ਇਕ ਅੰਡਰ-ਗਰਾਊਂਡ ਸਿਆਸੀ ਕਾਰਕੁੰਨ ਦੀ ਖੁੱਲ੍ਹੀ ਚਿੱਠੀ
ਇਸ ਨੌਜਵਾਨ ਕੁੜੀ ਦੀ ਇਸ ਜੁਅਰਤਮੰਦ ਜੁਝਾਰ ਇਨਕਲਾਬੀ ਭਾਵਨਾ ਨੂੰ ਉਚਿਆਉਦਿਆਂ ਹੋਇਆਂ ਅਸੀਂ ਉਸ ਦੀ ਇਹ ਚਿੱਠੀ ਸੁਰਖ਼ ਲੀਹ ਦੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਦਾ ਪੰਜਾਬੀ ਅਨੁਵਾਦ ਜਮਹੂਰੀ ਲਹਿਰ ਦੇ ਸਾਥੀ ਬੂਟਾ ਸਿੰਘ ਮਹਿਮੂਦਪੁਰ ਵੱਲੋਂ ਕੀਤਾ ਗਿਆ ਹੈ। - ਸੰਪਾਦਕ, ਸੁਰਖ਼ ਲੀਹ
ਫਾਸ਼ੀਵਾਦ, ਰਾਜ ਤੇ ਟੱਬਰ: ਮੈਂ ਅੰਡਰਗ੍ਰਾਊਂਡ ਕਿਉਂ ਹੋਈ?
ਪਿਆਰੇ ਸਾਥੀਓ, ਲਾਲ ਸਲਾਮ!
ਮੈਂ ਇਹ ਚਿੱਠੀ ਉਨ੍ਹਾਂ ਹਾਲਾਤ ਦੇ ਜਵਾਬ ਵਿਚ ਲਿਖ ਰਹੀ ਹਾਂ ਜੋ ਮੇਰੇ ਪਰਿਵਾਰਕ ਘਰ ਛੱਡਣ ਤੋਂ ਬਾਅਦ ਬਣੇ ਹਨ। ਤੁਸੀਂ ਬਹੁਤ ਸਾਰੇ ਲੋਕ, ਖ਼ਾਸ ਕਰਕੇ ਮੀਡੀਆ ਵਾਲੇ, ਸੋਚ ਰਹੇ ਹੋਵੇਗੇ ਕਿ ਮੈਂ ਕਿੱਥੇ ਹਾਂ, ਜਾਂ ਜਦੋਂ ਕੋਈ ਸਾਥੀ ਕਹਿੰਦਾ ਹੈ ਕਿ ਮੈਂ ਆਪਣੀ ਮਾਂ ਨਾਲ ਵਿਚਾਰਧਾਰਕ ਮੱਤਭੇਦਾਂ ਕਾਰਨ ਘਰ ਛੱਡ ਦਿੱਤਾ, ਤਾਂ ਇਸ ਦਾ ਕੀ ਮਤਲਬ ਹੈ। ਮੇਰਾ ਨਾਮ ਵਲਿਕਾ (ਵੈਲ) ਵਰਸ਼੍ਰੀ ਹੈ। ਮੈਂ ਅਰਚਨਾ ਵਰਮਾ ਦੀ ਧੀ ਹਾਂ (1995 ਬੈਚ ਦੀ ਆਈਏਐੱਸ ਅਧਿਕਾਰੀ, ਜੋ ਇਸ ਵੇਲੇ ਜੁਆਇੰਟ ਸਕੱਤਰ ਪੱਧਰ ’ਤੇ ਕੰਮ ਰਹੀ ਹੈ)। ਇਹੀ ਸਾਡੀ ਐੱਮਐੱਲਐੱਮ (ਮਾਰਕਸਵਾਦ-ਲੈਨਿਨਵਾਦ-ਮਾਓਵਾਦ) ਸਿਆਸਤ ਹੈ ਅਤੇ ਇਹੀ ਵਜਾ੍ਹ ਹੈ ਕਿ ਮੈਂ ਅੰਡਰਗ੍ਰਾਊਂਡ (ਯੂਜੀ) ਹੋ ਗਈ। ਇਹ ਚਿੱਠੀ ਇਹ ਵੀ ਸਪੱਸ਼ਟ ਕਰਦੀ ਹੈ ਕਿ ਮੌਜੂਦਾ ਬ੍ਰਾਹਮਣਵਾਦੀ ਹਿੰਦੂਤਵਾਦੀ ਫਾਸ਼ੀਵਾਦੀ (ਬੀਐੱਚਐੱਫ) ਰਾਜ ਦੇ ਹਮਲਿਆਂ ਵਿਚ ਅਸੀਂ ਸਿਰਫ਼ ਅੰਡਰਗ੍ਰਾਊਂਡ ਰਹਿਕੇ ਹੀ ਕੰਮ ਕਰ ਸਕਦੇ ਹਾਂ।
ਸਾਮਰਾਜਵਾਦ, ਫਾਸ਼ੀਵਾਦ ਅਤੇ ਭਾਰਤ ਦੀ ਸਥਿਤੀ: ਅਸੀਂ ਭਿਆਨਕ ਪਿਛਾਖੜੀ ਦੌਰ ਵਿਚ ਜੀ ਰਹੇ ਹਾਂ—ਜਿੱਥੇ ਸਰਮਾਏਦਾਰੀ/ਸਾਮਰਾਜਵਾਦ ਲੁਟੀਂਦੇ ਤੇ ਦੱਬੇ-ਕੁਚਲੇ ਲੋਕਾਂ ਅਤੇ ਮੁਲਕਾਂ ਉੱਤੇ ਆਪਣਾ ਜਬਰ-ਜ਼ੁਲਮ ਹੋਰ ਤੇਜ਼ ਕਰ ਰਿਹਾ ਹੈ ਅਤੇ ਵਿਤੀ ਸਰਮਾਏ ਦੇ ਹਿੱਤਾਂ ਦੀ ਰਾਖੀ ਲਈ ਫਾਸ਼ੀਵਾਦ ਮਜ਼ਬੂਤ ਹੋ ਰਿਹਾ ਹੈ। ਆਲਮੀ ਸਾਮਰਾਜਵਾਦੀ ਪ੍ਰਬੰਧ ਸੰਕਟ ਵਿਚ ਹੈ; ਅਮਰੀਕੀ ਸਾਮਰਾਜਵਾਦ ਕਮਜ਼ੋਰ ਹੋ ਰਿਹਾ ਹੈ। ਚੌਧਰ ਡਗਮਾਉਣ ਨਾਲ ਅਮਰੀਕੀ ਸਾਮਰਾਜਵਾਦ ਹੁਣ ਬੌਖਲਾਇਆ ਹੋਇਆ ਕਾਗਜ਼ੀ ਸ਼ੇਰ ਹੈ, ਜੋ ਦੱਬੇ-ਕੁਚਲੇ ਮੁਲਕਾਂ ਦੀ ਦੌਲਤ ਲੁੱਟਣ ਦੀ ਕੋਸ਼ਿਸ਼ ’ਚ ਹੈ। ਜਦੋਂ ਵਧਾਰੇ-ਪਸਾਰੇ ਦੀ ਸਮਰੱਥਾ ਹੱਦ ਤੱਕ ਪਹੁੰਚ ਗਈ ਹੈ ਤਾਂ ਸਾਮਰਾਜਵਾਦੀ ਸਰਮਾਇਆ ਨਵੇਂ ਬਾਜ਼ਾਰ ਤੇ ਨਿਵੇਸ਼ ਦੇ ਮੌਕੇ ਲੱਭ ਰਿਹਾ ਹੈ। ਭਾਰਤ ਸਾਮਰਾਜਵਾਦ ਲਈ, ਖ਼ਾਸ ਕਰਕੇ ਅਮਰੀਕੀ ਸਾਮਰਾਜਵਾਦ ਲਈ, ਇਕ ਪ੍ਰਮੁੱਖ ਖੇਤਰ ਹੈ। ਇਸ ਲਈ ਅਮਰੀਕੀ ਸਾਮਰਾਜਵਾਦ ਨੇ ਭਾਰਤੀ ਲੋਟੂ ਜਮਾਤ ਨਾਲ ਹੱਥ ਮਿਲਾ ਲਿਆ ਹੈ, ਤਾਂ ਜੋ ਉਹ ਬੇਰੋਕ-ਟੋਕ ਆ-ਜਾ ਸਕੇ।
