ਕਰਨ ਪੱਖੋਂ ਅਸਮਰੱਥ ਹੈ। 

ਇਵੇਂ ਹੀ ਫੁਕੂਸ਼ੀਮਾ ਅੰਦਰ ਵਾਪਰੇ ਪ੍ਰਮਾਣੂ ਹਾਦਸੇ ਵਿੱਚ ਹੈ। ਜਿਸਦੇ ਅਸਰ ਹਾਲੇ ਕਈ ਪੀੜ੍ਹੀਆਂ ਤੱਕ ਚੱਲਣੇ ਹਨ। 2023 ਵਿੱਚ ਚੀਨ ਅਤੇ ਸਾਊਥ ਕੋਰੀਆ ਵਿੱਚ ਇਸ ਗੱਲ ਦੇ ਖ਼ਿਲਾਫ਼ ਮੁਜ਼ਾਹਰੇ ਹੋਏ ਹਨ ਕਿ ਜਪਾਨ ਨੇ ਫੁਕੂਸ਼ੀਮਾ ਪਲਾਂਟ ਦਾ ਰੇਡੀਓ ਐਕਟਿਵ ਪਾਣੀ ਪ੍ਰਸ਼ਾਤ ਮਹਾਂਸਾਗਰ ਵਿੱਚ ਸੁੱਟਿਆ ਹੈ। 

ਅਮਰੀਕਾ, ਜਪਾਨ, ਰੂਸ ਤਾਂ ਵਿਕਸਤ ਦੇਸ਼ ਹਨ, ਜਿਹਨਾਂ ਵਿੱਚ ਅਜਿਹੇ ਭਿਆਨਕ ਪ੍ਰਮਾਣੂ ਹਾਦਸੇ ਵਾਪਰੇ ਹਨ। ਜਦੋਂ ਅਜਿਹੇ ਪਲਾਂਟ ਸਾਡੇ ਵਰਗੇ ਦੇਸ਼ਾਂ ਵਿੱਚ ਚੱਲਦੇ ਹਨ, ਜਿੱਥੇ ਕੱਚੀ ਲੇਬਰ ਨੇ ਮਾੜੀਆਂ ਸੁਰੱਖਿਆ ਹਾਲਤਾਂ ਅਤੇ ਢਿੱਲੇ ਕਿਰਤ ਕਾਨੂੰਨਾਂ ਹੇਠ ਕੰਮ ਕਰਨਾ ਹੈ ਅਤੇ ਜਿੱਥੇ ਮਨੁੱਖੀ ਜ਼ਿੰਦਗੀਆਂ ਪ੍ਰਤੀ ਸਰੋਕਾਰ ਵਿਆਪਕ ਪੱਧਰ ਉੱਤੇ ਰੁਲਿਆ ਹੋਇਆ ਹੈ ਤਾਂ ਨਾ ਸਿਰਫ ਅਜਿਹੀਆਂ ਤ੍ਰਾਸਦੀਆਂ ਦੀਆਂ ਮਨੁੱਖੀ ਅਤੇ ਵਾਤਾਵਰਣ ਪ੍ਰਤੀ ਕੀਮਤਾਂ ਕਿਤੇ ਵੱਡੀਆਂ ਬਣਨੀਆਂ ਹਨ ਸਗੋਂ ਕਿਸੇ ਅਣਹੋਣੀ ਦੀ ਸੂਰਤ ਵਿੱਚ (ਅਤੇ ਅਣਹੋਣੀਆਂ ਇੱਥੇ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ) ਲੱਖਾਂ ਕਰੋੜਾਂ ਰੁਪਏ ਦੇ ਖਰਚਿਆਂ ਨੇ ਆਰਥਿਕਤਾ ਦਾ ਹੋਰ ਵੀ ਮੰਦਾ ਹਾਲ ਕਰ ਦੇਣਾ ਹੈ। --0--