ਭਾਰਤੀ ਹਾਕਮ ਜਮਾਤ ਇਸ ਨੂੰ ਕਬੂਲ ਕਿਉਂ ਕਰਦੀ ਹੈ? ਕਿਉਂਕਿ ਭਾਰਤ ਅਰਧ-ਬਸਤੀ, ਅਰਧ-ਜਗੀਰੂ ਸਮਾਜ ਹੈ—ਜੋ ਕਰਜ਼ਾਈ ਅਤੇ ਨਿਰਭਰ ਆਰਥਿਕਤਾ ਨੂੰ ਚੱਲਦੀ ਰੱਖਣ ਲਈ ਸਾਮਰਾਜਵਾਦੀ ਸਰਮਾਏ ’ਤੇ ਨਿਰਭਰ ਹੈ। ਇਸ ਲਈ, ਭਾਰਤ ਅਸਲ ਵਿਚ ਕਦੇ ਵੀ ਆਜ਼ਾਦ ਨਹੀਂ ਸੀ। ਪੈਦਾਵਾਰੀ ਪ੍ਰਣਾਲੀ ਹੀ ਹਾਕਮ ਜਮਾਤ ਦੇ ਖ਼ਾਸੇ ਨੂੰ ਤੈਅ ਕਰਦੀ ਹੈ—ਜੋ ਦਲਾਲ ਨੌਕਰਸ਼ਾਹੀ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੀ ਬਣੀ ਹੈ। ਇਨ੍ਹਾਂ ਦੇ ਪਿੱਛੇ ਖੜ੍ਹਾ ਹੈ ਦਲਾਲ ਨੌਕਰਸ਼ਾਹੀ ਰਾਜ, ਜੋ ਸਾਮਰਾਜਵਾਦੀ ਸਰਮਾਏ ਲਈ ਰਾਹ ਪੱਧਰਾ ਕਰਦਾ ਹੈ।
ਦਿਮਿਤ੍ਰੋਵ ਨੇ ਸਮਝਾਇਆ ਸੀ—ਫਾਸ਼ੀਵਾਦ ਸਰਮਾਏ ਦਾ ਖੁੱਲ੍ਹਾ ਦਹਿਸ਼ਤਗਰਦ, ਜਾਬਰ ਅਤੇ ਹਿੰਸਕ ਰੂਪ ਹੈ, ਜੋ ਸੰਕਟ ਦੇ ਸਮੇਂ ਆਪਣੇ ਆਪ ਨੂੰ ਬਚਾਉਣ ਲਈ ਉੱਭਰਕੇ ਸਾਹਮਣੇ ਆਉਂਦਾ ਹੈ। ਇਸ ਲਈ ਜਦੋਂ ਆਲਮੀ ਸਾਮਰਾਜਵਾਦੀ ਪ੍ਰਬੰਧ ਸੰਕਟ ਵਿਚ ਹੁੰਦਾ ਹੈ, ਤਾਂ ਦਲਾਲ ਨੌਕਰਸ਼ਾਹ ਰਾਜ ਸਾਮਰਾਜਵਾਦੀ ਸਰਮਾਏ ਦੀ ਸੇਵਾ ਵਿਚ ਜੁੱਟ ਜਾਂਦਾ ਹੈ।
ਅਮਰੀਕੀ ਸਾਮਰਾਜਵਾਦ ਦਾ ਸਭ ਤੋਂ ਵੱਡਾ ਦੁਸ਼ਮਣ ਐੱਮਐੱਲਐੱਮ ਹੈ। ਇਹੀ ਵਜਾ੍ਹ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ, “ਨਕਸਲਵਾਦ ਮੁਲਕ ਲਈ ਸਭ ਤੋਂ ਵੱਡਾ ਅੰਦਰੂਨੀ ਖ਼ਤਰਾ ਹੈ।” ਖ਼ੂਨੀ ਸਲਵਾ ਜੁਡੂਮ ਨੂੰ ਡੀਆਰਜੀ ਰਾਹੀਂ ਕਿਉਂ ਕਾਨੂੰਨੀ ਬਣਾਇਆ ਗਿਆ? ਸੀਆਈਏ ਦੀ “ਓਪਰੇਸ਼ਨ ਐਨਾਕੌਂਡਾ” ਦੀ ਮਨ ਜਿੱਤਣ ਦੀ ਯੁੱਧਨੀਤੀ ਨੂੰ ਅਪਣਾ ਕੇ “ਓਪਰੇਸ਼ਨ ਗ੍ਰੀਨ ਹੰਟ” ਕਿਉਂ ਚਲਾਇਆ ਗਿਆ? ਅਤੇ ਅਮਰੀਕੀ ਸਾਮਰਾਜਵਾਦ ਦੀ ਰੱਸੀ ਨਾਲ ਬੰਨਿ੍ਆ ਕੁੱਤਾ ਪ੍ਰਧਾਨ ਮੰਤਰੀ ਮੋਦੀ ਕਿਉਂ ਐਲਾਨ ਕਰਦਾ ਹੈ ਕਿ ਮਾਰਚ 2026 ਤੱਕ ਸੀਪੀਆਈ(ਮਾਓਵਾਦੀ) ਦਾ ਸਫ਼ਾਇਆ ਕਰ ਦਿੱਤਾ ਜਾਵੇਗਾ?—ਇਹ ਭਾਰਤੀ ਰਾਜ ਦੀ ਜਗੀਰੂ ਹੈਂਕੜ ਦਾ ਸਬੂਤ ਹੈ, ਜੋ ਸੋਚਦਾ ਹੈ ਕਿ ਉਹ ਜਮਾਤੀ ਸੰਘਰਸ਼ ਵਿਚ ਲਾਜ਼ਮੀ ਜੇਤੂ ਹੋਵੇਗਾ।
ਰਾਜ, ਟੱਬਰ ਅਤੇ ਜਮਾਤ: ਮੇਰੀ ਮਾਂ ਇਸ ਰਾਜ ਦਾ ਹਿੱਸਾ ਹੈ। ਅਤੇ ਜਦ ਤੱਕ ਉਹ ਹਾਕਮ ਜਮਾਤ ਦੀ ਨੁਮਾਇੰਦਗੀ ਕਰਦੀ ਹੈ ਅਤੇ ਮੈਂ ਕਮਿਊਨਿਸਟ ਹਾਂ, ਓਦੋਂ ਤੱਕ ਮੈਂ ਮੁਲਕ ਦੇ ਲੋਕਾਂ ਨਾਲ ਗ਼ਦਾਰੀ ਕਰਕੇ ਟੱਬਰ ਵਿਚ ਮੁੜ ਜਾਣ ਦੀ ਬਜਾਏ ਹਜ਼ਾਰ ਵਾਰ ਮਰਨਾ ਪਸੰਦ ਕਰਾਂਗੀ। ਟੱਬਰ ਕੋਈ ਨਿਰਪੱਖ ਇਕਾਈ ਨਹੀਂ ਹੈ; ਇਹ ਪੈਦਾਵਾਰੀ ਸੰਬੰਧਾਂ ਦਾ ਹਿੱਸਾ ਹੈ। ਜਗੀਰੂ ਟੱਬਰ ਸਾਂਝਾ ਸੀ—ਕਿਉਂਕਿ ਟੱਬਰ ਸਭ ਤੋਂ ਛੋਟੀ ਪੈਦਾਵਾਰੀ ਇਕਾਈ ਸੀ। ਸਰਮਾਏਵਾਦੀ ਟੱਬਰ ਨਿਊਕਲੀਅਰ ਹੈ—ਜਿੱਥੇ ਵਿਅਕਤੀ ਸਭ ਤੋਂ ਛੋਟੀ ਇਕਾਈ ਹੈ। ਇਸ ਲਈ ਟੱਬਰ ਪੈਦਾਵਾਰੀ ਪ੍ਰਣਾਲੀ ਦਾ ਹੀ ਪਰਛਾਵਾਂ ਹੈ।
ਰਾਜ ਹਾਕਮ ਜਮਾਤ ਦੀ ਤਾਨਾਸ਼ਾਹੀ ਦਾ ਸੰਦ ਹੈ। ਦਲਾਲ ਨੌਕਰਸ਼ਾਹੀ ਸਰਮਾਏਦਾਰੀ (ਅਡਾਣੀ, ਟਾਟਾ, ਜਿੰਦਲ) ਅਤੇ ਜਗੀਰੂ ਭੋਂਇਪਤੀ ਭਾਰਤ ਦੀ ਹਾਕਮ ਜਮਾਤ ਹੈ। ਟੱਬਰ ਉਸੇ ਉਸਾਰ-ਢਾਂਚੇ ਦਾ ਹਿੱਸਾ ਹੈ, ਜੋ ਹਾਕਮ ਜਮਾਤ ਦੀ ਵਿਚਾਰਧਾਰਾ ਥੋਪਦਾ ਹੈ। ਮਿਸਾਲ ਲਈ, ਭਾਰਤ ਵਿਚ ਵਿਆਹੁਤਾ ਬਲਾਤਕਾਰ ਨੂੰ ਕਾਨੂੰਨ ਨਹੀਂ ਮੰਨਦਾ, ਕਿਉਂਕਿ ਜਗੀਰੂ ਟੱਬਰ ਔਰਤ ਨੂੰ ਜਾਇਦਾਦ ਮੰਨਦਾ ਹੈ, ਜਿਸ ਨੂੰ ਸਹਿਮਤੀ ਦਾ ਕੋਈ ਹੱਕ ਨਹੀਂ ਹੈ। ਟੱਬਰ ਵੀ ਹਾਕਮ ਜਮਾਤ ਦੀ ਵਿਚਾਰਧਾਰਾ ਨੂੰ ਮੁੜ ਉਤਪਾਦਤ ਕਰਦਾ ਹੈ—ਜਿਵੇਂ ਬੱਚਿਆਂ ਨੂੰ ਇਨਕਲਾਬੀ ਬਣਨ ਤੋਂ ਇਹ ਕਹਿਕੇ ਰੋਕਿਆ ਜਾਂਦਾ ਹੈ ਕਿ “ਬੁਢਾਪੇ ਵਿਚ ਸਾਡੀ ਦੇਖਭਾਲ ਕੌਣ ਕਰੇਗਾ?”—ਇਸ ਤਰ੍ਹਾਂ ਟੱਬਰ ਛੋਟੇ ਰਾਜ ਵਾਂਗ ਕੰਮ ਕਰਦਾ ਹੈ
ਮੇਰੀ ਮਾਂ ਦਲਾਲ ਨੌਕਰਸ਼ਾਹ ਅਤੇ ਭੋਂਇਪਤੀ ਟੱਬਰ ਚੋਂ ਹੈ—ਉਹ ਹਾਕਮ ਜਮਾਤ ਦੀ ਸਟੀਕ ਤਸਵੀਰ ਹੈ, ਸਾਡੀ ਜਮਾਤੀ ਦੁਸ਼ਮਣ।
ਮੇਰਾ ਅਨੁਭਵ: 9 ਜੂਨ 2025 ਨੂੰ ਨਜ਼ਰੀਆ, ਫਾਕਾਮ (ਫੋਰਮ ਅਗੇਂਸਟ ਕਾਰਪੋਰੇਟਾਈਜੇਸ਼ਨ ਐਂਡ ਮਿਲਿਟਰਾਈਜੇਸ਼ਨ) ਅਤੇ ਬੀਐੱਸਸੀਈਐੱਮ (ਭਗਤ ਸਿੰਘ ਛਾਤਰ ਏਕਤਾ ਮੰਚ) ਦੇ ਕੁਝ ਸਾਥੀਆਂ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੇ ਚੁੱਕ ਲਿਆ। ਮੈਨੂੰ ਪੂਰਾ ਸ਼ੱਕ ਹੈ ਕਿ ਮੇਰੀ ਮਾਂ ਨੇ ਆਪਣੇ ਬੈਚਮੇਟ ਅਤੇ ਕਰੀਬੀ ਮਿੱਤਰ ਦੇਬੇਸ਼ ਕੁਮਾਰ (ਆਈਪੀਐੱਸ 1995, ਜੋ ਇਸ ਸਮੇਂ ਦਿੱਲੀ ਪੁਲਿਸ ਦੇ ਉੱਚੇ ਅਹੁਦੇ ’ਤੇ ਤਾਇਨਾਤ ਹੈ) ਨਾਲ ਮਿਲ ਕੇ ਇਹ ਕਰਵਾਇਆ। ਇਸ ਤੋਂ ਇਕ ਦਿਨ ਪਹਿਲਾਂ ਹੀ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਹੁਣ ਮੈਂ ਯੂਜੀ ਤਰੀਕੇ ਨਾਲ ਕੰਮ ਕਰਾਂਗੀ ਅਤੇ ਸੰਪਰਕ ਨਹੀਂ ਰੱਖਾਂਗੀ।
ਫਿਰ ਮੇਰੀ ਪੁੱਛਗਿੱਛ ਰੇਜ਼ਾਜ਼ ਦੀ ਗ੍ਰਿਫ਼ਤਾਰੀ ਸਬੰਧੀ ਹੋਈ। ਓਦੋਂ ਮੈਨੂੰ ਸਮਝ ਆਇਆ ਕਿ ਮੇਰੀ ਮਾਂ ਕਿੰਨੀ ਨਿੱਘਰ ਚੁੱਕੀ ਹੈ। ਉਸ ਨੇ ਮਹਾਰਾਸ਼ਟਰ ਏਟੀਐੱਸ (ਐਂਟੀ-ਟੈਰਰਿਸਟ ਸੁਕਐਡ) ਦੀ ਧਮਕੀ ਦੀ ਹਮਾਇਤ ਕਰਦੇ ਹੋਏ ਕਿਹਾ, “ਜੇਕਰ ਮੇਰੀ ਧੀ ਮਾਓਵਾਦੀਆਂ/ਜਿਹਾਦੀਆਂ ਨਾਲ ਮਿਲਦੀ ਹੈ ਤਾਂ ਚੰਗਾ ਹੈ ਕਿ ਨਾ ਹੀ ਰਹੇ।” ਬਾਅਦ ਵਿਚ ਓਪਰੇਸ਼ਨ ਕਗਾਰ ’ਤੇ ਬਹਿਸ ਦੌਰਾਨ ਉਸ ਨੇ ਕਿਹਾ: “ਸਾਰੇ ਨਕਸਲੀਆਂ ਤੇ ਉਨ੍ਹਾਂ ਦੇ ਪੇਂਡੂ ਹਮਾਇਤੀਆਂ ਨੂੰ ਲਾਈਨ ’ਚ ਖੜ੍ਹੇ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ।”
ਅਜਿਹੀ ਮਾਂ ਕੋਲ ਵਾਪਸ ਜਾਣਾ ਲੋਕਾਂ ਨਾਲ ਦਗ਼ਾ ਕਰਨਾ ਹੋਵੇਗਾ। ਇਸੇ ਲਈ ਮੈਂ ਯੂਜੀ (ਅੰਡਰਗਰਾਊਂਡ) ਹੋ ਗਈ।
ਯੂਜੀ ਹੋਣਾ ਕਿਉਂ ਜ਼ਰੂਰੀ ਹੈ: ਅੱਜ ਦੇ ਹਾਲਾਤ ਵਿਚ ਬ੍ਰਾਹਮਣਵਾਦੀ ਹਿੰਦੂਤਵਾਦੀ ਫਾਸ਼ੀਵਾਦ (ਬੀਐੱਚਐੱਫ) ਖੁੱਲ੍ਹੇਆਮ ਕਤਲੇਆਮ ਕਰ ਰਿਹਾ ਹੈ—ਓਪਰੇਸ਼ਨ ਕਗਾਰ ਇਸ ਦਾ ਸਬੂਤ ਹੈ। ਮਈ 2025 ਵਿਚ ਇਕ ਮਹੀਨੇ ’ਚ ਕਰੇਗੁੱਟਾ ਪਹਾੜੀਆਂ ਵਿਚ 30 ਇਨਕਲਾਬੀ ਮਾਰੇ ਗਏ। ਉਹ ਸਿਰਫ਼ ਹਥਿਆਰਬੰਦ ਮਾਓਵਾਦੀ ਨਹੀਂ, ਸਗੋਂ ਉਨ੍ਹਾਂ ’ਚ ਆਮ ਲੋਕ, ਬੱਚੇ, ਨਿਹੱਥੇ ਇਨਕਲਾਬੀ ਵੀ ਸ਼ਾਮਲ ਸਨ।
ਰਾਜ ਸਾਮਰਾਜਵਾਦੀ ਸਰਮਾਏ ਦੇ ਹਿਤ ਵਿਚ ਆਦਿਵਾਸੀਆਂ ’ਤੇ ਯੁੱਧ ਥੋਪ ਰਿਹਾ ਹੈ, ਤਾਂ ਜੋ ਖਣਨ ਕੰਪਨੀਆਂ ਨੂੰ ਕੁਦਰਤੀ ਸਰੋਤ ਲੁਟਾਏ ਜਾ ਸਕਣ। ਲੋਕਤੰਤਰ ਦਾ ਹਰ ਦਿਖਾਵਾ ਹੁਣ ਛੱਡ ਦਿੱਤਾ ਗਿਆ ਹੈ—ਜੋ ਵੀ ਰਾਜ ਦਾ ਵਿਰੋਧ ਕਰੇਗਾ, ਉਸ ’ਤੇ ਜਬਰ ਕੀਤਾ ਜਾਵੇਗਾ।
ਲੈਨਿਨ ਨੇ ਵਟ ਇਜ਼ ਟੂ ਬੀ ਡਨ? (ਕੀ ਕਰਨਾ ਲੋੜੀਏ?) ਵਿਚ ਕਿਹਾ ਸੀ—ਸਾਜ਼ਗਾਰ ਹਾਲਾਤ ਵਿਚ ਕਮਿਊਨਿਸਟਾਂ ਨੂੰ ਖੁੱਲ੍ਹੇ ਤੌਰ ’ਤੇ ਕੰਮ ਕਰਨਾ ਚਾਹੀਦਾ ਹੈ। ਪਰ ਅੱਜ ਭਾਰਤ ਦੇ ਹਾਲਾਤ ਸਾਜ਼ਗਾਰ ਨਹੀਂ ਹਨ। ਅਸਹਿਮਤੀ ਦਾ ਮਤਲਬ ਹੈ ਗ੍ਰਿਫ਼ਤਾਰੀ ਜਾਂ ਫਰਜ਼ੀ ਮੁਕਾਬਲਾ। ਇਸ ਲਈ ਅੱਜ ਇਨਕਲਾਬੀ ਤਾਕਤਾਂ ਨੂੰ ਬਚਾਉਣ ਲਈ ਯੂਜੀ ਕੰਮ ਲਾਜ਼ਮੀ ਹੈ।
ਇਤਿਹਾਸ ਵਿਚ ਕਈ ਵਾਰ ਇਨਕਲਾਬੀਆਂ ਨੂੰ ਯੂਜੀ ਹੋਣਾ ਪਿਆ ਹੈ—ਜਿਵੇਂ ਇੰਦਿਰਾ ਗਾਂਧੀ ਦੀ ਐਮਰਜੈਂਸੀ ਦੇ ਸਮੇਂ। ਅੱਜ ਵੀ ਉਹੀ ਲੋੜ ਹੈ।
ਯੂਜੀ ਹੋਣ ਦਾ ਮਤਲਬ ਹੈ ਪੇਸ਼ਾਵਰ ਇਨਕਲਾਬੀ ਵਾਂਗ ਜਿਊਣਾ—ਜਿਸ ਦਾ ਇੱਕੋ ਮਕਸਦ ਹੈ ਇਨਕਲਾਬ, ਦੁਸ਼ਮਣ ਨੂੰ ਹਰਾਕੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਸਥਾਪਤ ਕਰਨਾ। ਰਾਜ ਨੂੰ ਸਿਰਫ਼ ਯੂਜੀ ਕੰਮ ਦੁਆਰਾ ਹੀ ਹਰਾਇਆ ਜਾ ਸਕਦਾ ਹੈ।
ਇਨਕਲਾਬੀ ਸੱਦਾ: ਸਾਥੀਓ, ਅਸੀਂ ਆਪਣੀ ਸਿਆਸੀ-ਵਿਚਾਰਧਾਰਕ-ਜਥੇਬੰਦਕ ਲੀਹ ’ਤੇ ਮਜ਼ਬੂਤੀ ਨਾਲ ਡੱਟੇ ਰਹੀਏ। ਸਭ ਕੁਝ ਕੁਰਬਾਨ ਕਰਨ ਲਈ ਤਿਆਰ ਰਹੀਏ। ਅਸੀਂ ਵਿਅਕਤੀ ਵਜੋਂ ਨਹੀਂ, ਸੱਚੇ ਇਨਕਲਾਬੀ, ਕਮਿਊਨਿਸਟ ਬਣਕੇ ਹੀ ਜੇਤੂ ਹੋਵਾਂਗੇ। ਜੇ ਯੂਜੀ ਹੋਣਾ ਪਵੇ ਤਾਂ ਹੋ ਜਾਈਏ, ਜਾਂ ਜੇ ਖੁੱਲ੍ਹੇ ਰਹਿਕੇ ਗ੍ਰਿਫ਼ਤਾਰੀ ਦੇਣੀ ਪਵੇ ਤਾਂ ਉਹ ਵੀ ਦੇਈਏ। ਜ਼ਿੰਦਗੀ ਪੂਰੀ ਤਰ੍ਹਾਂ ਇਨਕਲਾਬ ਨੂੰ ਸਮਰਪਿਤ ਕਰੋ—ਮੌਤ ਵੀ ਇਨਕਲਾਬ ਦੇ ਲੇਖੇ ਲਾਓ!
ਨਵ-ਜਮਹੂਰੀ ਇਨਕਲਾਬ ਜ਼ਿੰਦਾਬਾਦ! ਮਾਰਕਸਵਾਦ-ਲੈਨਿਨਵਾਦ-ਮਾਓਵਾਦ ਜ਼ਿੰਦਾਬਾਦ! ਬ੍ਰਾਹਮਣਵਾਦੀ ਹਿੰਦੂਤਵਾਦੀ ਫਾਸ਼ੀਵਾਦ ਮੁਰਦਾਬਾਦ! ਇਨਕਲਾਬ ਜ਼ਿੰਦਾਬਾਦ!
ਇਨਕਲਾਬੀ ਸ਼ੁਭਕਾਮਨਾਵਾਂ ਸਹਿਤ, ਵਲਿਕਾ ਵਰਸ਼੍ਰੀ (ਵੈੈਲ)
ਨਜ਼ਰੀਆ ਮੈਗਜ਼ੀਨ ਦੀ ਸਾਬਕਾ ਸੰਪਾਦਕ ਅਤੇ ਬਾਨੀ ਮੈਂਬਰ, ਅੰਡਰਗ੍ਰਾਊਂਡ ਸਿਆਸੀ ਕਾਰਕੁਨ
(ਲਾਲ ਸੰਵਾਦ ਫੇਸਬੁੱਕ ਪੇਜ ਤੋਂ ਧੰਨਵਾਦ ਸਹਿਤ)
No comments:
Post a Comment